You’re viewing a text-only version of this website that uses less data. View the main version of the website including all images and videos.
ਸੁਪਰੀਮ ਕੋਰਟ ਤੋਂ ਇਮਰਾਨ ਖ਼ਾਨ ਨੂੰ ਰਾਹਤ, ਅਦਾਲਤ ਨੇ ਗ੍ਰਿਫ਼ਤਾਰੀ ਨੂੰ ਗ਼ੈਰ-ਕਾਨੂੰਨੀ ਕਰਾਰ ਦਿੱਤਾ
ਪਾਕਿਸਤਾਨ ਦੇ ਸੁਪਰੀਮ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਗ੍ਰਿਫ਼ਤਾਰੀ ਨੂੰ ਗ਼ੈਰ -ਕਾਨੂੰਨੀ ਕਰਾਰ ਦਿੱਤਾ ਹੈ ਤੇ ਉਨ੍ਹਾਂ ਦੀ ਰਿਹਾਈ ਦੇ ਹੁਕਮ ਦਿੱਤੇ ਹਨ।
ਅਦਾਲਤ ਨੇ ਇਮਰਾਨ ਖ਼ਾਨ ਨੂੰ ਹਾਈ ਕੋਰਟ ਜਾਣ ਲਈ ਕਿਹਾ ਹੈ ਤੇ ਕਿਹਾ ਹੈ ਕਿ ਅਦਾਲਤ ਵੱਲੋਂ ਸੁਣਾਏ ਗਏ ਫੈਸਲੇ ਨੂੰ ਮੰਨਿਆ ਜਾਵੇ।
ਸ਼ੁੱਕਰਵਾਰ ਸਵੇਰੇ ਉਨ੍ਹਾਂ ਨੂੰ ਹਾਈ ਕੋਰਟ ਅੱਗੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਇਮਰਾਨ ਖ਼ਾਨ 10 ਲੋਕਾਂ ਸਣੇ ਆਪਣੇ ਪਰਿਵਾਰ ਨੂੰ ਮਿਲ ਸਕਦੇ ਹਨ।
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਚੇਅਰਮੈਨ ਇਮਰਾਨ ਖਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਮੁਲਕ ਵਿੱਚ ਮਾਹੌਲ ਤਣਾਅ ਵਾਲਾ ਰਿਹਾ ਹੈ।
ਇਮਰਾਨ ਖਾਨ ਨੂੰ ਅਲ-ਕਾਦਰ ਟਰੱਸਟ ਮਾਮਲੇ ਵਿੱਚ ਨੈਸ਼ਨਲ ਅਕਾਊਂਟੇਬਿਲਟੀ ਬਿਊਰੋ ਨੇ ਇਸਲਾਮਾਬਾਦ ਅਦਾਲਤੀ ਕੰਪਲੈਕਸ ਵਿੱਚੋਂ ਗ੍ਰਿਫ਼ਤਾਰ ਕਰ ਲਿਆ ਸੀ।
ਇਮਰਾਨ ਖਾਨ ਕਿਸੇ ਹੋਰ ਕੇਸ ਦੇ ਮਾਮਲੇ ਵਿੱਚ ਅਦਾਲਤ ਵਿੱਚ ਪੇਸ਼ ਹੋਏ ਸਨ, ਜਿਸ ਵੇਲੇ ਉਹ ਅਦਾਲਤੀ ਕੰਪਲੈਕਸ ਵਿੱਚ ਬਾਇਓਮੀਟ੍ਰਿਕ ਕਰਵਾ ਰਹੇ ਹਨ, ਉਦੋਂ ਪਾਕਿਸਤਾਨ ਰੇਂਜਰਜ਼ ਨੇ ਮੰਗਲਵਾਰ ਬਾਅਦ ਦੁਪਹਿਰ ਉਨ੍ਹਾਂ ਨੂੰ ਇਸ ਦਫ਼ਤਰ ਦੇ ਸ਼ੀਸ਼ੇ ਅਤੇ ਦਰਵਾਜੇ ਭੰਨ ਕੇ ਚੁੱਕ ਲਿਆ।
ਇਸ ਗ੍ਰਿਫ਼ਤਾਰੀ ਤੋਂ ਬਾਅਦ ਪੂਰੇ ਮੁਲਕ, ਖਾਸਕਰ ਲਾਹੌਰ ਵਿੱਚ ਹਿੰਸਕ ਮੁਜ਼ਾਹਰੇ ਹੋ ਰਹੇ ਹਨ। ਹੁਣ ਤੱਕ ਇਨ੍ਹਾਂ ਮੁਜ਼ਾਹਰਿਆਂ ਵਿੱਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਿਸ ਵਿੱਚ 7 ਖ਼ੈਬਰਪਖਤੂਨਖਾ, 2 ਪੰਜਾਬ ਅਤੇ ਇੱਕ ਬਲੋਚਿਸਤਾਨ ਤੋਂ ਹੈ।
ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕੀ ਕਿਹਾ ਸੀ
ਇਮਰਾਨ ਖ਼ਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਬੁੱਧਵਾਰ ਨੂੰ ਪਹਿਲੀ ਵਾਰ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਦੇਸ਼ ਨੂੰ ਸੰਬੋਧਨ ਕੀਤਾ ਸੀ।
ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਕਿਹਾ, "ਪਾਕਿਸਤਾਨ ਦਾ ਸਿਆਸੀ ਇਤਿਹਾਸ ਬਹੁਤ ਤਲਖ਼ ਰਿਹਾ ਹੈ। ਸਿਆਸੀ ਦਲਾਂ ਨੇ ਇਤਿਹਾਸ ਤੋਂ ਸਬਕ ਸਿੱਖਿਆ ਹੈ ਅਤੇ ਸਿਆਸੀ ਇੰਤੇਕਾਮ ਨੂੰ ਦਫ਼ਨ ਕਰ ਕੇ ਨਵਾਂ ਇਤਿਹਾਸ ਲਿਖਿਆ ਹੈ। ਇਸ ਨੂੰ ਲੋਕਤੰਤਰ ਕਹਿੰਦੇ ਹਨ।"
"ਜਦੋਂ ਅਸੀਂ 11 ਅਪ੍ਰੈਲ ਨੂੰ ਸਰਕਾਰ ਦੀ ਜ਼ਿੰਮੇਵਾਰੀ ਸੰਭਾਲੀ ਸੀ, ਤਾਂ ਅਸੀਂ ਉਹ ਬਦਨੁਮਾ ਅਤੇ ਦਮਨਕਾਰੀ ਤਰੀਕਾ ਨਹੀਂ ਅਪਣਾਇਆ ਸੀ ਜੋ ਇਮਰਾਨ ਨਿਆਜ਼ੀ ਨੇ ਆਪਣੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਸਿਆਸੀ ਵਿਰੋਧੀਆਂ ਵਿਰੁੱਧ ਅਪਣਾਇਆ ਸੀ।"
ਉਨ੍ਹਾਂ ਨੇ ਕਿਹਾ, "ਸਰਕਾਰੀ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਉਣਾ ਦਹਿਸ਼ਗਰਦੀ ਹੈ। ਇਹ ਯਾਦ ਰੱਖਣਾ ਚਾਹੀਦਾ ਹੈ ਕਿ ਕਾਨੂੰਨ ਦੇ ਸਾਹਮਣੇ ਤਾਕਤਵਰ ਅਤੇ ਕਮਜ਼ੋਰ ਸਾਰੇ ਬਰਾਬਰ ਹਨ।"
"ਅਸੀਂ ਇਮਰਾਨ ਖ਼ਾਨ ਦੀ ਗ੍ਰਿਫ਼ਤਾਰੀ 'ਤੇ ਖੁਸ਼ੀ ਦਾ ਇਜ਼ਹਾਰ ਨਹੀਂ ਕਰ ਸਕਦੇ। ਇਹ ਜ਼ਿੰਦਗੀ ਦਾ ਇੱਕ ਸਖ਼ਤ ਦੌਰ ਹੁੰਦਾ ਹੈ, ਜਿਸ ਵਿੱਚੋਂ ਅਸੀਂ ਕਈ ਵਾਰ ਲੰਘੇ ਹਾਂ।"
"ਇਸਲਾਮਾਬਾਦ ਹਾਈ ਕੋਰਟ ਨੇ ਇਮਰਾਨ ਨਿਆਜ਼ੀ ਦੀ ਗ੍ਰਿਫਤਾਰੀ ਦਾ ਨੋਟਿਸ ਲਿਆ ਹੈ ਅਤੇ ਆਪਣੇ ਫ਼ੈਸਲੇ ਵਿੱਚ ਇਸਨੂੰ ਕਾਨੂੰਨੀ ਕਰਾਰ ਦਿੱਤਾ ਹੈ।"
ਮੰਗਲਵਾਰ ਨੂੰ ਹੋਈ ਹਿੰਸਾ ਵੱਲ ਇਸ਼ਾਰਾ ਕਰਦਿਆਂ ਸ਼ਰੀਫ਼ ਨੇ ਕਿਹਾ, "ਅੱਖਾਂ ਨੇ ਪਾਕਿਸਤਾਨ ਦੇ 75 ਸਾਲ ਦੇ ਇਤਿਹਾਸ ਵਿੱਚ ਅਜਿਹੇ ਮੰਜ਼ਰ ਕਦੇ ਨਹੀਂ ਦੇਖੇ ਸੀ। ਲੋਕਾਂ ਨੂੰ ਐਂਬੂਲੈਂਸ ਵਿੱਚੋਂ ਕੱਢ ਕੇ ਗੱਡੀਆਂ ਨੂੰ ਅੱਗ ਲਗਾ ਦਿੱਤੀ ਗਈ। ਨਿੱਜੀ ਗੱਡੀਆਂ ਨੂੰ ਸਾੜ ਦਿੱਤਾ ਗਿਆ। ਸਰਕਾਰੀ ਜਾਇਦਾਦ 'ਤੇ ਦੁਸ਼ਮਣ ਵਾਂਗ ਹਮਲੇ ਕੀਤੇ ਗਏ।"
"75 ਸਾਲਾਂ ਵਿੱਚ ਪਾਕਿਸਤਾਨ ਦੇ ਦੁਸ਼ਮਣ ਨੇ ਜੋ ਕੰਮ ਕਰਨ ਦੀ ਜ਼ੁਰਤ ਨਹੀਂ ਕੀਤੀ ਉਹ ਇਨ੍ਹਾਂ ਦਹਿਸ਼ਗਰਦਾਂ ਅਤੇ ਮੁਲਕ ਦੇ ਦੁਸ਼ਮਣਾਂ ਦੇ ਕਰ ਦਿਖਾਇਆ।"
ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਸੀ ਕਿ ਐੱਨਏਬੀ ਵਿੱਚ ਜੋ ਕਾਨੂੰਨੀ ਬਦਲਾਅ ਕੀਤੇ ਗਏ ਉਨ੍ਹਾਂ ਦੇ ਪਹਿਲੇ ਲਾਭਪਾਤਰੀ ਇਮਰਾਨ ਹੀ ਹਨ। ਇਸ ਤੋਂ ਪਹਿਲਾਂ ਏਜੰਸੀ ਕਿਸੇ ਨੂੰ 60 ਦਿਨਾਂ ਤੱਕ ਰਿਮਾਂਡ 'ਤੇ ਲੈ ਸਕਦੀ ਸੀ।
ਪਾਕਿਸਤਾਨ ਫੌਜ ਨੇ ਕਿਹਾ, ਕਿਸੇ ਵੀ ਤਰ੍ਹਾਂ ਦੇ ਹਮਲੇ ਦਾ ਸਖ਼ਤ ਜਵਾਬ ਦਿੱਤਾ ਜਾਵੇਗਾ
ਇਮਰਾਨ ਖ਼ਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਬੁੱਧਵਾਰ ਨੂੰ ਫੌਜ ਦੇ ਲੋਕ ਸੰਪਰਕ ਵਿਭਾਗ ਵੱਲੋਂ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਸੀ ਕਿ 9 ਮਈ ਦਾ ਦਿਨ ਕਾਲੇ ਅਧਿਆਏ ਵਜੋਂ ਯਾਦ ਕੀਤਾ ਜਾਵੇਗਾ।
ਆਪਣੇ ਬਿਆਨ ਵਿੱਚ ਫੌਜ ਨੇ ਕਿਹਾ ਸੀ, "ਇੱਕ ਪਾਸੇ ਇਹ ਸਮਾਜ ਵਿਰੋਧੀ ਅਨਸਰ ਆਪਣੇ ਸੀਮਤ ਅਤੇ ਸੁਆਰਥੀ ਟੀਚਿਆਂ ਦੀ ਪੂਰਤੀ ਲਈ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਉਂਦੇ ਹਨ, ਦੂਜੇ ਪਾਸੇ ਜਨਤਾ ਦੀਆਂ ਅੱਖਾਂ ਵਿੱਚ ਧੂੜ ਪਾਉਂਦੇ ਹੋਏ ਦੇਸ਼ ਲਈ ਫੌਜ ਦੀ ਮਹੱਤਤਾ ਨੂੰ ਉਜਾਗਰ ਕਰਦੇ ਨਹੀਂ ਥੱਕਦੇ।"
"ਇਹ ਪਾਖੰਡ ਦੀ ਮਿਸਾਲ ਹੈ। ਜੋ ਦੇਸ਼ ਦੇ ਦੁਸ਼ਮਣ 75 ਸਾਲਾਂ ਤੋਂ ਨਹੀਂ ਕਰ ਸਕੇ, ਸੱਤਾ ਦੇ ਲਾਲਚ ਵਿੱਚ ਸਿਆਸੀ ਲਿਬਾਸ ਪਾ ਕੇ ਇਸ ਸਮੂਹ ਨੇ ਕਰ ਵਿਖਾਇਆ ਹੈ।"
"ਫ਼ੌਜ ਨੇ ਆਪਣੀ ਸਾਖ ਦੀ ਪਰਵਾਹ ਕੀਤੇ ਬਿਨਾਂ ਦੇਸ਼ ਦੇ ਵਡੇਰੇ ਹਿੱਤ ਵਿੱਚ ਬਹੁਤ ਧੀਰਜ ਅਤੇ ਸੰਜਮ ਦਿਖਾਇਆ ਹੈ। ਉਨ੍ਹਾਂ ਨੇ ਫੌਜ ਨੂੰ ਪ੍ਰਤੀਕਿਰਿਆ ਕਰਨ ਲਈ ਉਕਸਾਇਆ ਤਾਂ ਜੋ ਉਹ ਉਸ ਪ੍ਰਤੀਕਿਰਿਆ ਨੂੰ ਆਪਣੇ ਨਾਪਾਕ ਰਾਜਨੀਤਿਕ ਉਦੇਸ਼ਾਂ ਲਈ ਵਰਤ ਸਕਣ। ਪਰ ਫੌਜ ਦੇ ਪਰਿਪੱਕ ਜਵਾਬ ਨੇ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ।"
"ਸਾਰੀਆਂ ਕਾਨੂੰਨੀ ਏਜੰਸੀਆਂ, ਫੌਜ ਅਤੇ ਰਾਜ ਦੇ ਅਦਾਰਿਆਂ ਅਤੇ ਜਾਇਦਾਦਾਂ ਸਣੇ ਫੌਜ 'ਤੇ ਕਿਸੇ ਵੀ ਹਮਲੇ ਦਾ ਉਸ ਸਮੂਹ ਦੁਆਰਾ ਸਖ਼ਤ ਜਵਾਬ ਦਿੱਤਾ ਜਾਵੇਗਾ ਜੋ ਪਾਕਿਸਤਾਨ ਨੂੰ ਘਰੇਲੂ ਯੁੱਧ ਵਿੱਚ ਧੱਕਣਾ ਚਾਹੁੰਦਾ ਹੈ ਅਤੇ ਵਾਰ-ਵਾਰ ਰਾਜ 'ਤੇ ਹਮਲੇ ਕਰ ਰਿਹਾ ਹੈ।"
"ਕਿਸੇ ਨੂੰ ਵੀ ਲੋਕਾਂ ਨੂੰ ਭੜਕਾਉਣ ਅਤੇ ਕਾਨੂੰਨ ਉਨ੍ਹਾਂ ਦੇ ਆਪਣੇ ਹੱਥਾਂ ਵਿੱਚ ਲੈਣ ਦੀ ਇਜਾਜ਼ਤ ਨਹੀਂ ਹੈ।"
ਆਓ 10 ਨੁਕਤਿਆਂ ਰਾਹੀਂ ਸਮਝੀਏ ਮੁਲਕ ਦੇ ਤਾਜ਼ਾ ਹਾਲਾਤ ਕੀ ਹਨ
ਇਮਰਾਨ ਖ਼ਾਨ ਕਿੱਥੇ ਹਨ
- ਪਾਕਿਸਤਾਨ ਦੀ ਕੇਂਦਰੀ ਸਰਕਾਰ ਨੇ ਇਸਲਾਮਾਬਾਦ ਪੁਲਿਸ ਲਾਇਨ ਮੁੱਖ ਦਫ਼ਤਰ ਨੂੰ ਸਬ ਜੇਲ੍ਹ ਐਲਾਨ ਕੇ ਮੁਲਕ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਬੀਤੀ ਰਾਤ ਇੱਥੇ ਪਹੁੰਚਾ ਦਿੱਤਾ ਸੀ।
- ਇਮਰਾਨ ਖਾਨ ਦੀ ਪਾਰਟੀ ਤਹਰੀਕ-ਏ-ਇਨਸਾਫ਼ ਵਲੋਂ ਸਾਂਝਾ ਕੀਤੇ ਗਏ ਸਰਕਾਰੀ ਨੋਟੀਫਿਕੇਸ਼ਨ ਮੁਤਾਬਕ ਇਸੇ ਪੁਲਿਸ ਲਾਇਨ ਦੇ ਗੈਸਟ ਹਾਊਸ ਨੂੰ ਅਕਾਊਂਟੇਬਿਲਟੀ ਕੋਰਟ (ਐੱਨਏਸੀ) ਵਿੱਚ ਬਦਲ ਦਿੱਤਾ ਗਿਆ ਹੈ।
- ਬੀਬੀਸੀ ਪੱਤਰਕਾਰ ਸ਼ੁਮਾਇਲਾ ਜਾਫ਼ਰੀ ਮੁਤਾਬਕ ਨੈਸ਼ਨਲ ਅਕਾਊਟੇਬਿਲਟੀ ਬਿਊਰੋ (ਐੱਨਏਬੀ) ਇਮਰਾਨ ਖਾਨ ਨੂੰ ਇੱਥੇ ਹੀ ਪੇਸ਼ ਕਰਕੇ 14 ਦਿਨਾਂ ਦਾ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ ਕਰੇਗੀ।
- ਇਸ ਤੋਂ ਪਹਿਲਾਂ ਇਸਲਾਮਾਬਾਦ ਹਾਈ ਕੋਰਟ, ਜਿੱਥੇ ਪੇਸ਼ੀ ਦੌਰਾਨ ਇਮਰਾਨ ਖਾਨ ਨੂੰ ਪਾਕਿਸਤਾਨੀ ਰੇਜ਼ਰਜ਼ ਨੇ ਚੁੱਕਿਆ ਸੀ, ਨੇ ਇਸ ਗ੍ਰਿਫ਼ਤਾਰੀ ਨੂੰ ਕਾਨੂੰਨੀ ਤੌਰ ਉੱਤੇ ਜਾਇਜ਼ ਠਹਿਰਾਇਆ ਹੈ। ਹਾਈ ਕੋਰਟ ਦੇ ਇਸ ਫੈਸਲੇ ਨੂੰ ਪੀਟੀਆਈ ਦੇ ਆਗੂ ਅਤੇ ਸਾਬਕਾ ਮੰਤਰੀ ਫੱਵਾਦ ਚੌਧਰੀ ਨੇ ਹੈਰਾਨੀਜਨਕ ਦੱਸਿਆ ਹੈ। ਪਾਰਟੀ ਨੇ ਇਸ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਣ ਦੀ ਗੱਲ ਕਹੀ ਹੈ।
ਪਾਕਿਸਤਾਨ ਦੇ ਕੀ ਹਾਲਾਤ
- ਉੱਧਰ ਦੇਰ ਰਾਤ ਲਾਹੌਰ ਸਣੇ ਕਈ ਥਾਵਾਂ ਉੱਤੇ ਇਮਰਾਨ ਖਾਨ ਦੀ ਗ੍ਰਿਫ਼ਤਾਰੀ ਖਿਲਾਫ਼ ਹਿੰਸਕ ਮੁਜ਼ਾਹਰੇ ਜਾਰੀ ਸਨ, ਪੀਟੀਆਈ ਕਾਰਕੁਨਾਂ ਨੇ ਲਿਬਰਟੀ ਵਿੱਚ ਅਸਕਰੀ ਟਾਵਰ ਨੂੰ ਅੱਗ ਲਗਾ ਦਿੱਤੀ। ਇਸ ਇਮਾਰਤ ਵਿੱਚ ਔਡੀ ਗੱਡੀਆਂ ਦੀ ਏਜੰਸੀ ਸੀ, ਭੜਕੇ ਲੋਕਾਂ ਨੇ ਵਾਹਨਾਂ ਨੂੰ ਅੱਗ ਲਾ ਦਿੱਤੀ। ਇਸ ਨਾਲ -ਨਾਲ ਲਾਹੌਰ ਵਿੱਚ ਮੁਸਲਿਮ ਲੀਗ ਐੱਨ( ਸ਼ਰੀਫ਼ ਭਰਾਵਾਂ ਦੀ ਪਾਰਟੀ) ਦੇ ਪਾਰਟੀ ਦਫ਼ਤਰ ਦੀ ਵੀ ਭੰਨਤੋੜ ਕੀਤੀ ਗਈ ਹੈ।
- ਪੀਟੀਆਈ ਵਰਕਰਾਂ ਨੇ ਸਵਾਤ ਚਾਕਦਾ ਮੋਟਰਵੇਅ ਉੱਤੇ ਟੋਲ ਪਲਾਜਾ ਨੂੰ ਫੂਕ ਸੁੱਟਿਆ।
- ਪੀਟੀਆਈ ਦੇ ਲੀਡਰਸ਼ਿਪ ਨੇ ਇੱਕ ਐਮਰਜੈਂਸੀ ਬੈਠਕ ਬੁਲਾ ਕੇ ਆਪਣੇ ਚੇਅਰਮੈਨ ਦੀ ਗ੍ਰਿਫ਼ਤਾਰੀ ਨੂੰ ਗੈਰਕਾਨੂੰਨੀ ਕਰਾਰ ਦਿੱਤਾ ਹੈ ਅਤੇ ਇਸ ਖਿਲਾਫ਼ ਨਿੰਦਾ ਮਤਾ ਪਾਸ ਕੀਤਾ ਹੈ। ਪਾਰਟੀ ਨੇ ਐਲਾਨ ਕੀਤਾ ਹੈ ਕਿ ਇਮਰਾਨ ਖਾਨ ਦੀ ਰਿਹਾਈ ਤੱਕ ‘‘ਸ਼ਾਂਤਮਈ’’ ਰੋਸ ਮੁਜਾਹਰੇ ਜਾਰੀ ਰਹਿਣਗੇ। ਵਰਕਰਾਂ ਨੂੰ ਇਸਲਾਮਾਬਾਦ ਕੋਰਟ ਅੱਗੇ ਇਕੱਠੇ ਹੋਣ ਦਾ ਸੱਦਾ ਦਿੱਤਾ ਜਾ ਰਿਹਾ ਹੈ।
- ਸੁਰੱਖਿਆ ਦੇ ਹਰ ਪਾਸੇ ਪੁਖ਼ਤਾ ਇੰਤਜਾਮ ਕੀਤੇ ਗਏ ਹਨ , ਦੇਸ ਭਰ ਵਿੱਚ ਮੋਬਾਈਲ ਬਰੌਡਬੈਂਡ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਕੁਝ ਹੱਦ ਤੱਕ ਮੁਅੱਤਲ ਕਰ ਦਿੱਤਾ ਗਿਆ ਹੈ। ਵੱਖ ਵੱਖ ਸ਼ਹਿਰਾਂ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।
- ਸਕੂਲ ਅਤੇ ਕਾਲਜ ਪੱਧਰ ਦੇ ਵਿੱਦਿਅਕ ਅਦਾਰੇ ਬੰਦ ਕਰ ਦਿੱਤੇ ਗਏ ਹਨ, ਆਈਲੈੱਟਸ ਦੀ ਪ੍ਰੀਖਿਆ ਵੀ ਮੁਲਤਵੀ ਕੀਤੀ ਗਈ ਹੈ।
- ਸਰਕਾਰ ਨੇ ਹਿੰਸਕ ਮੁਜਾਹਰਿਆਂ ਵਿੱਚ ਸਾਮਲ ਲੋਕਾਂ ਖਿਲਾਫ਼ ਸਖ਼ਤੀ ਨਾਲ ਨਜਿੱਠਣ ਦੀ ਗੱਲ ਰਹੀ ਹੈ।
60 ਅਰਬ ਪਾਕ ਰੁਪਏ ਦਾ ‘ਗਬਨ’ ਕੀ ਹੈ
9 ਮਈ ਨੂੰ ਇਮਰਾਨ ਖ਼ਾਨ ਦੀ ਗ੍ਰਿਫਤਾਰੀ ਅਲ-ਕਾਦਿਰ ਟਰੱਸਟ ਕੇਸ ਵਿੱਚ ਹੋਈ। ਜਿਸ ਮਗਰੋਂ ਪਾਕਿਸਤਾਨ ਦੇ ਵੱਖ-ਵੱਖ ਹਿੱਸਿਆਂ ਵਿੱਚ ਕਾਫੀ ਹਿੰਸਾ ਵੀ ਹੋ ਰਹੀ ਹੈ।
ਅਲ-ਕਾਦਿਰ ਟਰੱਸਟ ਕੇਸ ਦੀ ਕਹਾਣੀ ਸ਼ੁਰੂ ਹੁੰਦੀ ਹੈ, ਦਸੰਬਰ 2019 ’ਚ, ਜਦੋਂ ਯੂਕੇ ਦੀ ਨੈਸ਼ਨਲ ਕ੍ਰਾਈਮ ਏਜੰਸੀ ਨੇ ਵੱਡੇ ਜਾਇਦਾਦ ਕਾਰੋਬਾਰੀ ਮਲਿਕ ਰਿਆਜ਼ ਤੋਂ 190 ਮਿਲੀਅਨ ਪਾਉਂਡ ਦੀ ਰਕਮ ਜ਼ਬਤ ਕੀਤੀ।
ਇਹ ਰਕਮ ਤਕਰੀਬਨ 60 ਅਰਬ ਪਾਕਿਸਤਾਨੀ ਰੁਪਏ ਦੀ ਬਣਦੀ ਹੈ। ਉਨ੍ਹਾਂ ਨੇ ਇਹ ਰਕਮ ਪਾਕਿਸਤਾਨ ਹਕੂਮਤ ਦੇ ਅਕਾਊਂਟ ’ਚ ਭੇਜੀ।
ਉਸ ਵੇਲੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਸਨ ਅਤੇ ਮਲਿਕ ਰਿਆਜ਼ ਨੂੰ ਬਹਰਿਆ ਟਾਊਨ ਕਰਾਚੀ ਮਾਮਲੇ ’ਚ 460 ਰੁਪਏ ਅਰਬ ਜੁਰਮਾਨਾ ਲਗਾਇਆ ਗਿਆ ਸੀ।
ਇਮਰਾਨ ਖ਼ਾਨ ਦੀ ਹਕੂਮਤ ’ਤੇ ਇਲਜ਼ਾਮ ਇਹ ਹਨ ਕਿ ਉਨ੍ਹਾਂ ਨੇ ਯੂਕੇ ਤੋਂ ਮਿਲਣ ਵਾਲੇ 50 ਅਰਬ ਰੁਪਏ ਨੂੰ ਕੌਮੀ ਖਜ਼ਾਨੇ ’ਚ ਜਮਾ ਨਹੀਂ ਕਰਵਾਇਆ ਬਲਕਿ ਉਨ੍ਹਾਂ ਨੇ ਇਨ੍ਹਾਂ ਪੈਸਿਆਂ ਨੂੰ ਉਸ ਜੁਰਮਾਨੇ ’ਚ ਅਡਜਸਟ ਕਰ ਦਿੱਤਾ, ਜੋ ਕਿ ਮਲਿਕ ਰਿਆਜ਼ ਨੇ ਅਦਾ ਕਰਨੇ ਸੀ।
ਇਲਜ਼ਾਮ ਹਨ ਕਿ ਇਸ ਦੇ ਬਦਲੇ ’ਚ ਵੱਡੇ ਜਾਇਦਾਦ ਕਾਰੋਬਾਰੀ ਨੇ ਜੇਹਲਮ ਦੇ ਕਰੀਬ 450 ਕਨਾਲ ਤੋਂ ਜ਼ਿਆਦਾ ਜ਼ਮੀਨ ਅਲ-ਕਾਦਿਰ ਯੂਨਿਵਰਸਿਟੀ ਟਰੱਸਟ ਦੇ ਨਾਮ ਕਰ ਦਿੱਤੀ, ਜਿਸ ਦੇ ਦੋ ਟਰੱਸਟੀ ਇਮਰਾਨ ਖ਼ਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਵੀ ਸਨ।
ਇਮਰਾਨ ਦੀ ਗ੍ਰਿਫ਼ਤਾਰੀ 'ਨੈਬ' ਨੇ ਕੀਤੀ
ਭ੍ਰਿਸ਼ਟਾਚਾਰ ਖਿਲਾਫ ਕੰਮ ਕਰਨ ਵਾਲੀ ਪਾਕਿਸਤਾਨ ਦੀ ਨੈਸ਼ਨਲ ਅਕਾਊਟੇਬਿਲਟੀ ਬਿਊਰੋ (ਨੈਬ) ਨੇ ਇਮਰਾਨ ਖਾਨ ਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਦੇ ਖਿਲਾਫ ਅਲ ਕਾਦਿਲ ਯੂਨੀਵਰਸਿਟੀ ਟਰਸਟ ਦੇ ਨਾਂ ਉੱਤੇ ਵੱਡੇ ਜਾਇਦਾਦ ਕਾਰੋਬਾਰੀ ਤੋਂ ਸੈਂਕੜੇ ਕਨਾਲ ਜ਼ਮੀਨ ਲੈਣ ਤੋਂ ਸੰਬਧਿਤ ਪੁੱਛਗਿੱਛ ਨੂੰ ਜਾਂਚ ਵਿੱਚ ਬਦਲ ਦਿੱਤਾ ਹੈ।
ਨੈਸ਼ਨਲ ਅਕਾਊਟਿਬਿਲਟੀ ਬਿਊਰੋ ਪਾਕਿਸਤਾਨ ਦੀ ਇੱਕ ਖੁਦਮੁਖਿਤਾਰ ਕੇਂਦਰੀ ਏਜੰਸੀ ਹੈ, ਜਿਸ ਦਾ ਮੁੱਖ ਕੰਮ ਭ੍ਰਿਸ਼ਟਾਚਾਰ ਅਤੇ ਆਰਥਿਕ ਘੋਟਾਲਿਆ ਅਤੇ ਅਪਰਾਧਾਂ ਦੀ ਜਾਂਚ ਕਰਨਾ ਅਤੇ ਉਨ੍ਹਾਂ ਵਿੱਚ ਸ਼ਾਮਲ ਵਿਅਕਤੀਆਂ ਤੇ ਸੰਸਥਵਾਂ ਖਿਲਾਫ਼ ਕਾਰਵਾਈ ਕਰਨਾ ਹੈ।
ਇਹ ਇੱਕ ਸੰਵਿਧਾਨਕ ਅਦਾਰਾ ਹੈ, ਜਿਸ ਦਾ ਗਠਨ 1999 ਵਿੱਚ ਕੀਤਾ ਗਿਆ ਸੀ। ਇਸ ਦਾ ਮੁੱਖ ਦਫ਼ਤਰ ਇਸਲਾਮਾਬਾਦ ਵਿੱਚ ਹੈ ਅਤੇ ਪੂਰਾ ਮੁਲਕ ਇਸ ਦੇ ਅਧਿਕਾਰ ਖੇਤਰ ਹੇਠ ਆਉਂਦਾ ਹੈ।
ਪੁੱਛਗਿੱਛ ਨੂੰ ਜਾਂਚ ਵਿੱਚ ਬਦਲਣ ਦਾ ਕੀ ਮਤਲਬ ਹੈ?
ਨੈਬ ਦੇ ਅਧਿਕਾਰੀ ਮੁਤਾਬਕ ਜਦੋਂ ਮਾਮਲਾ ਜਾਂਚ ਦੇ ਪੱਧਰ ਤੱਕ ਪਹੁੰਚ ਜਾਂਦਾ ਹੈ ਤਾਂ ਮੁਲਜ਼ਮ ਤੋਂ ਪੁੱਛਗਿੱਛ ਵੀ ਕੀਤੀ ਜਾਂਦੀ ਹੈ ਤੇ ਲੋੜ ਪੈਣ ਉੱਤੇ ਉਨ੍ਹਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਹੈ।
ਉੱਥੇ ਹੀ ਇਮਰਾਨ ਖਾਨ ਦੇ ਵਕੀਲ ਬੈਰਿਸਟਰ ਗੌਹਰ ਨੇ ਬੀਬੀਸੀ ਨੂੰ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਪਤਾ ਲਗਿਆ ਕਿ ਅਲਵ ਕਾਦਿਰ ਟਰਸਟ ਮਾਮਲੇ ਵਿੱਚ ਪੁੱਛਗਿੱਛ ਨੂੰ ਜਾਂਚ ਵਿੱਚ ਬਦਲ ਦਿੱਤਾ ਹੈ ਤਾਂ ਉਨ੍ਹਾਂ ਨੇ ਮੰਗਲਵਾਰ ਨੂੰ ਇਸਲਾਮਾਬਾਦ ਹਾਈ ਕੋਰਟ ਵਿੱਚ ਅਰਜ਼ੀ ਦਿੱਤੀ ਸੀ।
ਇਸ ਅਰਜ਼ੀ ਵਿੱਚ ਨੈਬ ਨੂੰ ਇਮਰਾਨ ਨੂੰ ਗ੍ਰਿਫ਼ਤਾਰ ਕਰਨ ਉੱਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਸੀ।
ਨੈਬ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਮਰਾਨ ਖਾਨ ਨੰ ਨੋਟਿਸ ਦਿੱਤਾ ਗਿਆ ਸੀ ਜਿਸ ਦਾ ਤਸੱਲੀਬਖਸ਼ ਜਵਾਬ ਨਹੀਂ ਦਿੱਤਾ ਗਿਆ।