You’re viewing a text-only version of this website that uses less data. View the main version of the website including all images and videos.
ਬਵਾਲ ਫਿਲਮ: ਕੀ ਸੀ ਯਹੂਦੀ ਨਸਲਕੁਸ਼ੀ ਜਿਸ ਨਾਲ ਜੁੜੇ ਫਿਲਮ ਦੇ ਦ੍ਰਿਸ਼ਾਂ ’ਤੇ ਇਤਰਾਜ਼ ਪ੍ਰਗਟ ਹੋਏ
ਫ਼ਿਲਮ ‘ਬਵਾਲ’ ਦੇ ਰਿਲੀਜ਼ ਹੋਣ ਦੇ ਨਾਲ ਹੀ ਵੱਡਾ ਬਵਾਲ ਖੜਾ ਹੋ ਗਿਆ ਹੈ। ਇੱਕ ਯਹੂਦੀ ਸੰਸਥਾ ਨੇ ਐਮਾਜ਼ਨ ਪ੍ਰਾਈਮ ਨੂੰ ਲਿਖਤੀ ਤੌਰ ’ਤੇ ਫ਼ਿਲਮ ਨੂੰ ਆਪਣੇ ਪਲੇਟਫ਼ਾਰਮ ਤੋਂ ਹਟਾਉਣ ਲਈ ਕਿਹਾ ਹੈ।
ਸੰਸਥਾ ਦਾ ਤਰਕ ਹੈ ਕਿ ਫ਼ਿਲਮ ਵਿੱਚ ਯਹੂਦੀ ਨਸਲਕੁਸ਼ੀ ਨੂੰ ‘ਅਸੰਵੇਦਨਸ਼ੀਲ’ ਤਰੀਕੇ ਨਾਲ ਦਰਸਾਇਆ ਗਿਆ ਹੈ।
ਸਾਈਮਨ ਵਿਸੈਂਥਲ ਸੈਂਟਰ ਨਾਂ ਦੀ ਇਸ ਸੰਸਥਾ ਦਾ ਕਹਿਣਾ ਹੈ ਕਿ ਫ਼ਿਲਮ ਵਿੱਚ ‘ਲੱਖਾਂ ਲੋਕਾਂ ਦੇ ਯੋਜਨਾਬੱਧ ਕਤਲ ਤੇ ਉਨ੍ਹਾਂ ਦੀ ਤਕਲੀਫ਼’ ਨੂੰ ਘਟਾ ਕੇ ਦਿਖਾਇਆ ਗਿਆ ਹੈ।
ਭਾਰਤ ਵਿੱਚ ਵੀ ਇਸ ਫ਼ਿਲਮ ਨੂੰ ਅਲੋਚਣਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਲੋਚਕਾਂ ਦਾ ਕਹਿਣਾ ਹੈ ਕਿ ਕੋਈ ਕਤਲੇਆਮ ਨੂੰ ਕਿਸੇ ਫਿਲਮੀ ਡਰਾਮੇ ਲਈ ਵਰਤਣਾ ਠੀਕ ਨਹੀਂ ਹੈ।
ਹਾਲਾਂਕਿ ਫ਼ਿਲਮ ਦੇ ਕਲਾਕਾਰਾਂ ਤੇ ਨਿਰਦੇਸ਼ਕ ਨੇ ਇਸ ਅਲੋਚਣਾ ਨੂੰ ਗ਼ੈਰ-ਵਾਜਬ ਦੱਸਿਆ ਹੈ।
ਫ਼ਿਲਮ ਵਿੱਚ ਆਦਾਕਾਰਾ ਜਾਨਵੀ ਕਪੂਰ ਤੇ ਵਰੁਣ ਧਵਨ ਨੇ ਨਵ-ਵਿਆਹੇ ਜੋੜੇ ਦੀ ਮੁੱਖ ਭੂਮਿਕਾ ਨਿਭਾਈ ਹੈ। ਧਵਨ ਇੱਕ ਅਜਿਹੇ ਅਧਿਆਪਕ ਦਾ ਕਿਰਦਾਰ ਨਿਭਾ ਰਹੇ ਹਨ ਜੋ ਆਪਣੇ ਵਿਦਿਆਰਥੀਆਂ ਨੂੰ ਦੂਜੀ ਵਿਸ਼ਵ ਜੰਗ ਬਾਰੇ ਸਮਝਾਉਣ ਲਈ ਇੰਸਟਾਗ੍ਰਾਮ ਰੀਲਜ਼ ਬਣਾਉਂਦਾ ਹੈ।
