ਇਲੀਹੂ ਯੇਲ ਕੌਣ ਹੈ, ਜਿਸ ਨੇ ਭਾਰਤੀ ਗ਼ੁਲਾਮਾਂ ਦਾ ਵਪਾਰ ਕੀਤਾ

ਇਲੀਹੂ ਯੇਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਲੀਹੂ ਯੇਲ (ਕੇਂਦਰ) ਦੀ 18ਵੀਂ ਸਦੀ ਦੀ ਬ੍ਰਿਟਿਸ਼ ਪੇਂਟਿੰਗ ਜਿਸ ਵਿੱਚ ਉਹ ਇੱਕ ਬਾਲ ਗ਼ੁਲਾਮ ਨਾਲ ਨਜ਼ਰ ਆ ਰਹੇ ਹਨ
    • ਲੇਖਕ, ਗੀਤਾ ਪਾਂਡੇ
    • ਰੋਲ, ਬੀਬੀਸੀ ਪੱਤਰਕਾਰ

ਪਿਛਲੇ ਮਹੀਨੇ, ਯੇਲ ਯੂਨੀਵਰਸਿਟੀ ਨੇ ਇਸ ਦੇ ਮੂਲ ਲੀਡਰਾਂ ਦੇ ਗ਼ੁਲਾਮੀ ਨਾਲ ਤਾਰ ਜੁੜੇ ਹੋਣ ਦੀ ਰਸਮੀ ਮਾਫ਼ੀ ਮੰਗੀ ਹੈ।

ਉਦੋਂ ਤੋਂ, ਭਾਰਤ ਵਿੱਚ ਇੱਕ ਨਾਮ ਜੋ ਡੂੰਘੀ ਪੜਤਾਲ ਹੇਠ ਹੈ, ਉਹ ਹੈ ਇਲੀਹੂ ਯੇਲ। ਉਹ ਆਦਮੀ ਜਿਸ ਦੇ ਨਾਮ 'ਤੇ ਆਈਵੀ ਲੀਗ ਯੂਨੀਵਰਸਿਟੀ ਦਾ ਨਾਮ ਪਿਆ ਸੀ।

ਯੇਲ ਨੇ 17ਵੀਂ ਸਦੀ ਵਿੱਚ ਦੱਖਣੀ ਭਾਰਤ ਦੇ ਮਦਰਾਸ (ਹੁਣ ਚੇੱਨਈ) ਵਿੱਚ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਸਰਵ-ਸ਼ਕਤੀਸ਼ਾਲੀ ਗਵਰਨਰ-ਪ੍ਰੈਜ਼ੀਡੈਂਟ ਵਜੋਂ ਸੇਵਾ ਨਿਭਾਈ। ਉਨ੍ਹਾਂ ਵੱਲੋਂ ਯੂਨੀਵਰਸਿਟੀ ਨੂੰ ਦਿੱਤੇ ਗਏ 1162 ਯੂਰੋ ਨੇ ਉਨ੍ਹਾਂ ਦੇ ਨਾਮ 'ਤੇ ਯੂਨੀਵਰਸਿਟੀ ਦਾ ਨਾਮ ਰੱਖੇ ਜਾਣ ਦਾ ਮਾਣ ਦਵਾਇਆ।

ਬਰਮਿਘਮ ਦੀ ਐਸਟਨ ਯੂਨੀਵਰਸਿਟੀ ਵਿੱਚ ਆਧੁਨਿਕ ਇਤਿਹਾਸ ਦੇ ਪ੍ਰੋਫੈਸਰ ਜੋਸਫ ਯਾਨੀਅਲੀ ਨੇ ਬੀਬੀਸੀ ਨੂੰ ਦੱਸਿਆ ਕਿ ਇਹ ਅੱਜ ਦੇ 206,000 ਯੂਰੋ ਦੇ ਬਰਾਬਰ ਹੈ। ਪ੍ਰੋਫੈਸਰ ਜੋਸਫ ਨੇ ਹਿੰਦ ਮਹਾਂਸਾਗਰ ਵਿੱਚ ਗ਼ੁਲਾਮਾਂ ਦੇ ਵਪਾਰ ਨਾਲ ਯੇਲ ਦੇ ਸੰਬੰਧਾਂ ਦਾ ਅਧਿਐਨ ਕੀਤਾ ਹੋਇਆ ਹੈ।

ਇਹ ਅੱਜ ਦੇ ਹਿਸਾਬ ਨਾਲ, ਕਾਫ਼ੀ ਵੱਡੀ ਰਕਮ ਨਹੀਂ ਸੀ ਪਰ ਇਸ ਨਾਲ ਕਾਲਜ ਨੂੰ ਇੱਕ ਨਵੀਂ ਇਮਾਰਤ ਬਣਾਉਣ ਵਿੱਚ ਮਦਦ ਮਿਲੀ ਸੀ।

ਯੇਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਯੇਲ ਅਮਰੀਕਾ ਦੀਆਂ ਪ੍ਰਮੁੱਖ ਆਈਵੀ ਲੀਗ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ

ਬਿਹਤਰ ਚੀਜ਼ਾਂ ਇਕੱਠੀਆਂ ਕਰਨ ਅਤੇ ਉਨ੍ਹਾਂ ਬਾਰੇ ਜਾਣਕਾਰੀ ਰੱਖਣ, ਚਰਚਾਂ ਅਤੇ ਦਾਨ ਸੰਸਥਾਵਾਂ ਨੂੰ ਖੁੱਲ੍ਹ ਕੇ ਦਾਨ ਕਰਨ ਵਾਲੇ ਸ਼ਖ਼ਸ ਵਜੋਂ ਜਾਣੇ ਜਾਂਦੇ ਇਲੀਹੂ ਯੇਲ ਹੁਣ ਇੱਕ ਬਸਤੀਵਾਦੀ ਵਜੋਂ ਕੇਂਦਰ ਵਿੱਚ ਹਨ, ਜਿਨ੍ਹਾਂ ਨੇ ਨਾ ਸਿਰਫ਼ ਭਾਰਤ ਨੂੰ ਲੁੱਟਿਆ ਬਲਕਿ ਗ਼ੁਲਾਮਾਂ ਦਾ ਵਪਾਰ ਵੀ ਕੀਤਾ।

ਇਸ ਗਹਿਰੇ ਅਤੀਤ 'ਤੇ ਤਿੰਨ ਸਾਲ ਤੋਂ ਵੱਧ ਸਮੇਂ ਦੀ ਪੜਤਾਲ ਕਰਨ ਬਾਅਦ ਯੂਨੀਵਰਸਿਟੀ ਦਾ ਮਾਫ਼ੀਨਾਮਾ ਆਇਆ।

ਯੂਨੀਵਰਸਿਟੀ ਦੇ ਇੱਕ ਬਿਆਨ ਵਿੱਚ ਕਿਹਾ ਗਿਆ, “ਯੇਲ ਇਤਿਹਾਸਕਾਰ ਡੇਵਿਡ ਬਲਾਈਟ ਦੀ ਅਗਵਾਈ ਹੇਠ ਖੋਜਕਾਰਾਂ ਦੀ ਇੱਕ ਟੀਮ ਨੇ ਯੂਨੀਵਰਸਿਟੀ ਦੇ ਗ਼ੁਲਾਮੀ ਨਾਲ ਜੁੜੇ ਇਤਿਹਾਸ, ਯੇਲ ਇਮਾਰਤ ਦੇ ਨਿਰਮਾਣ ਵਿੱਚ ਗ਼ੁਲਾਮਾਂ ਦੀ ਭੂਮਿਕਾਂ ਆਦਿ ਬਾਰੇ ਪੜਤਾਲ ਕੀਤੀ।”

ਮਾਫ਼ੀਨਾਮੇ ਦੇ ਨਾਲ 448 ਪੰਨਿਆਂ ਦੀ ਇੱਕ ਕਿਤਾਬ 'ਯੇਲ ਅਤੇ ਗ਼ੁਲਾਮੀ: ਇੱਕ ਇਤਿਹਾਸ', ਵੀ ਰਿਲੀਜ਼ ਕੀਤੀ ਗਈ। ਪ੍ਰੋਫੈਸਰ ਬਲਾਈਟ ਦੀ ਇਹ ਕਿਤਾਬ ਅੰਦਾਜ਼ਾ ਪੇਸ਼ ਕਰਦੀ ਹੈ ਕਿ ਇਲੀਹੂ ਯੇਲ ਨੂੰ ਗ਼ੁਲਾਮੀ ਤੋਂ ਕਿੰਨਾ ਮੁਨਾਫ਼ਾ ਹੋਇਆ।

ਉਹ ਲਿਖਦੇ ਹਨ, “ਅਟਲਾਂਟਿਕ ਗ਼ੁਲਾਮਾਂ ਦੇ ਵਪਾਰ ਦੇ ਅਕਾਰ ਤੇ ਦਾਇਰੇ ਨਾਲ ਮੇਲ ਖਾਂਦਾ ਹਿੰਦ ਮਹਾਂਸਾਗਰ ਗ਼ੁਲਾਮਾਂ ਦਾ ਵਪਾਰ, 19ਵੀਂ ਸਦੀ ਤੱਕ ਇੰਨਾਂ ਵਿਆਪਕ ਨਹੀਂ ਹੋਇਆ ਸੀ।"

"ਪਰ ਭਾਰਤੀ ਉਪ ਮਹਾਂਦੀਪ ਤੇ ਇਸ ਦੇ ਤੱਟਾਂ, ਅੰਦਰੂਨ ਅਤੇ ਟਾਪੂਆਂ 'ਤੇ ਮਨੁੱਖੀ ਵਪਾਰ ਬਹੁਤ ਪੁਰਾਣਾ ਸੀ। ਯੇਲ ਨੇ ਈਸਟ ਇੰਡੀਆ ਕੰਪਨੀ ਲਈ ਗ਼ੁਲਾਮ ਲੋਕਾਂ ਦੀਆਂ ਕਈ ਵਿਕਰੀਆਂ, ਡੀਲਾਂ ਅਤੇ ਲੇਖਾ-ਜੋਖਾ ਦੇਖਿਆ।”

ਮਦਰਾਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਯੇਲ 1672 ਵਿੱਚ ਈਸਟ ਇੰਡੀਆ ਕੰਪਨੀ ਵਿੱਚ ਕਲਰਕ ਦੀ ਨੌਕਰੀ ਦੇ ਨਾਲ ਇੱਕ ਨੌਜਵਾਨ ਦੇ ਰੂਪ ਵਿੱਚ ਮਦਰਾਸ ਵਿੱਚ ਵਾਈਟ ਕਲੋਨੀ ਫੋਰਟ ਸੇਂਟ ਜਾਰਜ ਪਹੁੰਚਿਆ

