You’re viewing a text-only version of this website that uses less data. View the main version of the website including all images and videos.
ਕੇ-ਪੌਪ ਸੈਕਸ ਸਕੈਂਡਲ ਦਾ ਖੁਲਾਸਾ ਕਰਨ ਵਾਲੀ ਪੱਤਰਕਾਰ ਨੂੰ ਜਦੋਂ ਧਮਕੀਆਂ ਤੇ ਅਸ਼ਲੀਲ ਤਸਵੀਰਾਂ ਮਿਲਣ ਲੱਗੀਆਂ
- ਲੇਖਕ, ਲੁਈਸ ਬਰੂਚੋ ਅਤੇ ਕਾਈ ਲਾਰੈਂਸ
- ਰੋਲ, ਬੀਬੀਸੀ ਪੱਤਰਕਾਰ
ਦੱਖਣੀ ਕੋਰੀਆ ਦੀਆਂ ਦੋ ਮਹਿਲਾ ਪੱਤਰਕਾਰਾਂ ਪਾਰਕ ਹਯੋ-ਸਿਲ ਅਤੇ ਕਾਂਗ ਕਯੂੰਗ-ਯੂੰ ਦੇ ਜੀਵਨ ਵਿੱਚ ਇੱਕ ਹੈਰਾਨੀਜਨਕ ਮੋੜ ਆਇਆ ਜਦੋਂ ਉਨ੍ਹਾਂ ਨੇ ਪ੍ਰਸਿੱਧ ਕੇ-ਪੌਪ ਸਿਤਾਰਿਆਂ ਨਾਲ ਜੁੜੇ ਇੱਕ ਸੈਕਸ ਸਕੈਂਡਲ ਨੂੰ ਉਜਾਗਰ ਕਰਨ ਵਿੱਚ ਮਦਦ ਕੀਤੀ।
ਉਨ੍ਹਾਂ ਨੂੰ ਇਸ ਗੱਲ ਦਾ ਜ਼ਰਾ ਵੀ ਅੰਦਾਜ਼ਾ ਨਹੀਂ ਸੀ ਕਿ ਸੱਚ ਦੀ ਖੋਜ ਵਿੱਚ ਉਨ੍ਹਾਂ ਨੂੰ ਬਹੁਤ ਵੱਡੀਆਂ ਨਿੱਜੀ ਕੁਰਬਾਨੀਆਂ ਦੇਣੀਆਂ ਪੈਣਗੀਆਂ।
ਇਹ ਸਤੰਬਰ 2016 ਦੀ ਗੱਲ ਹੈ ਅਤੇ ਸਿਓਲ ਸਥਿਤ ਅਖ਼ਬਾਰ ਦੀ ਰਿਪੋਰਟਰ ਪਾਰਕ ਨੇ ਵੀਕਐਂਡ ’ਤੇ ਜਾਣ ਦੀ ਤਿਆਰੀ ਕੀਤੀ ਸੀ।
ਉਹ ਇੱਕ ਦੋਸਤ ਨੂੰ ਮਿਲਣ ਜਾ ਰਹੀ ਸੀ ਜਦੋਂ ਉਸ ਨੂੰ ਉਸ ਦੇ ਸੰਪਾਦਕ ਦਾ ਫੋਨ ਆਇਆ ਕਿ ਉਸ ਨੂੰ ਇੱਕ ਭਰੋਸੇਮੰਦ ਪੁਲਿਸ ਸਰੋਤ ਤੋਂ ਸੂਚਨਾ ਮਿਲੀ ਹੈ।
"ਉਨ੍ਹਾਂ ਨੇ ਮੈਨੂੰ ਦੱਸਿਆ ਕਿ ਇੱਕ ਵੱਡੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਵਿੱਚ ਗੁਪਤ ਤੌਰ 'ਤੇ ਰਿਕਾਰਡ ਕੀਤੇ ਗਏ ਸੈਕਸ ਫੁਟੇਜ ਅਤੇ ਇੱਕ ਵੱਡੇ ਨਾਮ ਵਾਲੀ ਮਸ਼ਹੂਰ ਹਸਤੀ ਜੁੰਗ ਜੂਨ-ਯੰਗ ਇਸ ਵਿੱਚ ਸ਼ਾਮਲ ਹੈ।’’
ਜੰਗ ‘ਡਰੱਗ ਰੈਸਟੋਰੈਂਟ ਬੈਂਡ’ ਵਿੱਚ ਇੱਕ ਵੱਡਾ ਗਾਇਕ-ਗੀਤਕਾਰ ਅਤੇ ਲੱਖਾਂ ਲੋਕਾਂ ਵਲੋਂ ਪਸੰਦ ਕੀਤਾ ਜਾਣ ਵਾਲਾ ਇੱਕ ਟੀਵੀ ਸਟਾਰ ਸੀ।
