ਮਿਥਾਲੀ ਰਾਜ ਨੇ ਪਛਾਣ ਗੁਆ ਚੁੱਕੇ ਮਹਿਲਾ ਕ੍ਰਿਕਟ ਨੂੰ ਕਿਵੇਂ ਫਿਰ ਤੋਂ ਜਿਉਂਦਾ ਕੀਤਾ, ਕਿਹੜੇ ਵੱਡੇ ਰਿਕਾਰਡ ਉਨ੍ਹਾਂ ਦੇ ਨਾਮ ਰਹੇ

    • ਲੇਖਕ, ਸ਼ਾਰਦਾ ਉਗਰਾ
    • ਰੋਲ, ਸੀਨੀਅਰ ਪੱਤਰਕਾਰ

ਭਾਰਤ ਵਿੱਚ 15-17 ਸਾਲ ਦੇ ਉਹ ਨੌਜਵਾਨ ਜੋ ਮਹਿਲਾ ਕ੍ਰਿਕਟ ਨੂੰ ਦੇਖਦੇ ਅਤੇ ਪਸੰਦ ਕਰਦੇ ਹਨ ਉਨ੍ਹਾਂ ਲਈ ਮਿਥਾਲੀ ਰਾਜ ਡਬਲਿਊਪੀਐੱਲ ਦੀ ਟੀਮ ਗੁਜਰਾਤ ਜਾਇੰਟਸ ਦੀ ਮੈਂਟਰ ਹਨ।

ਉੱਥੇ ਹੀ ਉਹ ਲੋਕ ਜੋ ਖੇਡ ʼਤੇ ਬਾਰੀਕ ਨਜ਼ਰ ਰੱਖਦੇ ਹਨ, ਉਨ੍ਹਾਂ ਲਈ ਮਿਥਾਲੀ ਰਾਜ ਇੱਕ ਸਾਬਕਾ ਖਿਡਾਰਨ, ਟੀਵੀ ਮਾਹਰ ਅਤੇ ਕਮੈਂਟੇਟਰ ਹਨ।

ਪਰ ਜੇਕਰ ਅਸੀਂ ਸਿਰਫ਼ ਭਾਰਤੀ ਮਹਿਲਾ ਕ੍ਰਿਕਟ ਦੀ ਗੱਲ ਕਰੀਏ, ਤਾਂ ਮਿਥਾਲੀ ਪੀੜ੍ਹੀਆਂ ਨੂੰ ਜੋੜਨ ਵਾਲੀ ਕੜੀ ਦਾ ਕੇਂਦਰ ਬਿੰਦੂ ਹਨ।

ਮਿਥਾਲੀ ਰਾਜ ਨੂੰ 2004 ਤੋਂ 2022 ਤੱਕ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਰਿਕਾਰਡ 18 ਸਾਲਾਂ ਦੀ ਕਪਤਾਨੀ ਲਈ ਬੀਬੀਸੀ ਲਾਈਫਟਾਈਮ ਅਚੀਵਮੈਂਟ ਅਵਾਰਡ ਮਿਲਿਆ ਹੈ।

ਮਿਥਾਲੀ ਰਾਜ ਉਹ ਖਿਡਾਰਨ ਹਨ ਜਿਨ੍ਹਾਂ ਨੇ ਕ੍ਰਿਕਟ ਦੇ ਬੁਰੇ ਦਿਨਾਂ ਵਿੱਚ ਵੀ ਆਪਣੀ ਗੇਂਦਬਾਜ਼ੀ ਸਾਥੀ ਝੂਲਨ ਗੋਸਵਾਮੀ ਨਾਲ ਮਿਲ ਕੇ ਜ਼ਿੰਦਾ ਰੱਖਿਆ ਅਤੇ ਇਹ ਕੋਈ ਮਾੜਾ ਦੌਰ ਇਸ ਲਈ ਨਹੀਂ ਸੀ ਕਿ ਮਹਿਲਾ ਕ੍ਰਿਕਟ ਟੀਮ ਦਾ ਪ੍ਰਦਰਸ਼ਨ ਮਾੜਾ ਸੀ ਬਲਕਿ ਇਸ ਦਾ ਕਾਰਨ ਦੂਜਾ ਸੀ।

ਉਸ ਸਮੇਂ ਮਹਿਲਾ ਕ੍ਰਿਕਟ ਨੂੰ ਸੀਮਤ ਸਰੋਤਾਂ ਨਾਲ ਇੱਕ ਪੁਰਸ਼ ਪ੍ਰਸ਼ਾਸਨ ਦੁਆਰਾ ਚਲਾਇਆ ਜਾ ਰਿਹਾ ਸੀ ਅਤੇ ਇਸ ਨੂੰ ਹਾਸ਼ੀਏ 'ਤੇ ਧੱਕ ਦਿੱਤਾ ਗਿਆ ਸੀ।

ਮਿਥਾਲੀ ਕ੍ਰਿਕਟ ਨਾਲ ਰੂਬਰੂ ਕਿਵੇਂ ਹੋਏ?

