ਪੰਜਾਬ ਦੀ ਨਸ਼ਾ ਵਿਰੋਧੀ ਮੁਹਿੰਮ ਦਾ 'ਪੋਸਟਰ ਬੁਆਏ': 'ਨਸ਼ੇ ਲਈ ਪੈਸੇ ਨਾ ਮਿਲਣ ਕਾਰਨ ਮਾਂ ਦੇ ਵੱਜੇ ਥੱਪੜ ਦੀ ਯਾਦ ਨਾਲ ਅੱਜ ਵੀ ਨੀਂਦ ਨਹੀਂ ਆਉਂਦੀ'

ਹਰਪਾਲ ਕੌਰ ਅਤੇ ਮਨਪ੍ਰੀਤ ਸਿੰਘ

ਤਸਵੀਰ ਸਰੋਤ, Navkiran Singh/BBC

ਤਸਵੀਰ ਕੈਪਸ਼ਨ, ਮਨਪ੍ਰੀਤ ਦੇ ਮਾਤਾ ਹਰਪਾਲ ਕੌਰ ਦਾ ਕਹਿਣਾ ਹੈ ਕਿ ਉਹ ਹੁਣ ਆਪਣੇ ਪੁੱਤ ਉੱਤੇ ਮਾਣ ਮਹਿਸੂਸ ਕਰਦੇ ਹਨ
    • ਲੇਖਕ, ਨਵਕਿਰਨ ਸਿੰਘ
    • ਰੋਲ, ਬੀਬੀਸੀ ਸਹਿਯੋਗੀ

''ਧਨੌਲੇ ਵਿੱਚ ਮੇਰੇ ਜਿੰਨਾ ਨਸ਼ਾ ਕਿਸੇ ਨੇ ਨਹੀਂ ਕੀਤਾ ਹੋਣਾ, ਪੈਸੇ ਦਾ ਤਾਂ ਕੋਈ ਅੰਤ ਹੀ ਨਹੀਂ, ਘਰਦਿਆਂ ਦਾ 70-80 ਲੱਖ ਰੁਪਇਆ ਘਰਦਿਆਂ ਦਾ ਕਰਤਾ ਹੋਏਗਾ ਖ਼ਰਾਬ।''

ਮਨਪ੍ਰੀਤ ਸਿੰਘ ਇਹ ਸ਼ਬਦ ਬੋਲਦੇ- ਬੋਲਦੇ ਭਾਵੁਕ ਹੋ ਜਾਂਦੇ ਹਨ। ਉਹ ਕਰੀਬ ਪੌਣੇ ਦੌ ਦਹਾਕੇ ਨਸ਼ਿਆਂ ਦੀ ਦਲਦਲ਼ ਵਿੱਚ ਡੁੱਬੇ ਰਹੇ, ਪਰ ਹੁਣ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਦੇ ਪੋਸਟਰ ਬੁਆਏ ਬਣ ਗਏ ਹਨ।

ਧਨੌਲਾ ਕਸਬਾ ਪੰਜਾਬ ਦੇ ਮਾਲਵੇ ਖਿੱਤੇ ਦੇ ਬਰਨਾਲਾ ਜਿਲ੍ਹੇ ਦਾ ਕਸਬਾ ਹੈ। ਜਿੱਥੋਂ ਦੇ ਮਨਪ੍ਰੀਤ ਸਿੰਘ ਦੀ ਨਸ਼ੇੜ ਤੋਂ ਨਸ਼ਾ ਵਿਰੋਧੀ ਪ੍ਰੇਰਕ ਬਣਨ ਦੀ ਕਹਾਣੀ ਇਨ੍ਹੀਂ ਦਿਨੀ ਸੁਰਖੀਆਂ ਵਿੱਚ ਹੈ।

ਮਨਪ੍ਰੀਤ ਸਿੰਘ ਨਸ਼ੇੜੀ ਵਜੋਂ ਜਿੰਦਗੀ ਦੇ ਮਾੜੇ ਤਜਰਬੇ ਨੂੰ ਸਾਂਝਾ ਕਰਦਿਆਂ ਕਈ ਕਿੱਸੇ ਸੁਣਾਉਂਦੇ ਹਨ।

