You’re viewing a text-only version of this website that uses less data. View the main version of the website including all images and videos.
ਅਮ੍ਰਿਤਪਾਲ ਦੇ ਸਾਥੀ ਪਪਲਪ੍ਰੀਤ ਸਿੰਘ ਦਾ ਕੀ ਹੈ ਪਿਛੋਕੜ, ਜਿਸ ਨੂੰ ਡਿਬਰੂਗੜ੍ਹ ਤੋਂ ਅਜਨਾਲਾ ਲਿਆ ਕੇ ਰਿਮਾਂਡ 'ਤੇ ਭੇਜਿਆ ਗਿਆ
ਪੰਜਾਬ ਪੁਲਿਸ ਨੇ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅਤੇ ਖ਼ਾਲਿਸਤਾਨੀ ਸਮਰਥਕ ਅਮ੍ਰਿਤਪਾਲ ਸਿੰਘ ਦੇ ਸਾਥੀ ਪਪਲਪ੍ਰੀਤ ਸਿੰਘ ਨੂੰ 4 ਦਿਨਾਂ ਦੇ ਪੁਲਿਸ ਰਿਮਾਂਡ ਉੱਤੇ ਭੇਜ ਦਿੱਤਾ ਹੈ।
ਰਾਸ਼ਟਰੀ ਸੁਰੱਖਿਆ ਐਕਟ (ਐੱਨਐੱਸਏ) ਰੱਦ ਕੀਤੇ ਜਾਣ ਤੋਂ ਬਾਅਦ, ਪਪਲਪ੍ਰੀਤ ਸਿੰਘ ਨੂੰ ਵੀਰਵਾਰ ਦੇਰ ਰਾਤ ਡਿਬਰੂਗੜ੍ਹ ਜੇਲ੍ਹ ਤੋਂ ਪੰਜਾਬ ਵਾਪਸ ਲਿਆਂਦਾ ਗਿਆ ਸੀ।
ਅਜਨਾਲਾ ਦੇ ਡੀਐੱਸਪੀ ਗੁਰਵਿੰਦਰ ਸਿੰਘ ਮੁਤਾਬਕ, ਅਜਨਾਲਾ ਪੁਲਿਸ ਸਟੇਸ਼ਨ 'ਤੇ ਹਮਲੇ ਦੇ ਸਬੰਧ ਵਿੱਚ, ਹੁਣ ਤੱਕ ਕੁੱਲ 41 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਅਦਾਲਤ ਨੇ ਪਪਲਪ੍ਰੀਤ ਸਿੰਘ ਨੂੰ ਚਾਰ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜਿਆ ਹੈ।
ਪਪਲਪ੍ਰੀਤ ਸਿੰਘ ਨੂੰ 10 ਅਪਰੈਲ 2023 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਐੱਨਐੱਸਏ ਤਹਿਤ ਡਿਬਰੂਗੜ੍ਹ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਸੀ।
ਗੁਰਵਿੰਦਰ ਸਿੰਘ ਨੇ ਦੱਸਿਆ ਕਿ ਅਜਨਾਲਾ ਪੁਲਿਸ ਸਟੇਸ਼ਨ ਹਮਲੇ ਵਿੱਚ ਸ਼ਾਮਲ ਲੋਕਾਂ ਨੂੰ ਪੁੱਛਗਿੱਛ ਲਈ ਲਿਆਂਦਾ ਜਾ ਰਿਹਾ ਹੈ ਅਤੇ ਪਪਲਪ੍ਰੀਤ ਤੋਂ ਵੀ ਇਸੇ ਮਾਮਲੇ ਵਿੱਚ ਪੁੱਛ-ਪੜਤਾਲ ਕੀਤੀ ਜਾਵੇਗੀ।
