ਇਮਰਾਨ ਖ਼ਾਨ ਦੀ ਗ੍ਰਿਫ਼ਤਾਰੀ: ਪਾਕਿਸਤਾਨ ਵਿੱਚ ਫੌਜੀ ਟਿਕਾਣਿਆਂ ’ਚ ਹੋਈ ਭੰਨ-ਤੋੜ ਸਣੇ ਕੀ-ਕੀ ਹੋਇਆ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਗਿਰਫਤਾਰੀ ਤੋਂ ਬਾਅਦ ਲਾਹੌਰ, ਰਾਵਲਪਿੰਡੀ ਸਣੇ ਕਈ ਹੋਰ ਥਾਵਾਂ 'ਤੇ ਤਣਾਅ ਬਣਿਆ ਹੋਇਆ ਹੈ। ਇਸ ਦੌਰਾਨ ਇਮਰਾਨ ਦੇ ਸਮਰਥਕਾਂ ਦੁਆਰਾ ਸਰਕਾਰੀ ਇਮਾਰਤਾਂ ਸਣੇ ਕਈ ਥਾਵਾਂ 'ਤੇ ਅੱਗਜ਼ਨੀ ਕੀਤੀ ਹੈ।

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਚੇਅਰਮੈਨ ਇਮਰਾਨ ਖ਼ਾਨ ਨੂੰ 9 ਮਈ ਨੂੰ ਇਸਲਾਮਾਬਾਦ ਹਾਈ ਕੋਰਟ ਦੇ ਬਾਹਰੋਂ ਸੁਰੱਖਿਆ ਬਲਾਂ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਉਨ੍ਹਾਂ ਦੀ ਪਾਰਟੀ ਪੀਟੀਆਈ ਨੇ ਇਸ ਦੀ ਜਾਣਕਾਰੀ ਦਿੱਤੀ ਹੈ।

ਪੀਟੀਆਈ ਲੀਡਰਸ਼ਿਪ ਦੀ ਐਮਰਜੈਂਸੀ ਬੈਠਕ

ਦੇਰ ਰਾਤ ਹੋਈ ਪੀਟੀਆਈ ਲੀਡਰਸ਼ਿਪ ਨੇ ਆਪਣੀ ਐਮਰਜੈਂਸੀ ਬੈਠਕ ਵਿੱਚ ਪਾਕਿਸਤਾਨ ਰੇਂਜਰਾਂ ਦੇ ਹਥਿਆਰਬੰਦ ਅਰਧ ਸੈਨਿਕ ਬਲਾਂ ਦੁਆਰਾ ਆਪਣੀ ਪਾਰਟੀ ਦੇ ਪ੍ਰਧਾਨ ਇਮਰਾਨ ਖ਼ਾਨ ਦੀ ਹਾਈ ਕੋਰਟ ਪਰਿਸਰ ਤੋਂ ਹੋਈ ਗ੍ਰਿਫ਼ਤਾਰੀ ਦੀ ਨਿੰਦਾ ਕੀਤੀ ਹੈ।

ਪੀਟੀਆਈ ਦੇ ਵਾਈਸ ਚੇਅਰਮੈਨ ਸ਼ਾਹ ਮਹਿਮੂਦ ਕੁਰੈਸ਼ੀ ਨੇ ਇਸ ਐਮਰਜੈਂਸੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਜਿਸ ਵਿੱਚ ਕੇਂਦਰੀ ਆਗੂਆਂ ਅਤੇ ਐਮਰਜੈਂਸੀ ਕਮੇਟੀ ਦੇ ਮੈਂਬਰਾਂ ਨੇ ਹਿੱਸਾ ਲਿਆ ਅਤੇ ਇਸ ਦੌਰਾਨ ਫੈਸਲੇ ਹੋਏ:

  • ਚੇਅਰਮੈਨ ਇਮਰਾਨ ਖ਼ਾਨ ਦੀ ਰਿਹਾਈ ਤੱਕ ਦੇਸ਼ ਭਰ ਵਿੱਚ ਸ਼ਾਂਤੀਪੂਰਨ ਪ੍ਰਦਰਸ਼ਨ ਜਾਰੀ ਰਹੇਗਾ
  • ਇਸਲਾਮਾਬਾਦ ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਜਾਵੇਗੀ
  • ਲੀਡਰਸ਼ਿਪ ਅਤੇ ਵਰਕਰ ਸਵੇਰੇ 8 ਵਜੇ ਇਸਲਾਮਾਬਾਦ ਦੇ ਨਿਆਂਇਕ ਕੰਪਲੈਕਸ ਵਿੱਚ ਇਕੱਠੇ ਹੋਣਗੇ