''ਮੈਥੋਂ ਇੱਕ ਵਾਰ ਗੁੱਸੇ ਵਿੱਚ ਆ ਕੇ ਆਪਣੀ ਮਾਂ ਦੇ ਥੱਪੜ ਵੱਜਿਆ ਸੀ, ਉਹ ਮੈਨੂੰ ਅੱਜ ਵੀ ਨਹੀਂ ਭੁੱਲਦਾ, ਜਦੋਂ ਯਾਦ ਆ ਜਾਂਦਾ ਹੈ ਤਾਂ ਹੁਣ ਵੀ ਨੀਂਦ ਨਹੀਂ ਆਉਂਦੀ।''

ਵੀਡੀਓ ਕੈਪਸ਼ਨ, ਨਸ਼ਿਆਂ 'ਚ ਜ਼ਿੰਦਗੀ ਦੇ 18 ਸਾਲ ਗੁਆਉਣ ਵਾਲਾ ਮਨਪ੍ਰੀਤ ਬਣਿਆ ਨਸ਼ਿਆਂ ਵਿਰੁੱਧ ਮੁਹਿੰਮ ਦਾ 'ਪੋਸਟਰ ਬੁਆਏ'

ਮਨਪ੍ਰੀਤ ਸਿੰਘ ਮੁਤਾਬਕ ਉਹ 18-19 ਸਾਲ ਤੱਕ ਨਸ਼ੇ ਦੀ ਦਲਦਲ ਵਿੱਚ ਫਸਿਆ ਰਿਹਾ।ਪਰ ਉਹ ਹੁਣ ਅਕਸਰ ਗਰਾਊਂਡ ਵਿੱਚ ਪੁਸ਼ਅੱਪ ਲਾਉਂਦਾ, ਨੱਠਦਾ ਤੇ ਖੇਡਦਾ ਨਜ਼ਰ ਆਉਂਦਾ ਹੈ।

ਮਨਪ੍ਰੀਤ ਦੀ ਹਿੰਮਤ ਤੇ ਜਜ਼ਬੇ ਸਦਕਾ ਉਹ ਹੁਣ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਦਾ ਰੋਲ ਮਾਡਲ ਬਣ ਚੁੱਕਿਆ ਹੈ।

ਹੁਣ ਉਹ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ 'ਯੁੱਧ ਨਸ਼ੇ ਵਿਰੁੱਧ' ਮੁਹਿੰਮ ਤਹਿਤ ਸਕੂਲਾਂ, ਕਾਲਜਾਂ ਵਿੱਚ ਸੈਮੀਨਾਰ ਕਰਕੇ ਆਪਣੀ ਕਹਾਣੀ ਜ਼ਰੀਏ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ ਦਾ ਕੰਮ ਕਰ ਰਹੇ ਹਨ।

ਮਨਪ੍ਰੀਤ ਸਿੰਘ ਨੇ ਨਸ਼ੇ ਦੀ ਲਤ ਲੱਗਣ ਤੋਂ ਲੈ ਕੇ ਜ਼ਿੰਦਗੀ ਨੂੰ ਮੁੜ ਲੀਹ ਉੱਤੇ ਲਿਆਉਣ ਦੇ ਸਫ਼ਰ ਬਾਰੇ ਬੀਬੀਸੀ ਨਾਲ ਗੱਲਬਾਤ ਕੀਤੀ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ 'ਤੇ ਕਲਿੱਕ ਕਰੋ

ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ

ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ 'ਯੁੱਧ ਨਸ਼ੇ ਵਿਰੁੱਧ' ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਤਹਿਤ ਜਿੱਥੇ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਵਿੱਢੀ ਗਈ ਹੈ।

ਉੱਤੇ ਸਕੂਲਾਂ, ਕਾਲਜਾਂ ਵਿੱਚ ਸੈਮੀਨਾਰ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।

ਇਹ ਮੁਹਿੰਮ ਵਿੱਚ ਪ੍ਰਸ਼ਾਸ਼ਨ, ਐਂਟੀ ਨਾਰਕੋਟਿਕਸ ਟਾਸਕ ਫ਼ੋਰਸ (ਏਐੱਨਟੀੱਐਫ) ਵੱਲੋਂ ਚਲਾਈ ਜਾ ਰਹੀ ਹੈ।

ਮਨਪ੍ਰੀਤ ਸਿੰਘ ਨੂੰ ਮੁਹਿੰਮ ਦਾ ਹਿੱਸਾ ਬਣਾਇਆ ਗਿਆ ਹੈ।

ਉਹ ਕਰੀਬ 18 ਸਾਲ ਸ਼ਰਾਬ, ਸਿਰਗਟ, ਚਿੱਟਾ, ਸਮੈਕ, ਹੈਰੋਇਨ, ਭੁੱਕੀ,ਅਫੀਮ ਅਤੇ ਮੈਡੀਕਲ ਡਰੱਗਜ਼ ਸਣੇ ਕਈ ਨਸ਼ਿਆਂ ਦੇ ਆਦੀ ਰਹੇ ਹਨ।