ਪਰ ਸਰੋਤ ਨੇ ਦੱਸਿਆ ਕਿ ਜੁੰਗ ਦੀ ਪ੍ਰੇਮਿਕਾ ਨੇ ਉਸ 'ਤੇ ਸੈਕਸ ਦੌਰਾਨ ਗੁਪਤ ਤੌਰ 'ਤੇ ਉਸ ਦਾ ਵੀਡੀਓ ਬਣਾਉਣ ਦਾ ਇਲਜ਼ਾਮ ਲਾਇਆ ਸੀ, ਇਸ ਅਪਰਾਧ ਨੂੰ ਦੱਖਣੀ ਕੋਰੀਆ ਵਿੱਚ "ਮੋਲਕਾ" ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਪਾਰਕ ਨੇ ਆਪਣੀ ਡਿਨਰ ਦੀ ਯੋਜਨਾ ਨੂੰ ਰੱਦ ਕਰ ਦਿੱਤਾ ਅਤੇ ਆਪਣੇ ਸੰਪਾਦਕ ਨੂੰ ਮਿਲਣ ਲਈ ਸਿੱਧਾ ਦਫ਼ਤਰ ਵਾਪਸ ਚਲੀ ਗਈ।
ਪਾਰਕ ਦੱਸਦੇ ਹਨ, ‘‘ਅਸੀਂ ਇਸ ਐਕਸਕਲੂਸਿਵ ਰਿਪੋਰਟ ਨੂੰ ਮਿਸ ਨਹੀਂ ਕਰਨਾ ਚਾਹੁੰਦੇ ਸੀ।’’
“ਮੈਂ ਸ਼ੁੱਕਰਵਾਰ ਸ਼ਾਮ ਨੂੰ 10:50 ਵਜੇ ਇਹ ਰਿਪੋਰਟ ਪ੍ਰਕਾਸ਼ਿਤ ਕੀਤੀ।’’
‘‘ਮੈਨੂੰ ਨਹੀਂ ਪਤਾ ਸੀ ਕਿ ਇਹ ਖੁਲਾਸਾ ਕਿੰਨਾ ਵੱਡਾ ਹੋਣ ਵਾਲਾ ਸੀ।’’
ਕੁਝ ਹੀ ਮਿੰਟਾਂ ਵਿੱਚ ਇਹ ਖ਼ਬਰ ਪੂਰੇ ਦੱਖਣੀ ਕੋਰੀਆ ਵਿੱਚ ਸੁਰਖੀਆਂ ਵਿੱਚ ਆ ਗਈ। ਉਹ ਕਹਿੰਦੀ ਹੈ, "ਮੀਡੀਆ ਅਦਾਰੇ ਇਸ ਲਈ ਜਨੂੰਨੀ ਹੋ ਗਏ ਸਨ।’’
ਜੁੰਗ ਦੀ ਪ੍ਰਬੰਧਕੀ ਟੀਮ ਹਰਕਤ ਵਿੱਚ ਆਈ ਅਤੇ ਇੱਕ ਬਿਆਨ ਜਾਰੀ ਕੀਤਾ ਜਿਸ ਵਿੱਚ ਪੁਲਿਸ ਜਾਂਚ ਨੂੰ ‘‘ਪ੍ਰੈੱਸ ਦੁਆਰਾ ਵਧਾ-ਚੜ੍ਹਾਅ ਕੇ ਪੇਸ਼ ਕੀਤੀ ਗਈ ਮਹੱਤਵਹੀਣ ਘਟਨਾ" ਕਿਹਾ ਗਿਆ।
ਜੁੰਗ ਦੇ ਪ੍ਰਸ਼ੰਸਕਾਂ ਨੇ ਤੁਰੰਤ ਪ੍ਰਤੀਕਿਰਿਆ ਦਿੰਦਿਆਂ ਉਸ ਦੀ ਪ੍ਰੇਮਿਕਾ 'ਤੇ ਸਟਾਰ ਬਾਰੇ ਝੂਠ ਬੋਲਣ ਦਾ ਇਲਜ਼ਾਮ ਲਗਾਇਆ। ਫਿਰ ਉਹ ਪਾਰਕ ਵੱਲ ਹੋ ਗਏ।
'ਮੈਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਿਆ'
ਉਹ ਦੱਸਦੇ ਹਨ, ‘‘ਮੀਡੀਆ ਖਲਨਾਇਕ ਬਣ ਗਿਆ ਸੀ। ਮੈਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਿਆ।’’
ਇਸ ਪੱਤਰਕਾਰ 'ਤੇ ਆਨਲਾਈਨ ਅਪਮਾਨਜਨਕ ਟਿੱਪਣੀਆਂ ਕੀਤੀਆਂ ਗਈਆਂ ਅਤੇ ਉਸ ਨੂੰ ਭੱਦੀਆਂ ਈਮੇਲਾਂ ਭੇਜੀਆਂ ਗਈਆਂ ਸੀ। ਲੋਕਾਂ ਨੇ ਉਸ ਦੇ ਚਿਹਰੇ ਅਤੇ ਸਰੀਰ ਦੀਆਂ ਤਸਵੀਰਾਂ ਵੈੱਬ ’ਤੇ ਪੋਸਟ ਕੀਤੀਆਂ ਅਤੇ ਉਸਦਾ ਅਪਮਾਨ ਕੀਤਾ।
