You’re viewing a text-only version of this website that uses less data. View the main version of the website including all images and videos.
ਜਦੋਂ ਮਨੂ ਭਾਕਰ ਨੇ ਸ਼ੂਟਿੰਗ ਛੱਡਣ ਦਾ ਫ਼ੈਸਲਾ ਲੈ ਲਿਆ ਸੀ ਪਰ ਫਿਰ ਕਿਵੇਂ ਉਹ ਮੁੜ ਖੜ੍ਹੇ ਹੋਏ
- ਲੇਖਕ, ਸੌਰਭ ਦੁੱਗਲ
- ਰੋਲ, ਖੇਡ ਪੱਤਰਕਾਰ
'ਮੈਂ ਫਿਰ ਖੜ੍ਹੀ ਹਾਂ': ਹਰ ਵਾਰ ਆਪਣਾ ਬਿਹਤਰ ਦੇਣ ਦਾ ਯਤਨ ਕਰਨ ਵਾਲੀ ਮਨੂ ਭਾਕਰ ਦੀ ਕਹਾਣੀ
ਮਨੂ ਭਾਕਰ ਨੂੰ ਬੀਬੀਸੀ ਇੰਡੀਅਨ ਸਪੋਰਟਸਵੂਮੈਨ ਆਫ ਦਿ ਈਅਰ 2024 ਚੁਣਿਆ ਗਿਆ ਹੈ। ਉਨ੍ਹਾਂ ਨੂੰ ਇਹ ਪੁਰਸਕਾਰ 17 ਫਰਵਰੀ ਨੂੰ ਦਿੱਲੀ ਵਿੱਚ ਹੋਏ ਇੱਕ ਸਮਾਗਮ ਵਿੱਚ ਦਿੱਤਾ ਗਿਆ।
ਮਨੂ ਨੇ ਪੈਰਿਸ ਓਲੰਪਿਕ ਵਿੱਚ ਦੋ ਤਗਮੇ ਜਿੱਤ ਕੇ ਲੱਖਾਂ ਖੇਡ ਪ੍ਰੇਮੀਆਂ ਦਾ ਦਿਲ ਜਿੱਤ ਲਿਆ ਸੀ।
ਜਦੋਂ ਮਨੂ ਭਾਕਰ ਨੇ ਪੈਰਿਸ ਓਲੰਪਿਕ 2024 ਵਿੱਚ ਦੋ ਕਾਂਸੀ ਦੇ ਤਗਮੇ ਜਿੱਤੇ, ਤਾਂ ਉਹ ਇੱਕੋ ਓਲੰਪਿਕ ਵਿੱਚ ਦੋ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਐਥਲੀਟ ਬਣ ਗਏ ਸਨ।
ਇਹ ਰਿਕਾਰਡ ਬੁੱਕਸ ਲਈ ਇੱਕ ਸ਼ਾਨਦਾਰ ਪ੍ਰਾਪਤੀ ਹੈ। ਪਰ ਰਿਕਾਰਡ ਬੁੱਕਸ ਦਾ ਛਲਾਵਾ ਇਹ ਹੈ ਕਿ ਉਹ ਅਕਸਰ ਮਹੱਤਵਪੂਰਨ ਵੇਰਵਿਆਂ ਨੂੰ ਗਾਇਬ ਕਰ ਦਿੰਦੇ ਹਨ।
ਪੈਰਿਸ 2024 ਦੇ ਸੰਦਰਭ ਵਿੱਚ ਮਨੂ ਦੇ ਕਰੀਅਰ ਦਾ ਜ਼ਿਕਰ ਕਰਨਾ ਟੋਕੀਓ 2020 ਓਲੰਪਿਕ ਦਾ ਜ਼ਿਕਰ ਕੀਤੇ ਬਿਨਾਂ ਅਧੂਰਾ ਹੋਵੇਗਾ। ਟੋਕੀਓ ਦਾ ਪ੍ਰਦਰਸ਼ਨ ਮਨੂ ਦੇ ਕਰੀਅਰ ਦਾ ਸਭ ਤੋਂ ਹੇਠਲੇ ਪੱਧਰ ਦਾ ਸੀ।
ਮਨੂ ਟੋਕੀਓ ਖੇਡਾਂ ਵਿੱਚ ਭਾਰਤ ਲਈ ਤਗਮੇ ਦੀ ਉਮੀਦ ਨਾਲ ਪਹੁੰਚੀ ਸੀ।
ਮਨੂ ਨੇ 2018 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ ਸੀ। ਉਸੇ ਸਾਲ, ਮਨੂ ਯੂਥ ਓਲੰਪਿਕ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਿੱਚ ਕਾਮਯਾਬ ਰਹੀ।
2021 ਤੱਕ, ਮਨੂ ਨੇ ਸ਼ੂਟਿੰਗ ਵਿਸ਼ਵ ਕੱਪ ਦੇ ਕਈ ਮੁਕਾਬਲਿਆਂ ਵਿੱਚ ਨੌਂ ਸੋਨੇ ਅਤੇ ਦੋ ਚਾਂਦੀ ਦੇ ਤਗਮੇ ਜਿੱਤੇ ਸਨ।
ਪਰ ਮਨੂ ਟੋਕੀਓ ਵਿੱਚ ਭਾਗ ਲੈਣ ਵਾਲੇ ਤਿੰਨ ਮੁਕਾਬਲਿਆਂ ਦੇ ਕੁਆਲੀਫਾਈਂਗ ਰਾਊਂਡ ਵੀ ਪਾਰ ਨਹੀਂ ਕਰ ਸਕੇ।
ਮਨੂ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਸਿਰਫ਼ ਦੋ ਅੰਕਾਂ ਦੇ ਫਰਕ ਨਾਲ ਕੁਆਲੀਫਾਈ ਕਰਨ ਵਿੱਚ ਅਸਫ਼ਲ ਰਹੇ।
ਇਸ ਤੋਂ ਬਾਅਦ ਆਲੋਚਨਾ ਹੋਈ ਪਰ ਮਨੂ ਨੇ ਪਹਿਲਾਂ ਨਾਲੋਂ ਵੀ ਮਜ਼ਬੂਤ ਹੋ ਕੇ ਵਾਪਸੀ ਕੀਤੀ।
ਸ਼ੁਰੂਆਤ ਕਿੱਥੋਂ ਹੋਈ ਸੀ
ਮਨੂ ਹਮੇਸ਼ਾ ਤੋਂ ਇੱਕ ਕੁਦਰਤੀ ਖਿਡਾਰਨ ਰਹੇ ਹਨ। ਸਕੂਲ ਵਿੱਚ, ਮਨੂ ਨੇ ਮੁੱਕੇਬਾਜ਼ੀ, ਐਥਲੈਟਿਕਸ, ਕਬੱਡੀ ਅਤੇ ਸਕੇਟਿੰਗ ਵਰਗੀਆਂ ਖੇਡਾਂ ਖੇਡੀਆਂ ਅਤੇ ਤਗਮੇ ਜਿੱਤੇ ਸਨ।
ਇਸ ਤੋਂ ਬਾਅਦ, ਮਨੂ ਨੇ ਕਰਾਟੇ ਵੀ ਖੇਡੇ ਅਤੇ ਉਸ ਵਿੱਚ ਵੀ ਰਾਸ਼ਟਰੀ ਪੱਧਰ 'ਤੇ ਤਗਮਾ ਜਿੱਤਿਆ।
ਸਾਲ 2016 ਵਿੱਚ, ਜਦੋਂ ਮਨੂ ਦਸਵੀਂ ਜਮਾਤ ਵਿੱਚ ਸਨ ਤਾਂ ਉਨ੍ਹਾਂ ਨੇ ਸ਼ੂਟਿੰਗ ਨੂੰ ਬਹੁਤ ਗੰਭੀਰਤਾ ਨਾਲ ਲਿਆ।
ਮਨੂ ਨੂੰ ਇਹ ਖੇਡ ਆਪਣੇ ਪਿਤਾ ਤੋਂ ਵਿਰਾਸਤ ਵਿੱਚ ਮਿਲੀ ਸੀ। ਮਨੂ ਦੇ ਪਿਤਾ ਨੂੰ ਸ਼ੂਟਿੰਗ ਬਾਰੇ 2007-08 ਵਿੱਚ ਪਤਾ ਲੱਗਾ ਜਦੋਂ ਉਹ ਇੰਗਲੈਂਡ ਵਿੱਚ ਮਰੀਨ ਇੰਜੀਨੀਅਰਿੰਗ ਦਾ ਕੋਰਸ ਕਰ ਰਹੇ ਸਨ।
ਰਾਮ ਕਿਸ਼ਨ ਭਾਕਰ ਕਹਿੰਦੇ ਹਨ, "ਜਦੋਂ ਵੀ ਮਰੀਨ ਅਕੈਡਮੀ ਦੇ ਕੁਝ ਇੰਜੀਨੀਅਰ ਉਦਾਸ ਮਹਿਸੂਸ ਕਰਦੇ ਸਨ, ਉਹ ਸ਼ੂਟਿੰਗ ਰੇਂਜ ਵਿੱਚ ਜਾਂਦੇ ਸਨ। ਉਹ ਆਪਣੇ ਗੁੱਸੇ ਨੂੰ ਸ਼ਾਂਤ ਕਰਨ ਲਈ ਖੇਡ ਦੀ ਵਰਤੋਂ ਕਰਦੇ ਸਨ।"
"ਮੈਂ ਇਸ ਵਿਚਾਰ ਵੱਲ ਆਕਰਸ਼ਿਤ ਹੋਇਆ ਅਤੇ ਸੋਚਿਆ ਕਿ ਇਹ ਸਕਾਰਾਤਮਕ ਊਰਜਾ ਫੈਲਾਉਣ ਦਾ ਇੱਕ ਵਧੀਆ ਤਰੀਕਾ ਹੈ।"
ਇੰਗਲੈਂਡ ਤੋਂ ਵਾਪਸ ਆਉਣ ਤੋਂ ਬਾਅਦ, ਕਿਸ਼ਨ ਭਾਕਰ ਨੇ ਹਰਿਆਣਾ ਦੇ ਝੱਜਰ ਜ਼ਿਲ੍ਹੇ ਵਿੱਚ ਆਪਣੇ ਪਰਿਵਾਰ ਵੱਲੋਂ ਚਲਾਏ ਜਾ ਰਹੇ ਸਕੂਲ ਦੇ ਬੱਚਿਆਂ ਦੀ ਪਛਾਣ ਨਿਸ਼ਾਨੇਬਾਜ਼ੀ ਦੀ ਖੇਡ ਨਾਲ ਕਰਵਾਈ।
ਪੇਸ਼ੇਵਰ ਸ਼ੂਟਿੰਗ ਸ਼ੁਰੂ ਕਰਨ ਤੋਂ ਸਿਰਫ਼ ਦੋ ਸਾਲ ਬਾਅਦ, ਮਨੂ ਨੇ ਭਾਰਤੀ ਸੀਨੀਅਰ ਟੀਮ ਲਈ ਆਪਣਾ ਡੈਬਿਊ ਕੀਤਾ ਅਤੇ 2018 ਵਿੱਚ, ਉਹ ਰਾਸ਼ਟਰਮੰਡਲ ਖੇਡਾਂ ਵਿੱਚ ਪਹੁੰਚੇ।
ਉਨ੍ਹਾਂ ਨੇ ਰਾਸ਼ਟਰਮੰਡਲ ਖੇਡਾਂ ਵਿੱਚ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਿਆ।
ਇਸ ਤੋਂ ਬਾਅਦ, ਉਹ ਟੋਕੀਓ ਓਲੰਪਿਕ ਤੱਕ ਅੱਗੇ ਵਧਦੇ ਰਹੇ।
ਮਨੂ ਭਾਕਰ ਡਟੇ ਰਹੇ
ਜਦੋਂ ਮਨੂ ਟੋਕੀਓ ਪਹੁੰਚੇ ਤਾਂ ਉਹ ਔਰਤਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲਿਆਂ ਵਿੱਚ ਦੂਜੇ ਸਥਾਨ 'ਤੇ ਸਨ।
ਵਿਸ਼ਵ ਪੱਧਰੀ ਮੁਕਾਬਲਿਆਂ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਕਾਰਨ, ਉਹ ਤਿੰਨ ਓਲੰਪਿਕ ਮੁਕਾਬਲਿਆਂ ਲਈ ਕੁਆਲੀਫਾਈ ਕਰਨ ਵਾਲੀ ਇਕਲੌਤੀ ਭਾਰਤੀ ਨਿਸ਼ਾਨੇਬਾਜ਼ ਸਨ।
ਓਲੰਪਿਕ ਤੋਂ ਬਾਅਦ ਇੱਕ ਇੰਟਰਵਿਊ ਵਿੱਚ, ਉਨ੍ਹਾਂ ਨੇ ਮੰਨਿਆ ਕਿ ਵੱਡੇ ਮੰਚ ਦੇ ਦਬਾਅ ਨੇ ਉਨ੍ਹਾਂ ਉੱਤੇ ਆਪਣਾ ਪ੍ਰਭਾਵ ਪਾਇਆ।
ਇੰਡੀਅਨ ਐਕਸਪ੍ਰੈਸ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਉਨ੍ਹਾਂ ਨੇ ਕਿਹਾ, "ਪਹਿਲੀ ਵਾਰ ਮੈਨੂੰ ਇੰਨਾ ਦਬਾਅ ਮਹਿਸੂਸ ਹੋਇਆ। ਮੈਂ ਪੂਰੀ ਰਾਤ ਸੌਂ ਨਹੀਂ ਸਕੀ। ਸਾਰਾ ਦਿਨ ਘਬਰਾਹਟ ਅਤੇ ਚਿੰਤਾ ਵਿੱਚ ਬਿਤਾਇਆ।"
ਹਾਲਾਤ ਉਦੋਂ ਵਿਗੜ ਗਏ ਜਦੋਂ 10 ਮੀਟਰ ਏਅਰ ਪਿਸਟਲ ਮੁਕਾਬਲੇ ਦੇ ਕੁਆਲੀਫਾਈਂਗ ਦੌਰ ਵਿੱਚ ਉਨ੍ਹਾਂ ਦੀ ਪਿਸਟਲ ਵਿੱਚ ਤਕਨੀਕੀ ਖ਼ਰਾਬੀ ਆ ਗਈ।
ਮਨੂ ਇਸ ਸਭ ਤੋਂ ਬਹੁਤ ਪ੍ਰਭਾਵਿਤ ਹੋਈ ਅਤੇ ਉਨ੍ਹਾਂ ਨੇ ਸ਼ੂਟਿੰਗ ਛੱਡਣ ਦਾ ਫ਼ੈਸਲਾ ਕੀਤਾ। ਇੱਕ ਹੋਰ ਇੰਟਰਵਿਊ ਵਿੱਚ ਉਨ੍ਹਾਂ ਨੇ ਕਿਹਾ, "ਖੇਡ ਮੈਨੂੰ 9 ਤੋਂ 5 ਦੀ ਨੌਕਰੀ ਵਾਂਗ ਮਹਿਸੂਸ ਹੋਣ ਲੱਗੀ।"
ਹਾਲਾਂਕਿ, 2023 ਵਿੱਚ ਦੋ ਸਾਲਾਂ ਬਾਅਦ ਕੋਚ ਜਸਪਾਲ ਰਾਣਾ ਨਾਲ ਉਹ ਮੁੜ ਮਿਲੇ ਅਤੇ ਉਨ੍ਹਾਂ ਲਈ ਇਹ ਇੱਕ ਮੋੜ ਸਾਬਤ ਹੋਇਆ। ਮਨੂ ਨੇ 2023 ਦੀਆਂ ਏਸ਼ੀਆਈ ਖੇਡਾਂ ਵਿੱਚ ਵਾਪਸੀ ਕੀਤੀ ਅਤੇ 25 ਮੀਟਰ ਪਿਸਟਲ ਟੀਮ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਿਆ।
ਏਸ਼ੀਅਨ ਖੇਡਾਂ ਤੋਂ ਬਾਅਦ ਆਪਣੇ ਕਾਲਜ ਵਿੱਚ ਇੱਕ ਸਨਮਾਨ ਸਮਾਗਮ ਵਿੱਚ ਆਪਣੀ ਵਾਪਸੀ ਬਾਰੇ ਬੋਲਦਿਆਂ, ਮਨੂ ਨੇ ਕਿਹਾ, "ਜਦੋਂ ਤੁਸੀਂ ਨਿਰਾਸ਼ ਹੁੰਦੇ ਹੋ, ਤਾਂ ਤੁਹਾਨੂੰ ਹਾਰ ਨਹੀਂ ਮੰਨਣੀ ਚਾਹੀਦੀ। ਤੁਹਾਨੂੰ ਸਫ਼ਲਤਾ ਹਾਸਿਲ ਕਰਨ ਲਈ ਸਖ਼ਤ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ।"
ʻਮੈਂ ਫਿਰ ਉੱਠ ਖੜ੍ਹੀ ਹੁੰਦੀ ਹਾਂʼ
"ਜੋ ਵਿਗੜੇ ਹੋਏ ਅਤੇ ਕੌੜੇ ਝੂਠ ਹਨ ਤੁਹਾਡੇ ਕੋਲ ਹਨ, ਬਿਨਾਂ ਸ਼ੱਕ ਤੁਸੀਂ ਉਨ੍ਹਾਂ ਨੂੰ ਗ਼ਲਤ ਦਰਜ ਕਰੋਗੇ ਮੇਰਾ ਇਤਿਹਾਸ, ਧੂ ਵਿੱਚ ਮਿਲਾ ਸਕਦੇ ਹੋ ਤੁਸੀਂ ਮੈਨੂੰ, ਪਰ ਮੈਂ ਉਸੇ ਧੂਲ ਵਿੱਚੋਂ ਇੱਕ ਵਾਰ ਮੁੜ ਖੜ੍ਹੀ ਹੋਵਾਂਗੀ।"
ਟੋਕੀਓ ਤੋਂ ਬਾਅਦ ਮਨੂ ਭਾਕਰ ਨੇ ਨਾਗਰਿਕ ਅਧਿਕਾਰ ਕਾਰਕੁਨ ਮਾਇਆ ਐਂਜਲੋ ਦੀ ਇੱਕ ਕਵਿਤਾ ਦੀਆਂ ਇਨ੍ਹਾਂ ਸਤਰਾਂ ਤੋਂ ਪ੍ਰੇਰਨਾ ਲਈ।
ਆਪਣੇ ਆਪ ਨੂੰ ਪ੍ਰੇਰਿਤ ਰੱਖਣ ਲਈ, ਉਨ੍ਹਾਂ ਨੇ ਆਪਣੀ ਗਰਦਨ ਦੇ ਪਿਛਲੇ ਪਾਸੇ 'ਸਟਿਲ ਆਈ ਰਾਈਜ਼' ਦਾ ਟੈਟੂ ਵੀ ਬਣਵਾਇਆ ਹੈ।
ਵਾਪਸੀ ਬਾਰੇ ਗੱਲ ਕਰਦੇ ਹੋਏ, ਮਨੂ ਨੇ ਕਿਹਾ, "ਸਫ਼ਲਤਾ ਅਤੇ ਅਸਫ਼ਲਤਾ ਇੱਕ ਖਿਡਾਰੀ ਦੇ ਜੀਵਨ ਦਾ ਹਿੱਸਾ ਹਨ। ਮਾਅਨੇ ਰੱਖਦਾ ਇਹ ਹੈ ਕਿ ਤੁਸੀਂ ਝਟਕੇ ਨੂੰ ਕਿਵੇਂ ਸੰਭਾਲਦੇ ਹੋ ਅਤੇ ਵਾਪਸੀ ਲਈ ਤਿਆਰੀ ਕਿਵੇਂ ਕਰਦੇ ਹੋ।"
"ਟੋਕੀਓ ਵਿੱਚ ਜੋ ਹੋਇਆ ਉਸ ਨਾਲ ਸਹਿਮਤ ਹੋਣਾ ਔਖਾ ਸੀ। ਪਰ ਮੈਨੂੰ ਵਿਸ਼ਵਾਸ ਸੀ ਕਿ ਮੈਂ ਦੁਬਾਰਾ ਖੜ੍ਹੀ ਹੋ ਸਕਦਾ ਹਾਂ। ਮੈਨੂੰ ਇਨ੍ਹਾਂ ਸ਼ਬਦਾਂ ਨਾਲ ਡੂੰਘਾ ਸਬੰਧ ਮਹਿਸੂਸ ਹੋਇਆ ਅਤੇ ਇਸ ਲਈ ਮੈਂ ਇਨ੍ਹਾਂ ਨੂੰ ਆਪਣੇ ਨਾਲ ਜੋੜਨ ਦਾ ਫ਼ੈਸਲਾ ਕੀਤਾ।"
ਮਨੂ ਦੀ ਸ਼ਾਨਦਾਰ ਵਾਪਸੀ ਦੀ ਕਹਾਣੀ ਉਨ੍ਹਾਂ ਲੋਕਾਂ ਲਈ ਹੈਰਾਨੀ ਵਾਲੀ ਨਹੀਂ ਸੀ ਜੋ ਉਨ੍ਹਾਂ ਨੂੰ ਨੇੜਿਓਂ ਜਾਣਦੇ ਹਨ।
ਮਨੂ ਦੇ ਪਿਤਾ ਰਾਮ ਕਿਸ਼ਨ ਭਾਕਰ ਨੇ ਆਪਣੀ ਧੀ ਦੇ ਗੁਣਾਂ ਦਾ ਵਰਣਨ ਕਰਨ ਲਈ 2018 ਦੀਆਂ ਰਾਸ਼ਟਰਮੰਡਲ ਖੇਡਾਂ ਨਾਲ ਸਬੰਧਤ ਇੱਕ ਘਟਨਾ ਸੁਣਾਈ।
ਉਨ੍ਹਾਂ ਨੇ ਕਿਹਾ, "ਇੱਕ ਕੰਧ ਸੀ ਜਿੱਥੇ ਸਿਰਫ਼ ਸੋਨ ਤਗਮਾ ਜੇਤੂ (ਪਿਛਲੇ ਜਾਂ ਮੌਜੂਦਾ) ਹੀ ਦਸਤਖ਼ਤ ਕਰ ਸਕਦੇ ਸਨ।"
"ਮੁਕਾਬਲੇ ਤੋਂ ਇੱਕ ਦਿਨ ਪਹਿਲਾਂ, ਮਨੂ ਉੱਥੇ ਗਏ ਅਤੇ ਦਸਤਖ਼ਤ ਕਰਨ ਲਈ ਇੱਕ ਮਾਰਕਰ ਲੱਭਣ ਲੱਗੇ। ਇੱਕ ਵਲੰਟੀਅਰ ਨੇ ਉਨ੍ਹਾਂ ਨੂੰ ਪੁੱਛਿਆ ਕਿ ਕੀ ਉਨ੍ਹਾਂ ਨੇ ਕੋਈ ਤਗਮਾ ਜਿੱਤਿਆ ਹੈ। ਮਨੂ ਉੱਥੋਂ ਨਿਕਲ ਆਏ ਅਤੇ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਵਲੰਟੀਅਰ ਨੂੰ ਕਿਹਾ ਕਿ ਉਹ ਕੱਲ੍ਹ ਫਿਰ ਆਉਣਗੇ।"
ਉਹ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਣ ਤੋਂ ਬਾਅਦ ਵਾਪਸ ਆਏ ਵੀ।
