ਪੰਜਾਬ ਦਾ ਰਾਜ ਜਲਜੀਵ ਡੌਲਫਿਨ ਕਿਵੇਂ ਲੁਪਤ ਹੋਣ ਦੀ ਕਗਾਰ 'ਤੇ ਹੈ, ਬੁਲਣ ਵਜੋਂ ਜਾਣੀ ਜਾਂਦੀ ਇਹ ਜੀਵ ਕਿੱਥੇ ਨਜ਼ਰ ਆਉਂਦੀ ਹੈ

ਤਸਵੀਰ ਸਰੋਤ, Getty Images
- ਲੇਖਕ, ਹਰਮਨਦੀਪ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਪੰਜਾਬ ਦੇ ਸਤਲੁਜ ਅਤੇ ਬਿਆਸ ਦਰਿਆ ਦੇ ਸੰਗਮ ਹਰੀਕੇ ਝੀਲ ਤੋਂ ਪਹਿਲਾਂ ਬਿਆਸ ਵਿੱਚ ਮੈਂ ਬਾਘੇ ਨਾਲ 'ਇੰਡਸ ਰਿਵਰ ਡੌਲਫਿਨ' ਨੂੰ ਦੇਖਣ ਦੀ ਪਿਛਲੇ ਦੋ ਦਿਨਾਂ ਤੋਂ ਕੋਸ਼ਿਸ਼ ਕਰ ਰਿਹਾ ਸੀ।
ਚੜ੍ਹਦੇ ਪੰਜਾਬ ਵਿੱਚ ਬਿਆਸ ਦਰਿਆ ਅਨੇਕਾਂ ਜਲਜੀਵਾਂ ਦਾ ਘਰ ਹੈ ਅਤੇ ਭਾਰਤ ਵਿੱਚ 'ਇੰਡਸ ਰਿਵਰ ਡੌਲਫਿਨ' ਦੀ ਆਖ਼ਰੀ ਅਤੇ ਇਕਲੌਤੀ ਪਨਾਹਗਾਹ ਵੀ।
ਪਰ ਅਫ਼ਸੋਸ ਇਹ ਹੁਣ ਇੱਥੋਂ ਵੀ ਲੁਪਤ ਹੋ ਰਹੀ ਹੈ। ਇਸ ਦੀ ਹੋਂਦ ਗੰਭੀਰ ਖ਼ਤਰੇ ਵਿੱਚ ਹੈ।
'ਅਸੀਂ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਹਰੀਕੇ ਪਹੁੰਚ ਜਾਂਦੇ ਅਤੇ ਸੂਰਜ ਆਥਣ ਤੋਂ ਬਾਅਦ ਵਾਪਸ ਆਉਂਦੇ। ਅਸੀਂ ਇੱਥੇ ਬਿਆਸ ਦਰਿਆ ਲਾਗਲੇ ਪਿੰਡਾਂ ਦੇ ਲੋਕਾਂ, ਬੇੜੀ ਰਾਹੀਂ ਲੋਕਾਂ ਨੂੰ ਪਾਰ ਲੰਘਾਉਣ ਵਾਲੇ ਮਲਾਹਾਂ ਅਤੇ ਦਰਿਆ ਪਾਰ ਕਰਕੇ ਖੇਤੀ ਕਰਨ ਜਾਂਦੇ ਕਿਸਾਨਾਂ ਨਾਲ ਗੱਲਬਾਤ ਕਰਕੇ ਡੌਲਫਿਨ ਦੀ ਮੌਜੂਦਗੀ ਦੇ ਤੱਥ ਇਕੱਠੇ ਕੀਤੇ।
ਭਾਰਤ ਸਰਕਾਰ ਦੇ ਨਵੇਂ ਸਰਵੇਖਣ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਵਿੱਚ ਇੰਡਸ ਡੌਲਫਿਨਜ਼ ਸਿਰਫ਼ ਦੋ ਹੀ ਬਚੀਆਂ ਹਨ। ਹਰੀਕੇ ਝੀਲ ਵਿੱਚ ਸਤਲੁਜ ਨਾਲ ਮਿਲਣ ਤੋਂ ਪਹਿਲਾਂ ਦੇ ਖੇਤਰ ਵਿੱਚ ਬਿਆਸ ਵਿੱਚ ਇਨ੍ਹਾਂ ਦੀ ਮੌਜਦੂਗੀ ਦਾ ਦਾਅਵਾ ਕੀਤਾ ਗਿਆ ਸੀ।
