ਪੰਜਾਬ ਵਿੱਚ ਜਦੋਂ ਜ਼ਕਰੀਆ ਖ਼ਾਨ ਨੇ ਦੀਵਾਲੀ 'ਤੇ ਸਿੱਖਾਂ ਦੇ ਕਤਲੇਆਮ ਦੀ ਸਾਜ਼ਿਸ਼ ਰਚੀ ਤਾਂ ਕਿਵੇਂ ਉਹ ਨਾਕਾਮ ਹੋਈ

    • ਲੇਖਕ, ਜਸਪਾਲ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਸਿੱਖ ਧਰਮ ਵਿੱਚ ਰੋਜ਼ਾਨਾ ਅਰਦਾਸ ਵਿੱਚ ਇਹ ਸਤਰਾਂ ਪੜ੍ਹੀਆਂ ਜਾਂਦੀਆਂ ਹਨ, 'ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਾਏ, ਖੋਪੜੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ।'

ਇੱਥੇ ਬੰਦ-ਬੰਦ ਕਟਾਉਣ ਦਾ ਜ਼ਿਕਰ ਭਾਈ ਮਨੀ ਸਿੰਘ ਲਈ ਵਰਤਿਆ ਗਿਆ ਹੈ ਜਿਨ੍ਹਾਂ ਨੂੰ ਸਿੱਖਾਂ ਵੱਲੋਂ ਵਿਦਵਾਨ ਸ਼ਹੀਦ ਮੰਨਿਆ ਜਾਂਦਾ ਹੈ।

ਭਾਈ ਮਨੀ ਸਿੰਘ ਦਾ ਸਿੱਖ ਧਰਮ ਦੇ ਇਤਿਹਾਸ ਵਿੱਚ ਇੱਕ ਖ਼ਾਸ ਸਥਾਨ ਹੈ। ਉਨ੍ਹਾਂ ਦਾ ਯੋਗਦਾਨ ਗੁਰੂ ਸਾਹਿਬਾਨ ਦੇ ਕਾਲ ਵੇਲੇ ਤੇ ਉਸ ਮਗਰੋਂ ਵੀ ਕਾਫੀ ਅਹਿਮ ਮੰਨਿਆ ਜਾਂਦਾ ਹੈ।

ਬੰਦਾ ਸਿੰਘ ਬਹਾਦਰ ਤੋਂ ਬਾਅਦ ਸਿੱਖਾਂ ਵਿੱਚ ਇੱਕ ਯੋਗ ਆਗੂ ਨਜ਼ਰ ਨਹੀਂ ਆ ਰਿਹਾ ਸੀ। ਉਸ ਵੇਲੇ ਭਾਈ ਮਨੀ ਸਿੰਘ ਨੇ ਸਿੱਖਾਂ ਨੂੰ ਇੱਕਜੁਟ ਕਰਨ ਤੇ ਉਸ ਵੇਲੇ ਦੀ ਹਕੂਮਤ ਖ਼ਿਲਾਫ਼ ਖੜ੍ਹੇ ਹੋਣ ਲਈ ਜਿਸ ਤਿਆਰੀ ਦੀ ਲੋੜ ਸੀ ਉਸ ਵਿੱਚ ਇੱਕ ਅਹਿਮ ਭੂਮਿਕਾ ਨਿਭਾਈ।

ਇਸ ਲੇਖ ਵਿੱਚ ਮੁੱਢਲੇ ਤੌਰ ਉੱਤੇ ਉਨ੍ਹਾਂ ਦੇ ਜੀਵਨ ਦੀਆਂ ਮੁੱਖ ਘਟਨਾਵਾਂ ਤੇ ਅਹਿਮ ਯੋਗਦਾਨ ਉੱਤੇ ਨਜ਼ਰ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

ਮਨੀ ਸਿੰਘ ਗੁਰੂ ਘਰ ਨਾਲ ਕਿਵੇਂ ਜੁੜੇ

ਡਾ. ਹਰਬੰਸ ਸਿੰਘ ਦੇ 'ਇਨਸਾਈਕਲੋਪੀਡੀਆ ਆਫ ਸਿੱਖੀਜ਼ਮ' ਮੁਤਾਬਕ ਭਾਈ ਮਨੀ ਸਿੰਘ ਦਾ ਜਨਮ ਸੰਗਰੂਰ ਜ਼ਿਲ੍ਹੇ ਵਿੱਚ ਉਸ ਵੇਲੇ ਦੇ ਇੱਕ ਪਿੰਡ ਕੰਬੋਵਾਲ ਵਿੱਚ ਹੋਇਆ ਸੀ।