ਜ਼ਿਕਰਯੋਗ ਹੈ ਕਿ ਫ਼ਿਲਮ ਵਿੱਚ ਗੈਸ ਚੈਂਬਰਾਂ ਵਿੱਚ ਕੁਝ ਕਲਪਨਾਮਕ ਸੀਨ ਫ਼ਿਲਮਾਏ ਗਏ ਹਨ। ਇਹ ਉਹ ਗੈਸ ਚੈਂਬਰ ਹਨ ਜਿਨ੍ਹਾਂ ਨੂੰ ਨਾਜ਼ੀ ਆਗੂ ਅਡੋਲਫ਼ ਹਿਟਲਰ ਦੇ ‘ਮੌਤ ਦੇ ਕੈਂਪਾਂ’ ਵਜੋਂ ਜਾਣਿਆ ਜਾਂਦਾ ਹੈ।
ਇਸ ਰਿਪੋਰਟ ਵਿੱਚ ਇਤਿਹਾਸ ’ਤੇ ਇੱਕ ਝਾਤ ਮਾਰਦੇ ਹਾਂ ਤੇ ਗੈਸ ਚੈਂਬਰਾਂ ਦੀ ਸੱਚਾਈ ਤੇ ਯਹੂਦੀ ਨਸਲਕੁਸ਼ੀ ਦੇ ਸਹੀ ਬਿਰਤਾਂਤ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ।
ਯਹੂਦੀ ਨਸਲਕੁਸ਼ੀ ਦਾ ਸਮਾਂ
ਦੂਜੀ ਵਿਸ਼ਵ ਜੰਗ (1939-1945) ਦੇ ਸਮੇਂ ਦਾ ਉਹ ਦੌਰ ਸੀ ਜਦੋਂ ਜਦੋਂ ਲੱਖਾਂ ਯਹੂਦੀਆਂ ਨੂੰ ਉਨ੍ਹਾਂ ਦੇ ਯਹੂਦੀ ਹੋਣ ਬਦਲੇ ਕਤਲ ਕਰ ਦਿੱਤਾ ਗਿਆ ਸੀ।
ਇਨ੍ਹਾਂ ਕਤਲਾਂ ਪਿੱਛੇ ਜਰਮਨੀ ਦੀ ਨਾਜ਼ੀ ਪਾਰਟੀ ਜ਼ਿੰਮੇਵਾਰ ਸੀ, ਜਿਸ ਦੀ ਅਗਵਾਈ ਅਡੋਲਫ਼ ਹਿਟਲਰ ਕਰ ਰਹੇ ਸਨ।
ਨਾਜ਼ੀਆਂ ਦਾ ਮੁੱਖ ਨਿਸ਼ਾਨਾ ਯਹੂਦੀ ਸਨ। ਉਸ ਸਮੇਂ ਦੌਰਾਨ ਯੂਰਪ ’ਚ ਹਰ 10 ਵਿੱਚੋਂ ਸੱਤ ਯਹੂਦੀਆਂ ਨੂੰ ਉਨ੍ਹਾਂ ਦੀ ਪਛਾਣ ਕਾਰਨ ਹੀ ਕਤਲ ਕਰ ਦਿੱਤਾ ਗਿਆ ਸੀ।
ਨਾਜ਼ੀਆਂ ਨੇ ਰੋਮਾ (ਖਾਨਾਬਦੋਸ਼ਾਂ) ਅਤੇ ਅਪਾਹਜ ਲੋਕਾਂ ਸਮੇਤ ਲੋਕਾਂ ਦੇ ਹੋਰ ਸਮੂਹਾਂ ਨੂੰ ਖ਼ਤਮ ਕਰਨ ਲਈ ਉਨ੍ਹਾਂ ਦਾ ਕਤਲੇਆਮ ਵੀ ਕੀਤਾ ਸੀ।
ਉਨ੍ਹਾਂ ਨੇ ਸਮਲਿੰਗੀ ਲੋਕਾਂ ਅਤੇ ਸਿਆਸੀ ਵਿਰੋਧੀਆਂ ਦੇ ਸਮੂਹਾਂ ਨੂੰ ਵੀ ਉਨ੍ਹਾਂ ਦੇ ਅਧਿਕਾਰਾਂ ਤੋਂ ਵਾਂਝਾ ਰੱਖਣ ਦੀ ਕੋਸ਼ਿਸ਼ ਕੀਤੀ ਸੀ।
ਨਾਜ਼ੀਆਂ ਦਾ ਇਹ ਰਵੱਈਆ ਨਸਲਕੁਸ਼ੀ ਦੀ ਇੱਕ ਪ੍ਰਤੱਖ ਤੇ ਦਿਲ ਦਹਿਲਾਉਣ ਵਾਲੀ ਉਦਾਹਰਣ ਹੈ। ਜਦੋਂ ਵੱਡੀ ਗਿਣਤੀ ਲੋਕਾਂ ਦਾ ਇਸ ਲਈ ਕਤਲੇਆਮ ਹੋਇਆ ਕਿਉਂਕਿ ਉਹ ਕਿਸੇ ਖ਼ਾਸ ਕੌਮੀਅਤ, ਨਸਲ ਜਾਂ ਧਰਮ ਦੇ ਸਨ।
ਨਾਜ਼ੀ ਕੌਣ ਸਨ?
ਨੈਸ਼ਨਲ ਸੋਸ਼ਲਿਸਟ ਜਰਮਨ ਵਰਕਰਜ਼ ਪਾਰਟੀ (ਐੱਨਐੱਸਡੀਏਪੀ) ਦਾ ਛੋਟਾ ਨਾਮ ਨਾਜ਼ੀ ਹੈ।
ਇਹ ਜਰਮਨ ਦੀ ਇੱਕ ਸਿਆਸੀ ਪਾਰਟੀ ਸੀ ਜੋ 1919 ਵਿੱਚ ਪਹਿਲੀ ਵਿਸ਼ਵ ਜੰਗ ਤੋਂ ਬਾਅਦ ਹੋਂਦ ਵਿੱਚ ਆਈ ਸੀ।
1920 ਦੇ ਦਹਾਕੇ ਵਿੱਚ ਇਸ ਪਾਰਟੀ ਦੀ ਪ੍ਰਸਿੱਧੀ ਵਧੀ। ਜਰਮਨੀ ਨੇ ਜੰਗ ਹਾਰੀ ਤੇ ਉਸ ਨੂੰ ਜੇਤੂਆਂ ਨੂੰ ਬਹੁਤ ਸਾਰਾ ਪੈਸਾ ਦੇਣ ਲਈ ਮਜਬੂਰ ਕੀਤਾ ਗਿਆ।
ਦੇਸ਼ ਵਿੱਚ ਗ਼ਰੀਬੀ ਸੀ ਤੇ ਨਾਲ ਹੀ ਬੇਰੁਜ਼ਗਾਰੀ ਵੀ। ਵੱਡੀ ਗਿਣਤੀ ਲੋਕਾਂ ਨੂੰ ਨਾਜ਼ੀ ਇੱਕ ਆਸ ਦੀ ਕਿਰਨ ਲੱਗਦੇ ਸਨ ਜੋ ਉਨ੍ਹਾਂ ਨੂੰ ਬਦਹਾਲੀ ਵਿੱਚੋਂ ਕੱਢ ਸਕਦੇ ਸਨ।
ਨਾਜ਼ੀ ਨਸਲਵਾਦ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਸਨ। ਉਹ ਖ਼ੁਦ ਨੂੰ ਆਰੀਅਨ ਨਸਲ ਦਾ ਮੰਨਦੇ ਸਨ ਤੇ ਇਸ ਧਾਰਨਾ ’ਤੇ ਵਿਸ਼ਵਾਸ ਰੱਖਦੇ ਸਨ ਕਿ ਆਰੀਅਨ ਹੋਰ ਨਸਲਾਂ ਦੇ ਮੁਕਾਬਲੇ ਵਧੇਰੇ ਉੱਚੇ ਹਨ।
ਯਹੂਦੀ ਨਸਲਕੁਸ਼ੀ ਦਾ ਇੱਕ ਵੱਡਾ ਕਾਰਨ ਇਹ ਹੀ ਸੀ।
ਨਾਜ਼ੀਆਂ ਦੇ ਹੋਰ ਧਰਮਾਂ ਦੇ ਲੋਕਾਂ ਪ੍ਰਤੀ ਬੇਰਹਿਮ ਹੋਣ ਨੇ ਉਨ੍ਹਾਂ ਦੀਆਂ ਨੀਤੀਆਂ ਤੇ ਕਾਰਵਾਈਆਂ ਨੂੰ ਬਹੁਤ ਪ੍ਰਭਾਵਿਤ ਕੀਤਾ ਸੀ।
ਉਹ ਇਹ ਵੀ ਮੰਨਦੇ ਸਨ ਕਿ ਜਰਮਨੀ ਹੋਰ ਦੇਸ਼ਾਂ ਨਾਲੋਂ ਬਿਹਤਰ ਦੇਸ਼ ਸੀ ਅਤੇ ਉਨ੍ਹਾਂ ਦੇ ਲੋਕਾਂ ਦੀ ਉੱਤਮਤਾ ਦਾ ਮਤਲਬ ਸੀ, ਦੂਜੇ ਲੋਕਾਂ 'ਤੇ ਹਾਵੀ ਹੋ ਸਕਣ ਦੀ ਸੰਭਾਵਨਾ।
ਜਰਮਨੀ ਨੇ ਦੂਜੇ ਵਿਸ਼ਵ ਯੁੱਧ ਤੋਂ ਪਹਿਲਾਂ ਅਤੇ ਦੌਰਾਨ ਕਈ ਦੇਸ਼ਾਂ 'ਤੇ ਹਮਲਾ ਕਰਨ ਅਤੇ ਕਬਜ਼ਾ ਕੀਤਾ।
ਅਡੋਲਫ਼ ਹਿਟਲਰ ਕੌਣ ਸੀ?
1921 ਵਿੱਚ, ਅਡੌਲਫ਼ ਹਿਟਲਰ ਨਾਮ ਦਾ ਇੱਕ ਵਿਅਕਤੀ ਪਾਰਟੀ ਦਾ ਆਗੂ ਬਣਿਆ।
ਫਿਰ, ਜਨਵਰੀ 1933 ਵਿੱਚ ਜਦੋਂ ਚੋਣਾਂ ਹੋਈਆਂ ਤਾਂ ਨਾਜ਼ੀ ਇੱਕ ਵੱਡੀ ਪਾਰਟੀ ਵਜੋਂ ਬਹੁਮਤ ਹਾਸਲ ਕਰਨ ਵਿੱਚ ਕਾਮਯਾਬ ਰਿਹਾ ਤੇ ਸੱਤਾ ਉਨ੍ਹਾਂ ਹੱਥ ਆ ਗਈ।
ਸੱਤਾ ਵਿੱਚ ਆਉਣ ਤੋਂ ਬਾਅਦ ਅਡੌਲਫ਼ ਹਿਟਲਰ ਨੇ ਡਰ ਅਤੇ ਦਹਿਸ਼ਤ ਨਾਲ ਲੋਕਾਂ ਨੂੰ ਆਪਣੀ ਵਿਚਾਰਧਾਰਾ ਅਧੀਨ ਕਰਨ ਦੀ ਕੋਸ਼ਿਸ਼ ਕੀਤੀ।
ਉਨ੍ਹਾਂ ਜਰਮਨੀ ’ਚ ਆਮ ਲੋਕਾਂ ’ਤੇ ਨਾਜ਼ੀ ਕਦਰਾਂ-ਕੀਮਤਾਂ ਲਾਗੂ ਕਰਨੀਆਂ ਲਾਗੂ ਕਰਨੀਆਂ ਸ਼ੁਰੂ ਕਰ ਦਿੱਤੀਆਂ।
ਜਦੋਂ 1934 ਵਿਚ ਜਰਮਨ ਰਾਸ਼ਟਰਪਤੀ ਹਿੰਡਨਬਰਗ ਦੀ ਮੌਤ ਹੋਈ, ਤਾਂ ਹਿਟਲਰ ਨੇ ਆਪਣੇ ਆਪ ਨੂੰ ‘ਫ਼ੁਰਰ’ ਯਾਨੀ 'ਜਰਮਨੀ ਦਾ ਸਰਵਉੱਚ ਆਗੂ' ਐਲਾਣ ਦਿੱਤਾ। (ਅੱਜ ਦੀ ਤਾਰੀਕ ਵਿੱਚ ਫ਼ੁਰਰ ਸ਼ਬਦ ਦੇ ਅਰਥ ਬਦਲ ਗਏ ਹਨ ਹੁਣ ਇਸ ਨੂੰ ਇੱਕ ਬੇਰਹਿਮ ਆਗੂ ਲਈ ਇਸਤੇਮਾਲ ਕੀਤਾ ਜਾਂਦਾ ਹੈ)
ਨਾਜ਼ੀਆਂ ਵਲੋਂ ਯਹੂਦੀਆਂ ਦਾ ਕਤਲੇਆਮ ਦੀ ਦਾਸਤਾਨ
- ਦੂਜੀ ਵਿਸ਼ਵ ਜੰਗ (1939-1945) ਦੇ ਸਮੇਂ ਦਾ ਉਹ ਦੌਰ ਸੀ ਜਦੋਂ ਜਦੋਂ ਲੱਖਾਂ ਯਹੂਦੀਆਂ ਨੂੰ ਉਨ੍ਹਾਂ ਦੇ ਯਹੂਦੀ ਹੋਣ ਬਦਲੇ ਕਤਲ ਕਰ ਦਿੱਤਾ ਗਿਆ ਸੀ।
- ਇਨ੍ਹਾਂ ਕਤਲਾਂ ਪਿੱਛੇ ਜਰਮਨੀ ਦੀ ਨਾਜ਼ੀ ਪਾਰਟੀ ਜ਼ਿੰਮੇਵਾਰ ਸੀ, ਜਿਸ ਦੀ ਅਗਵਾਈ ਅਡੋਲਫ਼ ਹਿਟਲਰ ਕਰ ਰਹੇ ਸਨ।
- ਨੈਸ਼ਨਲ ਸੋਸ਼ਲਿਸਟ ਜਰਮਨ ਵਰਕਰਜ਼ ਪਾਰਟੀ (ਐੱਨਐੱਸਡੀਏਪੀ) ਦਾ ਛੋਟਾ ਨਾਮ ਨਾਜ਼ੀ ਹੈ।
