ਰਣਜੀਤ ਸਿੰਘ ਢੱਡਰੀਆਂਵਾਲੇ ਖਿਲਾਫ਼ ਕਥਿਤ ਬਲਾਤਕਾਰ ਤੇ ਕਤਲ ਦਾ ਪੂਰਾ ਮਾਮਲਾ ਕੀ ਹੈ

ਪੰਜਾਬ ਦੇ ਪਟਿਆਲਾ ਜਿਲ੍ਹੇ ਵਿੱਚ ਪੈਂਦੇ ਗੁਰਦੁਆਰਾ ਪਰਮੇਸ਼ਵਰ ਦੁਆਰ ਦੇ ਮੁਖੀ ਰਣਜੀਤ ਸਿੰਘ ਢੱਡਰੀਆਂ ਵਾਲੇ ਖਿਲਾਫ 12 ਸਾਲ ਪੁਰਾਣੇ ਕਥਿਤ ਬਲਾਤਕਾਰ ਅਤੇ ਕਤਲ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਗਿਆ ਹੈ।

ਇਸ ਮਾਮਲੇ ਦੀ ਪੁਸ਼ਟੀ ਪੰਜਾਬ ਦੇ ਪੁਲਿਸ ਮੁਖੀ ਗੌਰਵ ਯਾਦਵ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਬਕਾਇਦਾ ਹਲਫ਼ਨਾਮਾ ਦਾਇਰ ਕਰਕੇ ਕੀਤੀ ਗਈ ਹੈ।

ਇਸ ਮਾਮਲੇ ਦੀ ਪਟੀਸ਼ਨਕਰਤਾ ਪੀੜ੍ਹਤਾ ਦੇ ਭਰਾ ਹਨ।

ਰਣਜੀਤ ਸਿੰਘ ਢੱਡਰੀਵਾਲੇ ਪਹਿਲਾਂ ਹੀ ਅਜਿਹੇ ਇਲਜ਼ਾਮਾਂ ਨੂੰ ਰੱਦ ਕਰ ਚੁੱਕੇ ਹਨ। ਜਦੋਂ ਇਹ ਮਾਮਲਾ ਪਿਛਲੇ ਦਿਨੀਂ ਮੁੜ ਚਰਚਾ ਵਿੱਚ ਆਇਆ ਸੀ ਤਾਂ ਉਨ੍ਹਾਂ ਸੋਸ਼ਲ ਮੀਡੀਆ ਉੱਤੇ ਵੀਡੀਓ ਪਾਕੇ ਆਪਣਾ ਪੱਖ਼ ਰੱਖਿਆ ਸੀ।

ਪੀੜ੍ਹਤ ਧਿਰ ਦੇ ਵਕੀਲ ਦਾ ਦਾਅਵਾ

ਪੀੜਤ ਧਿਰ ਦੀ ਵਕੀਲ ਨਵਨੀਤ ਕੌਰ ਨੇ ਹਾਈ ਕੋਰਟ ਤੋਂ ਬਾਹਰ ਮੀਡੀਆ ਨਾਲ ਗੱਲ ਕਰਦਿਆਂ ਦੱਸਿਆ, ''ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਨੇ ਅਦਾਲਤ ਵਿੱਚ ਹਲਫੀਆ ਬਿਆਨ ਦਾਇਰ ਕਰਕੇ ਰਣਜੀਤ ਸਿੰਘ ਢੱਡਰੀਆਂ ਵਾਲੇ ਖਿਲਾਫ਼ ਬਲਾਤਕਾਰ ਅਤੇ ਕਤਲ ਦਾ ਮੁਕੱਦਮਾ ਦਰਜ ਕੀਤਾ ਹੈ।''

ਮਾਮਲੇ ਭਾਵੇਂ ਇਹ 12 ਸਾਲ ਪੁਰਾਣਾ ਹੈ, ਪਰ ਕੋਰਟ ਵਿੱਚ ਪੀੜਤਾ ਦੇ ਭਰਾ ਦੀ ਪਟੀਸ਼ਨ ਤੋਂ ਬਾਅਦ 7 ਦਸੰਬਰ 2024 ਨੂੰ ਪਟਿਆਲਾ ਦੇ ਪਾਸਿਆਣਾ ਪੁਲਿਸ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ।

ਨਵਨੀਤ ਕੌਰ ਨੇ ਦੱਸਿਆ, ''ਐਫ਼ਆਈਆਰ ਤੋਂ ਬਾਅਦ ਕੇਸ ਦੀ ਜਾਂਚ ਹੁੰਦੀ ਹੈ, ਅਤੇ ਮਾਮਲਾ ਅਦਾਲਤ ਵਿੱਚ ਜਾਂਦਾ ਹੈ। ਇਸ ਕੇਸ ਦਾ ਪਹਿਲਾ ਪੜ੍ਹਾਅ ਐੱਫ਼ਆਈਆਰ ਦਰਜ ਹੋਣ ਨਾਲ ਪੂਰਾ ਹੋਇਆ ਹੈ। ਇਹ ਅਜਿਹਾ ਕੇਸ ਸੀ, ਜਿਸ ਵਿੱਚ ਪੁਲਿਸ ਅਦਾਲਤ ਦੇ ਹੁਕਮ ਤੋਂ ਬਿਨਾਂ ਜਾਂਚ ਨਹੀਂ ਕਰ ਸਕਦੀ ਸੀ।''

ਵਕੀਲ ਨੇ ਦੱਸਿਆ ਕਿ ਡੀਜੀਪੀ ਵੱਲੋਂ ਦਾਇਰ ਹਲਫ਼ਨਾਮੇ ਮੁਤਾਬਕ ਆਈਪੀਸੀ ਦੀ ਧਾਰਾ 302, 376 ਅਤੇ 506 ਤਹਿਤ ਕੇਸ ਦਰਜ ਕੀਤਾ ਗਿਆ ਹੈ।

ਉਨ੍ਹਾਂ ਕਿਹਾ, ''ਇਸ ਤਰ੍ਹਾਂ ਦੇ ਘਿਨਾਉਣੇ ਅਪਰਾਧ ਵਿੱਚ ਹੁਣ ਪੁਲਿਸ ਦੀ ਡਿਊਟੀ ਬਣਦੀ ਹੈ ਕਿ ਉਹ ਮੁਲਜ਼ਮ ਨੂੰ ਗ੍ਰਿਫ਼ਤਾਰ ਕਰੇ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇ।''

ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ ਬੁੱਧਵਾਰ 11 ਦਸੰਬਰ ਨੂੰ ਹੋਵੇਗੀ।

ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਵਕੀਲ ਨੇ ਕੀ ਕਿਹਾ?

ਢੱਡਰੀਆਂ ਵਾਲੇ ਦੇ ਵਕੀਲ ਜੀ.ਐੱਸ ਘੁੰਮਣ ਦਾ ਕਹਿਣਾ ਕਿ ਇਸ ਮਾਮਲੇ ਵਿੱਚ ਹੁਣ 12 ਸਾਲ ਬਾਅਦ ਕੋਰਟ ਵਿੱਚ ਪਟੀਸ਼ਨ ਪਾਈ ਗਈ ਹੈ, ਜੋ ਕਿ ਸਾਡੇ ਲਈ ਬਹੁਤ ਹੈਰਾਨੀਜਨਕ ਹੈ।

''ਇਸ ਕੇਸ ਵਿੱਚ ਪਹਿਲਾਂ ਵੀ ਇਨਕੁਆਰੀ ਹੋ ਚੁੱਕੀ ਹੈ, ਜਿਸ ਦੇ ਵਿੱਚ ਅਜਿਹਾ ਕੁਝ ਸਾਹਮਣੇ ਨਹੀਂ ਆਇਆ ਸੀ। ਹੁਣ ਹਾਈ ਕੋਰਟ ਵੱਲੋਂ ਜੋ ਵੀ ਜਾਂਚ ਕੀਤੀ ਜਾਵੇਗੀ ਅਸੀਂ ਉਸਦੇ ਵਿੱਚ ਪੂਰੀ ਤਰ੍ਹਾਂ ਸਹਿਯੋਗ ਕਰਾਂਗੇ।"

ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਲੰਬੇ ਸਮੇਂ ਤੋਂ ਪੰਜਾਬ 'ਚ ਇੱਕ ਚਰਚਿਤ ਧਰਮ ਪ੍ਰਚਾਰਕ ਬਣੇ ਹੋਏ ਹਨ।

ਪੰਜਾਬ ਪੁਲਿਸ ਦੇ ਹਲਫ਼ਨਾਮੇ ਵਿੱਚ ਹੋਰ ਕੀ ਹੈ

ਡੀਜੀਪੀ ਨੇ ਆਪਣੇ ਹਲਫਨਾਮੇ ਵਿੱਚ ਮੰਨਿਆ ਹੈ ਕਿ ਕੇਸ ਦੀ ਜਾਂਚ ਵਿੱਚ ਕੋਤਾਹੀ ਹੋਈ ਹੈ ਅਤੇ ਇਸ ਮਾਮਲੇ ਦੀ ਜਾਂਚ ਕਰਨ ਵਾਲੇ ਤਤਕਾਲੀ ਪੁਲਿਸ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ।

ਇਨ੍ਹਾਂ ਵਿੱਚ ਪਸਿਆਣਾ ਥਾਣੇ ਦੇ ਤਤਕਾਲੀ ਐੱਸਐੱਚਓ ਤੇ ਮੌਜੂਦਾ ਐੱਸਪੀ ਅਸ਼ੋਕ ਕੁਮਾਰ, ਸੇਵਮੁਕਤ ਐੱਸਪੀ ਅਤੇ ਤਤਕਾਲੀ ਡੀਐੱਸਪੀ ਸਮਾਣਾ ਸੇਵਾ ਸਿੰਘ ਮੱਲ੍ਹੀ ਦਾ ਨਾਂ ਸ਼ਾਮਲ ਹੈ।

ਢੱਡਰੀਆਂਵਾਲੇ ਨੇ ਕੀ ਦਿੱਤਾ ਸੀ ਸਪੱਸ਼ਟੀਕਰਨ

14 ਨਵੰਬਰ ਨੂੰ ਜਾਰੀ ਕੀਤੀ ਵੀਡੀਓ ਵਿੱਚ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਕਿਹਾ ਕਿ ਇਹ ਘਟਨਾ 13 ਸਾਲ ਪੁਰਾਣੀ ਹੈ, ਉਸ ਵੇਲ਼ੇ ਇਹ ਵਾਪਰੀ ਸੀ, ਉਸ ਵੇਲੇ ਉਹ ਪੰਜਾਬ ਤੋਂ ਬਾਹਰ ਸੀ।

ਉਨ੍ਹਾਂ ਦਾਅਵਾ ਕੀਤਾ, ''ਇੱਥੇ ਇੱਕ ਔਰਤ ਨੇ ਆ ਕੇ ਪਰਮੇਸ਼ਵਰ ਦੁਆਰ ਦੇ ਗੇਟ ਤੋਂ ਬਾਹਰ ਕੋਈ ਜ਼ਹਿਰੀਲੀ ਦਵਾਈ ਖਾ ਲ਼ਈ ਸੀ। ਇਸ ਤੋਂ ਬਾਅਦ ਸਾਡੇ ਬੰਦਿਆਂ ਨੇ ਸੜਕ ਉੱਤੇ ਪ੍ਰਾਈਵੇਟ ਗੱਡੀ ਰੋਕ ਕੇ ਉਸ ਨੂੰ ਹਸਪਤਾਲ ਪਹੁੰਚਾਇਆ ਸੀ। ਐਬੂਲੈਂਸ ਨੂੰ ਫੋਨ ਵੀ ਕੀਤਾ ਸੀ। ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ ਸੀ।''

ਢੱਡਰੀਆਂਵਾਲੇ ਨੇ ਅੱਗੇ ਕਿਹਾ, ''ਉਸ ਵੇਲੇ ਮ੍ਰਿਤਕਾ ਦੀ ਭੈਣ ਨੇ ਇਹ ਕੋਸ਼ਿਸ਼ ਕੀਤੀ ਸੀ ਕਿ ਸਾਡੇ ਉੱਤੇ ਇਹ ਕੇਸ ਦਰਜ ਹੋਵੇ, ਪਰ ਪੋਸਟ ਮਾਰਟਮ ਦੀ ਰਿਪੋਰਟ ਵਿੱਚ ਸਾਫ਼ ਹੋ ਗਿਆ ਸੀ। ਉਸ ਦਾ ਸਾਡੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਸਬੰਧ ਨਹੀਂ ਨਿਕਲਿਆ ਸੀ।''

''ਇੱਥੇ ਹਜਾਰਾਂ ਸੰਗਤਾਂ ਆਉਂਦੀਆਂ ਹਨ। ਇਸ ਮਾਮਲੇ ਵਿੱਚ ਸਾਡਾ ਕੋਈ ਕਸੂਰ ਨਹੀਂ ਨਿਕਲਿਆ ਸੀ। ਹੁਣ 13 ਸਾਲ ਬਾਅਦ ਉਸ ਦੇ ਭਰਾ ਨੇ ਹਾਈਕੋਰਟ ਵਿੱਚ ਪਟੀਸ਼ਨ ਪਾਈ ਹੈ। ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਸਾਨੂੰ ਕੋਈ ਦਿੱਕਤ ਨਹੀਂ, ਭਾਵੇਂ ਇਸ ਦੀ ਜਾਂਚ ਸੀਬੀਆਈ ਕਰੇ ਜਾਂ ਕੋਈ ਹੋਰ ਏਜੰਸੀ। ਸਾਡਾ ਇਸ ਵਿੱਚ ਕੋਈ ਰੱਤੀ ਜਿੰਨਾ ਕਸੂਰ ਨਹੀਂ ਨਿਕਲੇਗਾ।''

ਕੌਣ ਹੈ ਰਣਜੀਤ ਸਿੰਘ ਢੱਡਰੀਆਂਵਾਲਾ

16 ਸਾਲ ਦੀ ਉਮਰ 'ਚ ਉਹ ਸਿੱਖੀ ਪ੍ਰਚਾਰ ਦੇ ਖੇਤਰ 'ਚ ਆਏ ਸਨ। ਉਨ੍ਹਾਂ ਨੇ ਪਟਿਆਲਾ ਤੋਂ ਸੰਗਰੂਰ ਮਾਰਗ 'ਤੇ 15 ਕਿਲੋਮੀਟਰ ਦੂਰ ਸ਼ੇਖੂਪੁਰਾ ਪਿੰਡ 'ਚ ਗੁਰਦੁਆਰਾ ਪਰਮੇਸ਼ਵਰ ਦੁਆਰ ਬਣਾਇਆ ਹੋਇਆ ਹੈ।

ਇਸ ਵੇਲੇ ਇਸ ਵਿਸ਼ਾਲ ਡੇਰੇ ਦੇ ਨਾਂ ਉੱਤੇ 32 ਏਕੜ ਦੇ ਲਗਪਗ ਜ਼ਮੀਨ ਹੈ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਪੂਰੇ ਪੰਜਾਬ 'ਚ ਵੱਡਾ ਜਨ-ਆਧਾਰ ਹੈ।

ਰਣਜੀਤ ਸਿੰਘ ਢੱਡਰੀਆਂਵਾਲੇ ਕਦੇ ਸੰਪਰਦਾਈ, ਕਦੇ ਟਕਸਾਲੀ, ਕਦੇ ਅਖੰਡ ਕੀਰਤਨੀ ਅਤੇ ਕਦੇ ਨਿਹੰਗ ਸਿੰਘ ਰਵਾਇਤੀ ਬਾਣੇ ਬਦਲਣ ਕਾਰਨ ਵੀ ਚਰਚਾ ਦਾ ਕੇਂਦਰ ਬਣਦੇ ਰਹੇ ਹਨ।

17 ਮਈ 2016 ਦੀ ਸ਼ਾਮ ਨੂੰ ਇੱਕ ਧਾਰਮਿਕ ਦੀਵਾਨ ਵਿੱਚ ਜਾਣ ਵੇਲੇ ਰਣਜੀਤ ਸਿੰਘ ਢੱਡਰੀਆਂ ਵਾਲੇ 'ਤੇ ਲੁਧਿਆਣਾ 'ਚ 2 ਦਰਜਨ ਦੇ ਕਰੀਬ ਹਥਿਆਰਬੰਦ ਵਿਅਕਤੀਆਂ ਨੇ ਜਾਨਲੇਵਾ ਹਮਲਾ ਕਰ ਦਿੱਤਾ ਸੀ।

ਇਸ ਦੌਰਾਨ ਰਣਜੀਤ ਸਿੰਘ ਢੱਡਰੀਆਂਵਾਲੇ ਦਾ ਇੱਕ ਸਾਥੀ ਭੁਪਿੰਦਰ ਸਿੰਘ ਖਾਸੀ ਕਲਾਂ ਦੀ ਮੌਤ ਹੋ ਗਈ ਸੀ ਤੇ ਢੱਡਰੀਆਂਵਾਲੇ ਵਾਲ-ਵਾਲ ਬਚ ਗਏ।

ਇਸ ਹਮਲੇ ਤੋਂ ਬਾਅਦ ਰਣਜੀਤ ਸਿੰਘ ਢੱਡਰੀਆਂਵਾਲੇ ਨੇ ਹਰਨਾਮ ਸਿੰਘ ਧੁੰਮਾ 'ਤੇ ਇਹ ਹਮਲਾ ਕਰਵਾਉਣ ਦਾ ਦੋਸ਼ ਲਗਾਤਾਰ ਜਨਤਰ ਤੌਰ ਉੱਤੇ ਲਗਾਉਂਦੇ ਰਹੇ ਹਨ।

ਹਰਨਾਮ ਸਿੰਘ ਧੁੰਮਾ, ਦਮਦਮੀ ਟਕਸਾਲ ਦੇ ਮੁਖੀ ਹਨ। ਦਮਦਮੀ ਟਕਸਾਲ ਦਾ ਮੁੱਖ ਕਾਰਜ ਸਿੱਖ ਪ੍ਰਚਾਰਕ ਤਿਆਰ ਕਰਨੇ ਅਤੇ ਗਰੁਬਾਣੀ ਦਾ ਪ੍ਰਚਾਰ ਪਸਾਰ ਹੈ। ਜਰਨੈਲ ਸਿੰਘ ਭਿੰਡਰਾਵਾਲੇ ਇਸੇ ਸੰਸਥਾ ਦੇ ਮੁਖੀ ਹਨ।

ਦੋਵਾਂ ਧਿਰਾਂ ਵਿਚਾਲੇ ਵਿਚਾਰਧਾਰਕ ਮਤਭੇਦ ਸਮੇਂ-ਸਮੇਂ ਉੱਤੇ ਸੁਰਖੀਆਂ ਬਣਦੇ ਰਹੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)