ਭਾਵੇਂ ਕਿ ਪਾਕਿਸਤਾਨ ਵਾਲੇ ਪਾਸੇ ਦਰਿਆ ਵਿੱਚ ਇੰਸਡ ਰਿਵਰ ਡੌਲਫਿਨ ਦੇ ਗਿਣਤੀ ਜ਼ਿਆਦਾ ਹੋਣ ਦਾ ਦਾਅਵਾ ਕੀਤਾ ਗਿਆ ਹੈ ਪਰ ਚੜ੍ਹਦੇ ਪੰਜਾਬ ਸਰਕਾਰ ਦੇ ਜੰਗਲੀ ਜੀਵ ਤੇ ਜੰਗਲਾਤ ਮੰਤਰਾਲੇ ਦਾ ਦਾਅਵਾ ਹੈ ਬਿਆਸ ਦਰਿਆ ਵਿੱਚ ਅਜੇ ਵੀ ਤਿੰਨ ਡੌਲਫਿਨ ਮੌਜੂਦ ਹਨ।

ਡੌਲਫਿਨ ਮਿੱਤਰਾਂ ਰਾਹੀਂ ਨਿਗਰਾਨੀ
ਬਾਘਾ ਜਿਸ ਦੀ ਬੇੜੀ ਵਿੱਚ ਸਵਾਰ ਹੋ ਕੇ ਅਸੀਂ ਬਿਆਸ ਦਰਿਆ ਵਿੱਚ ਡੌਲਫਿਨ ਨੂੰ ਲੱਭ ਰਹੇ ਸੀ, ਉਸ ਨੂੰ ਪੰਜਾਬ ਸਰਕਾਰ ਨੇ 'ਡੌਲਫਿਨ ਮਿੱਤਰ' ਨਾਮਜ਼ਦ ਕੀਤਾ ਹੋਇਆ ਹੈ।
ਪੰਜਾਬ ਸਰਕਾਰ ਦੀ 'ਡੌਲਫਿਨ ਮਿੱਤਰ' ਮੁਹਿੰਮ ਤਹਿਤ ਡੌਲਫਿਨ ਦੀ ਨਿਗਰਾਨੀ, ਸਾਂਭ-ਸੰਭਾਲ, ਸੁਰੱਖਿਆ ਅਤੇ ਜੈਵ ਵਿਭਿੰਨਤਾ ਨੂੰ ਬਣਾਈ ਰੱਖਣ ਵਾਸਤੇ ਸਥਾਨਕ ਲੋਕਾਂ ਦੀ ਮਦਦ ਲਈ ਜਾਂਦੀ ਹੈ।
ਵਰਲਡ ਵਾਈਡ ਫੰਡ- ਭਾਰਤ ਅਤੇ ਪੰਜਾਬ ਸਰਕਾਰ ਦੇ ਜੰਗਲਾਤ ਅਤੇ ਜੰਗਲੀ ਜੀਵ ਸੰਭਾਲ ਵਿਭਾਗ ਨੇ ਬਾਘਾ ਵਰਗੇ ਕਈ ਲੋਕਾਂ ਨੂੰ 'ਡੌਲਫਿਨ ਮਿੱਤਰ' ਨਿਯੁਕਤ ਕੀਤਾ ਹੈ। ਉਹ ਵਿਭਾਗ ਦੀਆਂ ਅੱਖਾਂ ਅਤੇ ਕੰਨ ਹਨ।
27 ਸਾਲਾ ਬਾਘਾ ਪਿਛਲੇ ਲਗਭਗ 10 ਸਾਲਾਂ ਤੋਂ ਬਿਆਸ ਨਦੀ ਵਿੱਚ ਬੇੜੀ ਚਲਾ ਰਿਹਾ ਹੈ। ਇਹ ਉਸਦਾ ਪਿਤਾ ਪੁਰਖੀ ਕਿੱਤਾ ਹੈ।
ਬਾਘਾ ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ਦੇ ਕਰਮੂਵਾਲਾ ਪਿੰਡ ਦੇ ਨੇੜੇ ਰੋਜ਼ਾਨਾ ਸੈਂਕੜੇ ਲੋਕਾਂ ਨੂੰ ਬਿਆਸ ਨਦੀ ਪਾਰ ਕਰਵਾਉਂਦਾ ਹੈ।
ਉਹ ਆਪਣੇ ਆਪ ਨੂੰ ʻਖੁਸ਼ਕਿਸਮਤʼ ਮੰਨਦਾ ਹੈ ਕਿਉਂਕਿ ਉਸ ਦਾ ਸ਼ੁਮਾਰ ਉਨ੍ਹਾਂ ਲੋਕਾਂ ਵਿੱਚ ਹੁੰਦਾ ਹੈ, ਜਿਨ੍ਹਾਂ 'ਇੰਡਸ ਰਿਵਰ ਡੌਲਫਿਨ' (ਸਿੰਧ ਨਦੀ ਡੌਲਫਿਨ) ਪ੍ਰਜਾਤੀ ਦੇ ਆਖ਼ਰੀ ਪ੍ਰਾਣੀਆਂ ਨੂੰ ਅਨੇਕਾਂ ਵਾਰ ਅੱਖੀਂ ਦੇਖਿਆ ਹੈ।
ਬਾਘਾ ਦੱਸਦੇ ਹਨ, "ਜਦੋਂ ਕਰਮੂਵਾਲਾ ਪਿੰਡ ਦੇ ਪੱਤਣ ਨੇੜੇ ਬਿਆਸ ਨਦੀ ਵਿੱਚ ਪਾਣੀ ਦਾ ਪੱਧਰ ਵੱਧਦਾ ਹੈ ਤਾਂ 'ਇੰਡਸ ਰਿਵਰ ਡੌਲਫਿਨ' ਮੇਰੀ ਬੇੜੀ ਕੋਲ ਕਈ ਵਾਰ ਪਾਣੀ ਵਿੱਚ ਟਪੂਸੀਆਂ ਮਾਰਦੀ ਹੈ। ਬਾਘਾ ਅਤੇ ਸਥਾਨਕ ਲੋਕ ਡੌਲਫਿਨ ਦੀ ਇਸ ਪ੍ਰਜਾਤੀ ਨੂੰ 'ਬੁੱਲਣ' ਦੇ ਨਾਮ ਨਾਲ ਜਾਣਦੇ ਹਨ।"

ਤਸਵੀਰ ਸਰੋਤ, Getty Images
ਬਿਆਸ ਵਿੱਚ ਕਿੱਥੇ ਨਜ਼ਰ ਆਉਂਦੀ ਹੈ
ਪੰਜਾਬ ਦੇ ਜੰਗਲੀ ਜੀਵ ਸੰਭਾਲ ਵਿਭਾਗ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਵਿਭਾਗ ਦੇ ਸਰਵੇ ਮੁਤਾਬਕ ਇਹ ਡੌਲਫਿਨ ਪੰਜਾਬ ਵਿੱਚ ਹਰੀਕੇ ਪੱਤਣ, ਜਿੱਥੇ ਸਤਲੁਜ ਅਤੇ ਬਿਆਸ ਦਾ ਸੰਗਮ ਹੁੰਦਾ ਹੈ, ਉੱਥੇ ਮਿਲਦੀ ਹੈ।
ਉਨ੍ਹਾਂ ਦੱਸਿਆ ਕਿ ਇਹ ਮਿਲਦੀ ਸਿਰਫ਼ ਬਿਆਸ ਨਦੀ ਵਿੱਚ ਹੀ ਹੈ ਪਰ ਇਸਦਾ ਰਹਿਣ ਬਸੇਰਾ ਇਸ ਸੰਗਮ ਦੇ ਆਸ ਪਾਸ ਦਾ ਇਲਾਕਾ ਹੈ। ਸਤਲੁਜ ਅਤੇ ਬਿਆਸ ਦੀ ਸੰਗਮ ਨਾਲ ਬਣਨ ਵਾਲੀ ਝੀਲ ਨੂੰ ਹਰੀਕੇ ਪੱਤਣ ਝੀਲ ਕਿਹਾ ਜਾਂਦਾ ਹੈ।
ਪੰਜਾਬ ਜੰਗਲਾਤ ਵਿਭਾਗ ਦੇ ਸਰਵੇ ਮੁਤਾਬਕ ਏਰੀਏ ਵਿੱਚ ਇਹ ਡੌਲਫਿਨ ਕਈ ਥਾਵਾਂ ਉੱਤੇ ਨਜ਼ਰ ਆਉਂਦੀ ਹੈ।
ਇਹਨਾਂ ਥਾਵਾਂ ਵਿੱਚ ਪਿੰਡ ਕਰਮੂਵਾਲਾ, ਗੋਇੰਦਵਾਲ, ਗਗੜੇਵਾਲ, ਧੂੰਦਾ, ਮੁੰਡਾਪਿੰਡ ਅਤੇ ਪਿੰਡ ਘਰਕਾ ਸ਼ਾਮਲ ਹਨ। ਹਰੀਕੇ ਕੋਲ ਸਤਲੁਜ ਨਦੀ ਵਿੱਚ ਮਿਲਣ ਤੋਂ ਪਹਿਲਾਂ ਬਿਆਸ ਇਹਨਾਂ ਪਿੰਡਾਂ ਦੀਆਂ ਹੱਦਾਂ ਵਿੱਚੋਂ, ਦੀ ਹੋ ਕੇ ਲੰਘਦੀ ਹੈ।
