ਕੌਣ ਹਨ ਬਾਲੇਨ ਸ਼ਾਹ ਜੋ ਇੱਕ ਰੈਪਰ ਤੋਂ ਨੇਪਾਲ ਦੀ ਸਿਆਸਤ ਵਿੱਚ ਨਵੇਂ ਸਟਾਰ ਬਣ ਗਏ

ਤਸਵੀਰ ਸਰੋਤ, KATHMANDU MAHANAGARPALIKA
ਬਾਲੇਨ ਸ਼ਾਹ ਮਈ 2022 ਵਿੱਚ ਪਹਿਲੀ ਵਾਰ ਨੇਪਾਲ ਦੀ ਰਾਜਧਾਨੀ ਕਾਠਮਾਂਡੂ ਦੇ ਮੇਅਰ ਬਣੇ, ਤਾਂ ਇਹ ਸਾਰਿਆਂ ਲਈ ਹੈਰਾਨੀ ਵਾਲੀ ਗੱਲ ਸੀ।
ਬਾਲੇਨ ਸ਼ਾਹ ਨੇ ਨੇਪਾਲੀ ਕਾਂਗਰਸ ਦੀ ਸ਼੍ਰੀਜਨਾ ਸਿੰਘ ਨੂੰ ਹਰਾਇਆ। ਸ਼ਾਹ ਨੂੰ 61,767 ਵੋਟਾਂ ਮਿਲੀਆਂ ਸਨ ਅਤੇ ਸ਼੍ਰੀਜਨਾ ਸਿੰਘ ਨੂੰ 38,341 ਵੋਟਾਂ ਮਿਲੀਆਂ।
ਓਲੀ ਦੀ ਪਾਰਟੀ ਦੇ ਉਮੀਦਵਾਰ ਕੇਸ਼ਵ ਸਤਪਿਤ ਤੀਜੇ ਨੰਬਰ 'ਤੇ ਸਨ।
ਬਾਲੇਨ ਸ਼ਾਹ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਸਨ ਅਤੇ ਉਨ੍ਹਾਂ ਨੇ ਨੇਪਾਲ ਦੀਆਂ ਸਥਾਪਿਤ ਪਾਰਟੀਆਂ ਨੂੰ ਹਰਾ ਕੇ ਖ਼ੁਦ ਨੂੰ ਸਾਬਤ ਕੀਤਾ।

ਤਸਵੀਰ ਸਰੋਤ, @ShahBalen
ਬਾਲੇਨ ਸ਼ਾਹ ਇੱਕ ਪ੍ਰਸਿੱਧ ਰੈਪਰ ਸਨ ਅਤੇ ਜਦੋਂ ਉਨ੍ਹਾਂ ਨੇ ਕਾਠਮਾਂਡੂ ਦੀਆਂ ਮੇਅਰ ਚੋਣਾਂ ਲੜੀਆਂ ਸਨ, ਤਾਂ ਬਹੁਤ ਸਾਰੀਆਂ ਗੱਲਾਂ ਕਹੀਆਂ ਜਾ ਰਹੀਆਂ ਸਨ।
ਉਸ ਸਮੇਂ, ਬਾਲੇਨ ਸ਼ਾਹ ਸਿਰਫ਼ 32 ਸਾਲ ਦੇ ਸਨ ਅਤੇ ਉਨ੍ਹਾਂ ਦੀਆਂ ਨਜ਼ਰਾਂ ਪਹਿਲਾਂ ਹੀ ਮੇਅਰ ਦੀ ਕੁਰਸੀ 'ਤੇ ਸਨ।
ਬਾਲੇਨ ਸ਼ਾਹ ਦੀ ਚਰਚਾ ਨਾ ਸਿਰਫ਼ ਨੌਜਵਾਨਾਂ ਵਿੱਚ ਹੁੰਦੀ ਸੀ, ਸਗੋਂ ਨੇਪਾਲ ਤੋਂ ਬਾਹਰ ਰਹਿਣ ਵਾਲੇ ਲੋਕ ਵੀ ਉਨ੍ਹਾਂ ਦਾ ਨਾਮ ਲੈ ਰਹੇ ਸਨ।
ਦਿੱਲੀ ਵਿੱਚ ਕੰਮ ਕਰਨ ਵਾਲੇ ਨੇਪਾਲ ਦੇ ਲੋਕਾਂ ਨਾਲ ਗੱਲ ਕਰੋ, ਉਹ ਵੀ ਖੁੱਲ੍ਹ ਕੇ ਬਾਲੇਨ ਸ਼ਾਹ ਦਾ ਨਾਮ ਲੈਂਦੇ ਸਨ।
2017 ਵਿੱਚ, ਬਾਲੇਨ ਸ਼ਾਹ ਨੇ ਨੇਪਾਲ ਦੀਆਂ ਸਥਾਨਕ ਚੋਣਾਂ ਬਾਰੇ ਆਪਣੇ ਫੇਸਬੁੱਕ ਪੇਜ 'ਤੇ ਲਿਖਿਆ, "ਮੈਂ ਅੱਜ ਵੋਟ ਨਹੀਂ ਕਰਾਂਗਾ। ਮੈਂ ਉਮੀਦਵਾਰ ਨਹੀਂ ਹਾਂ। ਮੈਂ ਸਿਵਲ ਇੰਜੀਨੀਅਰਿੰਗ ਵਿੱਚ ਗ੍ਰੈਜੂਏਟ ਹਾਂ ਅਤੇ ਸਟ੍ਰਕਚਰਲ ਇੰਜੀਨੀਅਰਿੰਗ ਵਿੱਚ ਮਾਸਟਰ ਕਰ ਰਿਹਾ ਹਾਂ।"
"ਮੈਂ ਜਾਣਦਾ ਹਾਂ ਕਿ ਦੇਸ਼ ਕਿਵੇਂ ਬਣਾਉਣਾ ਹੈ। ਮੈਂ ਅਗਲੀਆਂ ਚੋਣਾਂ ਵਿੱਚ ਖ਼ੁਦ ਨੂੰ ਵੋਟ ਪਾਵਾਂਗਾ। ਮੈਂ ਚਾਹੁੰਦਾ ਹਾਂ ਕਿ ਮੇਰਾ ਦੇਸ਼ ਤਰੱਕੀ ਕਰੇ ਅਤੇ ਇਸ ਲਈ ਮੈਂ ਕਿਸੇ ਹੋਰ 'ਤੇ ਨਿਰਭਰ ਨਹੀਂ ਰਹਿ ਸਕਦਾ।"

ਬਾਲੇਨ ਦਾ ਪਿਛੋਕੜ
ਬਾਲੇਨ ਸ਼ਾਹ ਕਿਸੇ ਵੀ ਸਿਆਸੀ ਪਾਰਟੀ ਨਾਲ ਜੁੜਿਆ ਨਹੀਂ ਸੀ। ਉਨ੍ਹਾਂ ਦਾ ਕੋਈ ਸੰਗਠਨ ਨਹੀਂ ਸੀ। ਕੋਈ ਸਿਆਸੀ ਤਜਰਬਾ ਨਹੀਂ ਸੀ। ਅਜਿਹੀ ਸਥਿਤੀ ਵਿੱਚ ਕੀ ਉਹ ਕਾਠਮਾਂਡੂ ਨੂੰ ਸੰਭਾਲ ਸਕਣਗੇ?
