ਬੀਬੀਸੀ ਇਮਰਜਿੰਗ ਪਲੇਅਰ ਆਫ ਦਿ ਈਅਰ ਸ਼ੀਤਲ ਦੇਵੀ ਦੀ ਕਹਾਣੀ, 'ਪਿੰਡ ਵਾਲੇ ਮੇਰੇ ਮਾਪਿਆਂ ਨੂੰ ਤਾਅਨੇ ਮਾਰਦੇ ਸੀ'

    • ਲੇਖਕ, ਆਯੂਸ਼ ਮਜੂਮਦਾਰ
    • ਰੋਲ, ਬੀਬੀਸੀ ਪੱਤਰਕਾਰ

ਕੀ ਤੁਸੀਂ ਸੋਚ ਸਕਦੇ ਹੋ ਕਿ ਕੋਈ ਤੀਰਅੰਦਾਜ਼ ਤੀਰਅੰਦਾਜ਼ੀ ਵਿੱਚ ਸੋਨ ਤਮਗਾ ਜਿੱਤਣ ਲਈ ਬਿਨਾਂ ਬਾਂਹਾਂ ਤੋਂ ਪ੍ਰੈਕਟਿਸ ਕਰ ਰਿਹਾ ਹੋਵੇ?

ਸ਼ੀਤਲ ਦੇਵੀ ਇੱਕ ਅਜਿਹੀ ਹੀ ਤੀਰਅੰਦਾਜ਼ ਹਨ।

ਇੱਕ ਸਿਖਲਾਈ ਅਕੈਡਮੀ ਵਿੱਚ ਹੋਰ ਤੀਰਅੰਦਾਜ਼ਾਂ ਦੇ ਉਲਟ, ਸ਼ੀਤਲ ਦੇਵੀ ਆਪਣੀ ਕੁਰਸੀ 'ਤੇ ਬੈਠਦੇ ਹਨ, ਆਪਣੇ ਕਮਾਨ 'ਤੇ ਇੱਕ ਤੀਰ ਲੋਡ ਕਰਦੇ ਹਨ ਅਤੇ ਧਿਆਨ ਨਾਲ ਤਕਰੀਬਨ 50 ਮੀਟਰ (164 ਫੁੱਟ) ਦੂਰ ਆਪਣਾ ਨਿਸ਼ਾਨਾ ਸਾਧਦੇ ਹਨ।

ਸ਼ੀਤਲ ਕੁਰਸੀ 'ਤੇ ਬੈਠਦੇ ਹਨ ਅਤੇ ਆਪਣੇ ਸੱਜੇ ਪੈਰ ਨਾਲ ਧਨੁਸ਼ ਚੁੱਕਦੇ ਹਨ ਅਤੇ ਆਪਣੇ ਸੱਜੇ ਮੋਢੇ ਦੀ ਵਰਤੋਂ ਕਰਕੇ ਤਾਰ ਨੂੰ ਪਿੱਛੇ ਖਿੱਚਦੇ ਹਨ। ਇਸ ਤੋਂ ਬਾਅਦ, ਜਬਾੜੇ ਦੀ ਤਾਕਤ ਦੀ ਵਰਤੋਂ ਕਰਦੇ ਹੋਏ, ਉਹ ਤੀਰ ਛੱਡਦੀ ਹੈ।

ਇਸ ਸਾਰੀ ਪ੍ਰਕਿਰਿਆ ਵਿੱਚ ਇੱਕ ਚੀਜ਼ ਜੋ ਕਦੇ ਨਹੀਂ ਬਦਲਦੀ ਉਹ ਹੈ ਤੀਰਅੰਦਾਜ਼ ਸ਼ੀਤਲ ਦੇਵੀ ਦਾ ਸ਼ਾਂਤ ਵਿਵਹਾਰ।

ਸ਼ੀਤਲ ਦੇਵੀ ਨੂੰ ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ ਦਿ ਈਅਰ ਐਵਾਰਡਜ਼ 2024 ਵਿੱਚ ਇਮਰਜਿੰਗ ਪਲੇਅਰ ਦਾ ਐਵਾਰਡ ਮਿਲਿਆ ਹੈ।

ਕਿਹੜੀ ਦੁਰਲੱਭ ਬਿਮਾਰੀ ਦਾ ਸ਼ਿਕਾਰ?

