ਅਮਰੀਕਾ 'ਚ ਡੰਕੀ ਲਾ ਕੇ ਪਹੁੰਚੇ ਨੌਜਵਾਨਾਂ ਦੇ ਪਰਿਵਾਰ ਹੁਣ ਡਿਪੋਰਟ ਹੋਣ ਤੋਂ ਬਚਣ ਦੇ ਕਿਹੜੇ ਰਾਹ ਲੱਭ ਰਹੇ ਹਨ

    • ਲੇਖਕ, ਬਰਿੰਦਰ ਸਿੰਘ
    • ਰੋਲ, ਬੀਬੀਸੀ ਪੱਤਰਕਾਰ

"ਹਾਲੇ ਤਿੰਨ ਮਹੀਨੇ ਪਹਿਲਾਂ ਹੀ 40 ਲੱਖ ਲਾ ਕੇ ਅਮਰੀਕਾ ਭੇਜਿਆ ਸੀ, ਸਾਨੂੰ ਬਹੁਤ ਡਰ ਲੱਗ ਰਿਹਾ ਹੈ, ਉਸਦਾ ਹੁਣ ਕੀ ਬਣੇਗਾ, ਉਹ ਤਾਂ ਡਰਦਾ ਬਾਹਰ ਵੀ ਨਹੀਂ ਨਿਕਲ ਰਿਹਾ ਕੰਮ ਤਾਂ ਕੀ ਕਰਨਾ ਹੁਣ।"

ਇਹ ਸਹਿਮ ਭਰੇ ਬੋਲ ਸਰਬਜੀਤ (ਕਾਲਪਨਿਕ ਨਾਮ) ਦੀ ਭੈਣ ਦੇ ਹਨ, ਜਿਨ੍ਹਾਂ ਨੇ ਆਪਣੇ ਭਰਾ ਨੂੰ ਕੁਝ ਸਮਾਂ ਪਹਿਲਾਂ ਹੀ ਏਜੰਟ ਨੂੰ ਲੱਖਾਂ ਰੁਪਏ ਦੇ ਕੇ ਅਮਰੀਕਾ ਭੇਜਿਆ ਸੀ।

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਅਮਰੀਕਾ ਵਿੱਚ ਰਹਿ ਰਹੇ ਗੈਰ-ਕਾਨੂੰਨੀ ਪਰਵਾਸੀਆਂ ਖ਼ਿਲਾਫ਼ ਸ਼ੁਰੂ ਕੀਤੀ ਮੁਹਿੰਮ ਤੋਂ ਬਾਅਦ ਪੰਜਾਬ ਦੇ ਕਈ ਘਰਾਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ।

ਅਮਰੀਕਾ ਵਿੱਚ ਬਿਨਾਂ ਦਸਤਾਵੇਜ਼ਾਂ ਤੋਂ ਰਹਿ ਰਹੇ ਗੈਰ-ਕਾਨੂੰਨੀ ਪਰਵਾਸੀਆਂ ਨੂੰ ਅਮਰੀਕਾ ਦੀ ਫੌਜ ਦਾ ਜਹਾਜ਼ ਬੀਤੇ ਦਿਨ 5 ਫਰਵਰੀ ਨੂੰ ਅੰਮ੍ਰਿਤਸਰ ਲੈ ਕੇ ਪੁੱਜਾ ਹੈ। ਇਨ੍ਹਾਂ ਵਿੱਚ ਕਈ ਨੌਜਵਾਨ ਪੰਜਾਬ ਦੇ ਰਹਿਣ ਵਾਲੇ ਹਨ।

ਡੌਨਲਡ ਟਰੰਪ ਦੀ ਇਸ ਕਾਰਵਾਈ ਦੀ ਜਿੱਥੇ ਨਿੰਦਾ ਕੀਤੀ ਜਾ ਰਹੀ ਹੈ, ਉਥੇ ਹੀ ਆਪਣੇ ਬੱਚਿਆਂ ਨੂੰ ਅਮਰੀਕਾ ਭੇਜਣ ਵਾਲੇ ਪਰਿਵਾਰ ਸਹਿਮੇ ਹੋਏ ਹਨ।

ਹਾਲਾਂਕਿ, ਭਾਰਤ ਵਿੱਚ ਅਮਰੀਕੀ ਐਂਬੈਸੀ ਦੇ ਬੁਲਾਰੇ ਨੇ ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਨੂੰ ਦੱਸਿਆ, "ਅਸੀਂ ਡਿਪੋਰਟ ਹੋਏ ਬੰਦਿਆਂ ਦੀ ਫਲਾਈਟ ਬਾਰੇ ਹੋਰ ਜਾਣਕਾਰੀ ਤਾਂ ਸਾਂਝੀ ਨਹੀਂ ਕਰ ਸਕਦੇ ਹਾਂ। ਅਮਰੀਕਾ ਦੇ ਪਰਵਾਸ ਨਾਲ ਜੁੜੇ ਕਾਨੂੰਨਾਂ ਨੂੰ ਲਾਗੂ ਕਰਨਾ ਅਮਰੀਕਾ ਦੀ ਕੌਮੀ ਸੁਰੱਖਿਆ ਤੇ ਲੋਕਾਂ ਦੀ ਭਲਾਈ ਲਈ ਜ਼ਰੂਰੀ ਹੈ। ਗੈਰ-ਕਾਨੂੰਨੀ ਤਰੀਕੇ ਨਾਲ ਦਾਖਿਲ ਹੋਏ ਲੋਕਾਂ ਖਿਲਾਫ਼ ਕਾਨੂੰਨ ਦੀ ਪਾਲਣਾ ਕਰਨਾ ਅਮਰੀਕਾ ਦੀ ਨੀਤੀ ਹੈ।"

ਬੀਬੀਸੀ ਨੇ ਉਨ੍ਹਾਂ ਕੁਝ ਨੌਜਵਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਗੱਲਬਾਤ ਕੀਤੀ ਹੈ, ਜੋ ਕੁਝ ਸਮਾਂ ਪਹਿਲਾਂ ਹੀ ਅਮਰੀਕਾ ਗਏ ਹਨ।

ਕਰਜ਼ ਵਿੱਚ ਡੁੱਬੇ ਪਰਿਵਾਰਾਂ ਦੀ ਚਿੰਤਾ

ਲੁਧਿਆਣਾ ਜ਼ਿਲ੍ਹੇ ਦੇ ਇੱਕ ਪਿੰਡ ਦਾ ਨੌਜਵਾਨ ਤਿੰਨ ਮਹੀਨੇ ਪਹਿਲਾਂ ਹੀ ਅਮਰੀਕਾ ਗਿਆ ਹੈ। ਉਸ ਦੀ ਉਮਰ ਕਰੀਬ 33 ਸਾਲ ਹੈ। ਉਸ ਦਾ ਇੱਕ ਸੱਤ ਸਾਲ ਦਾ ਲੜਕਾ ਹੈ ਅਤੇ 20 ਦਿਨ ਪਹਿਲਾਂ ਹੀ ਉਸ ਦੀ ਪਤਨੀ ਨੇ ਇੱਕ ਬੱਚੀ ਨੂੰ ਜਨਮ ਦਿੱਤਾ।

ਸਾਰਾ ਪਰਿਵਾਰ ਅਜੇ ਘਰ ਵਿੱਚ ਆਏ ਨਵੇਂ ਜੀਅ ਦੀ ਖੁਸ਼ੀ ਮਨਾ ਰਿਹਾ ਸੀ ਕਿ ਅਮਰੀਕਾ ਵੱਲੋਂ ਕੀਤੀ ਤਾਜ਼ਾ ਕਾਰਵਾਈ ਨੇ ਉਨ੍ਹਾਂ ਨੂੰ ਚਿੰਤਾ ਵਿੱਚ ਡੋਬ ਦਿੱਤਾ।

ਸਰਬਜੀਤ (ਕਾਲਪਨਿਕ ਨਾਮ) ਦੀ ਭੈਣ ਨੇ ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ ਉਪਰ ਬੀਬੀਸੀ ਨਾਲ ਖਾਸ ਗੱਲਬਾਤ ਕੀਤੀ ਹੈ।