ਹਾਈ ਕੋਰਟ ਨੇ ਇਮਰਾਨ ਦੀ ਗ੍ਰਿਫ਼ਤਾਰੀ ਨੂੰ ਦੱਸਿਆ ਕਾਨੂੰਨੀ

ਇਸਲਾਮਾਬਾਦ ਹਾਈ ਕੋਰਟ ਦੇ ਚੀਫ਼ ਜਸਟਿਸ ਆਮਿਰ ਫਾਰੂਕ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਅਦਾਲਤ ਪਰਿਸਰ ਤੋਂ ਹੋਈ ਗ੍ਰਿਫ਼ਤਾਰੀ ਨੂੰ ਕਾਨੂੰਨੀ ਕਰਾਰ ਦਿੱਤਾ ਹੈ।

ਇਮਰਾਨ ਦੀ ਪਾਰਟੀ ਦੇ ਆਗੂਆਂ ਨੇ ਇਸ ਫੈਸਲੇ ਦੀ ਨਿਦਾ ਕੀਤੀ ਹੈ ਅਤੇ ਇਸ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦੇਣ ਦੀ ਗੱਲ ਆਖੀ ਹੈ।

ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਆਗੂ ਫਵਾਦ ਚੌਧਰੀ ਨੇ ਕਿਹਾ ਹੈ ਕਿ ਇਹ ਹੈਰਾਨੀ ਦੀ ਗੱਲ ਹੈ ਕਿ ਇਸਲਾਮਾਬਾਦ ਹਾਈ ਕੋਰਟ ਨੇ ਇਮਰਾਨ ਖ਼ਾਨ ਦੀ ਗ੍ਰਿਫਤਾਰੀ ਨੂੰ ਕਾਨੂੰਨੀ ਕਰਾਰ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਇਮਰਾਨ ਖ਼ਾਨ ਦੀ ਅਗਾਊਂ ਜ਼ਮਾਨਤ 'ਤੇ ਫੈਸਲਾ ਦਿੱਤੇ ਬਿਨਾਂ ਗ੍ਰਿਫ਼ਤਾਰੀ ਗੈਰ-ਕਾਨੂੰਨੀ ਹੈ ਅਤੇ ਅਸੀਂ ਇਸ ਫੈਸਲੇ ਨੂੰ ਸਵੇਰੇ ਸੁਪਰੀਮ ਕੋਰਟ 'ਚ ਚੁਣੌਤੀ ਦੇਣ ਜਾ ਰਹੇ ਹਾਂ।

ਆਈਜੀ ਇਸਲਾਮਾਬਾਦ ਨੇ ਇਕ ਬਿਆਨ 'ਚ ਕਿਹਾ ਹੈ ਕਿ ਇਮਰਾਨ ਖ਼ਾਨ ਨੂੰ ਅਲ-ਕਾਦਿਰ ਟਰੱਸਟ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਤੋਂ ਬਾਅਦ ਰਾਜਧਾਨੀ ਇਸਲਾਮਾਬਾਦ 'ਚ ਹਾਲਾਤ 'ਆਮ' ਹਨ।

ਇਸਲਾਮਾਬਾਦ ਪੁਲਿਸ ਦਾ ਕਹਿਣਾ ਹੈ ਕਿ ਧਾਰਾ 144 ਲਾਗੂ ਹੈ। ਉਲੰਘਣਾ ਕਰਨ 'ਤੇ ਕਾਰਵਾਈ ਕੀਤੀ ਜਾਵੇਗੀ।'

ਗ੍ਰਿਫ਼ਤਾਰੀ 'ਤੇ ਐੱਨਏਬੀ ਦਾ ਬਿਆਨ

ਐੱਨਏਬੀ ਨੇ ਇਮਰਾਨ ਖ਼ਾਨ ਦੀ ਗ੍ਰਿਫਤਾਰੀ 'ਤੇ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੂੰ ਐੱਨਏਬੀ ਆਰਡੀਨੈਂਸ ਅਤੇ ਕਾਨੂੰਨ ਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।

ਐੱਨਏਬੀ ਨੇ ਆਪਣੇ ਬਿਆਨ ਵਿੱਚ ਕਿਹਾ ਹੈ, "ਐੱਨਏਬੀ ਹੈੱਡਕੁਆਰਟਰ ਰਾਵਲਪਿੰਡੀ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਅਲ-ਕਾਦਿਰ ਯੂਨੀਵਰਸਿਟੀ ਟਰੱਸਟ ਵਿੱਚ ਘੁਟਾਲੇ ਲਈ ਗ੍ਰਿਫ਼ਤਾਰ ਕੀਤਾ ਹੈ।"

ਬਿਆਨ ਮੁਤਾਬਕ ਐੱਨਏਬੀ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਨੋਟਿਸ ਦਿੱਤਾ ਸੀ, ਜਿਸ ਦਾ ਇਮਰਾਨ ਖ਼ਾਨ ਨੇ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ।