ਇੱਕ ਮੈਸੇਜ ਵਿੱਚ ਲਿਖਿਆ ਸੀ, ‘‘ਕਿਆ ਚਿਹਰਾ ਹੈ। ਮੇਰਾ ਇਸ 'ਤੇ ਮੋਹਰ ਲਗਾਉਣ ਨੂੰ ਮਨ ਕਰਦਾ ਹੈ।’’
ਉਹ ਕਹਿੰਦੀ ਹੈ ਕਿ ਲੋਕਾਂ ਨੇ ਉਸ ਦੇ ਅਖ਼ਬਾਰ ਦੇ ਸੰਪਾਦਕ ਨੂੰ ਫੋਨ ਕੀਤਾ ਅਤੇ ਉਨ੍ਹਾਂ ਨੂੰ ਧਮਕੀ ਦਿੱਤੀ, "ਜੇ ਤੁਸੀਂ ਉਸ ਨੂੰ ਨੌਕਰੀ ਤੋਂ ਨਾ ਕੱਢਿਆ, ਤਾਂ ਅਸੀਂ ਤੁਹਾਡੀ ਇਮਾਰਤ ਨੂੰ ਅੱਗ ਲਗਾ ਦੇਵਾਂਗੇ।"
ਪਾਰਕ ਨੇ ਦੱਸਿਆ, "ਉਹ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਭੇਜ ਰਹੇ ਸਨ। ਮੇਰੇ ਪਤੀ ਬਹੁਤ ਚਿੰਤਤ ਸਨ ਅਤੇ ਉਨ੍ਹਾਂ ਨੇ ਮੈਨੂੰ ਕਿਹਾ ਕਿ ਮੈਂ ਦਫ਼ਤਰ ਨਾ ਜਾਵਾਂ, ਘਰ ਤੋਂ ਬਾਹਰ ਨਾ ਨਿਕਲਾਂ ਕਿਉਂਕਿ ਇਹ ਬਹੁਤ ਖ਼ਤਰਨਾਕ ਲੱਗ ਰਿਹਾ ਸੀ।"
ਛੇ ਮਹੀਨਿਆਂ ਬਾਅਦ, ਇਹ ਬਦਸਲੂਕੀ ਹੋਰ ਵੀ ਵਧ ਗਈ।
"ਮੈਨੂੰ ਸਵੇਰੇ-ਸਵੇਰੇ ਫੋਨ ਆਉਣੇ ਸ਼ੁਰੂ ਹੋ ਗਏ... ਅਤੇ ਉਹ ਲਗਭਗ ਤਿੰਨ ਤੋਂ ਚਾਰ ਘੰਟੇ ਤੱਕ ਜਾਰੀ ਰਹਿੰਦੇ ਸਨ। ਜਦੋਂ ਮੈਂ ਫੋਨ ਦਾ ਜਵਾਬ ਨਹੀਂ ਦਿੱਤਾ, ਤਾਂ ਉਨ੍ਹਾਂ ਨੇ ਅਸ਼ਲੀਲ ਤਸਵੀਰਾਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ।"
ਪਾਰਕ ਨੂੰ ਹਰ ਰੋਜ਼ ਹਜ਼ਾਰਾਂ ਸੰਦੇਸ਼ ਮਿਲਦੇ ਸਨ।
ਉਹ ਦੱਸਦੇ ਹਨ, "ਮੈਂ ਗਰਭਵਤੀ ਸੀ ਅਤੇ ਮੈਂ ਬਹੁਤ ਸਦਮੇ ਵਿੱਚ ਸੀ। ਮੈਂ ਮਾਨਸਿਕ ਤੌਰ 'ਤੇ ਇੰਨੀ ਟੁੱਟ ਗਈ ਸੀ ਕਿ ਘਰ ਤੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਗਿਆ ਸੀ।"
"ਉਸ ਤੋਂ ਬਾਅਦ, ਮੇਰਾ ਦੋ ਵਾਰ ਗਰਭਪਾਤ ਹੋਇਆ ਅਤੇ ਹੁਣ ਮੈਂ ਬੇਔਲਾਦ ਹਾਂ।"
ਹਾਲਾਂਕਿ ਇਹ ਇੱਕੋ ਇੱਕ ਕਾਰਨ ਨਹੀਂ ਹੋ ਸਕਦਾ ਹੈ, ਪਾਰਕ ਦਾ ਮੰਨਣਾ ਹੈ ਕਿ ਤਣਾਅ ਨੇ ਉਸ ਦੇ ਗਰਭਪਾਤ ਵਿੱਚ ਭੂਮਿਕਾ ਨਿਭਾਈ ਹੋ ਸਕਦੀ ਹੈ।