'12 ਮਿਲੀਅਨ ਗ਼ੁਲਾਮ ਵੇਚੇ'

ਪ੍ਰੋਫੈਸਰ ਯਾਨੀਅਲੀ ਕਹਿੰਦੇ ਹਨ ਕਿ ਅਟਲਾਂਟਿਕ ਟਰੇਡ ਵਿੱਚ 100 ਸਾਲਾਂ ਦੌਰਾਨ 12 ਮਿਲੀਅਨ ਗ਼ੁਲਾਮ ਵੇਚੇ ਗਏ।

ਉਹ ਮੰਨਦੇ ਹਨ, ਹਿੰਦ ਮਹਾਂਸਾਗਰ ਦਾ ਵਪਾਰ ਇਸ ਤੋਂ ਕਿਤੇ ਵੱਡਾ ਸੀ ਅਤੇ ਵਧੇਰੇ ਭੂਗੋਲਿਕ ਖੇਤਰ ਵਿੱਚ ਫੈਲਿਆ ਹੋਇਆ ਸੀ। ਇਸ ਦਾ ਭੂਗੋਲਿਕ ਖੇਤਰ ਦੱਖਣੀ ਪੂਰਬੀ ਏਸ਼ੀਆ ਨੂੰ ਮੱਧ ਪੂਰਬ ਅਤੇ ਅਫ਼ਰੀਕਾ ਅਤੇ ਹੋਰ ਵੀ ਅੱਗੇ ਤੱਕ ਦੱਸਿਆ ਜਾਂਦਾ ਹੈ।

ਇਸ ਅਤੀਤ ਦੀ ਪੜਤਾਲ ਅਹਿਮ ਹੈ। ਸਾਲ 1701 ਵਿੱਚ ਕੁਨੈਕਟੀਕਟ ਦੇ ਨਿਊ ਹੇਵਨ ਵਿੱਚ ਬਣੀ ਯੇਲ ਯੂਨੀਵਰਸਿਟੀ ਯੁਨਾਈਟਿਡ ਸਟੇਟਸ ਵਿੱਚ ਉਚੇਰੀ ਸਿੱਖਿਆ ਲਈ ਤੀਜੀ ਸਭ ਤੋਂ ਪੁਰਾਣੀ ਸੰਸਥਾ ਹੈ।

ਯੂਐੱਸ ਦੇ ਕਈ ਰਾਸ਼ਟਰਪਤੀ ਅਤੇ ਹੋਰ ਪ੍ਰਮੁਖ ਹਸਤੀਆਂ ਇਸ ਯੂਨੀਵਰਸਿਟੀ ਤੋਂ ਪੜ੍ਹੇ ਹਨ।

ਇਹ ਦਸਤਾਵੇਜ਼ਾਂ ਵਿੱਚ ਦਰਜ ਹੈ ਕਿ 1713 ਤੋਂ ਸ਼ੁਰੂ ਹੋ ਕੇ, ਇਲੀਹੂ ਯੇਲ ਨੇ ਧਰਮ ਸ਼ਾਸਤਰ, ਸਾਹਿਤ, ਮੈਡੀਸਿਨ, ਇਤਿਹਾਸ ਅਤੇ ਆਰਕੀਟੈਕਚਰ ਦੀਆਂ ਹਜ਼ਾਰਾਂ ਕਿਤਾਬਾਂ, ਕਿੰਗ ਜੌਰਜ ਪਹਿਲੇ ਦਾ ਪੋਰਟਰੇਟ, ਬਹਿਤਰੀਨ ਟੈਕਸਟਾਈਲ ਅਤੇ ਹੋਰ ਕੀਮਤੀ ਤੋਹਫ਼ੇ ਕਾਲਜੀਏਟ ਸਕੂਲ ਆਫ ਕੁਨੈਕਟੀਕਟ ਨੂੰ ਭੇਜੇ।

ਉਨ੍ਹਾਂ ਨੂੰ ਵੇਚ ਕੇ ਕਮਾਈ ਗਈ ਰਕਮ ਨੂੰ ਨਵੀਂ ਤਿੰਨ ਮੰਜ਼ਿਲਾ ਇਮਾਰਤ ਦੇ ਨਿਰਮਾਣ ਵਿੱਚ ਵਰਤਿਆ ਗਿਆ, ਜਿਸ ਦਾ ਨਾਮ ਯੇਲ ਦੇ ਸਨਮਾਨ ਵਿੱਚ ਯੇਲ ਕਾਲਜ ਰੱਖਿਆ ਗਿਆ।

ਇਲੀਹੂ ਯੇਲ ਦੀ ਜੀਵਨੀ ਲਿਖਣ ਵਾਲੇ ਇਤਿਹਾਸਕਾਰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਰੋਡਨੇ ਹੋਰੇਸ ਯੇਲ ਕਹਿੰਦੇ ਹਨ ਕਿ ‘ਉਨ੍ਹਾਂ ਦੇ ਦਾਨ ਨੇ ਯੇਲ ਕਾਲਜ ਦੇ ਅਸਥਿਰ ਵਜੂਦ ਨੂੰ ਨਿਸ਼ਚਿਤਤਾ ਬਣਾ ਦਿੱਤਾ।’

ਇਸ ਨਾਲ ਯੇਲ ਦਾ ਨਾਮ ਵੀ ਅਮਰ ਹੋਇਆ- ਭਾਵੇਂ ਉਨ੍ਹਾਂ ਦਾ ਕੋਈ ਸਿੱਧਾ ਉਤਰਾਧਿਕਾਰੀ ਨਹੀਂ ਹੈ, ਪਰ ਆਈਵੀ ਲੀਗ ਯੂਨੀਵਰਸਿਟੀ ਉਨ੍ਹਾਂ ਦੇ ਨਾਮ ਨੂੰ ਕਾਇਮ ਰੱਖਦੀ ਹੈ।

ਆਪਣੀ ਮਾਫ਼ੀ ਵਿੱਚ, ਯੂਨੀਵਰਸਿਟੀ ਨੇ ਕਿਹਾ ਕਿ ਉਹ “ਵਿਭਿੰਨਤਾ ਨੂੰ ਵਧਾਵਾ ਦੇਣ, ਇਕੁਇਟੀ ਦਾ ਸਮਰਥਨ ਕਰਨ, ਸਨਮਾਨ ਤੇ ਸੁਆਗਤ ਵਾਲੇ ਵਾਤਾਵਰਨ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰਨਗੇ।”

ਨਿਊ ਹੇਵਨ, ਜੋ ਕਿ ਮੁੱਖ ਤੌਰ 'ਤੇ ਇੱਕ ਬਲੈਕ ਸਿਟੀ ਹੈ, ਵਿੱਚ ਸਮਾਵੇਸ਼ੀ ਆਰਥਿਕ ਵਿਕਾਸ ਲਈ ਕੰਮ ਕਰਾਂਗੇ।

ਪਰ ਇਸ ਵਿੱਚ ਇਹ ਨਹੀਂ ਕਿਹਾ ਗਿਆ ਕਿ ਨਾਮ ਬਦਲਨਾ ਵੀ ਯੋਜਨਾ ਵਿੱਚ ਹੈ ਅਤੇ ਅਤੀਤ ਵਿੱਚ ਵੀ ਅਜਿਹਾ ਕਰਨ ਦੀਆਂ ਬੇਨਤੀਆਂ ਰੱਦ ਕੀਤੀਆਂ ਹਨ।

ਇਹ ਵੀ ਪੜ੍ਹੋ-

ਜੁਲਾਈ 1712 ਵਿੱਚ ਮੌਤ

ਬੌਸਟਨ ਵਿੱਚ ਅਪ੍ਰੈਲ 1649 ਵਿੱਚ ਜਨਮੇ, ਇਲੀਹੂ ਯੇਲ ਤਿੰਨ ਸਾਲ ਦੀ ਉਮਰ ਵਿੱਚ ਆਪਣੇ ਪਰਿਵਾਰ ਨਾਲ ਇੰਗਲੈਂਡ ਆ ਗਏ ਸਨ। 1672 ਵਿੱਚ ਉਹ ਈਸਟ ਇੰਡੀਆ ਕੰਪਨੀ ਵਿੱਚ ਕਲਰਕ ਦੀ ਨੌਕਰੀ ਦੇ ਅਧਾਰ ‘ਤੇ ਮਦਰਾਸ ਦੀ ‘ਵਾਈਟ ਕਲੋਨੀ’ ਫੋਰਟ ਸੇਂਟ ਜੌਰਜ ਆ ਗਏ।

ਰੋਡਨੇ ਹੋਰੇਸ ਯੇਲ ਲਿਖਦੇ ਹਨ ਕਿ ਕੰਪਨੀ ਵੱਲੋਂ ਮੁਲਾਜ਼ਮਾਂ ਨੂੰ ਦਿੱਤੀਆਂ ਜਾਂਦੀਆਂ ਤਨਖਾਹਾਂ ਹਾਸੋਹੀਣੀਆਂ ਤੇ ਅਪਮਾਨਜਨਕ ਸੀ, ਜਿਨ੍ਹਾਂ ਵਿੱਚ 5 ਯੂਰੋ ਤੋਂ 100 ਯੂਰੋ ਪ੍ਰਤੀ ਸਾਲ ਤੱਕ ਦੇ ਵੇਤਨ ਸਨ।

ਉਹ ਅਤੇ ਹੋਰ ਇਤਿਹਾਸਕਾਰ ਕਹਿੰਦੇ ਹਨ ਕਿ ਇਸ ਦੇ ਮੁਲਾਜ਼ਮ ਨਿੱਜੀ ਮੁਨਾਫ਼ਿਆਂ ਖਾਤਰ ਅਜਿਹੇ ਹਰ ਪ੍ਰਕਾਰ ਦੇ ਵਪਾਰ ਨਾਲ ਜੁੜ ਜਾਂਦੇ ਸੀ।

ਇੱਕ ਚੌਥਾਈ ਸਦੀ ਵਿੱਚ, ਯੇਲ ਦਾ ਅਹੁਦਾ ਵੱਡਾ ਹੁੰਦਾ ਗਿਆ ਅਤੇ ਆਖਿਰ ਉਹ 1687 ਵਿੱਚ ਗਵਰਨਰ-ਪ੍ਰੈਜ਼ੀਡੈਂਟ ਨਿਯੁਕਤ ਕਰ ਦਿੱਤੇ ਗਏ।

