ਹੁਣ ਔਰਤਾਂ ਸ਼ਰਮਿੰਦਾ ਹੋਣ ਤੋਂ ਇਨਕਾਰ ਕਰ ਰਹੀਆਂ ਹਨ, ਤੁਸੀਂ ਸ਼ਰਮਿੰਦਾ ਕਰਨਾ ਬੰਦ ਕਰੋ - ਬਲੌਗ

    • ਲੇਖਕ, ਨਸੀਰੂਦੀਨ
    • ਰੋਲ, ਬੀਬੀਸੀ ਪੱਤਰਕਾਰ

ਸਾਲ 2024 ਨੇ ਜਾਂਦੇ-ਜਾਂਦੇ ਮੇਰੇ ਸਾਹਮਣੇ ਦੋ ਤਸਵੀਰਾਂ ਪੇਸ਼ ਕੀਤੀਆਂ ਹਨ।

ਪਹਿਲੀ ਹੈ ਫਰਾਂਸ ਦੀ ਜੀਜ਼ੇਲ ਪੇਲੀਕੋ ਦੀ।

ਉਨ੍ਹਾਂ ਨੇ ਆਪਣੇ ਪਹਿਲੇ ਪਤੀ ਅਤੇ ਪੰਜਾਹ ਹੋਰ ਆਦਮੀਆਂ ਵਿਰੁਧ ਸਮੂਹਿਕ ਬਲਾਤਕਾਰ ਦਾ ਕੇਸ ਜਿੱਤਿਆ ਹੈ। ਇੰਨਾ ਹੀ ਨਹੀਂ, ਜੀਜ਼ੇਲ ਨੇ ਮੀਡੀਆ ਦੇ ਸਾਹਮਣੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਪਛਾਣ ਦੇ ਨਾਲ ਜਿਨਸੀ ਹਿੰਸਾ ਦੇ ਖ਼ਿਲਾਫ਼ ਇਸ ਲੜਾਈ ਨੂੰ ਲੜਨ ਦੇ ਫ਼ੈਸਲੇ 'ਤੇ ਕਦੇ ਪਛਤਾਵਾ ਨਹੀਂ ਹੋਵੇਗਾ।

ਇਸ ਸੁਣਵਾਈ ਦੀ ਸ਼ੁਰੂਆਤ 'ਚ ਜੀਜ਼ੇਲ ਨੇ ਕਿਹਾ ਸੀ ਕਿ ਜੇਕਰ ਮੈਂ ਕੁਝ ਦਿਨ ਵੀ ਇਹ ਸਭ ਬਰਦਾਸ਼ਤ ਕਰ ਸਕਾ ਤਾਂ ਕਾਫੀ ਹੋਵੇਗਾ।

ਹਾਲਾਂਕਿ, ਉਨ੍ਹਾਂ ਨੇ ਅਦਾਲਤ ਵਿੱਚ ਇਹ ਸਾਰਾ ਕਾਨੂੰਨੀ ਸੰਘਰਸ਼ ਸਾਢੇ ਤਿੰਨ ਮਹੀਨੇ ਜਾਰੀ ਰੱਖਿਆ ਅਤੇ ਅਖੀਰ ਜਿੱਤ ਕੇ ਨਿਕਲੇ।

ਅਤੇ ਦੂਸਰਾ, ਇੱਕ ਸਮਾਗਮ ਵਿੱਚ ਕਵੀ ਕੁਮਾਰ ਵਿਸ਼ਵਾਸ ਦਾ ਕਹਿਣਾ, "ਆਪਣੇ ਬੱਚਿਆਂ ਨੂੰ ਨਾਮ ਯਾਦ ਕਰਵਾਓ ਸੀਤਾ ਜੀ ਦੀਆਂ ਭੈਣਾਂ ਦੇ, ਭਗਵਾਨ ਰਾਮ ਦੇ ਭਰਾਵਾਂ ਦੇ, ਇੱਕ ਸੰਕੇਤ ਦੇ ਰਿਹਾ ਹਾਂ, ਜੋ ਸਮਝ ਜਾਓ, ਉਹ ਤਾਲੀਆਂ ਬਜਾਉਣ।"

"ਆਪਣੇ ਬੱਚਿਆਂ ਨੂੰ ਰਮਾਇਣ ਸੁਣਾਓ, ਗੀਤਾ ਪੜ੍ਹਾਓ, ਨਹੀਂ ਤਾਂ ਅਜਿਹਾ ਨਾ ਹੋਵੇ ਕਿ ਤੁਹਾਡੇ ਘਰ ਦਾ ਨਾਮ ਤੇ ਰਾਮਾਇਣ ਹੋਵੇ ਅਤੇ ਤੁਹਾਡੇ ਘਰ ਦੀ ਸ਼੍ਰੀ ਲਕਸ਼ਮੀ ਨੂੰ ਕੋਈ ਹੋਰ ਚੁੱਕ ਕੇ ਲੈ ਜਾਵੇ..."

ਉਨ੍ਹਾਂ ਦੇ ਇਸ ਬਿਆਨ ਨੂੰ ਲੈ ਕੇ ਇਕ-ਦੋ ਦਿਨ ਹੰਗਾਮਾ ਹੋਇਆ, ਪ੍ਰਤੀਕਰਮ ਆਏ। ਫਿਰ ਅਸੀਂ ਸਾਰੇ ਕਿਤੇ ਹੋਰ ਰੁਝ ਗਏ।

ਪਰ ਕੁਮਾਰ ਵਿਸ਼ਵਾਸ ਦੇ ਬਿਆਨਾਂ ਨੂੰ ਥੋੜ੍ਹਾ ਰੁਕ ਕੇ ਵਿਚਾਰਨ ਦੀ ਲੋੜ ਹੈ। ਪਹਿਲਾਂ ਜੀਜ਼ੇਲ ਪੇਲੀਕੋ ਵਰਗੀਆਂ ਔਰਤਾਂ ਦੇ ਮਨ ਅਤੇ ਹਿੰਮਤ ਨੂੰ ਸਮਝਣਾ।

ਇਹ ਵੀ ਸਮਝਣਾ ਕਿ ਅਸਲ ਵਿੱਚ ਦੋਵੇਂ ਮਾਮਲੇ ਇੱਕੋ ਕਿਸਮ ਦੀ ਮਾਨਸਿਕਤਾ ਨਾਲ ਜੁੜੇ ਹੋਏ ਹਨ।

ਇਹ ਮਾਨਸਿਕਤਾ ਇਨ੍ਹਾਂ ਸਵਾਲਾਂ ਨਾਲ ਜੁੜੀ ਹੋਈ ਹੈ, ਕੀ ਕੁੜੀ ਕੋਈ ਆਨੰਦ ਦੀ ਵਸਤੂ ਹੈ ਜਿਸ ਨੂੰ ਕਿਸੇ ਨੂੰ ਦਿੱਤਾ ਜਾ ਸਕਦਾ ਹੈ? ਜਿਸ ਨੂੰ ਕੋਈ ਉਸ ਦੀ ਮਰਜ਼ੀ ਤੋਂ ਬਿਨਾਂ ਕਿਤੇ ਵੀ ਲੈ ਜਾ ਸਕਦਾ ਹੈ?

ਕੀ ਕੁੜੀ ਉਸ ਦੇ ਮਾਪਿਆਂ ਜਾਂ ਪਰਿਵਾਰ ਦੀ ਜਾਇਦਾਦ ਹੈ ਜਿਸ ਦੀ ਜ਼ਿੰਦਗੀ ਉੱਤੇ ਉਨ੍ਹਾਂ ਦਾ ਕੰਟਰੋਲ ਹੈ? ਕੀ ਮਰਦ ਕਿਸੇ ਕੁੜੀ ਦੇ ਤਨ-ਮਨ ਦਾ ਮਾਲਕ ਹੋਵੇਗਾ? ਕੀ ਕਿਸੇ ਕੁੜੀ ਦੀ ਕੋਈ ਆਜ਼ਾਦ ਸ਼ਖਸੀਅਤ ਨਹੀਂ ਹੁੰਦੀ?