ਉਨ੍ਹਾਂ ਅੱਗੇ ਕਿਹਾ ਕਿ ਜਦੋਂ ਅੰਮ੍ਰਿਤਪਾਲ ਸਿੰਘ ਤੋਂ ਐੱਨਐਸੱਏ ਵੀ ਹਟਾ ਦਿੱਤਾ ਗਿਆ ਉਨ੍ਹਾਂ ਨੂੰ ਵੀ ਅਜਨਾਲਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਪੰਜਾਬ ਪੁਲਿਸ ਨੇ ਇਹ ਦਾਅਵਾ ਕੀਤਾ ਸੀ ਕਿ ਅਮ੍ਰਿਤਪਾਲ ਸਿੰਘ ਦੇ ਫਰਾਰ ਹੋਣ ਦੌਰਾਨ ਉਸ ਲਈ ਠਹਿਰਨ ਦਾ ਪ੍ਰਬੰਧ ਪਪਲਪ੍ਰੀਤ ਸਿੰਘ ਹੀ ਕਰਦਾ ਰਿਹਾ ਹੈ।
2023 ਵਿੱਚ ਪੁਲਿਸ ਵਲੋਂ ਅਮ੍ਰਿਤਪਾਲ ਦੇ ਨਾਲ ਨਾਲ ਪਪਲਪ੍ਰੀਤ ਸਿੰਘ ਦੀ ਵੀ ਕਾਫ਼ੀ ਸਰਗਰਮੀ ਨਾਲ ਭਾਲ਼ ਕੀਤੀ ਜਾ ਰਹੀ ਸੀ।
ਹੁਣ ਜਾਣਦੇ ਹਾਂ ਪਪਲਪ੍ਰੀਤ ਸਿੰਘ ਹੈ ਕੌਣ ਤੇ ਉਨ੍ਹਾਂ ਦਾ ਪਿਛੋਕੜ ਕੀ ਹੈ।
ਪਪਲਪ੍ਰੀਤ ਸਿੰਘ ਦੇ ਵਕੀਲ ਨੇ ਕੀ ਦੱਸਿਆ
ਐਡਵੋਕੇਟ ਹਰਪਾਲ ਸਿੰਘ ਨੇ ਕਿਹਾ,"ਪੁਲਿਸ ਅਤੇ ਸਟੇਟ ਦਾ ਕਹਿਣਾ ਹੈ ਕਿ ਅਸੀਂ ਹਥਿਆਰ ਬਰਾਮਦ ਕਰਨੇ ਹਨ ਅਤੇ ਪੁੱਛਗਿੱਛ ਕਰਨੀ ਹੈ ਕਿ ਹੋਰ ਲੋਕ ਕਿੱਥੇ ਹਨ।"
"ਦੋ ਸਾਲ ਬਾਅਦ ਪਪਲਪ੍ਰੀਤ ਕੋਲ ਅਜਿਹੀ ਜਾਣਕਾਰੀ ਕਿਵੇਂ ਹੋਵੇਗੀ।"
ਉਨ੍ਹਾਂ ਦਾਅਵਾ ਕੀਤਾ ਕਿ ਚਾਰ ਦਿਨਾਂ ਦੇ ਰਿਮਾਂਡ ਵਿੱਚ ਵੀ ਕੋਈ ਨਵੀਂ ਜਾਣਕਾਰੀ ਸਾਹਮਣੇ ਆਉਣ ਦੀ ਉਮੀਦ ਨਹੀਂ ਹੈ।
ਪਪਲਪ੍ਰੀਤ ਸਿੰਘ ਕੌਣ ਹੈ
ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਪਪਲਪ੍ਰੀਤ ਸਿੰਘ ਅੰਮ੍ਰਿਤਸਰ ਦੇ ਪਿੰਡ ਮਰੜੀ ਦੇ ਰਹਿਣ ਵਾਲੇ ਹਨ।
ਆਪਣੇ ਆਪ ਨੂੰ ਇੱਕ ਪੱਤਰਕਾਰ ਦੱਸਣ ਵਾਲੇ ਪਪਲਪ੍ਰੀਤ ਬੀਤੇ ਕੁਝ ਸਾਲਾਂ ਤੋਂ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹੇ ਹਨ।
ਸਿੱਖ ਕਾਰਕੁਨ
ਅਖ਼ਬਾਰ ਇੰਡੀਅਨ ਐਕਸਪ੍ਰੈੱਸ ਵਿੱਚ ਪਪਲਪ੍ਰੀਤ ਸਿੰਘ ਬਾਰੇ ਦਿੱਤੀ ਗਈ ਜਾਣਕਾਰੀ ਮੁਤਾਬਕ ਉਨ੍ਹਾਂ ਨੇ ਕੰਪਿਊਟਰ ਸਾਇੰਸ ਵਿੱਚ ਪੋਸਟ ਗ੍ਰੇਜੂਏਸ਼ਨ ਡਿਪਲੋਮਾ ਕੀਤਾ ਹੈ ਅਤੇ ਇਸ ਤੋਂ ਇਲਾਵਾ ਤਿੰਨ ਸਾਲ ਦਾ ਪੋਲੀਟੈਕਨਿਕ ਡਿਪਲੋਮਾ ਵੀ ਕੀਤਾ ਹੋਇਆ ਹੈ।
ਪਪਲਪ੍ਰੀਤ ਸਾਲ 2017 ਵਿੱਚ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਿੱਚ ਵੀ ਸ਼ਾਮਿਲ ਹੋਏ ਸਨ, ਪਰ ਛੇਤੀ ਹੀ ਪਾਰਟੀ ਤੋਂ ਵੱਖ ਹੋ ਗਏ ਸੀ।
ਪਪਲਪ੍ਰੀਤ ਦੇ ਯੂਟਿਊਬ ਚੈਨਲ 'ਤੇ ਵਧੇਰੇ ਪੋਸਟਾਂ ਸਿੱਖ ਮਸਲਿਆਂ ਨਾਲ ਸਬੰਧਿਤ ਹਨ।
ਪੰਜਾਬ ਪੁਲਿਸ ਦੇ ਰਿਕਾਰਡ 'ਚ ਪਪਲਪ੍ਰੀਤ ਸਿੰਘ
ਪੰਜਾਬ ਪੁਲਿਸ ਵਲੋਂ ਪਪਲਪ੍ਰੀਤ ਸਿੰਘ ਬਾਰੇ ਦਿੱਤੀ ਗਈ ਜਾਣਕਾਰੀ ਮੁਤਾਬਕ ਸ਼ੁਰੂਆਤ ਵਿੱਚ ਉਹ 'ਵਾਰਿਸ ਪੰਜਾਬ ਦੇ' ਜਥੇਬੰਦੀ ਦੀਆਂ ਤਸਵੀਰਾਂ ਖਿੱਚਣ ਦਾ ਕੰਮ ਕਰਦੇ ਸਨ।
ਪੁਲਿਸ ਮੁਤਾਬਕ,"ਇੱਕ ਪੱਤਰਕਾਰ ਵਜੋਂ ਪਪਲਪ੍ਰੀਤ ਸਿੰਘ ਨੇ 'ਵਾਰਿਸ ਪੰਜਾਬ ਦੇ' ਜਥੇਬੰਦੀ, ਆਜ਼ਾਦੀ ਲਈ ਸਿੱਖ ਸੰਘਰਸ਼, ਆਪਰੇਸ਼ਨ ਬਲੂ ਸਟਾਰ ਤੇ ਸਿੱਖ ਭਾਈਚਾਰੇ ਨਾਲ ਸਬੰਧਿਤ ਹੋਰ ਮਸਲਿਆਂ ਬਾਰੇ ਬਿਰਤਾਂਤ ਉਲੀਕਣ ਦੀ ਕੋਸ਼ਿਸ਼ ਕੀਤੀ ਸੀ।''
"ਜਗਤਾਰ ਸਿੰਘ ਉਰਫ਼ ਜੱਗੀ ਜੌਹਲ ਦੀ ਭਾਰਤ ਵਿੱਚ ਗ੍ਰਿਫ਼ਤਾਰੀ ਖ਼ਿਲਾਫ਼ 'ਫ੍ਰੀ ਜੱਗੀ' ਮੁਹਿੰਮ ਪਿੱਛੇ ਪਪਲਪ੍ਰੀਤ ਹੀ ਸੀ।"
ਪਪਲਪ੍ਰੀਤ ਖ਼ਿਲਾਫ਼ ਮਾਮਲੇ
ਬੀਬੀਸੀ ਸਹਿਯੋਗੀ ਰਵਿੰਦਰ ਰੌਬਿਨ ਨੂੰ ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਮਾਮਲੇ ਅੰਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਵਿੱਚ ਦਰਜ ਸਨ।
ਪੁਲਿਸ ਮੁਤਾਬਕ ਅੰਮ੍ਰਿਤਸਰ ਵਿੱਚ ਦਰਜ ਦੋਵੇਂ ਮਾਮਲੇ ਬੰਦ ਹੋ ਚੁੱਕੇ ਹਨ। ਇਨ੍ਹਾਂ ਵਿੱਚ ਪਪਲਪ੍ਰੀਤ ਨੂੰ ਬਰੀ ਕਰ ਦਿੱਤਾ ਗਿਆ ਸੀ।
ਅਕਤੂਬਰ 2009 ਵਿੱਚ ਪਪਲਪ੍ਰੀਤ ਖ਼ਿਲਾਫ਼ ਪੁਲਿਸ ਥਾਣਾ ਸਦਰ ਬਟਾਲਾ ਤਹਿਤ ਇੱਕ ਮਾਮਲਾ ਦਰਜ ਕੀਤਾ ਗਿਆ ਸੀ।
ਬੀਬੀਸੀ ਸਹਿਯੋਗੀ ਗੁਰਪ੍ਰੀਤ ਚਾਵਲਾ ਨੂੰ 2023 ਵਿੱਚ ਸੰਪਰਕ ਕੀਤੇ ਜਾਣ ਉੱਤੇ ਤਤਕਾਲੀ ਐੱਸਪੀ ਬਟਾਲਾ ਗੁਰਪ੍ਰੀਤ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਸੀ ਕਿ ਇਸ ਮਾਮਲੇ ਵਿੱਚ ਕਾਨੂੰਨੀ ਪ੍ਰੀਕ੍ਰਿਆ ਮੁਕੰਮਲ ਹੋ ਚੁੱਕੀ ਹੈ।
ਉਨ੍ਹਾਂ ਦੱਸਿਆ, ''ਇਹ ਮਾਮਲਾ ਸਾਲ 2009 'ਚ ਖੋਖਰ ਪਿੰਡ ਦੇ ਰਹਿਣ ਵਾਲੇ ਜਤਿੰਦਰ ਸਿੰਘ ਦੇ ਖ਼ਿਲਾਫ਼ ਆਈਪੀਸੀ ਧਾਰਾ 420 ਤਹਿਤ ਦਰਜ਼ ਕੀਤਾ ਗਿਆ ਸੀ ਅਤੇ ਇਸ ਵਿੱਚ ਪਪਲਪ੍ਰੀਤ ਸਿੰਘ ਵੀ ਨਾਮਜ਼ਦ ਸੀ।''
''ਦੋਵਾਂ ਖ਼ਿਲਾਫ਼ ਨਜਾਇਜ਼ ਮੋਬਾਈਲ ਫ਼ੋਨ ਸਿਮ ਖ਼ਰੀਦਕੇ ਸਮਾਜ ਵਿਰੋਧੀ ਅਨਸਰਾਂ ਨੂੰ ਮੁੱਹਈਆ ਕਰਵਾਉਣ ਦੇ ਇਲਜ਼ਾਮ ਸਨ।''
ਗੁਰਪ੍ਰੀਤ ਸਿੰਘ ਮੁਤਾਬਕ ਇਸ ਮਾਮਲੇ ਚ ਪਪਲਪ੍ਰੀਤ ਸਿੰਘ ਬਰੀ ਹੋ ਚੁੱਕਾ ਹੈ |
ਪਪਲਪ੍ਰੀਤ ਸਿੰਘ ਦਾ ਯੂਟਿਊਬ ਚੈਨਲ
ਪਪਲਪ੍ਰੀਤ ਨੇ 30 ਮਈ, 2014 ਨੂੰ ਆਪਣੇ ਹੀ ਨਾਮ 'ਤੇ ਇੱਕ ਯੂ-ਟਿਊਬ ਚੈਨਲ ਸ਼ੁਰੂ ਕੀਤਾ ਸੀ।
ਇਸ ਉੱਤੇ ਆਖ਼ਰੀ ਵੀਡੀਓ 31 ਜਨਵਰੀ, 2023 ਨੂੰ ਅਪਲੋਡ ਕੀਤੀ ਗਈ ਸੀ।
ਇਸ ਚੈਨਲ ਦੀ ਡਿਸਕ੍ਰਿਪਸ਼ਨ ਵਿੱਚ ਉਨ੍ਹਾਂ ਨੇ ਆਪਣੀ ਪਛਾਣ ਮਹਿਜ਼ ਦੋ ਸ਼ਬਦਾਂ 'ਸਿੱਖ ਐਕਟੀਵਿਸਟ' ਯਾਨੀ ਸਿੱਖ ਕਾਰਕੁਨ ਲਿਖਕੇ ਕਰਵਾਈ ਹੈ।
ਪਪਲਪ੍ਰੀਤ ਵੱਲੋਂ ਇਸ ਚੈਨਲ ਉੱਤੇ ਪ੍ਰਮੁੱਖ ਤੌਰ 'ਤੇ ਸਿੱਖ ਮਸਲਿਆਂ ਨਾਲ ਸਬੰਧਿਤ ਵੀਡੀਓਜ਼ ਪਾਈਆਂ ਗਈਆਂ ਹਨ।
ਇਸੇ ਚੈਨਲ ਉੱਤੇ 1984 ਦੇ ਬਲੂ ਸਟਾਰ ਆਪਰੇਸ਼ਨ ਬਾਰੇ ਵੱਖ-ਵੱਖ ਚਸ਼ਮਦੀਦਾਂ ਨਾਲ ਗੱਲਬਾਤ ਤੋਂ ਇਲਾਵਾ ਕੁਝ ਇਤਿਹਾਸਿਕ ਗੁਰਦੁਆਰਿਆਂ ਦੇ ਵੀਡੀਓਜ਼ ਵੀ ਮੌਜੂਦ ਹਨ।
ਪਪਲਪ੍ਰੀਤ ਸਿੰਘ ਨੇ ਆਪਣੇ ਦਰਸ਼ਕਾਂ ਨਾਲ ਸਿੱਖ ਸਟੂਡੈਂਟ ਫ਼ੈਡਰੇਸ਼ਨ ਦੀ ਹੋਂਦ ਤੇ ਇਸਦੇ ਉਭਾਰ ਬਾਰੇ ਵੀ ਗੱਲ ਕੀਤੀ ਹੈ।
ਪਪਲਪ੍ਰੀਤ ਦੀਆਂ ਕੁਝ ਪੁਰਾਣੀਆਂ ਵੀਡੀਓਜ਼ ਮਰਹੂਮ ਦੀਪ ਸਿੱਧੂ ਦੇ ਸਮਰਥਨ ਵਿੱਚ ਅਤੇ ਪੰਜਾਬੀ ਭਾਸ਼ਾ ਨੂੰ ਉਤਸ਼ਾਹਿਤ ਕਰਨ ਬਾਰੇ ਹਨ।
ਉਨ੍ਹਾਂ ਇੱਕ ਵੀਡੀਓ ਵਿੱਚ ਮਰਹੂਮ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦੀ ਆਲੋਚਨਾ ਵੀ ਕੀਤੀ ਹੈ।
ਉਨ੍ਹਾਂ ਨੇ ਅਮ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ ਕੱਢੀ ਗਈ ਖ਼ਾਲਸਾ ਵਹੀਰ ਨੂੰ ਵੀ ਕਵਰ ਕੀਤਾ ਸੀ ਜਿਸ ਦੇ ਕਈ ਵੀਡੀਓਜ਼ ਇਸ ਚੈਨਲ ਉੱਤੇ ਦੇਖੇ ਜਾ ਸਕਦੇ ਹਨ।
ਖਾਲਸਾ ਵਹੀਰ ਦੌਰਾਨ ਪਪਲਪ੍ਰੀਤ ਨੇ ਅਮ੍ਰਿਤਪਾਲ ਦੇ ਸਮਰਥਕਾਂ ਨਾਲ ਵੀ ਗੱਲ ਕੀਤੀ ਹੋਈ ਹੈ ਜੋ ਕਿ ਅਮ੍ਰਿਤਪਾਲ ਦਾ ਅਕਸ ਬਿਹਤਰ ਬਣਾਉਣ ਦੀ ਇੱਕ ਕੋਸ਼ਿਸ਼ ਵਜੋਂ ਨਜ਼ਰ ਆਉਂਦੀ ਹੈ।
ਇਸੇ ਚੈਨਲ ਉੱਤੇ ਇੱਕ ਪ੍ਰੋਗਰਾਮ 'ਸਿੱਖ ਵਿਚਾਰ ਚਰਚਾ' ਪ੍ਰਕਾਸ਼ਿਤ ਕੀਤਾ ਗਿਆ ਹੈ।
ਜਿਸ ਵਿੱਚ ਅਮ੍ਰਿਤਪਾਲ ਸਿੰਘ ਵੱਲੋਂ ਆਪਣੇ ਵਿਚਾਰ ਰੱਖੇ ਗਏ ਹਨ। ਇਸ ਪ੍ਰੋਗਰਾਮ ਵਿੱਚ ਪਪਲਪ੍ਰੀਤ ਨੂੰ ਵੀ ਅਮ੍ਰਿਤਪਾਲ ਸਿੰਘ ਨਾਲ ਦੇਖਿਆ ਜਾ ਸਕਦਾ ਹੈ।
ਪਪਲਪ੍ਰੀਤ ਦੇ ਇਸ ਚੈਨਲ ਉੱਤੇ ਕੁੱਲ 30.6 ਹਜ਼ਾਰ ਤੋਂ ਵੱਧ ਸਬਸਕ੍ਰਾਈਬਰ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