ਮਨੂ ਦੇ ਪਿਤਾ ਨੇ ਮਾਣ ਨਾਲ ਕਿਹਾ, "ਮਨੂੰ ਦਾ ਆਪਣੇ ਆਪ ਨੂੰ ਕਿਸੇ ਤੋਂ ਨੀਵਾਂ ਨਾ ਸਮਝਣ ਦਾ ਸੁਭਾਅ ਹੀ ਉਸ ਦੀ ਤਰੱਕੀ ਦਾ ਕਾਰਨ ਰਿਹਾ ਹੈ।"
ਮਨੂ ਦੀਆਂ ਪ੍ਰਾਪਤੀਆਂ ਸ਼ੂਟਿੰਗ ਰੇਂਜ ਤੋਂ ਪਰੇ ਹਨ। ਮਨੂ ਜਿੱਥੇ ਮਾਸਟਰਜ਼ ਕਰ ਰਹੇ ਹਨ, ਉੱਥੋਂ ਦੇ ਕਾਲਜ ਦੇ ਐਸੋਸੀਏਟ ਪ੍ਰੋਫੈਸਰ ਅਮਨੇਂਦਰ ਮਾਨ ਇਸ ਬਾਰੇ ਦੱਸਦੇ ਹਨ।
ਪ੍ਰੋਫੈਸਰ ਮਾਨ ਨੇ ਬੀਬੀਸੀ ਨੂੰ ਦੱਸਿਆ ਕਿ ਪੈਰਿਸ ਓਲੰਪਿਕ ਦੀ ਤਿਆਰੀ ਕਾਰਨ, ਮਨੂ ਤੀਜੇ ਅਤੇ ਚੌਥੇ ਸਮੈਸਟਰ ਦੀਆਂ ਪ੍ਰੀਖਿਆਵਾਂ ਵਿੱਚ ਸ਼ਾਮਲ ਨਹੀਂ ਹੋਏ।
ਉਨ੍ਹਾਂ ਨੇ ਕਿਹਾ, "ਓਲੰਪਿਕ ਤੋਂ ਬਾਅਦ, ਮਨੂ ਨੇ ਆਪਣੇ ਤੀਜੇ ਅਤੇ ਚੌਥੇ ਸਮੈਸਟਰ ਦੀਆਂ ਪ੍ਰੀਖਿਆਵਾਂ ਇਕੱਠੀਆਂ ਦਿੱਤੀਆਂ ਅਤੇ ਉਹ 74 ਫੀਸਦ ਅੰਕ ਹਾਸਲ ਕਰ ਕੇ ਪਬਲਿਕ ਐਡਮਿਨਟ੍ਰੇਸ਼ਨ ਵਿੱਚ ਟਾਪਰ ਬਣੇ ਹਨ।"
ਪ੍ਰੋਫੈਸਰ ਮਾਨ ਨੇ ਕਿਹਾ, "ਮਨੂ ਇਸ ਤੋਂ ਸੰਤੁਸ਼ਟ ਨਹੀਂ ਸੀ। ਮਨੂ ਨੇ ਗ੍ਰੈਜੂਏਸ਼ਨ ਵਿੱਚ 78 ਫੀਸਦ ਅੰਕ ਹਾਸਲ ਕੀਤੇ ਸਨ ਅਤੇ ਉਹ ਪੋਸਟ-ਗ੍ਰੈਜੂਏਸ਼ਨ ਵਿੱਚ ਵੀ ਓਨੇ ਹੀ ਅੰਕ ਲੈਣਾ ਚਾਹੁੰਦੇ ਸਨ।"
"ਮਨੂ ਦੀ ਕਹਾਣੀ ਸਿਰਫ਼ ਤਗਮਿਆਂ ਅਤੇ ਅੰਕਾਂ ਬਾਰੇ ਨਹੀਂ ਹੈ, ਸਗੋਂ ਇਹ ਇਸ ਸੰਕਲਪ ਦੀ ਕਹਾਣੀ ਹੈ ਕਿ ਉੱਤਮਤਾ ਤੋਂ ਘੱਟ ਕੁਝ ਵੀ ਸਵੀਕਾਰ ਨਹੀਂ ਕੀਤਾ ਜਾਣਾ ਚਾਹੀਦਾ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