ਮਨਪ੍ਰੀਤ ਦੇ ਦੱਸਿਆ ਕਿ 8 ਜਮਾਤ ਵਿੱਚ ਪੜ੍ਹਦਿਆਂ ਉਸ ਨੂੰ ਹਿੰਦੀ ਫਿਲਮ ਵਿੱਚ ਹੀਰੋ ਨੂੰ ਸਿਗਰਟ ਪੀਂਦਿਆਂ ਦੇਖ ਕੇ ਸਿਗਰਟ ਪੀਣ ਦੀ ਲਤ ਸ਼ੁਰੂ ਹੋਈ, ਜੋ ਕਾਲਜ ਤੱਕ ਪਹੁੰਚਿਆਂ ਹਰ ਤਰ੍ਹਾਂ ਦੇ ਨਸ਼ੇ ਵਿੱਚ ਬਦਲ ਗਈ।

ਮਨਪ੍ਰੀਤ ਦੱਸਦੇ ਹਨ ਕਿ ਉਨ੍ਹਾਂ ਨੂੰ ਨਸ਼ੇ ਦੀ ਲਤ ਇਸ ਹੱਦ ਤੱਕ ਲੱਗੀ ਹੋਈ ਸੀ ਕਿ ਉਹ ਸਰਕਾਰੀ ਓਟ ਕੇਂਦਰਾਂ ਵਿੱਚ ਮਿਲਣ ਵਾਲੀ ਦਵਾਈ ਬੁਪ੍ਰੇਨੋਰਫਾਈਨ ਦੀਆਂ ਛੇ ਗੋਲੀਆਂ ਰੋਜ਼ਾਨਾਂ ਖਾ ਜਾਂਦਾ ਸੀ।

12 ਏਕੜ ਜ਼ਮੀਨ ਦੇ ਮਾਲਕ ਮਨਪ੍ਰੀਤ ਸਿੰਘ ਨੇ ਕਰੀਬ 70-80 ਲੱਖ ਰੁਪਿਆ ਨਸ਼ਿਆਂ ਵਿੱਚ ਬਰਬਾਦ ਕਰ ਦਿੱਤਾ।

ਮਨਪ੍ਰੀਤ ਕਹਿੰਦੇ ਹਨ,'' ਮੈਂ ਨਸ਼ਿਆਂ ਵਿੱਚ ਸਿਰਫ਼ ਵਿੱਤੀ ਘਾਟਾ ਹੀ ਨਹੀਂ ਝੱਲਿਆ ਬਲਕਿ ਆਪਣੀ ਜਿੰਦਗੀ ਦੇ 17-18 ਸਾਲ ਵੀ ਗੁਆ ਦਿੱਤੇ ਹਨ।''

ਮਨਪ੍ਰੀਤ ਸਿੰਘ ਆਪਣੀ ਜੀਨਵ ਸਾਥਣ ਰਾਜਵਿੰਦਰ ਕੌਰ

ਤਸਵੀਰ ਸਰੋਤ, Navkiran Singh/BBC

ਤਸਵੀਰ ਕੈਪਸ਼ਨ, ਮਨਪ੍ਰੀਤ ਸਿੰਘ ਆਪਣੀ ਜੀਵਨ ਸਾਥਣ ਰਾਜਵਿੰਦਰ ਕੌਰ ਨਾਲ

ਨਸ਼ਿਆਂ ਦਾ ਦਲਦਲ ਵਿੱਚ ਫਸਣਾ

ਮਨਪ੍ਰੀਤ ਸਿੰਘ ਅਨੁਸਾਰ ਉਹ ਪੜ੍ਹਾਈ ਵਿੱਚ ਹੁਸ਼ਿਆਰ ਸਨ। ਬਾਰ੍ਹਵੀਂ ਜਮਾਤ ਪਾਸ ਕਰਨ ਤੋਂ ਬਾਅਦ ਐੱਸਡੀ ਕਾਲਜ ਬਰਨਾਲਾ ਵਿੱਚ ਦਾਖਲਾ ਲਿਆ ਜਿੱਥੇ ਬੀ.ਏ. ਭਾਗ ਪਹਿਲਾ ਤਾਂ ਪਾਸ ਕਰ ਲਿਆ ਪਰ ਦੂਜੇ ਸਾਲ ਵਿੱਚ ਨਸ਼ਿਆਂ ਕਾਰਨ ਉਨ੍ਹਾਂ ਨੇ ਪੜ੍ਹਾਈ ਛੱਡ ਦਿੱਤੀ।