- ਨਾਜ਼ੀ ਨਸਲਵਾਦ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਸਨ। ਉਹ ਖ਼ੁਦ ਨੂੰ ਆਰੀਅਨ ਨਸਲ ਦਾ ਮੰਨਦੇ ਸਨ ਤੇ ਇਸ ਧਾਰਨਾ ’ਤੇ ਵਿਸ਼ਵਾਸ ਰੱਖਦੇ ਸਨ ਕਿ ਆਰੀਅਨ ਹੋਰ ਨਸਲਾਂ ਦੇ ਮੁਕਾਬਲੇ ਵਧੇਰੇ ਉੱਚ ਹਨ।
- 1921 ਵਿੱਚ, ਅਡੌਲਫ਼ ਹਿਟਲਰ ਪਾਰਟੀ ਦਾ ਆਗੂ ਬਣਿਆ।
- ਹਿਟਲਰ ਦੇ ਦੌਰ ਵਿੱਚ ਵੱਡੀ ਗਿਣਤੀ ਨਸਲਕੁਸ਼ੀ ਹੋਈ
- 11 ਦਸੰਬਰ 1946 ਨੂੰ, ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਨੇ ਫ਼ੈਸਲਾ ਦਿੱਤਾ ਕਿ ਨਸਲਕੁਸ਼ੀ ਕੌਮਾਂਤਰੀ ਕਾਨੂੰਨ ਤਹਿਤ ਇੱਕ ਅਪਰਾਧ ਹੋਵੇਗਾ।
- ਅਡੋਲਫ਼ ਹਿਟਲਰ ਨੇ ਜੰਗ ਖ਼ਤਮ ਹੋਣ ਤੋਂ ਪਹਿਲਾਂ ਖ਼ੁਦਕੁਸ਼ੀ ਕਰ ਲਈ ਸੀ। ਇਸ ਲਈ ਉਨ੍ਹਾਂ ਨੂੰ ਨਿਆਂ ਦੇ ਘੇਰੇ ਵਿੱਚ ਲਿਆਉਣਾ ਸੰਭਵ ਨਹੀਂ ਸੀ।
ਨਾਜ਼ੀਆਂ ਵਲੋਂ ਸਮਾਜਿਕ ਵਿਤਕਰਾ
ਨਾਜ਼ੀਆਂ ਦਾ ਪਹਿਲਾ ਨਿਸ਼ਾਨਾ ਯਹੂਦੀ ਭਾਈਚਾਰੇ ਦੇ ਲੋਕ ਸਨ। ਉਹ ਕੁਝ ਵਰਗਾਂ ਨੂੰ ਸਮਾਜ ਦਾ ਹਿੱਸਾ ਮੰਨਣ ਤੋਂ ਮੁਨਕਰ ਸਨ।
ਨਤੀਜ਼ਾ ਸੀ ਅਜਿਹ ਕਾਨੂੰਨ ਬਣਾਉਣਾ ਜੋ ਵਿਤਕਰੇ ਦੀ ਭਾਵਨਾ ਨੂੰ ਵਧਾਉਣ। ਯਹੂਦੀ ਲੋਕਾਂ ਨੂੰ ਕੁਝ ਥਾਵਾਂ 'ਤੇ ਜਾਣ ਦੀ ਇਜਾਜ਼ਤ ਨਹੀਂ ਸੀ ਦਿੱਤੀ ਜਾਂਦੀ ਤੇ ਉਨ੍ਹਾਂ ਨੂੰ ਕੁਝ ਨੌਕਰੀਆਂ ਤੋਂ ਅਯੋਗ ਕਰਾਰ ਦੇ ਦਿੱਤਾ ਗਿਆ ਸੀ।
ਉਨ੍ਹਾਂ ਨੇ ਤਸ਼ੱਦਦ ਕੈਂਪ ਵੀ ਸਥਾਪਤ ਕਰਨੇ ਸ਼ੁਰੂ ਕਰ ਦਿੱਤੇ ਸਨ। ਜਿੱਥੇ ਉਹ ਲੋਕਾਂ ਨੂੰ ‘ਦੇਸ਼ ਦੇ ਦੁਸ਼ਮਣ’ ਕਹਿ ਕੇ ਭੇਜ ਦਿੰਦੇ ਸਨ।
ਇਨ੍ਹਾਂ ਕੈਪਾਂ ਵਿੱਚ ਕਿਸੇ ਵੀ ਅਜਿਹੇ ਵਿਅਕਤੀ ਨੂੰ ਭੇਜ ਦਿੱਤਾ ਜਾਂਦਾ ਸੀ ਜੋ ਉਨ੍ਹਾਂ ਦੇ ਹੁਕਮ ਦੀ ਪਾਲਣਾ ਤੋਂ ਮੁਨਕਰ ਹੋਵੇ।