ਕਵੀ ਦਾ ਸੰਕੇਤ ਸਮਝਣ ਵਿੱਚ ਕਿਸ ਨੂੰ ਦਿੱਕਤ ਆਈ?

ਦੇਖੋ ਕੀ ਹੋਇਆ, ਕੁਮਾਰ ਵਿਸ਼ਵਾਸ ਦੇ ਪ੍ਰੋਗਰਾਮ 'ਚ ਮੌਜੂਦ ਸਰੋਤਿਆਂ ਨੇ ਉਨ੍ਹਾਂ ਦੀ ਗੱਲ ਦਾ ਸੰਕੇਤ ਸਮਝਿਆ। ਤਾਲੀਆਂ ਵੀ ਵਜਾਈਆਂ ।

ਇੰਨਾ ਹੀ ਨਹੀਂ, ਇਸ ਸੰਕੇਤ ਨੂੰ ਵੱਖ-ਵੱਖ ਨਿਊਜ਼ ਪਲੇਟਫਾਰਮਾਂ, ਨਿਊਜ਼ ਚੈਨਲਾਂ ਅਤੇ ਸੋਸ਼ਲ ਮੀਡੀਆ 'ਤੇ ਮੌਜੂਦ ਲੋਕਾਂ ਨੇ ਵੀ ਚੰਗੀ ਤਰ੍ਹਾਂ ਸਮਝਿਆ।

ਕਿਸੇ ਨੇ ਖ਼ਬਰਾਂ ਬਣਾਈ, ਤਾਂ ਕਿਸੇ ਨੇ ਸਮਰਥਨ ਵਿੱਚ ਕੁਝ ਹੋਰ ਜੋੜਿਆ ਤੇ ਕੋਈ ਗੁੱਸਾ ਹੋ ਗਿਆ।

ਸੰਕੇਤ ਆਪਣੇ ਮਕਸਦ ਵਿੱਚ ਕਾਮਯਾਬ ਰਿਹਾ। ਸਭ ਨੇ ਸਮਝਿਆ ਕਿ ਇਸ਼ਾਰਾ ਮਸ਼ਹੂਰ ਫਿਲਮ ਅਦਾਕਾਰ ਸ਼ਤਰੂਘਨ ਸਿਨ੍ਹਾ ਅਤੇ ਉਨ੍ਹਾਂ ਦੀ ਬੇਟੀ ਅਦਾਕਾਰਾ ਸੋਨਾਕਸ਼ੀ ਸਿਨ੍ਹਾ ਵੱਲ ਸੀ।

ਸ਼ਤਰੂਘਨ ਸਿਨ੍ਹਾ ਦੇ ਘਰ ਦਾ ਨਾਂ 'ਰਾਮਾਇਣ' ਹੈ। ਸੋਨਾਕਸ਼ੀ ਨੇ ਜਿਸ ਨਾਲ ਵਿਆਹ ਕੀਤਾ ਹੈ, ਉਨ੍ਹਾਂ ਦਾ ਨਾਂ ਜ਼ਹੀਰ ਇਕਬਾਲ ਹੈ।

'ਸ਼੍ਰੀ ਲਕਸ਼ਮੀ' ਕੌਣ ਹੈ ਅਤੇ ਕੀ ਕੁੜੀ ਇੱਕ ਵਸਤੂ ਹੈ?

'ਸ਼੍ਰੀ ਲਕਸ਼ਮੀ' ਦਾ ਇਸ਼ਾਰਾ ਘਰ ਦੀ ਧੀ ਵੱਲ ਹੀ ਹੈ।

ਇਸ ਲਈ ਹੁਣ ਇਹ ਗੱਲ ਸਪਸ਼ਟ ਹੋ ਜਾਣੀ ਚਾਹੀਦੀ ਹੈ ਕਿ ਧੀ ਜਾਂ ਕੋਈ ਔਰਤ ਕੋਈ ਵਸਤੂ ਨਹੀਂ ਹੈ।

ਔਰਤ ਨੂੰ ਇੱਕ ਵਸਤੂ ਦੇ ਵਾਂਗ ਖਰੀਦਿਆ ਅਤੇ ਵੇਚਿਆ ਨਹੀਂ ਜਾ ਸਕਦਾ। ਇਸ ਦਾ ਲੈਣ-ਦੇਣ ਨਹੀਂ ਕੀਤਾ ਜਾ ਸਕਦਾ।

ਬਾਲਗ ਕੁੜੀ ਦੇ ਫੈਸਲਿਆਂ ਬਾਰੇ ਗੱਲ ਸਿਰਫ਼ ਉਸ ਨਾਲ ਹੀ ਵਿਚਾਰੀ ਜਾ ਸਕਦੀ ਹੈ, ਉਸ ਦੇ ਪਰਿਵਾਰਕ ਮੈਂਬਰਾਂ ਨਾਲ ਨਹੀਂ।

ਕੀ ਕੁੜੀ ਆਪਣੇ ਮਾਪਿਆਂ ਦੀ ਜਾਇਦਾਦ ਹੈ?

ਕਵੀ ਜਦੋਂ 'ਸ਼੍ਰੀ ਲਕਸ਼ਮੀ' ਨੂੰ ਕਿਸੇ ਹੋਰ ਵੱਲੋਂ 'ਚੁੱਕ ਕੇ ਲੈ ਜਾਣ' ਦੀ ਚਿਤਾਵਨੀ ਦਿੰਦੇ ਹਨ ਤਾਂ ਉਨ੍ਹਾਂ ਦੀ ਲੁਕਵੀਂ ਇੱਛਾ ਹੈ ਕਿ ਮਾਪੇ ਆਪਣੀਆਂ ਧੀਆਂ ਨੂੰ ਆਪਣੇ ਅਧੀਨ ਰੱਖਣ। ਉਸ ਨਾਲ ਆਪਣੀ ਮਰਜ਼ੀ ਅਨੁਸਾਰ ਵਰਤਾਓ ਕਰਨ। ਉਨ੍ਹਾਂ ਨੂੰ ਮਨ-ਮਰਜ਼ੀ ਤਾਂ ਬਿਲਕੁਲ ਨਾ ਕਰਨ ਦੇਣ।

ਇਸ ਲਈ ਸਾਨੂੰ ਸਾਰਿਆਂ ਨੂੰ ਆਪਣੇ ਮਨ ਵਿਚ ਕੁਝ ਗੱਲਾਂ ਸਾਫ਼ ਕਰ ਲੈਣੀਆਂ ਚਾਹੀਦੀਆਂ ਹਨ।

ਸਿਰਫ਼ ਇਸ ਲਈ ਕਿ ਮਾਪਿਆਂ ਨੇ ਬੱਚੇ ਨੂੰ ਜਨਮ ਦਿੱਤਾ ਹੈ, ਇਹ ਉਨ੍ਹਾਂ ਦੀ ਜਾਇਦਾਦ ਨਹੀਂ ਬਣ ਜਾਂਦੀ।

ਹਾਲਾਂਕਿ, ਮਾਪਿਆਂ ਦਾ ਪੁੱਤਰਾਂ ਦੀ ਜ਼ਿੰਦਗੀ 'ਤੇ ਉਹੋ ਜਿਹਾ ਨਿਯੰਤਰਣ ਨਹੀਂ ਹੁੰਦਾ ਜਿੰਨਾ ਧੀਆਂ 'ਤੇ ਹੁੰਦਾ ਹੈ ਅਤੇ ਜਿਸ ਤਰ੍ਹਾਂ ਦਾ ਸਾਡਾ ਸਮਾਜ ਹੈ, ਇਹ ਧੀਆਂ ਦੇ ਹਰ ਸਾਹ 'ਤੇ ਕਬਜ਼ਾ ਕਰਨਾ ਚਾਹੁੰਦਾ ਹੈ।

ਅਜਿਹੀ ਸੋਚ ਨਾ ਸਿਰਫ਼ ਗ਼ਲਤ ਹੈ ਸਗੋਂ ਮਨੁੱਖੀ ਅਧਿਕਾਰਾਂ ਦੇ ਵੀ ਖ਼ਿਲਾਫ਼ ਹੈ। ਇਸ ਤੋਂ ਇਲਾਵਾ ਬਹੁਤ ਸਾਰੀਆਂ ਧੀਆਂ ਵੀ ਇਸ ਲਈ ਬਿਲਕੁਲ ਤਿਆਰ ਨਹੀਂ ਹਨ। ਜਿੰਨੀ ਜਲਦੀ ਇਸ ਨੂੰ ਸਵੀਕਾਰ ਕਰ ਲਿਆ ਜਾਵੇ, ਓਨਾ ਹੀ ਚੰਗਾ ਹੋਵੇਗਾ।

ਕੀ ਕੁੜੀ ਦੀ ਆਜ਼ਾਦ ਸ਼ਖਸੀਅਤ ਨਹੀਂ ਹੈ?

ਅਜਿਹੇ ਵਿਚਾਰ ਹਨ ਅਤੇ ਲੋਕ ਵੀ ਹਨ, ਜੋ ਮੰਨਦੇ ਹਨ ਕਿ ਔਰਤ ਦੀ ਆਜ਼ਾਦ ਸ਼ਖਸੀਅਤ ਨਹੀਂ ਹੁੰਦੀ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਹੈ ਹੀ ਕਬਜ਼ਾ ਕਰਨ ਦੇ ਲਈ। ਪਿਤਾ, ਭਰਾ, ਪਤੀ, ਪੁੱਤਰ ਅਤੇ ਕੋਈ ਹੋਰ ਆਦਮੀ ਉਨ੍ਹਾਂ 'ਤੇ ਕਬਜ਼ਾ ਕਰ ਸਕਦਾ ਹੈ

ਇਹ ਤਾਂ ਹੀ ਹੈ ਕਿ ਸਾਡਾ ਪਰਿਵਾਰ ਅਤੇ ਸਮਾਜ ਸਾਡੀਆਂ ਧੀਆਂ ਦੇ ਜੀਵਨ ਬਾਰੇ ਜ਼ਿੰਦਗੀ ਭਰ ਫੈਸਲੇ ਲੈਂਦਾ ਰਹਿੰਦਾ ਹੈ। ਉਸ ਨੂੰ ਮੰਨਣ ਲਈ ਵੀ ਹਮੇਸ਼ਾ ਮਜਬੂਰ ਕਰਦਾ ਰਹਿੰਦਾ ਹੈ।

ਹਰ ਮਨੁੱਖ ਜਨਮ ਤੋਂ ਆਜ਼ਾਦ ਹੈ। ਔਰਤਾਂ ਵੀ ਇਨਸਾਨ ਹਨ। ਇਸ ਲਈ ਉਹ ਵੀ ਇੱਕ ਆਜ਼ਾਦ ਸ਼ਖਸੀਅਤ ਹਨ। ਉਹ ਆਪਣੀ ਜ਼ਿੰਦਗੀ ਦੇ ਫੈਸਲੇ ਖੁਦ ਲੈ ਸਕਦੀਆਂ ਹਨ।

ਚੰਗੇ ਮਾੜੇ ਫੈਸਲੇ ਮਰਦ ਵੀ ਲੈ ਲੈਂਦੇ ਹਨ। ਇਹ ਉਨ੍ਹਾਂ ਦੇ ਵੀ ਹੋ ਸਕਦੇ ਹਨ। ਇਸ ਲਈ ਬਾਲਗ ਹੋਣ ਤੋਂ ਬਾਅਦ, ਉਨ੍ਹਾਂ ਨੂੰ ਇਹ ਫੈਸਲਾ ਕਰਨ ਦਾ ਪੂਰਾ ਅਧਿਕਾਰ ਹੈ ਕਿ ਉਹ ਆਪਣੀ ਜ਼ਿੰਦਗੀ ਕਿਸ ਨਾਲ ਬਿਤਾਉਣਗੇ। ਇਹ ਉਨ੍ਹਾਂ ਦੀ ਨਿੱਜਤਾ ਦਾ ਵੀ ਸਵਾਲ ਹੈ।

ਕੀ ਆਪਣੀ ਪਸੰਦ ਦਾ ਸਾਥੀ ਚੁਣਨਾ ਗੁਨਾਹ ਹੈ?

ਪਸੰਦ ਅਤੇ ਚੋਣ, ਇਹ ਦੋ ਸ਼ਬਦ ਹਨ ਜੋ ਵਿਅਕਤੀ ਦੇ ਹੱਕਾਂ ਨਾਲ ਜੁੜੇ ਹਨ।

ਇਸ ਨਾਲ ਹੀ ਜੁੜਿਆ ਹੈ ਵਿਆਹ ਵਿੱਚ ਪਸੰਦ ਅਤੇ ਚੋਣ ਦੇ ਹੱਕ ਦਾ ਇਸਤੇਮਾਲ।

ਇਹ ਹੱਕ ਜਿੰਨਾ ਮੁੰਡਿਆਂ ਦਾ ਹੈ ਓਨਾ ਹੀ ਕੁੜੀਆਂ ਦਾ ਵੀ ਹੈ। ਅਜਿਹਾ ਨਹੀਂ ਹੈ ਕਿ ਸੋਨਾਕਸ਼ੀ ਸਿਨ੍ਹਾ ਪਹਿਲੀ ਕੁੜੀ ਹੈ ਜਿਨ੍ਹਾਂ ਦੀ ਪਸੰਦ ਨੂੰ ਲੈ ਕੇ ਬਹਿਸ ਹੋ ਰਹੀ ਹੈ।

ਕੁਝ ਮਹੀਨੇ ਪਹਿਲਾਂ ਅਦਾਕਾਰਾ ਸਵਰਾ ਭਾਸਕਰ ਨਾਲ ਵੀ ਅਜਿਹਾ ਹੀ ਹੋਇਆ ਸੀ।

ਦੋਵਾਂ ਦੇ ਵਿਆਹੁਤਾ ਸਾਥੀ ਉਨ੍ਹਾਂ ਦੇ ਧਰਮ ਦੇ ਨਹੀਂ ਹਨ। ਉਨ੍ਹਾਂ ਦੀ ਪਸੰਦ ਅਤੇ ਚੋਣ ਧਰਮ ਦੀਆਂ ਕੰਧਾਂ ਤੋਂ ਪਰੇ ਹੈ।

ਸਾਡਾ ਸਮਾਜ ਕੁੜੀਆਂ ਅਤੇ ਔਰਤਾਂ ਨੂੰ ਜਾਤ, ਧਰਮ ਅਤੇ ਭਾਈਚਾਰੇ ਦੀ ਪਛਾਣ ਵਜੋਂ ਦੇਖਦਾ ਹੈ।

ਇਸ ਕਰਕੇ ਉਹ ਉਨ੍ਹਾਂ ਦੀ ਕਾਮੁਕਤਾ 'ਤੇ ਕੰਟਰੋਲ ਬਣਾਈ ਰੱਖਣਾ ਚਾਹੁੰਦਾ ਹੈ। ਇਸੇ ਲਈ ਜਦੋਂ ਕੋਈ ਔਰਤ ਕਿਸੇ ਹੋਰ ਜਾਤੀ, ਧਰਮ ਜਾਂ ਫਿਰਕੇ ਨਾਲ ਸਬੰਧਤ ਵਿਅਕਤੀ ਨਾਲ ਵਿਆਹ ਕਰਦੀ ਹੈ, ਤਾਂ ਮਰਦ ਸਮਾਜ ਨੂੰ ਇਹ ਸਵੀਕਾਰ ਨਹੀਂ ਹੁੰਦਾ।

ਇਸ ਮਾਮਲੇ ਵਿੱਚ ਹਰ ਜਾਤ, ਧਰਮ ਜਾਂ ਫਿਰਕੇ ਦੀ ਮਰਦਾਨਗੀ ਦਾ ਇੱਕੋ ਜਿਹਾ ਵਿਚਾਰ ਹੈ। ਇਸ ਲਈ ਕਵੀ ਕੋਈ ਇਕੱਲਾ ਵਿਅਕਤੀ ਨਹੀਂ ਹੈ।

ਇਸ ਮਾਨਸਿਕਤਾ ਨੂੰ ਸਮਝਣ ਦੀ ਲੋੜ ਹੈ ਅਤੇ ਔਰਤਾਂ ਦੀ ਜ਼ਿੰਦਗੀ ਤੋਂ ਇਨ੍ਹਾਂ ਦੀ ਪਹਿਰੇਦਾਰੀ ਖ਼ਤਮ ਕਰਨ ਦੀ ਲੋੜ ਹੈ।

ਪਿਆਰ ਕਿਸੇ ਸਾਜ਼ਿਸ਼ ਦਾ ਨਤੀਜਾ ਨਹੀਂ ਹੋ ਸਕਦਾ। ਸਾਜ਼ਸ਼ ਤੋਂ ਪਰੇ ਇੱਕ ਦੁਨਿਆ ਹੈ, ਜਿਸ ਦੁਨਿਆ ਵਿੱਚ ਪਿਆਰ ਪਰਵਾਨ ਚੜਦਾ ਹੈ।

ਔਰਤ ਦੇ ਤਨ ਅਤੇ ਮਨ ਦਾ ਮਾਲਕ ਕੌਣ?

ਮਰਦਾਨਾ ਸਮਾਜ ਜਿਵੇਂ ਹੀ ਕਿਸੇ ਕੁੜੀ ਨੂੰ ਵਸਤੂ ਵਿੱਚ ਬਦਲਦਾ ਹੈ, ਉਹ ਉਸ ਦੇ ਤਨ ਅਤੇ ਮਨ ਦਾ ਮਾਲਕ ਬਣ ਜਾਂਦਾ ਹੈ। ਤਦ ਹੀ 'ਤੇ ਉਸ ਦੀ ਅਜ਼ਾਦ ਸਹਿਮਤੀ, ਇੱਛਾ ਅਤੇ ਝਿਜਕ ਦਾ ਕੋਈ ਮਤਲਬ ਨਹੀਂ ਮੰਨਿਆ ਜਾਂਦਾ।

ਮਰਦਾਨਾ ਸਮਾਜ ਨੂੰ ਲਗਦਾ ਹੈ ਕਿ ਔਰਤ ਉਸ ਦੇ ਲਈ ਹੈ ਅਤੇ ਉਸੇ ਦੀ ਹੀ ਹੈ। ਇਸੇ ਕਰਕੇ ਮਰਦ ਅਜਿਹਾ ਜੁਰਮ ਕਰਨ ਦੀ ਹਿੰਮਤ ਕਰਦਾ ਹੈ ਕਿ ਉਹ ਨਾ ਸਿਰਫ਼ ਖੁਦ ਆਪਣੀ ਪਤਨੀ ਨਾਲ ਬਲਾਤਕਾਰ ਕਰਦਾ ਹੈ ਸਗੋਂ ਦੂਜੇ ਮਰਦਾਂ ਨੂੰ ਵੀ ਬੁਲਉਦਾ ਹੈ।

ਮਰਦ ਨੂੰ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਜੇਕਰ ਤਨ ਅਤੇ ਮਨ ਔਰਤ ਦਾ ਹੈ ਤਾਂ ਉਹ ਮਾਲਕ ਵੀ ਹੈ।

ਜੀਜ਼ੇਲ ਪੇਲੀਕੋ ਹੋਵੇ ਜਾਂ ਸੋਨਾਕਸ਼ੀ ਸਿਨ੍ਹਾ, ਅਸਲ ਵਿੱਚ ਔਰਤਾਂ ਹੁਣ ਆਪਣੇ ਵਿਰੋਧ ਦੀ ਆਵਾਜ਼ ਲੱਭ ਰਹੀਆਂ ਹਨ। ਕਈ ਔਰਤਾਂ ਪਹਿਲਾ ਹੀ ਲੱਭ ਚੁੱਕੀਆਂ ਹਨ।

ਜਿਨਸੀ ਹਿੰਸਾ ਦਾ ਸਾਹਮਣਾ ਕਰਨ ਲਈ ਜੀਜ਼ੇਲ ਦੀ ਅਥਾਹ ਹਿੰਮਤ ਹੋਵੇ ਜਾਂ ਸੋਨਾਕਸ਼ੀ ਸਿਨ੍ਹਾ ਜਾਂ ਸਵਰਾ ਭਾਸਕਰ ਦਾ ਆਪਣੀ ਮਰਜ਼ੀ ਅਨੁਸਾਰ ਵਿਆਹ ਕਰਨ ਦਾ ਫੈਸਲਾ ਅਤੇ ਸਾਰੇ ਵਿਰੋਧਾਂ, ਰੋਜ਼ਾਨਾ ਟ੍ਰੋਲ ਅਤੇ ਅਪਮਾਨਜਨਕ ਟਿੱਪਣੀਆਂ ਦੇ ਸਾਹਮਣੇ ਚਟਾਨ ਵਾਂਗ ਖੜੇ ਰਹਿਣਾ, ਇਹ ਸਭ ਕੁਝ ਇੱਕ ਵਾਰ ਫਿਰ ਇਹ ਕਹਿੰਦਾ ਹੈ ਕਿ ਔਰਤ ਦੇ ਅੰਦਰ ਇੱਕ ਜ਼ਬਰਦਸਤ ਤਾਕਤ ਹੈ।

ਕਈ ਵਾਰ ਉਹ ਖੁਦ ਵੀ ਇਸ ਤਾਕਤ ਦੀ ਕਲਪਨਾ ਨਹੀਂ ਕਰ ਪਾਉਦੀ।

ਇਸ ਤਾਕਤ ਨਾਲ ਹੀ ਉਹ ਪਹਾੜ ਚੜ੍ਹ ਜਾਂਦੀ ਹੈ ਅਤੇ ਧਰਤੀ ਨੂੰ ਮਾਪ ਲੈਂਦੀ ਹੈ। ਉਨ੍ਹਾਂ ਨੂੰ ਇਸ ਤਾਕਤ ਅਤੇ ਆਪਣੇ ਆਪ ਵਿੱਚ ਵਧੇਰੇ ਭਰੋਸਾ ਰੱਖਣ ਦੀ ਲੋੜ ਹੈ। ਤਾਂ ਜੋ ਫਰਾਂਸੀਸੀ ਮਰਦ ਹੋਣ ਜਾਂ ਭਾਰਤੀ, ਉਹ ਔਰਤਾਂ ਨੂੰ ਆਪਣੀ ਜਾਇਦਾਦ ਸਮਝਣ ਦੀ ਜ਼ੂਰਤ ਨਾ ਕਰਨ।

ਹੁਣ ਔਰਤਾਂ ਸ਼ਰਮਿੰਦਾ ਹੋਣ ਤੋਂ ਇਨਕਾਰ ਕਰ ਰਹੀਆਂ ਹਨ, ਮਰਦ ਸ਼ਰਮਿੰਦਾ ਕਰਨਾ ਬੰਦ ਕਰਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)