ਉਨ੍ਹਾਂ ਨੇ 1692 ਤੱਕ ਇਹ ਨੌਕਰੀ ਕੀਤੀ, ਫਿਰ ਉਨ੍ਹਾਂ ਨੂੰ ਨਿੱਜੀ ਹਿਤਾਂ ਲਈ ਕੰਪਨੀ ਦੇ ਫੰਡ ਵਰਤਣ, ਮਨਮਰਜ਼ੀ ਅਤੇ ਡਿਊਟੀ ਵਿੱਚ ਅਣਗਹਿਲੀ ਕਰਨ ਦੇ ਇਲਜ਼ਾਮਾਂ ਹੇਠ ਅਹੁਦੇ ਤੋਂ ਲਾਹ ਦਿੱਤਾ ਗਿਆ।

1699 ਵਿੱਚ ਜਦੋਂ ਉਹ ਇੰਗਲੈਂਡ ਪਰਤੇ ਤਾਂ 51 ਸਾਲ ਦੇ ਸਨ ਅਤੇ ਬੇਹਦ ਦੌਲਤਮੰਦ ਆਦਮੀ ਸਨ।

ਉਨ੍ਹਾਂ ਨੇ ਗਰੇਟ ਔਰਮੰਡ ਸਟ੍ਰੀਟ ‘ਤੇ ਕੁਈਨਜ਼ ਸਕੁਐਰ ਵਿੱਚ ਇੱਕ ਸ਼ਾਨਦਾਰ ਘਰ ਬਣਾਇਆ। ਘਰ ਨੂੰ ਬੇਸ਼ਕਮਤੀ ਕਲਾ-ਕ੍ਰਿਤੀਆਂ ਨਾਲ ਸਜਾਇਆ ਗਿਆ।

ਜੁਲਾਈ 1712 ਵਿੱਚ ਯੇਲ ਦੀ ਮੌਤ ਤੋਂ ਬਾਅਦ, ਬ੍ਰਿਟਿਸ਼ ਅਖਬਾਰਾਂ ਨੇ ਉਨ੍ਹਾਂ ਵਖਿਆਨ “ਦਾਨ ਕਰਨ ਵਾਲੇ ਸੱਜਣ” ਵਜੋਂ ਕੀਤਾ। ਪਰ ਇਤਿਹਾਸਕਾਰ ਕਹਿੰਦੇ ਹਨ ਕਿ ਉਨ੍ਹਾਂ ਨੂੰ ਮਦਰਾਸ ਵਿੱਚ ਜ਼ੁਲਮ ਅਤੇ ਲਾਲਚ ਕਰਕੇ ਵੀ ਜਾਣਿਆ ਜਾਂਦਾ ਸੀ।

ਯੇਲ ਯੂਨੀਵਰਸਿਟੀ ਵਿੱਚ ਲੱਗਾ ਬੁੱਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਯੇਲ ਯੂਨੀਵਰਸਿਟੀ ਵਿੱਚ ਲੱਗਾ ਬੁੱਤ

ਯੇਲ ਤੋਂ ਬਾਅਦ ਉਨ੍ਹਾਂ ਦੇ ਅਹੁਦੇ ਦੇ ਉੱਤਰਾਧਿਕਾਰੀਆਂ ਨੇ ਉਨ੍ਹਾਂ 'ਤੇ ਭ੍ਰਿਸ਼ਟਾਚਾਰ ਅਤੇ ਉਨ੍ਹਾਂ ਦੇ ਗਵਰਨਰ ਰਹਿੰਦਿਆਂ ਕਈ ਕਾਊਂਸਲ ਮੈਂਬਰਾਂ ਦੀਆਂ ਅਸਧਾਰਨ ਮੌਤਾਂ ਦੇ ਇਲਜ਼ਾਮ ਲਗਾਏ।

ਰੋਡਨੇ ਹੋਰੇਸ ਯੇਲ ਨੇ ਲਿਖਿਆ, “ਇੱਕ ਵਾਰ, ਉਨ੍ਹਾਂ 'ਤੇ ਇਹ ਵੀ ਇਲਜ਼ਾਮ ਲੱਗਿਆ ਸੀ ਕਿ ਉਨ੍ਹਾਂ ਨੇ ਬਿਨ੍ਹਾਂ ਇਜਾਜ਼ਤ ਆਪਣੇ ਪਸੰਦੀਦਾ ਘੋੜੇ 'ਤੇ ਬੈਠਣ ਵਾਲੇ ਤਬੇਲਾ ਮੁਲਾਜ਼ਮ ਨੂੰ ਫਾਂਸੀ ਦੇਣ ਦਾ ਹੁਕਮ ਦਿੱਤਾ ਸੀ।”

ਇਤਿਹਾਸਕਾਰ ਕਹਿੰਦੇ ਹਨ ਕਿ ਇਸ ਕੇਸ ਵਿੱਚ ਸਬੂਤ ਬਾਰੇ ਕੁਝ ਸ਼ੱਕ ਹੈ, ਪਰ ਨਾਲ ਹੀ ਕਹਿੰਦੇ ਹਨ ਕਿ ਇਹ ਉਨ੍ਹਾਂ ਦੇ ਚਰਿੱਤਰ ਦੇ ਉਲਟ ਵੀ ਨਹੀਂ ਹੈ।

ਉਹ ਲਿਖਦੇ ਹਨ, “ਮਦਰਾਸ ਵਿੱਚ ਸੱਤਾ 'ਚ ਰਹਿੰਦਿਆਂ ਉਨ੍ਹਾਂ ਦੇ ਹੰਕਾਰ, ਬੇਰਹਿਮੀ ਅਤੇ ਲਾਲਚ ਨੂੰ ਦੇਖਦਿਆਂ, ਉਨ੍ਹਾਂ ਦਾ ਆਲਾ-ਦੁਆਲਾ ਉਨ੍ਹਾਂ ਦਾ ਸਭ ਤੋਂ ਪ੍ਰਭਾਵੀ ਬਚਾਅ ਰਿਹਾ ਹੋਏਗਾ।“

ਪਰ ਰੋਡਨੇ ਹੋਰੇਸ ਯੇਲ ਆਪਣੇ ਪੂਰਵਜ ਦੀ ਗ਼ੁਲਾਮਾਂ ਦੇ ਵਪਾਰ ਵਿੱਚ ਭੂਮਿਕਾ 'ਤੇ ਇਸ ਤਰ੍ਹਾਂ ਝਾਤ ਮਾਰਦੇ ਹਨ, ਕੁਝ ਅਜਿਹਾ ਜੋ ਇਲੀਹੂ ਯੇਲ ਦੀ ਜੀਵਨੀ ਲਿਖਣ ਵਾਲੇ ਹੋਰ ਲੇਖਕ ਅਤੇ ਇਤਿਹਾਸਕਾਰਾਂ 'ਤੇ ਵੀ ਇਲਜ਼ਾਮ ਲਗਦੇ ਹਨ।

ਪ੍ਰੋਫੈਸਰ ਯਾਨੀਅਲੀ ਜਿਨ੍ਹਾਂ ਨੇ ਫੋਰਟ ਸੇਂਟ ਜੌਰਜ ਦੇ ਬਸਤੀਵਾਦੀ ਰਿਕਾਰਡ ਦਾ ਚੰਗੀ ਤਰ੍ਹਾਂ ਅਧਿਐਨ ਕੀਤਾ ਹੈ, ਕਹਿੰਦੇ ਹਨ, “ਉੱਥੇ ਸਭ ਕੁਝ ਹੈ ਅਤੇ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਲੀਹੂ ਯੇਲ ਗ਼ੁਲਾਮਾਂ ਦੇ ਵਪਾਰ ਵਿੱਚ ਸਰਗਰਮ ਸੀ ਅਤੇ ਇਸ ਵਪਾਰ ਵਿੱਚ ਕਾਮਯਾਬ ਸੀ।”

ਬੀਬੀਸੀ

ਯੇਲ ਦੀ ਦੌਲਤ

ਪ੍ਰੋਫੈਸਰ ਯਾਨੀਅਲੀ ਇਹ ਅੰਦਾਜ਼ਾ ਨਹੀਂ ਲਗਾਉਂਦੇ ਕਿ ਯੇਲ ਨੇ ਇਸ ਵਪਾਰ ਤੋਂ ਕਿੰਨੀ ਦੌਲਤ ਕਮਾਈ ਕਿਉਂਕਿ ਇਹ ਪੈਸਾ ਆਉਂਦਾ ਜਾਂਦਾ ਰਿਹਾ।

ਉਨ੍ਹਾਂ ਨੇ ਹੀਰੇ ਅਤੇ ਕੱਪੜਿਆਂ ਦਾ ਵੀ ਵਪਾਰ ਕੀਤਾ ਜਿਸ ਕਰਕੇ ਉਨ੍ਹਾਂ ਦੇ ਹਰ ਵਪਾਰ ਤੋਂ ਹੋਏ ਮੁਨਾਫ਼ੇ ਨੂੰ ਵੱਖਰੇ ਤੌਰ 'ਤੇ ਦੱਸਣਾ ਮੁਸ਼ਕਿਲ ਹੈ। ਪਰ ਉਹ ਮੰਨਦੇ ਹਨ ਕਿ ਉਹ ਉਨ੍ਹਾਂ ਦੀ ਦੌਲਤ ਦਾ ਕਾਫ਼ੀ ਵੱਡਾ ਹਿੱਸਾ ਸੀ।

ਉਨ੍ਹਾਂ ਨੇ ਮੈਨੂੰ ਦੱਸਿਆ, “ਮੈਂ ਕਹਿ ਸਕਦਾ ਹਾਂ ਕਿ ਉਨ੍ਹਾਂ ਦੀ ਪੈਸੇ ਕਮਾਉਣ ਦੀ ਸਮਰਥਾ ਬਹੁਤ ਜ਼ਿਆਦਾ ਸੀ। ਉਹ ਹਿੰਦ ਮਹਾਂਸਾਗਰ ਵਿੱਚ ਗ਼ੁਲਾਮਾਂ ਦੇ ਵਪਾਰ ਨੂੰ ਦਿਸ਼ਾ ਦੇਣ ਦੇ ਇੰਚਾਰਜ ਸੀ।"

"1680 ਵਿੱਚ ਦੱਖਣੀ ਭਾਰਤ ਵਿੱਚ ਪਏ ਅਕਾਲ ਕਰਕੇ ਕਾਮਿਆਂ ਦੀ ਗਿਣਤੀ ਬਹੁਤ ਵਧ ਗਈ ਸੀ ਅਤੇ ਯੇਲ ਤੇ ਕੰਪਨੀ ਦੇ ਹੋਰ ਅਫ਼ਸਰਾਂ ਨੇ ਇਸ ਦਾ ਲਾਹਾ ਲਿਆ। ਹਜ਼ਾਰਾਂ ਗ਼ੁਲਾਮ ਖਰੀਦੇ ਅਤੇ ਉਨ੍ਹਾਂ ਨੂੰ ਸੇਂਟ ਹੇਲੇਨਾ ‘ਤੇ ਅੰਗਰੇਜ਼ੀ ਬਸਤੀ ਵਿੱਚ ਭੇਜਿਆ।”

