ਪੰਜਾਬ ਕੈਬਨਿਟ: ਗੁਰਮੀਤ ਸਿੰਘ ਖੁੱਡੀਆਂ ਅਤੇ ਬਲਕਾਰ ਸਿੰਘ ਨੇ ਚੁੱਕੀ ਸਹੁੰ, ਜਾਣੋ ਉਨ੍ਹਾਂ ਬਾਰੇ ਕੁਝ ਖ਼ਾਸ ਗੱਲਾਂ

ਤਸਵੀਰ ਸਰੋਤ, Facebook
ਪੰਜਾਬ ਦੇ ਦੋ ਵਿਧਾਇਕਾਂ, ਕਰਤਾਰਪੁਰ ਤੋਂ ਬਲਕਾਰ ਸਿੰਘ ਅਤੇ ਲੰਬੀ ਤੋਂ ਗੁਰਮੀਤ ਸਿੰਘ ਖੁੱਡੀਆਂ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ।
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਆਪਣੇ ਵਿਭਾਗ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਮੁੱਖ ਮੰਤਰੀ ਭਗਵੰਤ ਮਾਨ ਨੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਦਾ ਮੰਤਰੀ ਮੰਡਲ ਤੋਂ ਅਸਤੀਫ਼ਾ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਭੇਜ ਦਿੱਤਾ ਹੈ।
ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਮੁਤਾਬਕ ਡਾ. ਨਿੱਜਰ ਨੇ ਨਿੱਜੀ ਕਾਰਨਾਂ ਕਰਕੇ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ।

ਤਸਵੀਰ ਸਰੋਤ, AAP
ਬਾਦਲ ਨੂੰ ਹਰਾਉਣ ਵਾਲੇ ਗੁਰਮੀਤ ਸਿੰਘ ਖੁੱਡੀਆਂ
ਗੁਰਮੀਤ ਸਿੰਘ ਖੁੱਡੀਆਂ ਨੇ ਪੰਜਾਬ ਦੇ ਲੰਬੀ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾ ਕੇ ਜਿੱਤ ਹਾਸਿਲ ਕੀਤੀ ਹੈ।
ਖੁੱਡੀਆਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਧੀਨ ਪੈਂਦੇ ਪਿੰਡ ਖੁੱਡੀਆਂ ਮਹਾਂ ਸਿੰਘ ਦੇ ਰਹਿਣ ਵਾਲੇ ਹਨ। ਉਨ੍ਹਾਂ ਪਿੰਡ ਲੰਬੀ ਦੇ ਹੀ ਸਰਕਾਰੀ ਸਕੂਲ ਤੋਂ 1979 ਵਿੱਚ ਦਸਵੀਂ ਪਾਸ ਕੀਤੀ ਹੈ।
ਚੋਣ ਕਮਿਸ਼ਨ ਵਿੱਚ ਜਮਾਂ ਕਰਵਾਏ ਗਏ ਹਲਫ਼ਨਾਮੇ ਮੁਤਾਬਕ ਖੁੱਡੀਆਂ ਖੇਤੀਬਾੜੀ ਨਾਲ ਸਬੰਧਿਤ ਹਨ ।
ਗੁਰਮੀਤ ਸਿੰਘ ਖੁੱਡੀਆਂ ਦੇ ਪਿਤਾ ਜਗਦੇਵ ਸਿੰਘ ਖੁੱਡੀਆਂ 1989 ਵਿੱਚ ਫ਼ਰੀਦਕੋਟ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਚੁਣੇ ਗਏ ਸਨ।
ਗੁਰਮੀਤ ਸਿੰਘ ਖੁੱਡੀਆ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਏ ਸਨ।
ਲੰਬਾ ਸਮਾਂ ਕਾਂਗਰਸ ਵਿੱਚ ਰਹਿਣ ਤੋਂ ਬਾਅਦ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ।

ਤਸਵੀਰ ਸਰੋਤ, AAP
ਕੌਣ ਹਨ ਬਲਕਾਰ ਸਿੰਘ

ਤਸਵੀਰ ਸਰੋਤ, AAP
ਬਲਕਾਰ ਸਿੰਘ ਕਰਤਾਰਪੁਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਚੁਣੇ ਗਏ ਸਨ।
ਬਲਕਾਰ ਸਿੰਘ ਰਿਟਾਇਰਡ ਡੀਸੀਪੀ ਹਨ। ਉਨ੍ਹਾਂ ਨੇ 32 ਸਾਲ ਪੰਜਾਬ ਪੁਲਿਸ ਵਿੱਚ ਨੌਕਰੀ ਕੀਤੀ ਹੈ।
ਉਹ 2021 ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ।
ਉਨ੍ਹਾਂ ਨੇ ਸਾਲ 1987 ਵਿੱਚ ਅੰਮ੍ਰਿਤਸਰ ਦੇ ਖਾਲਸਾ ਕਾਲਜ ਤੋਂ ਗ੍ਰੇਜੂਏਸ਼ਨ ਕੀਤੀ ਹੋਈ ਹੈ।

ਇਹ ਵੀ ਪੜ੍ਹੋ-

ਮੌਜੂਦਾ ਕੈਬਨਿਟ ਵਿੱਚ ਮੰਤਰੀ
ਫਿਲਹਾਲ ਪੰਜਾਬ ਸਰਕਾਰ ਦੇ ਮੰਤਰੀ ਮੰਡਲ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸਣੇ 14 ਕੈਬਨਿਟ ਮੰਤਰੀ ਹਨ।
ਇਨ੍ਹਾਂ ਵਿੱਚ ਹਰਪਾਲ ਸਿੰਘ ਚੀਮਾ, ਡਾ. ਬਲਜੀਤ ਕੌਰ, ਹਰਭਜਨ ਸਿੰਘ, ਡਾ. ਬਲਬੀਰ ਸਿੰਘ, ਲਾਲ ਚੰਦ, ਗੁਰਮੀਤ ਸਿੰਘ ਮੀਤ ਹੇਅਰ, ਕੁਲਦੀਪ ਸਿੰਘ ਧਾਲੀਵਾਲ, ਲਾਲਜੀਤ ਸਿੰਘ ਭੁੱਲਰ, ਬ੍ਰਹਮ ਸ਼ੰਕਰ, ਹਰਜੋਤ ਸਿੰਘ ਬੈਂਸ, ਅਮਨ ਅਰੋੜਾ, ਚੇਤਨ ਸਿੰਘ ਜੌੜਾਮਾਜਰਾ ਅਤੇ ਅਨਮੋਲ ਗਗਨ ਮਾਨ ਸ਼ਾਮਲ ਹਨ।
ਇਸ ਤੋਂ ਇਲਾਵਾ ਕੈਬਨਿਟ ਦੇ ਵਿਸਥਾਰ ਵਿੱਚ ਗੁਰਮੀਤ ਸਿੰਘ ਖੁੱਡੀਆਂ ਅਤੇ ਬਲਕਾਰ ਸਿੰਘ ਦੇ ਨਾਮ ਪੇਸ਼ ਕੀਤੇ ਗਏ ਹਨ।

ਤਸਵੀਰ ਸਰੋਤ, ANI
ਪਹਿਲਾਂ ਕਦੋਂ ਹੋਇਆ ਵਿਸਥਾਰ
ਪੰਜਾਬ ਵਿੱਚ ਸਾਲ 2022 ਵਿੱਚ 'ਆਪ' ਸਰਕਾਰ ਬਣਨ ਤੋਂ ਬਾਅਦ ਮਾਰਚ ਵਿੱਚ ਪਹਿਲਾਂ 10 ਮੰਤਰੀ ਚੁਣੇ ਗਏ ਸਨ।
ਇਨ੍ਹਾਂ ਵਿੱਚੋਂ ਬਾਅਦ ਵਿੱਚ ਵਿਜੈ ਸਿੰਗਲਾ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਲੱਗੇ ਇਲਜ਼ਾਮਾਂ ਕਾਰਨ ਸਿਹਤ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।
ਇਸ ਤੋਂ ਬਾਅਦ ਜੁਲਾਈ ਵਿੱਚ ਕੁੱਲ ਪੰਜ ਵਿਧਾਇਕਾਂ ਨੇ ਕੈਬਨਿਟ ਮੰਤਰੀ ਦੇ ਅਹੁਦੇ ਵਜੋਂ ਸਹੁੰ ਚੁੱਕੀ ਸੀ। ਜਿਨ੍ਹਾਂ ਵਿੱਚ ਡਾ. ਇੰਦਰਬੀਰ ਸਿੰਘ ਨਿੱਜਰ, ਅਨਮੋਲ ਗਗਨ ਮਾਨ, ਅਮਨ ਅਰੋੜਾ, ਚੇਤਨ ਸਿੰਘ ਜੌੜਾ ਮਾਜਰਾ ਅਤੇ ਫੌਜਾ ਸਿੰਘ ਸਰਾਰੀ ਸ਼ਾਮਿਲ ਸਨ।
ਅੱਜ ਦੇ ਫੇਰ ਬਦਲ ਦੌਰਾਨ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਕੁਲਦੀਪ ਸਿੰਘ ਧਾਲੀਵਾਲ ਅਤੇ ਲਾਲਜੀਤ ਸਿੰਘ ਭੁੱਲਰ ਦੇ ਮੰਤਰਾਲਿਆਂ ਵਿੱਚ ਬਦਲਾਅ ਹੋਇਆ ਹੈ।
ਇਸ ਤੋਂ ਇਲਾਵਾ ਬਲਕਾਰ ਸਿੰਘ ਅਤੇ ਗੁਰਮੀਤ ਸਿੰਘ ਖੁੱਡੀਆਂ ਨੂੰ ਵੀ ਮੰਤਰਾਲੇ ਸੌਂਪ ਦਿੱਤਾ ਗਿਆ ਹੈ। ਜਿਨ੍ਹਾਂ ਬਾਰੇ ਹੇਠਾਂ ਦਿੱਤੀ ਹੋਈ ਹੈ।

ਕਿਹੜੇ ਮੰਤਰੀ ਕੋਲ ਕਿਹੜਾ ਮਹਿਕਮਾ
ਭਗਵੰਤ ਮਾਨ- ਸਿਵਲ ਏਵੀਏਸ਼ਨ, ਜਨਰਲ ਐਡਮਿਨਿਸਟ੍ਰੇਸ਼ਨ, ਗ੍ਰਹਿ ਮਾਮਲੇ ਅਤੇ ਨਿਆਂ, ਪਰਸੋਨਲ, ਵਿਜੀਲੈਂਸ, ਇੰਡਸਟਰੀਜ਼ ਅਤੇ ਕਾਮਰਸ, ਹਾਊਸਿੰਗ ਅਤੇ ਸ਼ਹਿਰੀ ਵਿਕਾਸ, ਰੁਜ਼ਗਾਰ ਉਤਪਤੀ ਅਤੇ ਸਿਖਲਾਈ ਅਤੇ ਜੇਲ੍ਹਾਂ
ਹਰਪਾਲ ਸਿੰਘ ਚੀਮਾ- ਵਿੱਤ ਮੰਤਰਾਲੇ, ਯੋਜਨਾ, ਪ੍ਰੋਗਰਾਮ ਲਾਗੂ ਕਰਨਾ ਅਤੇ ਆਬਕਾਰੀ ਅਤੇ ਕਰ
ਡਾ. ਬਲਜੀਤ ਕੌਰ- ਸਮਾਜਿਕ ਨਿਆਂ ਸ਼ਕਤੀਕਰਨ ਤੇ ਘੱਟ ਗਿਣਤੀਆਂ ਅਤੇ ਸਮਾਜਿਕ ਸੁਰੱਖਿਆ, ਔਰਤਾਂ ਤੇ ਬਾਲ ਵਿਕਾਸ ਮੰਤਰਾਲੇ
ਹਰਭਜਨ ਸਿੰਘ- ਪਬਲਿਕ ਵਰਕਸ ਅਤੇ ਪਾਵਰ ਮੰਤਰਾਲੇ
ਡਾ. ਬਲਬੀਰ ਸਿੰਘ- ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ਮੈਡੀਕਲ ਸਿੱਖਿਆ ਤੇ ਖੋਜ ਅਤੇ ਚੋਣਾਂ
ਲਾਲ ਚੰਦ- ਭੋਜਨ ਤੇ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ, ਜੰਗਲਾਤ ਮਹਿਕਮਾ ਅਤੇ ਜੰਗਲੀ ਜੀਵ
ਗੁਰਮੀਤ ਸਿੰਘ ਮੀਤ ਹੇਅਰ- ਜ਼ਮੀਨ ਅਤੇ ਪਾਣੀ ਦੀ ਸੰਭਾਲ, ਵਿਗਿਆਨ ਤਕਨਾਲੋਜੀ ਤੇ ਵਾਤਾਵਰਣ, ਖੇਡਾਂ ਤੇ ਨੌਜਵਾਨ ਸੇਵਾਵਾਂ, ਜਲ ਸਰੋਤ ਅਤੇ ਖਾਣਾਂ ਤੇ ਭੂ-ਵਿਗਿਆਨ
ਕੁਲਦੀਪ ਸਿੰਘ ਧਾਲੀਵਾਲ- ਐੱਨਆਰਆਈ ਮਾਮਲੇ ਅਤੇ ਪ੍ਰਬੰਧਕੀ ਸੁਧਾਰ
ਲਾਲਜੀਤ ਸਿੰਘ ਭੁੱਲਰ- ਟ੍ਰਾਂਸਪੋਰਟ ਮਹਿਕਮਾ ਅਤੇ ਪੇਂਡੂ ਵਿਕਾਸ ਤੇ ਪੰਚਾਇਤਾਂ
ਬ੍ਰਹਮ ਸ਼ੰਕਰ- ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰਾਲੇ ਅਤੇ ਮਾਲੀਆ, ਮੁੜ ਵਸੇਬਾ ਤੇ ਆਫ਼ਤ ਪ੍ਰਬੰਧਨ ਮੰਤਰਾਲੇ
ਹਰਜੋਤ ਸਿੰਘ ਬੈਂਸ- ਉੱਚ ਸਿੱਖਿਆ ਮੰਤਰਾਲੇ, ਸਕੂਲ ਸਿੱਖਿਆ ਮੰਤਰਾਲੇ ਅਤੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਮੰਤਰਾਲੇ
ਅਮਨ ਅਰੋੜਾ- ਰੋਜ਼ਗਾਰ ਉਤਪਤੀ ਅਤੇ ਸਿਖਲਾਈ ਮੰਤਰਾਲੇ, ਪ੍ਰਸ਼ਾਸਨ ਸੁਧਾਰ ਅਤੇ ਸ਼ਿਕਾਇਤਾਂ ਨੂੰ ਦੂਰ ਕਰਨਾ ਸਬੰਧ ਮਾਮਲੇ, ਨਵੇਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰਾਲੇ ਅਤੇ ਪ੍ਰਿੰਟਿੰਗ ਤੇ ਸਟੇਸ਼ਨਰੀ
ਚੇਤਨ ਸਿੰਘ ਜੌੜਾਮਾਜਰਾ- ਸੁਤੰਤਰਤਾ ਸੈਨਾਨੀ ਸਬੰਧੀ ਮਹਿਕਮਾ, ਰੱਖਿਆ ਸੇਵਾਵਾਂ ਅਤੇ ਭਲਾਈ ਮੰਤਰਾਲੇ, ਸੂਚਨਾ ਤੇ ਲੋਕ ਸੰਪਰਕ ਵਿਭਾਗ ਅਤੇ ਬਾਗ਼ਬਾਨੀ
ਅਨਮੋਲ ਗਗਨ ਮਾਨ- ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਸਬੰਧੀ ਮਹਿਕਮਾ, ਨਿਵੇਸ਼ ਪ੍ਰਮੋਸ਼ਨ, ਲੇਬਰ ਮੰਤਰਾਲੇ ਅਤੇ ਪ੍ਰਾਹੁਣਚਾਰੀ
ਬਲਕਾਰ ਸਿੰਘ- ਸਥਾਨਕ ਸਰਕਾਰ ਅਤੇ ਸੰਸਦੀ ਮਾਮਲੇ
ਗੁਰਮੀਤ ਖੁੱਡੀਆਂ- ਖੇਤੀਬਾੜੀ ਤੇ ਕਿਸਾਨ ਭਲਾਈ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰਾਲੇ ਅਤੇ ਫੂਡ ਪ੍ਰੋਸੈਸਿੰਗ