ਉਹ ਮੰਨਦੀ ਹੈ "ਮੈਨੂੰ ਯਕੀਨ ਹੈ ਕਿ ਇਸ ਨੇ ਇਸ ਨੂੰ ਪ੍ਰਭਾਵਿਤ ਕੀਤਾ ਹੈ।"
ਜਦੋਂ ਪਾਰਕ ਇਹ ਖੁਲਾਸਾ ਕਰਨ ਦੇ ਨਤੀਜੇ ਨਾਲ ਜੂਝ ਰਹੀ ਸੀ, ਤਾਂ ਦੱਖਣੀ ਕੋਰੀਆ ਦੇ ਸਭ ਤੋਂ ਵੱਡੇ ਪ੍ਰਸਾਰਕਾਂ ਵਿੱਚੋਂ ਇੱਕ ਐੱਸਬੀਐੱਸ ਦੇ ਨਾਲ ਇੱਕ ਮਨੋਰੰਜਨ ਰਿਪੋਰਟਰ, ਕਾਂਗ ਕਿਉਂਗ-ਯੂੰ ਖੁਦ ਕਈ ਕੇ-ਪੌਪ ਸਟਾਰਾਂ ਦੀ ਪੜਤਾਲ ਕਰ ਰਹੀ ਸੀ।
ਪਾਰਕ ਨੇ ਜੋ ਸ਼ੁਰੂ ਕੀਤਾ ਸੀ ਉਸ ਨੂੰ ਉਹ ਪੂਰਾ ਕਰਨ ਵਾਲੀ ਸੀ।
ਜਦੋਂ 2016 ਵਿੱਚ ਮੋਲਕਾ ਬਾਰੇ ਪੁਲਿਸ ਨੇ ਜੰਗ ਤੋਂ ਪਹਿਲੀ ਵਾਰ ਪੁੱਛਗਿੱਛ ਕੀਤੀ ਸੀ, ਤਾਂ ਉਸ ਨੂੰ ਵਿਸ਼ਲੇਸ਼ਣ ਲਈ ਆਪਣਾ ਮੋਬਾਈਲ ਫੋਨ ਦੇਣ ਲਈ ਕਿਹਾ ਗਿਆ ਸੀ।
ਉਸ ਨੇ ਅਜਿਹਾ ਨਾ ਕਰਨ ਦਾ ਫੈਸਲਾ ਲਿਆ ਅਤੇ ਇਸ ਦੀ ਬਜਾਇ ਇਸ ਨੂੰ ਇੱਕ ਨਿੱਜੀ ਫੋਰੈਂਸਿਕ ਕੰਪਨੀ ਨੂੰ ਦੇ ਦਿੱਤਾ। ਉਨ੍ਹਾਂ ਦਾ ਇਹ ਇੱਕ ਅਜਿਹਾ ਫੈਸਲਾ ਹੈ ਜਿਸਦੀ ਉਨ੍ਹਾਂ ਨੇ ਕਦੇ ਵਿਆਖਿਆ ਨਹੀਂ ਕੀਤੀ।
ਜੁੰਗ ਨੂੰ ਇਸ ਦੀ ਜਾਣਕਾਰੀ ਨਹੀਂ ਸੀ, ਪਰ ਉਸ ਸਮੇਂ ਫੋਨ ਦੇ ਡੇਟਾ ਦੀ ਇੱਕ ਕਾਪੀ ਬਣਾਈ ਗਈ ਸੀ। ਤਿੰਨ ਸਾਲ ਬਾਅਦ, ਇਸ ਤੱਕ ਪਹੁੰਚ ਰੱਖਣ ਵਾਲੇ ਇੱਕ ਅਗਿਆਤ ਮੁਖਬਰ ਨੇ ਇਸ ਨੂੰ ਲੀਕ ਕਰ ਦਿੱਤਾ।
ਇਸ ਨਾਲ ਇਸ ਵਿੱਚ ਮੌਜੂਦ ਸਮੱਗਰੀ ਆਖਰਕਾਰ ਕਾਂਗ ਤੱਕ ਪਹੁੰਚ ਗਈ।
ਕਾਂਗ ਉਸ ਪਲ ਬਾਰੇ ਕਹਿੰਦੀ ਹੈ ਜਦੋਂ ਉਸ ਨੇ ਦੇਖਿਆ ਕਿ ਫੋਨ ਦੇ ਡੇਟਾ ਵਿੱਚ ਕੀ ਸੀ। ‘‘ਜਦੋਂ ਵੀ ਮੈਂ ਇਸ ਬਾਰੇ ਸੋਚਦੀ ਹਾਂ ਤਾਂ ਮੇਰਾ ਦਿਲ ਦੁਖਦਾ ਹੈ।’’
ਬਰਨਿੰਗ ਸਨ
ਪੱਤਰਕਾਰ ਪਾਰਕ ਹਯੋ-ਸਿਲ ਅਤੇ ਕਾਂਗ ਕਿਉਂਗ-ਯੂੰ ਇਸ ਬੀਬੀਸੀ ਵਰਲਡ ਸਰਵਿਸ ਦੀ ਇਸ ਦਸਤਾਵੇਜ਼ੀ ਵਿੱਚ ਆਪਣਾ ਪੱਖ ਦੱਸਦੇ ਹਨ।
ਇਸ ਨੂੰ ਹੁਣੇ ਬੀਬੀਸੀ iPlayer (ਸਿਰਫ਼ ਯੂਕੇ) ਜਾਂ ਬੀਬੀਸੀ ਵਰਲਡ ਸਰਵਿਸ ਯੂਟਿਊਬ ਚੈਨਲ 'ਤੇ ਦੇਖੋ ਛੇ-ਭਾਗ ਵਾਲੇ ਪੋਡਕਾਸਟ ਇੰਟ੍ਰੀਗ ਸੁਣੋ: ਬਰਨਿੰਗ ਸਨ BBC ਸਾਊਂਡਜ਼ (ਸਿਰਫ਼ ਯੂਕੇ)’ਤੇ ਸੁਣੋ ਜਾਂ ਇਸ ਨੂੰ ਪੌਡਕਾਸਟ ਪਲੈਟਫਾਰਮਾਂ 'ਤੇ ਲੱਭੋ (ਯੂਕੇ ਤੋਂ ਬਾਹਰ)