ਉਨ੍ਹਾਂ ਨੇ ਕਿਹਾ, “ਯੇਲ ਉਨ੍ਹਾਂ ਮੀਟਿੰਗਾਂ ਦਾ ਹਿੱਸਾ ਸਨ ਜਿਸ ਵਿੱਚ ਯੂਰਪ ਦੇ ਹਰ ਜਹਾਜ਼ ਵਿੱਚ 10 ਗ਼ੁਲਾਮ ਭੇਜਣ ਦਾ ਹੁਕਮ ਦਿੱਤਾ ਗਿਆ।"

"1687 ਵਿੱਚ ਮਹਿਜ਼ ਇੱਕ ਮਹੀਨੇ ਅੰਦਰ, ਫੋਰਟ ਸੇਂਟ ਜੌਰਜ ਨੇ ਘੱਟੋ-ਘੱਟ 665 ਗ਼ੁਲਾਮ ਭੇਜੇ। ਮਦਰਾਸ ਸੈਟਲਮੈਂਟ ਦੇ ਗਵਰਨਰ-ਪ੍ਰੈਜ਼ੀਡੈਂਟ ਵਜੋਂ ਯੇਲ ਨੇ ਪ੍ਰਤੀ ਜਹਾਜ਼ 10 ਗ਼ੁਲਾਮ ਭੇਜਣ ਵਾਲੇ ਹੁਕਮ ਨੂੰ ਲਾਗੂ ਕਰਵਾਇਆ।”

ਯੇਲ ਯੂਨੀਵਰਸਿਟੀ ਦੇ ਵਿਦਿਆਰਥੀ ਰਹੇ ਪ੍ਰੋਫੈਸਰ ਯਾਨੀਅਲੀ ਨੇ ਦਹਾਕਾ ਪਹਿਲਾਂ ਇਲੀਹੂ ਯੇਲ ਦੇ ਗ਼ੁਲਾਮਾਂ ਦੇ ਵਪਾਰ ਨਾਲ ਸੰਬੰਧਾਂ ਬਾਰੇ ਖੋਜਣਾ ਸ਼ੁਰੂ ਕੀਤਾ ਜਦੋਂ ਉਨ੍ਹਾਂ ਨੇ ਇੱਕ ਕੌਲਰਡ ਨੌਕਰ ਵੱਲੋਂ ਗਵਰਨਰ ਦੀ ਸੇਵਾ ਕਰਦਿਆਂ ਤਸਵੀਰ ਦੇਖੀ।

ਉਹ ਕਹਿੰਦੇ ਹਨ ਕਿ ਉਹ ਮਸ਼ਹੂਰ ਪੇਂਟਿੰਗ ਸਬੂਤ ਦੇ ਸਭ ਤੋਂ ਘਿਨਾਉਣੇ ਹਿੱਸਿਆਂ ਵਿੱਚੋਂ ਹੈ, ਜੋ ਯੇਲ ਨੂੰ ਗ਼ੁਲਾਮੀ ਨਾਲ ਜੋੜਦੇ ਹਨ।

ਫੋਰਟ ਸੇਂਟ ਜਾਰਜ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਿਸੇ ਸਮੇਂ ਈਸਟ ਇੰਡੀਆ ਕੰਪਨੀ ਦੇ ਮਦਰਾਸ ਬੰਦੋਬਸਤ ਦਾ ਮੁੱਖ ਦਫਤਰ ਰਿਹਾ, ਫੋਰਟ ਸੇਂਟ ਜਾਰਜ ਜਿੱਥੇ ਵਰਤਮਾਨ ਵਿੱਚ ਤਾਮਿਲਨਾਡੂ ਵਿਧਾਨ ਸਭਾ ਅਤੇ ਹੋਰ ਸਰਕਾਰੀ ਦਫਤਰ ਹਨ

ਮਦਰਾਸ ਵਿੱਚ ਗ਼ੁਲਾਮਾਂ ਦਾ ਵਪਾਰ

1719 ਤੋਂ 1721 ਵਿਚਲੀ ਤਸਵੀਰ ਜੋ ਯੇਲ ਨੂੰ ਤਿੰਨ ਹੋਰ ਗੋਰੇ ਆਦਮੀਆਂ ਨਾਲ ਦਿਖਾਉਂਦੀ ਹੈ, ਜਿਨ੍ਹਾਂ ਦੀ ‘ਪੇਜ’ (ਗ਼ੁਲਾਮ ਲਈ ਵਰਤਿਆ ਜਾਂਦਾ ਅਪਮਾਨਜਨਕ ਸ਼ਬਦ) ਸੇਵਾ ਕਰ ਰਹੇ ਹਨ।

“ਉਸ ਸਮੇਂ ਇੰਗਲੈਂਡ ਵਿੱਚ ਗ਼ੁਲਾਮੀ ਕਾਫ਼ੀ ਪ੍ਰਚਲਿਤ ਸੀ। ਇਹ ਸਪਸ਼ਟ ਨਹੀਂ ਹੈ ਕਿ ਕੀ ਉਹ ਖ਼ੁਦ ਉਨ੍ਹਾਂ ਗ਼ੁਲਾਮਾਂ ਦਾ ਮਾਲਿਕ ਸੀ ਜਾਂ ਉਹ ਗ਼ੁਲਾਮ ਉਨ੍ਹਾਂ ਦੇ ਕਿਸੇ ਪਰਿਵਾਰਕ ਮੈਂਬਰ ਦਾ ਸੀ।"

"ਪਰ ਫ਼ਰੇਮ ਵਿੱਚ ਇੱਕ ਬੱਚੇ ਦੀ ਮੌਜੂਦਗੀ, ਉਨ੍ਹਾਂ ਨੂੰ ਵਾਈਨ ਪੇਸ਼ ਕੀਤੇ ਜਾਣ ਦਾ ਦ੍ਰਿਸ਼, ਦਰਸਾਉਂਦਾ ਹੈ ਕਿ ਗ਼ੁਲਾਮੀ ਉਨ੍ਹਾਂ ਦੀ ਰੋਜ਼ਮਰ੍ਹਾ ਦੀ ਜ਼ਿੰਦਗੀ ਨਾਲ ਜੁੜੀ ਹੋਈ ਸੀ।”

ਪ੍ਰੋਫੈਸਰ ਯਾਨੀਅਲੀ ਕਹਿੰਦੇ ਹਨ ਕਿ ਇਤਿਹਾਸ ਵਿੱਚ ਉਨ੍ਹਾਂ ਦੀ ਜੀਵਨੀ ਲਿਖਣ ਵਾਲੇ ਕੁਝ ਲੇਖਕਾਂ ਵੱਲੋਂ ਗ਼ੁਲਾਮੀ ਨਾਲ ਉਨ੍ਹਾਂ ਦੇ ਤਾਰ ਜੋੜਨ ਵਾਲੇ ਵਾਲੇ ਪੱਖ ਨੂੰ ਘੱਟ ਪੇਸ਼ ਕਰਨ ਦਾ ਕਾਰਨ, ਉਸ ਵੇਲੇ ਇਤਿਹਾਸਕ ਦਸਤਾਵੇਜ਼ਾਂ ਤੱਕ ਉਨ੍ਹਾਂ ਦੀ ਘੱਟ ਪਹੁੰਚ ਹੋਣਾ ਵੀ ਹੋ ਸਕਦਾ ਹੈ।

ਪਰ ਹੁਣ ਕਿਉਂਕਿ ਈਸਟ ਇੰਡੀਆ ਕੰਪਨੀ ਦੀਆਂ ਮੀਟਿੰਗਾਂ ਦੀ ਵਿਸਥਾਰ ਜਾਣਕਾਰੀ ਡਿਜੀਟਲ ਰੂਪ ਵਿੱਚ ਮੌਜੂਦ ਹੈ, ਨਵੇਂ ਸਕੌਲਰ ਜਿਨ੍ਹਾਂ ਨੇ ਸਬੂਤ ਨੂੰ ਅਣਦੇਖਿਆਂ ਕਰਨ ਦੀ ਕੋਸ਼ਿਸ਼ ਕੀਤੀ, ਇਸ ਦਾ ਕਾਰਨ ਇਹ ਹੋ ਸਕਦਾ ਹੈ ਕਿ ਕਿਉਂਕਿ ਜਾਂ ਤਾਂ ਉਹ ਇਸ ਨੂੰ ਦੇਖਣਾ ਨਹੀਂ ਚਾਹੁੰਦੇ ਜਾਂ ਇਸ ਨੂੰ ‘ਬਲੈਕ ਲਾਈਫ ਮੈਟਰਜ਼ ਤੋਂ ਪਹਿਲਾਂ ਦੇ ਸਮੇਂ ਵਿੱਚ’ ਇੰਨਾਂ ਜ਼ਰੂਰੀ ਨਹੀਂ ਸਮਝਿਆ ਹੋਏਗਾ।

ਪ੍ਰੋਫੈਸਰ ਯਾਨੀਅਲੀ ਨੇ ਵੀ ਉਨ੍ਹਾਂ ਦਾਅਵਿਆਂ ਨੂੰ ਰੱਦ ਕੀਤਾ ਹੈ ਕਿ ਯੇਲ ਨੇ ਗਵਰਨਰ ਹੁੰਦਿਆਂ ਮਦਰਾਸ ਵਿੱਚ ਗ਼ੁਲਾਮਾਂ ਦੇ ਵਪਾਰ ‘ਤੇ ਰੋਕ ਲਾਉਣ ਦਾ ਹੁਕਮ ਦਿੱਤਾ।

“ਇਹ ਕਹਿਣਾ ਕਿ ਅਸਲ ਵਿੱਚ ਉਨ੍ਹਾਂ ਨੇ ਗ਼ੁਲਾਮੀ ਦਾ ਖ਼ਾਤਮਾ ਕੀਤਾ, ਉਨ੍ਹਾਂ ਦਾ ਅਕਸ ਬਦਲਣ ਦੀ ਕੋਸ਼ਿਸ਼ ਹੈ। ਜੇ ਤੁਸੀਂ ਅਸਲ ਦਸਤਾਵੇਜ਼ ਦੇਖੋ, ਭਾਰਤ ਦੇ ਮੁਗ਼ਲ ਸ਼ਾਸਕ ਨੇ ਕੰਪਨੀ ਨੂੰ ਬੰਦ ਕਰਨ ਲਈ ਕਿਹਾ ਸੀ।"

"ਪਰ ਯੇਲ ਫਿਰ ਇਸ ਵਿੱਚ ਵਾਪਸ ਆ ