ਐਪਲ ਦੇ ਨਵੇਂ ਆਈਫੋਨ ਏਅਰ ਦੇ ਇੱਕ ਫੀਚਰ ਨੇ ਤਕਨੀਕ ਦੇ ਖੇਤਰ ਵਿੱਚ ਕਿਹੜੀ ਨਵੀਂ ਚਰਚਾ ਛੇੜ ਦਿੱਤੀ ਹੈ

ਆਈਫੋਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਸ ਹਫ਼ਤੇ ਐਪਲ ਨੇ ਇੱਕ ਨਵਾਂ ਆਈਫੋਨ ਲਾਂਚ ਕੀਤਾ ਹੈ ਜੋ ਕਿ ਰਵਾਇਤੀ ਸਿਮ ਕਾਰਡ ਤੋਂ ਬਿਨਾ ਹੈ।
    • ਲੇਖਕ, ਗ੍ਰਾਹਮ ਫੇਸਰ
    • ਰੋਲ, ਤਕਨਾਲੋਜੀ ਰਿਪੋਰਟਰ

ਸਮਾਰਟਫੋਨਜ਼ ਦੇ ਮਾਮਲੇ ਵਿੱਚ ਬਾਕੀ ਕੰਪਨੀਆਂ ਐਪਲ ਦੀਆਂ ਪੈੜਾਂ ਉੱਤੇ ਹੀ ਚਲਦੀਆਂ ਹਨ ਭਾਵ ਐਪਲ ਇੱਕ ਕਿਸਮ ਨਾਲ ਅਗਵਾਈ ਕਰਦਾ ਹੈ।

ਇਸ ਹਫ਼ਤੇ ਐਪਲ ਨੇ ਇੱਕ ਨਵਾਂ ਆਈਫੋਨ ਲਾਂਚ ਕੀਤਾ ਹੈ ਜੋ ਕਿ ਰਵਾਇਤੀ ਸਿਮ ਕਾਰਡ ਤੋਂ ਬਿਨਾ ਹੈ।

ਹੁਣ ਇਹ ਗੱਲ ਉੱਠ ਰਹੀ ਹੈ ਕਿ ਕੀ ਮੋਬਾਈਲਾਂ ਵਿੱਚੋਂ ਸਿਮ-ਟਰੇਅ ਹੌਲੀ-ਹੌਲੀ ਖ਼ਤਮ ਹੋ ਰਹੀ ਹੈ।

ਫੋਨ ਵਰਤਣ ਵਾਲਾ ਹਰੇਕ ਵਿਅਕਤੀ ਸਿਮ ਕਾਰਡਾਂ ਬਾਰੇ ਜਾਣੂ ਹੋਵੇਗਾ।

ਆਈਫੋਨ ਏਅਰ ਖਰੀਦਣ ਵਾਲਿਆਂ ਲਈ ਇਹ ਚਿੱਪ ਹੁਣ ਇਤਿਹਾਸ ਦੀ ਇੱਕ ਯਾਦ ਹੋ ਸਕਦੀ ਹੈ।

ਇਹ ਸਿਰਫ਼ ਈ-ਸਿਮ ਨਾਲ ਹੀ ਚੱਲੇਗਾ। ਯੂਜ਼ਰਜ਼ ਨੈੱਟਵਰਕ ਅਤੇ ਪਲਾਨ ਆਪਣੀ ਸਿਮ ਕਾਰਡ ਟਰੇਅ ਨਾਲ ਛੇੜਛਾੜ ਕੀਤੇ ਬਿਨਾ ਬਦਲ ਸਕਦੇ ਹਨ।

ਸੀਸੀਐੱਸ ਇਨਸਾਈਟ ਦੇ ਕੇਸਟਰ ਮਾਨ ਨੇ ਬੀਬੀਸੀ ਨਿਊਜ਼ ਨੂੰ ਦੱਸਿਆ ਕਿ ਐਪਲ ਦਾ ਇਹ ਐਲਾਨ "ਫਿਜ਼ਿਕਲ ਸਿਮ ਕਾਰਡ ਦੇ ਅੰਤ ਦੀ ਸ਼ੁਰੂਆਤ ਹੈ।"

ਕੀ ਇਹ ਛੋਟੀਆਂ-ਛੋਟੀਆਂ ਚਿੱਪਾਂ ਸਦਾ ਲਈ ਸਾਡੀ ਜ਼ਿੰਦਗੀ ਵਿੱਚੋਂ ਨਿਕਲ ਜਾਣਗੀਆਂ? ਸਾਡੇ ਫੋਨਾਂ ਵਿੱਚ ਇਸ ਨਾਲ ਕੀ ਫ਼ਰਕ ਪਵੇਗਾ।

'ਸਿਮ ਟਰੇਅ ਗਾਇਬ ਹੋ ਜਾਵੇਗੀ'

ਐਪਲ ਆਈਫੋਨ

ਤਸਵੀਰ ਸਰੋਤ, Getty Images

ਸਿਮ ਦਾ ਮਤਲਬ ਹੈ – ਸਬਸਕ੍ਰਾਈਬਰ ਆਈਡੈਂਟਿਟੀ ਮੌਡਊਲ। ਇਹ ਤੁਹਾਡੇ ਫੋਨ ਦਾ ਅਹਿਮ ਹਿੱਸਾ ਹੈ।

ਇਸ ਰਾਹੀਂ ਤੁਹਾਡਾ ਫੋਨ ਮੋਬਾਈਲ ਨੈੱਟਵਰਕ ਪ੍ਰੋਵਾਈਡਰ ਦੇ ਸੰਪਰਕ ਵਿੱਚ ਆਉਂਦਾ ਹੈ, ਕਾਲਜ਼, ਟੈਕਸਟ ਅਤੇ ਡਾਟਾ ਜੀ ਵਰਦੋਂ ਹੁੰਦੀ ਹੈ।

ਪਰ ਸਵਾਲ ਇਹ ਹੈ ਕਿ ਅਸੀਂ ਸਾਰੇ ਆਪਣੇ ਉਹ ਛੋਟੇ ਚਿਪ ਵਾਲੇ ਪਲਾਸਟਿਕ ਦੇ ਟੁਕੜੇ ਕਿੰਨੀ ਜਲਦੀ ਤਿਆਗ ਦੇਵਾਂਗੇ ਅਤੇ ਇਸ ਨਾਲ ਅਸੀਂ ਆਪਣਾ ਫੋਨ ਕਿਵੇਂ ਵਰਤਾਂਗੇ?

ਪਿਛਲੇ ਕੁਝ ਸਾਲਾਂ ਵਿੱਚ ਈ-ਸਿਮ ਇਕ ਬਦਲ ਵਜੋਂ ਸਾਹਮਣੇ ਆਇਆ ਹੈ ਅਤੇ ਨਵੇਂ ਫੋਨਾਂ ਵਿੱਚ ਯੂਜ਼ਰਜ਼ ਕੋਲ ਰਵਾਇਤੀ ਸਿਮ ਅਤੇ ਈ-ਸਿਮ ਦੋਵੇਂ ਵਰਤਣ ਦਾ ਬਦਲ ਹੁੰਦਾ ਹੈ।

ਮੰਗਲਵਾਰ ਨੂੰ ਆਪਣੇ ਨਵੇਂ ਉਤਪਾਦ ਆਈਫੋਨ ਏਅਰ ਦੇ ਲਾਂਚ ਵੇਲੇ ਕੰਪਨੀ ਨੇ ਕਿਹਾ ਕਿ ਇਸ ਵਿੱਚ ਸਿਰਫ਼ ਈ-ਸਿਮ ਹੀ ਹੋਵੇਗਾ।

ਆਈਫੋਨ ਏਅਪ ਐਪਲ ਦਾ ਸਭ ਤੋਂ ਨਵਾਂ ਅਤੇ ਪਤਲਾ ਉਤਪਾਦ ਹੈ।

ਇਹ ਪਹਿਲੀ ਵਾਰ ਹੈ ਕਿ ਸਿਰਫ਼ ਈ-ਸਿਮ ਵਾਲਾ ਆਈਫੋਨ ਦੁਨੀਆਂ ਭਰ ਵਿੱਚ ਉਪਲਬਧ ਹੋਵੇਗਾ। ਅਮਰੀਕਾ ਵਿੱਚ ਗਾਹਕਾਂ ਨੂੰ 2022 ਤੋਂ ਹੀ ਸਿਰਫ਼ ਈ-ਸਿਮ ਵਾਲੇ ਆਈਫੋਨ ਮਿਲ ਰਹੇ ਹਨ।

ਪਰ ਐਪਲ ਪੂਰੀ ਤਰ੍ਹਾਂ ਫਿਜ਼ਿਕਲ ਸਿਮ ਕਾਰਡ ਨਹੀਂ ਛੱਡ ਰਿਹਾ।

ਹਾਲਾਂਕਿ ਇਹ ਸੱਚ ਹੈ ਕਿ ਇਸ ਹਫ਼ਤੇ ਐਲਾਨ ਕੀਤੇ ਹੋਰ ਨਵੇਂ ਆਈਫੋਨ – 17, 17 ਪ੍ਰੋ, 17 ਪ੍ਰੋ ਮੈਕਸ – ਕਈ ਬਾਜ਼ਾਰਾਂ ਵਿੱਚ ਸਿਰਫ਼ ਈ-ਸਿਮ ਹੋਣਗੇ, ਪਰ ਜ਼ਿਆਦਾਤਰ ਦੇਸ਼ਾਂ ਵਿੱਚ ਉਹਨਾਂ ਵਿੱਚ ਫਿਜ਼ਿਕਲ ਸਿਮ ਕਾਰਡ ਸਲੌਟ ਹੋਵੇਗਾ।

ਹੋਰ ਵੱਡੇ ਨਿਰਮਾਤਾ, ਜਿਵੇਂ ਸੈਮਸੰਗ ਅਤੇ ਗੂਗਲ, ਭਾਵੇਂ ਈ-ਸਿਮ ਨੂੰ ਇਕ ਬਦਲ ਵਜੋਂ ਅਪਣਾਅ ਰਹੇ ਹਨ, ਪਰ ਬਹੁਤੀਆਂ ਥਾਵਾਂ 'ਤੇ ਫਿਜ਼ਿਕਲ ਸਿਮ ਨੂੰ ਜਾਰੀ ਰੱਖ ਰਹੇ ਹਨ।

ਤਾਂ ਵੀ ਮਾਹਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅੱਗੇ ਕੀ ਹੋਣ ਜਾ ਰਿਹਾ ਹੈ ਇਸ ਬਾਰੇ ਕੋਈ ਸ਼ੱਕ ਨਹੀਂ ਹੈ।

ਸੀਸੀਐੱਸ ਇਨਸਾਈਟ ਦੇ ਤਾਜ਼ਾ ਅੰਦਾਜ਼ਿਆਂ ਮੁਤਾਬਕ 2024 ਦੇ ਅੰਤ ਤੱਕ 1.3 ਅਰਬ ਸਮਾਰਟਫੋਨ ਈ-ਸਿਮ ਨਾਲ ਚੱਲ ਰਹੇ ਸਨ। ਇਹ ਅੰਕੜਾ 2030 ਤੱਕ 3.1 ਅਰਬ ਤੱਕ ਪਹੁੰਚਣ ਦੀ ਉਮੀਦ ਹੈ।

ਪੀਪੀ ਫੋਰਸਾਈਟ ਵਿੱਚ ਤਕਨਾਲੋਜੀ ਐਨਲਿਸਟ ਪਾਓਲੋ ਪੈਸਕੈਟੋਰ ਕਹਿੰਦੇ ਹਨ "ਸਮੇਂ ਦੇ ਨਾਲ-ਨਾਲ ਸਿਮ ਟਰੇਅ ਪੂਰੀ ਤਰ੍ਹਾਂ ਗਾਇਬ ਹੋ ਜਾਵੇਗੀ।"

ਈ-ਸਿਮ ਦੇ ਫਾਇਦੇ ਕੀ ਹਨ?

ਐਪਲ ਆਈਫੋਨ

ਤਸਵੀਰ ਸਰੋਤ, Getty Images

ਪੇਸਕਾਟੋਰ ਕਹਿੰਦੇ ਹਨ ਕਿ ਈ-ਸਿਮ ਨੂੰ ਅਪਣਾਉਣ ਦੇ ਕਈ ਫਾਇਦੇ ਹਨ,ਸਭ ਤੋਂ ਵੱਡਾ ਫਾਇਦਾ ਹੈ ਕਿ ਫੋਨ ਦੇ ਅੰਦਰ ਕੁਝ ਥਾਂ ਬਚਦੀ ਹੈ ਅਤੇ ਬੈਟਰੀਆਂ ਵੱਡੀਆਂ ਬਣਾਈਆਂ ਜਾ ਸਕਦੀਆਂ ਹਨ।

ਉਹ ਕਹਿੰਦੇ ਹਨ ਇਸ ਦੇ ਵਾਤਾਵਰਣ ਲਈ ਵੀ ਕਈ ਫਾਇਦੇ ਹੁੰਦੇ ਹਨ।

ਉਹ ਮੰਨਦੇ ਹਨ ਕਿ ਈ-ਸਿਮ ਨਾਲ ਪਲਾਸਟਿਕ ਸਿਮ ਕਾਰਡ ਦੀ ਲੋੜ ਨਹੀਂ ਰਹੇਗੀ। ਉਹ ਮੰਨਦੇ ਹਨ ਕਿ ਵਿਦੇਸ਼ ਯਾਤਰਾ ਦੌਰਾਨ ਈ-ਸਿਮ ਵਰਤਣ ਵਾਲਿਆਂ ਨੂੰ ਹੋਰ ਪ੍ਰੋਵਾਈਡਰ ਬਦਲ ਮਿਲਣਗੇ ਅਤੇ ਉਨ੍ਹਾਂ ਨੂੰ "ਭਾਰੀ ਬਿੱਲਾਂ" ਦਾ ਸਾਹਮਣਾ ਨਹੀਂ ਕਰਨਾ ਪਵੇਗਾ।

ਕੇਸਟਰ ਮਾਨ ਨੇ ਕਿਹਾ ਕਿ ਇਸ ਨਾਲ ਗਾਹਕਾਂ ਦੇ ਵਰਤੋਂ ਦੇ ਢੰਗ ਵਿਚ ਵੀ ਬਦਲਾਅ ਹੋਵੇਗਾ ਤੇ ਹੌਲੀ-ਹੌਲੀ ਲੋਕਾਂ ਦੇ ਆਪਣੇ ਮੋਬਾਈਲ ਪ੍ਰੋਵਾਈਡਰ ਨਾਲ ਸੰਬੰਧ ਬਦਲਣਗੇ।

ਮਿਸਾਲ ਵਜੋਂ ਕੁਝ ਗਾਹਕਾਂ ਨੂੰ ਆਪਣੇ ਸਿਮ ਬਾਰੇ ਗੱਲ ਕਰਨ ਲਈ ਦੁਕਾਨ 'ਤੇ ਜਾਣ ਦੀ ਲੋੜ ਨਹੀਂ ਰਹੇਗੀ।

ਇਹ ਉਨ੍ਹਾਂ ਲੋਕਾਂ ਲਈ ਵੱਡਾ ਫਾਇਦਾ ਹੋ ਸਕਦਾ ਹੈ ਜੋ ਸਮਾਂ ਬਚਾਉਣ ਜਾਂ ਸ਼ਾਪਿੰਗ ਲਈ ਜਾਣ ਤੋਂ ਬਚਣਾ ਚਾਹੁੰਦੇ ਹਨ।

ਪਰ ਉਨ੍ਹਾਂ ਨੇ ਕਿਹਾ ਕਿ ਹਰ ਤਰ੍ਹਾਂ ਦੇ ਬਦਲਾਅ ਦੀ ਤਰ੍ਹਾਂ, ਇਸ ਦਾ ਸਵਾਗਤ ਹਰ ਕੋਈ ਨਹੀਂ ਕਰੇਗਾ।

ਉਹ ਕਹਿੰਦੇ ਹਨ, "ਇਹ ਬਦਲਾਅ ਖ਼ਾਸ ਕਰਕੇ ਵੱਡੀ ਉਮਰ ਦੇ ਲੋਕਾਂ ਜਾਂ ਉਨ੍ਹਾਂ ਲੋਕਾਂ ਲਈ ਮਹੱਤਵਪੂਰਨ ਹੋ ਸਕਦਾ ਹੈ ਜੋ ਤਕਨੀਕ ਦੇ ਵਰਤੋਂ ਬਾਰੇ ਇੰਨੇ ਜਾਣੂ ਨਹੀਂ ਹਨ।"

"ਕੰਪਨੀਆਂ ਨੂੰ ਉਨ੍ਹਾਂ ਨੂੰ ਇਹ ਸਮਝਾਉਣ ਵਿੱਚ ਮਿਹਨਤ ਕਰਨੀ ਪਵੇਗੀ ਕਿ ਈ-ਸਿਮ ਕਿਵੇਂ ਵਰਤੇ ਜਾਂਦੇ ਹਨ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)