You’re viewing a text-only version of this website that uses less data. View the main version of the website including all images and videos.
ਓਲੰਪਿਕ ਖੇਡਾਂ 'ਚੋਂ ਕ੍ਰਿਕਟ ਨੂੰ ਬਾਹਰ ਕਿਉਂ ਕਰ ਦਿੱਤਾ ਗਿਆ ਸੀ, ਹੁਣ ਕਿਸ ਅਧਾਰ ਉੱਤੇ ਸ਼ਾਮਲ ਕੀਤੇ ਜਾਣ ਦੀ ਚਰਚਾ
ਸਾਲ 1900 ਵਿੱਚ ਕ੍ਰਿਕਟ, ਓਲੰਪਿਕ ਅਤੇ ਖੇਡ ਦੀ ਦੁਨੀਆਂ ਲਈ ਇੱਕ ਯਾਦਗਾਰੀ ਵਰ੍ਹਾ ਸੀ।
ਇਹ ਉਹ ਸਾਲ ਸੀ, ਜਦੋਂ ਪਹਿਲੀ ਅਤੇ ਆਖ਼ਰੀ ਵਾਰ ਓਲੰਪਿਕ ਮੁਕਾਬਲਿਆਂ ਵਿੱਚ ਇੱਕ ਕ੍ਰਿਕਟ ਮੈਚ ਖੇਡਿਆ ਗਿਆ ਸੀ।
ਓਲੰਪਿਕ ਖੇਡਾਂ ਦੀ ਅਧਿਕਾਰਤ ਵੈੱਬਸਾਈਟ 'ਓਲੰਪਿਕਸ' ਮੁਤਾਬਕ ਕ੍ਰਿਕਟ ਨੂੰ ਏਥਨਜ਼ ਵਿਖੇ 1896 ਵਿੱਚ ਹੋਈਆਂ ਪਹਿਲੀਆਂ ਓਲੰਪਿਕ ਖੇਡਾਂ ਵਿੱਚ ਸ਼ਾਮਲ ਕੀਤੇ ਜਾਣ ਦੀ ਯੋਜਨਾ ਸੀ, ਕਿਉਂਕਿ ਨਿਰਧਾਰਤ ਮਾਪਦੰਡ ਮੁਤਾਬਕ ਟੀਮਾਂ ਇਸ ਵਿੱਚ ਹਿੱਸਾ ਨਹੀਂ ਲੈ ਰਹੀਆਂ ਸਨ, ਇਹ ਖਿਆਲ ਛੱਡ ਦਿੱਤਾ ਗਿਆ।
ਇਸ ਤੋਂ ਪੂਰੇ ਚਾਰ ਸਾਲ ਬਾਅਦ ਯਾਨਿ ਕਿ 1900 ਵਿੱਚ ਕ੍ਰਿਕਟ ਖੇਡ ਓਲੰਪਿਕ ਮੁਕਾਬਲੇ ਵਿੱਚ ਖੇਡੀ ਗਈ।
2028 ਵਿੱਚ ਲਾਸ ਏਂਜਲਸ ਵਿੱਚ ਹੋਣ ਵਾਲੀਆਂ ਓਲੰਪਿਕ ਖੇਡਾਂ ਦੇ ਪ੍ਰਬੰਧਕਾਂ ਵੱਲੋਂ ਕ੍ਰਿਕਟ ਨੂੰ ਸ਼ਾਮਲ ਕੀਤੇ ਜਾਣ ਦੀ ਸਿਫਾਰਿਸ਼ ਕੀਤੀ ਗਈ ਹੈ।
ਜੇਕਰ ਇਹ ਸਿਫਾਰਿਸ਼ ਪ੍ਰਵਾਨ ਹੁੰਦੀ ਹੈ ਤਾਂ 1900 ਤੋਂ ਬਾਅਦ ਕ੍ਰਿਕਟ ਓਲੰਪਿਕ ਵਿੱਚ ਪਹਿਲ ਵਾਰ ਖੇਡੀ ਜਾ ਸਕਦੀ ਹੈ।
ਚਾਰ ਵਿੱਚੋਂ ਦੋ ਟੀਮਾਂ ਹੀ ਖੇਡ ਸਕੀਆਂ
ਸ਼ੁਰੂ ਵਿੱਚ ਬਰਤਾਨੀਆ, ਫਰਾਂਸ, ਨੀਦਰਲੈਂਡ ਅਤੇ ਬੈਲਜੀਅਮ ਸਮੇਤ ਕੁੱਲ ਚਾਰ ਦੇਸਾਂ ਦੀਆਂ ਟੀਮਾਂ ਨੇ ਕ੍ਰਿਕਟ ਦੇ ਮੈਦਾਨ ਵਿੱਚ ਇੱਕ ਦੂਜੇ ਦੇ ਸਾਹਮਣੇ ਆਉਣਾ ਸੀ।
ਪਰ ਫੇਰ ਨੀਦਰਲੈਂਡ ਅਤੇ ਬੈਲਜੀਅਮ ਨੇ ਆਪਣੇ ਪੈਰ ਪਿੱਛੇ ਖਿੱਚ ਲਏ।ਓਲੰਪਿਕ ਵੈੱਬਸਾਈਟ ਮੁਤਾਬਕ ਇਸ ਦਾ ਕਾਰਨ ਇਨ੍ਹਾਂ ਦੇਸਾਂ ਵੱਲੋਂ ਖੇਡਾਂ ਦੀ ਮੇਜ਼ਬਾਨੀ ਲਈ ਪਾਏ ਗਏ ਪ੍ਰਸਤਾਵ ਦਾ ਨੇਪਰੇ ਨਾ ਚੜ੍ਹਨਾ ਸੀ।
ਇਸੇ ਲਈ 19 ਅਤੇ 20 ਅਗਸਤ ਨੂੰ ਬਰਤਾਨੀਆ ਅਤੇ ਫਰਾਂਸ ਦੀ ਟੀਮ ਵਿਚਾਲੇ ਫਾਈਨਲ ਮੈਚ ਖੇਡਿਆ ਗਿਆ ਸੀ।
ਇਹ ਮੈਚ ਸਾਈਕਲਿੰਗ ਲਈ ਬਣੇ ਸਟੇਡੀਅਮ, ਵੋਲੋਡਰੋਮ ਡੇ ਵਿਨਸੇਨੈੱਸ ਵਿੱਚ ਖੇਡਿਆ ਗਿਆ ਸੀ।
ਇਹ ਖੇਡਾਂ ਫਰਾਂਸ ਵਿੱਚ ਇਸੇ ਸਾਲ ਹੋਏ 1900 ਵਰਲਡ ਫੇਅਰ ਦਾ ਹਿੱਸਾ ਸਨ। ਕ੍ਰਿਕਟ ਇਸ ਸਾਲ ਹੋਰ ਕਰਵਾਈਆਂ ਗਈਆਂ 18 ਖੇਡਾਂ ਵਿੱਚੋਂ ਇੱਕ ਸੀ।
ਇਨ੍ਹਾਂ ਯੂਰਪੀਅਨ ਟੀਮਾਂ ਦੇ ਵੱਲੋਂ ਅਜੋਕੇ ਟੈਸਟ ਮੈਚ ਫਾਰਮੈਟ ਵਿੱਚ ਇਹ ਮੁਕਾਬਲਾ ਖੇਡਿਆ ਗਿਆ।
ਹਾਲਾਂਕਿ ਅੱਜਕੱਲ ਟੈਸਟ ਮੈਚ 5 ਦਿਨਾਂ ਦਾ ਹੁੰਦਾ ਹੈ, ਇਨ੍ਹਾਂ ਟੀਮਾਂ ਨੇ ਦੋ ਦਿਨ ਦੋ ਪਾਰੀਆਂ ਖੇਡੀਆਂ।
12 ਖਿਡਾਰੀਆਂ ਦੀ ਇੱਕ ਟੀਮ
ਓਲੰਪਿਕਸ ਵੈੱਬਸਾਈਟ ਮੁਤਾਬਕ ਦੋਵਾਂ ਟੀਮਾਂ ਦੇ ਕਪਤਾਨਾਂ ਦੇ ਵਿੱਚ ਇੱਕ ਸਮਝੌਤੇ ਤੋਂ ਬਾਅਦ ਦੋਵਾਂ ਟੀਮਾਂ ਵੱਲੋਂ 12-12 ਖਿਡਾਰੀ ਮੈਦਾਨ ਵਿੱਚ ਉੱਤਰੇ ਸਨ।
ਇਸੇ ਲਈ ਸਕੋਰਕਾਰਡਾਂ ਉੱਤੇ 12 ਵੇਂ ਖਿਡਾਰੀ ਦਾ ਨਾਂ ਪੈੱਨ ਨਾਲ ਲਿਖਿਆ ਗਿਆ।
ਇਸ ਖੇਡ ਦੀ ਵੱਖਰੀ ਗੱਲ ਇਹ ਵੀ ਸੀ ਕਿ ਦੋਵਾਂ ਦੇਸਾਂ ਦੀਆਂ ਕੌਮੀ ਟੀਮਾਂ ਦੀ ਥਾਂ ਕਲੱਬ ਜਾਂ ਹੋਰ ਨੁਮਾਇੰਦਾ ਟੀਮਾਂ ਨੇ ਭਾਗ ਲਿਆ ਸੀ।
ਬਰਤਾਨੀਆ ਦੀ ਨੁਮਾਇੰਦਗੀ ‘ਡੇਵਨ ਐਂਡ ਸੋਮਰਸੈੱਟ ਵੈਂਡਰਰਸ ਕਲੱਬ’ ਵੱਲੋਂ ਕੀਤੀ ਗਈ ਸੀ। ਇਹ ਟੀਮ ਉਸ ਵੇਲੇ ਫਰਾਂਸ ਦੇ ਦੌਰੇ ਉੱਤੇ ਸੀ, ਇਸ ਨੂੰ ਓਲੰਪਿਕਸ ਲਈ ਪੈਰਿਸ ਆਉਣ ਲਈ ਕਿਹਾ ਗਿਆ ਸੀ।
ਇਸ ਟੀਮ ਦੇ ਮੁਕਾਬਲੇ ਵਿੱਚ ਫਰਾਂਸ ਦੀ ਨੁਮਾਇੰਦਾ ਟੀਮ ਆਲ ਪੈਰਿਸ ਸੀ, ਇਸਦੇ ਬਹੁਤੇ ਖਿਡਾਰੀ ਬਰਤਾਨੀਆ ਮੂਲ ਦੇ ਪਰਵਾਸੀ ਸਨ।
ਓਲੰਪਿਕਸ ਵੈੱਬਸਾਈਟ ਮੁਤਾਬਕ ਦੋਵਾਂ ਟੀਮਾਂ 24 ਵਿੱਚੋਂ ਸਿਰਫ਼ ਦੋ ਖਿਡਾਰੀਆਂ ਨੇ ਪਹਿਲੇ ਦਰਜੇ ਦਾ ਕ੍ਰਿਕਟ ਖੇਡਿਆ ਸੀ।
ਬਰਤਾਨੀਆ ਦੇ ਸੋਮਰਸੈੱਟ ਵੱਲੋਂ ਖੇਡਣ ਵਾਲੇ ਐਲਫਰਡ ਬੋਵਰਮੈਨ ਅਤੇ ਮੋਨਟੈਗੂ ਟੋਲਰ ਨੇ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਵਿੱਚ ਬਿਹਤਰੀਨ ਪ੍ਰਦਰਸ਼ਨ ਕੀਤਾ ਸੀ।
