ਲਿਵਰ ਟ੍ਰਾਂਸਪਲਾਂਟ ਕਿਵੇਂ ਕੀਤਾ ਜਾਂਦਾ ਹੈ, ਜਾਣੋ ਇਸ ਦੀ ਲੋੜ ਕਦੋਂ ਅਤੇ ਕਿਉਂ ਪੈਂਦੀ ਹੈ?

    • ਲੇਖਕ, ਸੁਰਭੀ ਗੁਪਤਾ
    • ਰੋਲ, ਬੀਬੀਸੀ ਪੱਤਰਕਾਰ

ਲਿਵਰ ਜਾਂ ਜਿਗਰ ਸਰੀਰ ਦੇ ਸਭ ਤੋਂ ਮਹੱਤਵਪੂਰਨ ਅੰਗਾਂ ਵਿੱਚੋਂ ਇੱਕ ਹੈ, ਪਰ ਜਦੋਂ ਇਹ ਇੰਨਾ ਖਰਾਬ ਹੋ ਜਾਂਦਾ ਹੈ ਕਿ ਕੰਮ ਨਹੀਂ ਕਰ ਸਕਦਾ, ਤਾਂ ਕਈ ਮਾਮਲਿਆਂ ਵਿੱਚ ਲਿਵਰ ਟ੍ਰਾਂਸਪਲਾਂਟ ਦੀ ਲੋੜ ਪੈ ਸਕਦੀ ਹੈ।

ਲਿਵਰ ਟ੍ਰਾਂਸਪਲਾਂਟ ਇੱਕ ਅਜਿਹੀ ਸਰਜਰੀ ਹੈ ਜਿਸ ਵਿੱਚ ਇੱਕ ਖਰਾਬ ਲਿਵਰ ਨੂੰ ਕੱਢ ਕੇ ਉਸ ਦੀ ਥਾਂ ਕਿਸੇ ਹੋਰ ਵਿਅਕਤੀ, ਜਿਸਨੂੰ ਡੋਨਰ ਕਿਹਾ ਜਾਂਦਾ ਹੈ, ਤੋਂ ਲਿਆ ਗਿਆ ਸਿਹਤਮੰਦ ਲਿਵਰ ਜਾਂ ਇਸ ਦਾ ਇੱਕ ਹਿੱਸਾ ਲਗਾਇਆ ਜਾਂਦਾ ਹੈ।

ਲਿਵਰ ਟ੍ਰਾਂਸਪਲਾਂਟ ਦੀ ਲੋੜ ਕਦੋਂ ਪੈਂਦੀ ਹੈ? ਲਿਵਰ ਟ੍ਰਾਂਸਪਲਾਂਟ ਦੇ ਨਿਯਮ ਅਤੇ ਸ਼ਰਤਾਂ ਕੀ ਹਨ? ਲਿਵਰ ਟ੍ਰਾਂਸਪਲਾਂਟ ਤੋਂ ਬਾਅਦ ਕਿੰਨ੍ਹਾਂ ਗੱਲਾਂ ਦਾ ਖਿਆਲ ਰੱਖਿਆ ਜਾਣਾ ਚਾਹੀਦਾ ਹੈ?

ਇਹ ਸਮਝਣ ਲਈ ਅਸੀਂ ਲੀਲਾਵਤੀ ਹਸਪਤਾਲ ਅਤੇ ਰਿਸਰਚ ਸੈਂਟਰ, ਮੁੰਬਈ ਵਿਖੇ ਲਿਵਰ ਟ੍ਰਾਂਸਪਲਾਂਟ ਅਤੇ ਐਚਪੀਬੀ ਸਰਜਰੀ ਵਿਭਾਗ ਦੇ ਸਲਾਹਕਾਰ ਅਤੇ ਮੁਖੀ ਡਾਕਟਰ ਵਿਭਾ ਵਰਮਾ ਅਤੇ ਦਿੱਲੀ ਦੇ ਮੈਕਸ ਸੈਂਟਰ ਫਾਰ ਲਿਵਰ ਐਂਡ ਬਿਲੀਅਰੀ ਸਾਇੰਸਜ਼ ਦੇ ਚੇਅਰਮੈਨ ਅਤੇ ਲਿਵਰ ਟ੍ਰਾਂਸਪਲਾਂਟ ਸਰਜਨ ਡਾਕਟਰ ਸੁਭਾਸ਼ ਗੁਪਤਾ ਨਾਲ ਗੱਲ ਕੀਤੀ।

ਲਿਵਰ ਟ੍ਰਾਂਸਪਲਾਂਟ ਦੀ ਲੋੜ ਕਦੋਂ ਪੈਂਦੀ ਹੈ?

ਦੋਵੇਂ ਹੀ ਮਾਹਰ ਸਿਰੋਸਿਸ, ਸ਼ੁਰੂਆਤੀ ਜਾਂ ਪ੍ਰਾਇਮਰੀ ਲਿਵਰ ਕੈਂਸਰ, ਐਕਿਊਟ ਲਿਵਰ ਫੇਲੀਅਰ, ਅਤੇ ਬੱਚਿਆਂ ਵਿੱਚ ਕੁਝ ਜਮਾਂਦਰੂ ਸਥਿਤੀਆਂ ਦੇ ਮਾਮਲਿਆਂ ਵਿੱਚ ਲਿਵਰ ਟ੍ਰਾਂਸਪਲਾਂਟ ਦੀ ਜ਼ਰੂਰਤ ਦੱਸਦੇ ਹਨ।

ਲਿਵਰ ਟ੍ਰਾਂਸਪਲਾਂਟ ਸਰਜਨ ਡਾਕਟਰ ਸੁਭਾਸ਼ ਗੁਪਤਾ ਕਹਿੰਦੇ ਹਨ ਕਿ ਲਿਵਰ ਟ੍ਰਾਂਸਪਲਾਂਟ ਮੁੱਖ ਤੌਰ 'ਤੇ ਤਿੰਨ ਬਿਮਾਰੀਆਂ ਵਿੱਚ ਕੀਤੇ ਜਾਂਦੇ ਹਨ:

1. ਸਿਰੋਸਿਸ, ਭਾਵ ਲਿਵਰ ਦਾ ਇੱਕ ਸਥਾਈ ਜ਼ਖਮ ਜੋ ਇਸ ਦੇ ਕੰਮ ਨੂੰ ਪ੍ਰਭਾਵਿਤ ਕਰਦਾ ਹੈ। ਇਹ ਆਮ ਤੌਰ 'ਤੇ ਸ਼ਰਾਬ, ਹੈਪੇਟਾਈਟਸ ਬੀ, ਜਾਂ ਹੈਪੇਟਾਈਟਸ ਸੀ ਕਾਰਨ ਹੁੰਦਾ ਹੈ। ਮੋਟਾਪਾ ਅਤੇ ਸ਼ੂਗਰ ਵੀ ਇਸ ਦੇ ਜੋਖਮ ਦੇ ਕਾਰਕ ਹਨ।

2. ਜਦੋਂ ਲਿਵਰ ਦੇ ਬਾਇਲ ਡਕਟ ਭਾਵ ਪਿੱਤ ਦੀਆਂ ਨਲੀਆਂ ਵਿੱਚ ਕੋਈ ਸਮੱਸਿਆ ਹੁੰਦੀ ਹੈ, ਜਿਸ ਨੂੰ ਕੋਲੈਸਟੇਟਿਕ ਲਿਵਰ ਡਿਜ਼ੀਜ਼ ਕਿਹਾ ਜਾਂਦਾ ਹੈ। ਇਸ ਵਿੱਚ ਲਿਵਰ ਸਿਹਤਮੰਦ ਹੁੰਦਾ ਹੈ, ਪਰ ਇਸ ਵਿੱਚ ਬਾਇਲ ਭਾਵ ਪਿੱਤ ਦਾ ਪ੍ਰਵਾਹ ਸਹੀ ਢੰਗ ਨਾਲ ਨਹੀਂ ਹੁੰਦਾ।

3. ਜਿਗਰ ਦਾ ਕੈਂਸਰ: ਡਾਕਟਰ ਸੁਭਾਸ਼ ਗੁਪਤਾ ਦੱਸਦੇ ਹਨ ਕਿ ਲਿਵਰ ਕੈਂਸਰ ਦੋ ਤਰ੍ਹਾਂ ਦਾ ਹੁੰਦਾ ਹੈ: ਪ੍ਰਾਇਮਰੀ ਲਿਵਰ ਕੈਂਸਰ, ਜੋ ਲਿਵਰ ਦੇ ਅੰਦਰੋਂ ਹੀ ਸ਼ੁਰੂ ਹੋਇਆ ਹੋਵੇ ਅਤੇ ਸੈਕੰਡਰੀ ਲਿਵਰ ਕੈਂਸਰ, ਭਾਵ ਜਦੋਂ ਕੈਂਸਰ ਸ਼ਰੀਰ ਦੇ ਕਿਸੇ ਹੋਰ ਹਿੱਸੇ ਵਿੱਚ ਸ਼ੁਰੂ ਹੁੰਦਾ ਹੈ ਅਤੇ ਲਿਵਰ ਤੱਕ ਫੇਲ ਜਾਂਦਾ ਹੈ।

