'ਸਾਡਾ ਪੈਸਾ ਵਾਪਸ ਕਰ ਦਿਓ, ਸਾਰਾ ਨਹੀਂ ਤਾਂ ਅੱਧਾ ਹੀ ਸਹੀ' ਅਮਰੀਕਾ ਤੋਂ ਡਿਪੋਰਟ ਹੋਏ ਪੰਜਾਬੀਆਂ ਦੇ ਮਾਪੇ ਜਦੋਂ ਫੁੱਟ-ਫੁੱਟ ਰੋਏ

ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਦੇ 18 ਸਾਲਾ ਖੁਸ਼ਪ੍ਰੀਤ ਸਿੰਘ ਨੇ ਅਜੇ 22 ਜਨਵਰੀ ਨੂੰ ਅਮਰੀਕਾ ਦੀ ਧਰਤੀ ਉੱਤੇ ਪੈਰ ਰੱਖਿਆ ਸੀ ਪਰ 5 ਫਰਵਰੀ ਨੂੰ ਭਾਰਤ ਪਹੁੰਚਣ ਵਾਲੇ ਭਾਰਤੀਆਂ ਵਿੱਚ ਉਹ ਵੀ ਸ਼ਾਮਲ ਸਨ।

ਪੰਜਾਬ ਸਰਹੱਦ ਨਾਲ ਲੱਗਦੇ ਇੱਕ ਪਿੰਡ ਦੇ ਰਹਿਣ ਵਾਲੇ ਖੁਸ਼ਪ੍ਰੀਤ 6 ਮਹੀਨੇ ਪਹਿਲਾਂ 45 ਲੱਖ ਖਰਚ ਕਰ ਕੇ ਘਰੋਂ ਅਮਰੀਕਾ ਵੱਲ ਤੁਰੇ ਸਨ।

ਖੁਸ਼ਪ੍ਰੀਤ ਸਿੰਘ ਦੇ ਪਿਤਾ ਨੇ ਆਪਣੀ ਜ਼ਮੀਨ, ਘਰ, ਪਸ਼ੂਆਂ, ਸਭ ʼਤੇ ਲੋਨ ਲੈ ਕੇ ਉਨ੍ਹਾਂ ਨੂੰ ਅਮਰੀਕਾ ਭੇਜਿਆ ਸੀ ਪਰ ਉਨ੍ਹਾਂ ਦੀ ਕਿਸਮਤ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ।

ਖੁਸ਼ਪ੍ਰੀਤ ਸਿੰਘ ਦੱਸਦੇ ਹਨ ਕਿ ਉਹ 22 ਜਨਵਰੀ ਨੂੰ ਸਰਹੱਦ ਪਾਰ ਕਰ ਗਏ ਸਨ ਅਤੇ 2 ਫਰਵਰੀ ਨੂੰ ਉਨ੍ਹਾਂ ਵਾਪਸ ਭੇਜ ਦਿੱਤਾ ਸੀ।

ਦਰਅਸਲ, 5 ਫਰਵਰੀ ਨੂੰ 104 ਗ਼ੈਰ-ਕਾਨੂੰਨੀ ਤੌਰ ʼਤੇ ਅਮਰੀਕਾ ਵਿੱਚ ਰਹਿ ਰਹੇ ਭਾਰਤੀ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਏਅਰਪੋਰਟ ʼਤੇ ਪਹੁੰਚੇ ਸਨ।

ਖੁਸ਼ਪ੍ਰੀਤ ਸਲਾਹ ਦਿੰਦੇ ਹਨ ਕਿ ਇਸ ਤਰ੍ਹਾਂ ਨਹੀਂ ਜਾਣਾ ਚਾਹੀਦਾ। "ਪਾਣੀ ਪੀ ਜਾਓ ਜੰਗਲ ਪਾਰ ਕਰੀ ਜਾਓ। ਜਿਹੜਾ ਸਹਾਰਾ ਤੋੜ ਗਿਆ ਉਸ ਨੂੰ ਪਿੱਛੇ ਮੁੜ ਦੇਖਣਾ ਵੀ ਨਹੀਂ ਹੁੰਦਾ ਬਸ ਆਪਣਾ ਤੁਰੀ ਜਾਓ।"

"ਜਿਹੜਾ ਤਾਂ ਡੰਕਰ ਨਾਲ ਪੈਰ ਨਾਲ ਪੈਰ ਮਿਲਾਉਂਦਾ ਸੀ ਉਹੀ ਪਾਰ ਹੋ ਸਕਦਾ ਹੈ ਜੋ ਪਿੱਛੇ ਰਹਿ ਜਾਂਦਾ ਹੈ ਉਹ ਰਹਿ ਹੀ ਜਾਂਦਾ ਹੈ।"

"ਸਾਨੂੰ 12 ਦਿਨ ਕੈਂਪ ਵਿੱਚ ਰੱਖਿਆ ਅਤੇ ਉਨ੍ਹਾਂ ਨੇ ਪਹਿਲੇ ਦਿਨ ਹੀ ਸਾਨੂੰ ਕਹਿ ਦਿੱਤਾ ਸੀ ਤੁਹਾਨੂੰ ਭਾਰਤ ਵਾਪਸ ਭੇਜ ਦਿਆਂਗੇ ਪਰ ਸਾਨੂੰ ਲੱਗਾ ਸਾਡੇ ਨਾਲ ਮਜ਼ਾਕ ਕਰ ਰਹੇ ਹਨ। ਉਹ ਗੰਭੀਰ ਸਨ ਪਰ ਅਸੀਂ ਮਜ਼ਾਕ ਵਿੱਚ ਲੈ ਰਹੇ ਸਾਂ।"

"ਫਿਰ ਸਾਨੂੰ ਜਦੋਂ ਹੱਥ ਕੜੀਆਂ ਲਗਾਈਆਂ ਤਾਂ ਅਸੀਂ ਗੰਭੀਰ ਹੋ ਗਏ। ਪਹਿਲਾਂ ਸਾਨੂੰ ਦੱਸਿਆ ਕਿ ਵੈਲਕਮ ਸੈਂਟਰ ਲੈ ਕੇ ਜਾ ਰਹੇ ਹਨ। ਸਾਨੂੰ ਲੱਗਾ ਚਲੋ ਉੱਥੇ ਰਿਲੀਜ਼ ਹੋ ਜਾਵਾਂਗੇ ਪਰ ਜਦੋਂ ਉਤਰ ਕੇ ਦੇਖਿਆ ਤਾਂ ਸਾਹਮਣੇ ਫੌਜ ਦਾ ਜਹਾਜ਼ ਖੜ੍ਹਾ ਸੀ।"

"ਹੁਣ ਆਸ ਹੈ ਕਿ ਸਾਡਾ ਪੈਸਾ ਵਾਪਸ ਮਿਲ ਜਾਏ ਤਾਂ ਇੱਥੇ ਕੋਈ ਕੰਮ ਕਰ ਲਵਾਂਗੇ। ਪਰ ਹੁਣ ਬਾਹਰ ਦਾ ਮੂੰਹ ਨਹੀਂ ਦੇਖਾਂਗੇ, ਦੇਖ ਆਏ ਬਾਹਰ ਜਾ ਕੇ ਵੀ।"

ਖੁਸ਼ਪ੍ਰੀਤ ਸਿੰਘ ਦੇ ਪਿਤਾ ਇਸ ਵੇਲੇ ਬਹੁਤ ਜ਼ਿਆਦਾ ਭਾਵੁਕ ਨਜ਼ਰ ਆਏ। ਉਨ੍ਹਾਂ ਨੇ ਰੋਂਦਿਆਂ ਹੋਇਆ ਅਪੀਲ ਕੀਤੀ, "ਸਾਡਾ ਪੈਸਾ ਵਾਪਸ ਕਰ ਦਿਓ। ਸਾਰਾ ਨਹੀਂ ਤਾਂ ਅੱਧਾ ਹੀ ਸਹੀ।"