ਮਿਥਾਲੀ ਦੇ ਲਗਭਗ ਦੋ ਦਹਾਕਿਆਂ ਦੇ ਕਰੀਅਰ ਦੌਰਾਨ ਸਥਿਤੀ ਇਹੀ ਰਹੀ। ਪਰ ਇਸ ਸਮੇਂ ਦੌਰਾਨ, ਮਿਥਾਲੀ ਦੇ ਬੱਲੇ ਨੇ ਜੋ ਕਮਾਲ ਦਿਖਾਇਆ ਉਹ ਨਾ ਸਿਰਫ਼ ਟੀਮ ਲਈ ਜ਼ਰੂਰੀ ਸੀ ਬਲਕਿ ਉਨ੍ਹਾਂ ਨੇ ਭਾਰਤੀ ਮਹਿਲਾ ਕ੍ਰਿਕਟ ਨੂੰ ਬਚਾਏ ਰੱਖਣ ਵਿੱਚ ਅਹਿਮ ਭੂਮਿਕ ਨਿਭਾਈ ਸੀ।

ਮਹਿਲਾ ਕ੍ਰਿਕਟ ਨੂੰ ਮੁੱਖ ਧਾਰਾ ਵਿੱਚ ਲਿਆਉਣ ਵਿੱਚ ਮਿਤਾਲੀ ਦੇ ਯੋਗਦਾਨ ਦੀ ਨੀਂਹ ਸ਼ਾਇਦ ਇਸ ਖੇਡ ਨਾਲ ਉਨ੍ਹਾਂ ਦੀ ਪਛਾਣ ਹੋਣ ਨਾਲ ਹੀ ਪੈ ਗਈ ਸੀ।

ਮਿਥਾਲੀ ਨੂੰ ਦੇਰ ਤੱਕ ਸੌਣ ਦੀ ਆਦਤ ਸੀ। ਉਨ੍ਹਾਂ ਦੇ ਪਿਤਾ ਨੇ ਇਸਦਾ ਹੱਲ ਲੱਭਣ ਬਾਰੇ ਸੋਚਿਆ। ਉਨ੍ਹਾਂ ਦੇ ਪਿਤਾ 90 ਦੇ ਦਹਾਕੇ ਵਿੱਚ ਇੱਕ ਸੇਵਾਮੁਕਤ ਹਵਾਈ ਸੈਨਾ ਅਧਿਕਾਰੀ ਸਨ।

ਮਿਥਾਲੀ ਨੂੰ ਆਪਣੇ ਭਰਾ ਦੀ ਸਿਕੰਦਰਾਬਾਦ ਵਿੱਚ ਮੌਜੂਦ ਕ੍ਰਿਕਟ ਅਕਾਦਮੀ ਵਿੱਚ ਭੇਜਿਆ ਗਿਆ।

ਅਕਾਦਮੀ ਵਿੱਚ ਮਿਥਾਲੀ ਨੇ ਕੁਝ ਗੇਂਦਾਂ ਦਾ ਸਾਹਮਣਾ ਕੀਤਾ ਅਤੇ ਉਨ੍ਹਾਂ ʼਤੇ ਸ਼ੌਟ ਲਗਾਏ। ਉਨ੍ਹਾਂ ਦੇ ਹੁਨਰ ਨੂੰ ਪਛਾਣਨ ਲਈ ਕੋਚ ਜਯੋਤੀ ਪ੍ਰਸਾਦ ਲਈ ਇੰਨਾ ਕਾਫੀ ਸੀ।