ਜੰਮੂ ਦੀ ਰਹਿਣ ਵਾਲੇ 17 ਸਾਲਾ ਸ਼ੀਤਲ ਫੋਕੋਮੇਵਿਆ ਨਾਂ ਦੀ ਬਹੁਤ ਹੀ ਦੁਰਲੱਭ ਬੀਮਾਰੀ ਨਾਲ ਪੈਦਾ ਹੋਏ ਸਨ।

ਇਸੇ ਲਈ ਉਹ ਬਿਨਾਂ ਬਾਹਾਂ ਦੇ ਮੁਕਾਬਲਾ ਕਰਨ ਵਾਲੀ ਦੁਨੀਆ ਦੀ ਪਹਿਲੀ ਅਤੇ ਇਕਲੌਤੀ ਸਰਗਰਮ ਮਹਿਲਾ ਤੀਰਅੰਦਾਜ਼ ਬਣ ਗਏ।

ਮਾਪਦੰਡ ਕੀ ਹਨ

ਤੀਰਅੰਦਾਜ਼ੀ ਪੈਰਾਲੰਪਿਕ ਖੇਡਾਂ ਦਾ ਹਿੱਸਾ ਸ਼ੁਰੂਆਤੀ ਦੌਰ 1960 ਤੋਂ ਹੀ ਹੈ।

ਪੈਰਾ-ਤੀਰਅੰਦਾਜ਼ਾਂ ਨੂੰ ਉਨ੍ਹਾਂ ਦੀ ਅਪਾਹਜਤਾ ਦੀ ਗੰਭੀਰਤਾ ਦੇ ਆਧਾਰ 'ਤੇ ਵੱਖ-ਵੱਖ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ। ਨਿਸ਼ਾਨੇਬਾਜ਼ੀ ਮੁਕਾਬਲਿਆਂ ਵਿੱਚ ਇਨ੍ਹਾਂ ਖਿਡਾਰੀਆਂ ਲਈ ਨਿਸ਼ਾਨੇ ਦੀ ਦੂਰੀ ਵੀ ਉਸੇ ਹਿਸਾਬ ਨਾਲ ਤੈਅ ਕੀਤੀ ਗਈ ਹੈ।

ਇਸ ਦੇ ਆਧਾਰ 'ਤੇ ਇਹ ਵੀ ਤੈਅ ਕੀਤਾ ਜਾਂਦਾ ਹੈ ਕਿ ਕੀ ਤੀਰਅੰਦਾਜ਼ ਵ੍ਹੀਲਚੇਅਰ ਅਤੇ ਹੋਰ ਸਹਾਇਕ ਯੰਤਰਾਂ ਦੀ ਵਰਤੋਂ ਕਰ ਸਕਦਾ ਹੈ ਜਾਂ ਨਹੀਂ।

ਡਬਲਯੂ1 ਸ਼੍ਰੇਣੀ ਵਿੱਚ ਮੁਕਾਬਲਾ ਕਰਨ ਵਾਲੇ ਤੀਰਅੰਦਾਜ਼ ਵ੍ਹੀਲਚੇਅਰ ਦੀ ਵਰਤੋਂ ਕਰਨ ਵਾਲੇ ਪ੍ਰਤੀਯੋਗੀ ਹੁੰਦੇ ਹਨ, ਜਿਨ੍ਹਾਂ ਦੀਆਂ ਮਾਸਪੇਸ਼ੀਆਂ ਵਿੱਚ ਤਾਕਤ ਹੈ ਪਰ ਸਰੀਰ ਦੇ ਚਾਰ ਵਿੱਚੋਂ ਘੱਟੋ-ਘੱਟ ਤਿੰਨ ਅੰਗ ਕਮਜ਼ੋਰ ਹਨ।

ਇਸ ਤੋਂ ਇਲਾਵਾ ਓਪਨ ਕੈਟਾਗਰੀ ਵਿੱਚ ਉਹ ਖਿਡਾਰੀ ਆਉਂਦੇ ਹਨ ਜੋ ਸਰੀਰ ਦੇ ਓਪਰਲੇ, ਹੇਠਲੇ ਜਾਂ ਕਿਸੇ ਇੱਕ ਪਾਸੇ ਕਿਸੇ ਤਰ੍ਹਾਂ ਦੀ ਸਮੱਸਿਆ ਦੇ ਨਾਲ-ਨਾਲ ਵ੍ਹੀਲਚੇਅਰ ਦੀ ਵਰਤੋਂ ਕਰਦੇ ਹੋਣ ਜਾਂ ਸੰਤੁਲਨ ਦੀ ਘਾਟ ਕਾਰਨ, ਉਹ ਖੜ੍ਹੇ ਨਾ ਹੋ ਕੇ ਸਕਦੇ ਹਨ ਜਾਂ ਸਟੂਲ ਦਾ ਸਹਾਰਾ ਲੈ ਸਕਦੇ ਹਨ।

ਅਜਿਹੇ ਮਾਮਲਿਆਂ ਵਿੱਚ, ਪ੍ਰਤੀਯੋਗੀ ਮੁਕਾਬਲੇ 'ਤੇ ਨਿਰਭਰ ਕਰਦੇ ਹੋਏ, ਰਿਕਰਵ ਜਾਂ ਫ਼ਿਰ ਕੰਪਾਉਂਡ ਤੀਰਾਂ ਦੀ ਵਰਤੋਂ ਕਰਦੇ ਹਨ। ਇਸ ਸਮੇਂ ਸ਼ੀਤਲ ਦੇਵੀ ਕੰਪਾਉਂਡ ਓਪਨ ਮਹਿਲਾ ਵਰਗ ਵਿੱਚ ਤੀਰਅੰਦਾਜ਼ੀ ਵਿੱਚ ਪੂਰੀ ਦੁਨੀਆ ਵਿੱਚ ਪਹਿਲੇ ਸਥਾਨ 'ਤੇ ਹੈ।

ਉਨ੍ਹਾਂ ਨੇ 2023 ਪੈਰਾ ਤੀਰਅੰਦਾਜ਼ੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗਾ ਜਿੱਤਿਆ, ਜਿਸ ਦੀ ਮਦਦ ਨਾਲ ਉਨ੍ਹਾਂ ਨੇ ਪੈਰਿਸ ਲਈ ਕੁਆਲੀਫਾਈ ਕੀਤਾ।

ਪੈਰਿਸ ਓਲੰਪਿਕ 'ਚ ਉਨ੍ਹਾਂ ਨੇ ਕਾਂਸੀ ਦਾ ਤਗਮਾ ਜਿੱਤਿਆ ਸੀ।

ਸ਼ੀਤਲ ਦੇਵੀ ਦੇ ਦੋ ਰਾਸ਼ਟਰੀ ਕੋਚਾਂ ਵਿੱਚੋਂ ਇੱਕ ਅਭਿਲਾਸ਼ਾ ਚੌਧਰੀ ਦਾ ਕਹਿਣਾ ਹੈ, "ਸ਼ੀਤਲ ਨੇ ਤੀਰਅੰਦਾਜ਼ੀ ਨਹੀਂ ਸਗੋਂ ਤੀਰਅੰਦਾਜ਼ੀ ਨੇ ਸ਼ੀਤਲ ਨੂੰ ਚੁਣਿਆ ਹੈ।"

ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ ਕਿਸਾਨ ਪਰਿਵਾਰ ਵਿੱਚ ਜਨਮੀ ਸ਼ੀਤਲ ਨੇ 15 ਸਾਲ ਦੀ ਉਮਰ ਤੱਕ ਤੀਰ-ਕਮਾਨ ਨਹੀਂ ਦੇਖਿਆ ਸੀ।

ਉਨ੍ਹਾਂ ਦੀ ਜ਼ਿੰਦਗੀ ਵਿੱਚ ਇੱਕ ਮਹੱਤਵਪੂਰਨ ਮੋੜ 2022 ਵਿੱਚ ਆਇਆ, ਜਦੋਂ ਉਹ ਇੱਕ ਹੋਰ ਕੋਚ, ਕੁਲਦੀਪ ਵੇਦਵਾਨ ਨੂੰ ਮਿਲੇ, ਜਿਨ੍ਹਾਂ ਨੇ ਸ਼ੀਤਲ ਨੂੰ ਤੀਰਅੰਦਾਜ਼ੀ ਦੀ ਦੁਨੀਆ ਨਾਲ ਮਿਲਵਾਇਆ।

ਉਹ ਜੰਮੂ ਦੇ ਕਟੜਾ ਵਿੱਚ ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਸਪੋਰਟਸ ਕੰਪਲੈਕਸ ਦੇ ਦੌਰੇ ਦੌਰਾਨ ਇੱਕ ਜਾਣਕਾਰ ਦੀ ਸਿਫਾਰਿਸ਼ 'ਤੇ ਕੋਚ ਕੁਲਦੀਪ ਵੇਦਵਾਨ ਨੂੰ ਮਿਲੇ ਸਨ ਅਤੇ ਇਸ ਤੋਂ ਬਾਅਦ, ਉਹ ਜਲਦ ਹੀ ਕਟੜਾ ਸ਼ਹਿਰ ਵਿੱਚ ਇੱਕ ਸਿਖਲਾਈ ਕੈਂਪ ਵਿੱਚ ਸ਼ਿਫਟ ਹੋ ਗਏ, ਜਿੱਥੇ ਸ਼ੀਤਲ ਦੇ ਕੋਚ ਉਨ੍ਹਾਂ ਦੇ ਸਬਰ ਤੋਂ ਬਹੁਤ ਪ੍ਰਭਾਵਿਤ ਹੋਏ।

ਸ਼ੀਤਲ ਦੀ ਕੋਚਿੰਗ ਹੈ

ਚੁਣੌਤੀ ਬਹੁਤ ਵੱਡੀ ਸੀ ਪਰ ਸ਼ੀਤਲ ਦੇ ਕੋਚ ਦਾ ਟੀਚਾ ਉਨ੍ਹਾਂ ਦੀਆਂ ਲੱਤਾਂ ਅਤੇ ਉਪਰਲੇ ਸਰੀਰ ਦੀ ਤਾਕਤ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਕੋਸ਼ਿਸ਼ ਕਰਨਾ ਸੀ, ਜਿਸ ਵਿੱਚ ਉਹ ਆਖਰਕਾਰ ਸਫ਼ਲ ਹੋਏ।

ਸ਼ੀਤਲ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਦੋਸਤਾਂ ਨਾਲ ਲਿਖਣ ਅਤੇ ਰੁੱਖਾਂ 'ਤੇ ਚੜ੍ਹਨ ਵਰਗੀਆਂ ਜ਼ਿਆਦਾਤਰ ਗਤੀਵਿਧੀਆਂ ਲਈ ਆਪਣੀਆਂ ਲੱਤਾਂ ਦੀ ਵਰਤੋਂ ਕਰਕੇ ਤਾਕਤ ਪ੍ਰਾਪਤ ਕੀਤੀ।