ਪਹਿਲਾ ਕੈਂਪ ਮਾਰਚ 1933 ਵਿੱਚ ਮਿਊਨਿਖ ਖੋਲ੍ਹਿਆ ਗਿਆ ਸੀ।
1933 ਅਤੇ 1945 ਦੇ ਵਿਚਕਾਰ, ਨਾਜ਼ੀਆਂ ਨੇ ਆਪਣੇ ਕੰਟਰੋਲ ਵਾਲੇ ਖੇਤਰਾਂ ਵਿੱਚ 40,000 ਤੋਂ ਵੱਧ ਕੈਂਪ ਬਣਵਾਏ।
ਇਨ੍ਹਾਂ ਵਿੱਚੋਂ ਕੁਝ ਨੂੰ ਵਰਕ ਕੈਂਪ ਦੱਸਿਆ ਗਿਆ ਸੀ। ਪਰ ਇਨ੍ਹਾਂ ਕੈਪਾਂ ਵਿੱਚ ਲੋਕਾਂ ’ਤੇ ਤਸ਼ੱਦਦ ਢਾਹਿਆ ਗਿਆ। ਵੱਡੀ ਗਿਣਤੀ ਲੋਕਾਂ ਨੂੰ ਕੈਂਪ ਦੇ ਗਾਰਡਾਂ ਨੇ ਬਿਨਾਂ ਕਿਸੇ ਕਾਰਨ ਦੇ ਕਤਲ ਕਰ ਦਿੱਤਾ। ਕਈ ਲੋਕ ਔਖੇ ਹਾਲਾਤ ਦੇ ਨਤੀਜੇ ਵਜੋਂ ਮਾਰੇ ਗਏ ਸਨ।
ਨਾਜ਼ੀ ਦੇਸ਼ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਦੀ ਜ਼ਿੰਦਗੀ ਨੂੰ ਕਾਬੂ ਕਰਨਾ ਚਾਹੁੰਦੇ ਸਨ।
1934 ਵਿੱਚ, ਮੈਲੀਸ਼ੀਅਸ ਗੌਸਿਪ ਲਾਅ ਨਾਮਕ ਇੱਕ ਕਾਨੂੰਨ ਪੇਸ਼ ਕੀਤਾ ਗਿਆ ਸੀ, ਜਿਸ ਨੇ ਨਾਜ਼ੀ-ਵਿਰੋਧੀ ਚੁਟਕਲਾ ਸੁਣਾਉਣਾ ਅਪਰਾਧ ਬਣਾ ਦਿੱਤਾ ਸੀ।
ਜੈਜ਼ ਸੰਗੀਤ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ।
ਨਾਜ਼ੀ ਵਿਚਾਰਾਂ ਦਾ ਪ੍ਰਚਾਰ ਕਰਨ ਲਈ ਪਾਠ-ਪੁਸਤਕਾਂ ਤਿਆਰ ਕੀਤੀਆਂ ਗਈਆਂ ਸਨ। ਹਰ ਜਗ੍ਹਾ ਹਿਟਲਰ ਦੀਆਂ ਤਸਵੀਰਾਂ ਲਗਾਈਆਂ ਗਈਆਂ ਸਨ, ਅਤੇ ਵਿਰੋਧੀ ਵਿਚਾਰ ਰੱਖਦੀਆਂ ਕਿਤਾਬਾਂ ਨੂੰ ਨਸ਼ਟ ਕਰ ਦਿੱਤਾ ਗਿਆ ਸੀ।
1935 ਵਿੱਚ ਕਰੀਬ 1600 ਅਖ਼ਬਾਰਾਂ ਨੂੰ ਬੰਦ ਕਰ ਦਿੱਤਾ ਗਿਆ ਤੇ ਕੁਝ ਇੱਕ ਨੂੰ ਨਾਜ਼ੀਆਂ ਵਲੋਂ ਪ੍ਰਵਾਨਿਤ ਲੇਖ ਛਾਪਣ ਦੀ ਇਜ਼ਾਜਤ ਦਿੱਤੀ ਗਈ ਸੀ।
ਉਨ੍ਹਾਂ ਨੌਜਵਾਨ ਮੁੰਡੇ ਕੁੜੀਆਂ ਨੂੰ ਪ੍ਰਭਾਵਿਤ ਕਰਨ ਲਈ ਵੱਖਰੇ ਗੁਰੱਪ ਬਣਾਏ ਜਿਨ੍ਹਾਂ ਦਾ ਹਿੱਸਾ ਹੋਣਾ ਹਰ ਇੱਕ ਲਈ ਲਾਜ਼ਮੀ ਸੀ।
ਯਹੂਦੀ ਨਸਲਕੁਸ਼ੀ ਨੇ ਬੇਰਹਿਮੀ ਦੀਆਂ ਹੱਦਾਂ ਪਾਰ ਕੀਤੀਆਂ
ਘੱਲੂਘਾਰਾ (ਹੋਲੋਕਾਸਟ) ਇੱਕ ਪ੍ਰਕਿਰਿਆ ਸੀ ਜੋ ਯਹੂਦੀ ਲੋਕਾਂ ਦੇ ਵਿਰੁੱਧ ਵਿਤਕਰੇ ਦੀ ਭਾਵਨਾ ਵਿੱਚੋਂ ਨਿੱਕਲੀ। ਲੱਖਾਂ ਯਹੂਦੀ ਲੋਕਾਂ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ।
9 ਨਵੰਬਰ, 1938 ਦੀ ਤਾਰੀਖ਼ ਨਾਜ਼ੀ ਯੁੱਗ ਦੀ ਸਭ ਤੋਂ ਬੇਰਹਿਮ ਤਾਰੀਖ਼ ਸੀ, ਉਸ ਰਾਤ ਯਹੂਦੀ ਲੋਕਾਂ ਖ਼ਿਲਾਫ਼ ਭਿਆਨਕ ਹਿੰਸਾ ਹੋਈ ਸੀ।
ਇਸ ਨੂੰ ‘ਕ੍ਰਿਸਟਲਨਾਚਟ’ ਵਜੋਂ ਜਾਣਿਆ ਜਾਂਦਾ ਹੈ ਯਾਨੀ 'ਟੁੱਟੇ ਸ਼ੀਸ਼ੇ ਦੀ ਰਾਤ' ।
91 ਯਹੂਦੀਆਂ ਦਾ ਕਤਲ ਕਰ ਦਿੱਤਾ ਗਿਆ, 30,000 ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਨਜ਼ਰਬੰਦੀ ਕੈਂਪਾਂ ਵਿੱਚ ਭੇਜਿਆ ਗਿਆ। ਯਹੂਦੀਆਂ ਦੇ 267 ਪ੍ਰਾਰਥਨਾ ਸਥਾਨਾਂ ਨੂੰ ਤਬਾਹ ਕਰ ਦਿੱਤਾ ਗਿਆ।
1 ਸਤੰਬਰ 1939 ਨੂੰ, ਜਰਮਨੀ ਨੇ ਪੋਲੈਂਡ ’ਤੇ ਹਮਲਾ ਕਰ ਦਿੱਤਾ ਜਿਸ ਨਾਲ ਦੂਜੀ ਵਿਸ਼ਵ ਜੰਗ ਦੀ ਸ਼ੁਰੂਆਤ ਹੋਈ।
ਯਹੂਦੀ ਨਸਲਕੁਸ਼ੀ ਦਾ ਅੰਤ ਕਿਵੇਂ ਹੋਇਆ
ਦੂਜੀ ਵਿਸ਼ਵ ਜੰਗ ਵਿੱਚ ਜਰਮਨੀ ਖ਼ਿਲਾਫ਼ ਲੜ ਰਹੇ ਦੇਸ਼ਾਂ ਬਰਤਾਨੀਆਂ, ਅਮਰੀਕਾ, ਸੋਵੀਅਤ ਯੂਨੀਅਨ ਦੇ ਫ਼ੌਜੀਆਂ ਨੇ ਨਾਜ਼ੀਆਂ ਦੁਆਰਾ ਨਿਯੰਤਰਿਤ ਯੂਰਪ ਦੇ ਖੇਤਰਾਂ ਵਿੱਚ ਦਾਖਲ ਹੋਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨਾਜ਼ੀ ਕੈਂਪਾਂ ਕੈਂਪਾਂ ਦੀ ਖੋਜ ਕਰਨੀ ਸ਼ੁਰੂ ਕਰ ਦਿੱਤੀ।
ਜਦੋਂ ਨਾਜ਼ੀਆਂ ਨੂੰ ਆਪਣੀ ਹਾਰ ਸਪੱਸ਼ਟ ਨਜ਼ਰ ਆਉਣ ਲੱਗੀ ਉਨ੍ਹਾਂ ਨੇ ਆਪਣੇ ਕੈਂਪਾਂ ਨੂੰ ਤਬਾਹ ਕਰਕੇ ਆਪਣੇ ਅਪਰਾਧਾਂ ਦੇ ਸਬੂਤ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ।
ਪਰ ਨਾਜ਼ੀ ਆਪਣੇ ਕੀਤੇ ਨੂੰ ਲੁਕਾਉਣ ਵਿੱਚ ਕਾਮਯਾਬ ਨਾ ਹੋ ਸਕੇ ਤੇ ਬਹੁਤ ਜ਼ਲਦ ਅਸਲੀਅਤ ਦੁਨੀਆਂ ਦੇ ਸਾਹਮਣੇ ਆ ਗਈ।
1944 ਦੀਆਂ ਗਰਮੀਆਂ ਵਿੱਚ ਮਜਦਨੇਕ ਆਜ਼ਾਦ ਹੋਣ ਵਾਲਾ ਪਹਿਲਾ ਕੈਂਪ ਬਣ ਗਿਆ ਸੀ।
ਜਿਹੜੇ ਲੋਕ ਕੈਂਪਾਂ ਨੂੰ ਆਜ਼ਾਦ ਕਰਵਾਉਣ ਲਈ ਗਏ ਸਨ, ਉਨ੍ਹਾਂ ਨੇ ਭਿਆਨਕ ਦ੍ਰਿਸ਼ ਅੱਖੀਂ ਦੇਖੇ ਤੇ ਸਭ ਇਸ ਬਾਰੇ ਦੱਸਿਆ।
ਕੈਂਪਾਂ ਤੋਂ ਮੁਕਤ ਕੀਤੇ ਗਏ ਬਹੁਤ ਸਾਰੇ ਲੋਕ ਆਜ਼ਾਦ ਹੋਣ ਤੋਂ ਬਾਅਦ ਵੀ ਜ਼ਿੰਦਾ ਨਾ ਰਹਿ ਸਕੇ, ਲੰਬੇ ਸਮੇਂ ਤੋਂ ਬਿਮਾਰ ਹੋਣਾ ਉਨ੍ਹਾਂ ਦੀ ਮੌਤ ਦਾ ਕਾਰਨ ਬਣਿਆ।
ਜੰਗ ਖ਼ਤਮ ਹੋਣ ਤੋਂ ਬਾਅਦ ਵੀ ਜ਼ਿੰਦਗੀ ਬਹੁਤ ਔਖੀ ਸੀ।
ਜੋ ਲੋਕ ਬਚਕੇ ਆਏ ਉਨ੍ਹਾਂ ਦੇ ਘਰਾਂ ’ਤੇ ਕਬਜ਼ੇ ਹੋ ਚੁੱਕੇ ਸਨ। ਕੋਈ ਦੇਸ਼ ਇੰਨੀ ਵੱਡੀ ਗਿਣਤੀ ਸ਼ਰਨਾਰਥੀਆਂ ਦੀ ਬਾਂਹ ਨਹੀਂ ਸੀ ਫ਼ੜਨਾ ਚਾਹੁੰਦਾ।
ਕੀ ਨਾਜ਼ੀਆਂ ਨੂੰ ਸਜ਼ਾ ਮਿਲੀ?
11 ਦਸੰਬਰ 1946 ਨੂੰ, ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਨੇ ਫ਼ੈਸਲਾ ਦਿੱਤਾ ਕਿ ਨਸਲਕੁਸ਼ੀ ਕੌਮਾਂਤਰੀ ਕਾਨੂੰਨ ਤਹਿਤ ਇੱਕ ਅਪਰਾਧ ਹੋਵੇਗਾ।
ਅਡੋਲਫ਼ ਹਿਟਲਰ ਨੇ ਜੰਗ ਖ਼ਤਮ ਹੋਣ ਤੋਂ ਪਹਿਲਾਂ ਖ਼ੁਦਕੁਸ਼ੀ ਕਰ ਲਈ ਸੀ। ਇਸ ਲਈ ਉਨ੍ਹਾਂ ਨੂੰ ਨਿਆਂ ਦੇ ਘੇਰੇ ਵਿੱਚ ਲਿਆਉਣਾ ਸੰਭਵ ਨਹੀਂ ਸੀ।