ʻਅਸੀਂ ਰਸਤੇ ਵਿੱਚ ਲਾਸ਼ਾਂ ਵੀ ਦੇਖੀਆਂʼ

ਟਾਂਡਾ ਉੜਮੁੜ ਦੇ ਸੁਖਪਾਲ ਸਿੰਘ ਮੁਤਾਬਕ ਉਹ ਵੀ ਜੰਗਲਾਂ ਅਤੇ ਸਮੁੰਦਰਾਂ ਵਿੱਚ ਲੰਘਦੇ ਹੋਏ ਅਮਰੀਕਾ ਪਹੁੰਚੇ ਸਨ।

ਬੀਬੀਸੀ ਸਹਿਯੋਗੀ ਪ੍ਰਦੀਪ ਸ਼ਰਮਾ ਦੀ ਰਿਪੋਰਟ ਮੁਤਾਬਕ ਸੁਖਪਾਲ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਘਰੋਂ ਨਿਕਲਿਆ ਨੂੰ 4 ਮਹੀਨੇ ਹੋ ਗਏ ਸਨ।

ਔਕੜਾਂ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ, "ਮੇਰੀ ਹੱਥ ਜੋੜ ਕੇ ਸਾਰਿਆਂ ਅੱਗੇ ਬੇਨਤੀ ਹੈ ਕਿ ਦੋ ਨੰਬਰ ਜਾਂ ਬਿਲਕੁਲ ਨਾ ਕੋਈ ਜਾਵੇ। ਇੱਥੇ ਥੋੜ੍ਹੀ ਖਾ ਲਓ, ਉੱਥੇ ਨਾ ਖਾਣ ਨੂੰ ਮਿਲਦਾ, ਪੈਸੇ ਖੋਹ ਲੈਂਦੇ ਹਨ, ਨਾ ਸੁਰੱਖਿਆ ਮਿਲਦੀ ਹੈ।"

"ਸਾਨੂੰ ਪਹਿਲਾਂ ਇਟਲੀ ਲੈ ਕੇ ਗਏ। ਉੱਥੇ ਕੋਈ ਨਹੀਂ ਪੁੱਛਦਾ। ਲੈਟਿਨ ਅਮਰੀਕਾ ਪਹੁੰਚਾ ਦਿੰਦੇ ਹਨ। 15 ਕੁ ਘੰਟੇ ਬੇੜੀ ਵਿੱਚ ਲੈ ਕੇ ਗਏ। 45 ਕਿਲੋਮੀਟਰ ਪੈਦਲ ਚੱਲੇ ਹਾਂ ਪਹਾੜਾਂ ʼਤੇ, ਜਿਹੜੇ ਡਿੱਗ ਜਾਂਦਾ ਉਸ ਨੂੰ ਉੱਥੇ ਛੱਡ ਦਿੰਦੇ ਹਨ। ਅਸੀਂ ਰਸਤੇ ʼਚ ਕਈ ਲਾਸ਼ਾਂ ਦੇਖੀਆਂ ਹਨ।"

ਉਨ੍ਹਾਂ ਵਾਂਗ ਹੀ ਦਸੂਹਾ ਦੇ ਹਰਵਿੰਦਰ ਸਿੰਘ ਦੀ ਕਹਾਣੀ ਵੀ ਕੁਝ ਅਜਿਹੀ ਹੈ। ਹਰਵਿੰਦਰ ਦੱਸਦੇ ਹਨ ਉਨ੍ਹਾਂ ਪਹਿਲਾਂ ਦਿੱਲੀ ਤੋਂ ਕਤਰ ਅਤੇ ਕਤਰ ਤੋਂ ਬ੍ਰਾਜ਼ੀਲ ਲੈ ਕੇ ਗਏ।

"ਬ੍ਰਾਜ਼ੀਲ ਮੈਂ ਦੋ ਦਿਨ ਹੋਟਲ ਵਿੱਚ ਰਿਹਾ। ਫਿਰ ਮੈਨੂੰ ਕਹਿੰਦੇ ਕਿ ਪੇਰੂ ਤੋਂ ਤੁਹਾਡੀ ਫਲਾਈਟ ਹੈ। ਪੇਰੂ ਤੱਕ ਅਸੀਂ ਬੱਸਾਂ ʼਤੇ ਗਏ ਪਰ ਉੱਥੇ ਕੋਈ ਫਲਾਈਟ ਨਹੀਂ ਸੀ। ਅਸੀਂ ਉਥੋਂ ਅੱਗੇ ਟੈਕਸੀਆਂ ਰਾਹੀਂ ਗਏ ਹਾਂ।"

ਹਰਵਿੰਦਰ ਸਿੰਘ ਦੱਸਦੇ ਹਨ ਉਨ੍ਹਾਂ ਦਾ ਇਸ ਸਭ ʼਤੇ 42 ਲੱਖ ਰੁਪਏ ਲੱਗੇ ਹਨ।

ਉਨ੍ਹਾਂ ਨੇ ਕਿਹਾ, "ਪਨਾਮਾ ਪਹੁੰਚਣ ʼਤੇ ਸਾਡੀ ਡੰਕੀ ਲੱਗੀ ਸੀ। ਇੱਕ-ਦੋ ਮੁੰਡੇ ਮਰੇ ਵੀ ਉੱਥੇ, ਇੱਕ ਸਮੁੰਦਰ ʼਚ ਡੁੱਬ ਗਿਆ ਸੀ ਤੇ ਇੱਕ ਜੰਗਲ ਵਿੱਚ ਮਰ ਗਿਆ ਸੀ।"

ʻਸਾਡੇ ਨਾਲ ਧੱਕਾ ਹੋ ਗਿਆ, ਅਸੀਂ ਤਾਂ ਨਾ ਸਰਹੱਦ ਪਾਰ ਕੀਤੀ ਨਾ ਕੰਧ ਟੱਪੀʼ

ਜਗਰਾਓਂ ਦੇ ਰਹਿਣ ਵਾਲੀ ਮੁਸਕਾਨ ਤਿੰਨ ਸਾਲ ਦੇ ਸਟੱਡੀ ਵੀਜ਼ਾ ਉੱਤੇ ਇੰਗਲੈਂਡ ਗਏ ਸਨ ਅਜੇ ਦੋ ਸਾਲ ਦਾ ਵੀਜ਼ਾ ਬਾਕੀ ਵੀ ਸੀ ਪਰ ਅਮਰੀਕਾ ਪਹੁੰਚਣ ਕਰ ਕੇ ਉਨ੍ਹਾਂ ਨੂੰ ਡਿਪੋਰਟ ਕਰ ਦਿੱਤਾ ਗਿਆ।

ਬੀਬੀਸੀ ਸਹਿਯੋਗੀ ਗੁਰਮਿੰਦਰ ਗਰੇਵਾਲ ਦੀ ਰਿਪੋਰਟ ਮੁਤਾਬਕ, ਉਹ 5 ਜਨਵਰੀ 2024 ਨੂੰ ਯੂਕੇ ਗਏ ਸੀ। ਉਨ੍ਹਾਂ ਦਾ ਕਹਿਣਾ ਹੈ, "ਉਹ ਟੀਜੁਆਨਾ ਤੱਕ ਘੁੰਮਣ ਗਏ ਸੀ। ਸਾਨੂੰ ਰੋਕ ਲਿਆ ਕਿ ਕਿਹਾ ਸਾਨੂੰ ਆ ਕੇ ਲੈ ਕੇ ਗਏ, 10 ਦਿਨ ਤੱਕ ਸਾਨੂੰ ਰੱਖਿਆ ਅਤੇ ਬਹੁਤ ਵਧੀਆ ਵਤੀਰਾ ਕੀਤਾ।"

"ਸਾਨੂੰ ਕੈਲੀਫੋਰਨੀਆ ਪੁਲਿਸ ਵਾਲੇ ਲੈਣ ਆਏ ਸੀ। ਫਿਰ ਸਾਨੂੰ ਭਾਰਤ ਭੇਜ ਦਿੱਤਾ। ਸਾਨੂੰ ਤਾਂ ਇੱਥੇ ਆ ਕੇ ਪਤਾ ਲੱਗਾ ਅਸੀਂ ਭਾਰਤ ਆ ਗਏ। ਸਾਡੇ ਨਾਲ ਤਾਂ ਧੱਕਾ ਕੀਤਾ ਗਿਆ, ਅਸੀਂ ਵੈਧ ਵੀਜ਼ਾ ʼਤੇ ਗਏ ਸੀ। ਅਸੀਂ ਕੋਈ ਸਰਹੱਦ ਪਾਰ ਨਹੀਂ ਕੀਤੀ ਅਤੇ ਨਾ ਹੀ ਕੋਈ ਕੰਧ ਟੱਪੀ ਹੈ।"

ਉਨ੍ਹਾਂ ਨੇ ਅੱਗੇ ਕਿਹਾ, "ਹੁਣ ਵੀ ਮੇਰੇ ਵੈਧ ਯੂਕੇ ਦਾ ਵੀਜ਼ਾ ਹੈ ਪਰ ਸਾਨੂੰ ਕਹਿ ਦਿੱਤਾ ਗਿਆ ਹੈ ਕਿ ਅਸੀਂ 5 ਸਾਲ ਤੱਕ ਕਿਤੇ ਨਹੀਂ ਜਾ ਸਕਦੇ।"

ਮੁਸਕਾਨ ਦੇ ਪਿਤਾ ਜਗਦੀਸ਼ ਕੁਮਾਰ ਦਾ ਕਹਿਣਾ ਹੈ, "ਅਸੀਂ ਤਾਂ ਬੱਚੇ ਨੂੰ ਭਵਿੱਖ ਬਣਾਉਣ ਲਈ ਭੇਜਿਆ ਪਰ ਉਸ ਨਾਲ ਧੱਕਾ ਹੋ ਗਿਆ। ਇਹ ਤਾਂ ਹੁਣ ਸਰਕਾਰ ਨੂੰ ਦੇਖਣਾ ਚਾਹੀਦਾ ਹੈ। ਅਸੀਂ ਤਾਂ ਲੋਨ ਲੈ ਕੇ ਬੱਚੇ ਨੂੰ ਭੇਜਿਆ ਸੀ।"

ਮੁਕਸਾਨ ਦੇ ਘਰ ਪਹੁੰਚੇ ਆਮ ਆਦਮੀ ਪਾਰਟੀ ਦੀ ਵਿਧਾਇਕ ਸਰਬਜੀਤ ਕੌਰ ਮਾਣੂਕੇ ਦਾ ਕਹਿਣਾ ਹੈ, "ਮੈਂ ਤਾਂ ਹੈਰਾਨ ਹਾਂ ਕਿ ਬੱਚੀ ਕੋਲ ਯੂਕੇ ਦਾ ਅਜੇ ਦੋ ਸਾਲ ਦਾ ਵੈਧ ਵੀਜ਼ਾ ਹੈ ਪਰ ਫਿਰ ਵੀ ਇਸ ਨੂੰ ਵਾਪਸ ਭੇਜ ਦਿੱਤਾ ਗਿਆ।"

ਮਾਣੂਕੇ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮੁਸਕਾਨ ਦੇ ਪਰਿਵਾਰ ਨਾਲ ਚੰਗੇ ਰਿਸ਼ਤੇ ਹਨ। "ਸਾਡੀ ਧੀ ਟੀਜੁਆਨਾ ਘੁੰਮਣ ਗਈ ਸੀ। ਉੱਥੋਂ ਆਪ ਹੀ ਲੈ ਗਏ ਤੇ ਸਾਰਾ ਕੁਝ ਹੋ ਗਿਆ। ਅਮਰੀਕਾ ਵਰਗੇ ਦੇਸ਼ ਤੋਂ ਅਜਿਹੀ ਆਸ ਨਹੀਂ ਕੀਤੀ ਜਾਂਦੀ।"

"ਅਸੀਂ ਰੱਬ ਦਾ ਸ਼ੁਕਰ ਕਰਦੇ ਹਾਂ ਕਿ ਸਾਡੀ ਧੀ ਸਹੀ-ਸਲਾਮਤ ਸਾਡੇ ਘਰ ਆ ਗਈ ਕਿਉਂਕਿ ਧੀਆਂ-ਪੁੱਤਰ ਤੋਂ ਵੱਡੀ ਕੋਈ ਜਮਾਂ ਪੂੰਜੀ ਨਹੀਂ ਹੁੰਦੀ।"

"ਮੈਂ ਇਸ ਬਾਰੇ ਮੁੱਖ ਮੰਤਰੀ ਕੋਲ ਜ਼ਰੂਰ ਮੁੱਦੇ ਚੁੱਕਾਂਗੀ ਕਿ ਜਿਨ੍ਹਾਂ ਹੋ ਸਕੇਗਾ ਸਾਡੀ ਪਾਰਟੀ ਪੂਰਾ ਸਹਿਯੋਗ ਕਰੇਗੀ।"

11 ਦਿਨ ਪਹਿਲਾਂ ਅਮਰੀਕਾ ਪਹੁੰਚੇ ਜਸਪਾਲ ਸਿੰਘ ਵੀ ਆਏ ਭਾਰਤ

ਗੁਰਦਾਸਪੁਰ ਦੇ ਕਸਬਾ ਫਤਿਹਗੜ੍ਹ ਚੂੜੀਆਂ ਦੇ ਜਸਪਾਲ ਸਿੰਘ ਮਹਿਜ਼ 11 ਦਿਨ ਅਮਰੀਕਾ ਵਿੱਚ ਕੱਟਣ ਤੋਂ ਬਾਅਦ ਪੰਜਾਬ ਡਿਪੋਰਟ ਕੀਤੇ ਗਏ ਹਨ।

ਬੀਬੀਸੀ ਸਹਿਯੋਗੀ ਗੁਰਪ੍ਰੀਤ ਚਾਵਲਾ ਨਾਲ ਗੱਲਬਾਤ ਕਰਦਿਆਂ ਉਹਨਾਂ ਭਰੇ ਮਨ ਦੇ ਨਾਲ ਕਿਹਾ, "ਅਮਰੀਕਾ ਜਾਣ ਦਾ ਸੁਪਨਾ ਤਾਂ ਟੁੱਟ ਹੀ ਗਿਆ।"

ਉਨ੍ਹਾਂ ਦਾ ਅਮਰੀਕਾ ਪਹੁੰਚਣ ਦਾ ਸਫ਼ਰ ਕਰੀਬ ਢਾਈ ਸਾਲ ਪਹਿਲਾਂ ਸ਼ੁਰੂ ਹੋਇਆ ਸੀ। ਉਨ੍ਹਾਂ ਇਸ ਸੁਪਨੇ ਲਈ 40 ਲੱਖ ਰੁਪਏ ਗੁਆ ਦਿੱਤੇ ਹਨ।

ਬੁੱਧਵਾਰ ਨੂੰ ਅਮਰੀਕਾ ਵੱਲੋਂ 104 ਭਾਰਤੀਆਂ ਨੂੰ ਫੌਜੀ ਜਹਾਜ਼ ਰਾਹੀਂ ਭਾਰਤ ਵਿੱਚ ਡਿਪੋਰਟ ਕੀਤਾ ਗਿਆ। ਜਸਪ੍ਰੀਤ ਵੀ ਉਨ੍ਹਾਂ 104 ਲੋਕਾਂ ਵਿੱਚ ਸਨ।

ਜਸਪਾਲ ਸਿੰਘ ਦੱਸਦੇ ਹਨ ਕਿ ਉਹ ਸਾਲ 2022 ਵਿੱਚ ਵਿਜ਼ਟਰ ਵੀਜ਼ੇ 'ਤੇ ਇੰਗਲੈਂਡ ਗਏ ਸਨ ਅਤੇ ਉੱਥੇ ਉਨ੍ਹਾਂ ਦਾ ਰਾਬਤਾ ਸਪੇਨ ਦੇ ਕਿਸੇ ਪੰਜਾਬੀ ਏਜੰਟ ਨਾਲ ਹੋਇਆ। ਫਿਰ ਜੁਲਾਈ 2024 ਉਹ ਯੂਰਪ ਪਹੁੰਚੇ। ਉਸ ਤੋਂ ਬਾਅਦ ਕਰੀਬ 6 ਮਹੀਨੇ ਵੱਖ -ਵੱਖ ਦੇਸ਼ਾਂ 'ਚ ਹੁੰਦੇ ਹੋਏ ਪਨਾਮਾ ਦੇ ਜੰਗਲਾਂ ਵਿੱਚ ਅਮਰੀਕਾ ਜਾਣ ਦਾ ਰਾਹ ਲੱਭਿਆ।

ਜਸਪਾਲ ਸਿੰਘ ਕਹਿੰਦੇ ਹਨ, ''ਡੰਕੀ ਦਾ ਤਜ਼ਰਬਾ ਬੇਹਦ ਖ਼ਤਰਨਾਕ ਸੀ, ਮੈਂ ਉੱਥੇ ਕਈ ਲੜਕੇ ਹੀ ਨਹੀਂ, ਲੜਕੀਆਂ ਦੀਆਂ ਵੀ ਲਾਸ਼ਾਂ ਰੁਲਦੀਆਂ ਵੇਖੀਆਂ, ਪਿੰਜਰ ਵੇਖੇ"

"ਡੰਕੀ ਦੌਰਾਨ ਖਾਣ ਨੂੰ ਸਿਰਫ਼ ਥੋੜਾ ਬਰੈਡ ਅਤੇ ਇੱਕ ਜਾਂ ਦੋ ਬਿਸਕੁਟ ਮਿਲਦੇ ਸਨ।"

ਜਸਪਾਲ ਕਹਿੰਦੇ ਹਨ ਕਿ ਅਮਰੀਕਾ ਦਾ ਬਾਰਡਰ ਟੱਪਣ ਮਗਰੋਂ ਹੀ ਅਮਰੀਕੀ ਫੌਜ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ।

ਉਹ ਕਹਿੰਦੇ ਹਨ, "ਸਾਡੇ 'ਤੇ ਕਈ ਤਰੀਕੇ ਦਾ ਤਸ਼ੱਦਦ ਕੀਤਾ, ਜਹਾਜ਼ ਵਿੱਚ ਬਿਠਾਉਣ ਮਗਰੋਂ ਹੀ ਮੇਰੇ ਪੈਰ ਅਤੇ ਹੱਥ ਬੰਨ੍ਹ ਦਿੱਤੇ ਗਏ ਸਨ। ਕਈ ਥਾਈ ਜਹਾਜ਼ ਰੁਕਿਆ ਪਰ ਅਖੀਰ ਅੰਮ੍ਰਿਤਸਰ ਪਹੁੰਚਣ ਮਗਰੋਂ ਹੀ ਹੱਥ-ਪੈਰ ਖੋਲ੍ਹੇ ਗਏ।"

ʻਜ਼ਮੀਨ ਵੇਚ ਕੇ ਮੇਰਾ ਪੁੱਤ ਬੇਕਾਰ ਹੋ ਗਿਆʼ

ਹਰਿਆਣਾ ਦੇ ਕੁਰੂਕਸ਼ੇਤਰ ਦੇ ਰਹਿਣ ਵਾਲੇ ਰੌਬਿਨ ਹਾਂਡਾ ਵੀ ਅਮਰੀਕਾ ਦੇ ਸੁਪਨੇ ਸਜਾ ਕੇ 7 ਮਹੀਨੇ ਪਹਿਲਾਂ ਅਮਰੀਕਾ ਲਈ ਰਵਾਨਾ ਹੋਏ ਸਨ।

ਉਹ ਵੀ ਬੀਤੇ ਦਿਨ ਵਾਪਸ ਭੇਜ ਦਿੱਤੇ ਗਏ ਹਨ। ਹਾਂਡਾ ਨੇ ਕੰਪਿਊਟਰ ਇੰਜੀਨੀਅਰਿੰਗ ਕੀਤੀ ਹੈ ਅਤੇ ਚੰਗੇ ਭਵਿੱਖ ਦੀ ਭਾਲ ਵਿੱਚ ਅਮਰੀਕਾ ਦਾ ਰੁਖ਼ ਕੀਤਾ ਸੀ।

ਹਰਿਆਣਾ ਤੋਂ ਬੀਬੀਸੀ ਸਹਿਯੋਗੀ ਕਮਲ ਸੈਣੀ ਦੀ ਰਿਪੋਰਟ ਮੁਤਾਬਕ, ਰੌਬਾਨ ਹਾਂਡਾ ਨੇ ਦੱਸਿਆ, "ਅੱਜ ਤੋਂ 7 ਮਹੀਨੇ ਪਹਿਲਾਂ ਘਰੋਂ ਅਮਰੀਕਾ ਜਾਣ ਲਈ ਨਿਕਲਿਆ ਸੀ। ਇੱਕ ਮਹੀਨੇ ਦਾ ਕਹਿ ਮੈਨੂੰ ਰਾਹਾਂ ਵਿੱਚ ਥਾਂ-ਥਾਂ ਰੋਕਿਆ ਗਿਆ। ਰਾਹਾਂ ʼਚ ਕਈ ਮੁਸੀਬਤਾਂ ਝੱਲੀਆਂ, ਕਦੇ ਰੋਟੀ ਮਿਲਦੀ ਕਦੇ ਨਹੀਂ, ਕਦੇ ਸਮੁੰਦਰਾਂ ʼਚ, ਕਦੇ ਬੇੜੀਆਂ ʼਚ, ਕਦੇ ਲੋਕ ਪੈਸੇ ਖੋਹ ਲੈਂਦੇ ਕਈਆਂ ਦਿੱਕਤਾਂ ਆਈਆਂ ਸਨ।"

"ਮੈਂ 22 ਜਨਵਰੀ ਨੂੰ ਬਾਰਡਰ ਪਾਰ ਕਰ ਲਿਆ ਸੀ। ਫਿਰ ਅਸੀਂ ਕਾਨੂੰਨ ਪ੍ਰਕਿਰਿਆ ਕਰਦਿਆਂ ਅਸੀਂ ਆਪਣੇ ਨੂੰ ਆਰਮੀ ਨੂੰ ਸੌਂਪ ਦਿੱਤਾ ਸੀ। ਉਹ ਕੈਂਪ ਵਿੱਚ ਲੈ ਗਏ ਅਤੇ ਉੱਥੇ ਸਾਡੇ ਨਾਲ ਕਿਸੇ ਅਪਰਾਧੀ ਵਾਲਾ ਸਲੂਕ ਹੁੰਦਾ ਸੀ।"

"ਸਾਨੂੰ ਤਾਂ ਕੈਂਪ ਤੋਂ ਲੈ ਕੇ ਜਾਣ ਵੇਲੇ ਵੀ ਦੱਸਿਆ ਨਹੀਂ ਗਿਆ ਅਤੇ ਸਾਡੇ ਹੱਥਾਂ-ਪੈਰਾਂ ਵਿੱਚ ਹੱਥਕੜੀਆਂ ਦੇ ਜੰਜੀਰਾਂ ਵਿੱਚ ਬੰਨ੍ਹੀ ਹੋਈਆਂ ਸਨ। ਜਦੋਂ ਅਸੀਂ ਦੇਖਿਆ ਕਿ ਸਾਹਮਣੇ ਆਰਮੀ ਦਾ ਜਹਾਜ਼ ਖੜ੍ਹਾ ਹੈ, ਅਸੀਂ ਹੈਰਾਨ ਰਹਿ ਗਏ ਸਨ।"

ਹਾਂਡਾ ਹੁਣ ਆਖਦੇ ਹਨ, "ਮੈਂ ਕਿਸੇ ਨੂੰ ਨਹੀਂ ਕਹਾਂਗਾ ਕਿ ਤੁਸੀਂ ਇਸ ਤਰ੍ਹਾਂ ਬਾਹਰ ਜਾਓ। ਇਹ ਬਹੁਤ ਹੀ ਔਖਾ ਰਸਤਾ ਹੈ।"

ਉਧਰ ਰੌਬਿਨ ਹਾਂਡੇ ਦੇ ਪਿਤਾ ਨੇ ਦੱਸਿਆ ਕਿ ਮੁੰਡੇ ਨੂੰ ਭੇਜਣ ʼਤੇ 45 ਲੱਖ ਰੁਪਏ ਦਾ ਖਰਚਾ ਲੱਗਾ।

ਉਨ੍ਹਾਂ ਦਾ ਕਹਿਣਾ ਹੈ, "ਏਜੰਡ ਨੇ ਸਾਨੂੰ ਧੋਖਾ ਦਿੱਤਾ। ਸਾਨੂੰ ਇੱਕ ਮਹੀਨੇ ਦਾ ਕਹਿ ਕੇ 6-7 ਮਹੀਨੇ ਰਾਹਾਂ ਵਿੱਚ ਰੌਲਿਆ। ਉਸ ʼਤੇ ਤਸ਼ੱਦਦ ਕੀਤਾ, ਬਿਜਲੀਆਂ ਵੀ ਲੱਗਵਾਈਆਂ।"

"ਸਾਡੇ ਕੋਲ ਤਾਂ ਬੱਚੇ ਨੂੰ ਕੁੱਟਣ ਮਾਰਨ ਦੀਆਂ ਵੀਡੀਓ ਵੀ ਹਨ। ਜ਼ਮੀਨ ਵੇਚ ਕੇ ਭੇਜਿਆ ਕਿ ਚਲੋ ਬੱਚਾ ਕਿਸੇ ਵਧੀਆ ਕੰਮ ʼਤੇ ਲੱਗ ਜਾਵੇਗਾ ਪਰ ਅਜਿਹਾ ਨਹੀਂ ਹੋਇਆ।"

ਰੌਬਿਨ ਹਾਂਡਾ ਦੀ ਦਾਦੀ ਪਿਆਰ ਕੌਰ ਇਸ ਵੇਲੇ ਬੇਹੱਦ ਭਾਵੁਕ ਨਜ਼ਰ ਆਏ। ਉਨ੍ਹਾਂ ਨੇ ਕਿਹਾ, "ਮੇਰਾ ਬੱਚਾ ਜ਼ਮੀਨ ਵੇਚ ਕੇ ਬੇਕਾਰ ਹੋ ਗਿਆ। ਮੇਰਾ ਪੁੱਤ ਭੁੱਖ-ਤਿਹਾਇਆ ਰੁਲ ਗਿਆ।"

"ਪੈਲ਼ੀ ਵੇਚ ਬਾਹਰ ਭੇਜਿਆ ਸੀ। ਪੈਲ਼ੀ ਵੇਚਣ ਕਾਰਨ ਇਨ੍ਹਾਂ ਦਾ ਦਾਦਾ ਵੀ ਬਿਮਾਰ ਹੋ ਗਿਆ। ਉਨ੍ਹਾਂ ਨੇ ਗੱਲ ਦਿਲ ਨੂੰ ਲਗਾ ਲਈ ਕਿ ਤੇ ਹੁਣ ਉਸ ਨੂੰ ਕੁਝ ਪਤਾ ਨਹੀਂ ਲੱਗਦਾ।"

'ਅਮਰੀਕਾ ਜਾਣ ਲਈ ਪਰਿਵਾਰ ਨੇ ਕਰੀਬ 50 ਲੱਖ ਰੁਪਏ ਖਰਚੇ'

ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਕਾਹਨਪੁਰਾ ਦੇ ਜਸਵਿੰਦਰ ਸਿੰਘ ਅਕਤੂਬਰ 2024 ਵਿੱਚ ਅਮਰੀਕਾ ਗਏ ਸਨ।

ਜਸਵਿੰਦਰ ਸਿੰਘ ਦੇ ਤਾਇਆ ਕਰਨੈਲ ਸਿੰਘ ਨੇ ਬੀਬੀਸੀ ਨੂੰ ਦੱਸਿਆ, "ਦੇਰ ਰਾਤ ਜਸਵਿੰਦਰ ਸਿੰਘ ਨੂੰ ਪੁਲਿਸ ਮੁਲਾਜ਼ਮ ਘਰ ਛੱਡ ਕੇ ਗਏ ਹਨ।"

ਉਨ੍ਹਾਂ ਆਪਣੇ ਪਰਿਵਾਰ ਨੂੰ ਦੱਸਿਆ ਕਿ 'ਸਾਨੂੰ ਅਮਰੀਕਾ ਤੋਂ ਜਹਾਜ਼ ਰਾਹੀਂ ਹੱਥਕੜੀਆਂ ਨਾਲ ਬੰਨ ਕੇ ਲਿਆਂਦਾ ਗਿਆ ਸੀ।'

ਜਸਵਿੰਦਰ ਸਿੰਘ 22 ਦਿਨ ਪਹਿਲਾਂ ਹੀ ਅਮਰੀਕਾ ਪਹੁੰਚੇ ਸਨ ਜਦੋਂ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ।

ਉਹਨਾਂ ਦੇ ਤਾਇਆ ਕਰਨੈਲ ਸਿੰਘ ਕਹਿੰਦੇ ਹਨ, " ਘਰ ਪਹੁੰਚਣ ਮਗਰੋਂ ਹੀ ਜਸਵਿੰਦਰ ਦੀ ਸਿਹਤ ਨਾਸਾਜ਼ ਹੈ, ਸ਼ਾਇਦ ਦਿਮਾਗ ਤਣਾਅ ਵਿੱਚ ਹੈ"

ਸਵੇਰੇ ਅਚਾਨਕ ਬਿਮਾਰ ਹੋਣ ਮਗਰੋਂ, ਜਸਵਿੰਦਰ ਸਿੰਘ ਨੂੰ ਲੁਧਿਆਣਾ ਹਸਪਤਾਲ ਭਰਤੀ ਕਰਵਾਇਆ ਗਿਆ ਹੈ।

ਉਹ ਦੱਸਦੇ ਹਨ, " ਜਸਵਿੰਦਰ ਨੇ ਪਰਿਵਾਰ ਨੂੰ ਦੱਸਿਆ ਕਿ ਕੈਂਪ ਵਿੱਚ ਖਾਣ ਲਈ ਕੁਝ ਨਹੀਂ ਦਿੱਤਾ ਜਾਂਦਾ ਸੀ, ਇੱਕ-ਅੱਧਾ ਸੇਬ ਜਾਂ ਜੂਸ ਮਿਲਦਾ ਸੀ, ਉਹ ਵੀ ਕਦੇ-ਕਦੇ।"

ਜਸਵਿੰਦਰ ਸਿੰਘ ਦਾ ਇੱਕ ਵੱਡਾ ਭਰਾ ਹੈ, ਦੋਵੇਂ ਭਰਾਵਾਂ ਕੋਲ ਇੱਕ ਕਿਲਾ ਜ਼ਮੀਨ ਹੈ। ਉਹ ਪਹਿਲਾਂ ਖੇਤੀ ਹੀ ਕਰਦੇ ਸਨ।

ਪਿਛਲੇ ਸਾਲ ਉਨ੍ਹਾਂ ਨੇ ਏਜੰਟ ਰਾਹੀਂ ਅਮਰੀਕਾ ਜਾਣ ਦਾ ਫ਼ੈਸਲਾ ਕੀਤਾ ਸੀ।

ਉਹ ਦੱਸਦੇ ਹਨ ਕਿ ਅਮਰੀਕਾ ਜਾਣ ਦੇ ਲਈ ਪਰਿਵਾਰ ਨੇ 50 ਲੱਖ ਦੇ ਕਰੀਬ ਖਰਚ ਕੀਤਾ ਸੀ।

"ਇਸ ਪੈਸੇ ਲਈ ਅਸੀਂ ਸੋਨਾ ਗਹਿਣੇ ਰੱਖਿਆ ਸੀ ਅਤੇ ਕਾਫ਼ੀ ਪੈਸਾ ਰਿਸ਼ਤੇਦਾਰਾਂ ਤੋਂ ਲਿਆ ਸੀ।

ਭਾਰਤੀਆਂ ਨੂੰ ਡਿਪੋਰਟ ਕਰਨ ਬਾਰੇ ਅਮਰੀਕਾ ਨੇ ਕੀ ਕਿਹਾ

ਭਾਰਤ ਵਿੱਚ ਅਮਰੀਕੀ ਐਂਬੈਸੀ ਦੇ ਬੁਲਾਰੇ ਨੇ ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਨੂੰ ਦੱਸਿਆ, "ਅਸੀਂ ਡਿਪੋਰਟ ਹੋਏ ਬੰਦਿਆਂ ਦੀ ਫਲਾਈਟ ਬਾਰੇ ਹੋਰ ਜਾਣਕਾਰੀ ਤਾਂ ਸਾਂਝੀ ਨਹੀਂ ਕਰ ਸਕਦੇ ਹਾਂ।

ਅਮਰੀਕਾ ਦੇ ਪਰਵਾਸ ਨਾਲ ਜੁੜੇ ਕਾਨੂੰਨਾਂ ਨੂੰ ਲਾਗੂ ਕਰਨਾ ਅਮਰੀਕਾ ਦੀ ਕੌਮੀ ਸੁਰੱਖਿਆ ਤੇ ਲੋਕਾਂ ਦੀ ਭਲਾਈ ਲਈ ਜ਼ਰੂਰੀ ਹੈ। ਗੈਰ-ਕਾਨੂੰਨੀ ਤਰੀਕੇ ਨਾਲ ਦਾਖਿਲ ਹੋਏ ਲੋਕਾਂ ਖਿਲਾਫ਼ ਕਾਨੂੰਨ ਦੀ ਪਾਲਣਾ ਕਰਨਾ ਅਮਰੀਕਾ ਦੀ ਨੀਤੀ ਹੈ।"

ਅਮਰੀਕਾ ਤੋਂ ਡਿਪੋਰਟ ਕੀਤੇ ਭਾਰਤੀਆਂ ਦੇ ਮੁੱਦੇ 'ਤੇ ਵਿਦੇਸ਼ ਮੰਤਰੀ ਨੇ ਰਾਜ ਸਭਾ ਵਿੱਚ ਕੀ ਕਿਹਾ?

ਭਾਰਤ ਦੇ ਵਿਦੇਸ਼ ਮੰਤਰੀ ਜੈ ਸ਼ੰਕਰ ਨੇ ਰਾਜ ਸਭਾ ਵਿੱਚ ਬੋਲਦਿਆਂ ਕਿਹਾ, ''ਇਹ ਸਾਡੇ ਹੱਕ ਵਿੱਚ ਹੈ ਕਿ ਅਸੀਂ ਗੈਰ ਕਾਨੂੰਨੀ ਪਰਵਾਸ ਨੂੰ ਹੁੰਗਾਰਾ ਨਾ ਦੇਈਏ। ਗੈਰ ਕਾਨੂੰਨੀ ਪਰਵਾਸ ਨਾਲ ਕਈ ਹੋਰ ਤਰੀਕੇ ਦੀਆਂ ਗਤੀਵਿਧੀਆਂ ਵੀ ਜੁੜ ਜਾਂਦੀਆਂ ਹਨ ਜੋ ਖੁਦ ਵੀ ਗੈਰ ਕਾਨੂੰਨੀ ਹੁੰਦੀਆਂ ਹਨ।''

ਉਹਨਾਂ ਕਿਹਾ, ''ਜੋ ਸਾਡੇ ਲੋਕ ਗੈਰ ਕਾਨੂੰਨੀ ਪਰਵਾਸ ਵਿੱਚ ਫਸ ਜਾਂਦੇ ਹਨ, ਉਹ ਹੋਰ ਜੁਰਮਾਂ ਵਿੱਚ ਵੀ ਪੈ ਜਾਂਦੇ ਹਨ। ਉਨ੍ਹਾਂ ਨੂੰ ਗੈਰ ਮਨੁੱਖੀ ਹਾਲਾਤ ਵਿੱਚ ਸਫਰ ਕਰਨਾ ਪੈਂਦਾ ਹੈ ਅਤੇ ਕੰਮ ਵੀ ਕਰਨਾ ਪੈਂਦਾ ਹੈ।''

''ਸੰਸਦ ਮੈਂਬਰ ਜਾਣਦੇ ਹਨ ਕਿ ਇਸ ਪੂਰੇ ਗੈਰ – ਕਾਨੂੰਨੀ ਪਰਵਾਸ ਦੇ ਚੱਕਰ ਵਿੱਚ ਕਈ ਲੋਕਾਂ ਨੂੰ ਜਾਨ ਵੀ ਗੁਆਉਣੀ ਪਈ ਹੈ।''

''ਜੋ ਭਾਰਤੀ ਵਾਪਸ ਆਏ ਹਨ ਉਨ੍ਹਾਂ ਤੋਂ ਵੀ ਇਨ੍ਹਾਂ ਡਰਾਉਣੇ ਤਜਰਬਿਆਂ ਬਾਰੇ ਗੱਲਬਾਤ ਕੀਤੀ ਗਈ ਹੈ।''

''ਜਿਸ ਮੁਲਕ ਦੇ ਲੋਕ ਗੈਰ ਕਾਨੂੰਨੀ ਤਰੀਕੇ ਨਾਲ ਕਿਸੇ ਦੇਸ ਵਿੱਚ ਰਹਿ ਰਹੇ ਹਨ ਤਾਂ ਉਸ ਮੁਲਕ ਦੀ ਜ਼ਿੰਮੇਵਾਰੀ ਹੈ ਕਿ ਉਹ ਉਨ੍ਹਾਂ ਨੂੰ ਵਾਪਸ ਲਏ।''

ਵਿਦੇਸ਼ ਮੰਤਰੀ ਨੇ ਕਿਹਾ, ''ਕੌਮਾਂਤਰੀ ਪੱਧਰ ਉੱਤੇ ਇਹ ਕੋਈ ਨੀਤੀ ਨਹੀਂ ਹੈ ਪਰ ਮੁੱਢਲੇ ਤੌਰ ਉੱਤੇ ਇੱਕ ਸਰਬ ਪ੍ਰਵਾਨਿਤ ਪ੍ਰੈਕਟਿਸ ਹੈ। ਡਿਪੋਰਟ ਹੋਣ ਦੀ ਪ੍ਰਕਿਰਿਆ ਕੋਈ ਨਹੀਂ ਹੈ। ਇਹ ਕਈ ਸਾਲਾਂ ਤੋਂ ਹੁੰਦਾ ਆ ਰਿਹਾ ਹੈ। 2009 ਤੋਂ ਅਮਰੀਕਾ ਨੇ ਜੋ ਭਾਰਤੀ ਨਾਗਰਿਕ ਡਿਪੋਰਟ ਕੀਤੇ ਹਨ, ਮੈਂ ਉਨ੍ਹਾਂ ਬਾਰੇ ਜਾਣਕਾਰੀ ਦੇ ਰਿਹਾ ਹਾਂ।''

ਉਹਨਾਂ ਕਿਹਾ ਕਿ ਅਮਰੀਕਾ ਵਿੱਚ ਡਿਪੋਰਟੇਸ਼ਨ ਦੀ ਪ੍ਰਕਿਰਿਆ ਨੂੰ ਆਈਸੀਈ ਵੱਲੋਂ ਅੰਜਾਮ ਦਿੱਤਾ ਜਾਂਦਾ ਹੈ। ਆਈਸੀਈ ਵੱਲੋਂ ਜਿਸ ਏਅਰਕਰਾਫਟ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਉਹ 2012 ਤੋਂ ਹੀ ਲਾਗੂ ਹੈ।

''ਇਸੇ ਪ੍ਰਕਿਰਿਆ ਤਹਿਤ ਗੈਰ ਕਾਨੂੰਨੀ ਪਰਵਾਸੀਆਂ ਨੂੰ ਬੇੜੀਆਂ ਨਾਲ ਜਕੜਨਾ ਵੀ ਸ਼ਾਮਿਲ ਹੈ। ਇਸ ਦੇ ਨਾਲ ਹੀ ਇਹ ਵੀ ਸਾਨੂੰ ਦੱਸਿਆ ਗਿਆ ਸੀ ਕਿ ਬੱਚਿਆਂ ਤੇ ਔਰਤਾਂ ਨੂੰ ਬੰਨਿਆ ਨਹੀਂ ਜਾਵੇਗਾ। ਇਸ ਦੇ ਨਾਲ ਹੀ ਰਾਹ ਵਿੱਚ ਸਾਰਿਆਂ ਦੇ ਖਾਣੇ ਤੇ ਮੈਡੀਕਲ ਐਮਰਜੈਂਸੀ ਦਾ ਖਿਆਲ ਰੱਖਿਆ ਜਾਵੇਗਾ।''

ਇਸ ਦੇ ਨਾਲ ਹੀ ਉਹਨਾਂ ਕਿਹਾ, ''ਸਾਰੇ ਨਿਯਮ ਸਿਵਿਲੀਅਨ ਜਹਾਜ਼ ਤੇ ਫੌਜੀ ਜਹਾਜ਼ ਲਈ ਲਾਗੂ ਹਨ। ਅਸੀਂ ਅਤੇ ਅਮਰੀਕੀ ਸਰਕਾਰ ਲਗਾਤਾਰ ਸੰਪਰਕ ਵਿੱਚ ਹਾਂ ਤੇ ਉਨ੍ਹਾਂ ਨੂੰ ਕਹਿ ਰਹੇ ਹਾਂ ਕਿ ਵਾਪਸ ਆ ਰਹੇ ਭਾਰਤੀਆਂ ਨਾਲ ਸਹੀ ਵਤੀਰਾ ਕੀਤਾ ਜਾਵੇ।''

''ਸਾਡਾ ਮੁੱਖ ਧਿਆਨ ਗੈਰ ਕਾਨੂੰਨੀ ਪਰਵਾਸ ਦੀ ਸਨਅਤ ਉੱਤੇ ਕਾਬੂ ਰੱਖਣ ਵੱਲ ਅਤੇ ਵੀਜ਼ਾ ਨੂੰ ਸੁਖਾਲਾ ਬਣਾਉਣ ਵੱਲ ਹੋਣਾ ਚਾਹੀਦਾ ਹੈ।''

''ਵਾਪਸ ਪਰਤੇ ਭਾਰਤੀਆਂ ਤੋਂ ਜੋ ਜਾਣਕਾਰੀ ਮਿਲੇਗੀ ਤੇ ਹੋਰ ਜਾਣਕਾਰੀ ਇਕੱਠੀ ਕਰਕੇ ਏਜੰਸੀਆਂ ਗੈਰ ਕਾਨੂੰਨੀ ਏਜੰਟਾਂ ਉੱਤੇ ਨਕੇਲ ਕੱਸਣਗੀਆਂ।''

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਨੇ ਕੀ ਕਿਹਾ?

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਨੇ ਐਕਸ 'ਤੇ ਪੋਸਟ ਕਰਦਿਆਂ ਕਿਹਾ ਕਿ ਅਮਰੀਕਾ ਵੱਲੋਂ ਹੱਥਕੜੀਆਂ ਲਗਾ ਨੇ ਭਾਰਤੀਆਂ ਨੂੰ ਭੇਜਣ ਦੀ ਨਿੰਦਾ ਕੀਤੀ ਗਈ ਹੈ।

ਭਗਵੰਤ ਮਾਨ ਨੇ ਲਿਖਿਆ, ''ਜੋ ਅਮਰੀਕਾ ਨੇ ਕੀਤਾ, ਉਸਦਾ ਬੇਹੱਦ ਅਫ਼ਸੋਸ। ਅਮਰੀਕਾ ਦੁਆਰਾ ਹੱਥ ਕੜੀਆਂ ਤੇ ਬੇੜੀਆਂ ਲਾ ਕੇ ਸਾਡੇ ਨਾਗਰਿਕਾਂ ਨੂੰ ਭੇਜਣਾ ਸਾਡੇ ਦੇਸ਼ ਲਈ ਬਹੁਤ ਹੀ ਸ਼ਰਮ ਦੀ ਗੱਲ ਹੈ। ਮਾਨਸਿਕ ਅਤੇ ਆਰਥਿਕ ਤੌਰ 'ਤੇ ਟੁੱਟੇ ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀਆਂ ਦੇ ਜ਼ਖ਼ਮਾਂ 'ਤੇ ਮੱਲ੍ਹਮ ਲਾਉਣ ਦੀ ਥਾਂ ਮੋਦੀ ਜੀ ਦੀ ਹਰਿਆਣਾ ਸਰਕਾਰ ਵਲੋਂ ਪੁਲਿਸ ਦੀਆਂ ਕੈਦੀਆਂ ਵਾਲੀਆਂ ਗੱਡੀਆਂ 'ਚ ਲੈ ਕੇ ਜਾਣਾ, ਜ਼ਖ਼ਮਾਂ ਉੱਤੇ ਲੂਣ ਲਾਉਣ ਦੇ ਬਰਾਬਰ ਹੈ।''

ਭਾਰਤ ਵਾਪਸ ਭੇਜੇ ਲੋਕਾਂ ਦਾ ਮੁੱਦਾ ਸੰਸਦ 'ਚ ਉਠਿਆ

ਭਾਰਤ ਵਾਪਸ ਭੇਜੇ ਲੋਕਾਂ ਦਾ ਮੁੱਦਾ ਸੰਸਦ ਵਿੱਚ ਵੀ ਉਠਿਆ ਗਿਆ ਹੈ।

ਲੋਕ ਸਭਾ ਵਿੱਚ ਕਾਂਗਰਸ ਪਾਰਟੀ ਦੇ ਚੀਫ਼ ਵ੍ਹਿਪ ਮਾਨਿਕਮ ਟੈਗੋਰ ਨੇ ਅਮਰੀਕਾ ਵਿੱਚ ਕਥਿਤ ਤੌਰ 'ਤੇ ਬਿਨਾਂ ਕਿਸੇ ਦਸਤਾਵੇਜ਼ ਦੇ ਰਹਿ ਰਹੇ ਭਾਰਤੀਆਂ ਨੂੰ ਦੇਸ਼ ਨਿਕਾਲਾ ਦੇਣ ਦੇ ਮੁੱਦੇ 'ਤੇ ਲੋਕ ਸਭਾ ਵਿੱਚ ਸੰਸਦ ਮੁਲਤਵੀ ਪ੍ਰਸਤਾਵ ਦਾ ਨੋਟਿਸ ਦਿੱਤਾ ਹੈ।

ਅੰਗਰੇਜ਼ੀ ਅਖ਼ਬਾਰ 'ਦ ਹਿੰਦੂ' ਦੇ ਅਨੁਸਾਰ, ਮਣਿਕਮ ਟੈਗੋਰ ਨੇ ਇਸਨੂੰ 'ਅਣਮਨੁੱਖੀ' ਕਿਹਾ ਹੈ।

ਲੋਕ ਸਭਾ ਵਿੱਚ ਕਾਂਗਰਸ ਦੇ ਡਿਪਟੀ ਲੀਡਰ ਗੌਰਵ ਗੋਗੋਈ ਨੇ ਵੀ ਇਸ ਮੁੱਦੇ 'ਤੇ ਮੁਲਤਵੀ ਪ੍ਰਸਤਾਵ ਨੋਟਿਸ ਦਿੱਤਾ ਹੈ।

ਨਿਊਜ਼ ਏਜੰਸੀ ਏਐਨਆਈ ਦੇ ਅਨੁਸਾਰ, ਗੌਰਵ ਗੋਗੋਈ ਨੇ ਭਾਰਤੀਆਂ ਨੂੰ ਵਾਪਸ ਭੇਜਣ ਦੇ ਤਰੀਕੇ ਨੂੰ ਦੁਖਦਾਈ ਅਤੇ ਅਪਮਾਨਜਨਕ ਦੱਸਿਆ ਹੈ।

ਕਾਂਗਰਸ ਸੰਸਦ ਮੈਂਬਰ ਗੌਰਵ ਗੋਗੋਈ ਨੇ ਸੋਸ਼ਲ ਮੀਡੀਆ 'ਤੇ ਲਿਖਿਆ, "ਪਿਛਲੇ ਸਾਲ ਮੈਂ ਗੈਰ-ਕਾਨੂੰਨੀ ਪ੍ਰਵਾਸ ਅਤੇ ਲੋਕਾਂ ਦੇ ਵੱਡੇ ਪੱਧਰ 'ਤੇ ਪ੍ਰਵਾਸ ਦਾ ਮੁੱਦਾ ਉਠਾਇਆ ਸੀ। ਇਹ ਹਾਲਾਤ ਦੇਸ਼ ਵਿੱਚ ਢੁਕਵੇਂ ਮੌਕਿਆਂ ਅਤੇ ਸਹਾਇਤਾ ਦੀ ਘਾਟ ਕਾਰਨ ਪੈਦਾ ਹੋਏ ਹਨ।"

"ਇਸ ਨਾਲ ਬਹੁਤ ਸਾਰੇ ਲੋਕ ਆਪਣੇ ਅਤੇ ਆਪਣੇ ਪਰਿਵਾਰਾਂ ਦੇ ਬਿਹਤਰ ਭਵਿੱਖ ਨੂੰ ਯਕੀਨੀ ਬਣਾਉਣ ਲਈ ਹਤਾਸ਼ ਅਤੇ ਖ਼ਤਰਨਾਕ ਕਦਮ ਚੁੱਕਦੇ ਹਨ।"

ਬੀਤੇਂ ਦਿਨੀਂ ਅਮਰੀਕਾ ਤੋਂ ਜਹਾਜ਼ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਅਮ੍ਰਿਤਸਰ ਪਹੁੰਚਿਆਂ ਸੀ।

ਬੀਤੇਂ ਦਿਨੀਂ ਇੱਕ ਅਮਰੀਕੀ ਫੌਜੀ ਜਹਾਜ਼ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰਿਆ ਹੈ, ਜਿਸ ਵਿੱਚ ਕਥਿਤ ਤੌਰ 'ਤੇ ਅਮਰੀਕਾ ਵਿੱਚ ਬਿਨਾਂ ਦਸਤਾਵੇਜ਼ਾਂ ਦੇ ਰਹਿ ਰਹੇ ਭਾਰਤੀਆਂ ਨੂੰ ਲਿਜਾਇਆ ਜਾ ਰਿਹਾ ਹੈ।

ਡੋਨਾਲਡ ਟਰੰਪ ਦੇ ਦੂਜੀ ਵਾਰ ਸੱਤਾ ਸੰਭਾਲਣ ਤੋਂ ਬਾਅਦ ਅਮਰੀਕਾ ਵਿੱਚ ਰਹਿ ਰਹੇ ਭਾਰਤੀਆਂ ਨੂੰ ਇਸ ਤਰੀਕੇ ਨਾਲ ਦੇਸ਼ ਨਿਕਾਲਾ ਦੇਣ ਦਾ ਇਹ ਪਹਿਲਾ ਮਾਮਲਾ ਹੈ।

ਸੰਸਦ ਦਾ ਬਜਟ ਸੈਸ਼ਨ ਇਸ ਸਮੇਂ ਚੱਲ ਰਿਹਾ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਵਿਰੋਧੀ ਧਿਰ ਇਸ ਮੁੱਦੇ ਨੂੰ ਦੋਵਾਂ ਸਦਨਾਂ ਵਿੱਚ ਉਠਾ ਸਕਦੀ ਹੈ।

ਐੱਮਪੀ ਔਜਲਾ ਨੇ ਸਵਾਲ ਖੜ੍ਹੇ ਕੀਤੇ

ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਵਿਦੇਸ਼ ਮੰਤਰੀ ਨੂੰ ਸੰਸਦ ਵਿੱਚ ਜਾਣਕਾਰੀ ਦੇਣ ਬਾਰੇ ਨੋਟਿਸ ਦਿੱਤਾ ਹੈ। ਉਨ੍ਹਾਂ ਇਲਜ਼ਾਮ ਲਗਾਇਆ ਕਿ ਭਾਰਤ ਪਰਤੇ ਲੋਕਾਂ ਨੂੰ ਅਣਮਨੁੱਖੀ ਤਰੀਕੇ ਨਾਲ ਲਿਆਂਦਾ ਗਿਆ। ਉਨ੍ਹਾਂ ਦਾ ਕਹਿਣਾ ਸੀ ਕਿ ਭਾਰਤ ਪਰਤੇ ਲੋਕਾਂ ਦੇ ਹੱਥਾਂ ਅਤੇ ਪੈਰਾਂ ਨੂੰ ਚੇਨਾਂ ਨਾਲ ਬੰਨਿਆ ਹੋਇਆ ਸੀ।

"ਇਸ ਦੇ ਅੰਦਰ ਦੀਆਂ ਜੋ ਤਸਵੀਰਾਂ ਸਾਹਮਣੇ ਆਈਆਂ ਹਨ, ਉਹ ਬਹੁਤ ਸ਼ਰਮਨਾਕ ਹਨ। ਜਿਸ ਤਰ੍ਹਾਂ ਭਾਰਤੀ ਨਾਗਰਿਕਾਂ ਨੂੰ ਹੱਥਕੜੀਆਂ ਅਤੇ ਲੱਤਾਂ ਵਿੱਚ ਜ਼ੰਜੀਰਾਂ ਪਾ ਕੇ ਇੱਥੇ ਭੇਜਿਆ ਗਿਆ ਹੈ, ਉਹ ਸ਼ਰਮਨਾਕ ਹੈ। ਇਹ ਵੀ ਸਰਕਾਰ ਦੀ ਨਾਕਾਮੀ ਹੈ।"

ਉਨ੍ਹਾਂ ਕਿਹਾ, "ਸਰਕਾਰ ਨੂੰ ਪਤਾ ਸੀ ਕਿ ਇਸ ਤਰ੍ਹਾਂ ਦੀ ਫਲਾਈਟ ਆ ਰਹੀ ਹੈ। ਕੁਝ ਗੱਲਬਾਤ ਤਾਂ ਹੋਈ ਹੋਣੀ। ਇਸ ਤੋਂ ਇਲਾਵਾ, ਸਰਕਾਰ ਨੂੰ ਇਨ੍ਹਾਂ ਸਾਰਿਆਂ ਨੂੰ ਵਪਾਰਕ ਜਹਾਜ਼ ਵਿੱਚ ਲਿਆਂਦਾ ਜਾਣਾ ਚਾਹੀਦਾ ਸੀ। ਇਹ ਵੱਡੇ ਅਪਰਾਧੀ ਨਹੀਂ ਹਨ। ਉਨ੍ਹਾਂ ਨੇ ਉੱਥੇ ਕੋਈ ਅਪਰਾਧ ਨਹੀਂ ਕੀਤਾ। ਉਹ ਇੱਕ ਸਰਹੱਦ ਪਾਰ ਕਰਕੇ ਦੂਜੇ ਦੇਸ਼ ਵਿੱਚ ਚਲੇ ਗਏ ਸਨ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)