ਕੀ ਸਮਾਰਟਫ਼ੋਨ ਦੀ ਪੁਰਾਣੀ ਕਾਲਿੰਗ ਸਕ੍ਰੀਨ ਵਾਪਸ ਲਿਆਂਦੀ ਜਾ ਸਕਦੀ ਹੈ, ਨਵੇਂ ਅਪਡੇਟ ਨਾਲ ਜੁੜੀ ਅਹਿਮ ਜਾਣਕਾਰੀ ਜਾਣੋ

ਸਮਾਰਟ ਫ਼ੋਨ
ਤਸਵੀਰ ਕੈਪਸ਼ਨ, ਅਪਡੇਟ ਤੋਂ ਬਾਅਦ ਨਵਾਂ ਇੰਟਰਫੇਸ

ਜੇਕਰ ਤੁਸੀਂ ਹਾਲ ਹੀ ਵਿੱਚ ਆਪਣੇ ਐਂਡਰਾਇਡ ਫ਼ੋਨ 'ਤੇ ਕਾਲ ਜਾਂ ਕਾਲ ਰਿਸੀਵਿੰਗ ਸਕ੍ਰੀਨ ਵਿੱਚ ਬਦਲਾਅ ਦੇਖਿਆ ਹੈ, ਤਾਂ ਤੁਸੀਂ ਇਕੱਲੇ ਨਹੀਂ ਹੋ। ਬਹੁਤ ਸਾਰੇ ਉਪਭੋਗਤਾਵਾਂ ਨਾਲ ਅਜਿਹਾ ਹੋਇਆ ਹੈ ਅਤੇ ਕੁਝ ਤਾਂ ਸੋਚ ਵੀ ਰਹੇ ਹਨ ਕਿ, ਕੀ ਉਨ੍ਹਾਂ ਦਾ ਫ਼ੋਨ ਹੈਕ ਹੋ ਗਿਆ ਹੈ।

ਦਰਅਸਲ ਅਜਿਹਾ ਨਹੀਂ ਹੈ। ਇਹ ਬਦਲਾਅ ਗੂਗਲ ਨੇ ਖ਼ੁਦ ਕੀਤਾ ਹੈ। ਕੰਪਨੀ ਨੇ ਨਵਾਂ ਮਟੇਰੀਅਲ 3 ਐਕਸਪ੍ਰੈਸਿਵ ਡਿਜ਼ਾਈਨ ਜਾਰੀ ਕੀਤਾ ਹੈ, ਜੋ ਐਂਡਰਾਇਡ ਅਤੇ ਇਸਦੇ ਐਪਸ ਦੇ ਲੁੱਕ ਨੂੰ ਬਦਲ ਰਿਹਾ ਹੈ।

ਇਸ ਨਾਲ ਕਾਲਿੰਗ ਸਕ੍ਰੀਨ ਵੀ ਪ੍ਰਭਾਵਿਤ ਹੋਈ ਹੈ, ਇਸ ਲਈ ਹੁਣ ਫ਼ੋਨ ਐਪ ਦਾ ਇੰਟਰਫੇਸ ਪਹਿਲਾਂ ਨਾਲੋਂ ਵੱਖਰਾ ਦਿਖਾਈ ਦਿੰਦਾ ਹੈ।

ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇਕਰ ਤੁਹਾਨੂੰ ਇਹ ਨਵਾਂ ਲੇਆਉਟ ਪਸੰਦ ਨਹੀਂ ਹੈ ਜਾਂ ਇਸਨੂੰ ਵਰਤਣ ਵਿੱਚ ਮੁਸ਼ਕਲ ਆ ਰਹੀ ਹੈ, ਤਾਂ ਕੀ ਤੁਸੀਂ ਪੁਰਾਣੀ ਸਕ੍ਰੀਨ ਵਾਪਸ ਲਿਆ ਸਕਦੇ ਹੋ?

ਇਸ ਰਿਪੋਰਟ ਵਿੱਚ ਪੜ੍ਹੋ ਇਹ ਬਦਲਾਅ ਕਿਉਂ ਹੋਇਆ, ਗੂਗਲ ਨੇ ਇਸ ਵਿੱਚ ਨਵਾਂ ਕੀ ਦਿੱਤਾ ਹੈ ਅਤੇ ਤੁਸੀਂ ਆਪਣੀ ਪਸੰਦ ਅਨੁਸਾਰ ਕੀ ਕਰ ਸਕਦੇ ਹੋ?

