You’re viewing a text-only version of this website that uses less data. View the main version of the website including all images and videos.
ਤੁਹਾਡਾ ਦਿਲ, ਲਿਵਰ, ਫੇਫੜੇ ਕਿਤੇ ਉਮਰ ਤੋਂ ਜਲਦੀ ਬੁੱਢੇ ਤਾਂ ਨਹੀਂ ਹੋ ਰਹੇ, ਇੰਝ ਪਤਾ ਕਰੋ
ਸਰੀਰ ਵਿੱਚ ਹੋਣ ਵਾਲੀਆਂ ਬਿਮਾਰੀਆਂ ਜਾਂ ਕਮੀਆਂ ਬਾਰੇ ਜਾਣਨ ਲਈ ਅਸੀਂ ਕਈ ਵਾਰ ਖ਼ੂਨ ਦੇ ਟੈਸਟ ਕਰਵਾਏ ਹਨ, ਪਰ ਕੀ ਕੋਈ ਅਜਿਹਾ ਟੈਸਟ ਹੈ ਜਿਸ ਨਾਲ ਪਤਾ ਲਗਾਇਆ ਜਾ ਸਕੇ ਕਿ ਸਰੀਰ ਦੇ ਅੰਦਰ ਕਿਹੜਾ ਅੰਗ ਤੇਜ਼ੀ ਨਾਲ ਬੁੱਢਾ ਹੋ ਰਿਹਾ ਹੈ?
ਵਿਗਿਆਨੀਆਂ ਦਾ ਦਾਅਵਾ ਹੈ ਕਿ ਖ਼ੂਨ ਦੀ ਜਾਂਚ ਕਰਕੇ ਹੀ ਉਹ ਇਹ ਪਤਾ ਲਗਾ ਸਕਦੇ ਹਨ ਕਿ ਮਨੁੱਖੀ ਸਰੀਰ ਦਾ ਅੰਦਰੂਨੀ ਅੰਗ ਕਿੰਨੀ ਤੇਜ਼ੀ ਨਾਲ ਬੁੱਢਾ ਹੋ ਰਿਹਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਹ ਵੀ ਪਤਾ ਲਗਾ ਸਕਦਾ ਹੈ ਕਿ ਸਰੀਰ ਦੇ ਕਿਹੜੇ ਅੰਗ ਦਾ ਛੇਤੀ ਵਿਗੜਨ ਦਾ ਖਦਸ਼ਾ ਹੈ।
ਸਟੈਨਫੋਰਡ ਯੂਨੀਵਰਸਿਟੀ ਦੀ ਟੀਮ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮਨੁੱਖੀ ਸਰੀਰ ਦੇ 11 ਅਹਿਮ ਅੰਗਾਂ ਦੀ ਜਾਂਚ ਕੀਤੀ, ਜਿਸ ਵਿੱਚ ਦਿਲ, ਦਿਮਾਗ਼ ਅਤੇ ਫੇਫੜੇ ਸ਼ਾਮਲ ਹਨ।
ਉਨ੍ਹਾਂ ਨੇ ਜਿਨ੍ਹਾਂ ਲੋਕਾਂ 'ਤੇ ਖੋਜ ਕੀਤੀ ਉਨ੍ਹਾਂ ਵਿੱਚੋਂ ਜ਼ਿਆਦਾਤਰ ਮੱਧ-ਉਮਰ ਜਾਂ ਵੱਡੇਰੀ ਉਮਰ ਦੇ ਲੋਕ ਸਨ।
ਇਸ ਖੋਜ ਦੇ ਨਤੀਜਿਆਂ ਵਿੱਚ ਦੇਖਿਆ ਗਿਆ ਕਿ 50 ਸਾਲ ਤੋਂ ਵੱਧ ਉਮਰ ਦੇ ਪੰਜ ਵਿੱਚੋਂ ਘੱਟੋ-ਘੱਟ ਇੱਕ ਵਿਅਕਤੀ ਦਾ ਕੋਈ ਨਾ ਕੋਈ ਅੰਗ ਆਪਣੀ ਉਮਰ ਨਾਲੋਂ ਕਿਤੇ ਵੱਧ ਤੇਜ਼ੀ ਨਾਲ ਬੁੱਢਾ ਹੋ ਰਿਹਾ ਹੈ।
ਵਿਗਿਆਨੀਆਂ ਦਾ ਕਹਿਣਾ ਹੈ ਕਿ 100 ਵਿਅਕਤੀਆਂ ਵਿੱਚੋਂ ਘੱਟੋ-ਘੱਟ ਇੱਕ ਜਾਂ ਦੋ ਵਿਅਕਤੀਆਂ ਵਿੱਚ ਸਰੀਰ ਦੇ ਕਈ ਅੰਗ ਉਨ੍ਹਾਂ ਦੀ ਉਮਰ ਤੋਂ ਵੱਡੇ ਹੋ ਸਕਦੇ ਹਨ।
ਹਾਲਾਂਕਿ, ਇਸ ਟੈਸਟ ਨੂੰ ਕਰਨ ਦਾ ਵਿਚਾਰ ਡਰਾਉਣਾ ਹੋ ਸਕਦਾ ਹੈ, ਪਰ ਖੋਜਕਾਰਾਂ ਦਾ ਕਹਿਣਾ ਹੈ ਕਿ ਇਹ ਯਕੀਨੀ ਤੌਰ 'ਤੇ ਇੱਕ ਮੌਕਾ ਹੈ ਜਿਸ ਦਾ ਲਾਭ ਜੀਵਨ ਦੇ ਤਰੀਕੇ ਨੂੰ ਬਦਲਣ ਲਈ ਲਿਆ ਜਾ ਸਕਦਾ ਹੈ।
ਸਰੀਰ ਦੇ ਅੰਗਾਂ ਦੀ ਉਮਰ 'ਚ ਅੰਤਰ
ਨੇਚਰ ਜਰਨਲ ਦੇ ਖੋਜਕਾਰਾਂ ਨੇ ਕਿਹਾ, "ਇਹ ਜਾਣਨ ਲਈ ਕਿ ਸਰੀਰ ਦਾ ਕਿਹੜਾ ਅੰਗ ਤੇਜ਼ੀ ਨਾਲ ਵਿਗੜ ਰਿਹਾ ਹੈ, ਭਵਿੱਖ ਵਿੱਚ ਆਉਣ ਵਾਲੀ ਸਿਹਤ ਵਿੱਚ ਗਿਰਾਵਟ ਦੀ ਪਹਿਲਾਂ ਤੋਂ ਹੀ ਜਾਣਕਾਰੀ ਹਾਸਿਲ ਕਰਨ ਲਈ ਵੱਡੀ ਮਦਦ ਮਿਲ ਸਕਦੀ ਹੈ।"
ਉਦਾਹਰਨ ਲਈ, ਆਪਣੀ ਉਮਰ ਤੋਂ ਬੁੱਢਾ ਦਿਲ ਹਾਰਟ ਫੇਲੀਅਰ ਦਾ ਖ਼ਤਰਾ ਵਧਾਉਂਦਾ ਹੈ ਤਾਂ ਜੇਕਰ ਦਿਮਾਗ਼ ਤੇਜ਼ੀ ਨਾਲ ਉਮਰਦਰਾਜ਼ ਹੋ ਰਿਹਾ ਹੈ ਤਾਂ ਉਹ ਡਿਮੈਂਸ਼ੀਆ ਦੇ ਖ਼ਤਰੇ ਨੂੰ ਦਾਵਤ ਦੇ ਰਿਹਾ ਹੈ।
ਖੋਜ ਵਿੱਚ ਦੇਖਿਆ ਗਿਆ ਹੈ ਕਿ ਸਰੀਰ ਦਾ ਕੋਈ ਇੱਕ ਅੰਗ ਜੇਕਰ ਤੇਜ਼ੀ ਨਾਲ ਬੁੱਢਾ ਹੋ ਰਿਹਾ ਹੈ, ਤਾਂ ਅਗਲੇ 15 ਸਾਲਾਂ ਵਿੱਚ ਕੁਝ ਬਿਮਾਰੀਆਂ ਅਤੇ ਮੌਤ ਦਾ ਖ਼ਤਰਾ ਜੁੜਿਆ ਹੋਇਆ ਹੈ।
ਕਿਵੇਂ ਕੀਤੀ ਗਈ ਇਹ ਜਾਂਚ ?
ਸਾਡਾ ਸਰੀਰ ਵੱਖ-ਵੱਖ ਸੈੱਲਾਂ (ਕੋਸ਼ਿਕਾਵਾਂ) ਦੇ ਸਮੂਹਾਂ ਦਾ ਬਣਿਆ ਹੁੰਦਾ ਹੈ। ਸਰੀਰ ਦੇ ਵਿਕਾਸ ਅਤੇ ਬਿਹਤਰ ਕੰਮਕਾਜ ਲਈ ਸੈੱਲ ਜ਼ਰੂਰੀ ਹੁੰਦੇ ਹਨ। ਇਹ ਸੈੱਲ ਪ੍ਰੋਟੀਨ ਦੇ ਬਣੇ ਹੁੰਦੇ ਹਨ ਅਤੇ ਇਹ ਪ੍ਰੋਟੀਨ ਅਮੀਨੋ ਐਸਿਡ ਦੇ ਬਣੇ ਹੁੰਦੇ ਹਨ।
ਦਰਅਸਲ, ਜਦੋਂ ਕਿਸੇ ਵੀ ਅੰਗ ਦੀ ਉਮਰ ਦਾ ਪਤਾ ਲਗਾਉਣ ਲਈ ਖ਼ੂਨ ਦੀ ਜਾਂਚ ਕੀਤੀ ਜਾਂਦੀ ਹੈ, ਤਾਂ ਸਰੀਰ ਵਿੱਚ ਮੌਜੂਦ ਹਜ਼ਾਰਾਂ ਪ੍ਰੋਟੀਨ ਦੇ ਪੱਧਰ ਨੂੰ ਮਾਪਿਆ ਜਾਂਦਾ ਹੈ, ਜਿਸ ਨਾਲ ਇਹ ਪਤਾ ਲੱਗਦਾ ਹੈ ਕਿ ਸਰੀਰ ਦਾ ਕਿਹੜਾ ਅੰਗ ਕਿੰਨੀ ਤੇਜ਼ੀ ਨਾਲ ਉਮਰਦਰਾਜ਼ ਹੋ ਰਿਹਾ ਹੈ।
ਖੋਜਕਾਰਾਂ ਨੇ ਖੂਨ ਦੀ ਜਾਂਚ ਦੇ ਕਈ ਨਤੀਜਿਆਂ ਅਤੇ ਮਰੀਜ਼ਾਂ ਦੇ ਹੋਰ ਡੇਟਾ ਦੀ ਵਰਤੋਂ ਕਰਕੇ ਆਪਣੇ ਨਤੀਜੇ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਕੱਢੇ।
ਖੋਜਕਾਰਾਂ ਵਿੱਚੋਂ ਇੱਕ ਡਾਕਟਰ ਟੋਨੀ ਵਾਈਸ ਕੋਰੇ ਨੇ ਬੀਬੀਸੀ ਡਿਜੀਟਲ ਹੈਲਥ ਸੰਪਾਦਕ ਮਿਸ਼ੇਲ ਰੌਬਰਟਸ ਨੂੰ ਇਸ ਬਾਰੇ ਸਮਝਾਇਆ, "ਜਦੋਂ ਅਸੀਂ ਵੱਡੀ ਗਿਣਤੀ ਵਿੱਚ ਬਿਨਾਂ ਗੰਭੀਰ ਬਿਮਾਰੀਆਂ ਤੋਂ ਬਿਨਾਂ ਲੋਕਾਂ ਦੀ ਜੈਵਿਕ ਉਮਰ (ਬਾਓਲੌਜੀਕਲ ਉਮਰ) ਨਾਲ ਉਨ੍ਹਾਂ ਦੇ ਅੰਗਾਂ ਦੀ ਤੁਲਨਾ ਕੀਤੀ, ਤਾਂ ਅਸੀਂ ਦੇਖਿਆ ਕਿ 50 ਸਾਲ ਤੋਂ ਵੱਧ ਉਮਰ ਦੇ 18.4 ਫੀਸਦ ਲੋਕਾਂ ਵਿੱਚ ਘੱਟੋ-ਘੱਟ ਇੱਕ ਅੰਗ ਉਨ੍ਹਾਂ ਦੀ ਉਮਰ ਤੋਂ ਕਿਤੇ ਵੱਧ ਵੱਡੇ ਸਨ ਅਤੇ ਤੇਜ਼ੀ ਨਾਲ ਬੁੱਢਾ ਹੁੰਦਾ ਹੋ ਜਾ ਰਿਹਾ ਸੀ।"
ਉਹ ਕਹਿੰਦੇ ਹਨ, "ਇਸ ਨਾਲ ਸਾਨੂੰ ਇਹ ਵੀ ਪਤਾ ਲੱਗਾ ਕਿ ਅਗਲੇ 15 ਸਾਲਾਂ ਵਿੱਚ, ਉਨ੍ਹਾਂ ਲੋਕਾਂ ਦੇ ਉਸ ਅੰਗ ਵਿੱਚ ਬਿਮਾਰੀ ਦਾ ਖ਼ਤਰਾ ਵੱਧ ਗਿਆ ਹੈ।"
ਇਸ ਜਾਂਚ ਦੇ ਨਤੀਜੇ ਨੂੰ ਹੁਣ ਯੂਨੀਵਰਸਿਟੀ ਪੇਟੈਂਟ ਕਰ ਰਹੀ ਹੈ ਅਤੇ ਇਸ ਲਈ ਕਾਗਜ਼ੀ ਕਾਰਵਾਈ ਕਰ ਦਿੱਤੀ ਗਈ ਹੈ, ਤਾਂ ਜੋ ਭਵਿੱਖ ਵਿੱਚ ਇਸ ਦੀ ਵਰਤੋਂ ਜਾਂ ਵਿਕਰੀ ਕੀਤੀ ਜਾ ਸਕੇ।
ਕੀ ਅਜੇ ਵੀ ਹੋਰ ਕੰਮ ਕਰਨ ਦੀ ਲੋੜ ਹੈ?
ਹਾਲਾਂਕਿ, ਸਰੀਰ ਦੇ ਅੰਗਾਂ ਦੀ ਉਮਰ ਦਾ ਅੰਦਾਜ਼ਾ ਲਗਾਉਣ ਵਿੱਚ ਇਹ ਟੈਸਟ ਕਿੰਨਾ ਪ੍ਰਭਾਵਸ਼ਾਲੀ ਹੈ ਇਹ ਜਾਣਨ ਲਈ ਹੋਰ ਬਹੁਤ ਸਾਰੀਆਂ ਖੋਜਾਂ ਕਰਨ ਦੀ ਲੋੜ ਹੈ।
ਡਾ. ਵਾਇਸ ਕੋਰੇ ਦੀਆਂ ਪਹਿਲੀਆਂ ਖੋਜਾਂ ਦੱਸਦੀਆਂ ਹਨ ਕਿ ਜੈਵਿਕ ਉਮਰ ਦੀ ਪ੍ਰਕਿਰਿਆ ਇੱਕੋ-ਜਿਹੀ ਨਹੀਂ ਹੁੰਦੀ ਅਤੇ ਇਸ ਵਿੱਚ ਉਮਰ ਦੇ ਤੀਜੇ ਦਹਾਕੇ ਦੇ ਮੱਧ ਵਿਚ, ਛੇਵੇਂ ਦਹਾਕੇ ਦੀ ਸ਼ੁਰੂਆਤ ਅਤੇ ਸੱਤਵੇਂ ਦਹਾਕੇ ਦੇ ਅੰਤ ਵਿਚ ਅਚਾਨਕ ਤੇਜ਼ ਹੋ ਜਾਂਦੀ ਹੈ।
ਲੰਡਨ ਦੀ ਕੁਈਨਜ਼ ਮੈਰੀ ਯੂਨੀਵਰਸਿਟੀ ਵਿੱਚ ਵਧਦੀ ਉਮਰ ਵਿੱਚ ਸਹਿਤ ਅਤੇ ਉਸ ਨਾਲ ਸੰਬੰਧਿਤ ਬਿਮਾਰੀਆਂ ਦੇ ਮਾਹਿਰ ਪ੍ਰੋਫੈਸਰ ਜੇਮਸ ਟਿਮੌਂਸ ਨੇ ਬੀਬੀਸੀ ਡਿਜੀਟਲ ਹੈਲਥ ਐਡੀਟਰ ਮਿਸ਼ੇਲ ਰੌਬਰਟਸ ਨੂੰ ਦੱਸਿਆ, "ਡਾ. ਵਾਈਸ ਦੀ ਤਾਜ਼ਾ ਖੋਜ ਪ੍ਰਭਾਵਸ਼ਾਲੀ ਹੈ ਪਰ ਇਸ ਨੂੰ ਅਜੇ ਹੋਰ ਲੋਕਾਂ, ਖ਼ਾਸ ਕਰ ਕੇ ਨੌਜਵਾਨਾਂ ਅਤੇ ਉਹ ਵੀ ਵੱਖ-ਵੱਖ ਨਸਲ 'ਤੇ ਅਜ਼ਮਾਏ ਜਾਣ ਦੀ ਲੋੜ ਹੈ।"
ਜੈਵਿਕ ਉਮਰ ਦੇ ਬਲੱਡਮਾਰਕਰ ਦਾ ਅਧਿਐਨ ਕਰ ਰਹੇ ਪ੍ਰੋਫੈਸਰ ਟਿਮੌਂਸ ਕਹਿੰਦੇ ਹਨ, "ਕੀ ਇਹ ਉਮਰ ਵਧਣ ਨੂੰ ਲੈ ਕੇ ਜਾਂ ਕਿਸੇ ਸਰੀਰ ਵਿੱਚ ਛੇਤੀ ਬਿਮਾਰੀਆਂ ਦੇ ਆਉਣ ਦੇ ਬਾਓਮਾਰਕਰ ਦੀ ਪਛਾਣ ਬਾਰੇ ਹੈ?"
ਉਹ ਇਸ ਗੱਲ 'ਤੇ ਜ਼ੋਰ ਦੇ ਕੇ ਕਹਿੰਦੇ ਹਨ ਕਿ ਜਦੋਂ ਵਾਈਸ ਦੀ ਖੋਜ ਵਿੱਚ ਉਮਰ ਵਧਣ ਦੀ ਗੱਲ ਤਾਂ ਕਹੀ ਗਈ ਹੈ ਪਰ ਛੇਤੀ ਬਿਮਾਰੀ ਆਉਣ ਦੇ ਬਾਇਓਮਾਰਕਰ ਦੀ ਗੱਲ ਵੀ ਖਾਰਜ ਨਹੀਂ ਕੀਤੀ ਜਾ ਸਕਦੀ ਹੈ।
ਬਾਇਓਮਾਰਕਰਾਂ ਦੀ ਅਹਿਮੀਅਤ
ਗੁਹਾਟੀ ਮੈਡੀਕਲ ਕਾਲਜ ਐਂਡ ਹਸਪਤਾਲ ਵਿੱਚ ਐਸੋਸੀਏਟ ਪ੍ਰੋਫੈਸਰ ਪੱਲਵੀ ਘੋਸ਼ ਨੇ ਬੀਬੀਸੀ ਪੱਤਰਕਾਰ ਅੰਜਲੀ ਦਾਸ ਨੂੰ ਦੱਸਿਆ, "ਬਾਇਓਮਾਰਕਰ ਜੈਵਿਕ, ਸੈੱਲ ਵਿੱਚ ਕੀ ਹੋ ਰਿਹਾ ਹੈ ਇਸ ਦੀ ਪਛਾਣ ਕਰਦੇ ਹਨ। ਇਹ ਇੱਕ ਵਿਅਕਤੀ ਦੀ ਸਿਹਤ ਬਾਰੇ ਇੱਕ ਸ਼ੁਰੂਆਤੀ ਚੇਤਾਵਨੀ ਸੰਕੇਤ ਵਜੋਂ ਕੰਮ ਕਰਦਾ ਹੈ।"
ਉਹ ਕਹਿੰਦੀ ਹੈ, “ਬਾਇਓਮਾਰਕਰ ਦੀ ਅਹਿਮੀਅਤ ਕਲੀਨਿਕਲ ਅਭਿਆਸ ਵਿੱਚ ਤੇਜ਼ੀ ਨਾਲ ਵਧ ਰਹੀ ਹੈ ਫਿਰ ਭਾਵੇਂ ਕਿਸੇ ਬਿਮਾਰੀ ਦੀ ਸੰਭਾਵਨਾ ਦੀ ਗੱਲ ਹੋਵੇ ਜਾਂ ਕਿਸੇ ਰੋਗ ਨੂੰ ਠੀਕ ਕਰਨ ਜਾਂ ਉਸ ਦੀ ਨਿਗਰਾਨੀ ਕਰਨੀ ਹੋਵੇ।"
"ਕਿਸੇ ਰੋਗੀ ਦੀ ਦੇਖਭਾਲ ਵਿੱਚ ਹਰੇਕ ਕਦਮ 'ਤੇ ਇਹ ਉਪਯੋਗੀ ਹੈ। ਇੱਕ ਹੀ ਬਿਮਾਰੀ ਦੇ ਲੱਛਣ ਦੋ ਲੋਕਾਂ ਵਿੱਚ ਥੋੜ੍ਹੇ ਵੱਖਰੇ ਹੁੰਦੇ ਹਨ, ਬਾਇਓਮਾਰਕਰ ਉਸ ਰੋਗ ਦੀ ਪਛਾਣ ਕਰਨ ਅਤੇ ਮਾਪਣ ਦਾ ਇੱਕ ਕੁਸ਼ਲ ਤਰੀਕਾ ਪ੍ਰਦਾਨ ਕਰਦਾ ਹੈ।"
ਉਹ ਕਹਿੰਦੀ ਹੈ, "ਇਕੱਲੇ ਬਾਇਓਮਾਰਕਰ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਹਨ ਜੋ ਸਾਢੇ ਛੇ ਸੌ ਤੋਂ ਵੱਧ ਸਰੀਰਕ ਸਥਿਤੀਆਂ ਦੀ ਪਛਾਣ ਜਾਂ ਉਸ ਦਾ ਅੰਦਾਜ਼ਾ ਲਗਾਉਂਦੇ ਹਨ।"
ਪ੍ਰੋਫ਼ੈਸਰ ਪੱਲਵੀ ਕਹਿੰਦੀ ਹੈ, "ਬੇਸ਼ੱਕ ਇਹ ਖੋਜ ਹਾਲੇ ਵੀ ਨਵੀਂ ਹੈ ਪਰ ਇਸ ਨੇ ਦਿਸ਼ਾ ਤਾਂ ਜ਼ਰੂਰ ਦਿੱਤੀ ਹੈ। ਹਾਲਾਂਕਿ, ਮੇਰੇ ਸਮਝ ਵਿੱਚ, ਦਿਲ, ਦਿਮਾਗ਼, ਗੁਰਦੇ, ਫੇਫੜਿਆਂ, ਹੱਡੀਆਂ ਵਰਗੇ ਅੰਗਾਂ ਦੀ ਵਧਦੀ ਉਮਰ ਦੀ ਅਸਥਿਰਤਾ ਨੂੰ ਬਿਹਤਰ ਤਰੀਕੇ ਨਾਲ ਸਮਝਣ ਦੀ ਲੋੜ ਹੈ।"