ਏਡਜ਼ ਦੇ ਫ਼ੈਲਣ ਨਾਲ ਜੁੜੀਆਂ 8 ਗ਼ਲਤ ਧਾਰਨਾਵਾਂ

ਐੱਚਆਈਵੀ ਵਾਇਰਸ ਤੋਂ ਪੀੜਤ ਹੋਣ ਤੋਂ ਬਾਅਦ ਹੀ ਏਡਜ਼ ਦੀ ਪਛਾਣ ਹੋ ਸਕਦੀ ਹੈ। ਇਹੀ ਇਸ ਦਾ ਇੱਕੋ-ਇੱਕ ਤਰੀਕਾ ਹੈ।

1980 ਦੇ ਦਹਾਕੇ ਤੋਂ ਜਦੋਂ ਤੋਂ ਇਹ ਬੀਮਾਰੀ ਸਭ ਤੋਂ ਪਹਿਲਾਂ ਫੈਲੀ ਹੈ ਉਦੋਂ ਤੋਂ ਹੀ ਐਚਆਈਵੀ ਵਾਇਰਸ ਦੇ ਫੈਲਣ ਬਾਰੇ ਕਈ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਹਨ। ਐਚਆਈਵੀ ਕਾਰਨ ਜ਼ਿੰਦਗੀ ਕਿਸ ਤਰ੍ਹਾਂ ਦੀ ਹੁੰਦੀ ਹੈ ਇਸ ਕਾਰਨ ਵੀ ਕਈ ਤਰ੍ਹਾਂ ਦੇ ਭੁਲੇਖੇ ਹਨ।

ਵਰਲਡ ਏਡਜ਼ ਡੇਅ (ਵਿਸ਼ਵ ਏਡਜ਼ ਦਿਵਸ) ਮੌਕੇ ਅਸੀਂ ਕੁਝ ਅਜਿਹੇ ਭੁਲੇਖਿਆਂ ਦੀ ਸੱਚਾਈ ਦੱਸ ਰਹੇ ਹਾਂ।

ਭਰਮ: ਐੱਚਆਈਵੀ-ਪਾਜ਼ੀਟਿਵ ਲੋਕਾਂ ਦੇ ਨੇੜੇ ਹੋਣ ਕਾਰਨ ਮੈਨੂੰ ਐੱਚਆਈਵੀ ਹੋ ਸਕਦਾ ਹੈ

ਇਸ ਗਲਤ ਧਾਰਨਾ ਕਾਰਨ ਲੰਮੇ ਸਮੇਂ ਤੱਕ ਐਚਆਈਵੀ ਪਾਜ਼ੀਟਿਵ ਲੋਕਾਂ ਨਾਲ ਵਿਤਕਰਾ ਕੀਤਾ ਜਾਂਦਾ ਰਿਹਾ ਹੈ।

ਕਈ ਜਾਗਰੂਕਤਾ ਮੁਹਿੰਮਾਂ ਦੇ ਬਾਵਜੂਦ ਸਾਲ 2016 ਵਿੱਚ ਯੂਕੇ ਵਿੱਚ 20% ਲੋਕਾਂ ਨੂੰ ਹਾਲੇ ਵੀ ਲੱਗਦਾ ਸੀ ਕਿ ਐਚਆਈਵੀ ਕਿਸੇ ਪੀੜਤ ਦੇ ਛੂਹਣ ਜਾਂ ਥੁੱਕ ਨਾਲ ਵੀ ਟਰਾਂਸਫਰ ਹੋ ਸਕਦਾ ਹੈ।

ਪਰ ਇਹ ਛੂਹਣ, ਹੰਝੂਆਂ, ਪਸੀਨੇ, ਥੁੱਕ, ਜਾਂ ਪਿਸ਼ਾਬ ਰਾਹੀਂ ਨਹੀਂ ਫੈਲਦਾ।

ਇਹ ਤੁਹਾਨੂੰ ਹੇਠ ਲਿਖੇ ਕਾਰਨਾਂ ਕਰਕੇ ਨਹੀਂ ਹੋ ਸਕਦਾ ਹੈ:

  • ਇੱਕੋ ਹਵਾ ਵਿੱਚ ਸਾਹ ਲੈਣ ਕਾਰਨ
  • ਗਲੇ ਲਗਾਉਣ, ਚੁੰਮਣ, ਜਾਂ ਹੱਥ ਮਿਲਾਉਣ ਨਾਲ
  • ਖਾਣੇ ਦੇ ਭਾਂਡੇ ਸਾਂਝੇ ਕਰਨ
  • ਪਾਣੀ ਦੇ ਫੁਹਾਰੇ ਨੂੰ ਸਾਂਝਾ ਕਰਨ
  • ਨਿੱਜੀ ਚੀਜ਼ਾਂ ਨੂੰ ਸਾਂਝਾ ਕਰਨ
  • ਕਿਸੇ ਜਿਮ ਵਿੱਚ ਕਸਰਤ ਦੇ ਸਾਜ਼-ਸਾਮਾਨ ਦੀ ਵਰਤੋਂ ਕਰਨ
  • ਇੱਕ ਟਾਇਲਟ ਸੀਟ, ਦਰਵਾਜ਼ੇ ਦੇ ਹੈਂਡਲ ਨੂੰ ਛੂਹਣ ਨਾਲ ਨਹੀਂ

ਐਚਆਈਵੀ ਲਾਗ ਵਾਲੇ ਵਿਅਕਤੀਆਂ ਦੇ ਖੂਨ, ਵੀਰਜ, ਔਰਤ ਦੀ ਯੋਨੀ ਦੇ ਤਰਲ ਪਦਾਰਥ ਅਤੇ ਮਾਂ ਦੇ ਦੁੱਧ ਵਰਗੇ ਸਰੀਰ ਦੇ ਤਰਲ ਪਦਾਰਥਾਂ ਦੇ ਵਟਾਂਦਰੇ ਕਾਰਨ ਹੋ ਸਕਦਾ ਹੈ।

ਭਰਮ: ਗੈਰ -ਪਰੰਪਰਾ ਤਰੀਕਿਆਂ ਨਾਲ ਐੱਚਆਈਵੀ ਦਾ ਇਲਾਜ ਸੰਭਵ

ਇਹ ਬਿਲਕੁਲ ਵੀ ਸੱਚ ਨਹੀਂ ਹੈ। ਦਵਾਈਆਂ, ਸੈਕਸ ਤੋਂ ਬਾਅਦ ਨਹਾਉਣ ਜਾਂ ਕਿਸੇ ਕੁਆਰੀ ਨਾਲ ਸੈਕਸ ਕਰਨ ਨਾਲ ਐੱਚਆਈਵੀ ਦੇ ਵਿਰੁੱਧ ਕੁਝ ਨਹੀਂ ਹੋਵੇਗਾ।

'ਕਿਸੇ ਕੁਆਰੀ ਨਾਲ ਸੈਕਸ ਕਰਨ ਕਾਰਨ ਐਚਆਈਵੀ ਠੀਕ ਹੋਣ' ਦਾ ਭੁਲੇਖਾ ਸਬ-ਸਹਾਰਨ ਅਫਰੀਕਾ, ਭਾਰਤ ਅਤੇ ਥਾਈਲੈਂਡ ਦੇ ਹਿੱਸਿਆਂ ਵਿੱਚ ਰਿਹਾ ਹੈ। ਇਹ ਬੇਹੱਦ ਖਤਰਨਾਕ ਭਰਮ ਹੈ।

ਇਸ ਕਾਰਨ ਬਹੁਤ ਛੋਟੀ ਉਮਰ ਦੀਆਂ ਕੁੜੀਆਂ ਦੇ ਬਲਾਤਕਾਰ ਅਤੇ ਕੁੱਝ ਮਾਮਲਿਆਂ ਵਿੱਚ ਬੱਚੀਆਂ ਨਾਲ ਵੀ ਰੇਪ ਕੀਤਾ ਗਿਆ ਹੈ। ਇਸ ਕਾਰਨ ਉਨ੍ਹਾਂ ਨੂੰ ਵੀ ਐੱਚਆਈਵੀ ਹੋਣ ਦਾ ਖਤਰਾ ਪੈਦਾ ਹੋ ਗਿਆ।

ਇਹ ਮੰਨਿਆ ਜਾਂਦਾ ਹੈ ਕਿ ਇਹ ਭਰਮ 16 ਵੀਂ ਸਦੀ ਵਿੱਚ ਯੂਰਪ ਵਿੱਚ ਪੈਦਾ ਹੋਇਆ ਜਦੋਂ ਲੋਕਾਂ ਨੂੰ ਸੀਫਿਲਿਸ ਅਤੇ ਗੋਨੇਰਿਆ ਵਰਗੀਆਂ ਸੈਕਸੁਅਲੀ ਟਰਾਂਸਮਿਟਡ ਬੀਮਾਰੀਆਂ ਹੋਣ ਲੱਗੀਆਂ। ਇਹ ਇਹਨਾਂ ਬਿਮਾਰੀਆਂ ਲਈ ਵੀ ਕੰਮ ਨਹੀਂ ਕਰਦਾ ਹੈ।

ਭਰਮ: ਮੱਛਰ ਕਾਰਨ ਐੱਚਆਈਵੀ ਫੈਲ ਸਕਦਾ ਹੈ

ਹਾਲਾਂਕਿ ਖੂਨ ਦੇ ਨਾਲ ਇਹ ਵਾਇਰਸ ਫੈਲ ਸਕਦਾ ਹੈ ਪਰ ਕਈ ਅਧਿਐਨਾਂ ਤੋਂ ਪਤਾ ਲਗਦਾ ਹੈ ਕਿ ਕਿਸੇ ਕੀੜੇ ਦੇ ਕੱਟਣ ਜਾਂ ਖੂਨ ਚੂਸਨ ਕਾਰਨ ਐਚਆਈਵੀ ਨਹੀਂ ਫੈਲ ਸਕਦਾ। ਇਸ ਦੇ ਦੋ ਕਾਰਨ ਹਨ:

1) ਜਦੋਂ ਕੀੜੇ ਕੱਟਦੇ ਹਨ ਤਾਂ ਉਸ ਵਿਅਕਤੀ ਜਾਂ ਜਾਨਵਰ ਦਾ ਖੂਨ ਨਹੀਂ ਲਾਉਂਦੇ ਜਿਸ ਨੂੰ ਉਨ੍ਹਾਂ ਨੇ ਪਹਿਲਾਂ ਕੱਟਿਆ ਸੀ

2) ਉਨ੍ਹਾਂ ਵਿੱਚ ਐੱਚਆਈਵੀ ਥੋੜ੍ਹੀ ਦੇਰ ਲਈ ਹੀ ਰਹਿੰਦਾ ਹੈ

ਫਿਰ ਵੀ ਜੇ ਤੁਸੀਂ ਕਿਸੇ ਅਜਿਹੇ ਖੇਤਰ ਵਿੱਚ ਰਹਿੰਦੇ ਹੋ ਜਿੱਥੇ ਮੱਛਰ ਜ਼ਿਆਦਾ ਹਨ ਅਤੇ ਅਤੇ ਐੱਚਆਈਵੀ ਦੇ ਮਾਮਲੇ ਵੀ ਕਾਫ਼ੀ ਹਨ ਤਾਂ ਵੀ ਇਨ੍ਹਾਂ ਦੋਹਾਂ ਵਿੱਚ ਕੋਈ ਸਬੰਧ ਨਹੀਂ ਹੈ।

ਭਰਮ: ਮੈਨੂੰ ਓਰਲ ਸੈਕਸ ਨਾਲ ਐੱਚਆਈਵੀ ਨਹੀਂ ਹੋ ਸਕਦਾ

ਇਹ ਸੱਚ ਹੈ ਕਿ ਮੂੰਹ ਨਾਲ ਸੈਕਸ (ਓਰਲ ਸੈਕਸ) ਕੁਝ ਹੋਰ ਕਿਸਮ ਦੇ ਸੈਕਸ ਨਾਲੋਂ ਘੱਟ ਖ਼ਤਰਨਾਕ ਹੁੰਦਾ ਹੈ। 10,000 ਮਾਮਲਿਆਂ ਵਿੱਚੋਂ ਚਾਰ ਤੋਂ ਵੀ ਘੱਟ ਵਿੱਚ ਐਚਆਈਵੀ ਟਰਾਂਸਫਰ ਹੋਣ ਦਾ ਖਦਸ਼ਾ ਹੁੰਦਾ ਹੈ।

ਪਰ ਜੇ ਕਿਸੇ ਮਰਦ ਜਾਂ ਔਰਤ ਨੂੰ ਐਚਆਈਵੀ ਹੈ ਤਾਂ ਉਸ ਨਾਲ ਓਰਲ ਸੈਕਸ ਕਰਨ ਨਾਲ ਐੱਚਆਈਵੀ ਹੋ ਸਕਦਾ ਹੈ। ਇਸੇ ਕਾਰਨ ਡਾਕਟਰ ਹਮੇਸ਼ਾ ਕੰਡੋਮ ਵਰਤਣ ਦੀ ਸਲਾਹ ਦਿੰਦੇ ਹਨ, ਚਾਹੇ ਓਰਲ ਸੈਕਸ ਕਿਉਂ ਨਾ ਹੋਵੇ।

ਭਰਮ: ਕੰਡੋਮ ਨਾਲ ਮੈਨੂੰ ਐੱਚਆਈਵੀ ਨਹੀਂ ਹੇਵੇਗਾ

ਜੇ ਕੰਡੋਮ ਫੱਟ ਜਾਵੇ, ਉਤਰ ਜਾਵੇ ਜਾਂ ਫਿਰ ਲੀਕ ਹੋ ਜਾਵੇ ਤਾਂ ਐੱਚਆਈਵੀ ਹੋਣ ਤੋਂ ਰੋਕਿਆ ਨਹੀਂ ਜਾ ਸਕਦਾ।

ਇਸੇ ਕਰਕੇ ਸਫਲ ਏਡਜ਼ ਮੁਹਿੰਮਾਂ ਲੋਕਾਂ ਨੂੰ ਸਿਰਫ਼ ਕੰਡੋਮ ਪਾਉਣ ਹੀ ਨਹੀਂ ਸਗੋਂ ਐੱਚਆਈਵੀ ਦੀ ਜਾਂਚ ਕਰਵਾਉਣ ਬਾਰੇ ਵੀ ਕਹਿੰਦੀਆਂ ਹਨ। ਅਤੇ ਜੇ ਐੱਚਆਈਵੀ ਦਾ ਟੈਸਟ ਪਾਜ਼ੀਟਿੰਵ ਆਉਂਦਾ ਹੈ ਤਾਂ ਉਸ ਦਾ ਤੁਰੰਤ ਇਲਾਜ ਕਰਵਾਓ।

ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਚਾਰ ਵਿਅਕਤੀਆਂ ਵਿੱਚੋਂ ਇੱਕ ਜਿਨ੍ਹਾਂ ਨੂੰ ਐੱਚਆਈਵੀ ਹੈ ਉਨ੍ਹਾਂ ਨੂੰ ਇਸ ਬਾਰੇ ਪਤਾ ਨਹੀਂ ਹੈ। ਇਸ ਦਾ ਮਤਲਬ ਹੈ 9.4 ਮਿਲੀਅਨ ਲੋਕ - ਐਚਆਈਵੀ ਫੈਲਾਉਣ ਲਈ ਇੱਕ ਵੱਡਾ ਖਤਰਾ ਹਨ।

ਭਰਮ: ਕੋਈ ਲੱਛਣ ਨਾ ਹੋਣ ਦਾ ਮਤਲਬ ਹੈ ਐੱਚਆਈਵੀ ਨਾ ਹੋਣਾ

ਇੱਕ ਐੱਚਆਈਵੀ ਪੀੜਤ ਵਿਅਕਤੀ 10-15 ਸਾਲ ਤੱਕ ਜਿਉਂਦਾ ਰਹਿ ਸਕਦਾ ਹੈ ਅਤੇ ਹੋ ਸਕਦਾ ਹੈ ਕਿ ਬੀਮਾਰੀ ਦੇ ਲੱਛਣ ਕਦੇ ਵੀ ਸਾਹਮਣੇ ਨਾ ਆਉਣ। ਸ਼ੁਰੂਆਤੀ ਇਨਫੈਕਸ਼ਨ ਤੋਂ ਬਾਅਦ ਪਹਿਲੇ ਕੁਝ ਹਫ਼ਤਿਆਂ ਵਿੱਚ ਬੁਖਾਰ, ਸਿਰ ਦਰਦ, ਧੱਫ਼ੜ ਜਾਂ ਗਲੇ ਵਿੱਚ ਦਰਦ ਹੋ ਸਕਦਾ ਹੈ।

ਕੁਝ ਹੋਰ ਲੱਛਣ ਵੀ ਹੋ ਸਕਦੇ ਹਨ ਕਿਉਂਕਿ ਇਨਫੈਕਸ਼ਨ ਕਾਰਨ ਸਰੀਰ ਨਿਰੰਤਰ ਕਮਜ਼ੋਰ ਹੋ ਸਕਦਾ ਹੈ। ਭਾਰ ਘਟਣਾ, ਬੁਖ਼ਾਰ, ਦਸਤ ਅਤੇ ਖੰਘ ਹੋ ਸਕਦੀ ਹੈ।

ਇਲਾਜ ਤੋਂ ਬਿਨਾਂ ਟੀਬੀ, ਕਰਿਪਟੋਕੌਕਲ ਮੈਨਿਨਜਾਈਟਿਸ (ਦਿਮਾਗ ਅਤੇ ਰੀੜ ਦੀ ਬਿਮਾਰੀ ਜੋ ਕਿ ਅਕਸਰ ਐਚਆਈਵੀ ਪੀੜਤ ਨੂੰ ਹੁੰਦੀ ਹੈ), ਗੰਭੀਰ ਬੈਕਟੀਰੀਅਲ ਇਨਫੈਕਸ਼ਨ ਅਤੇ ਕੈਂਸਰ ਹੋ ਸਕਦਾ ਹੈ।

ਭਰਮ: ਐੱਚਆਈਵੀ ਨਾਲ ਪੀੜਤ ਲੋਕ ਜਵਾਨੀ ਵਿੱਚ ਮਰ ਜਾਣਗੇ

ਉਹ ਲੋਕ ਜਿਨ੍ਹਾਂ ਨੂੰ ਪਤਾ ਹੈ ਕਿ ਉਹ ਐੱਚਆਈਵੀ ਪਾਜ਼ੀਟਿਵ ਹਨ ਅਤੇ ਇਲਾਜ ਕਰਵਾ ਰਹੇ ਹਨ, ਉਹ ਸਿਹਤਮੰਦ ਜ਼ਿੰਦਗੀ ਜੀਅ ਰਹੇ ਹਨ।

ਯੂਐਨਏਡੇਜ਼ ਦਾ ਕਹਿਣਾ ਹੈ ਕਿ ਐੱਚਆਈਵੀ ਤੋਂ ਪੀੜਤ ਲੋਕਾਂ ਵਿੱਚੋਂ 47% ਲੋਕ ਵਾਇਰਲ ਕਾਰਨ ਦੱਬੇ ਹੋਏ ਹਨ ਜਿਸ ਦਾ ਮਤਲਬ ਹੈ ਕਿ ਖੂਨ ਵਿੱਚ ਐੱਚਆਈਵੀ ਦੀ ਮਾਤਰਾ ਇੰਨੀ ਜ਼ਿਆਦਾ ਹੈ ਕਿ ਇਹ ਖੂਨ ਦੀ ਜਾਂਚ ਵਿੱਚ ਵੀ "ਪਤਾ ਨਹੀਂ ਲਗਦਾ" ਹੈ।

ਜੇ ਉਹ ਇਲਾਜ ਨੂੰ ਰੋਕ ਦੇਣ ਤਾਂ ਦੁਬਾਰਾ ਐਚਆਈਵੀ ਦਾ ਪੱਧਰ ਵੱਧ ਸਕਦਾ ਹੈ ਅਤੇ ਫਿਰ ਉਸ ਬਾਰੇ ਪਤਾ ਲੱਗ ਸਕਦਾ ਹੈ।

ਵਿਸ਼ਵ ਸਿਹਤ ਸੰਗਠਨ ਮੁਤਾਬਕ ਪੂਰੀ ਦੁਨੀਆਂ ਵਿੱਚ 2024 ਵਿੱਚ 40.8 ਮਿਲੀਅਨ ਲੋਕ ਜੋ ਕਿ ਐਚਆਈਵੀ ਤੋਂ ਪੀੜਤ ਸਨ।

ਭਰਮ: ਐੱਚਆਈਵੀ ਪੀੜਤ ਮਾਵਾਂ ਕਾਰਨ ਬੱਚਿਆਂ ਨੂੰ ਵੀ ਇਨਫੈਕਸ਼ ਹੋਵੇਗਾ ਹੀ

ਜ਼ਰੂਰੀ ਨਹੀਂ ਹੈ। ਜੋ ਮਾਵਾਂ ਐੱਚਆਈਵੀ ਤੋਂ ਪੀੜਤ ਹਨ, ਵਾਇਰਸ ਟਰਾਂਸਫਰ ਕੀਤੇ ਬਿਨ੍ਹਾਂ ਵੀ ਬੱਚਾ ਹੋ ਸਕਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)