ਬਦਲਾਅ ਕੀ ਹੈ?

ਸਮਾਰਟ ਫ਼ੋਨ

ਤਸਵੀਰ ਸਰੋਤ, Google

ਤਸਵੀਰ ਕੈਪਸ਼ਨ, ਕੁਝ ਯੂਜ਼ਰਸ ਕਹਿੰਦੇ ਹਨ ਕਿ ਉਨ੍ਹਾਂ ਨੂੰ ਲੱਗਿਆ ਕਿ ਉਨ੍ਹਾਂ ਦਾ ਫ਼ੋਨ ਹੈਕ ਹੋ ਗਿਆ ਹੈ

ਇਸ ਸਾਲ ਮਈ ਵਿੱਚ ਗੂਗਲ ਕੰਪਨੀ ਨੇ ਕਿਹਾ ਸੀ ਕਿ ਉਹ 'ਮਟੀਰੀਅਲ 3 ਐਕਸਪ੍ਰੈਸਿਵ' ਨਾਮ ਦਾ ਇੱਕ ਅਪਡੇਟ ਜਾਰੀ ਕਰਨ ਜਾ ਰਹੀ ਹੈ, ਜੋ ਕਿ ਪਿਛਲੇ ਕੁਝ ਸਾਲਾਂ ਵਿੱਚ ਕੰਪਨੀ ਵੱਲੋਂ ਕੀਤੇ ਗਏ ਸਭ ਤੋਂ ਵੱਡੇ ਅਪਡੇਟਾਂ ਵਿੱਚੋਂ ਇੱਕ ਹੋਵੇਗਾ।

ਗੂਗਲ ਦਾ ਕਹਿਣਾ ਹੈ ਕਿ ਇਹ ਅਪਡੇਟ ਫ਼ੋਨ ਦੇ ਸਾਫਟਵੇਅਰ ਅਤੇ ਡਿਸਪਲੇਅ ਨੂੰ ਵਰਤਣ ਵਿੱਚ ਸੌਖਾ, ਤੇਜ਼ ਅਤੇ ਬਿਹਤਰ ਬਣਾ ਦੇਵੇਗਾ।

ਗੂਗਲ ਨੇ ਕਿਹਾ ਕਿ ਨਵੀਂਆਂ ਡਿਸਪਲੇਅ ਸੈਟਿੰਗਜ਼ ਵਿੱਚ ਬਹੁਤ ਸਾਰੀਆਂ ਚੀਜ਼ਾਂ ਬਦਲੀਆਂ ਜਾ ਰਹੀਆਂ ਹਨ, ਜਿਵੇਂ ਕਿ ਨੋਟੀਫਿਕੇਸ਼ਨ, ਰੰਗ ਥੀਮ, ਫ਼ੋਟੋਆਂ, ਜੀਮੇਲ ਅਤੇ ਘੜੀ ਵੀ।

ਕੀ ਪੁਰਾਣੀ ਕਾਲਿੰਗ ਸਕ੍ਰੀਨ ਲਈ ਕੋਈ ਸਿੱਧਾ ਬਟਨ ਹੈ?

ਗੂਗਲ ਦੇ ਅਧਿਕਾਰਤ ਪੇਜ਼ 'ਤੇ ਅਜਿਹਾ ਕੋਈ ਬਟਨ ਜਾਂ ਸੈਟਿੰਗ ਨਹੀਂ ਹੈ, ਜਿਸ ਨਾਲ ਤੁਸੀਂ ਸਿਰਫ਼ ਇੱਕ ਕਲਿੱਕ ਨਾਲ ਪੁਰਾਣੀ ਕਾਲਿੰਗ ਸਕ੍ਰੀਨ ਨੂੰ ਵਾਪਸ ਲਿਆ ਸਕਦੇ ਹੋ।

ਗੂਗਲ ਦਾ ਜ਼ਿਆਦਾ ਧਿਆਨ ਨਵੇਂ ਡਿਜ਼ਾਈਨ, ਐਕਸੈਸਿਬਿਲਟੀ ਅਤੇ ਪ੍ਰਫ਼ਾਰਮੈਂਸ ਨੂੰ ਬਿਹਤਰ ਬਣਾਉਣ 'ਤੇ ਹੈ।

ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਤੁਹਾਡੇ ਕੋਲ ਕੋਈ ਰਸਤਾ ਨਹੀਂ ਹੈ। ਕੁਝ ਹੱਲ ਹਨ ਜੋ ਹੇਠਾਂ ਦਿੱਤੇ ਗਏ ਹਨ।

ਯਾਨੀ, ਇਹ ਪੁੱਛੇਗਾ ਕਿ ਕੀ ਤੁਸੀਂ ਇਸ ਐਪ ਨੂੰ ਹਟਾ ਕੇ ਅਤੇ ਪੁਰਾਣੇ ਫੈਕਟਰੀ ਵਰਜ਼ਨ 'ਤੇ ਵਾਪਸ ਜਾਣਾ ਚਾਹੁੰਦੇ ਹੋ। ਜਿਵੇਂ ਹੀ ਤੁਸੀਂ ਠੀਕ ਹੈ 'ਤੇ ਟੈਪ ਕਰਦੇ ਹੋ, ਨਵਾਂ ਅਪਡੇਟ ਫ਼ੋਨ ਤੋਂ ਹਟਾ ਦਿੱਤਾ ਜਾਵੇਗਾ ਅਤੇ ਐਪ ਆਪਣੇ ਪੁਰਾਣੇ ਵਰਜ਼ਨ 'ਤੇ ਵਾਪਸ ਚਲਾ ਜਾਵੇਗਾ।

ਕੁਝ ਫ਼ੋਨਾਂ ਵਿੱਚ ਪੁਰਾਣਾ ਡਾਇਲਰ ਇਸ ਤਰ੍ਹਾਂ ਦਿਖਾਈ ਦੇਵੇਗਾ

ਫ਼ੋਨ ਦੀ ਸੈਟਿੰਗ
ਤਸਵੀਰ ਕੈਪਸ਼ਨ, ਸਭ ਤੋਂ ਪਹਿਲਾਂ ਆਪਣੇ ਫ਼ੋਨ ਦੀ ਸੈਟਿੰਗ ਖੋਲ੍ਹੋ ਅਤੇ ਐਪਸ 'ਤੇ ਜਾਓ
ਫ਼ੋਨ
ਤਸਵੀਰ ਕੈਪਸ਼ਨ, ਹੁਣ ਫ਼ੋਨ ਐਪ ਚੁਣੋ
ਐਪ
ਤਸਵੀਰ ਕੈਪਸ਼ਨ, ਸਕ੍ਰੀਨ ਦੇ ਉੱਪਰ ਸੱਜੇ ਪਾਸੇ ਤਿੰਨ ਬਿੰਦੀਆਂ ਵਾਲੇ ਵਿਕਲਪ 'ਤੇ ਟੈਪ ਕਰੋ। ਇੱਥੇ ਤੁਹਾਨੂੰ ਅਪਡੇਟਸ ਨੂੰ ਅਣਇੰਸਟਾਲ ਕਰਨ ਦਾ ਵਿਕਲਪ ਦਿਖਾਈ ਦੇਵੇਗਾ, ਇਸ 'ਤੇ ਕਲਿੱਕ ਕਰੋ
ਐਪ
ਤਸਵੀਰ ਕੈਪਸ਼ਨ, ਜਿਵੇਂ ਹੀ ਤੁਸੀਂ ਕਲਿੱਕ ਕਰੋਗੇ, ਸਕਰੀਨ 'ਤੇ ਇੱਕ ਬਾਕਸ ਖੁੱਲ੍ਹੇਗਾ, ਜਿਸ ਵਿੱਚ ਅੰਗਰੇਜ਼ੀ ਵਿੱਚ ਲਿਖਿਆ ਹੋਵੇਗਾ: "Replace this app with the factory version? All data will be removed." (ਇਸ ਐਪ ਨੂੰ ਫੈਕਟਰੀ ਵਰਜ਼ਨ ਨਾਲ ਰਿਪਲੇਸ ਕਰੀਏ? ਸਾਰਾ ਡੇਟਾ ਹਟ ਜਾਵੇਗਾ)

ਡਿਫਾਲਟ ਫ਼ੋਨ ਐਪ ਦੇਖੋ, ਲੋੜ ਹੋਵੇ ਤਾਂ ਇਸਨੂੰ ਬਦਲੋ

ਇਸ ਤੋਂ ਇਲਾਵਾ ਤੁਸੀਂ ਇਹ ਤਰੀਕੇ ਵੀ ਅਪਣਾ ਸਕਦੇ ਹੋ:

ਅਕਸਰ ਕਾਲਿੰਗ ਸਕ੍ਰੀਨ ਬਦਲ ਜਾਂਦੀ ਹੈ ਕਿਉਂਕਿ ਡਿਫਾਲਟ ਐਪਸ ਸੂਚੀ ਵਿੱਚ ਚੁਣਿਆ ਗਿਆ ਫ਼ੋਨ ਐਪ ਬਦਲ ਗਿਆ ਹੁੰਦਾ ਹੈ।

ਐਂਡਰਾਇਡ ਦੀ ਹੈਲਪ ਗਾਈਡ ਮੁਤਾਬਕ ਸੈਟਿੰਗਜ਼ - ਐਪਸ - ਡਿਫਾਲਟ ਐਪਸ - ਫ਼ੋਨ ਐਪ 'ਤੇ ਜਾਓ ਅਤੇ ਆਪਣੀ ਪਸੰਦੀਦਾ ਫ਼ੋਨ ਐਪ ਚੁਣੋ।

ਅਜਿਹਾ ਕਰਨ ਨਾਲ ਕਾਲਿੰਗ ਸਕ੍ਰੀਨ ਉਸੇ ਐਪ ਦੀ ਦਿਖਾਈ ਦੇਵੇਗੀ ਜਿਸਨੂੰ ਤੁਸੀਂ ਡਿਫਾਲਟ ਵਜੋਂ ਸੈੱਟ ਕੀਤਾ ਹੈ।

ਸਮਾਰਟ ਫ਼ੋਨ

ਜੇਕਰ ਤੁਸੀਂ ਫ਼ੋਨ ਬਾਏ ਗੂਗਲ ਦੀ ਵਰਤੋਂ ਕਰਨਾ ਚਾਹੁੰਦੇ ਹੋ, ਤਾਂ ਇਸਦੇ ਹੇਲਪ ਪੇਜ਼ ਵਿੱਚ ਸਪੱਸ਼ਟ ਤੌਰ 'ਤੇ ਦੱਸਿਆ ਗਿਆ ਹੈ ਕਿ ਜਦੋਂ ਐਪ ਪੁੱਛੇ, ਤਾਂ "ਸੈਟ ਐਜ਼ ਡਿਫ਼ਾਲਟ" ਚੁਣੋ। ਜੇਕਰ ਤੁਸੀਂ ਚਾਹੋ ਤਾਂ ਇਸਨੂੰ ਬਾਅਦ ਵਿੱਚ ਸੈਟਿੰਗਜ਼- ਡਿਫ਼ਾਲਟ ਤੋਂ ਬਦਲਿਆ ਜਾ ਸਕਦਾ ਹੈ।

ਐਂਡਰਾਇਡ ਸਿਸਟਮ ਵਿੱਚ ਕੋਈ ਵੀ ਐਪ ਡਿਫਾਲਟ ਡਾਇਲਰ ਦਾ ਰੋਲ ਨਿਭਾ ਸਕਦੀ ਹੈ ਅਤੇ ਫਿਰ ਕਾਲਿੰਗ ਨਾਲ ਸਬੰਧਤ ਸਾਰੇ ਕੰਮ ਇਸ ਰਾਹੀਂ ਪ੍ਰਬੰਧਿਤ ਕੀਤੇ ਜਾਂਦੇ ਹਨ। ਇਹੀ ਕਾਰਨ ਹੈ ਕਿ ਵੱਖ-ਵੱਖ ਫ਼ੋਨਾਂ 'ਤੇ ਕਾਲਿੰਗ ਸਕ੍ਰੀਨ ਵੱਖਰੀ ਦਿਖਾਈ ਦੇ ਸਕਦੀ ਹੈ।

ਸਟੇਬਲ ਚੈਨਲ 'ਤੇ ਵਾਪਸ ਜਾਓ

ਨਵੇਂ ਵਿਜ਼ੂਅਲ ਬਦਲਾਅ ਜ਼ਿਆਦਾਤਰ ਪਹਿਲੇ ਬੀਟਾ ਬਿਲਡ ਵਿੱਚ ਆਉਂਦੇ ਹਨ। ਗੂਗਲ ਦੇ ਡਿਵੈਲਪਰ ਪੇਜ 'ਤੇ ਦੱਸਿਆ ਗਿਆ ਹੈ ਕਿ ਜੇਕਰ ਤੁਹਾਡੀ ਡਿਵਾਈਸ ਪਿਕਸਲ ਲਈ ਐਂਡਰਾਇਡ ਬੀਟਾ ਵਿੱਚ ਦਰਜ ਹੈ, ਤਾਂ ਇਸਨੂੰ ਓਟੀਏ ਬੀਟਾ ਅਪਡੇਟਸ ਮਿਲਦੇ ਰਹਿੰਦੇ ਹਨ।

ਜਦੋਂ ਇੱਕ ਸਟੇਬਲ ਰੀਲੀਜ਼ ਆਉਂਦੀ ਹੈ, ਤਾਂ ਤੁਸੀਂ ਇੱਕ ਨਿਸ਼ਚਿਤ ਸਮੇਂ ਦੇ ਅੰਦਰ ਬੀਟਾ ਤੋਂ ਬਾਹਰ ਆ ਕੇ ਆਉਣ ਵਾਲੇ ਬੀਟਾ ਅਪਡੇਟਾਂ ਨੂੰ ਰੋਕ ਸਕਦੇ ਹੋ। ਜੇਕਰ ਤੁਹਾਡਾ ਫ਼ੋਨ ਬੀਟਾ 'ਤੇ ਹੈ, ਤਾਂ ਸਟੇਬਲ ਚੈਨਲ 'ਤੇ ਵਾਪਸ ਜਾਣ ਨਾਲ ਇਨ੍ਹਾਂ ਇੰਟਰਫ਼ੇਸ ਬਦਲਾਵਾਂ ਵਿੱਚ ਦੇਰੀ ਹੋ ਜਾਵੇਗੀ ਅਤੇ ਤੁਸੀਂ ਫ਼ੌਰਨ ਨਵਾਂ ਡਿਜ਼ਾਈਨ ਨਹੀਂ ਦੇਖ ਸਕੋਗੇ।

ਅਪਡੇਟਾਂ ਦਾ ਕੰਟਰੋਲ ਆਪਣੇ ਹੱਥ ਵਿੱਚ ਲਓ

ऑटो अपडेट सेटिंग

ਗੂਗਲ ਪਲੇਅ ਹੈਲਪ ਦੱਸਦਾ ਹੈ ਕਿ ਤੁਸੀਂ ਆਪਣੀਆਂ ਜ਼ਰੂਰਤਾਂ ਮੁਤਾਬਕ ਆਟੋ-ਅਪਡੇਟ ਸੈਟਿੰਗਜ਼ ਨੂੰ ਬਦਲ ਸਕਦੇ ਹੋ।

ਕਦਮ ਇਸ ਤਰ੍ਹਾਂ ਹਨ:

ਗੂਗਲ ਪਲੇਅ - ਪ੍ਰੋਫਾਈਲ ਆਈਕਨ - ਸੈਟਿੰਗਜ਼ - ਨੈੱਟਵਰਕ ਤਰਜੀਹਾਂ - ਐਪਸ ਨੂੰ ਆਟੋ-ਅਪਡੇਟ ਕਰੋ

ਇੱਥੇ "ਐਪਸ ਨੂੰ ਆਟੋ-ਅਪਡੇਟ ਨਾ ਕਰੋ" ਦੀ ਚੋਣ ਕਰਨ ਨਾਲ ਐਪਸ ਆਪਣੇ ਆਪ ਅਪਡੇਟ ਹੋਣ ਤੋਂ ਰੁਕ ਜਾਣਗੀਆਂ।