ਮਨਪ੍ਰੀਤ ਇੱਕ ਮੱਧਵਰਗੀ ਕਿਸਾਨੀ ਪਰਿਵਾਰ ਨਾਲ ਸਬੰਧਤ ਹਨ।

ਉਨ੍ਹਾਂ ਦੇ ਪਿਤਾ ਦੇ ਦੇਹਾਂਤ ਕਾਰਨ ਛੋਟੀ ਉਮਰ ਵਿੱਚ ਹੀ ਘਰ ਦੀ ਜ਼ਿੰਮੇਵਾਰੀ ਮਨਪ੍ਰੀਤ ਦੇ ਸਿਰ ਸੀ।

ਉਹ ਦੱਸਦੇ ਹਨ, ''ਮੈਂ ਆਪ ਖੇਤੀ ਕਰਨ ਦੀ ਬਜਾਇ ਜ਼ਮੀਨ ਠੇਕੇ ਉੱਤੇ ਦੇ ਦਿੱਤੀ ਅਤੇ ਜਿੰਨੇ ਪੈਸੇ ਮਿਲਦੇ ਉਹ ਨਸ਼ਿਆਂ 'ਤੇ ਲਾ ਦਿੰਦਾ ਸੀ।''

ਮਨਪ੍ਰੀਤ ਨੇ ਦੱਸਿਆ ਕਿ ਉਨ੍ਹਾਂ ਨੇ ਇਕ ਵਾਰ ਆਪਣੇ ਖੇਤ ਵਿੱਚੋਂ 7 ਲੱਖ ਰੁਪਏ ਦੇ ਸਫ਼ੈਦੇ ਦੇ ਰੁੱਖ ਵੇਚੇ ਸਨ ਅਤੇ ਇਹ ਸਾਰਾ ਪੈਸਾ ਵੀ ਨਸ਼ੇ ਖ੍ਰੀਦਣ ਉੱਤੇ ਹੀ ਲਾ ਦਿੱਤਾ ਸੀ।

ਨਸ਼ੇ ਕਾਰਨ ਜੀਵਨ ਖ਼ਤਮ ਕਰ ਲੈਣ ਦੀ ਕੋਸ਼ਿਸ਼

ਮਨਪ੍ਰੀਤ

ਤਸਵੀਰ ਸਰੋਤ, Navkiran Singh/BBC

ਤਸਵੀਰ ਕੈਪਸ਼ਨ, ਮਨਪ੍ਰੀਤ ਆਪਣੀ ਜ਼ਮੀਨੇ ਠੇਕੇ ’ਤੇ ਦਿੰਦੇ ਅਤੇ ਖ਼ੁਦ ਉਨ੍ਹਾਂ ਪੈਸਿਆਂ ਨਾਲ ਨਸ਼ੇ ਖਰੀਦ ਲੈਂਦੇ

ਮਨਪ੍ਰੀਤ ਨੇ ਦੱਸਿਆ ਕਿ ਜਦੋਂ ਨਸ਼ਿਆਂ ਲਈ ਪੈਸੇ ਨਹੀਂ ਮਿਲਦੇ ਸਨ ਤਾਂ ਉਹ ਨਸ਼ੇ ਤੋੜ ਕਾਰਨ ਘਰ ਵਿੱਚ ਭੰਨ ਤੋੜ ਕਰਦੇ ਸਨ ਅਤੇ ਖ਼ੁਦ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਸਨ।

ਇਸ ਦੌਰਾਨ ਉਨ੍ਹਾਂ ਨੇ ਦੋ ਵਾਰ ਖੁਦ ਦੀ ਜੀਵਨ ਲੀਲ਼ਾ ਖ਼ਤਮ ਕਰਨ ਦੀ ਕੋਸ਼ਿਸ਼ ਵੀ ਕੀਤੀ।

ਪਰਿਵਾਰ ਨੇ ਮਨਪ੍ਰੀਤ ਨੂੰ ਨਿੱਜੀ ਹਸਪਤਾਲ ਦਾਖਲ ਕਰਵਾਇਆ, ਜਿੱਥੇ ਕੁੱਝ ਘੰਟਿਆਂ ਬਾਅਦ ਹੋਸ਼ ਆਉਣ 'ਤੇ ਮਨਪ੍ਰੀਤ ਨੇ ਨਸ਼ੇ ਲਈ ਮੁੜ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ।