ʻਲੇਡੀ ਸਚਿਨ ਨਹੀਂʼ

ਮਿਥਾਲੀ ਨੂੰ ਹਰ ਦਿਨ 6 ਘੰਟੇ ਸਿਖਲਾਈ ਲੈਣੀ ਹੁੰਦੀ ਸੀ। ਜਿਸ ਵਿੱਚ ਗੇਂਦ ਨੂੰ ਬੱਲੇ ਨਾਲ ਨਹੀਂ ਬਲਕਿ ਸਟੰਪ ਤੋਂ ਹਿਟ ਕਰਨਾ ਹੁੰਦਾ ਸੀ ਅਤੇ ਗੈਪ ਤਲਾਸ਼ਣੇ ਹੁੰਦੇ ਸਨ।

ਇੰਨਾ ਹੀ ਨਹੀਂ ਇਸ ਵਿੱਚ ਪੱਥਰਾਂ ਦੇ ਇਸਤੇਮਾਲ ਨਾਲ ਕੈਚ ਦੀ ਪ੍ਰੈਕਟਿਸ ਵੀ ਸ਼ਾਮਿਲ ਸੀ ਤਾਂ ਜੋ ਕ੍ਰਿਕਟ ਦੀ ਸਖ਼ਤ ਗੇਂਦ ਦੀ ਆਦਤ ਹੋ ਸਕੇ।

10 ਸਾਲ ਦੀ ਉਮਰ ਵਿੱਚ ਮਿਥਾਲੀ ਨੂੰ ਕ੍ਰਿਕਟ ʼਤੇ ਫੋਕਸ ਕਰਨ ਲਈ ਭਾਰਤਨਾਟਿਅਮ ਛੱਡਣ ਦਾ ਔਖਾ ਫ਼ੈਸਲਾ ਲੈਣਾ ਪਿਆ।

2016 ਵਿੱਚ ʻਕ੍ਰਿਕਟ ਮੰਥਲੀʼ ਨੂੰ ਉਨ੍ਹਾਂ ਨੇ ਦੱਸਿਆ, "ਡਾਂਸ ਮੇਰਾ ਪੈਸ਼ਨ ਸੀ। ਪਰ ਕ੍ਰਿਕਟ ਵਿੱਚ ਇੱਕ ਲੇਵਲ ʼਤੇ ਪਹੁੰਚਣ ਦਾ ਮਤਲਬ ਸੀ ਕਿ ਮੈਨੂੰ ਆਪਣੀ ਪ੍ਰਾਥਮਿਕਤਾ ਤੈਅ ਕਰਨੀ ਪਵੇਗੀ।"

ਸਖ਼ਤ ਮਿਹਨਤ ਰੰਗ ਲਿਆਈ ਅਤੇ ਸਿਰਫ਼ 16 ਸਾਲ ਦੀ ਉਮਰ ਵਿੱਚ 1999 ਵਿੱਚ ਮਿਥਾਲੀ ਨੇ ਭਾਰਤੀ ਸੀਨੀਅਰ ਟੀਮ ਲਈ ਆਪਣਾ ਡੈਬਿਊ ਕੀਤਾ ਅਤੇ ਉਸ ਤੋਂ ਬਾਅਦ ਉਨ੍ਹਾਂ ਦਾ ਕਰੀਅਰ ਸ਼ਾਨਦਾਰ ਰਿਹਾ।

ਮਹਿਲਾ ਵਨਡੇ ਕ੍ਰਿਕਟ ਵਿੱਚ ਮਿਥਾਲੀ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਖਿਡਾਰਨ ਹਨ। ਆਪਣੇ 23 ਸਾਲਾਂ ਦੇ ਲੰਬੇ ਕਰੀਅਰ ਦੌਰਾਨ ਮਿਛਾਲੀ ਨੇ 50 ਤੋਂ ਵੱਧ ਦੀ ਔਸਤ ਨਾਲ 7,805 ਦੌੜਾਂ ਬਣਾਈਆਂ ਹਨ।

ਮਿਥਾਲੀ ਨੇ 7 ਸੈਂਕੜੇ ਅਤੇ 64 ਅਰਧ ਸੈਂਕੜੇ ਲਗਾਏ ਹਨ। ਮਿਤਾਲੀ ਦੇ ਨਾਂ ਮਹਿਲਾ ਵਨਡੇ ਕ੍ਰਿਕਟ ਵਿੱਚ ਸਭ ਤੋਂ ਵੱਧ ਅਰਧ ਸੈਂਕੜੇ ਹਨ।

2002 ਵਿੱਚ, ਮਿਥਾਲੀ ਨੇ ਇੰਗਲੈਂਡ ਵਿਰੁੱਧ 214 ਦੌੜਾਂ ਦੀ ਪਾਰੀ ਖੇਡੀ ਅਤੇ ਉਹ ਟੈਸਟ ਕ੍ਰਿਕਟ ਵਿੱਚ ਦੋਹਰਾ ਸੈਂਕੜਾ ਲਗਾਉਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰਨ ਬਣੇ।

ਇਹ ਰਿਕਾਰਡ 2024 ਤੱਕ ਮਿਥਾਲੀ ਦੇ ਨਾਮ ਹੀ ਰਿਹਾ। 2024 ਵਿੱਚ, ਸ਼ਿਫਾਲੀ ਵਰਮਾ ਨੇ ਦੋਹਰਾ ਸੈਂਕੜਾ ਲਗਾ ਕੇ ਇਸ ਰਿਕਾਰਡ ਦੀ ਬਰਾਬਰੀ ਕੀਤੀ।

ਮਿਥਾਲੀ ਦੇ ਲਗਾਤਾਰ ਦੌੜਾਂ ਬਣਾਉਣ ਕਾਰਨ, ਉਨ੍ਹਾਂ ਦੀ ਤੁਲਨਾ ਸਚਿਨ ਤੇਂਦੁਲਕਰ ਨਾਲ ਕੀਤੀ ਜਾਣ ਲੱਗੀ। ਉਨ੍ਹਾਂ ਨੂੰ 'ਫੀਮੇਲ ਤੇਂਦੁਲਕਰ' ਅਤੇ 'ਲੇਡੀ ਸਚਿਨ' ਕਿਹਾ ਜਾਣ ਲੱਗਾ, ਜਿਸ ਦਾ ਮਿਥਾਲੀ ਨੇ ਖੁਦ ਮਜ਼ਾਕ ਉਡਾਇਆ।

2018 ਵਿੱਚ ਮਿਥਾਲੀ ਨੇ ਕਿਹਾ, "ਮੈਂ ਮਹਿਲਾ ਕ੍ਰਿਕਟ ਦੀ ਮਿਥਾਲੀ ਰਾਜ ਦੇ ਨਾਮ ਨਾਲ ਪਛਾਣੀ ਜਾਣਾ ਚਾਹੁੰਦੀ ਹਾਂ। ਖੇਡ ਵਿੱਚ ਮੈਂ ਆਪਣੀ ਪਛਾਣ ਬਣਾਉਣਾ ਚਾਹੁੰਦੀ ਹਾਂ।"

ਅਤੇ ਮਹਿਲਾ ਕ੍ਰਿਕਟ ਟੀਮ ਵਿੱਚ ਜੋ ਪਛਾਣ ਉਨ੍ਹਾਂ ਨੇ ਬਣਾਈ ਉਸ ਦਾ ਕੋਈ ਮੁਕਾਬਲਾ ਨਹੀਂ ਹੈ।

ਮੁਸ਼ਕਲ ਦੌਰ ਵਿੱਚ ਵੀ ਨਿਰੰਤਰਤਾ

ਮਿਥਾਲੀ ਦੇ ਸ਼ਾਨਦਾਰ ਕਰੀਅਰ ਦੀ ਗਵਾਹੀ ਉਨ੍ਹਾਂ ਦੇ ਰਿਕਾਰਡ ਦੇ ਨਾਲ ਉਨ੍ਹਾਂ ਦਾ ਧੀਰਜ ਵੀ ਦਿੰਦਾ ਹੈ।

ਖ਼ਾਸ ਕਰਕੇ ਜਦੋਂ ਉਨ੍ਹਾਂ ਨੇ ਆਪਣੇ ਕਰੀਅਰ ਦਾ ਅੱਧਾ ਪੜਾਅ ਪਾਰ ਕਰ ਲਿਆ ਸੀ ਉਦੋਂ ਮਹਿਲਾ ਕ੍ਰਿਕਟ ਦੀ ਗਵਰਨਿੰਗ ਬੌਡੀ ਵਿੱਚ ਹੋਏ ਬਦਲਾਅ ਕਾਰਨ ਟੀਮ ਲਈ ਮੌਕੇ ਘੱਟੋ ਹੋਏ।

ਜਦੋਂ 1999 ਵਿੱਚ ਮਿਥਾਲੀ ਡੇਬਿਊ ਕੀਤਾ ਤਾਂ ਮਹਿਲਾ ਕ੍ਰਿਕਟ ਨੂੰ ਵੂਮੈਨ ਕ੍ਰਿਕਟ ਐਸੋਸੀਏਸ਼ਨ ਆਫ ਇੰਡੀਆ ਚਲਾਉਂਦੀ ਸੀ ਪਰ 2006 ਦੇ ਅੰਤ ਵਿੱਚ ਭਾਰਤ ਕ੍ਰਿਕਟ ਕੰਟ੍ਰੋਲ ਬੋਰਡ ਨੇ ਮਹਿਲਾ ਕ੍ਰਿਕਟ ਦੀ ਕਮਾਨ ਆਪਣੇ ਹੱਥਾਂ ਵਿੱਚ ਲੈ ਲਈ।

ਮਿਥਾਲੀ ਨੇ ਉਦੋਂ ਤੱਕ 86 ਵਨਡੇ ਅਤੇ 8 ਟੈਸਟ ਮੈਚ ਖੇਡੇ ਸਨ। ਜਿਸ ਦਾ ਮਤਲਬ ਹੋਇਆ ਕਿ ਹਰ ਸਾਲ ਮਿਥਾਲੀ ਨੇ 14 ਵਨਡੇ ਅਤੇ ਇੱਕ ਟੈਸਟ ਮੈਚ ਖੇਡਿਆ ਹੈ।

ਪਰ 2007 ਤੋਂ ਜੂਨ 2015 ਤੱਕ ਮਿਥਾਲੀ ਨੇ 67 ਵਨਡੇ ਮੈਚ ਖੇਡੇ। ਇਸ ਦੌਰਾਨ ਔਸਤਨ ਉਨ੍ਹਾਂ ਨੇ ਹਰ ਸਾਲ 8 ਵਨਡੇ ਮੈਚ ਖੇਡੇ। ਇਨ੍ਹਾਂ 8 ਸਾਲਾਂ ਵਿੱਚ ਮਿਥਾਲੀ ਨੂੰ ਮਹਿਜ਼ ਦੋ ਟੈਸਟ ਖੇਡਣ ਦਾ ਮੌਕਾ ਮਿਲਿਆ।

ਜੂਨ 2015 ਤੱਕ ਗੱਲ ਇਸ ਲਈ ਕੀਤੀ ਗਈ ਹੈ ਕਿਉਂਕਿ ਉਸੇ ਸਾਲ ਮਈ ਵਿੱਚ ਬੀਸੀਸੀਆਈ ਨੇ ਐਲਾਨ ਕੀਤਾ ਸੀ ਕਿ ਉਹ ਦੇਸ਼ ਭਰ ਵਿੱਚ ਮਹਿਲਾ ਕ੍ਰਿਕਟ ਨੂੰ ਉਤਸ਼ਾਹਿਤ ਕਰਨ ਲਈ ਮਹਿਲਾ ਕ੍ਰਿਕਟਰਾਂ ਨੂੰ ਬੋਰਡ ਕਾਨਟ੍ਰੈਕਟ ਦੇਣਗੇ।

ਪ੍ਰਸ਼ਾਸਨ ਵਿੱਚ ਤਬਦੀਲੀ ਅਤੇ ਇਸ ਐਲਾਨ ਦੇ ਵਿਚਕਾਰ 8 ਸਾਲਾਂ ਵਿੱਚ ਮਹਿਲਾ ਕ੍ਰਿਕਟਰਾਂ ਦੀ ਇੱਕ ਪੂਰੀ ਪੀੜ੍ਹੀ ਖ਼ਤਮ ਹੋ ਗਈ। ਜੇ ਇਸ ਵਿੱਚ ਕੁਝ ਬਚਿਆ ਸੀ, ਤਾਂ ਉਹ ਸੀ ਮਿਥਾਲੀ ਦੀ ਬੱਲੇਬਾਜ਼ੀ ਅਤੇ ਝੂਲਨ ਦੀ ਗੇਂਦਬਾਜ਼ੀ।

ਉਸ ਸਮੇਂ ਬਾਰੇ ਮਿਥਾਲੀ ਨੇ ਕਿਹਾ, "ਕਾਫੀ ਮੁਸ਼ਕਲ ਵੇਲਾ ਸੀ।"