ਡਾ. ਹਰਬੰਸ ਸਿੰਘ ਮੁਤਾਬਕ ਭਾਈ ਮਨੀ ਸਿੰਘ ਬਚਪਨ ਵਿੱਚ ਹੀ ਆਪਣੇ ਪਰਿਵਾਰ ਨਾਲ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਵੇਲੇ ਅਨੰਦਪੁਰ ਸਾਹਿਬ ਆ ਗਏ ਸਨ।

ਭਾਈ ਮਨੀ ਸਿੰਘ ਤੇ ਗੁਰੂ ਤੇਗ ਬਹਾਦਰ ਦੇ ਪੁੱਤਰ ਗੋਬਿੰਦ ਰਾਇ (ਬਾਅਦ ਵਿੱਚ ਜੋ ਗੁਰੂ ਗੋਬਿੰਦ ਸਿੰਘ ਬਣੇ) ਤਕਰੀਬਨ ਇੱਕੋ ਉਮਰ ਦੇ ਸਨ।

ਭਾਈ ਮਨੀ ਸਿੰਘ ਗੁਰੂ ਗੋਬਿੰਦ ਸਿੰਘ ਦੇ ਨਾਲ ਹੀ ਵੱਡੇ ਹੋਏ ਤੇ ਜਦੋਂ ਉਹ ਗੁਰੂ ਬਣੇ ਤਾਂ ਵੀ ਮਨੀ ਸਿੰਘ ਅਹਿਮ ਕਾਰਜਾਂ ਵਿੱਚ ਉਨ੍ਹਾਂ ਦੇ ਨਾਲ ਹੀ ਰਹੇ।

ਡਾ. ਹਰਬੰਸ ਸਿੰਘ ਇਹ ਵੀ ਦੱਸਦੇ ਹਨ ਕਿ ਜਦੋਂ ਗੁਰੂ ਗੋਬਿੰਦ ਸਿੰਘ ਪਾਊਂਟਾ ਸਾਹਿਬ ਦੀ ਧਰਤੀ ਉੱਤੇ ਕੁਝ ਸਾਲ ਰਹੇ ਤਾਂ ਭਾਈ ਮਨੀ ਸਿੰਘ ਨੇ ਉੱਥੇ ਗੁਰਮਤਿ ਸਾਹਿਤ ਨਾਲ ਜੁੜਿਆ ਕਾਫੀ ਕੰਮ ਕੀਤਾ।

ਉਸੇ ਵੇਲੇ ਉਨ੍ਹਾਂ ਦਾ ਅੱਖਰਾਂ ਦੇ ਨਾਲ ਪਿਆਰ ਉਪਜਿਆ ਸੀ। ਉਨ੍ਹਾਂ ਨੇ ਗੁਰਬਾਣੀ ਦੇ ਉਤਾਰੇ ਕਰ ਕੇ ਛੋਟੀਆਂ ਕਿਤਾਬਾਂ ਜਾਂ ਗੁਟਕਿਆਂ ਦੇ ਰੂਪ ਵਿੱਚ ਸਿੱਖ ਸ਼ਰਧਾਲੂਆਂ ਨੂੰ ਵੰਡੇ ਸੀ।

ਹਰਿਮੰਦਰ ਸਾਹਿਬ ਦਾ ਗ੍ਰੰਥੀ ਬਣਾਉਣਾ

ਡਾ. ਹਰਬੰਸ ਸਿੰਘ ਅਨੁਸਾਰ 1690ਵਿਆਂ ਦੇ ਦਹਾਕੇ ਦੇ ਆਖਰੀ ਹਿੱਸੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਭਾਈ ਮਨੀ ਸਿੰਘ ਨੂੰ ਅੰਮ੍ਰਿਤਸਰ ਵਿੱਚ ਹਰਿਮੰਦਰ ਸਾਹਿਬ ਦਾ ਗ੍ਰੰਥੀ ਥਾਪ ਕੇ ਭੇਜਿਆ ਸੀ।

ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜੁਨ ਦੇਵ ਜੀ ਨੇ ਭਾਈ ਬੁੱਢਾ ਜੀ ਨੂੰ ਹਰਿਮੰਦਰ ਸਾਹਿਬ ਦਾ ਪਹਿਲਾ ਗ੍ਰੰਥੀ ਥਾਪਿਆ ਸੀ। ਇਸ ਮਗਰੋਂ ਭਾਈ ਗੁਰਦਾਸ ਨੇ ਇਹ ਸੇਵਾ ਨਿਭਾਈ ਸੀ। ਭਾਈ ਮਨੀ ਸਿੰਘ ਤੀਜੇ ਸਿੱਖ ਸਨ ਜਿਨ੍ਹਾਂ ਨੇ ਹਰਿਮੰਦਰ ਸਾਹਿਬ ਦੇ ਗ੍ਰੰਥੀ ਵਜੋਂ ਸੇਵਾ ਨਿਭਾਈ ਸੀ।

ਡਾ. ਰਤਨ ਸਿੰਘ ਜੱਗੀ ਆਪਣੀ ਕਿਤਾਬ, 'ਭਾਈ ਮਨੀ ਸਿੰਘ- ਜੀਵਨ ਤੇ ਰਚਨਾ' ਵਿੱਚ ਲਿਖਦੇ ਹਨ ਕਿ ਭਾਈ ਮਨੀ ਸਿੰਘ ਨੇ ਅੰਮ੍ਰਿਤਸਰ ਪਹੁੰਚ ਕੇ ਸਿੱਖੀ ਰਵਾਇਤਾਂ ਨੂੰ ਬਹਾਲ ਕੀਤਾ ਤੇ ਸਿੱਖ ਧਰਮ ਦੀ ਮਰਿਆਦਾ ਨੂੰ ਮੁੜ ਤੋਂ ਪ੍ਰਚਲਿਤ ਕੀਤਾ।

ਡਾ. ਰਤਨ ਸਿੰਘ ਜੱਗੀ ਮੁਤਾਬਕ ਅੰਮ੍ਰਿਤਸਰ ਵਿੱਚ ਹਰਿਮੰਦਰ ਸਾਹਿਬ ਦੀ ਸੇਵਾ ਨਿਭਾਉਂਦਿਆਂ ਹੋਇਆਂ ਭਾਈ ਮਨੀ ਸਿੰਘ ਅਨੰਦਪੁਰ ਸਾਹਿਬ ਵੀ ਜਾਂਦੇ ਰਹਿੰਦੇ ਸਨ।

ਡਾ. ਜੱਗੀ ਅਨੁਸਾਰ ਉਸ ਵੇਲੇ ਦਾ ਹੁਕਮਨਾਮਾ ਵੀ ਮਿਲਦਾ ਹੈ ਜਿਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਭਾਈ ਮਨੀ ਸਿੰਘ ਤੇ ਉਨ੍ਹਾਂ ਦੇ ਸਾਥੀ ਸਿੱਖਾਂ ਦੀ ਸੇਵਾ ਬਾਰੇ ਲਿਖਦੇ ਹਨ।

ਗੁਰੂ ਗੋਬਿੰਦ ਸਿੰਘ ਨਾਲ ਸਾਬੋ ਦੀ ਤਲਵੰਡੀ ਵਿੱਚ ਮਿਲਣਾ

1704 ਵਿੱਚ ਅਨੰਦਪੁਰ ਸਾਹਿਬ ਦੀ ਆਖ਼ਰੀ ਜੰਗ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਾਲਵੇ ਵੱਲ ਨਿਕਲ ਗਏ ਸੀ। ਅੰਮ੍ਰਿਤਸਰ ਵਿੱਚ ਜਦੋਂ ਭਾਈ ਮਨੀ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਅਤੇ ਹੋਰ ਸਿੱਖਾਂ ਦੀ ਸ਼ਹਾਦਤ ਬਾਰੇ ਪਤਾ ਚੱਲਿਆ ਤਾਂ ਉਹ ਗੁਰੂ ਸਾਹਿਬ ਨੂੰ ਮਿਲਣ ਲਈ ਅੰਮ੍ਰਿਤਸਰ ਸਾਹਿਬ ਤੋਂ ਨਿਕਲ ਗਏ।

ਉਸ ਵੇਲੇ ਗੁਰੂ ਸਾਹਿਬ ਨੇ ਆਪਣੇ ਟਿਕਾਣੇ ਸਾਬੋ ਦੀ ਤਲਵੰਡੀ ਵਿੱਚ ਲਗਾਏ ਹੋਏ ਸਨ। ਇੱਥੇ ਹੁਣ ਗੁਰਦੁਆਰਾ ਦਮਦਮਾ ਸਾਹਿਬ ਮੌਜੂਦ ਹੈ।

ਭਾਈ ਮਨੀ ਸਿੰਘ ਨੇ ਇਸ ਥਾਂ ਉੱਤੇ ਰਹਿੰਦਿਆਂ ਗੁਰਬਾਣੀ ਉੱਤੇ ਕਾਫੀ ਕੰਮ ਕੀਤਾ। ਅਨੰਦਪੁਰ ਸਾਹਿਬ ਦੀਆਂ ਜੰਗਾਂ ਤੋਂ ਬਾਅਦ ਹੁਣ ਕੁਝ ਵਕਤ ਸ਼ਾਂਤੀ ਦਾ ਮਿਲਿਆ ਸੀ।

ਇਸੇ ਵਕਤ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਾਂ ਉੱਤੇ ਭਾਈ ਮਨੀ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਤਿਆਰ ਕਰਨ ਵਿੱਚ ਬਾਬਾ ਦੀਪ ਸਿੰਘ ਨਾਲ ਮਿਲ ਕੇ ਅਹਿਮ ਯੋਗਦਾਨ ਪਾਇਆ।

ਗੁਰਮਤਿ ਕਾਲਜ, ਦਿੱਲੀ ਦੇ ਪ੍ਰਿੰਸੀਪਲ ਰਹਿ ਚੁੱਕੇ ਨਰਿੰਦਰਪਾਲ ਸਿੰਘ ਦੱਸਦੇ ਹਨ, "ਗੁਰੂ ਗ੍ਰੰਥ ਸਾਹਿਬ ਦਾ ਹੁਣ ਜੋ ਮੌਜੂਦਾ ਸਰੂਪ ਹੈ ਜਿਸ ਅੱਗੇ ਸਿੱਖ ਸੀਸ ਨਿਵਾਉਂਦੇ ਹਨ ਉਸ ਸਰੂਪ ਨੂੰ ਭਾਈ ਮਨੀ ਸਿੰਘ ਨੇ ਹੀ ਤਿਆਰ ਕੀਤਾ ਸੀ।"

"ਗੁਰੂ ਤੇਗ ਬਹਾਦਰ ਸਾਹਿਬ ਦੀ ਪੂਰੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਦਮਦਮਾ ਸਾਹਿਬ ਵਿਖੇ ਹੀ ਕੀਤੀ ਗਈ ਸੀ। ਗੁਰੂ ਗ੍ਰੰਥ ਸਾਹਿਬ ਦੇ ਇਸੇ ਸਰੂਪ ਨੂੰ 'ਦਮਦਮੀ ਬੀੜ' ਕਿਹਾ ਜਾਂਦਾ ਹੈ।"

ਭਾਈ ਮਨੀ ਸਿੰਘ ਦੀ ਬਾਬਾ ਬੰਦਾ ਸਿੰਘ ਬਹਾਦਰ ਮਗਰੋਂ ਕੀ ਭੂਮਿਕਾ ਰਹੀ

ਦਮਦਮਾ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਦੱਖਣ ਵੱਲ ਚਲੇ ਗਏ ਸੀ। ਭਾਈ ਮਨੀ ਸਿੰਘ ਇਸ ਮਗਰੋਂ ਅੰਮ੍ਰਿਤਸਰ ਵਿੱਚ ਵਾਪਸ ਆ ਕੇ ਗੁਰੂ ਸਾਹਿਬ ਵੱਲੋਂ ਦਿੱਤੀ ਸੇਵਾ ਨੂੰ ਨਿਭਾਉਣ ਲੱਗੇ।

ਦਿੱਲੀ ਵਿੱਚ ਰਹਿ ਰਹੇ ਗੁਰੂ ਗੋਬਿੰਦ ਸਿੰਘ ਦੇ ਮਹਿਲ (ਪਤਨੀ) ਮਾਤਾ ਸੁੰਦਰੀ ਜੀ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਸਿੱਖਾਂ ਦੀ ਅਗਵਾਈ ਕਰ ਰਹੇ ਸਨ। ਭਾਈ ਮਨੀ ਸਿੰਘ ਅੰਮ੍ਰਿਤਸਰ ਵਿੱਚ ਰਹਿ ਕੇ ਲਗਾਤਾਰ ਉਨ੍ਹਾਂ ਦੇ ਸੰਪਰਕ ਵਿੱਚ ਸਨ।

ਡਾ. ਹਰਬੰਸ ਸਿੰਘ ਮੁਤਾਬਕ ਭਾਈ ਮਨੀ ਸਿੰਘ ਵੱਲੋਂ ਮਾਤਾ ਸੁੰਦਰੀ ਜੀ ਨੂੰ ਲਿਖੀ ਗਈ ਇੱਕ ਚਿੱਠੀ ਵੀ ਮੌਜੂਦ ਹੈ ਜਿਸ ਨਾਲ ਉਨ੍ਹਾਂ ਦੀ ਮਾਤਾ ਸੁੰਦਰੀ ਜੀ ਨਾਲ ਲਗਾਤਾਰ ਰਾਬਤਾ ਕਾਇਮ ਰਹਿਣ ਦੀ ਤਸਦੀਕ ਵੀ ਹੁੰਦੀ ਹੈ।

ਡਾ. ਹਰਬੰਸ ਸਿੰਘ ਦੀ ਇਨਸਾਇਕਲੋਪੀਡੀਆ ਆਫ ਸਿੱਖਜ਼ਮ ਮੁਤਾਬਕ ਬਾਬਾ ਬੰਦਾ ਸਿੰਘ ਬਹਾਦਰ ਦੀ ਮੌਤ ਤੋਂ ਕੁਝ ਸਾਲ ਬਾਅਦ ਸਿੱਖਾਂ ਦੀਆਂ ਦੋ ਧਿੜਾਂ ਵਿਚਾਲੇ ਮਤਭੇਦ ਉਭਰੇ। ਇੱਕ ਧਿਰ ਨਿਹੰਗ ਸਿੰਘਾਂ ਦੀ ਸੀ ਜੋ ਗੁਰੂ ਗੋਬਿੰਦ ਸਿੰਘ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਮੰਨਦੇ ਸੀ। ਦੂਜਾ ਬੰਦਈ ਖਾਲਸਾ ਸੀ ਜੋ ਬਾਬਾ ਬੰਦਾ ਸਿੰਘ ਬਹਾਦਰ ਨੂੰ 11ਵਾਂ ਗੁਰੂ ਮੰਨਦੇ ਸੀ।

ਡਾ. ਰਤਨ ਸਿੰਘ ਜੱਗੀ ਮੁਤਾਬਕ ਦਿੱਲੀ ਵਿੱਚੋਂ ਮਾਤਾ ਸੁੰਦਰੀ ਜੀ ਨੇ ਭਾਈ ਮਨੀ ਸਿੰਘ ਨੂੰ ਚਿੱਠੀ ਲਿਖ ਕੇ ਇਸ ਮਸਲੇ ਨੂੰ ਸੁਲਝਾਉਣ ਲਈ ਕਿਹਾ।

ਭਾਈ ਮਨੀ ਸਿੰਘ ਨੇ ਦੋਵਾਂ ਧਿਰਾਂ ਨੂੰ ਅੰਮ੍ਰਿਤਸਰ ਬੁਲਾਇਆ। ਆਪਸੀ ਗੱਲਬਾਤ ਤੇ ਸਮਝ ਦੇ ਨਾਲ ਭਾਈ ਮਨੀ ਸਿੰਘ ਨੇ ਇਸ ਵਿਵਾਦ ਨੂੰ ਸੁਲਝਾਇਆ ਤੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਦੀ ਰੀਤ ਹੀ ਅੱਗੇ ਕਾਇਮ ਰਹੀ।

ਜਦੋਂ ਜ਼ਕਰੀਆ ਖ਼ਾਨ ਦੀ ਸਾਜ਼ਿਸ਼ ਨੂੰ ਨਾਕਾਮ ਕੀਤਾ

ਇਤਿਹਾਸਕਾਰ ਜੇ ਐੱਸ ਗਰੇਵਾਲ ਨੇ ਆਪਣੀ ਕਿਤਾਬ 'ਦਿ ਸਿਖਸ ਆਫ ਦਿ ਪੰਜਾਬ– ਰਾਈਜ਼ ਟੂ ਪੌਲਿਟਿਕਲ ਪਾਵਰ' ਵਿੱਚ ਲਿਖਦੇ ਹਨ ਕਿ ਪੰਜਾਬ ਦੇ ਗਵਰਨਰ ਜ਼ਕਰੀਆ ਖ਼ਾਨ ਨੇ 1730ਵਿਆਂ ਵਿੱਚ ਸਿੱਖਾਂ ਉੱਤੇ ਕਾਫੀ ਸਖ਼ਤੀ ਕਰਨੀ ਸ਼ੁਰੂ ਕਰ ਦਿੱਤੀ ਸੀ।

ਉਹ ਕਹਿੰਦੇ ਹਨ, "ਜ਼ਕਰੀਆ ਖ਼ਾਨ ਦੀ ਸਖ਼ਤੀ ਕਾਰਨ ਸਿੱਖਾਂ ਨੇ ਛੋਟੇ-ਛੋਟੇ ਗਰੁੱਪਾਂ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਸੀ। ਉਹ ਤੇਜ਼ੀ ਨਾਲ ਹਮਲਾ ਕਰਦੇ ਸਨ ਜੋ ਅਸਰਦਾਰ ਵੀ ਹੁੰਦਾ ਸੀ। ਅੰਮ੍ਰਿਤਸਰ ਉਸ ਵੇਲੇ ਸਿੱਖਾਂ ਦੇ ਲਈ ਮੁੱਖ ਕੇਂਦਰ ਬਣ ਗਿਆ ਸੀ।"

"ਜਦੋਂ ਜ਼ਕਰੀਆ ਖ਼ਾਨ ਇਨ੍ਹਾਂ ਸਿੱਖਾਂ ਉੱਤੇ ਕੰਟ੍ਰੋਲ ਕਰਨ ਵਿੱਚ ਕਾਮਯਾਬ ਨਹੀਂ ਹੋ ਸਕਿਆ ਤਾਂ ਉਸ ਨੇ ਆਪਣਾ ਧਿਆਨ ਇਸੇ ਕੇਂਦਰ ਵੱਲ ਕਰ ਲਿਆ। ਭਾਈ ਮਨੀ ਸਿੰਘ ਨੇ ਉਸ ਵੇਲੇ ਸੋਚਿਆ ਕਿ ਅੰਮ੍ਰਿਤਸਰ ਵਿੱਚ ਦੀਵਾਲੀ ਨੂੰ ਸਿੱਖਾਂ ਦਾ ਇਕੱਠ ਕੀਤਾ ਜਾ ਸਕਦਾ ਹੈ।"

ਇਤਿਹਾਸਕਾਰ ਡਾ. ਰਤਨ ਸਿੰਘ ਭੰਗੂ ਦੇ ਹਵਾਲੇ ਨਾਲ ਡਾ. ਹਰਬੰਸ ਸਿੰਘ ਲਿਖਦੇ ਹਨ ਕਿ ਸਾਲ 1737 ਵਿੱਚ ਜ਼ਕਰੀਆ ਖ਼ਾਨ ਨੇ ਅੰਮ੍ਰਿਤਸਰ ਵਿੱਚ ਸਿਰਫ਼ ਇਸੇ ਸ਼ਰਤ ਨਾਲ ਦੀਵਾਲੀ ਮਨਾਉਣ ਦੀ ਇਜਾਜ਼ਤ ਦਿੱਤੀ ਕਿ ਸਿੱਖਾਂ ਨੂੰ ਸਰਕਾਰ ਨੂੰ ਪੰਜ ਹਜ਼ਾਰ ਰੁਪਏ ਟੈਕਸ ਅਦਾ ਕਰਨਾ ਪਵੇਗਾ।

ਸਿੱਖਾਂ ਨੇ ਇਸ ਸ਼ਰਤ ਨੂੰ ਮੰਨ ਲਿਆ ਤੇ ਭਾਈ ਮਨੀ ਸਿੰਘ ਨੇ ਵੱਖ-ਵੱਖ ਹਿੱਸਿਆਂ ਵਿੱਚ ਰਹਿ ਰਹੇ ਸਿੱਖਾਂ ਨੂੰ ਦੀਵਾਲੀ ਦੇ ਮੇਲੇ ਲਈ ਚਿੱਠੀਆਂ ਰਾਹੀਂ ਸੱਦਾ ਦਿੱਤਾ।

ਪ੍ਰਿੰਸੀਪਲ ਨਰਿੰਦਰਪਾਲ ਸਿੰਘ ਕਹਿੰਦੇ ਹਨ, "ਦੀਵਾਲੀ ਦੇ ਮੇਲੇ ਲਈ ਇਜਾਜ਼ਤ ਦੇਣਾ ਪੂਰੇ ਤਰੀਕੇ ਨਾਲ ਜ਼ਕਰੀਆ ਖ਼ਾਨ ਦੀ ਚਾਲ ਸੀ ਕਿਉਂਕਿ ਦੂਜੇ ਪਾਸੇ ਜ਼ਕਰੀਆ ਖ਼ਾਨ ਨੇ ਸਿੱਖਾਂ ਉੱਤੇ ਹਮਲਾ ਕਰਨ ਲਈ ਵੱਡੀ ਫੌਜ ਭੇਜ ਦਿੱਤੀ ਸੀ। ਭਾਈ ਮਨੀ ਸਿੰਘ ਨੂੰ ਜਦੋਂ ਇਸ ਚਾਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਚਿੱਠੀਆਂ ਲਿਖ ਕੇ ਸਿੱਖਾਂ ਦੇ ਜੱਥਿਆਂ ਨੂੰ ਰੋਕ ਦਿੱਤਾ।"

"ਜਦੋਂ ਕੋਈ ਵੀ ਜੱਥਾ ਨਹੀਂ ਪਹੁੰਚਿਆ ਤਾਂ ਕੋਈ ਵੀ ਟੈਕਸ ਇਕੱਠਾ ਨਹੀਂ ਹੋ ਸਕਿਆ ਸੀ। ਸਰਕਾਰ ਨੇ ਕਿਹਾ ਕਿ ਟੈਕਸ ਦਿਓ, ਕਿਉਂਕਿ ਤੁਸੀਂ ਕਿਹਾ ਸੀ ਕਿ ਦੀਵਾਲੀ ਦਾ ਮੇਲਾ ਕਰੋਗੇ ਤਾਂ ਸਾਨੂੰ ਟੈਕਸ ਦਾ ਭੁਗਤਾਨ ਕਰੋਗੇ। ਭਾਈ ਮਨੀ ਸਿੰਘ ਵੱਲੋਂ ਕਿਹਾ ਗਿਆ ਕਿ ਸਰਕਾਰ ਨੇ ਘੇਰਾਬੰਦੀ ਕਰ ਲਈ ਸੀ ਤਾਂ ਫਿਰ ਦੀਵਾਲੀ ਦਾ ਇਕੱਠ ਨਹੀਂ ਹੋਇਆ, ਫਿਰ ਟੈਕਸ ਕਿਸ ਗੱਲ ਦਾ ਦੇਣਾ।"

ਡਾ. ਹਰਬੰਸ ਸਿੰਘ ਲਿਖਦੇ ਹਨ, "ਭਾਈ ਮਨੀ ਸਿੰਘ ਤੋਂ ਗਵਰਨਰ ਨੇ ਟੈਕਸ ਦੀ ਰਕਮ ਮੰਗੀ ਜਿਸ ਨੂੰ ਮਨੀ ਸਿੰਘ ਨੇ ਨਹੀਂ ਦਿੱਤਾ। ਇਸ ਮਗਰੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਨੂੰ ਕਿਹਾ ਗਿਆ ਕਿ ਜਾਂ ਤਾਂ ਇਸਲਾਮ ਕਬੂਲ ਕਰੋ ਜਾਂ ਮਰਨ ਲਈ ਤਿਆਰ ਹੋ ਜਾਓ। ਭਾਈ ਮਨੀ ਸਿੰਘ ਨੇ ਮੌਤ ਨੂੰ ਕਬੂਲ ਕੀਤਾ। ਲਾਹੌਰ ਵਿੱਚ ਭਾਈ ਮਨੀ ਸਿੰਘ ਨੂੰ ਬੰਦ-ਬੰਦ ਕਟ ਕੇ ਸ਼ਹੀਦ ਕੀਤਾ ਗਿਆ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)