ਉਹ ਕਹਿੰਦੇ ਹਨ ਕਿ ਪ੍ਰਾਇਮਰੀ ਲਿਵਰ ਕੈਂਸਰ ਵਿੱਚ ਲਿਵਰ ਟ੍ਰਾਂਸਪਲਾਂਟ ਕੀਤਾ ਜਾਂਦਾ ਹੈ।

ਡਾਕਟਰ ਵਿਭਾ ਵਰਮਾ ਦੱਸਦੇ ਹਨ, "ਲਿਵਰ ਟ੍ਰਾਂਸਪਲਾਂਟ ਸਿਰੋਸਿਸ ਦੇ ਮਰੀਜ਼ਾਂ ਵਿੱਚ ਕੁਝ ਲਿਵਰ ਕੈਂਸਰ ਪੂਰੀ ਤਰ੍ਹਾਂ ਠੀਕ ਹੋ ਸਕਦੇ ਹਨ। ਕੁਝ ਮਾਮਲਿਆਂ ਵਿੱਚ, ਜਦੋਂ ਕੈਂਸਰ ਵੱਡੀ ਅੰਤੜੀ ਜਾਂ ਗੁਦਾ ਵਿੱਚ ਸ਼ੁਰੂ ਹੁੰਦਾ ਹੈ ਅਤੇ ਸਿਰਫ ਲਿਵਰ ਵਿੱਚ ਫੈਲਿਆ ਹੋਵੇ, ਤਾਂ ਜਿਗਰ ਟ੍ਰਾਂਸਪਲਾਂਟ ਕੀਤਾ ਜਾ ਸਕਦਾ ਹੈ।"

ਇਸ ਤੋਂ ਇਲਾਵਾ, ਲਿਵਰ ਟ੍ਰਾਂਸਪਲਾਂਟ ਦਾ ਚੌਥਾ ਕਾਰਨ ਐਕਿਊਟ ਲਿਵਰ ਫੇਲੀਅਰ ਹੁੰਦਾ ਹੈ।

ਡਾਕਟਰ ਵਿਭਾ ਵਰਮਾ ਕਹਿੰਦੇ ਹਨ, "ਐਕਿਊਟ ਲਿਵਰ ਫੇਲੀਅਰ ਦੇ ਮਾਮਲੇ 'ਚ ਐਮਰਜੈਂਸੀ ਟ੍ਰਾਂਸਪਲਾਂਟ ਦੀ ਲੋੜ ਹੁੰਦੀ ਹੈ। ਇਹ ਕਈ ਵਾਰ ਹੈਪੇਟਾਈਟਸ ਏ ਜਾਂ ਈ ਵਰਗੇ ਵਾਇਰਲ ਇਨਫੈਕਸ਼ਨਾਂ ਜਾਂ ਕੁਝ ਦਵਾਈਆਂ ਕਾਰਨ ਹੋ ਸਕਦਾ ਹੈ।"

ਲਿਵਰ ਟ੍ਰਾਂਸਪਲਾਂਟ ਕਿੰਨੇ ਤਰ੍ਹਾਂ ਦੇ ਹੁੰਦੇ ਹਨ?

ਟ੍ਰਾਂਸਪਲਾਂਟ ਲਈ ਲਿਵਰ ਇੱਕ ਮ੍ਰਿਤ ਡੋਨਰ ਜਾਂ ਜੀਵਤ ਡੋਨਰ ਤੋਂ ਵੀ ਲਿਆ ਜਾ ਸਕਦਾ ਹੈ।

ਮ੍ਰਿਤ ਜਾਂ ਦਿਮਾਗੀ ਤੌਰ 'ਤੇ ਮ੍ਰਿਤ ਡੋਨਰ ਤੋਂ ਟ੍ਰਾਂਸਪਲਾਂਟ

ਇਸ ਵਿੱਚ, ਡਾਕਟਰ ਮਰੀਜ਼ ਦੇ ਬਿਮਾਰ ਜਾਂ ਖਰਾਬ ਲਿਵਰ ਨੂੰ ਹਟਾ ਕੇ ਉਸ ਦੀ ਥਾਂ ਡੋਨੇਟ ਜਾਂ ਦਾਨ ਕੀਤਾ ਲਿਵਰ ਲਗਾ ਦਿੰਦੇ ਹਨ।