ਨੈਸ਼ਨਲ ਅਕਾਊਂਟੇਬਿਲਟੀ ਬਿਊਰੋ ਯਾਨਿ ਐੱਨਏਬੀ ਪਾਕਿਸਤਾਨ ਵਿੱਚ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਜਾਂਚ ਕਰਦੀ ਹੈ। ਪਾਕਿਸਤਾਨ ਦੀ ਮੀਡੀਆ ਰਿਪੋਰਟਾਂ ਮੁਤਾਬਕ ਇਮਰਾਨ ਖ਼ਾਨ ਨੂੰ ਹਿਰਾਸਤ 'ਚ ਲੈਣ ਤੋਂ ਬਾਅਦ ਐੱਨਏਬੀ ਦਫ਼ਤਰ ਭੇਜ ਦਿੱਤਾ ਗਿਆ ਹੈ।

ਇਮਰਾਨ ਖ਼ਾਨ ਕਿਸੇ ਹੋਰ ਮਾਮਲੇ 'ਚ ਜ਼ਮਾਨਤ ਲੈਣ ਲਈ ਅਦਾਲਤ 'ਚ ਪੇਸ਼ ਹੋਏ ਸਨ ਪਰ ਉਨ੍ਹਾਂ ਨੂੰ ਕਿਸੇ ਹੋਰ ਮਾਮਲੇ 'ਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਕੀ ਹੈ ਅਲ-ਕਾਦਿਰ ਟਰੱਸਟ ਕੇਸ

ਅਲ-ਕਾਦਿਰ ਯੂਨੀਵਰਸਿਟੀ ਜ਼ਮੀਨ ਕੇਸ ਇਮਰਾਨ ਖ਼ਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਖ਼ਿਲਾਫ਼ ਕਥਿਤ ਭ੍ਰਿਸ਼ਟਾਚਾਰ ਦਾ ਮਾਮਲਾ ਹੈ।

5 ਮਈ, 2019 ਨੂੰ, ਤਤਕਾਲੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਜਿਹਲਮ, ਜ਼ਿਲ੍ਹਾ ਪੰਜਾਬ ਵਿੱਚ ਅਲ-ਕਾਦਿਰ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ ਸੀ।

ਇਮਰਾਨ ਖ਼ਾਨ 'ਤੇ ਯੂਨੀਵਰਸਿਟੀ ਦੇ ਨਾਂ 'ਤੇ ਐਕੁਆਇਰ ਕੀਤੀ ਜ਼ਮੀਨ ਦੇ ਬਦਲੇ ਬਹਰੀਆ ਟਾਊਨ ਦੇ ਮਲਿਕ ਰਿਆਜ਼ ਨੂੰ 19 ਕਰੋੜ ਪੌਂਡ ਦਾ ਲਾਭ ਦੇਣ ਦਾ ਇਲਜ਼ਾਮ ਸੀ।

ਇਲਜ਼ਾਮ ਹੈ ਕਿ ਯੂਨੀਵਰਸਿਟੀ ਲਈ ਬਹਿਰੀਆ ਟਾਊਨ ਪ੍ਰੋਜੈਕਟ ਨੇ ਦਾਨ ਕੀਤਾ ਸੀ। ਇਮਰਾਨ ਖ਼ਾਨ 'ਤੇ ਬਹਰੀਆ ਟਾਊਨ ਦੇ ਸੀਆਈਓ ਮਲਿਕ ਰਿਆਜ਼ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਰਾਹਤ ਦੇਣ ਦਾ ਇਲਜ਼ਾਮ ਹੈ।

ਐਨਏਬੀ ਹੁਣ ਅਲ-ਕਾਦਿਰ ਟਰੱਸਟ ਨੂੰ ਮਿਲੇ ਚੰਦੇ ਦੀ ਜਾਂਚ ਕਰ ਰਿਹਾ ਹੈ। ਇਸ ਮਾਮਲੇ 'ਚ ਹੁਣ ਇਮਰਾਨ ਖਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦੀ ਪਾਰਟੀ ਮੁਸਲਿਮ ਲੀਗ-ਐਨ ਨੇ ਇਮਰਾਨ ਖ਼ਾਨ ਦੀ ਗ੍ਰਿਫਤਾਰੀ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਟਵਿੱਟਰ ਹੈਂਡਲ 'ਤੇ ਲਿਖਿਆ ਕਿ ਆਖ਼ਰਕਾਰ ਉਹ ਉੱਥੇ ਪਹੁੰਚ ਗਏ ਹਨ ਜਿੱਥੋਂ ਉਨ੍ਹਾਂ ਨੂੰ ਹੋਣਾ ਚਾਹੀਦਾ ਹੈ।

ਪੀਟੀਆਈ ਨੇਤਾ ਸ਼ਿਰੀਨ ਮਜ਼ਾਰੀ ਨੇ ਕਿਹਾ, "ਇਸਲਾਮਾਬਾਦ ਹਾਈ ਕੋਰਟ ਵਿੱਚ ਜ਼ਬਰਨ ਦਾਖ਼ਲ ਹੋ ਕੇ ਇਮਰਾਨ ਖ਼ਾਨ ਦਾ ਅਗਵਾ ਕਰਨਾ ਰਾਜ-ਪ੍ਰਾਯੋਜਿਤ ਅੱਤਵਾਦ ਹੈ। ਇਸ ਦੇਸ਼ ਵਿੱਚ ਜੰਗਲ ਰਾਜ ਹੈ। ਰੇਂਜਰਾਂ ਨੇ ਵਕੀਲਾਂ ਨੂੰ ਕੁੱਟਿਆ ਇਮਰਾਨ ਖ਼ਾਨ ਨੂੰ ਤਸੀਹੇ ਦਿੱਤੇ ਅਤੇ ਅਗਵਾ ਕਰ ਲਿਆ।"

ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਆਗੂ ਫਵਾਦ ਚੌਧਰੀ ਨੇ ਇੱਕ ਟਵੀਟ ਵਿੱਚ ਕਿਹਾ, "ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਅਦਾਲਤ ਦੇ ਅਹਾਤੇ ਤੋਂ ਚੁੱਕਿਆ ਗਿਆ। ਵਕੀਲਾਂ ਅਤੇ ਆਮ ਲੋਕਾਂ ਉੱਤੇ ਤਸ਼ੱਦਦ ਕੀਤਾ ਗਿਆ।"

"ਇਮਰਾਨ ਖ਼ਾਨ ਨੂੰ ਅਣਪਛਾਤੇ ਲੋਕ ਕਿਸੇ ਅਣਪਛਾਤੀ ਥਾਂ 'ਤੇ ਲੈ ਗਏ ਹਨ। ਇਸਲਾਮਾਬਾਦ ਹਾਈ ਕੋਰਟ ਦੇ ਚੀਫ਼ ਜਸਟਿਸ ਨੇ ਗ੍ਰਹਿ ਸਕੱਤਰ ਅਤੇ ਆਈਜੀ ਨੂੰ 15 ਮਿੰਟ ਦੇ ਅੰਦਰ ਅਦਾਲਤ ਵਿੱਚ ਪੇਸ਼ ਹੋਣ ਦਾ ਹੁਕਮ ਦਿੱਤਾ ਹੈ।"

ਵਕੀਲ ਮੁਤਾਬਕ ਗ੍ਰਿਫ਼ਤਾਰੀ ਵੇਲੇ ਕੀ ਹੋਇਆ

ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਚੇਅਰਮੈਨ ਇਮਰਾਨ ਖ਼ਾਨ ਦੇ ਵਕੀਲ ਬੈਰਿਸਟਰ ਗੌਹਰ ਨੇ ਇਲਜ਼ਾਮ ਲਗਾਇਆ ਹੈ ਕਿ ਇਸਲਾਮਾਬਾਦ ਹਾਈ ਕੋਰਟ ਦੇ ਕੰਪਲੈਕਸ ਤੋਂ ਗ੍ਰਿਫਤਾਰੀ ਵੇਲੇ ਸਾਬਕਾ ਪ੍ਰਧਾਨ ਮੰਤਰੀ ਨਾਲ ਤਸ਼ੱਦਦ ਹੋਇਆ ਹੈ।

ਹਾਲਾਂਕਿ, ਦੂਜੇ ਪਾਸੇ, ਇਸਲਾਮਾਬਾਦ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਗ੍ਰਿਫਤਾਰੀ ਦੌਰਾਨ "ਕਿਸੇ ਵਿਅਕਤੀ ਨਾਲ ਕੋਈ ਹਿੰਸਾ ਨਹੀਂ ਕੀਤੀ ਗਈ।"

ਜ਼ਿਕਰਯੋਗ ਹੈ ਕਿ ਬੈਰਿਸਟਰ ਗੌਹਰ ਗ੍ਰਿਫ਼ਤਾਰ ਕੀਤੇ ਜਾਣ ਸਮੇਂ ਸਾਬਕਾ ਪ੍ਰਧਾਨ ਮੰਤਰੀ ਦੇ ਨਾਲ ਹਾਈਕੋਰਟ 'ਚ ਮੌਜੂਦ ਸਨ।

ਬੀਬੀਸੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, "ਸਾਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਐੱਨਏਬੀ ਨੇ ਇਮਰਾਨ ਖ਼ਾਨ ਅਤੇ ਬੁਸ਼ਰਾ ਬੀਬੀ ਖ਼ਿਲਾਫ਼ ਅਲ-ਕਾਦਿਰ ਟਰੱਸਟ 'ਚ ਚੱਲ ਰਹੀ ਪੁੱਛਗਿੱਛ ਨੂੰ ਜਾਂਚ 'ਚ ਬਦਲ ਦਿੱਤਾ ਹੈ ਅਤੇ ਸਾਨੂੰ ਲੱਗ ਹੀ ਰਿਹਾ ਸੀ ਕਿ ਇਸ ਆਧਾਰ 'ਤੇ ਇਮਰਾਨ ਖ਼ਾਨ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ।"