"ਇਹ ਇਸ ਬਾਰੇ ਵਿੱਚ ਜ਼ਿਆਦਾ ਸੀ ਕਿ ਕਿਵੇਂ ਸਮਾਜ ਮਹਿਲਾ ਕ੍ਰਿਕਟਰਾਂ ਨੂੰ ਦੇਖਦਾ ਹੈ। ਜਦੋਂ ਮੈਂ ਸ਼ੁਰੂਆਤ ਕੀਤੀ ਸੀ ਤਾਂ ਅਜਿਹੇ ਸਵਾਲਾਂ ਨਾਲ ਵੀ ਸਾਹਮਣਾ ਹੋਇਆ ਜਿਨ੍ਹਾਂ ਵਿੱਚ ਪੁੱਛਿਆ ਜਾਂਦਾ ਸੀ ਕਿ ਕੀ ਮਹਿਲਾ ਕ੍ਰਿਕਟ ਵਰਗਾ ਕੁਝ ਹੈ ਵੀ।"

ਹੋਰਨਾਂ ਖਿਡਾਰਨਾਂ ਲਈ ਪ੍ਰੇਰਨਾ

ਮਿਥਾਲੀ ਦੀ ਸਖ਼ਤ ਮਿਹਨਤ ਰੰਗ ਲਿਆਈ ਅਤੇ 2017 ਵਿੱਚ ਉਨ੍ਹਾਂ ਦੀ ਕਪਤਾਨੀ ਹੇਠ ਭਾਰਤੀ ਮਹਿਲਾ ਕ੍ਰਿਕਟ ਟੀਮ ਇੱਕ ਰੋਜ਼ਾ ਅਤੇ ਟੀ-20 ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚੀ।

ਮਿਥਾਲੀ ਦੀ ਵਿਰਾਸਤ ਦਾ ਪ੍ਰਭਾਵ ਨੌਜਵਾਨ ਖਿਡਾਰਨਾਂ 'ਤੇ ਸਪੱਸ਼ਟ ਤੌਰ 'ਤੇ ਦਿਖਾਈ ਦਿੰਦਾ ਹੈ।

2005 ਦੇ ਇੱਕ ਰੋਜ਼ਾ ਵਿਸ਼ਵ ਕੱਪ ਸੈਮੀਫਾਈਨਲ ਵਿੱਚ ਮਿਥਾਲੀ ਦੀ 95 ਦੌੜਾਂ ਦੀ ਪਾਰੀ ਦੇਖਣ ਤੋਂ ਬਾਅਦ, ਬੱਲੇਬਾਜ਼ ਵੇਦਾ ਕ੍ਰਿਸ਼ਨਾਮੂਰਤੀ ਨੇ ਆਪਣੇ ਪਰਿਵਾਰ ਨੂੰ ਸਟੇਟ ਟ੍ਰਾਇਲਾਂ ਵਿੱਚ ਹਿੱਸਾ ਲੈਣ ਲਈ ਮਨਾਇਆ।

ਸਟੈਰ ਬੱਲੇਬਾਜ਼ ਸਮ੍ਰਿਤੀ ਮੰਧਾਨਾ ਵੀ ਮੰਨਦੇ ਹਨ, "ਜਦੋਂ ਉਨ੍ਹਾਂ ਨੇ ਕ੍ਰਿਕਟ ਨੂੰ ਚੁਣਿਆ ਤਾਂ ਹਰ ਕੋਈ ਮਿਥਾਲੀ ਵਰਗਾ ਬਣਨਾ ਚਾਹੁੰਦਾ ਸੀ।"

ਮਿਥਾਲੀ ਨੇ ਸਾਲ 2016 ਵਿੱਚ ਕਿਹਾ, "ਮੈਂ ਖੁਸ਼ਕਿਸਮਤ ਹਾਂ ਕਿ ਮੈੰ ਉਸ ਬਦਲਾਅ ਦਾ ਹਿੱਸਾ ਹਾਂ ਜੋ ਮਹਿਲਾ ਕ੍ਰਿਕਟ ਖ਼ਾਸ ਕਰ ਕੇ ਭਾਰਤ ਵਿੱਚ ਹੋ ਰਿਹਾ ਹੈ।"

"ਮੈਨੂੰ ਆਸ ਹੈ ਕਿ ਮੈਂ ਉਸ ਦਿਨ ਨੂੰ ਦੇਸ਼ ਸਕਾਂਗੀ ਜਦੋਂ ਲੋਕ ਪੁਰਸ਼ ਅਤੇ ਮਹਿਲਾ ਕ੍ਰਿਕਟ ਨੂੰ ਬਰਾਬਰ ਸਵੀਕਾਰ ਕਰਗੇ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)