ਕਿਵੇਂ ਆਇਆ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ

ਮਨਪ੍ਰੀਤ ਸਿੰਘ

ਤਸਵੀਰ ਸਰੋਤ, Navkiran Singh/BBC

ਤਸਵੀਰ ਕੈਪਸ਼ਨ, ਮਨਪ੍ਰੀਤ ਹੁਣ ਹੋਰ ਨੌਜਵਾਨਾਂ ਨੂੰ ਵੀ ਨਸ਼ਿਆਂ ਤੋਂ ਦੂਰ ਰਹਿ ਕੇ ਬਹਿਤਰ ਜ਼ਿੰਦਗੀ ਜਿਉਣ ਲਈ ਪ੍ਰੇਰਦੇ ਹਨ

ਮਨਪ੍ਰੀਤ ਸਿੰਘ ਜਿਸ ਦੌਰ ਵਿੱਚ ਨਸ਼ਿਆਂ ਦੇ ਆਦੀ ਸਨ ਉਸ ਸਮੇਂ ਉਨ੍ਹਾਂ ਨੇ ਡਾਇਰੀ ਲਿਖਣੀ ਸ਼ੁਰੂ ਕੀਤੀ।

ਉਨ੍ਹਾਂ ਦੀ ਡਾਇਰੀ ਵਿੱਚ ਆਪਣੇ ਆਪ ਨੂੰ ਬਦਲਣ ਦੀ ਇੱਛਾ ਦਾ ਪ੍ਰਗਟਾਵਾ ਝਲਕਣ ਲੱਗਿਆ।

ਜਦੋਂ ਮਨਪ੍ਰੀਤ ਨੇ ਨਸ਼ਿਆਂ ਨੂੰ ਛੱਡਣ ਦਾ ਮਨ ਬਣਾਇਆ ਤਾਂ ਉਨ੍ਹਾਂ ਦੀ ਮਾਂ ਅਤੇ ਪਤਣੀ ਨੇ ਮੁਕੰਮਲ ਸਾਥ ਦਿੱਤਾ।

ਕਰੀਬ ਦੋ 2 ਸਾਲ ਪਹਿਲਾਂ ਮਨਪ੍ਰੀਤ ਨੇ ਸਿੱਖ ਰੁਹ-ਰੀਤਾਂ ਅਪਣਾਉਂਦਿਆਂ ਅੰਮ੍ਰਿਤ ਛਕਿਆ ਅਤੇ ਦੋ ਸਾਲ ਤੋਂ ਨਸ਼ਿਆਂ ਨੂੰ ਪੂਰੀ ਤਰ੍ਹਾਂ ਛੱਡ ਚੁੱਕੇ ਹਨ।

ਹੁਣ ਮਨਪ੍ਰੀਤ ਆਪਣੀ ਜ਼ਿੰਦਗੀ ਦੀ ਕਹਾਣੀ ਜ਼ਰੀਏ ਹੋਰ ਨੌਜਵਾਨਾਂ ਨੂੰ ਇਸ ਦਲਦਲ ਵਿੱਚੋਂ ਨਿਕਲਣ ਵਿੱਚ ਮਦਦ ਕਰਨ ਦੇ ਇਛੁੱਕ ਹਨ।

ਮਨਪ੍ਰੀਤ ਸਿੰਘ ਦੀ ਮਾਤਾ ਹਰਪਾਲ ਕੌਰ ਨੇ ਕੀ ਕਿਹਾ

ਮਨਪ੍ਰੀਤ ਤੇ ਮਾਤਾ ਅਤੇ ਪਤਨੀ

ਤਸਵੀਰ ਸਰੋਤ, Navkiran Singh/BBC

ਤਸਵੀਰ ਕੈਪਸ਼ਨ, ਮਨਪ੍ਰੀਤ ਦੇ ਮਾਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਨਸ਼ਿਆਂ ਦੀ ਗ੍ਰਿਫ਼ਤ ਵਿੱਚੋਂ ਬਾਹਰ ਆਉਣ ਤੋਂ ਬਾਅਦ ਪਰਿਵਾਰ ਦੇ ਹਾਲਾਤ ਵੀ ਠੀਕ ਹੋਏ ਹਨ

