ਪਠਾਨਕੋਟ: ਬਚਪਨ 'ਚ ਅੱਖਾਂ ਦੀ ਰੋਸ਼ਨੀ ਗੁਆਉਣ ਵਾਲਾ ਦਾਨਿਸ਼ ਦੂਜਿਆਂ ਦੀ ਬਣਿਆ ਅਵਾਜ਼, ਜਾਣੋ ਕਿਵੇਂ

ਤਸਵੀਰ ਸਰੋਤ, Gurpreet Chawla/BBC
- ਲੇਖਕ, ਗੁਰਪ੍ਰੀਤ ਸਿੰਘ ਚਾਵਲਾ
- ਰੋਲ, ਬੀਬੀਸੀ ਸਹਿਯੋਗੀ
ਦਾਨਿਸ਼ ਮਹਾਜਨ 14 ਸਾਲਾਂ ਦੀ ਉਮਰ ਵਿੱਚ ਜੋਤਹੀਣ ਹੋ ਗਏ ਪਰ ਇਸ ਨਾਲ ਉਨ੍ਹਾਂ ਦੀ ਪਰਵਾਜ਼ ਨਹੀਂ ਰੁਕੀ।
ਜਿਹੜੀ ਅੰਬਰੀ ਉਡਾਣ ਦੇ ਸੁਫ਼ਨੇ ਉਨ੍ਹਾਂ ਨੇ ਬਚਪਣ ਵਿੱਚ ਦੇਖੇ ਸਨ, ਉਹ ਉਨ੍ਹਾਂ ਨੇ 'ਸਪੈਸ਼ਲੀ ਏਬਲਡ' ਲੋਕਾਂ ਲਈ ਸ਼ੁਰੂ ਕੀਤੇ ਗਏ ਰੇਡੀਓ 'ਉਡਾਣ' ਜ਼ਰੀਏ ਭਰੀ।
ਇਸ ਲਈ ਉਨ੍ਹਾਂ ਨੂੰ ਸ਼ਲਾਘਾ ਵੀ ਮਿਲੀ ਅਤੇ ਭਾਰਤ ਦੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਵੱਲੋਂ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਵੀ ਕੀਤਾ ਗਿਆ ਹੈ।
ਪੰਜਾਬ ਦੇ ਜ਼ਿਲ੍ਹੇ ਪਠਾਨਕੋਟ ਦੇ ਸ਼ਾਹਪੁਰ ਕੰਢੀ ਕਸਬੇ ਦੇ ਰਹਿਣ ਵਾਲੇ ਦਾਨਿਸ਼ ਮਹਾਜਨ ਦੀ ਕਿਸੇ ਵੀ ਸੂਰਤ-ਏ-ਹਾਲ ਹਾਰ ਨਾ ਮੰਨਣ ਅਤੇ ਕੋਸ਼ਿਸ਼ ਕਰਦੇ ਰਹਿਣ ਦੀ ਆਦਤ ਹੋਰਾਂ ਲਈ ਵੀ ਪ੍ਰੇਰਣਾ ਸਰੋਤ ਬਣੀ।
ਪੰਜਾਬ ਮੰਡੀ ਬੋਰਡ ਵਿੱਚ ਅਸਿਸਟੈਂਟ ਕਲਰਕ ਵਜੋਂ ਨੌਕਰੀ ਕਰਨ ਵਾਲੇ ਦਾਨਿਸ਼ ਹੁਣ ਤੱਕ 1500 ਪੌਡਕਾਸਟ ਕਰ ਚੁੱਕੇ ਹਨ।
ਉਨ੍ਹਾਂ ਦਾ ਰੇਡੀਓ ਦਾ ਸਫ਼ਰ ਸਾਲ 2014 ਵਿੱਚ ਸ਼ੁਰੂ ਹੋਇਆ ਸੀ ਅਤੇ ਹੁਣ ਇਸ ਰੇਡੀਓ ਵਿੱਚ ਉਨ੍ਹਾਂ ਨਾਲ ਵੱਖ-ਵੱਖ ਥਾਵਾਂ ਦੇ ਕਰੀਬ 35 ਵਲੰਟੀਅਰ ਵੀ ਕੰਮ ਕਰਦੇ ਹਨ।
ਦਾਨਿਸ਼ ਨੇ ਇਸ ਸ਼ਾਨਦਾਰ ਸਫ਼ਰ ਨੂੰ ਦਰਪੇਸ਼ ਚੁਣੌਤੀਆਂ ਬਾਰੇ ਸਾਡੇ ਨਾਲ ਗੱਲਬਾਤ ਕੀਤੀ।

ਜੋਤ ਜਾਣਾ ਤੇ ਨਿਰਾਸ਼ਾ ਦਾ ਦੌਰ
ਦਾਨਿਸ਼ ਦੱਸਦੇ ਹਨ ਕਿ ਉਨ੍ਹਾਂ ਦੇ ਪਿਤਾ ਵੀ ਅੱਖਾਂ ਦੀ ਬੀਮਾਰੀ ਤੋਂ ਪੀੜਤ ਸਨ, ਜਿਸ ਤੋਂ ਬਾਅਦ ਉਨ੍ਹਾਂ ਦੀ ਜੋਤ ਚਲੀ ਗਈ। ਦਾਨਿਸ਼ ਕਹਿੰਦੇ ਹਨ ਕਿ ਉਹ ਵੀ ਆਪਣੇ ਪਿਤਾ ਵਾਂਗ ਹੀ ਜੋਤਹੀਣ ਹੋਏ।
ਆਪਣੇ ਬਚਪਨ ਬਾਰੇ ਦੱਸਦੇ ਹਨ ਕਿ ਪਹਿਲਾਂ ਉਹ ਦੇਖ ਸਕਦੇ ਸਨ ਅਤੇ ਡਾਕਟਰਾਂ ਨੇ ਕਿਹਾ ਸੀ ਕਿ ਐਨਕ ਲਗਾਉਣੀ ਪਵੇਗੀ ਪਰ ਨਿਗ੍ਹਾ ਠੀਕ ਰਹੇਗੀ, ਪਰ ਬਾਅਦ ਵਿੱਚ ਕਿਸੇ ਡਾਕਟਰ ਨੇ ਕਿਹਾ ਕਿ ਆਪਰੇਸ਼ਨ ਕਰਵਾਉਣ ਤੋਂ ਬਾਅਦ ਐਨਕ ਦੀ ਲੋੜ ਵੀ ਨਹੀਂ ਪਵੇਗੀ।
"ਪਰ ਅਜਿਹਾ ਨਹੀਂ ਹੋਇਆ। ਇੱਕ ਨਿੱਜੀ ਹਸਪਤਾਲ ਵਿੱਚ ਆਪਰੇਸ਼ਨ ਤਾਂ ਕਰਵਾਇਆ ਪਰ ਉਸ ਤੋਂ ਬਾਅਦ ਉਹ ਮੁੜ ਨਾ ਦੇਖ ਸਕੇ।"
ਦਾਨਿਸ਼ ਕਹਿੰਦੇ ਹਨ, "ਮੈਂ 4 ਸਾਲ ਘਰ ਬੈਠ ਕੇ ਕੱਢੇ। ਇੱਕ-ਇੱਕ ਦਿਨ ਸਾਲ ਦੇ ਬਰਾਬਰ ਲੱਗਦਾ ਸੀ। ਕੁਝ ਨਹੀਂ ਸੀ ਪਤਾ ਕਿ ਕੀ ਕਰਨਾ ਹੈ, ਭਵਿੱਖ ਦਾ ਕੀ ਹੋਵੇਗਾ। ਇੱਕ ਦਿਨ ਦੂਰਦਰਸ਼ਨ ਉੱਤੇ ਆਵਾਜ਼ ਆਈ ਕਿ ਬਲਾਈਂਡ ਬੱਚੇ ਕ੍ਰਿਕਟ ਖੇਡ ਰਹੇ ਸਨ।"
"ਮੈਂ ਸਪੈਸ਼ਲ ਸਕੂਲ ਜਾਣਾ ਸ਼ੁਰੂ ਕਰ ਦਿੱਤਾ। ਪੜ੍ਹਨਾ ਸ਼ੁਰੂ ਕਰ ਦਿੱਤਾ, ਨਾਵਲ ਪੜ੍ਹੇ। ਫ਼ਿਰ ਮੈਂ ਰੁਕਿਆ ਨਹੀਂ, ਉਡਾਣ ਸ਼ੁਰੂ ਹੋਈ।"

ਤਸਵੀਰ ਸਰੋਤ, Gurpreet Chawla/BBC
ਅਪਾਹਜ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਜਾਗਰ ਕਰਨਾ
ਦਾਨਿਸ਼ ਨੇ ਆਪਣੇ ਰੇਡੀਓ 'ਉਡਾਣ' ਜ਼ਰੀਏ ਅਪਾਹਜ ਭਾਈਚਾਰੇ ਦੇ ਲੋਕਾਂ ਦੀਆਂ ਸਮੱਸਿਆਵਾਂ ਤੋਂ ਦੁਨੀਆਂ ਨੂੰ ਜਾਣੂ ਹੀ ਨਹੀਂ ਕਰ ਕਰਵਿਆ ਬਲਕਿ ਅਜਿਹੇ ਪ੍ਰੋਗਰਾਮ ਵੀ ਤਿਆਰ ਕੀਤੇ, ਜਿਹੜੇ ਇਸ ਭਾਈਚਾਰੇ ਨੂੰ ਲੋੜੀਂਦੀ ਜਾਣਕਾਰੀ ਦਿੰਦੇ ਸਨ।
ਦਾਨਿਸ਼ ਕਹਿੰਦੇ ਹਨ, "ਸਾਲ 2012 ਇਹ ਦੌਰ ਸੀ ਜਦੋਂ ਸਾਡੇ ਡਿਸਏਬਲ ਭਾਈਚਾਰੇ ਦੀਆਂ ਸਮੱਸਿਆਂਵਾਂ ਨੂੰ ਕੋਈ ਉਜਾਗਰ ਨਹੀਂ ਸੀ ਕਰਦਾ। ਸਾਡੇ ਭਾਈਚਾਰੇ ਦੇ ਪੜ੍ਹੇ-ਲਿਖੇ ਲੋਕਾਂ ਨੂੰ ਵੀ ਮੀਡੀਆ ਵਿੱਚ ਕਿਸੇ ਬਹਿਸ ਦਾ ਹਿੱਸਾ ਨਹੀਂ ਬਣਾਇਆ ਜਾਂਦਾ ਸੀ। ਡਿਸਏਬਲ ਕੁੜੀਆਂ ਨਾਲ ਹੁੰਦੀ ਜਿਨਸੀ ਹਿੰਸਾ ਵੱਲ ਕੋਈ ਗੌਰ ਨਹੀਂ ਸੀ ਕਰਦਾ।"
"ਸਾਡੇ ਡਿਸਏਬਲ ਲੋਕਾਂ ਦੇ ਮਸਲਿਆਂ ਨੂੰ ਮੀਡੀਆ ਵਿੱਚ ਕੋਈ ਜਗ੍ਹਾ ਨਹੀਂ ਸੀ ਮਿਲਦੀ।
ਫ਼ਿਰ ਅਸੀਂ ਸੋਚਿਆ ਕਿ ਅਸੀਂ ਆਪਣੇ ਭਾਈਚਾਰੇ ਲਈ ਅਜਿਹੇ ਪ੍ਰੋਗਰਾਮ ਚਲਾਉਣੇ ਹਨ ਕਿ ਜੋਤਹੀਣ ਲੋਕਾਂ ਨੂੰ ਜਾਣਕਾਰੀ ਹਾਸਲ ਕਰਨ ਲਈ ਸਾਡੇ ਪ੍ਰੋਗਰਾਮ ਕੰਪਿਊਟਰ ਜਾਂ ਫ਼ੋਨ ਚਲਾਉਣੇ ਸਿੱਖ ਕੇ ਸੁਣਨਾ ਪਵੇ।"
