ਕੁੱਤੇ ਦੇ ਵੱਢਣ 'ਤੇ ਸਰਕਾਰ ਨੂੰ ਦੇਣਾ ਪਵੇਗਾ 10 ਹਜ਼ਾਰ ਤੋਂ 20 ਹਜ਼ਾਰ ਰੁਪਏ ਤੱਕ ਦਾ ਮੁਆਵਜ਼ਾ, ਜਾਣੋ ਕਿਵੇਂ ਹੋਵੇਗੀ ਮੁਆਵਜ਼ਾ ਰਾਸ਼ੀ ਤੈਅ

“ਜੇਕਰ ਅਵਾਰਾ ਕੁੱਤਾ ਕਿਸੇ ਸ਼ਖ਼ਸ ਨੂੰ ਵੱਢਦਾ ਹੈ ਤਾਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀਆਂ ਸਰਕਾਰਾਂ ਨੂੰ ਮੁਆਵਜ਼ਾ ਦੇਣਾ ਪਵੇਗਾ।”

ਇਹ ਹੁਕਮ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਤੇ ਹਰਿਆਣਾ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਦਿੱਤੇ ਹਨ। ਅਦਾਲਤ ਨੇ ਇਹ ਆਦੇਸ਼ 193 ਪਟੀਸ਼ਨਾਂ ਦੀ ਸੁਣਵਾਈ ਕਰਦਿਆਂ ਜਾਰੀ ਕੀਤਾ ਹੈ।

ਜਸਟਿਸ ਵਿਨੋਦ ਐੱਸ ਭਾਰਦਵਾਜ ਦੀ ਬੈਂਚ ਨੇ ਆਦੇਸ਼ ਸੁਣਾਉਂਦਿਆਂ ਮੁਆਵਜ਼ੇ ਨੂੰ ਸਰਕਾਰਾਂ ਦੀ 'ਪਹਿਲੀ ਜ਼ਿੰਮੇਵਾਰੀ' ਵੀ ਦੱਸਿਆ ਹੈ।

ਇਸ ਵਿੱਚ ਅਦਾਲਤ ਨੇ ਕਿਹਾ ਹੈ ਕਿ ਕੁੱਤੇ ਦੇ ਵੱਢਣ 'ਤੇ ਸੂਬਾ ਸਰਕਾਰਾਂ ਵੱਲੋਂ ਇਸ ਲਈ ਘੱਟੋ-ਘੱਟ 10 ਹਜ਼ਾਰ ਰੁਪਏ ਪ੍ਰਤੀ ਦੰਦ ਦੀ ਵਿੱਤੀ ਸਹਾਇਤਾ ਦਿੱਤੀ ਜਾਵੇ।

ਇਸ ਦੇ ਨਾਲ ਹੀ ਜੇਕਰ ਕੋਈ ਕੁੱਤਾ ਕਿਸੇ ਵਿਅਕਤੀ ਦਾ ਮਾਸ ਨੋਚ ਲੈਂਦਾ ਹੈ ਤਾਂ ਹਰੇਕ 0.2 ਸੈਂਟੀਮੀਟਰ ਜ਼ਖ਼ਮ ਲਈ ਘੱਟੋ-ਘੱਟ 20,000 ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ।

ਇਸ ਤੋਂ ਇਲਾਵਾ ਹਰਿਆਣਾ ਤੇ ਪੰਜਾਬ ਸਰਕਾਰਾਂ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਕੁੱਤਿਆਂ ਦੇ ਵੱਢਣ ਦੇ ਮਾਮਲਿਆਂ ਵਿੱਚ ਮੁਆਵਜ਼ਾ ਨਿਰਧਾਰਤ ਕਰਨ ਲਈ ਕਮੇਟੀਆਂ ਬਣਾਉਣ ਦੇ ਹੁਕਮ ਦਿੱਤੇ ਗਏ ਹਨ।