ਮਨਪ੍ਰੀਤ ਸਿੰਘ ਦੀ ਮਾਤਾ ਹਰਪਾਲ ਕੌਰ ਕਹਿੰਦੇ ਹਨ ਕਿ ਪੁੱਤ ਨੂੰ ਲੱਗੀ ਨਸ਼ੇ ਦੀ ਭੈੜੀ ਆਦਤ ਨੇ ਘਰ ਦਾ ਮਾਹੌਲ ਬੇਹੱਦ ਖ਼ਰਾਬ ਬਣਾ ਦਿੱਤਾ ਸੀ।

ਉਹ ਕਿਸੇ ਨਾ ਕਿਸੇ ਰੂਪ ਵਿੱਚ ਮਨਪ੍ਰੀਤ ਲਈ ਪੈਸਿਆਂ ਦਾ ਇੰਤਜ਼ਾਮ ਕਰਦੇ ਅਤੇ ਜਦ ਉਸਨੂੰ ਪੈਸੇ ਨਾ ਮਿਲਦੇ ਤਾਂ ਉਹ ਭੰਨਤੋੜ ਕਰਦਾ ਸੀ।

ਹਰਪਾਲ ਕੌਰ ਮੁਤਾਬਕ ਮਨਪ੍ਰੀਤ ਦੀ ਨਸ਼ੇ ਦੀ ਆਦਤ ਕਾਰਨ ਪਰਿਵਾਰ ਨੂੰ ਸਮਾਜ ਵਿੱਚ ਨਮੋਸ਼ੀ ਝੱਲਣੀ ਪੈਂਦੀ ਸੀ ਪਰ ਹੁਣ ਜ਼ਿੰਦਗੀ ਸੁਧਰਨ ਤੋਂ ਬਾਅਦ ਉਹ ਆਪਣੇ ਪੁੱਤੇ ਉੱਤੇ ਮਾਣ ਮਹਿਸੂਸ ਕਰਦੇ ਹਨ।

ਹਰਪਾਲ ਕਹਿੰਦੇ ਹਨ ਕਿ ਕਿ ਜਦੋਂ ਤੋਂ ਮਨਪ੍ਰੀਤ ਨੇ ਨਸ਼ੇ ਛੱਡੇ ਹਨ ਪਰਿਵਾਰ ਦਾ ਮਾਹੌਲ ਖ਼ੁਸ਼-ਗਵਾਰ ਰਹਿਣ ਲੱਗਿਆ ਹੈ।

ਹੋਰਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕਰਨਾ

ਮਨਪ੍ਰੀਤ ਸਿੰਘ ਅਤੇ ਏਆਈਜੀ ਪਟਿਆਲਾ ਰੇਂਜ ਭੁਪਿੰਦਰ ਸਿੰਘ

ਤਸਵੀਰ ਸਰੋਤ, Navkiran Singh/BBC

ਤਸਵੀਰ ਕੈਪਸ਼ਨ, ਮਲੋਰਕੋਟਲਾ ਦੇ ਇੱਕ ਕਾਲਜ ਵਿੱਚ ਨੌਜਵਾਨਾਂ ਨਾਲ ਗੱਲਬਾਤ ਕਰਨ ਪਹੁੰਚੇ ਮਨਪ੍ਰੀਤ ਸਿੰਘ ਅਤੇ ਏਆਈਜੀ ਪਟਿਆਲਾ ਰੇਂਜ ਭੁਪਿੰਦਰ ਸਿੰਘ

ਨਸ਼ੇ ਛੱਡਣ ਤੋਂ ਬਾਅਦ ਮਨਪ੍ਰੀਤ ਨੇ ਸਿਹਤ ਸੁਧਾਰਨ ਲਈ ਕਸਰਤ ਸ਼ੁਰੂ ਕੀਤੀ। ਉਹ ਪਰਿਵਾਰਿਕ ਜ਼ਮੀਨ ਉੱਤੇ ਖੇਤੀ ਕਰਨ ਲੱਗੇ ਹਨ।

ਉਹ ਕਹਿੰਦੇ ਹਨ ਕਿ ਉਨ੍ਹਾਂ ਨਸ਼ਿਆਂ ਦੇ ਨਾਲ ਜ਼ਿੰਦਗੀ ਦੇਖੀ ਹੈ। ਹੁਣ ਉਹ ਲੋਕਾਂ ਨੂੰ ਸਮਝਾਉਂਦੇ ਹਨ ਕਿ ਜ਼ਿੰਦਗੀ ਵਿੱਚ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ।

ਉਹ ਨੌਜਵਾਨਾਂ ਨੂੰ ਦ੍ਰਿੜ ਇਰਾਦੇ ਨਾਲ ਨਸ਼ਿਆਂ ਦਾ ਤਿਆਗ ਕਰਕੇ ਗੁਰਬਾਣੀ ਦੇ ਲੜ ਲੱਗਣ ਲਈ ਪ੍ਰੇਰਿਤ ਕਰ ਰਹੇ ਹਨ।

ਮਨਪ੍ਰੀਤ ਸਿੰਘ ਨੇ ਦੱਸਿਆ ਹਨ, ''ਜ਼ਿੰਦਗੀ ਵਿੱਚ ਸਭ ਕੁਝ ਹਾਸਲ ਕਰ ਸਕਦੇ ਹਨ, ਪਰ ਨਸ਼ੇ ਦੀ ਦਲਦਲ ਵਿੱਚ ਲੰਘੇ ਜ਼ਿੰਦਗੀ ਦੇ ਬੇਸ਼ਕੀਮਤੀ 18 ਸਾਲ ਵਾਪਸ ਨਹੀਂ ਲਿਆਂਦੇ ਜਾ ਸਕਦੇ।''

ਮਨਪ੍ਰੀਤ ਸਿੰਘ
ਇਹ ਵੀ ਪੜ੍ਹੋ-

ਪਤਨੀ ਰਾਜਵਿੰਦਰ ਨੇ ਨਹੀਂ ਛੱਡੀ ਸੀ ਆਸ

ਮਨਪ੍ਰੀਤ ਸਿੰਘ ਦੀ ਪਤਨੀ ਰਾਜਵਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਵਿਆਹ ਤੋਂ ਬਾਅਦ ਜਦੋਂ ਪਹਿਲੀ ਵਾਰ ਪਤੀ ਦੇ ਨਸ਼ਾ ਕਰਨ ਬਾਰੇ ਪਤਾ ਲੱਗਾ ਤਾਂ ਬੇਹੱਦ ਦੁੱਖ ਹੋਇਆ।

ਫ਼ਿਰ ਉਨ੍ਹਾਂ ਨੇ ਇਸ ਸਾਥ ਨੂੰ ਕਿਸਮਤ ਸਮਝ ਕੇ ਕਬੂਲ ਲਿਆ।

ਉਹ ਕਹਿੰਦੇ ਹਨ ਕਿ ਹੁਣ ਪਿਛਲੇ 2 ਸਾਲਾਂ ਤੋਂ ਜ਼ਿੰਦਗੀ ਅਤੇ ਘਰ ਦੇ ਹਾਲਾਤ ਸੁਧਰੇ ਹਨ।

ਮਨਪ੍ਰੀਤ ਸਿੰਘ ਹੁਣ ਘਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹਨ।

ਰਾਜਵਿੰਦਰ ਕੌਰ ਦੱਸਦੀ ਹੈ, ''ਸਾਨੂੰ ਹਰ ਪਲ ਕਿਸੇ ਅਣਸੁਖਾਂਵੀ ਘਟਨਾ ਵਾਪਰਨ ਦਾ ਡਰ ਲੱਗਿਆ ਰਹਿੰਦਾ ਅਤੇ ਸਦਾ ਸਹਿਮੇ ਰਹਿੰਦੇ ਹਨ।''

ਪਰ ਹੁਣ ਉਹ ਮਨਪ੍ਰੀਤ ਉੱਤੇ ਮਾਣ ਮਹਿਸੂਸ ਕਰਦੇ ਹਨ।

ਮਨਪ੍ਰੀਤ ਹੁਣ ਸ਼ੌਕ ਨਾਲ ਖੇਤੀ ਕਰਦਾ ਹੈ

ਨਸ਼ਿਆਂ ਵਿਰੁੱਧ ਮੁਹਿੰਮ

ਮਨਪ੍ਰੀਤ ਸਿੰਘ ਦੇ ਦਾਦਾ ਬਿੱਕਰ ਸਿੰਘ ਦੱਸਦੇ ਹਨ ਜਦ ਮਨਪ੍ਰੀਤ ਨਸ਼ਾ ਕਰਦਾ ਸੀ ਤਾਂ ਘਰ ਦੇ ਕੰਮਾਂ ਵੱਲ ਉਸ ਦਾ ਕੋਈ ਧਿਆਨ ਨਹੀਂ ਸੀ ਹੁੰਦਾ।