ਅਜਿਹੇ 'ਚ ਤੀਰਅੰਦਾਜ਼ੀ 'ਚ ਕਰੀਅਰ ਬਣਾਉਣ ਬਾਰੇ ਸੋਚਣਾ ਕੋਈ ਅਣਕਿਆਸੀ ਗੱਲ ਨਹੀਂ ਸੀ ਪਰ ਉਹ ਕਹਿੰਦੇ ਹਨ, "ਮੇਰੀਆਂ ਲੱਤਾਂ ਵਿੱਚ ਤੇਜ਼ ਦਰਦ ਕਾਰਨ, ਮੈਂ ਵੀ ਸੋਚਿਆ ਕਿ ਇਹ ਅਸੰਭਵ ਸੀ ਪਰ ਕਿਸੇ ਤਰ੍ਹਾਂ ਮੈਂ ਇਹ ਕਰ ਦਿੱਤਾ।"

ਜਦੋਂ ਵੀ ਸ਼ੀਤਲ ਨਿਰਾਸ਼ ਮਹਿਸੂਸ ਕਰਦੇ ਸਨ ਉਸ਼ ਸਮੇਂ ਉਹ ਅਮਰੀਕੀ ਤੀਰਅੰਦਾਜ਼ ਮੈਟ ਸਟੁਟਜ਼ਮੈਨ ਤੋਂ ਪ੍ਰੇਰਣਾ ਲੈਂਦੇ ਸਨ, ਜੋ ਖ਼ੁਦ ਇੱਕ ਅਨੁਕੂਲ ਉਪਕਰਣ ਦੀ ਵਰਤੋਂ ਕਰਕੇ ਆਪਣੀਆਂ ਲੱਤਾਂ ਨਾਲ ਨਿਸ਼ਾਨੇਬਾਜ਼ੀ ਕਰਦੇ ਹਨ।

ਪਰ ਸ਼ੀਤਲ ਦਾ ਪਰਿਵਾਰ ਅਜਿਹੀ ਮਸ਼ੀਨ ਦਾ ਖ਼ਰਚਾ ਚੁੱਕਣ ਦੇ ਅਸਮਰੱਥ ਸੀ। ਇਸ ਲਈ ਉਨ੍ਹਾਂ ਦੇ ਕੋਚ ਵੇਦਵਾਨ ਨੇ ਸ਼ੀਤਲ ਲਈ ਧਨੁਸ਼ ਬਣਾਉਣ ਦਾ ਕੰਮ ਲਿਆ।

ਉਨ੍ਹਾਂ ਨੇ ਸਥਾਨਕ ਤੌਰ 'ਤੇ ਉਪਲਬਧ ਸਮੱਗਰੀ ਦੀ ਵਰਤੋਂ ਕੀਤੀ ਅਤੇ ਸਥਾਨਕ ਦੁਕਾਨਾਂ 'ਤੇ ਮੌਜੂਦ ਸਮਾਨ ਦੀ ਵਰਤੋਂ ਨਾਲ ਸ਼ੀਤਲ ਦੀਆਂ ਲੋੜਾਂ ਮੁਤਾਬਕ ਇਸ ਨੂੰ ਸੋਧਿਆ।

ਉਸ ਕਿੱਟ ਵਿੱਚ ਬੈਗ ਬੈਲਟ ਵਿੱਚ ਵਰਤੀ ਜਾਂਦੀ ਸਮਾਨ ਸਮੱਗਰੀ ਦੀ ਬਣੀ ਇੱਕ ਉੱਪਰੀ ਬਾਡੀ ਪੱਟੀ ਅਤੇ ਇੱਕ ਛੋਟਾ ਜਿਹਾ ਯੰਤਰ ਸ਼ਾਮਲ ਹੈ ਜੋ ਤੀਰ ਛੱਡਣ ਵਿੱਚ ਮਦਦ ਲਈ ਸ਼ੀਤਲ ਆਪਣੇ ਮੂੰਹ ਵਿੱਚ ਰੱਖਦੇ ਹਨ।

ਕੋਚ ਚੌਧਰੀ ਦੱਸਦੇ ਹਨ, "ਅਸੀਂ ਇਹ ਪਲਾਨ ਕਰਨਾ ਸੀ ਕਿ ਸ਼ੀਤਲ ਦੀਆਂ ਲੱਤਾਂ ਵਿੱਚ ਤਾਕਤ ਨੂੰ ਕਿਵੇਂ ਸੰਤੁਲਿਤ ਕਰਨਾ ਹੈ ਅਤੇ ਤਕਨੀਕੀ ਤੌਰ 'ਤੇ ਇਸਦਾ ਉਪਯੋਗ ਕਿਵੇਂ ਕਰਨਾ ਹੈ। ਸ਼ੀਤਲ ਦੀਆਂ ਲੱਤਾਂ ਮਜ਼ਬੂਤ ਹਨ ਪਰ ਸਾਨੂੰ ਇਹ ਪਤਾ ਲਗਾਉਣਾ ਪਿਆ ਕਿ ਉਹ ਸ਼ੂਟਿੰਗ ਲਈ ਆਪਣੀ ਪਿੱਠ ਦੀ ਵਰਤੋਂ ਕਿਵੇਂ ਕਰੇਗੀ।"

ਆਤਮ-ਵਿਸ਼ਵਾਸ ਵਧਿਆ

ਇਸਦੇ ਲਈ, ਤਿੰਨਾਂ ਨੇ ਇੱਕ ਅਨੁਕੂਲਿਤ ਸਿਖਲਾਈ ਰੁਟੀਨ ਤਿਆਰ ਕੀਤਾ, ਜਿਸ ਦੇ ਤਹਿਤ ਸ਼ੀਤਲ ਧਨੁਸ਼ ਦੀ ਬਜਾਇ ਰਬੜ ਬੈਂਡ ਜਾਂ ਥੈਰਾਬੈਂਡ ਦੀ ਵਰਤੋਂ ਕਰਕੇ ਸਿਰਫ ਪੰਜ ਮੀਟਰ ਦੀ ਦੂਰੀ 'ਤੇ ਰੱਖੇ ਗਏ ਟੀਚਿਆਂ 'ਤੇ ਨਿਸ਼ਾਨਾ ਸਾਧਦੇ ਸਕਣ।

ਉਨ੍ਹਾਂ ਦਾ ਆਤਮਵਿਸ਼ਵਾਸ ਵਧਿਆ ਅਤੇ ਨਤੀਜੇ ਵਜੋਂ, ਪਹਿਲੇ ਚਾਰ ਮਹੀਨਿਆਂ ਦੇ ਅੰਦਰ ਹੀ ਸ਼ੀਤਲ ਨੇ 50 ਮੀਟਰ ਦੀ ਦੂਰੀ 'ਤੇ ਨਿਸ਼ਾਨੇ ਨੂੰ ਮਾਰਨ ਲਈ ਸਹੀ ਕਮਾਨ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ।

ਇਹ ਕੰਪਾਊਂਡ ਓਪਣ ਸ਼੍ਰੇਣੀ ਲਈ ਮੁਕਾਬਲਿਆਂ ਦੇ ਮਾਪਦੰਡ ਹੋਣ ਕਾਰਨ ਅਹਿਮ ਹੈ।

ਦੋ ਸਾਲਾਂ ਦੇ ਅੰਦਰ, ਸ਼ੀਤਲ ਨੇ 2023 ਏਸ਼ੀਅਨ ਪੈਰਾ ਖੇਡਾਂ ਵਿੱਚ ਔਰਤਾਂ ਦੇ ਵਿਅਕਤੀਗਤ ਕੰਪਾਊਂਡ ਮੁਕਾਬਲੇ ਦੇ ਫ਼ਾਈਨਲ ਵਿੱਚ ਲਗਾਤਾਰ ਛੇ ਅਤੇ 10 ਵਾਰ ਹਿਟ ਕਰਨ ਲਈ ਛੋਟੀ ਦੂਰੀ ਦੇ ਤੀਰ ਚਲਾਉਣੇ ਸਿੱਖੇ ਅਤੇ ਸੋਨ ਤਮਗਾ ਆਪਣੇ ਨਾਂ ਕਰ ਲਿਆ।

ਇੱਥੇ ਇਹ ਜਾਣਨਾ ਮਹੱਤਵਪੂਰਨ ਹੈ ਕਿ 10 ਅੰਕ ਹਾਸਿਲ ਕਰਨਾ ਵੱਧ ਤੋਂ ਵੱਧ ਸੰਖਿਆ ਹੈ ਜੋ ਇੱਕ ਖਿਡਾਰੀ ਨਿਸ਼ਾਨੇ ਵਾਲੇ ਬੋਰਡ 'ਤੇ ਬੁੱਲਸਾਈ ਹਿੱਟ ਕਰਕੇ ਜਿੱਤ ਸਕਦਾ ਹੈ।

ਸ਼ੀਤਲ ਕਹਿੰਦੇ ਹਨ, "ਜਦੋਂ ਮੈਂ ਨੌਵਾਂ ਸ਼ੂਟ ਕਰ ਰਹੀ ਹੁੰਦੀ ਹਾਂ, ਤਾਂ ਮੈਂ ਸਿਰਫ ਇਸ ਬਾਰੇ ਸੋਚਦੀ ਹਾਂ ਕਿ ਮੈਂ ਅਗਲੇ ਸ਼ੂਟ 'ਤੇ ਇਸਨੂੰ 10 ਵਿੱਚ ਕਿਵੇਂ ਬਦਲ ਸਕਦੀ ਹਾਂ।"

ਉਹ ਇੱਥੇ ਤੱਕ ਮਿਹਨਤ ਨਾਲ ਹੀ ਨਹੀਂ ਪਹੁੰਚੇ ਬਲਕਿ ਉਨ੍ਹਾਂ ਨੂੰ ਬਹੁਤ ਕੁਰਬਾਨੀਆਂ ਕਰਨੀਆਂ ਪਈਆਂ ਹਨ।

ਸ਼ੀਤਲ ਦਾ ਕਹਿਣਾ ਹੈ ਕਿ ਦੋ ਸਾਲ ਪਹਿਲਾਂ ਜਦੋਂ ਤੋਂ ਉਹ ਕਟੜਾ ਟ੍ਰੇਨਿੰਗ ਲਈ ਆਈ ਸੀ, ਉਦੋਂ ਤੋਂ ਉਹ ਇੱਕ ਵਾਰ ਵੀ ਘਰ ਨਹੀਂ ਗਈ ਸੀ।

ਮਤਲਬ ਉਹ ਹਰ ਤਰ੍ਹਾਂ ਨਾਲ ਆਪਣਾ ਸਰਵੋਤਮ ਪ੍ਰਦਰਸ਼ਨ ਦੇਣ ਲਈ ਦ੍ਰਿੜ ਹਨ।

ਉਹ ਕਹਿੰਦੇ ਹਨ, "ਮੇਰਾ ਮੰਨਣਾ ਹੈ ਕਿ ਕਿਸੇ ਲਈ ਵੀ ਕੋਈ ਸੀਮਾਵਾਂ ਨਹੀਂ ਹਨ, ਇਹ ਸਿਰਫ਼ ਕੁਝ ਕਰਨ ਦੀ ਇੱਛਾ ਅਤੇ ਮਿਹਨਤ ਉੱਤੇ ਨਿਰਭਰ ਹੈ। ਜੇ ਮੈਂ ਕਰ ਸਕਦੀ ਹਾਂ ਤਾਂ ਕੋਈ ਹੋਰ ਵੀ ਕਰ ਸਕਦਾ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)