ਤੁਸੀਂ ਕਿਸੇ ਇੱਕ ਐਪ ਦੇ ਵੇਰਵੇ ਪੇਜ਼ 'ਤੇ ਵੀ ਜਾ ਸਕਦੇ ਹੋ ਅਤੇ ਉੱਪਰ ਸੱਜੇ ਪਾਸੇ ਮੈਨਿਯੂ ਤੋਂ "ਏਨੇਬਲ ਆਟੋ ਅਪਡੇਟ" ਨੂੰ ਚਾਲੂ ਜਾਂ ਬੰਦ ਕਰ ਸਕਦੇ ਹੋ।

ਯਾਦ ਰੱਖੋ ਅਪਡੇਟ ਸੁਰੱਖਿਆ ਲਈ ਬਹੁਤ ਅਹਿਮ ਹਨ। ਇਸ ਲਈ ਜੇਕਰ ਤੁਸੀਂ ਆਟੋ-ਅਪਡੇਟ ਬੰਦ ਕਰਦੇ ਹੋ, ਤਾਂ ਸਮੇਂ-ਸਮੇਂ 'ਤੇ ਮੈਨੂਅਲ ਅਪਡੇਟ ਦੀ ਜਾਂਚ ਕਰੋ।

ਕੀ ਪੁਰਾਣਾ ਵਰਜਨ ਇੰਸਟਾਲ ਕਰਨ 'ਤੇ ਕਾਲ ਹਿਸਟਰੀ ਚਲੀ ਜਾਵੇਗੀ?

ਕਈ ਯੂਜ਼ਰਸ ਨੂੰ ਡਰ ਹੈ ਕਿ ਜੇਕਰ ਉਹ ਫ਼ੋਨ ਐਪ ਦੇ ਨਵੇਂ ਅਪਡੇਟ ਨੂੰ ਡਿਲੀਟ ਕਰ ਦਿੰਦੇ ਹਨ, ਤਾਂ ਉਨ੍ਹਾਂ ਦੀ ਕਾਲ ਹਿਸਟਰੀ ਵੀ ਡਿਲੀਟ ਹੋ ਜਾਵੇਗੀ।

ਗੂਗਲ ਦੇ ਅਧਿਕਾਰਤ ਪੇਜ਼ 'ਤੇ ਇਸ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਹੈ ਕਿ ਕਾਲ ਲੌਗ ਡਾਟਾ ਡਿਲੀਟ ਕੀਤਾ ਜਾਵੇਗਾ ਜਾਂ ਨਹੀਂ।

ਇਸ ਲਈ ਇਹ ਮੰਨਣਾ ਸੁਰੱਖਿਅਤ ਹੋਵੇਗਾ ਕਿ ਕਾਲ ਹਿਸਟਰੀ ਤੁਹਾਡੇ ਫ਼ੋਨ ਸਿਸਟਮ 'ਤੇ ਰਹਿੰਦੀ ਹੈ, ਪਰ ਸਿਰਫ਼ ਗੂਗਲ ਹੀ ਆਪਣੇ ਅਧਿਕਾਰਤ ਅਪਡੇਟ ਨੋਟਸ ਵਿੱਚ ਇਸਦੀ ਗਰੰਟੀ ਦੇ ਸਕਦਾ ਹੈ।

ਹਾਲਾਂਕਿ, ਇੱਕ ਉਪਭੋਗਤਾ ਜਿਸਨੇ ਨਵਾਂ ਅਪਡੇਟ ਅਣਇੰਸਟਾਲ ਕੀਤਾ ਹੈ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਅਪਡੇਟ ਅਣਇੰਸਟਾਲ ਕਰਨ ਤੋਂ ਬਾਅਦ ਉਸਦੀ ਕਾਲ ਹਿਸਟਰੀ ਜਾਂ ਕੋਈ ਹੋਰ ਡਾਟਾ ਗੁੰਮ ਨਹੀਂ ਹੋਇਆ ਹੈ। ਸਾਰੇ ਵੇਰਵੇ ਪਹਿਲਾਂ ਵਾਂਗ ਹੀ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)