ਬੈਰਿਸਟਰ ਗੌਹਰ ਮੁਤਾਬਕ, "ਇਸ ਖਦਸ਼ੇ ਦੇ ਆਧਾਰ 'ਤੇ ਅਸੀਂ ਪੁਲਿਸ ਜਾਂ ਐੱਨਏਬੀ ਅਧਿਕਾਰੀਆਂ ਨੂੰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਰੋਕਣ ਲਈ ਅਦਾਲਤ 'ਚ ਅਰਜ਼ੀ ਦਾਇਰ ਕਰਨ ਦਾ ਫ਼ੈਸਲਾ ਕੀਤਾ ਹੈ। ਉਹੀ ਅਰਜ਼ੀ ਦਾਇਰ ਕਰਨ ਲਈ ਅਸੀਂ ਬਾਇਓਮੈਟ੍ਰਿਕ ਕਰਵਾਉਣ ਗਏ ਸੀ, ਜਿਸ ਦੌਰਾਨ ਰੇਂਜਰਾਂ ਨੇ ਹਮਲਾ ਕਰ ਦਿੱਤਾ।"

ਇਸ ਦੌਰਾਨ ਉਨ੍ਹਾਂ ਇਲਜ਼ਾਮ ਲਗਾਇਆ, "ਸੁਰੱਖਿਆ ਮੁਲਾਜ਼ਮਾਂ ਵੱਲੋਂ ਪਹਿਲਾਂ ਸਪਰੇਅ ਕੀਤੀ ਗਈਸ ਜਦੋਂ ਦਰਵਾਜ਼ਾ ਬੰਦਾ ਕੀਤਾ ਤਾਂ ਜ਼ਬਰਦਸਤੀ ਦਰਵਾਜ਼ਾ ਖੋਲ੍ਹਿਆ ਗਿਆ, ਸ਼ੀਸ਼ੇ ਤੋੜੇ ਗਏ ਅਤੇ ਇਸ ਦੌਰਾਨ ਇਮਰਾਨ ਖ਼ਾਨ 'ਤੇ ਤਸ਼ੱਦਦ ਕੀਤਾ ਗਿਆ।"

ਹਾਲਾਂਕਿ, ਪਾਕਿਸਤਾਨ ਦੇ ਗ੍ਰਹਿ ਮੰਤਰੀ ਰਾਣਾ ਸਨਾਉੱਲਾ ਨੇ ਕਿਹਾ ਹੈ ਕਿ ਇਮਰਾਨ ਨੋਟਿਸਾਂ ਦੇ ਬਾਵਜੂਦ ਪੇਸ਼ ਨਹੀਂ ਹੋਏ, ਉਨ੍ਹਾਂ ਨੂੰ ਰਾਸ਼ਟਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਦੇ ਇਲਜ਼ਾਮਾਂ 'ਚ ਐੱਨਏਬੀ ਨੇ ਗ੍ਰਿਫ਼ਤਾਰ ਕੀਤਾ ਹੈ।

"ਉਨ੍ਹਾਂ ਨਾਲ ਤਸ਼ੱਦਦ ਨਹੀਂ ਹੋਇਆ ਹੈ।"

ਗ੍ਰਿਫ਼ਤਾਰੀ ਤੋਂ ਪਹਿਲਾਂ ਇਮਰਾਨ ਖ਼ਾਨ ਨੇ ਕੀ ਕਿਹਾ

ਇਮਰਾਨ ਖ਼ਾਨ ਦਾ ਇੱਕ ਰਿਕਾਰਡ ਕੀਤਾ ਹੋਇਆ ਵੀਡੀਓ ਬਿਆਨ ਸਾਹਮਣੇ ਆਇਆ ਹੈ, ਜਿਸ 'ਚ ਉਨ੍ਹਾਂ ਨੇ ਪਾਕਿਸਤਾਨ ਦੀ ਜਨਤਾ ਨੂੰ ਸੰਦੇਸ਼ ਦਿੱਤਾ ਹੈ।

ਇਸ ਦਰਜ ਕੀਤੇ ਬਿਆਨ ਵਿੱਚ ਇਮਰਾਨ ਖ਼ਾਨ ਨੇ ਕਿਹਾ ਹੈ, "ਜਦੋਂ ਤੱਕ ਮੇਰੇ ਇਹ ਸ਼ਬਦ ਤੁਹਾਡੇ ਤੱਕ ਪਹੁੰਚਣਗੇ, ਉਦੋਂ ਤੱਕ ਮੈਂ ਇੱਕ ਗ਼ੈਰ-ਕਾਨੂੰਨੀ ਕੇਸ ਵਿੱਚ ਬੰਦ ਹੋ ਚੁੱਕਾ ਹੋਵਾਂਗਾ। ਇਸ ਨਾਲ ਤੁਹਾਨੂੰ ਸਾਰਿਆਂ ਨੂੰ ਇੱਕ ਗੱਲ ਸਪੱਸ਼ਟ ਹੋ ਜਾਣੀ ਚਾਹੀਦੀ ਹੈ ਕਿ ਸਾਡਾ ਸੰਵਿਧਾਨ, ਜੋ ਸਾਨੂੰ ਅਧਿਕਾਰ ਦਿੰਦਾ ਹੈ, ਜੋ ਕਿ ਲੋਕਤੰਤਰ ਹੈ, ਅਲੋਪ ਹੋ ਚੁੱਕਾ ਹੈ।"

ਇਮਰਾਨ ਖ਼ਾਨ ਨੇ ਅੱਗੇ ਕਿਹਾ, 'ਹੋ ਸਕਦਾ ਹੈ ਕਿ ਇਸ ਤੋਂ ਬਾਅਦ ਮੈਨੂੰ, ਤੁਹਾਨੂੰ ਸੰਬੋਧਨ ਕਰਨ ਦਾ ਮੌਕਾ ਨਾ ਮਿਲੇ। ਇਸ ਲਈ ਮੈਂ ਤੁਹਾਡੇ ਨਾਲ ਦੋ-ਤਿੰਨ ਗੱਲਾਂ ਕਰਨਾ ਚਾਹੁੰਦਾ ਹਾਂ।"

"ਪਾਕਿਸਤਾਨ ਦੀ ਕੌਮ ਮੈਨੂੰ 50 ਸਾਲਾਂ ਤੋਂ ਜਾਣਦੀ ਹੈ, ਮੈਂ ਕਦੇ ਪਾਕਿਸਤਾਨ ਦੇ ਸੰਵਿਧਾਨ ਦੇ ਵਿਰੁੱਧ ਨਹੀਂ ਗਿਆ ਅਤੇ ਨਾ ਹੀ ਮੈਂ ਕਦੇ ਪਾਕਿਸਤਾਨ ਦਾ ਕਾਨੂੰਨ ਤੋੜਿਆ ਹੈ। ਰਾਜਨੀਤੀ ਵਿਚ ਆਉਣ ਤੋਂ ਬਾਅਦ ਮੈਂ ਹਮੇਸ਼ਾ ਇਹ ਕੋਸ਼ਿਸ਼ ਕੀਤੀ ਹੈ ਕਿ ਜੋ ਵੀ ਸੰਘਰਸ਼ ਕਰਨਾ ਹੈ, ਉਸ ਨੂੰ ਸ਼ਾਂਤਮਈ ਢੰਗ ਨਾਲ ਕਰਨ ਦੀ ਕੋਸ਼ਿਸ਼ ਕੀਤੀ ਹੈ।"

ਸਾਬਕਾ ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, "ਅੱਜ ਜੋ ਕੁਝ ਕੀਤਾ ਜਾ ਰਿਹਾ ਹੈ, ਉਹ ਇਸ ਲਈ ਨਹੀਂ ਕੀਤਾ ਜਾ ਰਿਹਾ ਕਿਉਂਕਿ ਮੈਂ ਕੋਈ ਕਾਨੂੰਨ ਤੋੜਿਆ ਹੈ, ਇਹ ਸਿਰਫ਼ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਉਹ ਚਾਹੁੰਦੇ ਹਨ ਕਿ ਮੈਂ ਅਸਲ ਆਜ਼ਾਦੀ ਅੰਦੋਲਨ ਦੇ ਪਿੱਛੇ ਰਹਾਂ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਭ੍ਰਿਸ਼ਟ ਚੋਰਾਂ ਦਾ ਇਹ ਗਿਰੋਹ, ਸਾਡੇ 'ਤੇ ਥੋਪੀ ਗਈ ਦਰਾਮਦ ਸਰਕਾਰ ਚਾਹੁੰਦੀ ਹੈ ਕਿ ਮੈਂ ਇਸ ਨੂੰ ਸਵੀਕਾਰ ਕਰ ਲਵਾਂ।"

ਆਪਣੇ ਬਿਆਨ ਦੇ ਅੰਤ ਵਿੱਚ ਇਮਰਾਨ ਖ਼ਾਨ ਨੇ ਕਿਹਾ, "ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰ ਰਿਹਾ ਹਾਂ ਕਿ ਤੁਹਾਨੂੰ ਆਪਣੇ ਅਧਿਕਾਰਾਂ ਲਈ ਆਜ਼ਾਦੀ ਲਈ ਬਾਹਰ ਆਉਣਾ ਪਵੇਗਾ। ਆਜ਼ਾਦੀ ਕਦੇ ਵੀ ਕਿਸੇ ਕੌਮ ਨੂੰ ਥਾਲੀ ਵਿੱਚ ਨਹੀਂ ਦਿੱਤੀ ਜਾਂਦੀ, ਆਜ਼ਾਦੀ ਲਈ ਸੰਘਰਸ਼ ਕਰਨਾ ਪੈਂਦਾ ਹੈ, ਸਖ਼ਤ ਮਿਹਨਤ ਕਰਨੀ ਪੈਂਦੀ ਹੈ ਅਤੇ ਅੱਲ੍ਹਾ ਇਸ ਕੌਮ ਨੂੰ ਆਜ਼ਾਦੀ ਦਾ ਤੋਹਫ਼ਾ ਦਿੰਦਾ ਹੈ। ਸਮਾਂ ਆ ਗਿਆ ਹੈ ਕਿ ਤੁਸੀਂ ਸਾਰੇ ਆਪਣੇ ਹੱਕਾਂ ਲਈ ਖੜ੍ਹੇ ਹੋਵੋ।"