ਉਸ ਨੂੰ ਜੁੰਗ ਅਤੇ ਉਸ ਦੀ ਪ੍ਰੇਮਿਕਾ ਦੀ ਫੁਟੇਜ ਮਿਲਣ ਦੀ ਉਮੀਦ ਸੀ ਜਿਸ ਬਾਰੇ ਪਾਰਕ ਨੇ 2016 ਵਿੱਚ ਰਿਪੋਰਟ ਕੀਤੀ ਸੀ, ਪਰ ਇਹ ਉੱਥੇ ਮੌਜੂਦ ਨਹੀਂ ਸੀ।
ਇਸਦੀ ਬਜਾਇ, ਉਸ ਨੇ ਇੱਕ ਗਰੁੱਪ ਚੈਟ ਦਾ ਖੁਲਾਸਾ ਕੀਤਾ ਜਿਸ ਵਿੱਚ ਗਰੁੱਪ ਵਿਚਕਾਰ ਸਾਂਝੀਆਂ ਕੀਤੀਆਂ ਜਾ ਰਹੀਆਂ ਬੇਹੋਸ਼ ਔਰਤਾਂ ਦੇ ਜਿਨਸੀ ਰੂਪ ਤੋਂ ਸਪੱਸ਼ਟ ਵੀਡਿਓ ਅਤੇ ਤਸਵੀਰਾਂ ਸਨ ਜਿਸ ਵਿੱਚ ਜੰਗ ਅਤੇ ਹੋਰ ਮਰਦ ਕੇ-ਪੌਪ ਸਟਾਰ ਸ਼ਾਮਲ ਸਨ।
ਇਸ ਵਿੱਚ ਵਿੱਚ ਰਾਕ ਬੈਂਡ ਐੱਫਟੀ ਆਈਲੈਂਡ ਦੇ ਲੀਡ ਗਿਟਾਰਿਸਟ ਚੋਈ ਜੋਂਗ-ਹੂਨ ਅਤੇ ਕੇ-ਪੌਪ ਸੁਪਰਗਰੁੱਪ, ਬਿਗਬੈਂਗ ਦਾ ਹਿੱਸਾ ਰਹੇ ਇੱਕ ਵੱਡੇ ਸਟਾਰ ਸੇਂਗਰੀ ਸ਼ਾਮਲ ਸਨ।
ਜਿਵੇਂ ਜਿਵੇਂ ਕਾਂਗ ਨੇ ਡੂੰਘਾਈ ਨਾਲ ਖੋਜ ਕੀਤੀ, ਉਸ ਨੇ ਪਰੇਸ਼ਾਨ ਕਰਨ ਵਾਲੀ ਗੱਲਬਾਤ ਦਾ ਖੁਲਾਸਾ ਕੀਤਾ ਜਿਸ ਵਿੱਚ ਇੱਕ ਬੇਹੋਸ਼ ਔਰਤ ਨਾਲ ਸਮੂਹਿਕ ਬਲਾਤਕਾਰ ਦਾ ਵੇਰਵਾ ਦਿੱਤਾ ਗਿਆ ਸੀ ਜੋ ਡਿੱਗ ਪਈ ਸੀ ਅਤੇ ਉਸ ਦੇ ਸਿਰ ’ਤੇ ਸੱਟ ਲੱਗੀ ਸੀ।
ਇੱਕ ਆਦਮੀ ਨੇ ਮੰਨਿਆ, "ਮੈਂ ਕੱਲ੍ਹ ਬਹੁਤ ਡਰ ਗਿਆ ਸੀ... ਅਜਿਹਾ ਲੱਗ ਰਿਹਾ ਸੀ ਜਿਵੇਂ ਉਸਦੀ ਖੋਪੜੀ ਟੁੱਟ ਰਹੀ ਹੋਵੇ।’’
ਜੁੰਗ ਨੇ ਮੈਸੇਜ ਭੇਜਿਆ, "ਸਚਮੁੱਚ ਮੇਰੀ ਪੂਰੀ ਜ਼ਿੰਦਗੀ ਦੀ ਸਭ ਤੋਂ ਮਜ਼ੇਦਾਰ ਰਾਤ ਸੀ।"
ਟ੍ਰੋਲਜ਼ ਦੇ ਹਮਲੇ
ਇਸ ਖੁਲਾਸੇ ਨੇ ਕਾਂਗ ਨੂੰ ਹੈਰਾਨ ਕਰ ਦਿੱਤਾ।
ਉਹ ਕਹਿੰਦੀ ਹੈ, ‘‘ਉਹ ਇੰਨੇ ਘਿਨਾਉਣੇ ਸਨ, ਔਰਤਾਂ ਨਾਲ ਇਸ ਤਰ੍ਹਾਂ ਖੇਡ ਰਹੇ ਸਨ ਜਿਵੇਂ ਉਹ ਖਿਡੌਣੇ ਹੋਣ।’’
ਕਾਂਗ ਨੇ ਅਜਿਹੇ ਮੈਸੇਜ ਵੀ ਦੇਖੇ ਹਨ ਜਿਨ੍ਹਾਂ ਵਿੱਚ ਦੱਸਿਆ ਗਿਆ ਸੀ ਕਿ ਗਰੁੱਪ ਨੂੰ ਇੱਕ ਸੀਨੀਅਰ ਪੁਲਿਸ ਅਧਿਕਾਰੀ ਦੇ ਸੰਪਰਕ ਦੁਆਰਾ ਸੁਰੱਖਿਅਤ ਕੀਤਾ ਜਾ ਰਿਹਾ ਹੈ।
ਉਹ ਜਾਣਦੀ ਸੀ ਕਿ ਉਸ ਨੂੰ ਕੇ-ਪੌਪ ਉਦਯੋਗ ਦੇ ਇਸ ਹਨੇਰੇ ਹਿੱਸੇ ’ਤੇ ਰੋਸ਼ਨੀ ਪਾਉਣੀ ਚਾਹੀਦੀ ਹੈ, ਭਾਵੇਂ ਇਸ ਲਈ ਉਸ ਨੂੰ ਖੁਦ ਨੂੰ ਤੰਗ ਕਰਨਾ ਹੀ ਕਿਉਂ ਨਾ ਪਵੇ।
ਕਾਂਗ ਨੇ ਜਾਂਚ ਜਾਰੀ ਰੱਖੀ ਅਤੇ ਇੱਕ ਵਾਰ ਜਦੋਂ ਉਸ ਨੇ ਲੋੜੀਂਦੇ ਸਬੂਤ ਇਕੱਠੇ ਕਰ ਲਏ, ਤਾਂ ਉਸ ਨੇ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਜਿਸ ਵਿੱਚ ਜੁੰਗ, ਚੋਈ ਅਤੇ ਸੇਂਗਰੀ ਸਮੇਤ ਚੈਟ ਸਮੂਹ ਦੇ ਮੈਂਬਰਾਂ ਦੇ ਵਿਵਹਾਰ ਦਾ ਪਰਦਾਫਾਸ਼ ਕੀਤਾ ਗਿਆ ਸੀ।
ਇਸ ਵਾਰ, ਇੱਕ ਫਰਕ ਸੀ। ਇੱਕ ਵਾਰ ਜਦੋਂ ਕਾਂਗ ਦੀ ਰਿਪੋਰਟ ਸਾਹਮਣੇ ਆਈ ਤਾਂ ਅਧਿਕਾਰੀਆਂ ਨੇ ਤੇਜ਼ੀ ਨਾਲ ਕਾਰਵਾਈ ਕੀਤੀ ਅਤੇ ਸਭ ਤੋਂ ਪਹਿਲਾਂ ਜੁੰਗ ਨੂੰ ਗ੍ਰਿਫ਼ਤਾਰ ਕੀਤਾ।
ਇਸ ਨੇ ਹੋਰ ਪੀੜਤਾਂ ਨੂੰ ਅੱਗੇ ਆਉਣ ਅਤੇ ਇਨ੍ਹਾਂ ਸਟਾਰਾਂ ਖਿਲਾਫ਼ ਇਲਜ਼ਾਮ ਲਗਾਉਣ ਲਈ ਉਤਸ਼ਾਹਿਤ ਕੀਤਾ।
ਇਸ ਵਿੱਚ ਬਹੁਤ ਤਾਕਤ ਲੱਗੀ। ਸਾਰੇ ਪੀੜਤਾਂ ਨੇ ਜਨਤਾ ਨੂੰ ਜੰਗ ਦੀ ਪ੍ਰੇਮਿਕਾ ਦੇ ਖਿਲਾਫ਼ ਹੁੰਦੇ ਦੇਖਿਆ ਸੀ ਜਦੋਂ ਉਸ ਨੇ ਪਹਿਲੀ ਵਾਰ 2016 ਵਿੱਚ ਉਸ ਦੀ ਸ਼ਿਕਾਇਤ ਕੀਤੀ ਸੀ।
ਕਈ ਲੋਕਾਂ ਨੇ ਕਲੰਕਿਤ ਅਤੇ ਅਪਮਾਨਿਤ ਹੋਣ ਦੇ ਡਰ ’ਤੇ ਕਾਬੂ ਪਾਉਂਦੇ ਹੋਏ ਗਾਇਕਾਂ ਦੇ ਖਿਲਾਫ਼ ਅਧਰਾਧਕ ਦੋਸ਼ ਲਗਾਏ।
ਪਰ ਜਿਵੇਂ ਹੀ ਨਿਆਂ ਮਿਲਿਆ, ਟ੍ਰੋਲਜ਼ ਨੇ ਕਾਂਗ ’ਤੇ ਕਈ "ਅਥਾਹ ਨਿੱਜੀ ਹਮਲੇ" ਕੀਤੇ।
ਕਾਂਗ ਕਹਿੰਦੇ ਹਨ, ‘‘ਉਸ ਸਮੇਂ ਮੈਂ ਗਰਭਵਤੀ ਸੀ, ਇਸ ਲਈ ਉਨ੍ਹਾਂ ਨੇ ਮੈਨੂੰ ਫੈਮੀ-ਬਿਚ (ਨਾਰੀਵਾਦੀ ਕੁੱਤੀ)ਕਿਹਾ। ਗਰਭਵਤੀ ਫੈਮੀ-ਬਿਚ, ਖੱਬੇ-ਪੱਖੀ ਫੈਮੀ-ਬਿਚ (ਖੱਬੇਪੱਖੀ ਨਾਰੀਵਾਦੀ ਕੁੱਤੀ) ਕਿਹਾ।’’
‘‘ਵਿਆਹ ਦੇ ਲਗਭਗ ਪੰਜ ਸਾਲਾਂ ਵਿੱਚ ਇਹ ਪਹਿਲੀ ਵਾਰ ਸੀ ਜਦੋਂ ਮੈਂ ਗਰਭਵਤੀ ਹੋਣ ਵਿੱਚ ਕਾਮਯਾਬ ਹੋਈ ਸੀ, ਇਸ ਲਈ ਮੈਂ ਬਹੁਤ ਡਰੀ ਹੋਈ ਸੀ, ਕਿਤੇ ਬੱਚੇ ਨੂੰ ਕੁਝ ਹੋ ਨਾ ਜਾਏ। ਮੈਂ ਬਹੁਤ ਇਕੱਲੀ ਅਤੇ ਥੱਕੀ ਹੋਈ ਮਹਿਸੂਸ ਕਰਦੀ ਸੀ।’’
ਕਾਂਗ ਕਹਿੰਦੀ ਹੈ ਕਿ ਤਿੰਨ ਸਾਲਾਂ ਤੱਕ ਪਰੇਸ਼ਾਨ ਕਰਨ ਲਈ ਚੱਲੀ ਇਸ ਮੁਹਿੰਮ ਵਿੱਚ ਉਸ ਦੇ ਬੱਚੇ ’ਤੇ ‘ਸਭ ਤੋਂ ਵੱਧ ਹੈਰਾਨ ਕਰਨ ਵਾਲੀਆਂ ’ ਟਿੱਪਣੀਆਂ ਕੀਤੀਆਂ ਗਈਆਂ, ਜਿਨ੍ਹਾਂ ਨੂੰ 'ਮੈਂ ਦੱਸ ਵੀ ਨਹੀਂ ਸਕਦੀ ਪਰ ਮੈਨੂੰ ਕੋਈ ਪਛਤਾਵਾ ਨਹੀਂ ਹੈ।
ਕਰਟਿਨ ਯੂਨੀਵਰਸਿਟੀ, ਪਰਥ, ਆਸਟਰੇਲੀਆ ਵਿਖੇ ਕੋਰੀਅਨ ਸਮਾਜ ਅਤੇ ਸੱਭਿਆਚਾਰ ਦੇ ਐਸੋਸੀਏਟ ਪ੍ਰੋਫੈਸਰ ਜੋ ਏਲਫਵਿੰਗ-ਹਵਾਂਗ ਕਹਿੰਦੇ ਹਨ ਕਿ ਕੇ-ਪੌਪ ਸਿਤਾਰਿਆਂ ਨੂੰ ਬੇਨਕਾਬ ਕਰਨ ਵਿੱਚ ਪਾਰਕ ਅਤੇ ਕਾਂਗ ਨੇ ਲਾਜ਼ਮੀ ਤੌਰ 'ਤੇ "ਉਹੀ ਹਿੰਸਾ" ਦਾ ਅਨੁਭਵ ਕੀਤਾ ਜਿਸ ਨੇ ਪੀੜਤਾਂ ਨੂੰ ਚੁੱਪ ਕਰਾ ਦਿੱਤਾ, ਜਿਨ੍ਹਾਂ ਨੂੰ ਬੋਲਣ ਤੋਂ ਅਸਮਰੱਥ" ਮਹਿਸੂਸ ਕਰਾਇਆ ਗਿਆ ਸੀ।
ਉਹ ਕਹਿੰਦੀ ਹੈ ਕਿ ਲਿੰਗ ਅਸਮਾਨਤਾ ਬਾਰੇ ਗੱਲ ਕਰਨਾ ਦੱਖਣੀ ਕੋਰੀਆ ਵਿੱਚ "ਬਹੁਤ ਵੰਡ ਪਾਊ" ਹੋ ਸਕਦਾ ਹੈ ਅਤੇ ਔਰਤਾਂ ਪ੍ਰਤੀ ਦੁਰਵਿਹਾਰ - ਔਰਤਾਂ ਪ੍ਰਤੀ ਨਫ਼ਰਤ – ਪੀੜਤਾਂ ਅਤੇ ਪੱਤਰਕਾਰਾਂ ਦੋਵਾਂ ਦੇ ਸਾਹਮਣੇ ਆਉਣ ਵਾਲੀਆਂ ਸਮੱਸਿਆਵਾਂ ਦੇ ਕੇਂਦਰ ਵਿੱਚ ਹਨ।
ਉਹ ਕਹਿੰਦੀ ਹੈ, ‘‘ਔਰਤਾਂ ਪ੍ਰਤੀ ਬੁਰੀ ਭਾਵਨਾ ਸਿਰਫ਼ ਕੁਝ ਅਜਿਹਾ ਨਹੀਂ ਹੈ ਜੋ ਮਰਦ ਔਰਤਾਂ ਬਾਰੇ ਕਹਿੰਦੇ ਹਨ, ਬਲਕਿ ਇਹ ਸ਼ਕਤੀ ਬਾਰੇ ਹੈ ਅਤੇ ਸਾਰੇ ਲਿੰਗਾਂ ਦੇ ਬਰਾਬਰ ਹੋਣ ਦੇ ਕਿਸੇ ਵੀ ਸੁਝਾਅ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਹੈ।"
ਦੋਵਾਂ ਪੱਤਰਕਾਰਾਂ ਵੱਲੋਂ ਨਿੱਜੀ ਦੁਰਵਿਹਾਰ ਦਾ ਸਾਹਮਣਾ ਕਰਨ ਦੇ ਬਾਵਜੂਦ, ਪਾਰਕ ਅਤੇ ਕਾਂਗ ਨੇ ਮਹਿਸੂਸ ਕੀਤਾ ਹੈ ਕਿ ਦੱਖਣੀ ਕੋਰੀਆ ਵਿੱਚ ਇੱਕ ਸੱਭਿਆਚਾਰਕ ਤਬਦੀਲੀ ਆਉਣੀ ਸ਼ੁਰੂ ਹੋ ਰਹੀ ਹੈ।
