ਭਾਰਤ 'ਚ ਐੱਚਐੱਮਪੀਵੀ ਵਾਇਰਸ ਦੇ ਦੋ ਮਾਮਲੇ ਸਾਹਮਣੇ ਆਏ, ਸਿਹਤ ਮੰਤਰਾਲੇ ਨੇ ਸਥਿਤੀ ਬਾਰੇ ਕੀ ਕਿਹਾ

ਤਸਵੀਰ ਸਰੋਤ, Getty Images
ਕਰਨਾਟਕ ਵਿੱਚ ਐੱਚਐੱਮਪੀਵੀ ਵਾਇਰਸ ਦੇ ਦੋ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਕਿਹਾ ਹੈ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ।
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਡਾਇਰੈਕਟਰ ਜਨਰਲ ਪ੍ਰੋ. ਡਾਕਟਰ ਅਤੁਲ ਗੋਇਲ ਨੇ ਕਿਹਾ, "ਮੀਡੀਆ ਵਿੱਚ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਚੀਨ ਵਿੱਚ ਮਨੁੱਖੀ ਮੈਟਾ-ਨਿਊਮੋਵਾਇਰਸ ਫੈਲ ਰਿਹਾ ਹੈ, ਪਰ ਭਾਰਤ 'ਚ
ਐੱਚਐੱਮਪੀਵੀ ਵਾਇਰਸ ਆਮ ਸਾਹ ਦੇ ਵਾਇਰਸ ਵਰਗਾ ਹੁੰਦਾ ਹੈ ਜੋ ਸਰਦੀ ਅਤੇ ਖੰਘ ਵਰਗੀਆਂ ਬਿਮਾਰੀਆਂ ਦਾ ਕਾਰਨ ਬਣਦਾ ਹੈ।"
ਉਹਨਾਂ ਕਿਹਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ।
ਗੋਇਲ ਮੁਤਾਬਕ, "ਇਹ ਇੱਕ ਆਮ ਸਾਹ ਸੰਬੰਧੀ ਵਾਇਰਸ ਹੈ, ਜੋ ਹਲਕੇ ਸਰਦੀ ਵਰਗੇ ਲੱਛਣਾਂ ਦਾ ਕਾਰਨ ਬਣਦਾ ਹੈ। ਦੇਸ਼ ਦੇ ਹਸਪਤਾਲ ਮੌਸਮੀ ਲਾਗ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹਨ।"
ਆਈਐਸਆਰ ਦੇ ਅੰਕੜਿਆਂ ਅਨੁਸਾਰ, ਸਰਦੀਆਂ ਵਿੱਚ ਆਮ ਲਾਗ ਦੀ ਸਥਿਤੀ ਅਜੇ ਵੀ ਉਹੀ ਹੈ। ਇਸ ਲਈ ਦੇਸ਼ ਨੂੰ ਇਸ ਸਮੇਂ ਇਸ ਵਾਇਰਸ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਹੈ।

ਕਿੱਥੋਂ ਹੋਈ ਸ਼ੁਰੂਆਤ
ਕੋਵਿਡ ਮਹਾਂਮਾਰੀ ਦਾ ਭਿਆਨਕ ਦੌਰ ਸ਼ੁਰੂ ਹੋਣ ਤੋਂ ਪੰਜ ਸਾਲ ਬਾਅਦ, ਚੀਨ ਵਿੱਚ ਇੱਕ ਹੋਰ ਨਵੇਂ ਵਾਇਰਸ ਦੀ ਲਾਗ ਦੇ ਮਾਮਲੇ ਸਾਹਮਣੇ ਆ ਰਹੇ ਹਨ।
ਇਹ ਨਵਾਂ ਵਾਇਰਸ ਖਾਸ ਤੌਰ 'ਤੇ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ।
ਹਿਊਮਨ ਮੇਟਾਪਨੀਓਮੋਵਾਇਰਸ (ਐੱਚਐੱਮਪੀਵੀ) ਨਾਮ ਦੇ ਇਸ ਵਾਇਰਸ ਦੀ ਲਾਗ ਦੇ ਜ਼ਿਆਦਾ ਮਾਮਲੇ ਉੱਤਰੀ ਚੀਨ ਵਿੱਚ ਸਾਹਮਣੇ ਆ ਰਹੇ ਹਨ।
ਬੀਬੀਸੀ ਮਾਨੀਟਰਿੰਗ ਨੇ ਇੱਕ ਮੀਡੀਆ ਰਿਪੋਰਟ ਦੇ ਹਵਾਲੇ ਨਾਲ ਜਾਣਕਾਰੀ ਦਿੱਤੀ ਹੈ ਕਿ ਇਸ ਵਾਇਰਸ ਕਾਰਨ ਵਿਅਕਤੀ ਵਿੱਚ ਜ਼ੁਕਾਮ ਅਤੇ ਕੋਵਿਡ-19 ਵਰਗੇ ਲੱਛਣ ਦਿਖਾਈ ਦਿੰਦੇ ਹਨ ਅਤੇ ਇਹ ਤੇਜ਼ੀ ਨਾਲ ਫੈਲ ਰਿਹਾ ਹੈ।
ਚੀਨ ਦੇ ਗੁਆਂਢੀ ਦੇਸ਼ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ। ਭਾਰਤੀ ਸਿਹਤ ਸੇਵਾਵਾਂ ਦੇ ਡਾਇਰੈਕਟਰ ਜਨਰਲ ਦਾ ਕਹਿਣਾ ਹੈ ਕਿ ਫਿਲਹਾਲ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ।
ਇਸ ਦੇ ਨਾਲ ਹੀ, ਭਾਰਤ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਸ਼ਨੀਵਾਰ ਨੂੰ ਡੀਜੀਐੱਚਐੱਸ ਦੀ ਪ੍ਰਧਾਨਗੀ ਹੇਠ ਸੰਯੁਕਤ ਨਿਗਰਾਨੀ ਸਮੂਹ ਦੀ ਮੀਟਿੰਗ ਵੀ ਬੁਲਾਈ । ਇਸ ਦੌਰਾਨ ਵਿਸਥਾਰਪੂਰਵਕ ਚਰਚਾ ਤੋਂ ਬਾਅਦ ਕੁਝ ਨੁਕਤਿਆਂ 'ਤੇ ਸਹਿਮਤੀ ਬਣੀ।
ਯਾਨੀ ਕਿ ਚੀਨ ਵਿੱਚ ਫਲੂ ਦੇ ਮੌਸਮ ਦੇ ਮੱਦੇਨਜ਼ਰ ਇਹ ਸਥਿਤੀ ਅਸਾਧਾਰਨ ਨਹੀਂ ਹੈ। ਐੱਚਐੱਮਪੀਵੀ ਇਸ ਮੌਸਮ ਵਿੱਚ ਹੋਣ ਵਾਲਾ ਇੱਕ ਆਮ ਜਰਾਸੀਮ ਹੈ। ਸਰਕਾਰ ਸਥਿਤੀ 'ਤੇ ਤਿੱਖੀ ਨਜ਼ਰ ਰੱਖ ਰਹੀ ਹੈ। ਵਿਸ਼ਵ ਸਿਹਤ ਸੰਗਠਨ ਨੂੰ ਵੀ ਚੀਨ ਦੀ ਸਥਿਤੀ ਬਾਰੇ ਸਮੇਂ ਸਿਰ ਜਾਣਕਾਰੀ ਸਾਂਝੀ ਕਰਨ ਦੀ ਬੇਨਤੀ ਕੀਤੀ ਗਈ ਹੈ।
ਸੋਸ਼ਲ ਮੀਡੀਆ 'ਤੇ ਲਗਾਤਾਰ ਅਜਿਹੀਆਂ ਵੀਡੀਓਜ਼ ਸ਼ੇਅਰ ਕੀਤੀਆਂ ਜਾ ਰਹੀਆਂ ਸਨ। ਜਿਨ੍ਹਾਂ ਵਿੱਚ ਚੀਨ ਦੇ ਹਸਪਤਾਲ ਵੱਡੀ ਗਿਣਤੀ 'ਚ ਮਰੀਜ਼ਾਂ ਨਾਲ ਜੂਝਦੇ ਨਜ਼ਰ ਆ ਰਹੇ ਸਨ। ਇਨ੍ਹਾਂ ਮਰੀਜ਼ਾਂ ਵਿੱਚ ਫਲੂ ਵਰਗੇ ਲੱਛਣ ਦੇਖਣ ਨੂੰ ਮਿਲ ਰਹੇ ਸਨ।
ਇਸ ਤੋਂ ਬਾਅਦ ਹੀ ਖਦਸ਼ਾ ਜਤਾਇਆ ਜਾਣ ਲੱਗਾ ਕਿ ਚੀਨ ਵਿੱਚ ਫਿਰ ਇੱਕ ਵਾਰ ਨਵਾਂ ਵਾਇਰਸ ਲੋਕਾਂ ਲਈ ਚੁਣੌਤੀ ਖੜੀ ਕਰ ਰਿਹਾ ਹੈ।
ਕੋਵਿਡ ਵਾਇਰਸ, ਜਿਸ ਨੇ ਪੰਜ ਸਾਲ ਪਹਿਲਾਂ ਦੁਨੀਆ ਦੇ ਸੌ ਤੋਂ ਵੱਧ ਦੇਸ਼ਾਂ ਵਿੱਚ ਤਬਾਹੀ ਮਚਾਈ ਸੀ। ਇਹ ਮੰਨਿਆ ਜਾਂਦਾ ਹੈ ਕਿ ਇਹ ਚੀਨ ਦੇ ਵੁਹਾਨ ਦੇ ਇੱਕ ਬਾਜ਼ਾਰ ਤੋਂ ਪੈਦਾ ਹੋਇਆ ਸੀ।
ਚੀਨ ਦੀ ਅਧਿਕਾਰਤ ਨਿਊਜ਼ ਵੈੱਬਸਾਈਟ ਗਲੋਬਲ ਟਾਈਮਜ਼ ਮੁਤਾਬਕ ਉੱਤਰੀ ਚੀਨ ਦੇ ਖੇਤਰਾਂ ਤੋਂ ਇਲਾਵਾ ਬੀਜਿੰਗ, ਚੋਂਗਕਿੰਗ ਅਤੇ ਦੱਖਣੀ ਚੀਨ ਦੇ ਗੁਆਂਗਡੋਂਗ ਸੂਬਿਆਂ 'ਚ ਐੱਚਐੱਮਪੀਵੀ ਦੇ ਮਾਮਲੇ ਸਾਹਮਣੇ ਆਏ ਹਨ।
ਨਿਊਜ਼ ਏਜੰਸੀ ਰਾਇਟਰਜ਼ ਵਿੱਚ 27 ਦਸੰਬਰ, 2024 ਨੂੰ ਪ੍ਰਕਾਸ਼ਿਤ ਰਿਪੋਰਟ ਦੇ ਅਨੁਸਾਰ, ਚੀਨ ਦੀਆਂ ਸਿਹਤ ਏਜੰਸੀਆਂ ਨੇ ਕਿਹਾ ਕਿ ਸਰਦੀਆਂ ਵਿੱਚ ਸਾਹ ਦੀਆਂ ਬਿਮਾਰੀਆਂ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪਾਇਲਟ ਨਿਗਰਾਨ ਪ੍ਰਣਾਲੀ ਸ਼ੁਰੂ ਕੀਤੀ ਜਾ ਰਹੀ ਹੈ।
ਇਸ ਨਿਗਰਾਨ ਪ੍ਰਣਾਲੀ ਬਾਰੇ ਚੀਨ ਦੇ ਨੈਸ਼ਨਲ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੀ ਮੁਖੀ ਲੀ ਜ਼ੇਂਗਲੌਂਗ ਨੇ ਕਿਹਾ ਕਿ ਇਸ ਦੇ ਨਾਲ ਅਣਪਛਾਤੇ ਕਾਰਨਾਂ ਨਾਲ ਹੋਣ ਵਾਲੇ ਨਿਮੋਨੀਆ ਦੇ ਮਾਮਲਿਆਂ ਦੀ ਨਿਗਰਾਨੀ ਕੀਤੀ ਜਾਵੇਗੀ।
ਰਾਇਟਰਜ਼ ਨੇ ਚੀਨੀ ਸਰਕਾਰ ਵੱਲੋਂ ਜਾਰੀ ਬਿਆਨ ਦੇ ਆਧਾਰ 'ਤੇ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਦਸੰਬਰ ਦੇ ਤੀਜੇ ਹਫ਼ਤੇ ਚੀਨ 'ਚ ਸਾਹ ਦੀਆਂ ਬਿਮਾਰੀਆਂ ਤੋਂ ਪੀੜਤ ਲੋਕਾਂ ਦੀ ਗਿਣਤੀ 'ਚ ਤੇਜ਼ੀ ਨਾਲ ਵਾਧਾ ਦਰਜ ਕੀਤਾ ਗਿਆ ਹੈ।
ਇਸ ਰਿਪੋਰਟ ਦੇ ਅਨੁਸਾਰ ਦਰਜ ਕੀਤੇ ਮਾਮਲਿਆਂ ਵਿੱਚ ਰਾਈਨੋਵਾਇਰਸ ਅਤੇ ਹਿਊਮਨ ਮੈਟਾਪਨੀਓਮੋ ਵਾਇਰਸ (ਐੱਚਐੱਮਪੀਵੀ) ਨਾਲ ਲਾਗ ਦੇ ਮਾਮਲੇ ਵਧੇਰੇ ਹਨ। ਇਸ ਦੇ ਵਧੇਰੇ ਮਾਮਲੇ ਉੱਤਰੀ ਸੂਬਿਆਂ ਵਿੱਚ ਦਰਜ ਕੀਤੇ ਗਏ ਹਨ ਅਤੇ ਇਹਨਾਂ ਵਿੱਚ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂਂ ਦੀ ਗਿਣਤੀ ਜ਼ਿਆਦਾ ਹੈ।
ਰਿਪੋਰਟ ਮੁਤਾਬਕ ਹਿਊਮਨ ਮੈਟਾਨੀਓਮੋ ਵਾਇਰਸ ਦੇ ਸਰੋਤ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ।
ਚੀਨ ਦੇ ਗੁਆਂਢੀਆਂ ਨੇ ਚਿੰਤਾ ਪ੍ਰਗਟਾਈ

ਤਸਵੀਰ ਸਰੋਤ, John Ricky/Anadolu via Getty Images
ਇੰਡੋਨੇਸ਼ੀਆ ਦੇ ਸਿਹਤ ਮੰਤਰਾਲੇ ਨੇ ਬੀਤੇ ਦਿਨੀ ਬਿਆਨ ਜਾਰੀ ਕਰਕੇ ਚੀਨ ਵਿੱਚ ਇਨਫਲੂਐਂਜ਼ਾ ਏ ਅਤੇ ਸਾਹ ਦੀਆਂ ਬਿਮਾਰੀਆਂ ਦਾ ਕਾਰਨ ਬਣ ਰਹੇ ਹੋਰ ਵਾਇਰਸਾਂ ਬਾਰੇ ਚਿੰਤਾ ਜ਼ਾਹਰ ਕੀਤੀ ਹੈ।
ਇੰਡੋਨੇਸ਼ੀਆ ਦੀ ਖ਼ਬਰ ਏਜੰਸੀ ਅੰਤਾਰਾ ਦੇ ਮੁਤਾਬਿਕ ਸੋਸ਼ਲ ਮੀਡੀਆ 'ਤੇ ਚੀਨ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇੰਡੋਨੇਸ਼ੀਆ ਦੇ ਸਿਹਤ ਮੰਤਰਾਲੇ ਦੇ ਬੁਲਾਰੇ ਵਿਦਿਆਵਤੀ ਨੇ ਲੋਕਾਂ ਨੂੰ ਚੌਕਸ ਤੇ ਸਾਵਧਾਨ ਰਹਿਣ ਅਤੇ ਨਾਲ ਹੀ ਮਾਸਕ ਪਾਉਣ ਅਤੇ ਸਾਬਣ ਨਾਲ ਹੱਥ ਧੋਣ ਵਰਗੀਆਂ ਸਾਵਧਾਨੀਆਂ ਬਾਰੇ ਦੱਸਿਆ ਹੈ।
ਉਨ੍ਹਾਂ ਨੇ ਕਿਹਾ, "ਇੰਡੋਨੇਸ਼ੀਆ, ਚੀਨ ਵਿੱਚ ਐੱਚਐੱਮਪੀਵੀ ਦੇ ਫੈਲਣ ਦੀ ਨਿਗਰਾਨੀ ਕਰ ਰਿਹਾ ਹੈ ਅਤੇ ਦੇਸ਼ ਵਿੱਚ ਐਂਟਰੀ ਪੁਆਇੰਟਾਂ 'ਤੇ ਵੀ ਨਿਗਰਾਨੀ ਰੱਖੀ ਜਾ ਰਹੀ ਹੈ। ਇਸ ਵਿੱਚ ਫਲੂ ਵਰਗੇ ਲੱਛਣ ਦਿਖਾਉਣ ਵਾਲੇ ਵਿਦੇਸ਼਼ੀ ਯਾਤਰੀਆਂ ਨੂੰ ਕੌਆਰਟੀਨ ਕਰਨ ਵਰਗੇ ਕਦਮ ਸ਼ਾਮਲ ਹਨ।"
ਬੀਤੇ ਦਿਨੀ ਹਾਂਗਕਾਂਗ ਫ੍ਰੀ ਪ੍ਰੈਸ ਨੇ ਇੱਕ ਰਿਪੋਰਟ ਵਿੱਚ ਕਿਹਾ ਸੀ ਕਿ ਹਾਂਗਕਾਂਗ ਵਿੱਚ ਐੱਚਐੱਮਪੀਵੀ ਦੇ ਮਾਮਲੇ ਸਾਹਮਣੇ ਆਏ ਹਨ, ਪਰ ਅਜੇ ਗਿਣਤੀ ਬਹੁਤ ਘੱਟ ਹੈ।
ਇੱਕ ਮਹਾਂਮਾਰੀ ਵਿਗਿਆਨੀ ਦੇ ਹਵਾਲੇ ਨਾਲ ਰਿਪੋਰਟ ਵਿੱਚ ਕਿਹਾ ਗਿਆ ਕਿ ਚੀਨ ਦੀ ਤਰ੍ਹਾਂ ਇੱਥੇ ਵਾਇਰਸ ਫੈਲਣ ਦੇ ਮਾਮਲਿਆਂ ਵਿੱਚ ਕੋਈ ਵਾਧਾ ਦਰਜ ਨਹੀਂ ਕੀਤਾ ਗਿਆ ਹੈ।
ਚੀਨ ਦਾ ਜਵਾਬ

ਤਸਵੀਰ ਸਰੋਤ, fmprc.gov.cn
ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਓ ਨਿੰਗ ਦੀ ਸ਼ੁੱਕਰਵਾਰ ਦੀ ਪ੍ਰੈਸ ਕਾਨਫਰੰਸ ਵਿੱਚ ਹੋਰ ਸਵਾਲਾਂ ਦੇ ਨਾਲ ਇਹ ਸਵਾਲ ਵੀ ਉਠਾਇਆ ਗਿਆ ਸੀ।
ਇਸ ਦੇ ਜਵਾਬ ਵਿੱਚ ਮਾਓ ਨਿੰਗ ਨੇ ਕਿਹਾ ਕਿ ਉੱਤਰੀ ਗੋਲਾਰਥ ਵਿੱਚ ਸਰਦੀਆਂ ਦੇ ਮੌਸਮ ਵਿੱਚ ਸਾਹ ਵਿੱਚ ਮੁਸ਼ਕਿਲ ਦੇ ਜ਼ਿਆਦਾ ਮਾਮਲੇ ਸਾਹਮਣੇ ਆਉਂਦੇ ਹਨ।
ਉਨ੍ਹਾਂ ਕਿਹਾ, "ਹਾਲ ਹੀ ਵਿੱਚ, ਚੀਨ ਦੇ ਨੈਸ਼ਨਲ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਸਰਦੀਆਂ ਦੇ ਸਮੇਂ ਵਿੱਚ ਚੀਨ ਵਿੱਚ ਸਾਹ ਦੀਆਂ ਬਿਮਾਰੀਆਂ ਦੀ ਰੋਕਥਾਮ ਅਤੇ ਨਿਯੰਤਰਣ ਬਾਰੇ ਜਾਣਕਾਰੀ ਦਿੱਤੀ ਸੀ।"
"ਇਹ ਬੀਮਾਰੀ ਪਿਛਲੇ ਸਾਲ ਦੇ ਮੁਕਾਬਲੇ ਘੱਟ ਗੰਭੀਰ ਅਤੇ ਘੱਟ ਪੈਮਾਨੇ ਤੇ ਫੈਲਦੀ ਦਿਖਾਈ ਦਿੰਦੀ ਹੈ। ਮੈਂ ਤੁਹਾਨੂੰ ਯਕੀਨ ਦਿਵਾਉਦੀ ਹਾਂ ਕਿ ਚੀਨ ਦੀ ਯਾਤਰਾ ਸੁਰੱਖਿਅਤ ਹੈ।"
ਭਾਰਤ ਵਿੱਚ ਕਿਸ ਤਰ੍ਹਾਂ ਦਾ ਪ੍ਰਤੀਕਰਮ?

ਤਸਵੀਰ ਸਰੋਤ, niphtr.mohfw.gov.in
ਚੀਨ ਵਿੱਚ ਐੱਚਐੱਮਪੀਵੀ ਵਾਇਰਸ ਦੇ ਮਾਮਲਿਆਂ ਵਿੱਚ ਵਾਧੇ ਤੋਂ ਬਾਅਦ ਭਾਰਤ ਵਿੱਚ ਇਸ ਨੂੰ ਲੈ ਕੇ ਚਿੰਤਾ ਜਤਾਈ ਜਾ ਰਹੀ ਹੈ। ਹਾਲਾਂਕਿ ਭਾਰਤੀ ਸਿਹਤ ਸੇਵਾਵਾਂ ਦੇ ਡਾਇਰੈਕਟਰ ਜਨਰਲ ਡਾ. ਅਤੁਲ ਗੋਇਲ ਦਾ ਕਹਿਣਾ ਹੈ ਕਿ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ।
ਅਤੁਲ ਗੋਇਲ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਭਾਰਤ 'ਚ ਹੁਣ ਤੱਕ ਇਸ ਵਾਇਰਸ ਨਾਲ ਇਨਫੈਕਸ਼ਨ ਦੇ ਜ਼ਿਆਦਾ ਮਾਮਲੇ ਦਰਜ ਨਹੀਂ ਕੀਤੇ ਗਏ ਹਨ।
ਉਨ੍ਹਾਂ ਕਿਹਾ, "ਇਹ ਇਕ ਆਮ ਵਾਇਰਸ ਹੈ ਜੋ ਸਾਹ ਦੀ ਨਾਲੀ ਵਿਚ ਇਨਫੈਕਸ਼ਨ ਦਾ ਕਾਰਨ ਬਣਦਾ ਹੈ। ਇਸ ਕਾਰਨ ਸਰਦੀ- ਜ਼ੁਕਾਮ ਵਰਗੀ ਬੀਮਾਰੀ ਹੋ ਸਕਦੀ ਹੈ। ਇਸ ਇਨਫੈਕਸ਼ਨ ਕਾਰਨ ਇਕ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ ਬਜ਼ੁਰਗਾਂ ਵਿਚ ਫਲੂ ਵਰਗੇ ਲੱਛਣ ਦੇਖਣ ਨੂੰ ਮਿਲ ਸਕਦੇ ਹਨ।
"ਪਰ ਇਹ ਗੰਭੀਰ ਬੀਮਾਰੀਆਂ ਦਾ ਕਾਰਨ ਨਹੀਂ ਬਣਦਾ, ਇਸ ਲਈ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਸਰਦੀਆਂ ਵਿੱਚ ਆਮ ਕਰਕੇ ਹੀ ਜ਼ੁਕਾਮ ਅਤੇ ਖੰਘ ਵਰਗੇ ਮਾਮਲੇ ਜ਼ਿਆਦਾ ਦੇਖਣ ਨੂੰ ਮਿਲਦੇ ਹਨ। ਸਾਡੇ ਹਸਪਤਾਲ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹਨ।"
"ਅਸੀਂ ਅੰਕੜਿਆਂ ਦੀ ਵੀ ਲਗਾਤਾਰ ਨਿਗਰਾਨੀ ਕਰ ਰਹੇ ਹਾਂ। ਪਿਛਲੇ ਸਾਲ ਦੇ ਦਸੰਬਰ ਦੇ ਅੰਕੜਿਆਂ ਵਿੱਚ ਕੋਈ ਵਾਧਾ ਨਹੀਂ ਹੋਇਆ ਹੈ।"
ਭਾਰਤ ਦੇ ਸਿਹਤ ਮੰਤਰਾਲੇ ਨੇ ਪਹਿਲਾਂ ਇੱਕ ਅਖਬਾਰ ਨੂੰ ਦੱਸਿਆ ਸੀ ਕਿ ਉਹ ਚੀਨ ਵਿੱਚ ਐੱਚਐੱਮਪੀਵੀ ਵਾਇਰਸ ਦੇ ਵੱਧਦੇ ਮਾਮਲਿਆਂ ਦੀ ਨਿਗਰਾਨੀ ਕਰ ਰਹੇ ਹਨ।
ਮੰਤਰਾਲੇ ਨੇ ਕਿਹਾ ਕਿ ਹਾਲ ਹੀ ਦੇ ਸਮੇਂ ਵਿੱਚ ਚੀਨ ਵਿੱਚ ਲੋਕਾਂ ਵਿੱਚ ਸਾਹ ਲੈਣ ਵਿੱਚ ਮੁਸ਼ਕਲ ਦੇ ਕਈ ਮਾਮਲੇ ਦਰਜ ਕੀਤੇ ਗਏ ਹਨ, ਜੋ ਐੱਚਐੱਮਪੀਵੀ ਵਾਇਰਸ ਨਾਲ ਸਬੰਧਤ ਹਨ। ਭਾਰਤ ਵਿੱਚ ਵੀ ਸਰਦੀਆਂ ਵਿੱਚ ਸਾਹ ਲੈਣ ਵਿੱਚ ਮੁਸ਼ਕਲ ਵਰਗੇ ਮਾਮਲੇ ਸਾਹਮਣੇ ਆਉਂਦੇ ਹਨ ਪਰ ਹੁਣ ਤੱਕ ਅਜਿਹੇ ਮਾਮਲਿਆਂ ਦੀ ਗਿਣਤੀ ਵਿੱਚ ਕੋਈ ਅਚਾਨਕ ਵਾਧਾ ਨਹੀਂ ਹੋਇਆ ਹੈ।
ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਸਾਹ ਦੀ ਸਮੱਸਿਆ ਅਤੇ ਮੌਸਮੀ ਜ਼ੁਕਾਮ ਅਤੇ ਖੰਘ ਵਰਗੇ ਮਾਮਲਿਆਂ 'ਤੇ ਨਜ਼ਰ ਰੱਖ ਰਿਹਾ ਹੈ ਅਤੇ ਉਹ ਇਸ ਮਾਮਲੇ 'ਚ ਅੰਤਰਰਾਸ਼ਟਰੀ ਏਜੰਸੀਆਂ ਨਾਲ ਵੀ ਸੰਪਰਕ ਚ ਹਨ।
ਡਾਕਟਰ ਕੀ ਕਹਿੰਦੇ ਹਨ?

ਤਸਵੀਰ ਸਰੋਤ, Getty Images
ਇਸ ਦੇ ਨਾਲ ਹੀ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਦੇ ਬਾਲ ਵਿਭਾਗ ਦੇ ਡਾ. ਸੁਰੇਸ਼ ਗੁਪਤਾ ਨੇ ਖ਼ਬਰ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਇਹ ਕੋਈ ਨਵਾਂ ਵਾਇਰਸ ਨਹੀਂ ਹੈ।
ਉਨ੍ਹਾਂ ਕਿਹਾ, "ਵੀਹ ਸਾਲਾਂ ਤੋਂ ਮਨੁੱਖ ਨੂੰਂ ਇਸ ਬਾਰੇ ਜਾਣਕਾਰੀ ਹੈ। ਸਰਦੀਆਂ ਦੇ ਮੌਸਮ ਵਿੱਚ ਇਸ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਇਹ ਫਲੂ ਵਾਇਰਸ ਵਾਂਗ ਹੁੰਦਾ ਹੈ।"
ਡਾਕਟਰ ਸੁਰੇਸ਼ ਗੁਪਤਾ ਦਾ ਕਹਿਣਾ ਹੈ ਕਿ ਇਸ ਦੇ ਲਈ ਆਮ ਤੌਰ 'ਤੇ ਜ਼ੁਕਾਮ ਅਤੇ ਖੰਘ ਲਈ ਵਰਤੀਆਂ ਜਾਂਦੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਅਤੇ ਬਿਮਾਰ ਵਿਅਕਤੀ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਉਹ ਕਹਿੰਦੇ ਹਨ, "ਇਸ ਦੇ ਬਹੁਤੇ ਮਾਮਲਿਆਂ ਵਿੱਚ ਹਸਪਤਾਲ ਵਿੱਚ ਦਾਖਲ ਹੋਣ ਦੀ ਸਲਾਹ ਨਹੀਂ ਦਿੱਤੀ ਜਾਂਦੀ ਹੈ।"
ਇਸੇ ਹਸਪਤਾਲ ਦੇ ਚੈਸਟ ਮੈਡੀਸਨ ਵਿਭਾਗ ਦੇ ਸੀਨੀਅਰ ਸਲਾਹਕਾਰ ਡਾ: ਬੌਬੀ ਭਾਲੋਤਰਾ ਦਾ ਕਹਿਣਾ ਹੈ, "ਇਸ ਵਾਇਰਸ ਦੇ ਸਾਰੇ ਮਾਮਲਿਆਂ ਵਿੱਚ ਅਜੇ ਤੱਕ ਸਿਰਫ ਮਾਮੂਲੀ ਲੱਛਣ ਹੀ ਦੇਖੇ ਗਏ ਹਨ।"
"ਹਾਲਾਂਕਿ ਦਮੇ ਤੋਂ ਪੀੜਤ ਮਰੀਜ਼ ਅਤੇ ਕਰੋਨਿਕ ਅਬਸਰਟਰਕਟਿਵ ਪਲਮਨਰੀ ਡਿਜ਼ੀਜ਼ (ਸੀ.ਓ.ਪੀ.ਡੀ) ਵਾਲੇ ਮਰੀਜ਼ਾਂ ਨੂੰ ਕਾਫੀ ਪਰੇਸ਼ਾਨੀ ਹੋ ਸਕਦੀ ਹੈ। ਉਨ੍ਹਾਂ ਨੂੰ ਸਾਹ ਲੈਣ ਵਿੱਚ ਜ਼ਿਆਦਾ ਪਰੇਸ਼ਾਨੀ, ਥਕਾਵਟ ਅਤੇ ਬੁਖਾਰ ਹੋ ਸਕਦਾ ਹੈ।"
"ਭਾਰਤ ਵਿੱਚ ਮੌਜੂਦ ਇਸ ਵਾਇਰਸ ਦਾ ਸਟ੍ਰੇਨ ਗੰਭੀਰ ਸੰਕਰਮਣ ਦਾ ਕਾਰਨ ਨਹੀਂ ਬਣਦਾ। ਜਿਸ ਤਰ੍ਹਾਂ ਕੋਰਨਾ ਵਾਇਰਸ ਗੰਭੀਰ ਰੂਪ ਲੈ ਲੈਂਦਾ ਸੀ ਅਤੇ ਸਾਹ ਲੈਣ ਵਿੱਚ ਅਸਫਲਤਾ ਦਾ ਪੈਦਾ ਕਰਦਾ ਸੀ। ਅਜਿਹਾ ਹੁਣ ਤੱਕ ਦੇ ਮਾਮਲਿਆਂ ਵਿੱਚ ਨਹੀਂ ਦੇਖਿਆ ਗਿਆ ਹੈ। ਇਹ ਸੰਭਵ ਹੈ ਕਿ ਇਹ ਚੀਨ ਵਿੱਚ ਇਸ ਦਾ ਸਟ੍ਰੇਨ ਕਿੰਨਾ ਘਾਤਕ ਹੈ, ਇਹ ਵੀ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ।"
ਐੱਚਐੱਮਪੀਵੀ ਵਾਇਰਸ ਕੀ ਹੈ?
ਸਾਇੰਸ ਡਾਇਰੈਕਟ ਅਨੁਸਾਰ ਇਹ ਵਾਇਰਸ 200 ਤੋਂ 400 ਸਾਲ ਪਹਿਲਾਂ ਚਿੜੀਆਂ ਤੋਂ ਪੈਦਾ ਹੋਇਆ ਸੀ। ਉਸ ਸਮੇਂ ਤੋਂ ਲੈ ਕੇ ਇਹ ਵਾਇਰਸ ਵਾਰ-ਵਾਰ ਆਪਣੇ ਆਪ ਨੂੰ ਬਦਲ ਰਿਹਾ ਹੈ ਅਤੇ ਹੁਣ ਇਹ ਵਾਇਰਸ ਚਿੜੀਆਂ ਨੂੰ ਪ੍ਰਭਾਵਿਤ ਨਹੀਂ ਕਰ ਸਕਦਾ ਹੈ।
ਅਮਰੀਕੀ ਸਰਕਾਰ ਦੇ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀਡੀਸੀ) ਦੇ ਅਨੁਸਾਰ, ਇਸ ਦੀ ਮਨੁੱਖਾਂ ਵਿੱਚ ਖੋਜ ਸਾਲ 2001 ਵਿੱਚ ਹੋਈ ਸੀ। ਇਸ ਦਾ ਮਤਲਬ ਇਸ ਸਾਲ ਵਿੱਚ ਇਹ ਖੋਜ ਕੀਤੀ ਗਈ ਸੀ ਕਿ ਇਹ ਵਾਇਰਸ ਮਨੁੱਖਾਂ ਵਿੱਚ ਫੈਲਦਾ ਹੈ।
ਇਹ ਵਾਇਰਸ ਹਰ ਉਮਰ ਵਰਗ ਦੇ ਲੋਕਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਸ ਕਾਰਨ ਮਰੀਜ਼ ਨੂੰ ਬੁਖਾਰ, ਖੰਘ, ਨੱਕ ਬੰਦ ਹੋਣਾ ਅਤੇ ਸਾਹ ਲੈਣ ਵਿੱਚ ਤਕਲੀਫ਼ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਹਾਲਾਂਕਿ, ਜੇਕਰ ਲਾਗ ਵਧ ਜਾਂਦੀ ਹੈ, ਤਾਂ ਇਹ ਵਾਇਰਸ ਬ੍ਰੌਨਕਾਈਟਿਸ ਜਾਂ ਨਿਮੋਨੀਆ ਦਾ ਵੀ ਕਾਰਨ ਬਣ ਸਕਦਾ ਹੈ।
ਇਸ ਵਾਇਰਸ ਦੇ ਵੱਧਣ ਦਾ ਸਮਾਂ ਆਮ ਤੌਰ 'ਤੇ ਤਿੰਨ ਤੋਂ ਛੇ ਦਿਨ ਹੁੰਦਾ ਹੈ। ਪਰ ਬਿਮਾਰੀ ਦੀ ਮਿਆਦ ਘੱਟ ਜਾਂ ਵੱਧ ਹੋ ਸਕਦੀ ਹੈ। ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਲਾਗ ਕਿੰਨੀ ਗੰਭੀਰ ਹੈ।
ਐੱਚਐੱਮਪੀਵੀ ਕਿਵੇਂ ਫੈਲਦਾ ਹੈ?

ਤਸਵੀਰ ਸਰੋਤ, ANI
ਇਹ ਵਾਇਰਸ ਖੰਘ ਅਤੇ ਛਿੱਕ ਦੌਰਾਨ ਨਿਕਲਣ ਵਾਲੇ ਥੁੱਕ ਦੇ ਕਣਾਂ ਰਾਹੀਂ ਲੋਕਾਂ ਵਿੱਚ ਫੈਲਦਾ ਹੈ।
ਇਹ ਹੱਥ ਮਿਲਾਉਣ, ਜੱਫੀ ਪਾਉਣ ਜਾਂ ਇੱਕ ਦੂਜੇ ਨੂੰ ਛੂਹਣ ਨਾਲ ਵੀ ਫੈਲ ਸਕਦਾ ਹੈ।
ਜੇਕਰ ਖੰਘ ਜਾਂ ਛਿੱਕ ਕਾਰਨ ਥੁੱਕ ਦੇ ਕਣ ਕਿਸੇ ਸਤ੍ਹਾ 'ਤੇ ਡਿੱਗ ਗਏ ਹਨ ਅਤੇ ਉਸ ਜਗਾਂ ਨੂੰ ਛੂਹਣ ਤੋਂ ਬਾਅਦ ਤੁਸੀਂ ਹੱਥ ਨਾਲ ਆਪਣੇ ਚਿਹਰੇ, ਨੱਕ, ਅੱਖਾਂ ਜਾਂ ਮੂੰਹ ਨੂੰ ਛੂਹਦੇ ਹੋ, ਤਾਂ ਤੁਹਾਨੂੰ ਇਹ ਵਾਇਰਸ ਹੋ ਸਕਦਾ ਹੈ।
ਕਿਹੜੀਆਂ ਗੱਲਾਂ ਦਾ ਧਿਆਨ ਰੱਖੀਏ?
ਭਾਰਤੀ ਸਿਹਤ ਸੇਵਾਵਾਂ ਦੇ ਡਾਇਰੈਕਟਰ ਜਨਰਲ ਡਾ: ਅਤੁਲ ਗੋਇਲ ਅਨੁਸਾਰ ਐੱਮਐੱਮਪੀਵੀ ਵਾਇਰਸ ਦੇ ਵਿਅਕਤੀ ਜਾਂ ਜੇਕਰ ਕਿਸੇ ਨੂੰ ਜ਼ੁਕਾਮ ਹੈ ਤਾਂ ਉਸ ਤੋਂ ਲੋੜੀਦੀ ਦੂਰੀ ਬਣਾ ਕੇ ਰੱਖੋ
ਖੰਘਦੇ ਜਾਂ ਛਿੱਕਦੇ ਸਮੇਂ ਆਪਣੇ ਮੂੰਹ 'ਤੇ ਰੁਮਾਲ ਜਾਂ ਕੱਪੜਾ ਰੱਖੋ। ਖੰਘਣ ਅਤੇ ਛਿੱਕਣ ਲਈ ਵੱਖਰੇ ਰੁਮਾਲ ਜਾਂ ਤੌਲੀਏ ਦੀ ਵਰਤੋਂ ਕਰੋ ਅਤੇ ਫਿਰ ਕੁਝ ਘੰਟਿਆਂ ਬਾਅਦ ਸਾਬਣ ਨਾਲ ਧੋ ਦੇਵੋ।
ਜੇ ਤੁਹਾਨੂੰ ਜ਼ੁਕਾਮ ਹੈ, ਤਾਂ ਮਾਸਕ ਪਾਕੇ ਰੱਖੋ। ਘਰ ਵਿੱਚ ਰਹੋ ਅਤੇ ਆਰਾਮ ਕਰੋ।
ਅਮਰੀਕੀ ਸਰਕਾਰ ਦੇ ਸੀਡੀਸੀ ਦੇ ਮੁਤਾਬਕ ਘੱਟੋ-ਘੱਟ 20 ਸਕਿੰਟਾਂ ਲਈ ਸਾਬਣ ਅਤੇ ਪਾਣੀ ਨਾਲ ਹੱਥ ਧੋਵੋ।
ਆਪਣੇ ਬਰਤਨ, (ਕੱਪ, ਪਲੇਟ ਜਾਂ ਚਮਚੇ) ਨੂੰ ਇੱਕ ਦੂਜੇ ਨਾਲ ਸਾਂਝਾ ਨਾ ਕਰੋ
ਇਸ ਵਾਇਰਸ ਲਈ ਨਾ ਤਾਂ ਕੋਈ ਵਿਸ਼ੇਸ਼ ਐਂਟੀ-ਵਾਇਰਲ ਦਵਾਈ ਅਤੇ ਨਾ ਹੀ ਕੋਈ ਟੀਕਾ ਹੀ ਹੈ।
ਡਾਕਟਰਾਂ ਦਾ ਕਹਿਣਾ ਹੈ ਕਿ ਇਸ ਦੇ ਲਈ ਆਮ ਤੌਰ 'ਤੇ ਜ਼ੁਕਾਮ ਅਤੇ ਬੁਖਾਰ ਦੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਹਨ।
ਪਰ ਇਹ ਵਾਇਰਸ ਪਹਿਲਾ ਹੀ ਸਾਹ ਦੀ ਕਿਸੇ ਬੀਮਾਰੀ ਨਾਲ ਜੂਝ ਰਹੇੇ ਵਿਅਕਤੀ ਲਈ ਮੁਸ਼ਕਿਲ ਪੈਦਾ ਕਰ ਸਕਦਾ ਹੈ। ਅਜਿਹੇ 'ਚ ਡਾਕਟਰ ਦੀ ਸਲਾਹ ਜ਼ਰੂਰ ਲਓ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