ਅਦਾਲਤ ਨੇ ਕਿਹਾ ਹੈ ਕਿ ਇਹ ਕਮੇਟੀਆਂ ਸਬੰਧਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਦੀ ਅਗਵਾਈ ਹੇਠ ਬਣਾਈਆਂ ਜਾਣਗੀਆਂ। ਦਰਖ਼ਾਸਤਾਂ ਮਿਲਣ ਤੋਂ ਬਾਅਦ ਇਨ੍ਹਾਂ ਕਮੇਟੀਆਂ ਨੂੰ ਚਾਰ ਮਹੀਨਿਆਂ ਦੇ ਅੰਦਰ ਪੜਤਾਲ ਕਰਕੇ ਮੁਆਵਜ਼ਾ ਰਾਸ਼ੀ ਜਾਰੀ ਕਰਨੀ ਹੋਵੇਗੀ।

ਇਸ ਤੋਂ ਇਲਾਵਾ ਹਾਈਕੋਰਟ ਨੇ ਵੀ ਪੁਲਿਸ ਨੂੰ ਸ਼ਿਕਾਇਤ ਮਿਲਣ ਤੋਂ ਬਾਅਦ ਡੀਡੀਆਰ (ਡੇਲੀ ਡਾਅਰੀ ਰਿਪੋਰਟ) ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ।

ਅਦਾਲਤ ਨੇ ਕਿਹਾ, “ਜਾਨਵਰਾਂ (ਅਵਾਰਾ, ਪਾਲਤੂ ਅਤੇ ਛੱਡੇ ਹੋਏ) ਕਾਰਨ ਹੋਣ ਵਾਲੇ ਹਾਦਸਿਆਂ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਸਬੰਧਤ ਥਾਣੇ ਦੇ ਐੱਸਐੱਚਓ ਨੂੰ ਬਿਨਾਂ ਕਿਸੇ ਦੇਰੀ ਦੇ ਡੇਲੀ ਡਾਇਰੀ ਰਿਪੋਰਟ ਵੀ ਦਰਜ ਕਰਨੀ ਪਵੇਗੀ।”

ਇਸ ਤੋਂ ਬਾਅਦ ਪੁਲਿਸ ਅਧਿਕਾਰੀ ਕੇਸਾਂ ਸਬੰਧੀ ਕੀਤੇ ਗਏ ਦਾਅਵਿਆਂ ਦੀ ਪੜਤਾਲ ਕਰਨਗੇ ਅਤੇ ਗਵਾਹਾਂ ਦੇ ਬਿਆਨ ਵੀ ਦਰਜ ਕਰਨਗੇ। ਇਸ ਤੋਂ ਇਲਾਵਾ ਘਟਨਾ ਵਾਲੀ ਥਾਂ ਦੀ ਰਿਪੋਰਟ ਤਿਆਰ ਕਰਕੇ ਦਾਅਵੇਦਾਰ ਨੂੰ ਕਾਪੀ ਸੌਂਪੀ ਜਾਵੇਗੀ।

ਚਾਰ ਮਹੀਨਿਆਂ ਵਿੱਚ ਮਿਲੇਗਾ ਮੁਆਵਜ਼ਾ

ਜਸਟਿਸ ਵਿਨੋਦ ਐੱਸ ਭਾਰਦਵਾਜ ਦੀ ਬੈਂਚ ਨੇ ਕਿਹਾ, "ਕਮੇਟੀਆਂ ਵੱਲੋਂ ਜ਼ਰੂਰੀ ਦਸਤਾਵੇਜ਼ਾਂ ਦੇ ਨਾਲ ਦਾਅਵਾ ਦਾਇਰ ਕਰਨ ਦੀ ਤਰੀਕ ਤੋਂ ਚਾਰ ਮਹੀਨਿਆਂ ਦੇ ਅੰਦਰ-ਅੰਦਰ ਮੁਆਵਜ਼ੇ ਦਾ ਐਲਾਨ ਕੀਤਾ ਜਾਵੇਗਾ।"