ਉਨ੍ਹਾਂ ਦੇ ਯਤਨਾਂ ਨੇ ਮਨੋਰੰਜਨ ਉਦਯੋਗ ਵਿੱਚ ਸ਼ਕਤੀ ਦੀ ਦੁਰਵਰਤੋਂ ਬਾਰੇ ਗੱਲਬਾਤ ਨੂੰ ਪ੍ਰੋਤਸਾਹਨ ਦਿੱਤਾ ਅਤੇ ਮੋਲਕਾ ਵਰਗੇ ਅਪਰਾਧਾਂ ਦੇ ਵਿਰੁੱਧ ਔਰਤਾਂ ਦੀ ਵਧੇਰੇ ਸੁਰੱਖਿਆ ਦੀ ਮੰਗ ਕੀਤੀ।
ਇਸ ਮਗਰੋਂ ਕੀ-ਕੀ ਹੋਇਆ
ਅੱਜ ਕਾਂਗ ਇੱਕ ਬੇਟੀ ਦੀ ਮਾਂ ਹੈ। ਉਹ ਸੱਚਾਈ ਨੂੰ ਬੇਨਕਾਬ ਕਰਨ ਵਿੱਚ ਆਪਣੀ ਭੂਮਿਕਾ ਲਈ ਨਿਰੰਤਰ ਟ੍ਰੋਲਿੰਗ ਤੋਂ ਪ੍ਰੇਸ਼ਾਨ ਰਹਿੰਦੀ ਹੈ, ਫਿਰ ਵੀ ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੇ ਯਤਨ "ਕੇ-ਪੌਪ ਉਦਯੋਗ ਵਿੱਚ ਸੈਕਸ ਅਤੇ ਸ਼ਕਤੀ ਕਿਵੇਂ ਭ੍ਰਿਸ਼ਟ ਹੋ ਸਕਦੇ ਹਨ, ਇਸ ਬਾਰੇ ਚੇਤਾਵਨੀ" ਵਜੋਂ ਕੰਮ ਕਰਨਗੇ।
ਉਹ ਕਹਿੰਦੀ ਹੈ: "ਅਸੀਂ ਇੱਕ ਵੱਡੇ ਛੱਪੜ ਵਿੱਚ ਇੱਕ ਪੱਥਰ ਸੁੱਟਿਆ… ਇਹ ਫਿਰ ਤੋਂ ਸ਼ਾਂਤ ਹੋ ਗਿਆ ਹੈ ਪਰ ਮੈਨੂੰ ਉਮੀਦ ਹੈ ਕਿ ਇਹ ਅਜੇ ਵੀ ਲੋਕਾਂ ਦੀਆਂ ਯਾਦਾਂ ਵਿੱਚ ਹੈ ਤਾਂਕਿ ਜੇਕਰ ਅਜਿਹਾ ਕੁਝ ਦੁਬਾਰਾ ਹੁੰਦਾ ਹੈ, ਤਾਂ ਅਸੀਂ ਇਸ ਨੂੰ ਬਹੁਤ ਪਹਿਲਾਂ ਹੀ ਦੱਸ ਸਕੀਏ।’’
• ਜੁੰਗ ਨੂੰ ਸਮੂਹਿਕ ਬਲਾਤਕਾਰ ਅਤੇ ਮੋਲਕਾ ਲੈਣ ਅਤੇ ਵੰਡਣ ਲਈ ਪੰਜ ਸਾਲ ਦੀ ਸਜ਼ਾ ਮਿਲੀ।
• ਚੋਈ ਨੂੰ ਸਮੂਹਿਕ ਬਲਾਤਕਾਰ ਦੇ ਮਾਮਲੇ ਵਿੱਚ ਢਾਈ ਸਾਲ ਦੀ ਸਜ਼ਾ ਸੁਣਾਈ ਗਈ।
• ਸੇਂਗਰੀ ਨੂੰ ਨਿਵੇਸ਼ਕਾਂ ਲਈ ਵੇਸਵਾਵਾਂ ਪ੍ਰਾਪਤ ਕਰਨ, ਗਬਨ, ਮੋਲਕਾ ਅਤੇ ਹਿੰਸਾ ਭੜਕਾਉਣ ਦਾ ਦੋਸ਼ੀ ਠਹਿਰਾਇਆ ਗਿਆ ਸੀ। ਅਪੀਲ 'ਤੇ ਉਸ ਨੂੰ 18 ਮਹੀਨਿਆਂ ਦੀ ਸਜ਼ਾ ਸੁਣਾਈ ਗਈ।
• ਸੀਨੀਅਰ ਪੁਲਿਸ ਅਧਿਕਾਰੀ ਨੂੰ ਚੈਟ ਗਰੁੱਪ ਦੇ ਮੈਂਬਰਾਂ ਨਾਲ ਸਬੰਧਤ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ।
ਹੁਣ ਸਾਰਿਆਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ।