ਸੀਰੀਅਲ ਕਿਲਰ ਚਾਰਲਸ ਸ਼ੋਭਰਾਜ ਬਾਰੇ ਨੈੱਟਫਲਿਕਸ 'ਤੇ ਆਈ ਸੀਰੀਜ਼ ਚਰਚਾ 'ਚ, ਜਾਣੋ ਸ਼ੋਭਰਾਜ ਨੂੰ ਗ੍ਰਿਫ਼ਤਾਰ ਕਰਨ ਦੀ ਦਿਲਚਸਪ ਕਹਾਣੀ

- ਲੇਖਕ, ਮਾਨਸੀ ਦੇਸ਼ਪਾਂਡੇ
- ਰੋਲ, ਬੀਬੀਸੀ ਪੱਤਰਕਾਰ
ਬਿਕਨੀ ਕਿਲਰ ਚਾਰਲਸ ਸ਼ੋਭਰਾਜ ਨੂੰ ਗ੍ਰਿਫ਼ਤਾਰ ਕਰਨ ਵਿੱਚ ਮਹਾਰਾਸ਼ਟਰ ਪੁਲਿਸ ਇੰਸਪੈਕਟਰ ਜ਼ੇਂਡੇ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਦੇ ਜੀਵਨ 'ਤੇ ਆਧਾਰਿਤ ਇੱਕ ਫ਼ਿਲਮ ਨੈੱਟਫਲਿਕਸ 'ਤੇ ਰਿਲੀਜ਼ ਹੋਈ ਹੈ।
ਸੀਰੀਅਲ ਕਿਲਰ ਸ਼ੋਭਰਾਜ ਨੂੰ ਦਸੰਬਰ 2022 ਵਿੱਚ 78 ਸਾਲ ਦੀ ਉਮਰ ਵਿੱਚ ਨੇਪਾਲ ਦੀ ਕਾਠਮਾਂਡੂ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਸੀ। ਚਾਰਲਸ ਸ਼ੋਭਰਾਜ ਨੂੰ 'ਬਿਕਨੀ ਕਿਲਰ' ਵੀ ਕਿਹਾ ਜਾਂਦਾ ਹੈ।
ਜਦੋਂ ਉਹ ਜੇਲ੍ਹ ਤੋਂ ਬਾਹਰ ਆ ਰਿਹਾ ਸੀ, ਉਸ ਵੇਲੇ ਬੀਬੀਸੀ ਮਰਾਠੀ ਨੇ ਇੱਕ ਅਜਿਹੇ ਮਰਾਠੀ ਪੁਲਿਸ ਅਫ਼ਸਰ ਨਾਲ ਗੱਲ ਕੀਤੀ ਸੀ ਜਿਨ੍ਹਾਂ ਨੇ ਇਸ ਅੰਤਰਰਾਸ਼ਟਰੀ ਅਪਰਾਧੀ ਨੂੰ ਦੋ ਵਾਰ ਗ੍ਰਿਫ਼ਤਾਰ ਕਰ ਕੇ ਸਲਾਖਾਂ ਪਿੱਛੇ ਸੁੱਟਿਆ ਸੀ।
ਚਾਰਲਸ ਸ਼ੋਭਰਾਜ ਨੂੰ ਫੜ੍ਹਨ ਦੀਆਂ ਇਹ ਘਟਨਾਵਾਂ ਬਹੁਤ ਦਿਲਚਸਪ ਹਨ ਅਤੇ ਉਸ ਪੁਲਿਸ ਅਫ਼ਸਰ ਦਾ ਨਾਮ ਮਧੂਕਰ ਜ਼ੇਂਡੇ ਹੈ।

ਤਸਵੀਰ ਸਰੋਤ, Getty Images
85 ਸਾਲਾ ਮਧੂਕਰ ਜ਼ੇਂਡੇ 1996 ਵਿੱਚ ਮੁੰਬਈ ਪੁਲਿਸ ਤੋਂ ਸਹਾਇਕ ਕਮਿਸ਼ਨਰ ਆਫ਼ ਪੁਲਿਸ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ।
ਪਰ ਉਨ੍ਹਾਂ ਦੇ ਕਾਰਜਕਾਲ ਦੌਰਾਨ, ਸ਼ੋਭਰਾਜ ਨੂੰ ਫੜ੍ਹਨ ਦੀ ਉਨ੍ਹਾਂ ਦੀ ਪ੍ਰਾਪਤੀ ਦਾ ਜ਼ਿਕਰ ਵਾਰ-ਵਾਰ ਕੀਤਾ ਜਾਂਦਾ ਹੈ।
ਜ਼ੇਂਡੇ ਨੇ 1971 ਵਿੱਚ ਮੁੰਬਈ ਵਿੱਚ ਪਹਿਲੀ ਵਾਰ ਚਾਰਲਸ ਸ਼ੋਭਰਾਜ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਸਮੇਂ ਉਹ ਮੁੰਬਈ ਪੁਲਿਸ ਵਿੱਚ ਸਬ-ਇੰਸਪੈਕਟਰ ਵਜੋਂ ਤੈਨਾਤ ਸਨ।
ਜ਼ੇਂਡੇ ਦਾ ਕਹਿਣਾ ਹੈ ਕਿ 1971 ਤੱਕ ਸ਼ੋਭਰਾਜ ਨੂੰ 'ਸੀਰੀਅਲ ਕਿਲਰ' ਵਜੋਂ ਨਹੀਂ ਜਾਣਿਆ ਜਾਂਦਾ ਸੀ।
ਉਸ ਸਮੇਂ ਉਹ ਅਫ਼ਗਾਨਿਸਤਾਨ, ਈਰਾਨ ਵਰਗੇ ਦੇਸ਼ਾਂ ਤੋਂ ਮਹਿੰਗੀਆਂ ਦਰਾਮਦ ਕੀਤੀਆਂ ਕਾਰਾਂ ਚੋਰੀ ਕਰਦਾ ਸੀ ਅਤੇ ਉਨ੍ਹਾਂ ਨੂੰ ਮੁੰਬਈ ਵਿੱਚ ਵੇਚਦਾ ਸੀ।
ਪਰ ਦਿੱਲੀ ਵਿੱਚ ਹੋਏ ਇੱਕ ਅਪਰਾਧ ਕਾਰਨ ਉਹ ਭਾਰਤ ਵਿੱਚ ਜਾਂਚ ਏਜੰਸੀਆਂ ਦੀ ਰਾਡਾਰ 'ਤੇ ਆ ਗਿਆ।
ਦਿੱਲੀ ਵਿੱਚ ਅਪਰਾਧ ਦੀ ਭਾਲ

ਜ਼ੇਂਡੇ ਨੇ ਦੱਸਿਆ ਕਿ ਉਹ ਅਪਰਾਧ ਕੀ ਸੀ ਅਤੇ ਉਸ ਤੋਂ ਬਾਅਦ ਭਾਰਤ ਦੀਆਂ ਜਾਂਚ ਏਜੰਸੀਆਂ ਨੇ ਚਾਰਲਸ ਸ਼ੋਭਰਾਜ ਨੂੰ ਕਿਵੇਂ ਫੜ੍ਹਨ ਦੀ ਕੋਸ਼ਿਸ਼ ਕੀਤੀ।
ਮਧੂਕਰ ਜ਼ੇਂਡੇ ਕਹਿੰਦੇ ਹਨ, "ਦਿੱਲੀ ਵਿੱਚ ਅਸ਼ੋਕਾ ਨਾਮ ਦਾ ਇੱਕ ਪੰਜ ਤਾਰਾ ਹੋਟਲ ਸੀ। ਸਾਲ 1971 ਵਿੱਚ ਚਾਰਲਸ ਸ਼ੋਭਰਾਜ ਨੇ ਉੱਥੇ ਇੱਕ ਕੈਬਰੇ ਡਾਂਸਰ ਨਾਲ ਦੋਸਤੀ ਕੀਤੀ ਅਤੇ ਉਸਨੂੰ ਵਿਆਹ ਦਾ ਝਾਂਸਾ ਦਿੱਤਾ। ਉਸ ਨੇ ਕਿਹਾ ਕਿ ਉਹ ਉਸਦੇ ਲਈ ਗਹਿਣੇ ਖਰੀਦੇਗਾ।"
"ਇਸਦੇ ਲਈ ਉਹ ਇੱਕ ਗਹਿਣਿਆਂ ਦੀ ਦੁਕਾਨ (ਹੋਟਲ ਵਿੱਚ ਮੌਜੂਦ) ਤੋਂ ਇੱਕ ਵਿਅਕਤੀ ਨੂੰ ਗਹਿਣੇ ਲੈ ਕੇ ਆਪਣੇ ਕੋਲ ਬੁਲਾਇਆ। ਉਸ ਨੇ ਉਸ ਵਿਅਕਤੀ ਦੀ ਕੌਫੀ ਵਿੱਚ ਕੁਝ ਮਿਲਾ ਕੇ ਉਸ ਵਿਅਕਤੀ ਨੂੰ ਬੇਹੋਸ਼ ਕਰ ਦਿੱਤਾ ਅਤੇ ਗਹਿਣੇ ਅਤੇ ਕੁੜੀ ਨੂੰ ਲੈ ਕੇ ਭੱਜ ਗਿਆ।"
ਉਹ ਕਹਿੰਦੇ ਹਨ, "ਜਦੋਂ ਦੁਕਾਨ ਦਾ ਮਾਲਕ ਇਹ ਦੇਖਣ ਲਈ ਉੱਪਰ ਗਿਆ ਕਿ ਉਸਦਾ ਸਟਾਫ ਵਾਪਸ ਕਿਉਂ ਨਹੀਂ ਆਇਆ, ਤਾਂ ਉਸਨੇ ਦੇਖਿਆ ਕਿ ਗਹਿਣੇ ਗਾਇਬ ਸਨ ਅਤੇ ਉਸਦਾ ਸਟਾਫ ਬੇਹੋਸ਼ ਪਿਆ ਸੀ। ਇਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਸੂਚਿਤ ਕੀਤਾ।"

ਤਸਵੀਰ ਸਰੋਤ, PRAKASH MATHEMA/AFP via Getty Images
ਮਧੂਕਰ ਜ਼ੇਂਡੇ ਕਹਿੰਦੇ ਹਨ, "ਪੁਲਿਸ ਨੂੰ ਉੱਥੇ ਇੱਕ ਪਾਸਪੋਰਟ ਮਿਲਿਆ, ਜਿਸ 'ਤੇ ਨਾਮ 'ਚਾਰਲਸ ਸ਼ੋਭਰਾਜ' ਲਿਖਿਆ ਹੋਇਆ ਸੀ। ਇਸ ਤੋਂ ਬਾਅਦ ਉਹ ਪੁਲਿਸ ਨੂੰ ਲੋੜੀਂਦਾ ਹੋ ਗਿਆ। ਇਸ ਘਟਨਾ ਦੀ ਖ਼ਬਰ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਹੋਈ ਅਤੇ ਚਾਰਲਸ ਸ਼ੋਭਰਾਜ ਦਾ ਨਾਮ ਸੁਰਖੀਆਂ ਵਿੱਚ ਆ ਗਿਆ।"
ਇਸ ਤੋਂ ਬਾਅਦ, 1971 ਵਿੱਚ ਹੀ ਮਧੂਕਰ ਜ਼ੇਂਡੇ ਨੂੰ ਆਪਣੇ ਇੱਕ ਮੁਖਬਰ ਤੋਂ ਜਾਣਕਾਰੀ ਮਿਲੀ ਕਿ ਇੱਕ ਵਿਦੇਸ਼ੀ ਨੇ ਮੁੰਬਈ ਵਿੱਚ ਇੱਕ ਵੱਡੀ ਡਕੈਤੀ ਦੀ ਯੋਜਨਾ ਬਣਾਈ ਹੈ। ਉਸਦੇ ਕੋਲ ਚਾਰ-ਪੰਜ ਵਿਦੇਸ਼ੀ ਹਨ ਅਤੇ ਉਨ੍ਹਾਂ ਕੋਲ ਰਿਵਾਲਵਰ, ਰਾਈਫਲ ਵਰਗੇ ਹਥਿਆਰ ਵੀ ਹਨ।
ਮਧੂਕਰ ਜ਼ੇਂਡੇ ਕਹਿੰਦੇ ਹਨ ਕਿ ਇਹ ਜਾਣਕਾਰੀ ਮਿਲਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਤਾਜ ਹੋਟਲ ਦੇ ਆਲੇ-ਦੁਆਲੇ ਨਿਗਰਾਨੀ ਸ਼ੁਰੂ ਕਰ ਦਿੱਤੀ।
ਕਿਹਾ ਜਾਂਦਾ ਹੈ ਕਿ ਮੁਖਬਰ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਅਪਰਾਧੀਆਂ ਨੂੰ ਫੜ੍ਹਨ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ।
ਚਾਰਲਸ ਸ਼ੋਭਰਾਜ ਨੂੰ ਪਹਿਲੀ ਵਾਰ ਕਿਵੇਂ ਗ੍ਰਿਫ਼ਤਾਰ ਕੀਤਾ ਗਿਆ?

ਇਹ ਘਟਨਾ 1971 ਦੀ ਹੈ, ਫਿਰ ਵੀ ਮਧੂਕਰ ਜ਼ੇਂਡੇ ਕਹਿੰਦੇ ਹਨ ਕਿ ਉਨ੍ਹਾਂ ਨੂੰ ਉਸ ਪਲ ਬਾਰੇ ਸਭ ਕੁਝ ਸਾਫ਼-ਸਾਫ਼ ਯਾਦ ਹੈ।
ਉਹ ਕਹਿੰਦੇ ਹਨ, "ਅਸੀਂ ਦੋ-ਚਾਰ ਅਧਿਕਾਰੀਆਂ ਨਾਲ ਇੱਕ ਟੈਕਸੀ ਵਿੱਚ ਬੈਠੇ ਸੀ। 11 ਨਵੰਬਰ 1971 ਨੂੰ ਸ਼ੋਭਰਾਜ ਸੂਟ ਅਤੇ ਬੂਟ ਪਹਿਨੇ ਸਾਡੀ ਟੈਕਸੀ ਕੋਲੋਂ ਲੰਘਿਆ।''
''ਜਿਵੇਂ ਹੀ ਉਹ ਉੱਥੋਂ ਲੰਘਿਆ, ਸਾਨੂੰ ਯਕੀਨ ਹੋ ਗਿਆ ਕਿ ਇਹ ਉਹੀ ਅਪਰਾਧੀ ਹੈ ਜਿਸਦੀ ਅਸੀਂ ਭਾਲ ਕਰ ਰਹੇ ਸੀ। ਅਸੀਂ ਗਏ ਅਤੇ ਉਸਨੂੰ ਫੜ੍ਹ ਲਿਆ। ਉਸ ਕੋਲ ਰਿਵਾਲਵਰ ਸੀ। ਅਸੀਂ ਉਸਨੂੰ ਹਿਰਾਸਤ ਵਿੱਚ ਲੈ ਲਿਆ, ਪਰ ਉਹ ਕੁਝ ਵੀ ਕਹਿਣ ਲਈ ਤਿਆਰ ਨਹੀਂ ਸੀ।"
ਮਧੂਕਰ ਕਹਿੰਦੇ ਹਨ, "ਅਸੀਂ ਉਸਨੂੰ ਪੁਲਿਸ ਸਟੇਸ਼ਨ ਲੈ ਗਏ ਅਤੇ ਉੱਥੇ ਪੁੱਛਗਿੱਛ ਕੀਤੀ। ਪਰ ਉਸ ਨੇ ਕੁਝ ਨਹੀਂ ਦੱਸਿਆ। ਬਾਅਦ ਵਿੱਚ ਜਦੋਂ ਉਸਦੀ ਤਲਾਸ਼ੀ ਲਈ ਗਈ ਤਾਂ ਉਸਦੇ ਕੋਲੋਂ 4-5 ਰਸੀਦਾਂ ਮਿਲੀਆਂ। ਉਸਨੇ ਆਪਣੇ ਸਾਰੇ ਸਾਥੀਆਂ ਨੂੰ ਨੇੜਲੇ ਹੋਟਲਾਂ ਵਿੱਚ ਰੱਖਿਆ ਹੋਇਆ ਸੀ।"
"ਫਿਰ ਅਸੀਂ ਉਨ੍ਹਾਂ ਹੋਟਲਾਂ ਵਿੱਚ ਗਏ ਅਤੇ ਛਾਪੇਮਾਰੀ ਕੀਤੀ। ਅਸੀਂ ਉੱਥੋਂ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ। ਰਾਈਫਲਾਂ, ਸਮੋਕ ਬੰਬ, ਹੈਂਡ ਗ੍ਰਨੇਡ, ਉਨ੍ਹਾਂ ਤੋਂ ਬਹੁਤ ਸਾਰੀਆਂ ਚੀਜ਼ਾਂ ਮਿਲੀਆਂ।"
ਇਸ ਤਰ੍ਹਾਂ ਮਧੂਕਰ ਜ਼ੇਂਡੇ ਨੇ ਪਹਿਲੀ ਵਾਰ ਚਾਰਲਸ ਸ਼ੋਭਰਾਜ ਨੂੰ ਫੜ੍ਹ ਲਿਆ। ਉਸਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਉਸ ਨੂੰ ਦਿੱਲੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਕਿਉਂਕਿ ਉਹ ਦਿੱਲੀ ਵਿੱਚ ਗਹਿਣਿਆਂ ਦੀ ਲੁੱਟ ਦੇ ਇੱਕ ਮਾਮਲੇ ਵਿੱਚ ਲੋੜੀਂਦਾ ਸੀ।
ਜ਼ੇਂਡੇ ਕਹਿੰਦੇ ਹਨ ਕਿ ਦਿੱਲੀ ਪੁਲਿਸ ਦੁਆਰਾ ਸ਼ੋਭਰਾਜ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਭਾਰਤ-ਪਾਕਿਸਤਾਨ ਯੁੱਧ ਸ਼ੁਰੂ ਹੋ ਗਿਆ ਸੀ। ਯੁੱਧ ਦੌਰਾਨ ਬਲੈਕਆਊਟ ਹੁੰਦੇ ਸਨ।
ਇਸ ਸਮੇਂ ਦੌਰਾਨ ਹੀ ਸ਼ੋਭਰਾਜ ਨੇ ਪੇਟ ਦਰਦ ਦਾ ਨਾਟਕ ਕੀਤਾ ਅਤੇ ਆਪਣੇ ਆਪ ਨੂੰ ਹਸਪਤਾਲ ਵਿੱਚ ਦਾਖਲ ਕਰਵਾ ਲਿਆ। ਇਸ ਤੋਂ ਬਾਅਦ ਉਸ ਨੇ ਬਲੈਕਆਊਟ ਦਾ ਫਾਇਦਾ ਉਠਾਇਆ ਅਤੇ ਹਸਪਤਾਲ ਤੋਂ ਫਰਾਰ ਹੋ ਗਿਆ।
ਸ਼ੋਭਰਾਜ ਨੇ ਬਦਲਿਆ ਆਪਣਾ ਤਰੀਕਾ

ਜ਼ੇਂਡੇ ਕਹਿੰਦੇ ਹਨ ਕਿ ਇਸ ਘਟਨਾ ਤੋਂ ਬਾਅਦ ਉਸ ਨੇ ਅਪਰਾਧ ਕਰਨ ਦਾ ਇੱਕ ਖ਼ਾਸ ਅੰਦਾਜ਼ ਵਿਕਸਤ ਕੀਤਾ।
ਚਾਰਲਸ ਸ਼ੋਭਰਾਜ 'ਤੇ 1972 ਤੋਂ 1976 ਦੇ ਵਿਚਕਾਰ 12 ਲੋਕਾਂ ਦੇ ਕਤਲ ਦਾ ਸ਼ੱਕ ਸੀ। ਕੁਝ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਈ, ਕੁਝ ਨੂੰ ਡੁਬੋ ਕੇ ਮਾਰੀਆ ਗਿਆ, ਕੁਝ ਨੂੰ ਚਾਕੂ ਮਾਰਿਆ ਗਿਆ ਅਤੇ ਕੁਝ ਨੂੰ ਗੈਸੋਲੀਨ ਨਾਲ ਮਾਰ ਦਿੱਤਾ ਗਿਆ।
ਜ਼ੇਂਡੇ ਕਹਿੰਦੇ ਹਨ ਕਿ ਚਾਰਲਸ ਸ਼ੋਭਰਾਜ ਨੇ ਪੂਰੀ ਦੁਨੀਆਂ ਵਿੱਚ ਅਜਿਹੇ ਅਪਰਾਧ ਕੀਤੇ ਕਿ ਇੰਟਰਪੋਲ ਨੇ ਉਸਦੇ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ।
1976 ਵਿੱਚ ਸ਼ੋਭਰਾਜ ਦੁਬਾਰਾ ਦਿੱਲੀ ਆਇਆ। ਉਸਦੇ ਨਾਲ ਤਿੰਨ ਔਰਤਾਂ ਸਨ।
ਮਧੂਕਰ ਕਹਿੰਦੇ ਹਨ ਕਿ ਉਸਨੇ ਕੁਝ ਫਰਾਂਸੀਸੀ ਵਿਦਿਆਰਥੀਆਂ ਨੂੰ ਉਸ ਨੇ ਟੂਰ ਗਾਈਡ ਵਜੋਂ ਲੈ ਜਾਣ ਲਈ ਰਾਜ਼ੀ ਕੀਤਾ ਅਤੇ ਫਿਰ ਉਸਨੇ ਉਨ੍ਹਾਂ ਵਿਦਿਆਰਥੀਆਂ ਨੂੰ ਨਸ਼ੀਲੀਆਂ ਗੋਲੀਆਂ ਦਿੱਤੀਆਂ।
ਉਹ ਕਹਿੰਦੇ ਹਨ, "ਕੁਝ ਵਿਦਿਆਰਥੀ ਖੁਸ਼ਕਿਸਮਤ ਸਨ ਕਿ ਉਹ ਪੁਲਿਸ ਨਾਲ ਸੰਪਰਕ ਕਰਨ ਦੇ ਯੋਗ ਸਨ। ਇਸ ਤੋਂ ਬਾਅਦ ਸ਼ੋਭਰਾਜ ਨੂੰ ਦਿੱਲੀ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ। ਉਸਦੇ ਖਿਲਾਫ ਮੁਕੱਦਮਾ ਚਲਾਇਆ ਗਿਆ ਅਤੇ ਉਸਨੂੰ 12 ਸਾਲ ਦੀ ਸਜ਼ਾ ਸੁਣਾਈ ਗਈ।"
ਸ਼ੋਭਰਾਜ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਭੇਜ ਦਿੱਤਾ ਗਿਆ। ਪਰ ਜੇਲ੍ਹ ਵਿੱਚ ਆਪਣੀ 10 ਸਾਲ ਦੀ ਸਜ਼ਾ ਪੂਰੀ ਕਰਨ ਤੋਂ ਬਾਅਦ ਉਸਨੇ ਉੱਥੋਂ ਭੱਜਣ ਦੀ ਯੋਜਨਾ ਬਣਾਈ।
ਜੇਲ੍ਹ ਵਿੱਚ ਪਾਰਟੀ ਅਤੇ ਭੱਜਣ ਦੀ ਯੋਜਨਾ

16 ਮਾਰਚ 1986 ਨੂੰ ਸ਼ੋਭਰਾਜ ਤਿਹਾੜ ਜੇਲ੍ਹ ਤੋਂ ਫਰਾਰ ਹੋ ਗਿਆ। ਇਸ ਦੇ ਲਈ ਉਸਨੇ ਜੇਲ੍ਹ ਵਿੱਚ ਇੱਕ ਪਾਰਟੀ ਦਾ ਆਯੋਜਨ ਕੀਤਾ ਸੀ।
ਇਸ ਪਾਰਟੀ ਵਿੱਚ ਉਸ ਨੇ ਕੈਦੀਆਂ ਦੇ ਨਾਲ-ਨਾਲ ਗਾਰਡਾਂ ਨੂੰ ਵੀ ਸੱਦਾ ਦਿੱਤਾ ਸੀ। ਪਾਰਟੀ ਵਿੱਚ ਦਿੱਤੇ ਗਏ ਬਿਸਕੁਟ ਅਤੇ ਅੰਗੂਰਾਂ ਵਿੱਚ ਨੀਂਦ ਦੀਆਂ ਗੋਲੀਆਂ ਮਿਲਾਈਆਂ ਗਈਆਂ ਸਨ।
ਉਨ੍ਹਾਂ ਨੂੰ ਖਾਣ ਤੋਂ ਬਾਅਦ ਬਾਕੀ ਸਾਰੇ ਥੋੜ੍ਹੀ ਦੇਰ ਵਿੱਚ ਹੀ ਬੇਹੋਸ਼ ਹੋ ਗਏ। ਜੋ ਬੇਹੋਸ਼ ਨਹੀਂ ਹੋਏ ਉਹ ਸ਼ੋਭਰਾਜ ਅਤੇ ਚਾਰ ਹੋਰ ਲੋਕ ਸਨ ਜੋ ਉਸਦੇ ਨਾਲ ਜੇਲ੍ਹ ਤੋਂ ਭੱਜ ਗਏ ਸਨ।
ਸ਼ੋਭਰਾਜ ਨੂੰ ਆਪਣੀ ਯੋਜਨਾ ਬਾਰੇ ਇੰਨਾ ਭਰੋਸਾ ਸੀ ਕਿ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਸਨੇ ਗੇਟ ਦੇ ਕੋਲ ਖੜ੍ਹੇ ਹੋ ਕੇ ਆਪਣੀ ਫੋਟੋ ਵੀ ਖਿਚਵਾਈ ਸੀ।
ਇਸ ਘਟਨਾ ਤੋਂ ਬਾਅਦ ਚਾਰਲਸ ਸ਼ੋਭਰਾਜ ਦੀ ਭਾਲ਼ ਇੱਕ ਵਾਰ ਫਿਰ ਸ਼ੁਰੂ ਹੋ ਗਈ।
ਜਾਂਚ ਏਜੰਸੀਆਂ ਉਸਨੂੰ ਫੜ੍ਹਨ ਲਈ ਸਰਗਰਮ ਸਨ। ਇਸ ਦੌਰਾਨ ਉਨ੍ਹਾਂ ਨੂੰ ਇੱਕ ਸੁਰਾਗ਼ ਮਿਲਿਆ।
29 ਮਾਰਚ ਨੂੰ ਰੇਲਵੇ ਪੁਲਿਸ ਨੇ ਅਜੈ ਸਿੰਘ ਤੋਮਰ ਨਾਮ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ। ਉਸ ਤੋਂ ਪੁਲਿਸ ਨੂੰ ਸ਼ੋਭਰਾਜ ਦੇ ਠਿਕਾਣੇ ਬਾਰੇ ਜਾਣਕਾਰੀ ਮਿਲੀ।
ਮਧੁਕਰ ਜ਼ੇਂਡੇ ਦਾ ਕਹਿਣਾ ਹੈ ਕਿ ਤੋਮਰ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਕਮਿਸ਼ਨਰ ਨੇ ਉਨ੍ਹਾਂ ਨੂੰ ਤੁਰੰਤ ਫ਼ੋਨ ਕੀਤਾ। ਉਸ ਸਮੇਂ ਜ਼ੇਂਡੇ ਪੁਲਿਸ ਇੰਸਪੈਕਟਰ ਵਜੋਂ ਕੰਮ ਕਰ ਰਹੇ ਸਨ।
ਉਨ੍ਹਾਂ ਨੇ 1971 ਵਿੱਚ ਪਹਿਲੀ ਵਾਰ ਸ਼ੋਭਰਾਜ ਨੂੰ ਫੜਿਆ ਸੀ ਅਤੇ 1976 ਵਿੱਚ ਦਿੱਲੀ ਵਿੱਚ ਉਸਦੀ ਗ੍ਰਿਫਤਾਰੀ ਤੋਂ ਬਾਅਦ ਉਹ ਅਦਾਲਤ ਵਿੱਚ ਗਵਾਹੀ ਦੇਣ ਲਈ ਵੀ ਗਏ ਸਨ।
ਉੱਥੇ ਵੀ ਉਹ ਅਤੇ ਸ਼ੋਭਰਾਜ ਆਹਮੋ-ਸਾਹਮਣੇ ਹੋਏ ਸਨ। ਇਸ ਲਈ ਉਨ੍ਹਾਂ ਨੂੰ ਸ਼ੋਭਰਾਜ ਦੇ ਚਿਹਰੇ, ਸਰੀਰਕ ਬਣਤਰ ਅਤੇ ਉਸਦੇ ਅਪਰਾਧ ਕਰਨ ਦੇ ਅੰਦਾਜ਼ ਬਾਰੇ ਚੰਗੀ ਜਾਣਕਾਰੀ ਸੀ।
ਤੋਮਰ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਮਧੂਕਰ ਜ਼ੇਂਡੇ ਦੀ ਅਗਵਾਈ ਹੇਠ ਮੁੰਬਈ ਪੁਲਿਸ ਨੇ ਗੋਆ ਵਿੱਚ ਸ਼ੋਭਰਾਜ ਨੂੰ ਫੜ੍ਹਨ ਦੀ ਯੋਜਨਾ ਬਣਾਈ।

ਤਸਵੀਰ ਸਰੋਤ, Getty Images
ਗੋਆ ਵਿੱਚ ਸ਼ੋਭਰਾਜ ਦੀ ਭਾਲ਼
ਜ਼ੇਂਡੇ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਸ਼ੋਭਰਾਜ ਨਾਲ ਸਬੰਧਤ ਜਾਣਕਾਰੀ ਇਕੱਠੀ ਕੀਤੀ, ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਪਤਨੀ ਅਮਰੀਕਾ ਵਿੱਚ ਹੈ ਅਤੇ ਉਹ ਜਾਅਲੀ ਪਾਸਪੋਰਟ 'ਤੇ ਗੋਆ ਤੋਂ ਆਪਣੀ ਪਤਨੀ ਨੂੰ ਮਿਲਣ ਜਾ ਰਿਹਾ ਸੀ।
ਉਸ ਦੇ ਕੋਲ ਇੱਕ ਮੋਟਰਸਾਈਕਲ ਸੀ ਅਤੇ ਜ਼ੇਂਡੇ ਨੂੰ ਇਸਦਾ ਨੰਬਰ ਮਿਲ ਗਿਆ ਸੀ। ਇਨ੍ਹਾਂ ਦੋ ਸੁਰਾਗਾਂ ਦੇ ਆਧਾਰ 'ਤੇ ਉਹ ਗੋਆ ਪਹੁੰਚੇ ਅਤੇ ਛੇ ਦਿਨਾਂ ਤੱਕ ਉਸ ਦੀ ਭਾਲ਼ ਕਰਦੇ ਰਹੇ।
ਮਧੂਕਰ ਜ਼ੇਂਡੇ ਕਹਿੰਦੇ ਹਨ, "ਗੋਆ ਵਿੱਚ ਸੈਲਾਨੀਆਂ ਲਈ ਮੋਟਰਸਾਈਕਲ ਸਟੈਂਡ ਸਨ। ਅਸੀਂ ਉੱਥੇ ਜਾ ਕੇ ਪੁੱਛਗਿੱਛ ਕਰਦੇ ਸੀ। ਅਸੀਂ ਕਹਿੰਦੇ ਸੀ ਕਿ ਮੇਰਾ ਭਰਾ ਮੇਰੀ ਕਾਰ ਲੈ ਕੇ ਆਇਆ ਹੈ, ਕੀ ਤੁਸੀਂ ਉਸ ਨੂੰ ਦੇਖਿਆ ਹੈ?"
"ਉੱਥੇ ਇੱਕ 14-15 ਸਾਲ ਦਾ ਮੁੰਡਾ ਸੀ। ਉਸਨੇ ਕਿਹਾ, 'ਉਹ ਤੁਹਾਡਾ ਭਰਾ ਕਿਵੇਂ ਹੋ ਸਕਦਾ ਹੈ? ਇਹ ਗੱਡੀ ਤਾਂ ਮੋਰਖੰਭੀ ਰੰਗ ਦੀ ਇੱਕ ਨਵੀਂ ਗੱਡੀ ਹੈ, ਜਿਸਨੂੰ ਇੱਕ ਵਿਦੇਸ਼ੀ ਚਲਾ ਰਿਹਾ ਹੈ। ਤੁਸੀਂ ਤਾਂ ਭਾਰਤੀ ਲੱਗਦੇ ਹੋ।' ਉਸ ਦੇ ਜਵਾਬ ਨੇ ਮੈਨੂੰ ਯਕੀਨ ਦਿਵਾਇਆ ਕਿ ਸ਼ੋਭਰਾਜ ਉਸ ਇਲਾਕੇ ਵਿੱਚ ਸੀ।"
ਮਧੂਕਰ ਜ਼ੇਂਡੇ ਨੇ ਪੁਲਿਸ ਕਮਿਸ਼ਨਰ ਨੂੰ ਫ਼ੋਨ ਕੀਤਾ ਅਤੇ ਉਨ੍ਹਾਂ ਨੂੰ ਚਾਰ-ਪੰਜ ਹੋਰ ਅਫ਼ਸਰ ਭੇਜਣ ਲਈ ਕਿਹਾ। ਉਨ੍ਹਾਂ ਦੀ ਬੇਨਤੀ 'ਤੇ ਹੋਰ ਅਫ਼ਸਰ ਗੋਆ ਪਹੁੰਚੇ।
ਜ਼ੇਂਡੇ ਕਹਿੰਦੇ ਹਨ ਕਿ ਉਹ ਕਾਰ ਦੀ ਭਾਲ਼ ਵਿੱਚ ਸਾਰਾ ਦਿਨ ਘੁੰਮਦੇ ਅਤੇ ਸ਼ਾਮ ਨੂੰ ਉਸ ਇਲਾਕੇ ਦੇ ਹੋਟਲਾਂ ਵਿੱਚ ਸ਼ੋਭਰਾਜ ਦੀ ਉਡੀਕ ਕਰਦੇ।
ਹੋਟਲ 'ਓ ਕੋਕੇਰੋ' ਵਿੱਚ ਗ੍ਰਿਫ਼ਤਾਰੀ

ਮਧੂਕਰ ਦੱਸਦੇ ਹਨ, "6 ਅਪ੍ਰੈਲ ਨੂੰ ਰਾਤ 10-11 ਵਜੇ ਦੇ ਕਰੀਬ ਦੋ ਲੋਕ ਸਨਹੈਟ ਪਹਿਨੇ ਆਏ। ਮੈਂ ਸੋਚਿਆ ਕਿ ਉਹ ਰਾਤ ਨੂੰ ਸਨਹੈਟ ਕਿਉਂ ਪਹਿਨੇ ਹੋਏ ਹਨ? ਜਦੋਂ ਮੈਂ ਧਿਆਨ ਨਾਲ ਦੇਖਿਆ ਤਾਂ ਮੈਨੂੰ ਪਤਾ ਲੱਗਾ ਕਿ ਇਹ ਸ਼ੋਭਰਾਜ ਸੀ। ਮੈਂ ਚੁੱਪਚਾਪ ਉੱਠਿਆ ਅਤੇ ਕੰਧ ਦੇ ਪਿੱਛੇ ਲੁਕ ਗਿਆ।"
ਉਹ ਕਹਿੰਦੇ ਹਨ, "ਉਹ ਦੋਵੇਂ ਆਏ, ਮੇਜ਼ 'ਤੇ ਬੈਠ ਗਏ ਅਤੇ ਆਰਡਰ ਦਿੱਤਾ। ਮੈਂ ਉਸ ਸਮੇਂ ਇੱਕ ਯੋਜਨਾ ਬਣਾਈ। ਮੇਰੇ ਨਾਲ ਅਧਿਕਾਰੀ ਅੰਦਰ ਬੈਠੇ ਸਨ ਅਤੇ ਮੈਂ ਬਾਹਰ ਇਕੱਲਾ ਸੀ।"
"ਅਸੀਂ ਆਪਸ ਵਿੱਚ ਤਾਲਮੇਲ ਬਣਾਇਆ ਅਤੇ ਆਪਣੀਆਂ ਪੁਜ਼ੀਸ਼ਨਾਂ ਲਈਆਂ। ਕੁਝ ਬਾਹਰ ਸਨ, ਕੁਝ ਅੰਦਰ ਸਨ... ਅਤੇ ਸ਼ੋਭਰਾਜ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।"
ਮਧੂਕਰ ਜ਼ੇਂਡੇ ਕਹਿੰਦੇ ਹਨ, "ਜਦੋਂ ਸਾਰੇ ਅਫ਼ਸਰਾਂ ਨੇ ਆਪਣੀਆਂ ਪੁਜ਼ੀਸ਼ਨਾਂ ਲਈਆਂ, ਤਾਂ ਮੈਂ ਉੱਠਿਆ ਅਤੇ ਉਸ ਨੂੰ ਪਿੱਛਿਓਂ ਕੱਸ ਕੇ ਫੜ੍ਹ ਲਿਆ ਅਤੇ ਕਿਹਾ, 'ਚਾਰਲਸ...' ਉਹ ਡਰ ਗਿਆ।"
ਉਹ ਕਹਿੰਦੇ ਹਨ, "ਉਸ ਨੇ ਬੰਦੂਕ ਚੁੱਕਣ ਦੀ ਕੋਸ਼ਿਸ਼ ਕੀਤੀ, ਪਰ ਉਹ ਅਨਲੋਡ ਸੀ। ਸਾਡੇ ਕੋਲ ਹੱਥਕੜੀਆਂ ਨਹੀਂ ਸਨ, ਇਸ ਲਈ ਅਸੀਂ ਉਸਨੂੰ ਬੰਦੂਕ ਦੀ ਡੋਰੀ ਨਾਲ ਬੰਨ੍ਹ ਦਿੱਤਾ। ਅਸੀਂ ਹੋਟਲ ਵਾਲੇ ਨੂੰ ਕਿਹਾ ਕਿ ਸਾਨੂੰ ਕੋਈ ਰੱਸੀ ਵਰਗਾ ਕੁਝ ਦੇਣ।"
ਜ਼ੇਂਡੇ ਨੇ ਕਹਾਣੀ ਅੱਗੇ ਦੱਸੀ, "ਅਸੀਂ ਸ਼ੋਭਰਾਜ ਨੂੰ ਪੂਰੀ ਤਰ੍ਹਾਂ ਬੰਨ੍ਹ ਦਿੱਤਾ। ਅਸੀਂ ਉਸਨੂੰ ਆਪਣੀ ਕਾਰ ਦੀ ਪਿਛਲੀ ਸੀਟ 'ਤੇ ਬਿਠਾਇਆ, ਉਸਨੂੰ ਇੱਕ ਡੱਬਾ ਦਿੱਤਾ ਅਤੇ ਕਿਹਾ ਕਿ ਜੇਕਰ ਉਸਨੇ ਕੁਝ ਕਰਨਾ ਹੋਵੇ ਤਾਂ ਇਸ ਵਿੱਚ ਕਰੇ।"
"ਇਸ ਤੋਂ ਬਾਅਦ ਅਸੀਂ ਪੁਲਿਸ ਕਮਿਸ਼ਨਰ ਨੂੰ ਫ਼ੋਨ ਕੀਤਾ ਅਤੇ ਉਸਨੂੰ ਦੱਸਿਆ ਕਿ ਸ਼ੋਭਰਾਜ ਨੂੰ ਫੜਿਆ ਗਿਆ ਹੈ। ਉਹ ਬਹੁਤ ਖੁਸ਼ ਹੋਏ। ਸੀਨੀਅਰ ਅਧਿਕਾਰੀ ਸਾਡਾ ਸਵਾਗਤ ਕਰਨ ਲਈ ਪਨਵੇਲ ਤੱਕ ਆਏ ਸਨ।"

ਤਸਵੀਰ ਸਰੋਤ, JACK GUEZ/AFP via Getty Images
ਸ਼ੋਭਰਾਜ ਦੇ ਬਾਰੇ ਕੀ ਦੱਸਿਆ?
ਇਸ ਤੋਂ ਬਾਅਦ ਜ਼ੇਂਡੇ ਅਤੇ ਉਨ੍ਹਾਂ ਦੇ ਸਾਥੀਆਂ ਦੀ ਇਸ ਸਫ਼ਲਤਾ ਦੀ ਖ਼ਬਰ ਸਾਰੇ ਅਖ਼ਬਾਰਾਂ ਵਿੱਚ ਪ੍ਰਕਾਸ਼ਤ ਹੋਈ। ਦੂਰਦਰਸ਼ਨ 'ਤੇ ਉਨ੍ਹਾਂ ਦੀ ਇੰਟਰਵਿਊ ਲਈ ਗਈ।
ਜ਼ੇਂਡੇ ਹੱਸਦੇ ਹੋਏ ਕਹਿੰਦੇ ਹਨ ਕਿ ਇਸ ਘਟਨਾ ਤੋਂ ਬਾਅਦ ਉਨ੍ਹਾਂ ਨੂੰ ਬਹੁਤ ਪ੍ਰਸਿੱਧੀ ਮਿਲੀ।
ਉਹ ਚਾਰਲਸ ਸ਼ੋਭਰਾਜ ਬਾਰੇ ਦੱਸਦੇ ਹਨ ਕਿ ਗੋਆ ਤੋਂ ਮੁੰਬਈ ਤੱਕ ਦੇ 12-14 ਘੰਟੇ ਦੇ ਸਫ਼ਰ ਦੌਰਾਨ ਸ਼ੋਭਰਾਜ ਨੇ ਜ਼ਿਆਦਾ ਗੱਲ ਨਹੀਂ ਕੀਤੀ।
ਉਹ ਕਹਿੰਦੇ ਹਨ, "ਉਸਨੇ ਮੈਨੂੰ ਕਿਹਾ, ਤੁਸੀਂ ਆਪਣਾ ਕੰਮ ਕਰ ਲਿਆ ਹੈ। ਹੁਣ ਤੁਹਾਨੂੰ ਮੈਨੂੰ ਫੜ੍ਹ ਕੇ ਬਹੁਤ ਪ੍ਰਸਿੱਧੀ ਮਿਲੇਗੀ।"
ਜ਼ੇਂਡੇ ਸ਼ੋਭਰਾਜ ਬਾਰੇ ਕਹਿੰਦੇ ਹਨ, "ਸੋਭਰਾਜ ਬਹੁਤ ਹੰਕਾਰੀ ਵਿਅਕਤੀ ਹੈ। ਉਹ ਪੁਲਿਸ ਵਿੱਚ ਵਿਸ਼ਵਾਸ ਨਹੀਂ ਰੱਖਦਾ, ਅਦਾਲਤ ਵਿੱਚ ਵਿਸ਼ਵਾਸ ਨਹੀਂ ਰੱਖਦਾ। ਉਹ ਆਪਣੇ ਆਪ ਨੂੰ ਬਹੁਤ ਚਲਾਕ ਸਮਝਦਾ ਹੈ।"
ਜ਼ੇਂਡੇ ਕਹਿੰਦੇ ਹਨ, "ਜਦੋਂ ਮੈਂ ਯਾਤਰਾ ਦੌਰਾਨ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਕਿਹਾ, 'ਤੁਸੀਂ ਆਪਣਾ ਕੰਮ ਕਰੋ, ਮੈਂ ਆਪਣਾ ਕੰਮ ਕਰਾਂਗਾ।' ਉਹ ਬਹੁਤ ਹੀ ਬੇਰਹਿਮ ਇਨਸਾਨ ਹੈ।"
ਰਾਜੀਵ ਗਾਂਧੀ ਨੇ ਮੁਲਾਕਾਤ ਲਈ ਕਾਰ ਰੋਕੀ

ਤਸਵੀਰ ਸਰੋਤ, TEKEE TANWAR/AFP via Getty Images
ਮਧੂਕਰ ਜ਼ੇਂਡੇ ਨੇ ਹਾਲ ਹੀ ਵਿੱਚ ਫਿਲਮ ਦੇ ਸੰਦਰਭ ਵਿੱਚ ਦਿੱਤੇ ਗਏ ਇੱਕ ਇੰਟਰਵਿਊ ਵਿੱਚ ਇੱਕ ਖ਼ਾਸ ਯਾਦ ਵੀ ਸਾਂਝੀ ਕੀਤੀ।
ਉਹ ਦੱਸਦੇ ਹਨ ਕਿ ਜਦੋਂ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਸਨ ਅਤੇ ਮੁੰਬਈ ਦੌਰੇ 'ਤੇ ਆਏ ਸਨ, ਤਾਂ ਉਨ੍ਹਾਂ ਨੇ ਖ਼ੁਦ ਜ਼ੇਂਡੇ ਨੂੰ ਮਿਲਣ ਲਈ ਆਪਣੀ ਕਾਰ ਰੋਕੀ ਸੀ।
ਜ਼ੇਂਡੇ ਦਾ ਕਹਿਣਾ ਹੈ ਕਿ ਸੁਰੱਖਿਆ ਕਾਰਨਾਂ ਕਰਕੇ ਉੱਥੇ ਮੁਲਾਕਾਤ ਨਹੀਂ ਹੋ ਸਕੀ, ਪਰ ਬਾਅਦ ਵਿੱਚ ਰਾਜੀਵ ਗਾਂਧੀ ਨੇ ਉਨ੍ਹਾਂ ਨੂੰ ਸੱਦ ਕੇ ਉਨ੍ਹਾਂ ਦੀ ਖ਼ਾਸ ਸ਼ਲਾਘਾ ਕੀਤੀ।
ਨੈੱਟਫਲਿਕਸ 'ਤੇ ਰਿਲੀਜ਼ ਹੋਈ ਫਿਲਮ ਦੇ ਸੰਦਰਭ ਵਿੱਚ ਦਿੱਤੇ ਗਏ ਇੱਕ ਇੰਟਰਵਿਊ ਵਿੱਚ, ਅਦਾਕਾਰ ਮਨੋਜ ਬਾਜਪਾਈ ਨੇ ਜ਼ੇਂਡੇ ਬਾਰੇ ਦੱਸਿਆ ਕਿ ਇੱਕ ਅੰਤਰਰਾਸ਼ਟਰੀ ਅਪਰਾਧੀ ਨੂੰ ਫੜ੍ਹਨ ਕਾਰਨ ਉਨ੍ਹਾਂ ਦਾ ਨਾਮ ਟਾਈਮਜ਼ ਮੈਗ਼ਜ਼ੀਨ ਵਿੱਚ ਵੀ ਛਪਿਆ ਸੀ।
ਗੋਆ ਵਿੱਚ ਫੜ੍ਹੇ ਜਾਣ ਤੋਂ ਬਾਅਦ, ਸ਼ੋਭਰਾਜ 'ਤੇ ਦੁਬਾਰਾ ਮੁਕੱਦਮਾ ਚਲਾਇਆ ਗਿਆ ਅਤੇ ਉਸ ਦੀ ਸਜ਼ਾ ਵਧਾ ਦਿੱਤੀ ਗਈ।
ਜਦੋਂ ਉਨ੍ਹਾਂ ਨੂੰ 1997 ਵਿੱਚ ਰਿਹਾਅ ਕੀਤਾ ਗਿਆ ਤਾਂ ਬੈਂਕਾਕ ਵਿੱਚ ਉਨ੍ਹਾਂ 'ਤੇ ਮੁਕੱਦਮਾ ਚਲਾਉਣ ਦੀ ਸਮਾਂ ਸੀਮਾ ਖ਼ਤਮ ਹੋ ਗਈ ਸੀ।
ਭਾਰਤ ਨੇ ਉਸ ਨੂੰ 1997 ਵਿੱਚ ਫਰਾਂਸ ਹਵਾਲੇ ਕਰ ਦਿੱਤਾ।

ਤਸਵੀਰ ਸਰੋਤ, Getty Images
2003 ਵਿੱਚ ਸ਼ੋਭਰਾਜ ਦੀ ਨੇਪਾਲ ਵਾਪਸੀ
ਚਾਰਲਸ ਸ਼ੋਭਰਾਜ 2003 ਵਿੱਚ ਨੇਪਾਲ ਵਾਪਸ ਆਇਆ। ਇਸ ਵਾਰ ਉਹ ਹੋਰ ਵੀ ਬੇਪਰਵਾਹ ਹੋ ਕੇ ਆਇਆ। ਉਸ ਨੇ ਉੱਥੇ ਮੀਡੀਆ ਨਾਲ ਵੀ ਗੱਲਬਾਤ ਕੀਤੀ।
ਦਰਅਸਲ, ਉਸ ਦਾ ਕਾਠਮੰਡੂ ਆਉਣਾ ਇੱਕ ਹੈਰਾਨ ਕਰਨ ਵਾਲਾ ਫ਼ੈਸਲਾ ਸੀ ਕਿਉਂਕਿ ਨੇਪਾਲ ਹੀ ਇੱਕ ਅਜਿਹਾ ਦੇਸ਼ ਸੀ ਜਿੱਥੇ ਉਹ ਅਜੇ ਵੀ ਵਾਂਟੇਡ ਸੀ।
ਨੇਪਾਲ ਪੁਲਿਸ ਨੇ ਉਸ ਨੂੰ ਕਾਠਮੰਡੂ ਦੇ ਇੱਕ ਕੈਸੀਨੋ ਤੋਂ ਗ੍ਰਿਫ਼ਤਾਰ ਕੀਤਾ। ਜਿਸ ਤੋਂ ਬਾਅਦ ਉਸ ਨੂੰ 2004 ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ।
21 ਦਸੰਬਰ 2022 ਨੂੰ ਨੇਪਾਲ ਦੀ ਸੁਪਰੀਮ ਕੋਰਟ ਨੇ ਸੀਰੀਅਲ ਕਿਲਰ ਚਾਰਲਸ ਸ਼ੋਭਰਾਜ ਦੀ ਰਿਹਾਈ ਦਾ ਹੁਕਮ ਦਿੱਤਾ।
ਬੀਬੀਸੀ ਨੇਪਾਲੀ ਦੀ ਰਿਪੋਰਟ ਅਨੁਸਾਰ, ਇਹ ਫ਼ੈਸਲਾ ਉਸਦੀ ਉਮਰ ਅਤੇ ਸਿਹਤ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