ਡਾਕਟਰ ਵਿਭਾ ਵਰਮਾ ਦੱਸਦੇ ਹਨ, "ਇਸ ਵਿੱਚ ਡੋਨਰ ਦਾ ਪੂਰਾ ਲਿਵਰ ਮਰੀਜ਼ ਵਿੱਚ ਟ੍ਰਾਂਸਪਲਾਂਟ ਕੀਤਾ ਜਾ ਸਕਦਾ ਹੈ। ਜਾਂ ਉਸ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਇੱਕ ਹਿੱਸਾ ਕਿਸੇ ਬਾਲਗ ਮਰੀਜ਼ ਨੂੰ ਟ੍ਰਾਂਸਪਲਾਂਟ ਕੀਤਾ ਜਾ ਸਕਦਾ ਹੈ ਅਤੇ ਦੂਜਾ ਹਿੱਸਾ ਕਿਸੇ ਬੱਚੇ ਨੂੰ।"

ਜੀਵਤ ਡੋਨਰ ਤੋਂ ਟ੍ਰਾਂਸਪਲਾਂਟ

ਇੱਕ ਸਿਹਤਮੰਦ ਵਿਅਕਤੀ ਆਪਣੇ ਲਿਵਰ ਦਾ ਇੱਕ ਹਿੱਸਾ ਦਾਨ ਕਰ ਸਕਦਾ ਹੈ। ਅਜਿਹੇ ਦਾਨੀ ਜਾਂ ਡੋਨਰ ਨੂੰ ਲਾਈਵ ਡੋਨਰ ਭਾਵ ਜੀਵਤ ਦਾਨੀ ਕਿਹਾ ਜਾਂਦਾ ਹੈ। ਲਾਈਵ ਡੋਨਰ ਸਿਰਫ ਮਰੀਜ਼ ਦੇ ਪਰਿਵਾਰ ਵਿੱਚੋਂ ਹੀ ਹੋ ਸਕਦੇ ਹਨ।

ਡਾਕਟਰ ਸੁਭਾਸ਼ ਕਹਿੰਦੇ ਹਨ, "ਇਸ ਦਾ ਮਤਲਬ ਹੈ ਕਿ ਪਰਿਵਾਰ ਦਾ ਕੋਈ ਮੈਂਬਰ ਲਿਵਰ ਦਾ ਇੱਕ ਹਿੱਸਾ ਦਾਨ ਕਰੇਗਾ, ਉਸ ਤੋਂ ਇਲਾਵਾ ਕੋਈ ਹੋਰ ਨਹੀਂ। ਜਿਵੇ ਮਾਤਾ-ਪਿਤਾ ਆਪਣੇ ਬੱਚੇ ਨੂੰ ਦਾਨ ਕਰ ਸਕਦੇ ਹਨ ਜਾਂ ਬੱਚਾ ਆਪਣੇ ਮਾਤਾ ਪਿਤਾ ਨੂੰ ਲਿਵਰ ਡੋਨੇਟ ਕਰ ਸਕਦਾ ਹੈ। ਪਤੀ, ਪਤਨੀ, ਭਰਾ, ਭੈਣ ਵੀ ਡੋਨਰ ਬਣ ਸਕਦੇ ਹਨ। ਇਸ ਸਬੰਧ ਵਿੱਚ ਕਾਨੂੰਨੀ ਪ੍ਰਕਿਰਿਆਵਾਂ ਦੀ ਪਾਲਣਾ ਕਰਨੀ ਹੁੰਦੀ ਹੈ।"

ਡਾਕਟਰ ਵਿਭਾ ਵਰਮਾ ਦੱਸਦੇ ਹਨ ਕਿ ਭਾਰਤ ਵਿੱਚ ਲਿਵਰ ਟ੍ਰਾਂਸਪਲਾਂਟ, ਟ੍ਰਾਂਸਪਲਾਂਟੇਸ਼ਨ ਆਫ਼ ਹਿਊਮਨ ਅਰਗਨਜ਼ ਐਕਟ ਦੇ ਅਧੀਨ ਹੈ। ਇਸ ਅਨੁਸਾਰ:

  • ਲਿਵਰ ਡੋਨਰ ਮਰੀਜ਼ ਦੇ ਪਰਿਵਾਰ ਦਾ ਮੈਂਬਰ ਹੋਣਾ ਚਾਹੀਦਾ ਹੈ, ਬਾਲਗ ਹੋਣਾ ਚਾਹੀਦਾ ਹੈ ਅਤੇ ਸਵੈਇੱਛਾ ਨਾਲ ਸਹਿਮਤ ਹੋਣਾ ਚਾਹੀਦਾ ਹੈ।
  • ਸਰਕਾਰ ਦੁਆਰਾ ਪ੍ਰਵਾਨਿਤ ਇੱਕ ਕਮੇਟੀ ਮਰੀਜ਼ ਅਤੇ ਡੋਨਰ ਦੇ ਰਿਸ਼ਤੇ ਦੀ ਪੁਸ਼ਟੀ ਕਰਦੀ ਹੈ ਅਤੇ ਇਹ ਯਕੀਨੀ ਬਣਾਉਂਦੀ ਹੈ ਕਿ ਕੋਈ ਦਬਾਅ ਜਾਂ ਜ਼ਬਰਦਸਤੀ ਨਾ ਹੋਵੇ।
  • ਕਾਨੂੰਨੀ ਪ੍ਰਵਾਨਗੀ ਤੋਂ ਬਾਅਦ, ਡੋਨਰ ਅਤੇ ਲਿਵਰ ਟ੍ਰਾਂਸਪਲਾਂਟ ਦੀ ਲੋੜ ਵਾਲੇ ਮਰੀਜ਼ ਦੋਵਾਂ ਦੀ ਪੂਰੀ ਤਰ੍ਹਾਂ ਡਾਕਟਰੀ ਜਾਂਚ ਹੁੰਦੀ ਹੈ, ਤਾਂ ਜੋ ਸਰਜਰੀ ਲਈ ਉਨ੍ਹਾਂ ਦੀ ਤੰਦਰੁਸਤੀ ਦੀ ਪੁਸ਼ਟੀ ਹੋ ਸਕੇ।

ਡਾਕਟਰ ਵਿਭਾ ਵਰਮਾ ਕਹਿੰਦੇ ਹਨ, "ਲਿਵਰ ਡੋਨਰ ਦਾ ਬਲੱਡ ਗਰੁੱਪ ਮਰੀਜ਼ ਦੇ ਬਲੱਡ ਗਰੁੱਪ ਦੇ ਅਨੁਕੂਲ ਹੋਣਾ ਚਾਹੀਦਾ ਹੈ। ਡੋਨਰ ਸਿਹਤਮੰਦ ਅਤੇ 18 ਤੋਂ 55 ਸਾਲ ਦੀ ਉਮਰ ਦੇ ਵਿਚਕਾਰ ਹੋਣਾ ਚਾਹੀਦਾ ਹੈ।"

ਲਾਈਵ ਡੋਨਰ ਲਿਵਰ ਟ੍ਰਾਂਸਪਲਾਂਟ ਵਿੱਚ ਡੋਨਰ ਦੇ ਜਿਗਰ ਦਾ ਸਿਰਫ਼ ਇੱਕ ਹਿੱਸਾ ਲਿਆ ਜਾਂਦਾ ਹੈ - ਜਾਂ ਤਾਂ ਸੱਜਾ, ਖੱਬਾ, ਜਾਂ ਇੱਕ ਪਾਸੇ ਦਾ ਹਿੱਸਾ।

ਸਮੇਂ ਦੇ ਨਾਲ ਡੋਨਰ ਅਤੇ ਪ੍ਰਾਪਤਕਰਤਾ ਦੋਵਾਂ ਦੇ ਲਿਵਰ ਆਪਣੇ ਪੂਰੇ ਆਕਾਰ ਵਿੱਚ ਵਾਪਸ ਆ ਜਾਂਦੇ ਹਨ।

ਡਾਕਟਰ ਸੁਭਾਸ਼ ਗੁਪਤਾ ਦੱਸਦੇ ਹਨ, "ਟ੍ਰਾਂਸਪਲਾਂਟ ਤੋਂ ਬਾਅਦ ਲਿਵਰ ਦੋ ਹਫ਼ਤਿਆਂ ਦੇ ਅੰਦਰ ਲਗਭਗ 70 ਫੀਸਦੀ ਅਤੇ ਇੱਕ ਮਹੀਨੇ ਦੇ ਅੰਦਰ ਲਗਭਗ 80-90 ਫੀਸਦੀ ਆਪਣੇ ਆਕਾਰ ਵਿੱਚ ਵਾਪਸ ਆ ਜਾਂਦਾ ਹੈ। ਦਾਨੀ ਅਤੇ ਪ੍ਰਾਪਤਕਰਤਾ ਦੋਵਾਂ ਦੇ ਲਿਵਰ ਇੱਕ ਸਾਲ ਦੇ ਅੰਦਰ 95-100 ਫੀਸਦੀ ਆਪਣੇ ਸਹੀ ਆਕਾਰ ਵਿੱਚ ਵਾਪਸ ਆ ਜਾਂਦੇ ਹਨ।"

ਡਾਕਟਰ ਸੁਭਾਸ਼ ਗੁਪਤਾ ਦੱਸਦੇ ਹਨ ਕਿ ਭਾਰਤ ਵਿੱਚ ਜ਼ਿਆਦਾਤਰ ਲਿਵਰ ਟ੍ਰਾਂਸਪਲਾਂਟ ਲਾਈਵ ਡੋਨਰਾਂ ਤੋਂ ਹੁੰਦੇ ਹਨ।

ਭਾਰਤ ਦੇ ਨੈਸ਼ਨਲ ਆਰਗੇਨ ਐਂਡ ਟਿਸ਼ੂ ਟ੍ਰਾਂਸਪਲਾਂਟ ਆਰਗੇਨਾਈਜ਼ੇਸ਼ਨ ਦੇ ਅਨੁਸਾਰ, ਸਾਲ 2024 ਵਿੱਚ 952 ਲਿਵਰ ਟ੍ਰਾਂਸਪਲਾਂਟ ਮ੍ਰਿਤਕ ਡੋਨਰਾਂ ਤੋਂ ਅਤੇ 3,946 ਲਾਈਵ ਭਾਵ ਜੀਵਤ ਡੋਨਰਾਂ ਤੋਂ ਕੀਤੇ ਗਏ ਸਨ।

ਡਾ. ਸੁਭਾਸ਼ ਗੁਪਤਾ ਕਹਿੰਦੇ ਹਨ ਕਿ ਭਾਰਤ ਵਿੱਚ ਅੰਗ ਦਾਨ ਬਾਰੇ ਓਨੀ ਜਾਗਰੂਕਤਾ ਨਹੀਂ ਹੈ ਜਿੰਨੀ ਹੋਣੀ ਚਾਹੀਦੀ ਹੈ।

ਉਹ ਕਹਿੰਦੇ ਹਨ, "ਅੰਗ ਦਾਨ ਬਹੁਤ ਮਹੱਤਵਪੂਰਨ ਹੈ। ਇਹ ਬਹੁਤ ਸਾਰੀਆਂ ਜਾਨਾਂ ਬਚਾ ਸਕਦਾ ਹੈ। ਅੱਜਕੱਲ੍ਹ, ਜ਼ਿਆਦਾਤਰ ਲੋਕ ਹਸਪਤਾਲਾਂ ਵਿੱਚ ਮਰਦੇ ਹਨ, ਫਿਰ ਵੀ ਅੰਗ ਦਾਨ ਦੀ ਅਜੇ ਵੀ ਬਹੁਤ ਘਾਟ ਹੈ।"

ਟ੍ਰਾਂਸਪਲੈਂਟ ਤੋਂ ਬਾਅਦ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ?

ਲਿਵਰ ਟ੍ਰਾਂਸਪਲਾਂਟ ਤੋਂ ਬਾਅਦ, ਮਰੀਜ਼ ਦੇ ਨਵੇਂ ਜਿਗਰ ਦੇ ਸਹੀ ਕੰਮਕਾਜ ਦੀ ਨਿਗਰਾਨੀ ਕਰਨਾ ਮਹੱਤਵਪੂਰਨ ਹੈ।

ਡਾਕਟਰ ਕੋਲੋਂ ਨਿਯਮਤ ਜਾਂਚ ਕਰਾਉਣਾ ਜ਼ਰੂਰੀ ਹੈ। ਟ੍ਰਾਂਸਪਲਾਂਟ ਤੋਂ ਬਾਅਦ, ਡਾਕਟਰ ਓਰਗਨ ਰਿਜੈਕਸ਼ਨ ਅਤੇ ਹੋਰ ਪੇਚੀਦਗੀਆਂ ਦੀ ਜਾਂਚ ਕਰਦੇ ਹਨ।

ਓਰਗਨ ਰਿਜੈਕਸ਼ਨ ਦਾ ਕੀ ਮਤਲਬ ਹੈ?

ਓਰਗਨ ਰਿਜੈਕਸ਼ਨ ਕਰਨ ਦਾ ਮਾਮਲਾ ਉਦੋਂ ਵਾਪਰਦਾ ਹੈ ਜਦੋਂ ਸਰੀਰ ਦਾ ਇਮਿਊਨ ਸਿਸਟਮ ਟ੍ਰਾਂਸਪਲਾਂਟ ਕੀਤੇ ਜਿਗਰ ਨੂੰ "ਵਿਦੇਸ਼ੀ" ਸਮਝ ਲੈਂਦਾ ਹੈ ਅਤੇ ਇਸਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕਰਦਾ ਹੈ। ਟ੍ਰਾਂਸਪਲਾਂਟ ਤੋਂ ਬਾਅਦ ਪਹਿਲੇ ਤਿੰਨ ਤੋਂ ਛੇ ਮਹੀਨਿਆਂ ਦੌਰਾਨ ਜੋਖਮ ਸਭ ਤੋਂ ਵੱਧ ਹੁੰਦਾ ਹੈ।

ਓਰਗਨ ਰਿਜੈਕਸ਼ਨ ਦੇ ਲੱਛਣ ਅਤੇ ਸੰਕੇਤ ਕੀ ਹਨ?

ਯੂਐਸ ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ (ਐੱਨਆਈਐੱਚ) ਦੇ ਅਨੁਸਾਰ, ਅਸਧਾਰਨ ਜਿਗਰ ਦੇ ਖੂਨ ਦੇ ਟੈਸਟ ਓਰਗਨ ਰਿਜੈਕਸ਼ਨ ਦਾ ਪਹਿਲਾ ਸੰਕੇਤ ਹੋ ਸਕਦੇ ਹਨ। ਅੰ

ਓਰਗਨ ਰਿਜੈਕਸ਼ਨ ਦੇ ਲੱਛਣ ਹਮੇਸ਼ਾ ਸਪੱਸ਼ਟ ਨਹੀਂ ਹੁੰਦੇ।

ਐੱਨਆਈਐੱਚ ਦੇ ਅਨੁਸਾਰ, ਓਰਗਨ ਰਿਜੈਕਸ਼ਨ ਦੇ ਲੱਛਣਾਂ 'ਚ ਇਹ ਸਭ ਸ਼ਾਮਲ ਹੁੰਦਾ ਹੈ :

  • ਥਕਾਵਟ ਮਹਿਸੂਸ ਕਰਨਾ
  • ਪੇਟ ਵਿੱਚ ਦਰਦ
  • ਬੁਖਾਰ
  • ਚਮੜੀ ਅਤੇ ਅੱਖਾਂ ਦੇ ਚਿੱਟੇ ਹਿੱਸਿਆਂ ਦਾ ਪੀਲਾ ਹੋਣਾ
  • ਗੂੜ੍ਹਾ ਪਿਸ਼ਾਬ
  • ਹਲਕੇ ਰੰਗ ਦਾ ਮਲ

ਓਰਗਨ ਰਿਜੈਕਸ਼ਨ ਤੋਂ ਬਚਾਅ ਲਈ, ਡਾਕਟਰ ਇਮਯੂਨੋਸਪ੍ਰੈਸੈਂਟਸ ਨਾਮਕ ਦਵਾਈਆਂ ਲਿਖਦੇ ਹਨ। ਇਹ ਦਵਾਈਆਂ ਟ੍ਰਾਂਸਪਲਾਂਟ ਕੀਤੇ ਜਿਗਰ ਪ੍ਰਤੀ ਇਮਿਊਨ ਸਿਸਟਮ ਦੀ ਪ੍ਰਤੀਕਿਰਿਆ ਨੂੰ ਘਟਾ ਕੇ ਓਰਗਨ ਰਿਜੈਕਸ਼ਨ ਨੂੰ ਰੋਕਦੀਆਂ ਹਨ।

ਡਾ. ਵਿਭਾ ਵਰਮਾ ਦੱਸਦੀ ਹੈ ਕਿ ਟ੍ਰਾਂਸਪਲਾਂਟ ਤੋਂ ਬਾਅਦ ਪਹਿਲੇ ਤਿੰਨ ਮਹੀਨੇ ਸਭ ਤੋਂ ਮਹੱਤਵਪੂਰਨ ਹੁੰਦੇ ਹਨ ਕਿਉਂਕਿ ਇਸ ਸਮੇਂ ਦੌਰਾਨ ਇਮਯੂਨੋਸਪ੍ਰੈਸੈਂਟਸ ਕਾਰਨ ਲਾਗ ਦਾ ਜੋਖਮ ਸਭ ਤੋਂ ਵੱਧ ਹੁੰਦਾ ਹੈ।

ਉਹ ਕਹਿੰਦੇ ਹਨ ਕਿ ਮਰੀਜ਼ਾਂ ਨੂੰ ਇਨ੍ਹਾਂ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ:

  • ਮਰੀਜ਼ਾਂ ਨੂੰ ਮਾਸਕ ਪਹਿਨਣਾ ਚਾਹੀਦਾ ਹੈ ਅਤੇ ਭੀੜ-ਭੜੱਕੇ ਵਾਲੇ ਜਾਂ ਪ੍ਰਦੂਸ਼ਿਤ ਖੇਤਰਾਂ ਤੋਂ ਬਚਣਾ ਚਾਹੀਦਾ ਹੈ।
  • ਓਰਗਨ ਰਿਜੈਕਸ਼ਨ ਦੇ ਜੋਖਮ ਦਾ ਪਤਾ ਖੂਨ ਦੀ ਜਾਂਚ ਜਾਂ ਲਿਵਰ ਬਾਇਓਪਸੀ ਦੁਆਰਾ ਲਗਾਇਆ ਜਾ ਸਕਦਾ ਹੈ ਅਤੇ ਇਮਯੂਨੋਸਪ੍ਰੈਸੈਂਟਸ ਦੀ ਖੁਰਾਕ ਨੂੰ ਐਡਜਸਟ ਕਰਕੇ ਇਲਾਜ ਕੀਤਾ ਜਾਂਦਾ ਹੈ।
  • ਟ੍ਰਾਂਸਪਲਾਂਟ ਤੋਂ ਬਾਅਦ ਪਹਿਲੇ ਤਿੰਨ ਮਹੀਨਿਆਂ ਦੌਰਾਨ, ਸਖ਼ਤ ਸਰੀਰਕ ਗਤੀਵਿਧੀ ਤੋਂ ਚਾਹੀਦਾ ਹੈ।
  • ਇਸ ਮਿਆਦ ਦੇ ਬਾਅਦ, ਦਵਾਈਆਂ ਅਤੇ ਫਾਲੋ-ਅੱਪ ਮੁਲਾਕਾਤਾਂ ਹੌਲੀ-ਹੌਲੀ ਘਟਾਈਆਂ ਜਾਂਦੀਆਂ ਹਨ, ਅਤੇ ਮਰੀਜ਼ ਕੰਮ 'ਤੇ ਵਾਪਸ ਆ ਸਕਦੇ ਹਨ।
  • ਸਮੇਂ ਸਿਰ ਦਵਾਈਆਂ ਲੈਣਾ, ਆਪਣੇ ਡਾਕਟਰ ਦੇ ਨਿਰਦੇਸ਼ ਅਨੁਸਾਰ ਖੂਨ ਦੀ ਜਾਂਚ ਕਰਵਾਉਣਾ ਅਤੇ ਕਿਸੇ ਵੀ ਅਸਾਧਾਰਨ ਲੱਛਣ ਦੀ ਤੁਰੰਤ ਰਿਪੋਰਟ ਕਰਨਾ ਮਹੱਤਵਪੂਰਨ ਹੈ।

ਡਾ. ਵਿਭਾ ਵਰਮਾ ਕਹਿੰਦੇ ਹਨ ਕਿ ਲਿਵਰ ਟ੍ਰਾਂਸਪਲਾਂਟ ਤੋਂ ਬਾਅਦ ਜ਼ਿਆਦਾਤਰ ਮਰੀਜ਼ ਇੱਕ ਆਮ ਅਤੇ ਐਕਟਿਵ ਜੀਵਨ ਜੀਉਂਦੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)