ਉਹ ਕਹਿੰਦੇ ਹਨ,"ਪਰ ਹੁਣ ਹਾਲਾਤ ਬਦਲ ਚੁੱਕੇ ਹਨ। ਮਨਪ੍ਰੀਤ ਪਰਿਵਾਰ ਦਾ ਖਿਆਲ ਰੱਖਦਾ ਹੈ।"

"ਮਨਪ੍ਰੀਤ ਨੂੰ ਨਸ਼ੇ ਛੱਡਣ ਲਈ ਕਿਸੇ ਨੇ ਮਜਬੂਰ ਨਹੀਂ ਕੀਤਾ ਬਲਕਿ ਉਸ ਨੇ ਆਪਣੇ ਆਪ ਮਨ ਨੂੰ ਸੁਧਾਰ ਕੇ ਅਜਿਹਾ ਕੀਤਾ ਹੈ। ਹੁਣ ਮਨਪ੍ਰੀਤ ਖੇਤੀ ਵੀ ਸ਼ੌਕ ਨਾਲ ਕਰਦਾ ਹੈ, ਉਸਨੇ ਹਰ ਤਰ੍ਹਾਂ ਦੇ ਬੂਟੇ ਲਗਾ ਰੱਖੇ ਹਨ।"

ਪ੍ਰਸ਼ਾਸ਼ਨਿਕ ਅਧਿਕਾਰੀ ਕੀ ਕਹਿੰਦੇ ਹਨ

ਏਐੱਨਟੀਐੱਫ਼ ਵੱਲੋਂ ਸਰਕਾਰੀ ਕਾਲਜ ਮਲੇਰਕੋਟਲਾ ਵਿਖੇ ਕਰਵਾਏ ਸੈਮੀਨਾਰ ਦੌਰਾਨ ਮਨਪ੍ਰੀਤ ਸਿੰਘ ਨੂੰ ਨਸ਼ਿਆਂ ਬਾਰੇ ਆਪਣੀ ਜਿੰਦਗੀ ਦਾ ਕੌੜਾ ਤਜ਼ਰਬਾ ਸਾਂਝਾ ਕਰਨ ਲਈ ਵਿਸ਼ੇਸ਼ ਤੌਰ 'ਤੇ ਬੁਲਾਇਆ ਗਿਆ ਸੀ।

ਇਸਮੌਕੇ ਏਐੱਨਟੀਐੱਫ ਦੇ ਏਆਈਜੀ ਪਟਿਆਲਾ ਰੇਂਜ ਭੁਪਿੰਦਰ ਸਿੰਘ ਨੇ ਕਿਹਾ ਕਿ ਮਨਪ੍ਰੀਤ ਸਿੰਘ ਨੇ ਨਸ਼ਿਆਂ ਨੂੰ ਛੱਡਿਆ ਹੈ, ਉਸ ਵੱਲੋਂ ਨਸ਼ੇ ਛੱਡਣ ਦਾ ਤਜ਼ਰਬਾ ਸਾਂਝਾ ਕਰਨਾ ਹੋਰ ਨੌਜਵਾਨਾਂ ਨੂੰ ਵੀ ਪ੍ਰੇਰਿਤ ਕਰੇਗਾ।

ਮਨਪ੍ਰੀਤ ਬਾਰੇ ਸਬੰਧੀ ਜ਼ਿਲ੍ਹਾ ਬਰਨਾਲਾ ਦੇ ਡਿਪਟੀ ਕਮਿਸ਼ਨਰ ਟੀ ਬੈਨਿਥ ਨੇ ਕਿਹਾ ਕਿ ਅਜਿਹੇ ਨੌਜਵਾਨ ਆਪਣੇ ਤਜ਼ਰਬੇ ਸਾਂਝੇ ਕਰਕੇ ਸਮਾਜ ਨੂੰ ਸੁਧਾਰਨ ਵਿੱਚ ਕਾਰਗਰ ਸਾਬਿਤ ਹੋ ਸਕਦੇ ਹਨ।

ਉਨ੍ਹਾਂ ਦੇ ਪਿਛਲੇ ਦਿਨੀਂ ਆਪ ਮਨਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਨੂੰ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਦੌਰਾਨ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਸਰਗਰਮ ਭੂਮਿਕਾ ਨਿਭਾਉਣ ਲਈ ਕਿਹਾ ਸੀ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)