ਲਾਹੌਰ: ਕੌਰ ਕਮਾਂਡਰ ਦੇ ਘਰ 'ਚ ਵੜੇ ਪ੍ਰਦਰਸ਼ਨਕਾਰੀ

ਇਮਰਾਨ ਖ਼ਾਨ ਦੀ ਗ੍ਰਿਫ਼ਤਾਰੀ ਦਾ ਵਿਰੋਧ ਕਰ ਰਹੇ ਪੀਟੀਆਈ ਵਰਕਰ ਰਾਵਲਪਿੰਡੀ ਸਥਿਤ ਫੌਜ ਦੇ ਹੈੱਡਕੁਆਰਟਰ ਦੇ ਬਾਹਰ ਪਹੁੰਚ ਗਏ ਅਤੇ ਇਸ 'ਚ ਭੰਨਤੋੜ ਕੀਤੀ।

ਇਸ ਸਬੰਧੀ ਬੀਬੀਸੀ ਨੂੰ ਮਿਲੀ ਇੱਕ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਗੁੱਸੇ ਵਿੱਚ ਆਏ ਪ੍ਰਦਰਸ਼ਨਕਾਰੀਆਂ ਨੇ ਗੇਟ ਨੰਬਰ ਇੱਕ ਦੇ ਬਾਹਰ ਭੰਨਤੋੜ ਕੀਤੀ ਅਤੇ ਫਿਰ ਜ਼ਬਰਦਸਤੀ ਗੇਟ ਖੋਲ੍ਹ ਕੇ ਅੰਦਰ ਵੜ ਗਏ।

ਇਸ ਤੋਂ ਇਲਾਵਾ ਪ੍ਰਦਰਸ਼ਨਕਾਰੀ ਲਾਹੌਰ ਦੇ ਫੌਜੀ ਕੋਰ ਕਮਾਂਡਰ ਹਾਊਸ ਦੇ ਬਾਹਰ ਇਕੱਠੇ ਹੋਏ ਅਤੇ ਉੱਥੇ ਵੀ ਕੁਝ ਗੱਡੀਆਂ ਨੂੰ ਅੱਗ ਲਗਾ ਦਿੱਤੀ।

ਜਦੋਂ ਬੀਬੀਸੀ ਦੀ ਟੀਮ ਕੋਰ ਕਮਾਂਡਰ ਦੇ ਘਰ ਪਹੁੰਚੀ ਤਾਂ ਦੇਖਿਆ ਕਿ ਇਸ ਦਾ ਮੁੱਖ ਦਰਵਾਜ਼ਾ ਟੁੱਟਿਆ ਹੋਇਆ ਸੀ ਅਤੇ ਉੱਥੇ ਵੱਡੀ ਗਿਣਤੀ ਵਿੱਚ ਪ੍ਰਦਰਸ਼ਨਕਾਰੀ ਮੌਜੂਦ ਸਨ। ਇੱਥੇ ਵਾਹਨਾਂ ਨੂੰ ਸਾੜਿਆ ਗਿਆ ਅਤੇ ਘਰਾਂ ਨੂੰ ਵੀ ਅੱਗ ਲਗਾ ਦਿੱਤੀ ਗਈ।

ਇਸ ਦੌਰਾਨ ਬੀਬੀਸੀ ਦੀ ਟੀਮ ਨੇ ਕੈਂਟ ਦੇ ਕਿਸੇ ਚੌਰਾਹੇ ਜਾਂ ਸੁਰੱਖਿਆ ਚੌਕੀ 'ਤੇ ਫ਼ੌਜੀ ਜਵਾਨ ਨਹੀਂ ਦੇਖੇ।

ਕਿਸੇ ਵੀ ਥਾਂ 'ਤੇ ਅਜਿਹਾ ਨਹੀਂ ਲੱਗਿਆ ਕਿ ਫੌਜ ਨੇ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਕਿਸੇ ਤਰ੍ਹਾਂ ਰੋਕਣ ਦੀ ਕੋਸ਼ਿਸ਼ ਕੀਤੀ ਹੋਵੇ। ਸ਼ਾਮ ਢਲਣ ਤੋਂ ਬਾਅਦ ਵੀ ਪ੍ਰਦਰਸ਼ਨਕਾਰੀ ਛਾਉਣੀ ਦੇ ਅੰਦਰ ਮੌਜੂਦ ਸਨ।

ਮੰਨਿਆ ਜਾ ਰਿਹਾ ਸੀ ਕਿ ਪ੍ਰਦਰਸ਼ਨਕਾਰੀਆਂ ਦੇ ਖ਼ਿਲਾਫ਼ ਕਾਰਵਾਈ ਹੋਵੇਗੀ, ਪਰ ਅਜੇ ਤੱਕ ਫੌਜ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਹੋ ਸਕਦਾ ਹੈ ਕਿ ਰਾਤ ਜਾਂ ਕੱਲ੍ਹ ਸਵੇਰੇ ਫ਼ੌਜ ਕੋਈ ਕਾਰਵਾਈ ਕਰੇ।

ਇਸਲਾਮਾਬਾਦ 'ਚ 5 ਪੁਲਿਸ ਕਰਮੀ ਜ਼ਖਮੀ, 43 ਗ੍ਰਿਫ਼ਤਾਰ

ਇਸਲਾਮਾਬਾਦ ਪੁਲਿਸ ਨੇ ਕਿਹਾ ਹੈ ਕਿ ਇਮਰਾਨ ਖ਼ਾਨ ਦੇ ਸਮਰਥਕਾਂ ਵੱਲੋਂ ਕੀਤੇ ਗਏ ਪ੍ਰਦਰਸ਼ਨ ਵਿੱਚ ਉਸ ਦੇ ਪੰਜ ਸੈਨਿਕ ਜ਼ਖ਼ਮੀ ਹੋ ਗਏ। ਇਸਲਾਮਾਬਾਦ ਪੁਲਿਸ ਦੇ ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲੇ 43 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਲਾਹੌਰ, ਪੇਸ਼ਾਵਰ 'ਚ ਵੱਖ-ਵੱਖ ਥਾਵਾਂ 'ਤੇ ਪ੍ਰਦਰਸ਼ਨ

ਰਾਜਧਾਨੀ ਇਸਲਾਮਾਬਾਦ ਤੋਂ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਗ੍ਰਿਫਤਾਰੀ ਤੋਂ ਤੁਰੰਤ ਬਾਅਦ ਉਨ੍ਹਾਂ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਨੇ ਆਪਣੇ ਵਰਕਰਾਂ ਨੂੰ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਹੈ।

ਪੀਟੀਆਈ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਇਮਰਾਨ ਖ਼ਾਨ ਦਾ ਇੱਕ ਰਿਕਾਰਡ ਕੀਤਾ ਸੰਦੇਸ਼ ਵੀ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਉਹ ਵਰਕਰਾਂ ਨੂੰ ਆਪਣੀ ਗ੍ਰਿਫ਼ਤਾਰੀ ਤੋਂ ਬਾਅਦ ਅਸਲ ਆਜ਼ਾਦੀ ਲਈ ਬਾਹਰ ਆਉਣ ਦੀ ਹਦਾਇਤ ਕਰ ਰਹੇ ਹਨ।

ਜਦਕਿ ਤਹਿਰੀਕ-ਏ-ਇਨਸਾਫ਼ ਦੇ ਸੀਨੀਅਰ ਆਗੂ ਵੀ ਆਪੋ-ਆਪਣੇ ਹਲਕਿਆਂ ਵਿੱਚ ਪਹੁੰਚ ਚੁੱਕੇ ਹਨ। ਵਰਕਰਾਂ ਨੂੰ ਸੜਕਾਂ 'ਤੇ ਉਤਰਨ ਦਾ ਸੱਦਾ ਦਿੱਤਾ ਗਿਆ ਹੈ।

ਵਿਰੋਧ ਦੇ ਇਸ ਸੱਦੇ ਤੋਂ ਬਾਅਦ, ਪੀਟੀਆਈ ਵਰਕਰ ਇਸ ਸਮੇਂ ਸੂਬਾਈ ਰਾਜਧਾਨੀ ਲਾਹੌਰ ਵਿੱਚ ਪ੍ਰਦਰਸ਼ਨ ਕਰ ਰਹੇ ਹਨ। ਲਾਹੌਰ ਦੇ ਇਮਰਾਨ ਖ਼ਾਨ ਦੇ ਘਰ ਜ਼ਮਾਨ ਪਾਰਕ ਦੇ ਆਲੇ-ਦੁਆਲੇ ਵਰਕਰਾਂ ਨੇ ਬੈਰੀਅਰ ਲਗਾ ਕੇ ਅਤੇ ਟਾਇਰ ਸਾੜ ਕੇ ਸੜਕਾਂ ਜਾਮ ਕਰ ਦਿੱਤੀਆਂ ਹਨ।

ਇਸੇ ਤਰ੍ਹਾਂ ਸੂਬਾਈ ਰਾਜਧਾਨੀ ਪੇਸ਼ਾਵਰ 'ਚ ਵੀ ਵੱਖ-ਵੱਖ ਥਾਵਾਂ 'ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ)