You’re viewing a text-only version of this website that uses less data. View the main version of the website including all images and videos.
"ਖਿਡਾਰੀਆਂ ਦੀ ਛਾਤੀ ’ਤੇ ਲੱਗੇ ਤਗਮੇ ਦੇਸ਼ ਦੀ ਸ਼ਾਨ ਹੁੰਦੇ ਹਨ, ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਆਪਣੇ ਬੂਟਾਂ ਹੇਠ ਦਬਾ ਰਹੀ ਹੈ"
ਜਿਸ ਦਿਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਸੰਸਦ ਦੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ ਉਸੇ ਦਿਨ ਦੇਸ਼ ਦੇ ਨਾਮੀ ਭਲਵਾਨਾਂ ਸਾਕਸ਼ੀ ਮਲਿਕ, ਬਜਰੰਗ ਪੂਨੀਆ ਤੇ ਵਿਨੇਸ਼ ਫੋਗਾਟ ਸਣੇ ਕਈ ਹੋਰਾਂ ਨੂੰ ਪੁਲਿਸ ਵਲੋਂ ਹਿਰਾਸਤ ਵਿੱਚ ਲਏ ਜਾਣ ਦੀ ਘਟਨਾ ਨੇ ਚਰਚਾ ਛੇੜ ਦਿੱਤੀ ਹੈ।
ਬਾਅਦ ਵਿੱਚ ਐਤਵਾਰ ਦੇਰ ਸ਼ਾਮ ਵਿਨੇਸ਼ ਫੋਗਾਟ ਤੇ ਸੰਗੀਤਾ ਫੋਗਾਟ ਨੂੰ ਛੱਡ ਦਿੱਤਾ ਗਿਆ। ਜਦਕਿ ਬਾਕੀ ਖਿਡਾਰੀਆਂ ਦੇ ਪੁਲਿਸ ਹਿਰਾਸਤ ਵਿੱਚ ਹੋਣ ਦੀ ਖ਼ਬਰ ਹੈ।
ਇਸ ਘਟਨਾਕ੍ਰਮ ਤੋਂ ਬਾਅਦ ਕਈ ਫ਼ਿਲਮੀ ਹਸਤੀਆਂ ਤੇ ਸਿਆਸਤਦਾਨਾਂ ਨੇ ਭਲਵਾਨਾਂ ਨਾਲ ਹੋਈ ਧੱਕੇਮੁੱਕੀ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਇਸ ਘਟਨਾ ਦੀ ਆਲੋਚਣਾ ਕੀਤੀ ਹੈ।
ਦੂਜੇ ਪਾਸੇ ਕਈ ਸਿਆਸਤਦਾਨਾਂ ਨੇ ਅੱਜ ਦੇ ਸਮਾਗਮ ਨੂੰ ਇੱਕ ਇਤਿਹਾਸਕ ਘਟਨਾ ਦੱਸਿਆ ਹੈ।
ਜ਼ਿਕਰਯੋਗ ਹੈ ਕਿ ਨਵੇਂ ਸੰਸਦ ਭਵਨ ਦਾ ਉਦਘਾਟਨੀ ਸਮਾਰੋਹ ਐਤਵਾਰ ਨੂੰ ਰੱਖਿਆ ਗਿਆ ਸੀ ਤੇ ਬੀਤੇ ਇੱਕ ਮਹੀਨੇ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਜੰਤਰ-ਮੰਤਰ ’ਤੇ ਧਰਨਾ ਦੇ ਰਹੇ ਭਲਵਾਨਾਂ ਨੇ ਵੀ ਇਸੇ ਦਿਨ ਮਹਾਂ-ਪੰਚਾਇਤ ਕਰਨ ਦਾ ਐਲਾਣ ਕੀਤਾ ਸੀ।
ਇਸ ਸਿਲਸਲੇ ਵਿੱਚ ਜਦੋਂ ਭਲਵਾਨ ਤੇ ਉਨ੍ਹਾਂ ਦੇ ਹਿਮਾਇਤੀ ਵੱਖ-ਵੱਖ ਥਾਵਾਂ ਤੋਂ ਦਿੱਲੀ ਵਿੱਚ ਦਾਖ਼ਲ ਹੋਣ ਲਈ ਅੱਗੇ ਵਧੇ ਤਾਂ ਪੁਲਿਸ ਵਲੋਂ ਰੋਕੇ ਜਾਣ ਦੌਰਾਨ ਬਹਿਸ ਤੇ ਧੱਕਾ ਮੁੱਕੀ ਹੋਈ।
ਭਲਵਾਨਾਂ ਨੇ ਭਾਰਤੀ ਕੁਸ਼ਤੀ ਮਹਾਂਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲਗਾਏ ਹਨ।
ਧੀਆਂ ਨੂੰ ਭਲਵਾਨ ਬਣਾਉਣ ਵਾਲੇ ਮਹਾਂਵੀਰ ਫੋਗਾਟ ਨੇ ਕੀ ਕਿਹਾ
ਆਪਣੀਆਂ ਧੀਆਂ ਨੂੰ ਕੌਮਾਂਤਰੀ ਪੱਧਰ ਦੀਆਂ ਭਲਵਾਨ ਬਣਾਉ ਵਾਲੇ ਮਹਾਂਵੀਰ ਫੋਗਾਟ ਨੇ ਬੀਬੀਸੀ ਸਹਿਯੋਗੀ ਸਤ ਸਿੰਘ ਨਾਲ ਗੱਲ ਕਰਦਿਆਂ ਅੱਜ ਦੇ ਘਟਨਾਕ੍ਰਮ ’ਤੇ ਚਿੰਤਾ ਜ਼ਾਹਰ ਕੀਤੀ।
ਉਨ੍ਹਾਂ ਕਿਹਾ, “ਇਹ ਤਾਨਾਸ਼ਾਹੀ ਵਾਲਾ ਵਰਤਾਰਾ ਹੈ।”
ਬ੍ਰਿਜ ਭੂਸ਼ਨ ਸ਼ਰਨ ਦਾ ਨਾਮ ਲਏ ਬਗੈਰ ਮਹਾਂਵੀਰ ਨੇ ਕਿਹਾ ਕਿ ਸਰਕਾਰ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਮਹਾਂਵੀਰ ਫੋਗਾਟ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਦੋ ਦਿਨ ਪਹਿਲਾਂ ਵਿਨੇਸ਼ ਫੋਗਾਟ ਨਾਲ ਗੱਲ ਹੋਈ ਸੀ ਤੇ ਅੱਜ ਦਾ ਘਟਨਾਕ੍ਰਮ ਉਨ੍ਹਾਂ ਨੇ ਟੈਲੀਵਜ਼ਨ ’ਤੇ ਦੇਖਿਆ ਕਿ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।
ਮਹਾਂਵੀਰ ਸਰਕਾਰ ’ਤੇ ਨਾਰਾਜ਼ ਹੁੰਦਿਆਂ ਕਹਿੰਦੇ ਹਨ ਕਿ ਸਭ ਕੁਝ ਸ਼ਾਂਤ ਮਈ ਤਰੀਕੇ ਨਾਲ ਹੋ ਰਿਹਾ ਸੀ ਤੇ ਸ਼ਾਂਤੀ ਪੂਰਨ ਤਰੀਕੇ ਨਾਲ ਕੋਈ ਵੀ ਆਪਣੀ ਆਵਾਜ਼ ਚੁੱਕ ਸਕਦਾ ਹੈ ਤੇ ਆਪਣੇ ਹੱਕਾਂ ਲਈ ਧਰਨਾ-ਪ੍ਰਦਰਸ਼ਨ ਕਰ ਸਕਦਾ ਹੈ।
ਉਨ੍ਹਾਂ ਕਿਸਾਨ ਆਗੂ ਰਾਕੇਸ਼ ਟਕੈਟ ਦੇ ਪਿਤਾ ਮਹਿੰਦਰ ਸਿੰਘ ਟਿਕੈਤ ਦੀ ਉਦਾਹਰਣ ਦੇ ਕਿ ਅੱਜ ਦੀ ਘਟਨਾ ਨੂੰ ਮੰਦਭਾਗਾ ਕਿਹਾ।
ਮਹਾਂਵੀਰ ਨੇ ਕਿਹਾ, “ਕਿਸੇ ਜ਼ਮਾਨੇ ਵਿੱਚ ਮਹਿੰਦਰ ਸਿੰਘ ਟਾਕੈਤ ਨੇ ਕਈ ਲੋਕਾਂ ਨਾਲ ਇੰਡੀਆ ਗੈਟ ’ਤੇ ਮੁਜ਼ਾਹਰਾ ਕੀਤਾ ਸੀ ਤੇ ਅੱਜ ਆਪਣੀ ਆਵਾਜ਼ ਚੁੱਕਣ ਵਾਲਿਆਂ ਨੂੰ ਦਿੱਲੀ ਵਿੱਚ ਦਾਖ਼ਲ ਹੋਣ ਤੋਂ ਰੋਕਿਆ ਜਾ ਰਿਹਾ ਹੈ।”
ਮਹਾਂਵੀਰ ਫੋਗਾਟ ਨੇ ਸਮਾਜਿਕ ਬੰਦਸ਼ਾਂ ਤੋਂ ਪਾਰ ਜਾਕੇ ਆਪਣੀਆਂ ਧੀਆਂ ਗੀਤਾ, ਬਬਿਤਾ, ਸੰਗੀਤਾ ਤੇ ਰਿਤੂ ਨੂੰ ਪੇਸ਼ੇਵਰ ਭਲਵਾਨ ਬਣਾਇਆ।
ਫ਼ਿਲਮੀ ਹਸਤੀਆਂ ਜੋ ਭਲਵਾਨਾਂ ਦੇ ਹੱਕ ’ਚ ਬੋਲੀਆਂ
ਇਸ ਮਾਮਲੇ ’ਤੇ ਅਦਾਕਾਰ ਪੂਜਾ ਭੱਟ ਨੇ ਟਵੀਟ ਕਰਕੇ ਖਿਡਾਰੀਆਂ ਨਾਲ ਹੋਈ ਧੱਕਾਮੁੱਕੀ ਦਾ ਜ਼ਿਕਰ ਕੀਤਾ ਹੈ।
ਉਨ੍ਹਾਂ ਲਿਖਿਆ, “ਪੁਰਸ਼ ਪੁਜਾਰੀਆਂ ਨੂੰ ਸਨਮਾਨ ਸਹਿਤ ਸੰਸਦ ਭਵਨ ਵਿੱਚ ਲੈ ਜਾਇਆ ਗਿਆ। ਮਹਿਲਾ ਐਥਲੀਟਾਂ ਨਾਲ ਸੜਕਾਂ 'ਤੇ ਕੁੱਟਮਾਰ ਕੀਤੀ ਗਈ। ਆਨੰਦ? ਦੁੱਖ? ਮਾਣ? ਸ਼ਰਮ? ਸਾਨੂੰ ਇਸ ਸਭ ਤੋਂ ਕੀ ਮਹਿਸੂਸ ਕਰਨਾ ਚਾਹੀਦਾ ਹੈ?
ਦਿੱਲੀ ਦੀਆਂ ਬਰੂਹਾਂ ’ਤੇ ਸਾਲ ਭਰ ਚੱਲੇ ਕਿਸਾਨ ਅੰਦੋਲਨ ਦੇ ਹੱਕ ਵਿੱਚ ਬੋਲਣ ਵਾਲੀ ਅਦਾਕਾਰ ਸਵਰਾ ਭਾਸਕਰ ਨੇ ਧਾਰਮਿਕ ਗੁਰੂਆਂ ਨਾਲ ਸੰਸਦ ਭਵਨ ਵਿੱਚ ਖੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪੁਲਿਸ ਦੀ ਧੱਕੇਮੁੱਕੇ ਦੌਰਾਨ ਸੜਕ ਉੱਤੇ ਡਿੱਗੀਆਂ ਦੋ ਖਿਡਾਰਨਾਂ ਦੀ ਤਸਵੀਰ ਸਾਂਝੀ ਕਰਦਿਆਂ ਇੱਕ ਟਵੀਟ ਕੀਤਾ ਹੈ।
ਸਵਰਾ ਨੇ ਲਿਖਿਆ, “ਇਹ ਭਾਰਤ ਹੈ। ਇਹ ਹੈ ਜਿਸ ਲਈ ਅਸੀਂ ਵੋਟਾਂ ਪਾਈਆਂ ਸਨ।”
ਸਿਆਸੀ ਪ੍ਰਤੀਕਰਮ
ਸੰਸਦ ਭਵਨ ਦੇ ਸਮਾਗਮ ਦਾ ਵਿਰੋਧੀ ਧਿਰ ਨੇ ਪਹਿਲਾਂ ਹੀ ਇਹ ਕਹਿੰਦਿਆ ਬਾਈਕਾਟ ਕਰਨ ਦੀ ਗੱਲ ਆਖੀ ਸੀ ਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਨਵੇਂ ਸੰਸਦ ਭਵਨ ਦਾ ਉਦਘਾਟਨ ਕਰਨਾ ਚਾਹੀਦਾ ਸੀ ਨਾ ਕਿ ਪ੍ਰਧਾਨ ਮੰਤਰੀ ਨੂੰ।
ਵਿਰੋਧੀ ਧਿਰ ਦੇ ਕਈ ਆਗੂ ਭਲਵਾਨਾਂ ਦੇ ਧਰਨਾ ਸਥਲ ਜੰਤਰ-ਮੰਤਰ ਜਾ ਕੇ ਉਨ੍ਹਾਂ ਦੀ ਹਿਮਾਇਤ ਦਾ ਸੰਦੇਸ਼ ਵੀ ਦੇ ਚੁੱਕੇ ਹਨ।
ਅਜਿਹੇ ਵਿੱਚ ਅੱਜ ਦੇ ਘਟਨਾਕ੍ਰਮ ਤੋਂ ਬਾਅਦ ਸਿਆਸਤ ਹੋਰ ਭੜਕ ਗਈ ਹੈ।
ਕਾਂਗਰਸ ਨੇ ਆਪਣੇ ਪੁਲਿਸ ਵਿਰੋਧ ਤੋਂ ਬਾਅਦ ਸੜਕੇ ’ਤੇ ਡਿੱਗੀਆਂ ਦੋ ਮਹਿਲਾ ਭਲਵਾਨਾਂ ਦੀ ਫੋਟੋ ਸਾਂਝੀ ਕੀਤੀ ਤੇ ਲਿਖਿਆ, “ਲੋਕਤੰਤਰਾ।”
ਕਾਂਗਰਸ ਆਗੂ ਪ੍ਰਿਅੰਕਾ ਗਾਂਧੀ ਨੇ ਵੀ ਸਾਕਸ਼ੀ ਮਲਿਕ ਤੇ ਇੱਕ ਹੋਰ ਖਿਡਾਰਨ ਦੀ ਤਸਵੀਰ ਦੀ ਟਵੀਟ ਕੀਤੀ ਤੇ ਲਿਖਿਆ, “ਖਿਡਾਰੀਆਂ ਦੀ ਛਾਤੀ ’ਤੇ ਲੱਗੇ ਤਗਮੇ ਦੇਸ਼ ਦੀ ਸ਼ਾਨ ਹੁੰਦੇ ਹਨ। ਉਨ੍ਹਾਂ ਤਗਮਿਆਂ ਤੇ ਖਿਡਾਰੀਆਂ ਦੀ ਮਿਹਨਤ ਨਾਲ ਦੇਸ਼ ਦਾ ਮਾਣ ਵੱਧਦਾ ਹੈ।”
“ਭਾਜਪਾ ਸਰਕਾਰ ਦਾ ਹੰਕਾਰ ਇੰਨਾ ਵੱਧ ਗਿਆ ਹੈ ਕਿ ਸਰਕਾਰ ਸਾਡੀਆਂ ਮਹਿਲਾ ਖਿਡਾਰਣਾਂ ਦੀ ਆਵਾਜ਼ ਨੂੰ ਬਰਿਹਮੀ ਨਾਲ ਆਪਣੇ ਬੂਟਾਂ ਹੇਠ ਦਬਾ ਰਹੀ ਹੈ।”
“ਇਹ ਬਿਲਕੁਲ ਗ਼ਲਤ ਹੈ। ਸਰਕਾਰ ਦੇ ਹੰਕਾਰ ਅਤੇ ਇਸ ਬੇਇਨਸਾਫੀ ਨੂੰ ਪੂਰਾ ਦੇਸ਼ ਦੇਖ ਰਿਹਾ ਹੈ।”
ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਨੇ ਵੀ ਸਾਕਸ਼ੀ ਮਲਿਕ ਦਾ ਸਾਂਝਾ ਕੀਤਾ ਵੀਡੀਓ ਟਵੀਟ ਕੀਤਾ ਹੈ।
ਉਨ੍ਹਾਂ ਲਿਖਿਆ, “ਦੇਸ਼ ਦਾ ਮਾਣ ਵਧਾਉਣ ਵਾਲੇ ਸਾਡੇ ਖਿਡਾਰੀਆਂ ਨਾਲ ਅਜਿਹਾ ਵਰਤਾਅ ਬਹੁਤ ਗ਼ਲਤ ਅਤੇ ਨਿੰਦਣਯੋਗ ਹੈ।”
ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਐੱਮਐੱਲਏ ਜੀਵਨ ਜੋਤ ਕੌਰ ਨੇ ਟਵੀਟ ਵਿੱਚ ਲਿਖਿਆ, “ਜਿਸ ਤਰ੍ਹਾਂ ਸਾਡੇ ਦੇਸ਼ ਦੇ ਚੈਪੀਅਨਾਂ ਨਾਲ ਸਲੂਕ ਕੀਤਾ ਜਾ ਰਿਹਾ ਹੈ ਉਹ ਬੇਹੱਦ ਸ਼ਰਮਨਾਕ ਹੈ।”
ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਭਲਾਵਨਾਂ ਨਾਲ ਹੋਏ ਸਲੂਕ ਦੀ ਨਿਖੇਦੀ ਕੀਤੀ ਹੈ।
ਉਨ੍ਹਾਂ ਟਵੀਟ ਕੀਤਾ, “ਦਿੱਲੀ ਪੁਲਿਸ ਨੇ ਸਾਕਸ਼ੀ ਮਲਿਕ, ਵਿਨੇਸ਼ ਫੋਗਾਟ ਅਤੇ ਹੋਰ ਭਲਵਾਨਾਂ ਨਾਲ ਜਿਸ ਤਰ੍ਹਾਂ ਨਾਲ ਦੁਰਵਿਵਹਾਰ ਕੀਤਾ ਹੈ, ਉਸ ਦੀ ਸਖ਼ਤ ਨਿੰਦਾ ਕਰਦੀ ਹਾਂ।”
“ਇਹ ਸ਼ਰਮਨਾਕ ਹੈ ਕਿ ਸਾਡੇ ਚੈਂਪੀਅਨਾਂ ਨਾਲ ਇਸ ਤਰ੍ਹਾਂ ਦਾ ਸਲੂਕ ਕੀਤਾ ਜਾ ਰਿਹਾ ਹੈ। ਲੋਕਤੰਤਰ ਸਹਿਣਸ਼ੀਲਤਾ ਵਿੱਚ ਹੁੰਦੀ ਹੈ ਪਰ ਤਾਨਾਸ਼ਾਹੀ ਤਾਕਤਾਂ ਅਸਹਿਣਸ਼ੀਲਤਾ ਅਤੇ ਅਸਹਿਮਤੀ 'ਤੇ ਨਿਰਭਰ ਕਰਦੀਆਂ ਹਨ। ਮੈਂ ਮੰਗ ਕਰਦੀ ਹਾਂ ਕਿ ਪੁਲਿਸ ਇਨ੍ਹਾਂ ਨੂੰ ਤੁਰੰਤ ਰਿਹਾਅ ਕਰੇ। ਮੈਂ ਸਾਡੇ ਭਲਵਾਨਾਂ ਨਾਲ ਖੜ੍ਹੀ ਹਾਂ।”
ਭਲਵਾਨਾਂ ਦੇ ਪ੍ਰਦਰਸ਼ਨ ਦੌਰਾਨ ਕੀ ਹੋਇਆ
- 23 ਅਪ੍ਰੈਲ, 2023 ਨੂੰ ਭਾਰਤ ਦੇ ਨਾਮੀ ਮਹਿਲਾ ਭਲਵਾਨਾਂ ਨੇ ਦਿੱਲੀ ਦੇ ਜੰਤਰ-ਮੰਤਰ ਉੱਤੇ ਧਰਨਾ ਸ਼ੁਰੂ ਕੀਤਾ ਸੀ।
- ਮੁਜ਼ਾਹਰਾਕਾਰੀ ਖਿਡਾਰੀਆਂ ਦਾ ਇਲਜ਼ਾਮ ਹੈ ਕਿ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਤੇ ਭਾਜਪਾ ਦੇ ਮੈਂਬਰ ਪਾਰਲੀਮੈਂਟ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਮਹਿਲਾ ਭਲਵਾਨਾਂ ਦਾ ਜਿਨਸੀ ਸ਼ੋਸ਼ਣ ਕੀਤਾ ਹੈ।
- ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ।
- 28 ਅਪ੍ਰੈਲ ਨੂੰ ਦਿੱਲੀ ਪੁਲਿਸ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ਼ ਦੋ ਐੱਫ਼ਆਈਆਰ ਦਰਜ ਕੀਤੀਆਂ। ਭਲਵਾਨ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਹਨ।
- 3-4 ਮਈ ਦੇ ਦਰਮਿਆਨੀ ਰਾਤ ਵਰ੍ਹਦੇ ਮੀਂਹ ਵਿੱਚ ਭਲਵਾਨਾਂ ਤੇ ਦਿੱਲੀ ਪੁਲਿਸ ਦਰਮਿਆਨ ਝੜਪ ਹੋਈ।
- ਭਲਵਾਨਾਂ, ਕਿਸਾਨਾਂ ਤੇ ਖਾਪ ਪੰਚਾਇਤਾਂ ਨੇ ਨਵੀਂ ਸੰਸਦ ਅੱਗੇ ਮਹਾਂਪੰਚਾਇਤ ਆਯੋਜਿਤ ਕਰਨ ਦੀ ਗੱਲ ਆਖੀ
- ਇਸ ਦੌਰਾਨ ਦੇਸ਼ ਦੇ ਨਾਮੀ ਭਲਵਾਨ ਸਾਕਸ਼ੀ ਮਲਿਕ, ਬਜਰੰਗ ਪੂਨੀਆ ਤੇ ਵਿਨੇਸ਼ ਫੋਗਾਟ ਸਣੇ ਕਈ ਭਲਵਾਨਾਂ ਨਾਲ ਪੁਲਿਸ ਦੀ ਬਹਿਸ ਤੇ ਫ਼ਿਰ ਧੱਕਾਮੁੱਕੀ ਹੋਈ। ਇਸ ਮਗਰੋਂ ਭਲਾਵਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।
- ਕਿਸਾਨਾਂ ਅਤੇ ਖਾਪ ਪੰਚਾਇਤਾਂ ਨਾਲ ਸਬੰਧਤ ਲੋਕਾਂ ਨੂੰ ਦਿੱਲੀ ਬਾਰਡਰ ’ਤੇ ਹੀ ਰੋਕਿਆ ਗਿਆ।
ਹੋਰ ਸਮਾਜਿਕ ਪ੍ਰਤੀਕ੍ਰਮ
ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਹੀਵਾਲ ਨੇ ਇਸ ਮਾਮਲੇ ਵਿੱਚ ਕਈ ਟਵੀਟ ਕੀਤੇ। ਉਨ੍ਹਾਂ ਵਿੱਚੋਂ ਇੱਕ ਵਿੱਚ ਵਿਨੇਸ਼ ਫੋਗਾਟ ਨੂੰ ਹੇਠਾਂ ਡਿੱਗਿਆਂ ਤੇ ਪੁਲਿਸ ਨੂੰ ਉਨ੍ਹਾਂ ਦੀ ਖਿੱਚ ਧੂਹ ਕਰਦਿਆਂ ਦੇਖਿਆ ਜਾ ਸਕਦਾ ਹੈ।
ਸਵਾਤੀ ਨੇ ਲਿਖਿਆ, “ਇਹ ਦੇਸ਼ ਦੇ ਚੈਂਪੀਅਨ ਹਨ ਅੱਤਵਾਦੀ ਨਹੀਂ। ਸ਼ਮਰਨਾਕ।”
ਉਲੰਪੀਅਨ ਨੀਰਜ ਚੋਪੜਾ ਨੇ ਭਲਵਾਨਾਂ ਦੀ ਪੁਲਿਸ ਵਲੋਂ ਹੋ ਰਹੀ ਕੁੱਟਮਾਰ ਦੀ ਵੀਡੀਓ ਸਾਂਝਾ ਕਰਦਿਆਂ ਟਵੀਟ ਕੀਤਾ ਹੈ।
ਉਨ੍ਹਾਂ ਲਿਖਿਆ,“ਇਹ ਦੇਖ ਕੇ ਬਹੁਤ ਦੁੱਖ ਹੋ ਰਿਹਾ ਹੈ। ਇਸ ਨਾਲ ਨਜਿੱਠਣ ਦਾ ਕੋਈ ਬਿਹਤਰ ਤਰੀਕਾ ਹੋਣਾ ਚਾਹੀਦਾ ਸੀ।”
ਬਾਕਸਰ ਵਿਜੇਂਦਰ ਸਿੰਘ ਨੇ ਵੀ ਇੱਕ ਟਵੀਟ ਕੀਤਾ ਹੈ। ਉਨ੍ਹਾਂ ਨੇ ਮਹਿਜ਼ ਇੱਕ ਸ਼ਬਦ ‘ਸ਼ਰਮ’ ਲਿਖਕੇ ਸਾਕਸ਼ੀ ਮਲਿਕ ਦਾ ਇੱਕ ਟਵੀਟ ਸਾਂਝਾ ਕੀਤਾ ਹੈ। ਜਿਸ ਵਿੱਚ ਭਲਵਾਨਾਂ ਖ਼ਿਲਾਫ਼ ਪੁਲਿਸ ਕਾਰਵਾਈ ਦਾ ਇੱਕ ਵੀਡੀਓ ਹੈ।
ਵਾਤਾਵਰਨ ਕਾਰਕੂਨ ਲਿਸੀਪ੍ਰਿਯਾ ਕੰਗੁਜਮ ਨੇ ਇਸ ਨੂੰ ਇੱਕ ਤਾਨਾਸ਼ਾਹੀ ਰਵੱਈਆ ਦੱਸਿਆ।
ਉਨ੍ਹਾਂ ਇੱਕ ਟਵੀਟ ਕੀਤਾ ਜਿਸ ਵਿੱਚ ਲਿਖਿਆ, “ਸਿਰਫ਼ ਤਾਨਾਸ਼ਾਹ ਸਾਡੇ ਚੈਂਪੀਅਨਾਂ ਨਾਲ ਅਜਿਹਾ ਕਰ ਸਕਦਾ ਹੈ। ਸਾਨੂੰ ਚੁੱਪ ਨਹੀਂ ਰਹਿਣਾ ਚਾਹੀਦਾ। ਇਹ ਅਸਵੀਕਾਰਨਯੋਗ ਹੈ।”