ਬੀਤੇ ਦਿਨ ਅੰਮ੍ਰਿਤਸਰ ਦੇ ਹਵਾਈ ਅੱਡੇ ਉਪਰ ਪੁੱਜੇ ਭਾਰਤੀ ਲੋਕਾਂ ਨੂੰ ਦੇਖ ਕੇ ਸਾਰਾ ਪਰਿਵਾਰ ਡੂੰਘੀ ਚਿੰਤਾ ਵਿੱਚ ਹੈ ਤੇ ਸਹਿਮਿਆ ਹੋਇਆ ਹੈ।

ਸਰਬਜੀਤ ਦੀ ਭੈਣ ਦਾ ਕਹਿਣਾ ਹੈ, "ਸਾਡੇ ਲਈ ਤਾਂ ਜਾਨ 'ਤੇ ਬਣ ਆਈ ਹੈ, ਜੇ ਉਸ ਨੂੰ ਵੀ ਡਿਪੋਰਟ ਕਰਤਾ ਅਸੀਂ ਤਾਂ ਕਿਸੇ ਜੋਗੇ ਨਹੀਂ ਰਹਿਣਾ। ਅਸੀਂ ਕਰਜ਼ ਲੈ ਕੇ ਉਸ ਨੂੰ ਅਮਰੀਕਾ ਭੇਜਿਆ ਹੈ। ਦੋ ਦਿਨ ਪਹਿਲਾਂ ਹੀ ਵੀਰੇ ਨਾਲ ਗੱਲ ਹੋਈ ਸੀ, ਉਹ ਬਹੁਤ ਡਰਿਆ ਹੋਇਆ ਹੈ।"

ਅਮਰੀਕਾ ਸਰਕਾਰ ਦੀ ਕਾਰਵਾਈ ਤੋਂ ਬਾਅਦ ਉਥੇ ਗਏ ਨੌਜਵਾਨ ਆਪਣੇ ਭਵਿੱਖ ਨੂੰ ਲੈ ਕੇ ਸੋਚੀ ਪਏ ਹੋਏ ਹਨ। ਉਨ੍ਹਾਂ ਵਿੱਚ ਡਰ ਇਸ ਕਦਰ ਹੈ ਕਿ ਉਹ ਘਰੋਂ ਬਾਹਰ ਪੈਰ ਨਹੀਂ ਧਰ ਰਹੇ।

ਸਰਬਜੀਤ ਦੀ ਭੈਣ ਨੇ ਦੱਸਿਆ, "ਮੇਰਾ ਵੀਰ ਇਸ ਹੱਦ ਤੱਕ ਡਰਿਆ ਹੋਇਆ ਹੈ ਕਿ ਉਹ ਘਰ ਤੋਂ ਬਾਹਰ ਕੁਝ ਲੈਣ ਲਈ ਵੀ ਨਹੀਂ ਨਿਕਲ ਰਿਹਾ। ਉਸ ਨੇ ਉੱਥੇ ਜਾ ਕੇ ਸਿਰਫ ਇੱਕ ਮਹੀਨਾ ਕੰਮ ਕੀਤਾ, ਹੁਣ ਉਹ ਵੀ ਨਹੀਂ ਕਰ ਰਿਹਾ।"

ਅਮਰੀਕਾ ਤੋਂ ਕੈਨੇਡਾ ਦਾ ਰਾਹ ਦੇਖਣ ਲੱਗੇ ਨੌਜਵਾਨ

40 ਤੋਂ 50 ਲੱਖ ਰੁਪਏ ਲਾ ਕੇ ਅਮਰੀਕਾ ਪੁੱਜੇ ਨੌਜਵਾਨ ਅਮਰੀਕਾ ਸਰਕਾਰ ਦੀ ਕਾਰਵਾਈ ਤੋਂ ਇੰਨਾ ਜ਼ਿਆਦਾ ਡਰ ਗਏ ਹਨ ਕਿ ਉਹ ਕੈਨੇਡਾ ਨੂੰ ਆਪਣੀ ਅਗਲੀ ਪਨਾਹ ਵਜੋਂ ਦੇਖਣ ਲੱਗੇ ਹਨ।

ਇੱਕ ਹੋਰ ਪਰਿਵਾਰ ਨੇ ਬੀਬੀਸੀ ਨਾਲ ਗੱਲਬਾਤ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਉਨ੍ਹਾਂ ਦੇ ਦੋ ਬੱਚੇ ਅਮਰੀਕਾ ਗਏ ਸਨ ਪਰ ਉੱਥੇ ਵਿਗੜੇ ਮਾਹੌਲ ਕਾਰਨ ਉਹ ਹੁਣ ਉਨ੍ਹਾਂ ਨੂੰ ਕੈਨੇਡਾ ਵੱਲ ਤੋਰਨ ਲਈ ਮਜਬੂਰ ਹੋ ਰਹੇ ਹਨ।

ਇਕ ਪਰਿਵਾਰਕ ਮੈਂਬਰ ਨੇ ਦੱਸਿਆ, "ਅਮਰੀਕਾ ਵਿੱਚ ਹੁਣ ਹਾਲਾਤ ਠੀਕ ਨਹੀਂ ਹਨ, ਅਸੀਂ ਆਪਣੇ ਬੱਚੇ ਕਿਸੇ ਨਾ ਕਿਸੇ ਤਰੀਕੇ ਕੈਨੇਡਾ ਵਿੱਚ ਭੇਜਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਕਰਜ਼ਾ ਚੁੱਕ ਕੇ ਇੰਨੇ ਲੱਖ ਰੁਪਏ ਲਾ ਕੇ ਉਨ੍ਹਾਂ ਨੂੰ ਅਮਰੀਕਾ ਭੇਜਿਆ, ਹੁਣ ਇੰਡੀਆ ਆ ਕੇ ਕੁਝ ਸੰਵਰਨਾ ਨਹੀਂ, ਇਸ ਲਈ ਉਨ੍ਹਾਂ ਨੂੰ ਕੈਨੇਡਾ ਭੇਜਣ ਦਾ ਰਾਹ ਲੱਭ ਰਹੇ ਹਾਂ।"

"ਡਿਟੈਂਸ਼ਨ ਸੈਂਟਰਾਂ ਵਿੱਚ ਲੰਬੇ ਸਮੇਂ ਤੋਂ ਕੈਦ ਹਨ ਕਈ ਨੌਜਵਾਨ"

ਮੁਹਾਲੀ ਜ਼ਿਲ੍ਹੇ ਦਾ ਇੱਕ ਨੌਜਵਾਨ ਦੋ ਮਹੀਨੇ ਪਹਿਲਾਂ ਹੀ 'ਬਾਰਡਰ ਟੱਪ ਕੇ' ਅਮਰੀਕਾ ਪੁੱਜਾ ਹੈ। ਉਸ ਨੇ ਆਪਣੀ ਪਛਾਣ ਗੁਪਤ ਰੱਖਣ 'ਤੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਅਮਰੀਕਾ ਵਿਚਲੀ ਸਥਿਤੀ ਉਪਰ ਗੱਲਬਾਤ ਕੀਤੀ ਹੈ।

ਦਿਲਪ੍ਰੀਤ ਸਿੰਘ (ਕਾਲਪਨਿਕ ਨਾਮ) ਨੇ ਦੱਸਿਆ ਕਿ ਉਹ ਵੇਅਤਨਾਮ ਵਾਇਆ ਮੈਕਸਿਕੋ ਰਾਹੀਂ ਡੰਕੀ ਲਗਾ ਕੇ ਅਮਰੀਕਾ ਪੁੱਜਾ ਹੈ।

ਉਨ੍ਹਾਂ ਨੇ ਦੱਸਿਆ, "ਮੈਨੂੰ ਅਮਰੀਕਾ ਪਹੁੰਚਾਉਣ ਲਈ ਏਜੰਟ ਨੇ ਮੇਰੇ ਤੋਂ 60 ਲੱਖ ਰੁਪਏ ਲਏ ਸਨ। ਉਸ ਨੇ ਮੈਨੂੰ ਇੱਕ ਮਹੀਨੇ ਵਿੱਚ ਅਮਰੀਕਾ ਪਹੁੰਚਾਉਣ ਦਾ ਵਾਅਦਾ ਕੀਤਾ ਸੀ ਤੇ ਮੈਂ ਅਮਰੀਕਾ ਪਹੁੰਚ ਗਿਆ। ਡੌਂਕਰਾਂ ਨੇ ਮੈਨੂੰ ਮੈਕਸਿਕੋ ਦੇ ਸ਼ਹਿਰ ਮੈਕਸੀਕਲੀ ਤੋਂ ਬਾਰਡਰ ਟਪਾ ਦਿੱਤਾ ਸੀ।"

"ਬਾਰਡਰ ਟੱਪਣ ਮਗਰੋਂ ਮੈਨੂੰ ਅਮਰੀਕੀ ਪੁਲਿਸ ਡਿਟੈਂਸ਼ਨ ਸੈਂਟਰ ਲੈ ਗਈ, ਜਿਥੇ ਮੈਂ 21 ਦਿਨ ਲਈ ਰਿਹਾ। ਇਸ ਤੋਂ ਬਾਅਦ ਮੈਨੂੰ ਉਨ੍ਹਾਂ ਨੇ ਅਮਰੀਕਾ ਜਾਣ ਦੀ ਇਜਾਜ਼ਤ ਦੇ ਦਿੱਤੀ ਸੀ।"

ਉਹ ਦੱਸਦੇ ਹਨ, "ਮੈਨੂੰ ਡਿਟੈਂਸ਼ਨ ਸੈਂਟਰ ਅੰਦਰ ਕਈ ਅਜਿਹੇ ਨੌਜਵਾਨ ਵੀ ਮਿਲੇ ਜੋ ਕਰੀਬ ਦੋ ਸਾਲਾਂ ਤੋਂ ਅੰਦਰ ਹੀ ਬੰਦ ਹਨ। ਯੂਐੱਸ ਇੰਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਦੀ ਟੀਮ ਨਾ ਤਾਂ ਉਨ੍ਹਾਂ ਨੂੰ ਡਿਪੋਰਟ ਕਰਦੀ ਹੈ ਤੇ ਨਾ ਹੀ ਉਨ੍ਹਾਂ ਨੂੰ ਅਮਰੀਕਾ ਜਾਣ ਦੀ ਇਜਾਜ਼ਤ ਦਿੰਦੀ ਹੈ।"

"ਉਹ ਨੌਜਵਾਨ ਸਿਹਤ ਦੇ ਨਾਲ-ਨਾਲ ਮਾਨਸਿਕ ਤੌਰ 'ਤੇ ਵੀ ਬਹੁਤ ਕਮਜ਼ੋਰ ਹੋ ਚੁੱਕੇ ਹਨ, ਜਿਨ੍ਹਾਂ ਦੀ ਰਾਤ ਤੇ ਸਵੇਰ ਰੋ ਕੇ ਗੁਜ਼ਰਦੀ ਹੈ।"

"ਡਿਪੋਰਟ ਪਹਿਲਾਂ ਵੀ ਹੁੰਦੇ ਸੀ"

ਇੰਮੀਗ੍ਰੇਸ਼ਨ ਮਾਹਿਰ ਰਛਪਾਲ ਸਿੰਘ ਸੋਸਣ ਨੇ ਬੀਬੀਸੀ ਨਾਲ ਖਾਸ ਗੱਲਬਾਤ ਕਰਦਿਆਂ ਦੱਸਿਆ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੋਅ ਬਾਇਡਨ ਦੇ ਕਾਰਜਕਾਲ ਵਿੱਚ ਇੱਕ ਲੱਖ ਤੋਂ ਵੱਧ ਲੋਕ ਡਿਪੋਰਟ ਕੀਤੇ ਗਏ ਸਨ।

ਉਨ੍ਹਾਂ ਦਾ ਕਹਿਣਾ ਹੈ ਕਿ ਅਮਰੀਕਾ ਗੈਰ-ਕਾਨੂੰਨੀ ਪਰਵਾਸੀਆਂ ਨੂੰ ਪਹਿਲਾਂ ਵੀ ਡਿਪੋਰਟ ਕਰਦਾ ਰਿਹਾ ਹੈ ਪਰ ਟਰੰਪ ਸਰਕਾਰ ਨੇ ਅਮਰੀਕਾ ਵਿੱਚ ਰਹਿ ਰਹੇ ਗੈਰ-ਕਾਨੂੰਨੀ ਪਰਵਾਸੀਆਂ ਨੂੰ ਫੌਜ ਦੇ ਜਹਾਜ਼ ਵਿੱਚ ਉਨ੍ਹਾਂ ਨੂੰ ਦੇਸ਼ ਨਿਕਾਲਾ ਦੇ ਕੇ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਹੈ।

ਰਛਪਾਲ ਦੱਸਦੇ ਹਨ ਕਿ ਡੰਕੀ ਰਾਹੀਂ ਪਹੁੰਚੇ ਜਿਹੜੇ ਲੋਕਾਂ ਨੇ ਅਮਰੀਕਾ ਵਿੱਚ ਲੀਗਲ ਬੌਂਡ ਭਰ ਕੇ ਸ਼ਰਣ ਲੈ ਲਈ ਹੈ, ਉਨ੍ਹਾਂ ਨੂੰ ਹਾਲ ਦੀ ਘੜੀ ਡਿਪੋਰਟ ਨਹੀਂ ਕੀਤਾ ਜਾ ਰਿਹਾ।

ਉਨ੍ਹਾਂ ਇਹ ਵੀ ਕਿਹਾ ਕਿ ਜਿਸ ਹਿਸਾਬ ਨਾਲ ਡੌਲਨਡ ਟਰੰਪ ਗੈਰ-ਕਾਨੂੰਨੀ ਪਰਵਾਸੀਆਂ ਖ਼ਿਲਾਫ਼ ਕਾਰਵਾਈ ਕਰ ਰਹੇ ਹਨ ਤਾਂ ਆਉਣ ਵਾਲੇ ਸਮੇਂ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।

ਪਿਛਲੇ ਸਾਲ ਅਮਰੀਕਾ ਗਏ ਫਤਹਿਗੜ੍ਹ ਸਾਹਿਬ ਦੇ ਇੱਕ ਨੌਜਵਾਨ ਨੇ ਦੱਸਿਆ ਕਿ ਉਨ੍ਹਾਂ ਕੋਲ ਕਾਨੂੰਨੀ ਦਸਤਾਵੇਜ਼ ਹਨ ਤੇ ਉਹ ਕੰਮ ਵੀ ਕਰ ਰਹੇ ਹਨ ਪਰ ਨਿਊ ਯਾਰਕ ਵਾਲੇ ਖੇਤਰ ਵਿੱਚ ਪੁਲਿਸ ਨੇ ਛਾਪੇ ਮਾਰ ਕੇ ਉਨ੍ਹਾਂ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਸੀ, ਜਿਨ੍ਹਾਂ ਕੋਲ ਦਸਤਾਵੇਜ਼ ਨਹੀਂ ਸਨ।

ਟਰੰਪ ਦੀ ਕਾਰਵਾਈ ਨੂੰ ਉਹ ਗਲਤ ਠਹਿਰਾਉਂਦੇ ਹੋਏ ਕਹਿੰਦੇ ਹਨ ਕਿ ਜੋ ਪੰਜਾਬੀ ਇਥੇ ਰਹਿ ਕੇ ਕੰਮ ਕਰ ਰਿਹਾ ਹੈ, ਉਹ ਅਮਰੀਕਾ ਦੀ ਅਰਥਵਿਵਸਥਾ ਵਿੱਚ ਵੀ ਟੈਕਸ ਅਦਾ ਕਰ ਕੇ ਯੋਗਦਾਨ ਪਾ ਰਿਹਾ ਹੈ। ਅਮਰੀਕਾ ਦੀ ਸਰਕਾਰ ਨੂੰ ਪਰਵਾਸੀਆਂ ਨੂੰ ਵੀ ਆਪਣਾ ਸਮਝ ਕੇ ਉਨ੍ਹਾਂ ਲਈ ਸੁਖਾਲੇ ਰਾਹ ਆਪਣਾਉਣੇ ਚਾਹੀਦੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)