ਉਨ੍ਹਾਂ ਕਿਹਾ, "ਸੂਬੇ ਮੁੱਖ ਤੌਰ 'ਤੇ ਮੁਆਵਜ਼ੇ ਦਾ ਭੁਗਤਾਨ ਕਰਨ ਲਈ ਜ਼ਿੰਮੇਵਾਰ ਹੋਣਗੇ ਅਤੇ ਉਨ੍ਹਾਂ ਨੂੰ ਡਿਫਾਲਟਿੰਗ ਏਜੰਸੀਆਂ/ਸਹਾਇਕਾਂ ਜਾਂ ਨਿੱਜੀ ਵਿਅਕਤੀ, ਜੇਕਰ ਕੋਈ ਵੀ ਹੈ, ਤੋਂ ਇਸ ਦੀ ਵਸੂਲੀ ਕਰਨ ਦਾ ਅਧਿਕਾਰ ਹੋਵੇਗਾ।"

ਬੈਂਚ ਨੇ ਨਿਰਦੇਸ਼ ਦਿੱਤਾ ਕਿ ਫ਼ੈਸਲੇ ਦੀਆਂ ਕਾਪੀਆਂ ਪ੍ਰਮੁੱਖ ਸਕੱਤਰ (ਗ੍ਰਹਿ) ਦੇ ਨਾਲ-ਨਾਲ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਪੁਲਿਸ ਡਾਇਰੈਕਟਰ ਜਨਰਲਾਂ ਨੂੰ ਲੋੜੀਂਦੀ ਅਤੇ ਤੁਰੰਤ ਕਾਰਵਾਈ ਅਤੇ ਪਾਲਣਾ ਲਈ ਭੇਜੀਆਂ ਜਾਣ।

ਹਾਈ ਕੋਰਟ ਵਿੱਚ ਅਵਾਰਾ, ਜੰਗਲੀ ਜਾਨਵਰਾਂ ਦੇ ਅਚਾਨਕ ਵਾਹਨ ਦੇ ਅੱਗੇ ਆ ਜਾਣ ਕਾਰਨ ਜ਼ਖ਼ਮੀ ਹੋਣ ਜਾਂ ਮੌਤ ਹੋਣ ਵਾਲੀਆਂ ਘਟਨਾਵਾਂ ਅਤੇ ਹਾਦਸਿਆਂ ਲਈ ਪੀੜਤਾਂ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ੇ ਦੀ ਅਦਾਇਗੀ ਨਾਲ ਸਬੰਧਤ ਪਟੀਸ਼ਨਾਂ ਦੀ ਸੁਣਵਾਈ ਕੀਤੀ ਜਾ ਰਹੀ ਸੀ।

ਕੁੱਤਿਆਂ ਦੇ ਵਧਦੇ ਹਮਲੇ

ਭਾਰਤ ’ਚ ਅਵਾਰਾ ਕੁੱਤਿਆਂ ਦੇ ਹਮਲੇ ਦਿਨੋਂ-ਦਿਨ ਵਧਦੇ ਹੀ ਜਾ ਰਹੇ ਹਨ। ਇੱਕ ਅੰਕੜੇ ਅਨੁਸਾਰ ਭਾਰਤ ’ਚ 6 ਕਰੋੜ ਤੋਂ ਵੀ ਵੱਧ ਅਵਾਰਾ ਕੁੱਤੇ ਹਨ।

ਭਾਰਤ ’ਚ ਹਰ ਸਾਲ 2 ਕਰੋੜ ਲੋਕ ਜਾਨਵਰਾਂ ਵੱਲੋਂ ਕੀਤੇ ਹਮਲਿਆਂ ਦਾ ਸ਼ਿਕਾਰ ਹੁੰਦੇ ਹਨ। ਇਨ੍ਹਾਂ ’ਚੋਂ 92% ਮਾਮਲੇ ਕੁੱਤਿਆਂ ਦੇ ਵੱਢਣ ਦੇ ਹੁੰਦੇ ਹਨ।

ਵਿਸ਼ਵ ਸਿਹਤ ਸੰਗਠਨ ਅਨੁਸਾਰ ਸੰਸਾਰ ਭਰ ’ਚ ਰੇਬੀਜ਼ ਨਾਲ ਹੋਣ ਵਾਲੀਆਂ ਮੌਤਾਂ ’ਚੋਂ 36% ਮੌਤਾਂ ਭਾਰਤ ’ਚ ਹੀ ਹੁੰਦੀਆਂ ਹਨ।

ਇਸ ਦਾ ਮਤਲਬ ਇਹ ਹੈ ਕਿ ਸਾਲਾਨਾ 18,000 ਤੋਂ 20,000 ਲੋਕ ਰੇਬੀਜ਼ ਨਾਲ ਮਰਦੇ ਹਨ।

ਭਾਰਤ ’ਚ ਰੇਬੀਜ਼ ਨਾਲ ਹੋਣ ਵਾਲੀਆਂ 30 ਤੋਂ 60% ਮੌਤਾਂ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀਆਂ ਹੁੰਦੀਆਂ ਹਨ।

ਰੇਬੀਜ਼ ਨਾਲ ਹੋਣ ਵਾਲੀਆ ਮੌਤਾਂ ਨੂੰ ਵੈਕਸੀਨ ਦੀ ਮਦਦ ਨਾਲ ਰੋਕਿਆ ਜਾ ਸਕਦਾ ਹੈ। ਇਹ ਵੈਕਸੀਨ ਹਰ ਜਗ੍ਹਾ ਉਪਲਬਧ ਹੈ।

2030 ਤੱਕ ਰੇਬੀਜ਼ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਜ਼ੀਰੋ ਕਰਨ ਦੇ ਲਈ ਇੱਕ ਯੋਜਨਾ ਤਿਆਰ ਕੀਤੀ ਗਈ ਹੈ।

ਦਿੱਲੀ , ਬੈਂਗਲੁਰੂ , ਮੇਰਠ , ਗੁਰੂਗ੍ਰਾਮ , ਪੰਜਾਬ , ਨੋਇਡਾ , ਮੁੰਬਈ, ਪੁਣੇ, ਬਿਜਨੌਰ ਵਰਗੇ ਕਈ ਸ਼ਹਿਰਾਂ ’ਚੋਂ ਅਵਾਰਾ ਕੁੱਤਿਆਂ ਵੱਲੋਂ ਕੀਤੇ ਹਮਲਿਆਂ ਦੀਆਂ ਵਧੇਰੇ ਖ਼ਬਰਾਂ ਆ ਰਹੀਆਂ ਹਨ।

ਅਵਾਰਾ ਕੁੱਤੇ ਹਮਲਾ ਕਿਉਂ ਕਰਦੇ ਹਨ ?

ਜ਼ਾਹਰ ਹੈ ਕਿ ਮਨੁੱਖ ਅਤੇ ਕੁੱਤੇ ਹਜ਼ਾਰਾਂ ਹੀ ਸਾਲਾਂ ਤੋਂ ਇਕੱਠੇ ਰਹਿੰਦੇ ਰਹੇ ਹਨ।

ਕੁੱਤਿਆਂ ਅਤੇ ਇਨਸਾਨਾਂ ਵਿਚਾਲੇ ਦੋਸਤਾਨਾ ਰਿਸ਼ਤਾ ਹੈ। ਪਰ ਅਵਾਰਾ ਕੁੱਤੇ ਵੱਖਰੇ ਹੁੰਦੇ ਹਨ।

ਅਵਾਰਾ ਕੁੱਤਿਆਂ ਨੂੰ ਭੋਜਨ ਦੀ ਭਾਲ ’ਚ ਇੱਕ ਥਾਂ ਤੋਂ ਦੂਜੀ ਥਾਂ ’ਤੇ ਜਾਣਾ ਪੈਂਦਾ ਹੈ। ਇਸ ਤਰ੍ਹਾਂ ਉਨ੍ਹਾਂ ਦਾ ਸੁਭਾਅ ਬਦਲਦਾ ਰਹਿੰਦਾ ਹੈ।

ਟ੍ਰੈਫਿਕ ਦਾ ਰੌਲਾ, ਸੜਕ ’ਤੇ ਕੂੜਾ ਸੁੱਟਣ ਦੀ ਆਮ ਆਦਤ, ਸੜਕ ’ਤੇ ਚਮਕਦੀਆਂ ਲਾਈਟਾਂ ਆਦਿ ਕੁੱਤਿਆਂ ਨੂੰ ਪ੍ਰਭਾਵਿਤ ਕਰਦੀਆਂ ਹਨ ਅਤੇ ਉਹ ਹਮਲਾਵਰ ਹੋ ਜਾਂਦੇ ਹਨ।

ਇਹ ਅਵਾਰਾ ਕੁੱਤੇ ਅਕਸਰ ਹੀ ਝੁੰਡ ਬਣਾ ਕੇ ਘੁੰਮਦੇ ਹਨ ਅਤੇ ਖ਼ਤਰਨਾਕ ਤੇ ਹਮਲਾਵਰ ਹੋ ਜਾਂਦੇ ਹਨ।

ਅਵਾਰਾ ਕੁੱਤਿਆਂ ਦੇ ਹਮਲਾਵਰ ਹੋਣ ਦਾ ਇਕ ਹੋਰ ਕਾਰਨ ਉਨ੍ਹਾਂ ਨੂੰ ਭੋਜਨ ਖਵਾਉਣ ਵਾਲਿਆਂ ਦੀ ਆਦਤ ਹੈ।

ਕੇਰਲ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਡਾ. ਸ਼ਿਬੂ ਸਾਈਮਨ ਦਾ ਕਹਿਣਾ ਹੈ ਕਿ ਕੁੱਤਿਆਂ ਦੇ ਹਮਲੇ ਦੀ ਹਰ ਘਟਨਾ ਪਿੱਛੇ ਵੱਖ-ਵੱਖ ਕਾਰਨ ਹੋ ਸਕਦੇ ਹਨ।

ਪਰ ਜਦੋਂ ਇਹ ਅਵਾਰਾ ਕੁੱਤੇ ਕੱਚਾ ਮਾਸ ਖਾਂਦੇ ਹਨ ਤਾਂ ਇਸ ਦਾ ਸਵਾਦ ਉਨ੍ਹਾਂ ਦੀ ਜੀਭ ’ਤੇ ਬਣਿਆ ਰਹਿੰਦਾ ਹੈ ਅਤੇ ਉਹ ਬੇਕਾਬੂ ਹੋ ਜਾਂਦੇ ਹਨ।

ਉਨ੍ਹਾਂ ਦਾ ਕਹਿਣਾ ਹੈ, “ਕਈ ਵਾਰ ਕੁੱਤੇ ਕਿਸੇ ਨੂੰ ਡਰਾਉਣ ਲਈ ਵੀ ਹਮਲਾਵਰ ਹੋ ਜਾਂਦੇ ਹਨ। ਉਨ੍ਹਾਂ ਲਈ ਇਹ ਇੱਕ ਖੇਡ ਵਾਂਗ ਹੁੰਦਾ ਹੈ। ਇਸ ਲਈ ਜੇਕਰ ਕੋਈ ਵਿਅਕਤੀ ਕੁੱਤਿਆਂ ਨੂੰ ਵੇਖ ਕੇ ਭੱਜਣ ਲੱਗਦਾ ਹੈ ਤਾਂ ਕੁੱਤੇ ਸਮਝਦੇ ਹਨ ਕਿ ਉਹ ਵਿਅਕਤੀ ਉਨ੍ਹਾਂ ਤੋਂ ਡਰ ਗਿਆ ਹੈ। ਫਿਰ ਉਹ ਵੀ ਉਸ ਵਿਅਕਤੀ ਦੇ ਪਿੱਛੇ ਭੱਜਦੇ ਹਨ। ਕਈ ਵਾਰ ਤਾਂ ਉਹ ਕੱਟ ਵੀ ਦਿੰਦੇ ਹਨ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)