ਇਸ ਤਰ੍ਹਾਂ ਦੇ ਸਵਾਲ ਉੱਠਦੇ ਰਹੇ ਹਨ ਪਰ ਹੁਣ ਨੇਪਾਲ ਦੇ ਨੌਜਵਾਨ ਇਨ੍ਹਾਂ ਸਵਾਲਾਂ ਤੋਂ ਇਲਾਵਾ ਬਾਲੇਨ ਨੂੰ ਇੱਕ ਵੱਖਰੀ ਭੂਮਿਕਾ ਵਿੱਚ ਦੇਖਣਾ ਚਾਹੁੰਦੇ ਹਨ।
ਜਦੋਂ ਨੇਪਾਲ ਵਿੱਚ ਜੈਨ ਜ਼ੀ ਦਾ ਅੰਦੋਲਨ ਸ਼ੁਰੂ ਹੋਇਆ, ਤਾਂ ਸੋਸ਼ਲ ਮੀਡੀਆ 'ਤੇ ਲੋਕ ਬਾਲੇਨ ਸ਼ਾਹ ਨੂੰ ਮੇਅਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਅਗਵਾਈ ਕਰਨ ਦੀ ਅਪੀਲ ਕਰ ਰਹੇ ਸਨ।
ਬਾਲੇਨ ਸ਼ਾਹ ਨੇਪਾਲ ਵਿੱਚ ਜੈਨ ਜ਼ੀ ਦੇ ਅੰਦੋਲਨ ਦਾ ਸਮਰਥਨ ਕਰ ਰਹੇ ਸਨ ਪਰ ਉਹ ਸੜਕਾਂ 'ਤੇ ਨਹੀਂ ਉਤਰੇ।
ਜਦੋਂ ਕੇਪੀ ਓਲੀ ਨੇ ਮੰਗਲਵਾਰ ਦੁਪਹਿਰ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ, ਤਾਂ ਬਾਲੇਨ ਸ਼ਾਹ ਨੇ ਸੋਸ਼ਲ ਮੀਡੀਆ 'ਤੇ ਆਪਣੀ ਇੱਕ ਪੋਸਟ ਵਿੱਚ ਲਿਖਿਆ, "ਮੈਂ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਇਹ ਜੈਨ ਜ਼ੀ ਦਾ ਅੰਦੋਲਨ ਹੈ। ਪਿਆਰੇ ਜੈਨ ਜ਼ੀ, ਤੁਹਾਡੇ ਕਾਤਲ ਨੇ ਅਸਤੀਫਾ ਦੇ ਦਿੱਤਾ ਹੈ। ਹੁਣ ਧੀਰਜ ਦੀ ਲੋੜ ਹੈ।"
"ਦੇਸ਼ ਦੀ ਜਾਇਦਾਦ ਦਾ ਨੁਕਸਾਨ ਸਾਡੀ ਜਾਇਦਾਦ ਦਾ ਨੁਕਸਾਨ ਹੈ। ਹੁਣ ਤੁਹਾਡੀ ਪੀੜ੍ਹੀ ਦੇਸ਼ ਦੀ ਅਗਵਾਈ ਕਰੇਗੀ। ਇਸ ਲਈ ਤਿਆਰ ਰਹੋ। ਫੌਜ ਮੁਖੀ ਨਾਲ ਗੱਲਬਾਤ ਲਈ ਤਿਆਰ ਰਹੋ। ਪਰ ਯਾਦ ਰੱਖੋ ਕਿ ਗੱਲਬਾਤ ਤੋਂ ਪਹਿਲਾਂ ਸੰਸਦ ਨੂੰ ਭੰਗ ਕਰਨਾ ਜ਼ਰੂਰੀ ਹੈ।"

ਤਸਵੀਰ ਸਰੋਤ, Getty Images
ਕਾਠਮਾਂਡੂ ਵਿੱਚ ਵੋਟਾਂ ਮੰਗਦੇ ਸਮੇਂ, ਬਾਲੇਨ ਕਹਿੰਦੇ ਸਨ, "ਮੈਂ ਤੁਹਾਨੂੰ ਬਹੁਤ ਕੁਝ ਨਹੀਂ ਕਹਾਂਗਾ। ਚੋਣਾਂ ਵਿੱਚ ਮੈਨੂੰ ਵੋਟ ਦਿਓ। ਬੱਸ ਮੈਨੂੰ ਇੱਕ ਮੌਕਾ ਦਿਓ।"
ਬਾਲੇਨ ਸ਼ਾਹ ਦਾ ਜਨਮ 1990 ਵਿੱਚ ਕਾਠਮੰਡੂ ਦੇ ਗ਼ੈਰ ਗਾਊਨ ਵਿੱਚ ਹੋਇਆ ਸੀ। ਬਾਲੇਨ ਦੇ ਪਿਤਾ ਰਾਮ ਨਾਰਾਇਣ ਸ਼ਾਹ ਆਯੁਰਵੇਦ ਦੇ ਡਾਕਟਰ ਹਨ ਅਤੇ ਉਨ੍ਹਾਂ ਦੀ ਮਾਂ ਦਾ ਨਾਮ ਧਰੁਵਦੇਵੀ ਸ਼ਾਹ ਹੈ।
ਨੇਪਾਲ ਦੇ ਅਖ਼ਬਾਰ ਮਾਈ ਰਿਪਬਲਿਕ ਨੇ ਲਿਖਿਆ ਹੈ ਕਿ ਬਾਲੇਨ ਬਚਪਨ ਤੋਂ ਹੀ ਸੰਗੀਤ ਪ੍ਰੇਮੀ ਸੀ ਅਤੇ ਟੋਪੀਆਂ ਦੇ ਸ਼ੌਕੀਨ ਸਨ। ਉਹ ਇੱਕ ਸਟ੍ਰਕਚਰਲ ਇੰਜੀਨੀਅਰ, ਰੈਪਰ, ਅਦਾਕਾਰ, ਸੰਗੀਤ ਨਿਰਮਾਤਾ, ਗੀਤਕਾਰ ਅਤੇ ਇੱਕ ਕਵੀ ਵਜੋਂ ਜਾਣੇ ਜਾਂਦੇ ਹਨ।
ਬਾਲੇਨ ਸ਼ਾਹ ਨੇ ਕਾਠਮਾਂਡੂ ਦੇ ਵ੍ਹਾਈਟ ਹਾਊਸ ਇੰਸਟੀਚਿਊਟ ਆਫ਼ ਟੈਕਨਾਲੋਜੀ ਤੋਂ ਸਿਵਲ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਹੈ ਅਤੇ ਵਿਸ਼ਵੇਸ਼ਵਰਾਇਆ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ, ਕਰਨਾਟਕ ਤੋਂ ਸਟ੍ਰਕਚਰਲ ਇੰਜੀਨੀਅਰਿੰਗ ਵਿੱਚ ਮਾਸਟਰ ਕੀਤੀ ਹੈ।
ਬਾਲੇਨ ਕਾਲਜ ਵਿੱਚ ਪੜ੍ਹਦੇ ਸਮੇਂ ਵੀ ਵਿਦਿਆਰਥੀ ਰਾਜਨੀਤੀ ਵਿੱਚ ਸਰਗਰਮ ਰਹੇ ਸਨ। ਪਰ ਉਨ੍ਹਾਂ ਨੇ 2022 ਵਿੱਚ ਨੇਪਾਲ ਦੀਆਂ ਸਥਾਨਕ ਚੋਣਾਂ ਨਾਲ ਚੋਣ ਰਾਜਨੀਤੀ ਸ਼ੁਰੂ ਕੀਤੀ।
ਬਾਲੇਨ ਦੀ ਮਧੇਸੀ ਪਛਾਣ
ਜਨਕਪੁਰ ਦੇ ਸੀਨੀਅਰ ਪੱਤਰਕਾਰ ਰੌਸ਼ਨ ਜਨਕਪੁਰੀ ਦਾ ਕਹਿਣਾ ਹੈ ਕਿ ਬਾਲੇਨ ਕਿਸੇ ਵੀ ਸਿਆਸੀ ਪਿਛੋਕੜ ਤੋਂ ਨਹੀਂ ਆਉਂਦੇ ਹਨ। ਬਾਲੇਨ ਦੇ ਪਿਤਾ ਇੱਕ ਆਯੁਰਵੈਦਿਕ ਡਾਕਟਰ ਹਨ, ਬਾਲੇਨ ਦੀ ਪਤਨੀ ਸਬੀਨਾ ਕਾਫ਼ਲੇ ਇੱਕ ਪਬਲਿਕ ਹੈਲਥ ਵਰਕਰ ਹਨ, ਉਨ੍ਹਾਂ ਦਾ ਭਰਾ ਇੱਕ ਚਾਰਟਰਡ ਅਕਾਊਂਟੈਂਟ ਹੈ, ਜੀਜਾ ਇੱਕ ਬੈਂਕਰ ਹੈ ਅਤੇ ਭੈਣ ਇੱਕ ਪੇਂਟਰ ਹੈ।
ਰੌਸ਼ਨ ਜਨਕਪੁਰੀ ਕਹਿੰਦੇ ਹਨ ਕਿ 2015 ਵਿੱਚ, ਜਦੋਂ ਭਾਰਤ ਵੱਲੋਂ ਅਣਐਲਾਨੀ ਨਾਕਾਬੰਦੀ ਕੀਤੀ ਗਈ ਸੀ, ਤਾਂ ਬਾਲੇਨ ਬਹੁਤ ਸਰਗਰਮ ਸੀ। ਭੂਚਾਲ ਦੌਰਾਨ ਵੀ, ਬਾਲੇਨ ਲੋਕਾਂ ਨੂੰ ਰਾਹਤ ਸਮੱਗਰੀ ਪਹੁੰਚਾ ਰਹੇ ਸਨ।
ਬਾਲੇਨ ਦਾ ਮੰਨਣਾ ਹੈ ਕਿ ਮੇਅਰ ਇੱਕ ਕੰਪਨੀ ਦੇ ਸੀਈਓ ਵਰਗਾ ਹੈ ਅਤੇ ਇਸਦੀ ਤੁਲਨਾ ਕਿਸੇ ਵੀ ਸਿਆਸੀ ਅਹੁਦੇ ਨਾਲ ਨਹੀਂ ਕੀਤੀ ਜਾ ਸਕਦੀ।
ਲੋਕ ਬਾਲੇਨ ਦੇ ਭਾਸ਼ਣ ਦੀ ਵੀ ਪ੍ਰਸ਼ੰਸਾ ਕਰਦੇ ਹਨ। ਬਾਲੇਨ ਸਰਕਾਰ ਵਿਰੁੱਧ ਖੁੱਲ੍ਹ ਕੇ ਬੋਲਦੇ ਰਹੇ ਹਨ।
ਬਾਲੇਨ ਅਕਸਰ ਕਾਲੀਆਂ ਐਨਕਾਂ ਲਗਾ ਕੇ ਰੱਖਦੇ ਹਨ। ਬਲੇਨ ਦੇ ਕਈ ਗੀਤ ਵੀ ਬਹੁਤ ਮਸ਼ਹੂਰ ਹੋਏ ਹਨ। ਜਿਵੇਂ ਕਿ - ਆਮ ਨੇਪਾਲੀ ਬੂਬਾ, ਪੁਲਿਸ ਪੱਤਰਕਾਰ, ਨੇਪਾਲ ਹਾਸੇਕੋ। ਇਹ ਗੀਤ ਨੇਪਾਲ ਦੀ ਸਮਾਜਿਕ ਅਤੇ ਸਿਆਸੀ ਸਥਿਤੀ 'ਤੇ ਟਿੱਪਣੀ ਕਰਦੇ ਹਨ।
ਨੇਪਾਲ ਦੇ ਸਰਲਾਹੀ ਤੋਂ ਸੰਸਦ ਮੈਂਬਰ ਅਮਰੇਸ਼ ਸਿੰਘ ਕਹਿੰਦੇ ਹਨ ਕਿ ਬਾਲੇਨ ਨੇ ਇੰਟਰਨੈੱਟ ਤੋਂ ਸਭ ਤੋਂ ਵੱਧ ਪ੍ਰਸਿੱਧੀ ਹਾਸਲ ਕੀਤੀ ਹੈ।
ਅਮਰੇਸ਼ ਸਿੰਘ ਕਹਿੰਦੇ ਹਨ, "ਜਦੋਂ ਮੈਂ ਇਹ ਦੇਖਣ ਦੀ ਕੋਸ਼ਿਸ਼ ਕਰਦਾ ਹਾਂ ਕਿ ਮੇਅਰ ਵਜੋਂ ਆਪਣੇ ਕਾਰਜਕਾਲ ਦੌਰਾਨ ਬਾਲੇਨ ਨੇ ਕਿੰਨਾ ਕੰਮ ਕੀਤਾ, ਤਾਂ ਮੈਨੂੰ ਬਹੁਤ ਕੁਝ ਨਹੀਂ ਮਿਲਦਾ। ਪਰ ਤੱਥ ਇਹ ਹੈ ਕਿ ਬਾਲੇਨ ਸਰਕਾਰ ਦੇ ਖ਼ਿਲਾਫ਼ ਬੋਲਦੇ ਰਹੇ ਹਨ। ਬਾਲੇਨ ਨੇ ਕਿਹਾ ਸੀ ਕਿ ਓਲੀ ਨੂੰ ਲਿਪੁਲੇਖ ਵਿੱਚ ਲੜਨ ਜਾਣਾ ਚਾਹੀਦਾ ਹੈ। ਕੋਈ ਨਹੀਂ ਜਾਣਦਾ ਕਿ ਬਾਲੇਨ ਸ਼ਾਹ ਦੀ ਵਿਚਾਰਧਾਰਾ ਕੀ ਹੈ।"
ਨੇਪਾਲ ਦੀ ਸਿਆਸਤ ਵਿੱਚ ਮਧੇਸੀ ਜੜ੍ਹਾਂ ਵਾਲੇ ਨੇਤਾ ਦਾ ਕਾਠਮਾਂਡੂ ਅਤੇ ਪਹਾੜੀਆਂ ਵਿੱਚ ਪ੍ਰਸਿੱਧ ਹੋਣਾ ਵੱਡੀ ਗੱਲ ਹੈ।
ਪਰ ਵਿਜੇਕਾਂਤ ਕਰਨ ਬਾਲੇਨ ਸ਼ਾਹ ਦੀ ਮਧੇਸੀ ਪਛਾਣ ਨੂੰ ਰੱਦ ਕਰਦੇ ਹਨ।
ਉਹ ਕਹਿੰਦੇ ਹਨ, "ਬਾਲੇਨ ਦਾ ਜਨਮ ਕਾਠਮਾਂਡੂ ਦੇ ਨੇਵਾਰੀ ਇਲਾਕੇ ਵਿੱਚ ਹੋਇਆ ਸੀ। ਬਾਲੇਨ ਕਦੇ ਵੀ ਮਧੇਸੀਆਂ ਦੇ ਮੁੱਦਿਆਂ ਨਾਲ ਨਹੀਂ ਖੜ੍ਹੇ ਨਹੀਂ ਰਹੇ। ਇਹ ਸਪੱਸ਼ਟ ਹੈ ਕਿ ਤੁਸੀਂ ਮਧੇਸੀ ਸਿਆਸੀ ਕਰਕੇ ਪਹਾੜੀਆਂ ਦੇ ਨੇਤਾ ਨਹੀਂ ਬਣ ਸਕਦੇ। ਬਾਲੇਨ ਨੇ ਕਦੇ ਵੀ ਮਧੇਸੀਆਂ ਦਾ ਮੁੱਦਾ ਨਹੀਂ ਉਠਾਇਆ। 2015 ਵਿੱਚ, ਮਧੇਸੀ ਅੰਦੋਲਨ ਨੂੰ ਦਬਾ ਦਿੱਤਾ ਗਿਆ ਸੀ ਪਰ ਬਾਲੇਨ ਨੇ ਇਸ ਬਾਰੇ ਕਦੇ ਕੁਝ ਨਹੀਂ ਕਿਹਾ।"

ਤਸਵੀਰ ਸਰੋਤ, Getty Images
ਬਾਲੇਨ ਦੇ ਉਭਾਰ ਦੇ ਮਾਅਨੇ
ਨੇਪਾਲ ਦੇ ਮਸ਼ਹੂਰ ਚਿੰਤਕ ਅਤੇ ਲੇਖਕ ਸੀਕੇ ਲਾਲ, ਬਾਲੇਨ ਸ਼ਾਹ ਦੇ ਉਭਾਰ ਦੀ ਤੁਲਨਾ ਯੂਕਰੇਨ ਵਿੱਚ ਜ਼ੇਲੇਂਸਕੀ ਦੇ ਉਭਾਰ ਨਾਲ ਕਰ ਰਹੇ ਹਨ। ਜ਼ੇਲੇਂਸਕੀ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਇੱਕ ਕਾਮੇਡੀਅਨ ਸਨ।
ਸੀਕੇ ਲਾਲ ਕਹਿੰਦੇ ਹਨ, "ਜੇ ਅਸੀਂ ਯੂਕਰੇਨ ਵਿੱਚ ਜ਼ੇਲੇਂਸਕੀ ਦੇ ਉਭਾਰ ਨੂੰ ਵੇਖੀਏ, ਤਾਂ ਇੱਕ ਲੋਕਪ੍ਰਿਯ ਨੇਤਾ ਅਜਿਹੇ ਅੰਦੋਲਨਾਂ ਵਿੱਚੋਂ ਨਿਕਲਦਾ ਹੈ। ਪਰ ਉਸ ਨਾਲ ਸਮੱਸਿਆ ਇਹ ਹੈ ਕਿ ਕੋਈ ਸੰਗਠਨ ਨਹੀਂ ਹੁੰਦਾ ਅਤੇ ਨਾ ਹੀ ਕੋਈ ਵਿਚਾਰਧਾਰਾ।"
"ਕਈ ਵਾਰ ਭੀੜ ਤੋਂ ਉੱਭਰ ਕੇ ਸਾਹਮਣੇ ਆਉਣ ਵਾਲੀ ਲੀਡਰਸ਼ਿਪ ਤੋਂ ਬਹੁਤ ਜ਼ਿਆਦਾ ਬਦਲਾਅ ਦੀ ਉਮੀਦ ਕਰਨਾ ਖ਼ਤਰੇ ਤੋਂ ਖਾਲੀ ਨਹੀਂ ਹੁੰਦਾ।"
ਹਾਲ ਹੀ ਦੇ ਸਾਲਾਂ ਵਿੱਚ ਜਦੋਂ ਵੀ ਨੇਪਾਲ ਵਿੱਚ ਬਦਲਵੀ ਸਿਆਸਤ ਦੀ ਗੱਲ ਹੁੰਦੀ ਹੈ, ਤਾਂ ਬਾਲੇਨ ਸ਼ਾਹ ਦਾ ਨਾਮ ਅਕਸਰ ਆਉਂਦਾ ਹੈ। ਲੋਕ ਬਾਲੇਨ ਸ਼ਾਹ 'ਤੇ ਇੰਨਾ ਭਰੋਸਾ ਕਿਉਂ ਕਰ ਰਹੇ ਹਨ?
ਸੀਕੇ ਲਾਲ ਕਹਿੰਦੇ ਹਨ, "ਲੋਕ ਬਾਲੇਨ ਸ਼ਾਹ ਨੂੰ ਇੱਕ ਆਕਰਸ਼ਕ ਸ਼ਖਸੀਅਤ ਵਜੋਂ ਦੇਖਦੇ ਹਨ। ਉਹ ਇੱਕ ਗਾਇਕ ਰਹੇ ਹਨ। ਉਨ੍ਹਾਂ ਦੇ ਕੰਮ ਦਾ ਕੋਈ ਖ਼ਾਸ ਪ੍ਰਭਾਵ ਨਹੀਂ ਦਿਖ ਰਿਹਾ ਹੈ। ਬੱਸ ਇਹੀ ਹੈ ਕਿ ਉਹ ਸਰਕਾਰ ਦੇ ਖ਼ਿਲਾਫ਼ ਬੋਲਦੇ ਹਨ।"
"ਜਿਵੇਂ ਬਾਲੇਨ ਸ਼ਾਹ ਨੇ ਕਿਹਾ ਸੀ ਕਿ ਉਹ ਸਿੰਘ ਦਰਬਾਰ ਨੂੰ ਅੱਗ ਲਗਾ ਦੇਣਗੇ। ਕੋਈ ਵੀ ਜ਼ਿੰਮੇਵਾਰ ਨੇਤਾ ਇਸ ਤਰ੍ਹਾਂ ਨਹੀਂ ਬੋਲ ਸਕਦਾ ਪਰ ਉਨ੍ਹਾਂ ਨੂੰ ਇਸ ਤਰ੍ਹਾਂ ਬੋਲਣ ਵਿੱਚ ਕੋਈ ਮੁਸ਼ਕਲ ਨਹੀਂ ਹੈ। ਅਜਿਹੀ ਭਾਸ਼ਾ ਅਤੇ ਅਜਿਹੀ ਸ਼ਖਸੀਅਤ ਪਰੇਸ਼ਾਨ ਭੀੜ ਨੂੰ ਆਕਰਸ਼ਿਤ ਕਰਦੀ ਹੈ।"
ਆਪਣੇ ਮੈਨੀਫੈਸਟੋ ਵਿੱਚ ਬਾਲੇਨ ਨੇ ਡਿਜੀਟਲ ਸਰਕਾਰ ਤੋਂ ਲੈ ਕੇ ਆਈਡੀਆ ਬੈਂਕ ਤੱਕ ਹਰ ਚੀਜ਼ ਬਾਰੇ ਗੱਲ ਕੀਤੀ। ਉਨ੍ਹਾਂ ਨੇ ਸਿੱਖਿਆ, ਸਿਹਤ ਅਤੇ ਬੁਨਿਆਦੀ ਢਾਂਚੇ ਲਈ ਮਹੱਤਵਾਕਾਂਸ਼ੀ ਯੋਜਨਾਵਾਂ ਦਾ ਵੀ ਪ੍ਰਸਤਾਵ ਰੱਖਿਆ ਹੈ।
ਮੇਅਰ ਦੀ ਚੋਣ ਜਿੱਤਣ ਤੋਂ ਬਾਅਦ ਬਾਲੇਨ ਸ਼ਾਹ ਨੇ ਕਿਹਾ ਸੀ, "ਅੱਗੇ ਦਾ ਰਸਤਾ ਆਸਾਨ ਨਹੀਂ ਹੈ। ਸਾਡੀ ਮੁਹਿੰਮ ਦੀ ਪ੍ਰੀਖਿਆ ਹੁਣ ਸ਼ੁਰੂ ਹੋਵੇਗੀ। ਅਸੀਂ ਜੋ ਰਸਤਾ ਚੁਣਦੇ ਹਾਂ ਅਤੇ ਜੋ ਯਤਨ ਕਰਦੇ ਹਾਂ ਉਹ ਇਸ ਸ਼ਹਿਰ ਦੀ ਤਰੱਕੀ ਨੂੰ ਤੈਅ ਕਰਨਗੇ।"
"ਸਾਨੂੰ ਤੁਹਾਡੇ ਸਮਰਥਨ ਅਤੇ ਸੁਝਾਵਾਂ ਦੀ ਲੋੜ ਹੋਵੇਗੀ। ਜਦੋਂ ਵੀ ਅਸੀਂ ਰਸਤੇ ਤੋਂ ਭਟਕਦੇ ਦਿਖਾਈ ਦਿੰਦੇ ਹਾਂ, ਸਾਨੂੰ ਚੇਤਾਵਨੀ ਦਿਓ। ਇਸ ਤਰ੍ਹਾਂ ਸਾਡੇ ਅਤੇ ਤੁਹਾਡੇ ਵਿਚਕਾਰ ਸੰਪਰਕ ਬਰਕਰਾਰ ਰਹੇਗਾ। ਜਦੋਂ ਵੀ ਸਾਨੂੰ ਤੁਹਾਡੀ ਮੌਜੂਦਗੀ ਅਤੇ ਮਦਦ ਦੀ ਲੋੜ ਹੋਵੇਗੀ, ਅਸੀਂ ਤੁਹਾਨੂੰ ਯਾਦ ਰੱਖਾਂਗੇ।"
"ਫਿਲਹਾਲ ਇਸ ਮੁਹਿੰਮ ਨੂੰ ਦੇਸ਼ ਭਰ ਵਿੱਚ ਫੈਲਾਉਣ ਦੀ ਕੋਸ਼ਿਸ਼ ਕਰਨੀ ਪਵੇਗੀ। ਸਾਨੂੰ ਦੇਸ਼ ਦੇ ਹਰ ਇਲਾਕੇ ਵਿੱਚ ਬਾਲੇਨ ਲੱਭਣੇ ਹੋਣਗੇ ਜੋ ਬਦਲਾਅ ਦੀ ਜ਼ਿੰਮੇਵਾਰੀ ਲੈ ਸਕਣ। ਹੁਣ ਕਾਠਮਾਂਡੂ ਨੂੰ ਬਦਲਣ ਦੀ ਸਾਡੀ ਯਾਤਰਾ ਸ਼ੁਰੂ ਹੁੰਦੀ ਹੈ। ਇਕੱਠੇ ਅੱਗੇ ਵਧੋ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