ਦਾਨਿਸ਼ ਦੀ ਪਤਨੀ ਸ਼ਿਲਪਾ ਉਨ੍ਹਾਂ ਨੂੰ ਇੱਕ ਐੱਨਜੀਓ ਜ਼ਰੀਏ ਮਿਲੇ ਸਨ। ਸਾਂਝੇ ਦੋਸਤਾਂ ਜ਼ਰੀਏ ਦੋਵਾਂ ਦੀ ਗੱਲਬਾਤ ਹੋਈ ਸੀ।
ਸ਼ਿਲਪਾ ਕਹਿੰਦੇ ਹਨ, "ਅਸੀਂ ਇੱਕ ਦੂਜੇ ਉੱਤੇ ਨਿਰਭਰ ਨਹੀਂ ਹਾਂ ਬਲਕਿ ਸਾਥੀ ਹਾਂ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਦਾਨਿਸ਼ ਲਈ ਜਿੰਨਾ ਹੋ ਸਕੇ ਮਦਦਗਾਰ ਹੋਣ ਦੀ ਕੋਸ਼ਿਸ਼ ਕਰਦੇ ਹਨ।"
"ਅਪੰਗਤਾ ਨਾਲ ਸਬੰਧਤ ਲੋਕਾਂ ਦੇ ਖੇਤਰ ਵਿੱਚ ਦਾਨਿਸ਼ ਦੀ ਆਪਣੀ ਪਛਾਣ ਹੈ। ਜਦੋਂ ਦਾਨਿਸ਼ ਨੂੰ ਦੇਸ਼ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੋਂ ਕੌਮੀ ਸਨਮਾਨ ਮਿਲਿਆ ਤਾਂ ਮੈਨੂੰ ਬਹੁਤ ਹੀ ਮਾਣ ਮਹਿਸੂਸ ਹੋਇਆ।"
ਦਾਨਿਸ਼ ਦੇ ਪਰਿਵਾਰ ਦਾ ਸਹਿਯੋਗ

ਤਸਵੀਰ ਸਰੋਤ, Gurpreet Chawla/BBC
ਦਾਨਿਸ਼ ਦੇ ਮਾਤਾ ਸੁਮਨ ਮਹਾਜਨ ਕਹਿੰਦੇ ਹਨ, "ਜਦੋਂ ਸਾਨੂੰ ਪਤਾ ਲੱਗਿਆ ਕਿ ਦਾਨਿਸ਼ ਨੂੰ ਅਜਿਹੀ ਸਮੱਸਿਆ ਹੈ ਤਾਂ ਸਾਡੀ ਤਾਂ ਜ਼ਿੰਦਗੀ ਬੁਰੀ ਤਰ੍ਹਾਂ ਹਿੱਲ ਗਈ ਸੀ।"
"ਇਹ ਛੋਟਾ ਸੀ, ਬੱਚਾ ਸੀ ਜਦੋਂ ਸਾਰੇ ਬੱਚੇ ਖੇਡਦੇ ਸਨ ਤਾਂ ਇਹ ਰੋਂਦਾ ਸੀ। ਪੜ੍ਹਾਈ ਵੀ ਛੁੱਟ ਗਈ ਸੀ। ਔਖਾ ਬਹੁਤ ਸੀ। ਇਸ ਨਾਲ ਪੂਰਾ ਪਰਿਵਾਰ ਹੀ ਪਰੇਸ਼ਾਨ ਹੋ ਗਿਆ ਸੀ।"
ਦਾਨਿਸ਼ ਦੇ ਮਾਤਾ ਕਹਿੰਦੇ ਹਨ, "ਉਹ ਅਕਸਰ ਪੁੱਛਦਾ ਸੀ ਕਿ ਮੈਂ ਕੀ ਕੀਤਾ ਜਿਹੜਾ ਮੇਰੀਆਂ ਅੱਖਾਂ ਖ਼ਰਾਬ ਹੋ ਗਈਆਂ। ਰੱਬ ਨੇ ਅਜਿਹਾ ਕਿਉਂ ਕੀਤਾ। ਕਈ ਵਾਰ ਤਾਂ ਦਾਨਿਸ਼ ਦੇ ਸਵਾਲਾਂ ਦਾ ਜੁਆਬ ਦੇਣਾ ਔਖਾ ਹੋ ਜਾਂਦਾ ਸੀ।"
"ਸਾਡੇ ਪਰਿਵਾਰ ਨੇ ਸਾਥ ਬਹੁਤ ਦਿੱਤਾ। ਫ਼ਿਰ ਜਦੋਂ ਲੁਧਿਆਣਾ ਪੜ੍ਹਨ ਲੱਗਿਆ, ਆਪਣੇ ਵਰਗੇ ਬੱਚਿਆਂ ਨੂੰ ਦੇਖਿਆ ਤਾਂ ਸਾਨੂੰ ਵੀ ਕੁਝ ਸਕੂਨ ਮਿਲਿਆ। ਇਸ ਦੀ ਜ਼ਿੰਦਗੀ ਸਕੂਲ ਭੇਜਣ ਤੋਂ ਬਾਅਦ ਹੀ ਬਣੀ।"
ਸੁਮਨ ਕਹਿੰਦੇ ਹਨ, "ਸਾਨੂੰ ਤਾਂ ਪਹਿਲਾਂ ਪਤਾ ਹੀ ਨਹੀਂ ਸੀ ਕਿ ਕੋਈ ਅਜਿਹਾ ਸਕੂਲ ਹੋ ਸਕਦਾ ਹੈ। ਫ਼ਿਰ ਦਾਨਿਸ਼ ਦੇ ਮਾਮਾ ਜੀ ਨੇ ਸਾਰੀ ਜਾਣਕਾਰੀ ਲਈ ਅਤੇ ਦਾਨਿਸ਼ ਨੂੰ ਲੁਧਿਆਣਾ ਦੇ ਸਕੂਲ ਵਿੱਚ ਦਾਖਲ ਕਰਵਾਇਆ।"
ਦਾਨਿਸ਼ ਦੇ ਮਾਤਾ ਪੁੱਤ ਦੀ ਕਾਮਯਾਬੀ ਉੱਤੇ ਮਾਣ ਮਹਿਸੂਸ ਕਰਦੇ ਹਨ।
ਉਹ ਕਹਿੰਦੇ ਹਨ, "ਇੱਕ ਸਮਾਂ ਸੀ ਅਸੀਂ ਇਸ ਦੀ ਜ਼ਿੰਦਗੀ ਨੂੰ ਲੈ ਕੇ ਫ਼ਿਕਰਮੰਦ ਰਹਿੰਦੇ ਸੀ। ਇੱਕ ਇਹ ਸਮਾਂ ਹੈ ਜਦੋਂ ਇਸ ਕਰਕੇ ਲੋਕ ਸਾਨੂੰ ਜਾਣਦੇ ਹਨ। ਵੱਡੇ ਪੱਧਰ ਉੱਤੇ ਦਾਨਿਸ਼ ਦੀ ਪਛਾਣ ਹੈ। ਆਪਣੀ ਰੋਜ਼ੀ-ਰੋਟੀ ਖ਼ੁਦ ਕਮਾਉਂਦਾ ਹੈ, ਪਛਾਣ ਬਣਾਈ ਅਤੇ ਆਪਣੀ ਜੀਨਵ-ਸਾਥਣ ਨਾਲ ਖ਼ੁਸ਼ਹਾਲ ਜ਼ਿੰਦਗੀ ਜੀਅ ਰਿਹਾ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