ਕਿਸ ਨੂੰ ਮਿਲਿਆ ਕਿਹੜਾ ਤਮਗਾ
ਓਲੰਪਿਕ ਵਿੱਚ ਹੋਣ ਵਾਲੇ ਇਸ ਪਹਿਲੇ ਅਤੇ ਆਖ਼ਰੀ ਮੈਚ ਵਿੱਚ ਬਰਤਾਨੀਆ ਨੇ ਜਿੱਤ ਹਾਸਲ ਕੀਤੀ।
ਬਰਤਾਨੀਆ ਦੀ ਟੀਮ ਨੇ ਦੂਜੇ ਦਿਨ ਦੇ ਖ਼ਤਮ ਹੋਣ ਤੋਂ ਪੰਜ ਮਿੰਟ ਪਹਿਲਾਂ ਫਰਾਂਸ ਨੂੰ 150 ਦੌੜਾਂ ਨਾਲ ਹਰਾਇਆ, ਫਰਾਂਸ ਸਿਰਫ਼ 104 ਦੌੜਾਂ ਹੀ ਬਣਾ ਸਕਿਆ।
ਇੱਕ ਦਿਲਚਸਪ ਤੱਥ ਇਹ ਵੀ ਹੈ ਕਿ ਜੇਤੂ ਟੀਮ ਨੂੰ ਚਾਂਦੀ ਤਮਗਾ ਮਿਲਿਆ ਸੀ ਜਦਕਿ ਫਰਾਂਸ ਨੂੰ ਕਾਂਸੀ ਦਾ ਮੈਡਲ ਮਿਲਿਆ। ਦੋਵਾਂ ਟੀਮਾਂ ਨੂੰ ਫਰਾਂਸ ਦੇ ਆਈਫਲ ਟਾਵਰ ਦਾ ਛੋਟਾ ਮਾਡਲ ਮਿਲਿਆ।
ਇਨ੍ਹਾਂ ਨੂੰ ਬਾਅਦ ਵਿੱਚ ਸੋਨੇ ਅਤੇ ਚਾਂਦੀ ਦੇ ਮੈਡਲ ਮਿਲੇ, ਇਸ ਮੁਕਾਬਲੇ ਦਾ ਅਧਿਕਾਰਤ ਤੌਰ ‘ਤੇ ਨਾਮ ਓਲੰਪਿਕ ਮੁਕਾਬਲਾ 1912 ਵਿੱਚ ਪਿਆ।
ਬਰਤਾਨੀਆ ਵੱਲੋਂ ਖੇਡਣ ਵਾਲੇ ਬੱਲੇਬਾਜ਼ ਚਾਰਲਸ ਬੀਚਕਰੋਫਟ ਅਤੇ ਐਲਫਰਡ ਬੋਵਰਮੈਨ ਦੋ ਹੀ ਅਜਿਹੇ ਬੱਲੇਬਾਜ਼ ਸਨ, ਜੋ 50 ਦੌੜਾਂ ਬਣਾ ਸਕੇ ਸਨ। ਦੋਵਾਂ ਨੇ ਇਹ ਦੋੜਾਂ ਦੂਜੀ ਪਾਰੀ ਵਿੱਚ ਬਣਾਈਆਂ।
ਗੇਂਦਬਾਜ਼ੀ ਕਰਨ ਵਾਲੇ ਫ੍ਰੈਡਰਿਕ ਕ੍ਰਿਸ਼ਚਨ ਨੇ ਪਹਿਲੀ ਪਾਰੀ ਵਿੱਚ ਸੱਤ ਵਿਕਟਾਂ ਲਈਆਂ ਅਤੇ ਮੋਨਟੈਗੂ ਟੋਲਰ ਨੇ ਨੌਂ ਦੌੜਾਂ ਦੇ ਕੇ ਸੱਤ ਵਿਕਟਾਂ ਲਈਆਂ ਸਨ।
ਓਲੰਪਿਕ ְਵਿੱਚ ਕ੍ਰਿਕਟ ਕਿਓਂ ਨਹੀਂ
ਸੁਤੰਤਰ ਖੇਡ ਪੱਤਰਕਾਰ ਸੌਰਭ ਦੁੱਗਲ ਨੇ ਦੱਸਿਆ ਕਿ ਹਰੇਕ ਖੇਡ ਨੂੰ ਓਲੰਪਿਕ ਵਿੱਚ ਸ਼ਾਮਲ ਕੀਤੇ ਜਾਣ ਦੇ ਕੁਝ ਖ਼ਾਸ ਮਾਪਦੰਡ ਹੁੰਦੇ ਹਨ। ਕ੍ਰਿਕਟ ਉਨ੍ਹਾਂ ਮਾਪਦੰਡਾਂ ਉੱਤੇ ਪੂਰਾ ਨਹੀਂ ਉੱਤਰਦਾ।
ਵਿਸ਼ਵ ਕੱਪ ਵਿੱਚ ਸੀਮਤ ਟੀਮਾਂ ਦੀ ਹੀ ਸ਼ਮੂਲੀਅਤ ਹੁੰਦੀ ਹੈ ਅਤੇ ਜੇਕਰ ਕੋਈ ਦੇਸ ਕੁਆਲੀਫਾਇਰ ਖੇਡ ਕੇ ਵੀ ਆਉਂਦੀ ਹੈ ਤਾਂ ਉਹ ਚੋਟੀ ਦੀਆਂ ਟੀਮਾਂ ਦੇ ਪੱਧਰ ਉੱਤੇ ਪ੍ਰਦਰਸ਼ਨ ਨਹੀਂ ਕਰ ਪਾਉਂਦੀਆਂ।
ਹੁਣ ਕਿਉਂ ਹੋਈ ਕ੍ਰਿਕਟ ਦੀ ਸਿਫ਼ਾਰਿਸ਼
ਸੌਰਭ ਦੁੱਗਲ ਨੇ ਇੰਟਰਨੈਸ਼ਨਲ ਓਲੰਪਿਕ ਕਾਉਂਸਲ(ਆਈਓਸੀ) ਦੀ ਸਿਫ਼ਾਰਿਸ਼ ਪਿੱਛੇ ਦੋ ਕਾਰਨ ਦੱਸੇ।
“ਦੱਖਣੀ ਏਸ਼ੀਆਈ ਖਿੱਤੇ ਜਿਸ ਵਿੱਚ ਭਾਰਤ, ਪਾਕਿਸਤਾਨ, ਬੰਗਲਾਦੇਸ਼ ਅਤੇ ਸ਼੍ਰੀਲੰਕਾ ਸ਼ਾਮਲ ਹਨ, ਜੇਕਰ ਕ੍ਰਿਕਟ ਖੇਡ ਓਲੰਪਿਕ ਦਾ ਹਿੱਸਾ ਬਣਦੀ ਹੈ ਤਾਂ ਇਸ ਖੇਤਰ ਲਈ ਵਿਕਣ ਵਾਲੇ ਟੀਵੀ ਅਧਿਕਾਰਾਂ ਦੇ ਮੁੱਲ ਵਿੱਚ ਦਸ ਗੁਣਾ ਵਾਧਾ ਹੋ ਜਾਵੇਗਾ, ਅਤੇ ਆਈਓਸੀ ਦੀ ਆਮਦਨ ਵਿੱਚ ਵਾਧਾ ਹੈ।”
ਉਨ੍ਹਾਂ ਦੱਸਿਆ ਕਿ ਇਸਦੇ ਨਾਲ ਓਲੰਪਿਕ ਮੂਵਮੈਂਟ ਵੀ ਪ੍ਰਫ਼ੁਲਤ ਹੋਵੇਗੀ ਅਤੇ ਇੱਥੇ ਦੇ ਲੋਕਾਂ ਦਾ ਓਲੰਪਿਕ ਪ੍ਰਤੀ ਰੁਝਾਨ ਵਧੇਗਾ।
ਅਮਰੀਕਾ ਵਿੱਚ ਕ੍ਰਿਕਟ ਵਿਕਸਿਤ ਹੋ ਰਿਹਾ
ਉਨ੍ਹਾਂ ਇਹ ਵੀ ਦੱਸਿਆ ਕਿ ਅਮਰੀਕਾ ਵਿੱਚ ਕ੍ਰਿਕਟ ਖੇਡ ਬਹੁਤ ਵਿਕਸਿਤ ਹੋ ਰਹੀ ਹੈ ਉੱਥੇ ਟੀ10 ਅਤੇ ਟੀ20 ਮੁਕਾਬਲੇ ਵੱਡੀ ਗਿਣਤੀ ਹੋ ਰਹੇ ਹਨ।
ਉਨ੍ਹਾਂ ਦੱਸਿਆ ਕਿ ਅਮਰੀਕਾ 2028 ਦੀ ਮੇਜ਼ਬਾਨੀ ਕਰ ਰਿਹਾ ਹੈ, ਉੱਥੇ ਕ੍ਰਿਕਟ ਦੀ ਪ੍ਰਸਿੱਧੀ ਵੱਧ ਰਹੀ ਹੈ।
ਉਨ੍ਹਾਂ ਕਿਹਾ ਕਿ ਇਸ ਲਈ ਆਈਓਸੀ ਦੀ ਇਸ ਵਿੱਚ ਵੱਧ ਦਿਲਚਸਪੀ ਹੈ, ਇਹ ਵੀ ਸੰਭਵ ਹੈ ਕਿ ਜੇਕਰ ਕ੍ਰਿਕਟ ਓਲੰਪਿਕ ਵਿੱਚ ਸ਼ਾਮਲ ਹੁੰਦੀ ਹੈ ਤਾਂ ਇਸ ਦਾ ਮਿਆਰ ਵੀ ਉੱਚਾ ਹੋਵੇਗਾ ਅਤੇ ਟੀਮਾਂ ਦੀ ਗਿਣਤੀ ਵਧੇਗੀ।
ਕਿਉਂਕਿ ਮਰਦ ਅਤੇ ਔਰਤਾਂ ਦੋਵਾਂ ਲਈ ਮੁਕਾਬਲੇ ਹੋਣਗੇ ਤਾਂ ਇਹ ਕ੍ਰਿਕਟ ਦੀਆਂ ਦੋਵਾਂ ਸ਼੍ਰੇਣੀਆਂ ਲਈ ਲਾਹੇਵੰਦ ਹੋਵੇਗਾ।
ਓਲੰਪਿਕ ਖੇਡਾਂ ਅਤੇ ਕ੍ਰਿਕਟ ਦਾ ਇਤਿਹਾਸ
ਕ੍ਰਿਕਟ ਨੂੰ 1904 ਵਿੱਚ ਸੇਂਟ ਲੂਈ ਵਿੱਚ ਹੋਣ ਵਾਲੇ ਓਲੰਪਿਕ ਵਿੱਚ ਹੋਣ ਵਾਲੀਆਂ ਖੇਡਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ। 1904 ਵਿੱਚ ਅਮਰੀਕਾ ਨੇ ਪਹਿਲੀ ਵਾਰੀ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਕੀਤੀ ਸੀ।
ਓਲੰਪਿਕ ਮੁਤਾਬਕ ਜਦੋਂ ਇਨ੍ਹਾਂ ਖੇਡਾਂ ਦੀ ਆਖ਼ਰੀ ਸੂਚੀ ਜਾਰੀ ਕੀਤੀ ਗਈ ਤਾਂ ਕ੍ਰਿਕਟ ਖੇਡ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ। ਇਸਦਾ ਕਾਰਨ ਖੇਡ ਵਿੱਚ ਘੱਟ ਸ਼ਮੂਲੀਅਤ ਹੋਣਾ ਦੱਸਿਆ ਗਿਆ ਸੀ।
ਉਸ ਮਗਰੋਂ ਕ੍ਰਿਕਟ ਨੂੰ ਹੋਰ ਅੰਤਰ-ਰਾਸ਼ਟਰੀ ਖੇਡ ਮੁਕਾਬਲਿਆਂ ਵਿੱਚ ਸ਼ਾਮਲ ਕੀਤਾ ਗਿਆ।
ਕਾਮਨਵੈਲਥ ਖੇਡਾਂ ਵਿੱਚ ਕ੍ਰਿਕਟ 1998 ਵਿੱਚ ਕੁਆਲਾਲੰਮ ਪੁਰ, ਮਲੇਸ਼ੀਆ ਵਿੱਚ ਹੋਈਆਂ ਖੇਡਾਂ ਵਿੱਚ ਖੇਡਿਆ ਗਿਆ ਸੀ। ਇਹ 50 ੳਵਰ ਫਾਰਮੈਟ ਵਿੱਚ ਖੇਡੀਆਂ ਗਈਆਂ ਸਨ।
2022 ਵਿੱਚ ਬਰਮਿੰਘਮ ਵਿੱਚ ਹੋਈਆਂ ਖੇਡਾਂ ਕਾਮਨਵੈਲਥ ਖੇਡਾਂ ਵਿੱਚ ਟੀ 20 ਕ੍ਰਿਕਟ ਔਰਤਾਂ ਲਈ ਮੈਚ ਹੋਏ ਸਨ।
ਏਸ਼ੀਅਨ ਖੇਡਾਂ ਵਿੱਚ ਕ੍ਰਿਕਟ ਟੀ 20 ਫਾਰਮੈਟ ਵਿੱਚ ਔਰਤਾਂ ਅਤੇ ਮਰਦਾਂ ਦੇ ਮੁਕਾਬਲਿਆਂ ਵਿੱਚ ਖੇਡਿਆ ਗਿਆ ਸੀ।
ਕੀ ਹਨ ਸੰਭਾਵਨਾਵਾਂ
‘ਇੰਟਰਨੈਸ਼ਨਲ ਓਲੰਪਿਕ ਕਮੇਟੀ’ ਦੀ ਅਗਲੇ ਹਫਤੇ ਹੋਣ ਵਾਲੀ ਮੀਟਿੰਗ ਵਿੱਚ ਟੀ 20 ਕ੍ਰਿਕਟ ਨੂੰ ਓਲੰਪਿਕ ਵਿੱਚ ਸ਼ਾਮਲ ਕਰਨ ਬਾਰੇ ਵੋਟਿੰਗ ਹੋਵੇਗੀ।
ਕ੍ਰਿਕਟ ਦੇ ਨਾਲ ਨਾਲ ਬੇਸਬਾਲ/ਸੌਫਟਬਾਲ ਤੇ ਲੈਕਰੋਸ ਨੂੰ ਵੀ ਸ਼ਾਮਲ ਕੀਤੇ ਜਾਣ ਦੀ ਸਿਫਾਰਿਸ਼ ਕੀਤੀ ਗਈ ਹੈ।ਇਨ੍ਹਾਂ ਦੋਵਾਂ ਖੇਡਾਂ ਨੂੰ ਪੈਰਿਸ ਓਲੰਪਿਕ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ।
ਇਸ ਬਾਰੇ ਆਖ਼ਰੀ ਫ਼ੈਸਲਾ ਇੰਟਰਨੈਸ਼ਨਲ ਓਲੰਪਿਕ ਕਮੇਟੀ ਦੇ ਮੈਂਬਰਾਂ ਦੀ ਅਗਲੇ ਹਫ਼ਤੇ ਮੁੰਬਈ ਵਿੱਚ ਹੋਣ ਵਾਲੀ ਮੀਟਿੰਗ ਵਿੱਚ ਲਿਆ ਜਾਵੇਗਾ।
ਮੇਜ਼ਬਾਨੀ ਕਰਨ ਵਾਲੇ ਸ਼ਹਿਰ ਨਵੀਆਂ ਖੇਡਾਂ ਨੂੰ ਓਲੰਪਿਕ ਪ੍ਰੋਗਰਾਮ ਵਿੱਚ ਸ਼ਾਮਲ ਕਰਨ ਲਈ ਸਿਫ਼ਾਰਿਸ਼ ਕਰ ਸਕਦੇ ਹਨ।
ਫਲੈਗ ਫੁੱਟਬਾਲ ਅਤੇ ਸਕੁਐਸ਼ 2028 ਵਿੱਚ ਪਹਿਲੀ ਵਾਰ ਓਲੰਪਿਕ ‘ਚ ਖੇਡੀਆਂ ਜਾਣਗੀਆਂ।
ਟੋਕੀਓ 2020 ਦੀ ਪ੍ਰਬੰਧਕੀ ਕਮੇਟੀ ਨੂੰ ਸਰਫਿੰਗ, ਸਪੋਰਟ ਕਲਾਈਬਿੰਗ, ਕਰਾਟੇ, ਬੇਸਬਾਲ,ਸੌਫਟਬਾਲ ਅਤੇ ਸਕੇਟਬੋਰਡਿੰਗ ਨੂੰ ਸ਼ਾਮਲ ਕੀਤਾ ਗਿਆ ਸੀ।
ਅੰਤਰ-ਰਾਸ਼ਟਰੀ ਕ੍ਰਿਕਟ ਕਾਊਂਸਲ ਦੇ ਚੇਅਰਮੈਨਟ ਗ੍ਰੇਗ ਬਾਰਕਲੇ ਨੇ ਕਿਹਾ, “ਹਾਲਾਂਕਿ ਇਹ ਫ਼ੈਸਲਾ ਅੰਤਿਮ ਨਹੀਂ ਹੈ ਪਰ ਇਹ ਕ੍ਰਿਕਟ ਨੂੰ ਇੱਕ ਸਦੀ ਤੋਂ ਵੱਧ ਸਮੇਂ ਬਾਅਦ ਓਲੰਪਿਕ ਵਿੱਚ ਸ਼ਾਮਲ ਕੀਤੇ ਜਾਣ ਦੇ ਵੱਲ ਇੱਕ ਮਹੱਤਵਪੂਰਨ ਪੜਾਅ ਹੈ।”
ਇਹ ਉਮੀਦ ਹੈ ਕਿ ਮਰਦਾਂ ਅਤੇ ਔਰਤਾਂ ਦੇ ਟੀ 20 ਖੇਡ ਮੁਕਾਬਲੇ ਲਾਸ ਏਂਜਲਸ ਵਿੱਚ ਕਰਵਾਏ ਜਾਣਗੇ।
ਸਕੁਐਸ਼ ਖੇਡ ਨੂੰ ਓਲੰਪਿਕ ਵਿੱਚ ਸ਼ਾਮਲ ਕੀਤੇ ਜਾਣ ਦੀਆਂ ਪਿਛਲੇ ਕਈ ਸਾਲਾਂ ਤੋਂ ਕੋਸ਼ਿਸ਼ਾਂ ਹੋ ਰਹੀਆਂ ਹਨ।
ਪੈਰਿਸ ਵਿੱਚ 2024 ਵਿੱਚ ਹੋਈਆਂ ਖੇਡਾਂ ਵਿੱਚ ਸਕੁਐਸ਼ ਦੀ ਥਾਂ ਬ੍ਰੇਕਡਾਂਸਿੰਗ ਨੂੰ ਥਾਂ ਮਿਲੀ ਸੀ, ਜਦਕਿ ਟੋਕੀਓ 2020 ਵਿੱਚ ਸਕੁਐਸ਼ ਦੀ ਥਾਂ ਕਲਾਈਬਿੰਗ, ਸਰਫਿੰਗ ਅਤੇ ਸਕੇਟਬੋਰਡਿੰਗ ਨੂੰ ਤਰਜੀਹ ਦਿੱਤੀ ਗਈ ਸੀ।
ਸਕੁਐਸ਼ ਨੂੰ ਲੰਡਨ 2012 ਅਤੇ ਰੀਓ 2016 ਵਿੱਚ ਸ਼ਾਮਲ ਕੀਤੇ ਜਾਣ ਤੋਂ ਵੀ ਇਨਕਾਰ ਕਰ ਦਿੱਤਾ ਗਿਆ ਸੀ।