ਇਹ ਡੌਲਫਿਨ ਅਕਸਰ ਇਹਨਾਂ ਪਿੰਡਾਂ ਦੇ ਲੋਕਾਂ ਨੂੰ ਨਦੀ ਪਾਰ ਕਰਦਿਆਂ, ਖੇਤਾਂ ਨੂੰ ਜਾਂਦਿਆਂ ਜਾਂ ਨਦੀ ਦੇ ਕੋਲੋਂ ਦੀ ਲੰਘਦਿਆਂ ਨਜ਼ਰ ਪੈਂਦੀ ਹੈ।
ਲਾਲ ਚੰਦ ਕਟਾਰੂਚੱਕ ਨੇ ਦੱਸਿਆ, "ਸਾਲ 1840 ਵਿੱਚ ਪਹਿਲੀ ਵਾਰ ਇੰਡਸ ਡੌਲਫਿਨ ਨੂੰ ਪੰਜਾਬ ਵਿੱਚ ਦੇਖਿਆ ਗਿਆ ਸੀ। ਪਹਿਲਾਂ ਬਿਆਸ ਵਿੱਚ ਪੰਜ ਡੌਲਫਿਨ ਸਨ ਅਤੇ ਅੱਜ ਕੱਲ ਤਿੰਨ ਹੀ ਨਜ਼ਰ ਆਉਂਦੀਆਂ ਹਨ।"
ਹਾਲਾਂਕਿ ਪਿਛਲੇ ਸਾਲਾਂ ਦੌਰਾਨ ਪ੍ਰਕਾਸ਼ਤ ਹੋਈਆਂ ਕਈ ਮੀਡੀਆ ਰਿਪੋਰਟਾਂ ਅਤੇ ਸਰਵੇਖਣ ਰਿਪੋਰਟਾਂ ਵਿੱਚ ਡੌਲਫਿਨ ਦੀ ਗਿਣਤੀ ਪੰਜ ਤੋਂ ਕਾਫੀ ਵੱਧ ਦੱਸੀ ਗਈ ਸੀ।
ਬੁੱਲਣ ਪੰਜਾਬ ਦਾ ਰਾਜ ਜਲਜੀਵ ਹੈ। ਪੰਜਾਬ ਸਰਕਾਰ ਨੇ ਸਾਲ 2019 ਵਿੱਚ ਇੰਡਸ ਰਿਵਰ ਡੌਲਫਿਨ ਨੂੰ ਰਾਜ ਜਲਜੀਵ ਐਲਾਨਿਆ ਸੀ।

ਡੌਲਫਿਨ ਮਿੱਤਰਾਂ ਤੇ ਹੋਰ ਸਥਾਨਕ ਲੋਕਾਂ ਨੇ ਕੀ ਦੱਸਿਆ
ਬਿਆਸ ਨਦੀ ਦੇ ਕੰਢੇ ਵੱਸੇ ਮੁੰਡਾਪਿੰਡ ਦੇ ਕਿਸਾਨ ਲਵਪ੍ਰੀਤ ਸਿੰਘ ਦੱਸਿਆ ਕਿ ਉਸ ਨੇ ਕੁਝ ਦਿਨ ਪਹਿਲਾਂ ਬੁੱਲਣ ਨੂੰ ਆਪਣੇ ਖੇਤਾਂ ਨੇੜੇ ਦੇਖਿਆ ਸੀ। ਉਹ ਬਿਆਸ ਨਦੀ ਦੇ ਕਿਨਾਰੇ ਨੇੜੇ ਰਹਿੰਦੇ ਹਨ ਅਤੇ ਰੋਜ਼ਾਨਾ ਨਦੀ ਦੇ ਕੋਲ ਦੀ ਲੰਘਦੇ ਹਨ।
ਲਵਪ੍ਰੀਤ ਮੁਤਾਬਕ ਮਾਰਚ ਮਹੀਨੇ ਦੇ ਤੀਜੇ ਹਫ਼ਤੇ ਉਸਨੇ ਲਗਾਤਾਰ 3-4 ਦਿਨਾਂ ਤੱਕ ਡੌਲਫਿਨ ਨੂੰ ਦੇਖਿਆ ਸੀ।
"ਨਦੀ ਕੋਲੋਂ ਦੀ ਲੰਘਦਿਆਂ ਮੈਨੂੰ ਡੌਲਫਿਨ ਸਵੇਰੇ ਅਤੇ ਸ਼ਾਮ ਪਾਣੀ ਵਿੱਚ ਟਪੂਸੀ ਮਾਰਦੀ ਨਜ਼ਰ ਆਈ। ਹੁਣ ਤਾਂ ਮੈਨੂੰ ਇੱਕ ਹੀ ਨਜ਼ਰ ਆਈ ਸੀ ਪਰ ਪਹਿਲਾਂ ਇਹ ਦੋ ਨਜ਼ਰ ਆਉਂਦੀਆਂ ਸਨ।"
ਬਾਘਾ ਦੱਸਦੇ ਹਨ, "ਡੌਲਫਿਨ ਉਸਨੂੰ ਅਕਸਰ ਨਜ਼ਰ ਆਉਂਦੀ ਹੈ। ਉਸ ਨੇ ਲਗਭਗ ਛੇ ਮਹੀਨੇ ਪਹਿਲਾਂ ਡੌਲਫਿਨ ਨੂੰ ਆਖ਼ਰੀ ਵਾਰ ਦੇਖਿਆ ਸੀ।"
"ਮੈਂ ਡੌਲਫਿਨ ਨੂੰ ਦੇਖਦਾ ਰਹਿੰਦਾ ਹਾਂ। ਇਹ ਮੇਰੀ ਬੇੜੀ ਦੇ ਨਾਲ-ਨਾਲ ਹੀ ਰਹਿੰਦੀ ਹੈ। ਬੇੜੀ ਚਲਾਉਂਦਿਆਂ ਜਦੋਂ ਚੱਪੂ ਦੀ ਆਵਾਜ਼ ਆਉਂਦੀ ਹੈ ਤਾਂ ਬੁੱਲਣ ਤਲ ਉੱਤੇ ਆ ਜਾਂਦੀ ਹੈ। ਹੁਣ ਇੱਥੇ ਪਾਣੀ ਘੱਟ ਗਿਆ ਹੈ। ਇਸ ਲਈ ਬੁੱਲਣ ਹੁਣ ਇੱਥੇ ਨਜ਼ਰ ਨਹੀਂ ਆਉਂਦੀ। ਜਦੋਂ ਪਾਣੀ ਦਾ ਪੱਧਰ ਇੱਥੇ ਵੱਧ ਜਾਵੇਗਾ, ਬੁੱਲਣ ਇੱਥੇ ਨਜ਼ਰ ਆਉਣ ਲੱਗ ਪਵੇਗੀ।"
23 ਸਾਲਾ ਪ੍ਰਭਸਿਮਰਨ ਸਿੰਘ ਵੀ ਮਲਾਹ ਹਨ। ਉਹ ਵੀ ਕਰਮੂਵਾਲਾ ਪਿੰਡ ਕੋਲ ਬੇੜੀ ਚਲਾਉਂਦੇ ਹਨ। ਉਨ੍ਹਾਂ ਨੇ ਵੀ ਦੱਸਿਆ ਕਿ ਕਈ ਮਹੀਨੇ ਪਹਿਲਾਂ ਉਨ੍ਹਾਂ ਇੱਥੇ ਡੌਲਫਿਨ ਨੂੰ ਦੇਖਿਆ ਸੀ।
ਉਨ੍ਹਾਂ ਕਿਹਾ, "ਮੈਂ ਛੇ ਸਾਲਾਂ ਤੋਂ ਲਗਾਤਾਰ ਡੌਲਫਿਨ ਨੂੰ ਦੇਖ ਰਿਹਾ ਹਾਂ। ਉਹ ਬਹੁਤ ਪਿਆਰੀ ਹੈ। ਦੇਖਣ ਵਿੱਚ ਬਹੁਤ ਆਨੰਦ ਆਉਂਦਾ ਹੈ। ਮੈਂ ਕਈ ਵਾਰ ਉਸ ਨੂੰ ਮੱਛੀਆਂ ਪਿੱਛੇ ਭੱਜਦੇ ਦੇਖਿਆ ਹੈ।"

ਸੰਭਾਲ ਲਈ ਕਿਹੜੇ ਯਤਨ ਹੋ ਰਹੇ ਹਨ
ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਇਸ ਡੌਲਫਿਨ ਦੀ ਸੁਰੱਖਿਆ ਲਈ ਇਸ ਨੂੰ ਭਾਰਤ ਦੇ ਜੰਗਲੀ ਜੀਵ (ਸੁਰੱਖਿਆ) ਐਕਟ, 1972 ਦੇ ਸ਼ਡਿਊਲ 1 ਵਿੱਚ ਸ਼ਾਮਲ ਕੀਤਾ ਗਿਆ ਹੈ।
ਇਹ ਕਾਨੂੰਨ ਖ਼ਤਰੇ ਵਿੱਚ ਪੈ ਰਹੀਆਂ ਪ੍ਰਜਾਤੀਆਂ ਲਈ ਉੱਚਤਮ ਪੱਧਰ ਦੀ ਸੁਰੱਖਿਆ ਪ੍ਰਦਾਨ ਕਰਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਡੌਲਫਿਨ ਦੇ ਕੁਦਰਤੀ ਰਹਿਣ ਬਸੇਰਾ ਦੇ ਆਸ ਪਾਸ ਦੇ ਖੇਤਰ ਵਿੱਚ ਮੱਛੀਆਂ ਦੇ ਸ਼ਿਕਾਰ ਉੱਤੇ ਪੂਰਨ ਤੌਰ ਉੱਤੇ ਪਾਬੰਦੀ ਹੈ। ਇਸ ਤੋਂ ਇਲਾਵਾ ਉੱਥੇ ਖਣਨ ਉੱਤੇ ਵੀ ਪਾਬੰਦੀ ਲਗਾਈ ਹੋਈ ਹੈ।
ਕਟਾਰੂਚੱਕ ਨੇ ਦੱਸਿਆ ਕਿ ਪੰਜਾਬ ਤੋਂ ਇਲਾਵਾ ਇਹ ਡੌਲਫਿਨ ਪਾਕਿਸਤਾਨੀ ਵਿੱਚ ਨਜ਼ਰ ਆਉਂਦੀ ਹੈ। ਉੱਥੇ ਇਹ ਸਿੰਧ ਨਦੀ ਵਿੱਚ ਰਹਿੰਦੀ ਹੈ।
ਕਟਾਰੂਚੱਕ ਦੱਸਦੇ ਹਨ, "ਉੱਥੇ ਬੁੱਲਣ ਗਿਣਤੀ ਪੰਜਾਬ ਨਾਲੋਂ ਤਾਂ ਕਾਫੀ ਗੁਣਾ ਵੱਧ ਹੈ ਪਰ ਉੱਥੇ ਵੀ ਬੁੱਲਣ ਲੁਪਤ ਹੋਣ ਦੀ ਕਗਾਰ ਉੱਤੇ ਹੈ। ਪਾਕਿਸਤਾਨ ਵਿੱਚ ਵੀ ਤੇਜ਼ੀ ਨਾਲ ਇਸਦੀ ਗਿਣਤੀ ਘੱਟ ਹੋ ਰਹੀ ਹੈ।"

ਬੁੱਲਣ ਦੀਆਂ ਵਿਸ਼ੇਸ਼ਤਾਵਾਂ ਕੀ ਹਨ
- ਰੰਗ: ਭੂਰਾ
- ਦਿੱਖ: ਨੱਕ ਲੰਬਾ, ਸਿੱਧਾ ਅਤੇ ਤਿੱਖਾ। ਸਿਰ ਖਰਬੂਜੇ ਵਰਗਾ
- ਸਰੀਰ ਦੀ ਲੰਬਾਈ: 1.5 ਤੋਂ 2.5 ਮੀਟਰ ਤੱਕ
- ਭਾਰ: 70 ਤੋਂ 110 ਕਿੱਲੋਗ੍ਰਾਮ
- ਪ੍ਰਜਣਨ ਦੀ ਸਮਾਂ: ਸਾਰਾ ਸਾਲ
- ਭੋਜਨ: ਘੋਗੇ ਸਿੱਪੀਆਂ ਅਤੇ ਛੋਟੀਆਂ ਮੱਛੀਆਂ

ਤਸਵੀਰ ਸਰੋਤ, LAL CHAND KATARUCHACK
ਡੌਲਫਿਨ ਬਾਰੇ ਰੋਚਕ ਗੱਲਾਂ
ਪੰਜਾਬ ਦੇ ਜੰਗਲਾਤ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ 'ਇੰਡਸ ਡੌਲਫਿਨ' ਕਾਰਜਸ਼ੀਲ ਤੌਰ ਉੱਤੇ ਅੰਨ੍ਹਾਂ ਪ੍ਰਾਣੀ ਹੁੰਦੀ ਹੈ। ਇਸਦੀਆਂ ਅੱਖਾਂ ਬਹੁਤ ਛੋਟੀਆਂ ਹੁੰਦੀਆਂ ਹਨ। ਇਹ ਆਵਾਜ਼ ਦੀ ਗੂੰਜ ਸਹਾਰੇ ਪਾਣੀ ਵਿੱਚ ਸਫ਼ਰ ਕਰਦੀ ਹੈ, ਮੰਜ਼ਿਲ ਤੱਕ ਪਹੁੰਚਦੀ ਹੈ ਅਤੇ ਸ਼ਿਕਾਰ ਕਰਦੀ ਹੈ।
ਉਹਨਾਂ ਦੱਸਿਆ ਕਿ ਇਹ ਨਦੀ/ਸੰਮੁਦਰ ਦੇ ਤਲ ਤੱਕ ਜਾਣ ਦੀ ਸਮਰੱਥਾ ਰੱਖਦਾ ਹੈ। ਇਸਦੇ ਦੰਦ ਤਿੱਖੇ ਹੁੰਦੇ ਹਨ, ਜਿਸ ਦੀ ਵਰਤੋਂ ਬੁੱਲਣ ਆਪਣੀ ਖੁਰਾਕ ਲਈ ਕਰਦੀ ਹੈ।

ਹੋਰ ਕਿਹੜੇ-ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ
ਇਸ ਪ੍ਰਜਾਤੀ ਦੀ ਡੌਲਫਿਨ ਨੂੰ ਕਈ ਨਾਵਾਂ ਨਾਲ ਜਾਣਿਆ ਜਾਂਦਾ ਹੈ। ਇਸ ਦਾ ਸਭ ਤੋਂ ਪ੍ਰਸਿੱਧ ਨਾਮ 'ਇੰਡਸ ਰਿਵਰ ਡੌਲਫਿਨ' ਹੈ। ਬਿਆਸ ਦਰਿਆ ਦੇ ਆਸ ਪਾਸ ਵੱਸਦੇ ਲੋਕਾਂ ਵੱਲੋਂ ਇਸਨੂੰ 'ਬੁੱਲਣ' ਮੱਛੀ ਕਿਹਾ ਜਾਂਦਾ ਹੈ, ਜਿਸ ਦਾ ਅਰਥ ਹੈ ਵੱਡੇ ਬੁੱਲਾਂ ਵਾਲਾ ਜੀਵ।
ਇਸ ਜਲਜੀਵ ਦਾ ਵਿਗਿਆਨਕ ਨਾਮ ਪਲੈਟਾਨਿਸਟਾ ਗੈਂਗੇਟਿਕਾ ਮਾਈਨਰ ( Platanista gangetica minor) ਹੈ। ਇਸਨੂੰ ਸਾਊਥ ਏਸ਼ੀਆ ਰਿਵਰ ਡੌਲਫਿਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।

ਸਰਵੇ ਰਿਪੋਰਟਾਂ ਕੀ ਕਹਿੰਦੀਆਂ
ਕੇਂਦਰ ਸਰਕਾਰ ਦੇ ਜੰਗਲਾਤ, ਜਲਜੀਵ ਅਤੇ ਜਲਵਾਯੂ ਤਬਦੀਲੀ ਵਿਭਾਗ ਅਤੇ ਵਾਈਲਡ ਲਾਈਵ ਇੰਸਟੀਟਿਊਟ ਆਫ ਇੰਡੀਆ ਵੱਲੋਂ 'ਪਾਪੁਲੇਸ਼ਨ ਸਟੇਟਸ ਆਫ਼ ਰਿਵਰ ਡਾਲਫਿਨ ਇਨ ਇੰਡੀਆ - 2024' ਨਾਮ ਦੀ ਰਿਪੋਰਟ ਮਾਰਚ ਮਹੀਨੇ ਦੇ ਪਹਿਲੇ ਹਫ਼ਤੇ ਜਾਰੀ ਕੀਤੀ ਗਈ ਸੀ।
ਰਿਪੋਰਟ ਅਨੁਸਾਰ ਸਿੰਧ ਨਦੀ ਡੌਲਫਿਨ, ਪਲਾਂਟਿਨਿਸਟਾਡੇ (plantinistadae) ਪਰਿਵਾਰ ਦੀਆਂ ਦੋ ਬਚੀਆਂ ਪ੍ਰਜਾਤੀਆਂ ਵਿੱਚੋਂ ਇੱਕ ਹੈ।
ਸਿੰਧੂ ਨਦੀ ਦੀ ਡੌਲਫਿਨ ਨੂੰ ਪਹਿਲਾਂ ਗੰਗਾ ਡੌਲਫਿਨ ਦੀ ਇੱਕ ਉਪ-ਪ੍ਰਜਾਤੀ ਮੰਨਿਆ ਜਾਂਦਾ ਸੀ। ਹਾਲਾਂਕਿ, ਕੁੱਝ ਸਾਲ ਪਹਿਲਾਂ ਹੋਏ ਵਿਗਿਆਨਕ ਅਧਿਐਨਾਂ ਨੇ ਇਹ ਸਥਾਪਿਤ ਕੀਤਾ ਹੈ ਕਿ ਸਿੰਧੂ ਨਦੀ ਦੀ ਡੌਲਫਿਨ ਇੱਕ ਵੱਖਰੀ ਪ੍ਰਜਾਤੀ ਹੈ।
ਵਰਲਡ ਵਾਈਡ ਫੰਡ (ਡਬਲਯੂ ਡਬਲਯੂ ਐੱਫ)-ਇੰਡੀਆ ਦੇ ਸਾਲ 2018 ਦੇ ਸਰਵੇਖਣ ਮੁਤਾਬਕ ਡੌਲਫਿਨ ਦੀ ਗਿਣਤੀ ਪੰਜ ਸੀ। ਮੌਜੂਦਾ ਸਰਵੇਖਣ ਦੌਰਾਨ, ਸਿਰਫ਼ ਤਿੰਨ ਸਿੰਧ ਨਦੀ ਡੌਲਫਿਨ ਮਿਲੀਆਂ। ਇਹਨਾਂ ਵਿੱਚ ਦੋ ਬਾਲਗ਼ ਅਤੇ ਇੱਕ ਨਵਜੰਮਿਆ ਬੱਚਾ ਸੀ।
2024 ਦੇ ਸ਼ੁਰੂ ਵਿੱਚ, ਇੱਕ ਗਰਭਵਤੀ ਮਾਦਾ ਦੀ ਮੌਤ ਹੋ ਗਈ ਸੀ, ਜਿਸ ਨਾਲ ਇਹਨਾਂ ਦੀ ਆਬਾਦੀ ਦੋ ਹੀ ਰਹਿ ਗਈ ਹੈ।
ਡਬਲਯੂ ਡਬਲਯੂ ਐੱਫ ਦੀ ਅਧਿਕਾਰੀ ਗੀਤਾਂਜੰਲੀ ਕੰਵਰ, ਜੋ ਕਿ ਇਸ ਸਰਵੇਖਣ ਵਿੱਚ ਸ਼ਾਮਲ ਸਨ, ਨੇ ਦੱਸਿਆ ਸਾਲ 2024 ਵਿੱਚ ਡੌਲਫਿਨ ਦੀ ਮੌਤ ਕੁਦਰਤੀ ਕਾਰਨਾਂ ਕਰਕੇ ਹੋਈ ਸੀ।

ਡੌਲਫਿਨ ਮੁੜ ਕਿਵੇਂ ਲੱਭੀ
ਰਿਪੋਰਟ ਮੁਤਾਬਕ ਭਾਰਤ ਵਿੱਚ, ਸਿੰਧ ਨਦੀ ਡੌਲਫਿਨ ਨੂੰ 1960 ਦੇ ਦਹਾਕੇ ਦੇ ਆਸਪਾਸ ਅਲੋਪ ਹੋ ਗਈਆਂ ਮੰਨ ਲਿਆ ਗਿਆ ਸੀ। ਹਾਲਾਂਕਿ 1980 ਦੇ ਦਹਾਕੇ ਦੌਰਾਨ ਡੌਲਫਿਨ ਦੇਖੇ ਜਾਣ ਦੀਆਂ ਕਦੇ-ਕਦਾਈਂ ਰਿਪੋਰਟਾਂ ਮਿਲਦੀਆਂ ਸਨ ਪਰ ਇਸਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ।
ਸਾਲ 2007 ਵਿੱਚ, ਬਸੰਤ ਰਾਜ ਕੁਮਾਰ, ਡੀਐੱਫਓ, ਹਰੀਕੇ ਵਾਈਲਡਲਾਈਫ ਸੈਂਚੂਰੀ, ਨੇ ਆਪਣੀ ਇੱਕ ਰੋਜ਼ਾਨਾ ਦੀ ਫੇਰੀ ਦੌਰਾਨ ਇੱਕ ਡੌਲਫਿਨ ਨੂੰ ਦੇਖਿਆ।
ਇਸ ਮਗਰੋਂ ਇਹ ਸੰਭਾਵਨਾ ਵੱਧ ਗਈ ਕਿ ਡੌਲਫਿਨ ਦੀ ਆਬਾਦੀ ਸ਼ਾਇਦ ਉਨ੍ਹਾਂ ਖੇਤਰਾਂ ਵਿੱਚ ਹੁਣ ਵੀ ਹੋਵੇ ਜਿੱਥੋਂ ਉਨ੍ਹਾਂ ਨੂੰ ਪਹਿਲਾਂ ਲੁਪਤ ਹੋ ਗਿਆ ਮੰਨ ਲਿਆ ਗਿਆ ਸੀ।
ਇਸ ਤੋਂ ਬਾਅਦ ਜੰਗਲਾਤ ਵਿਭਾਗ ਅਤੇ ਡਬਲਯੂ ਡਬਲਯੂ ਐੱਫ- ਭਾਰਤ ਡੌਲਫਿਨ ਦੀ ਸਾਂਭ ਸੰਭਾਲ ਅਤੇ ਨਿਗਰਾਨੀ ਵਾਸਤੇ ਸਾਂਝੇ ਰੂਪ ਵਿੱਚ ਕੰਮ ਕਰ ਰਿਹਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ













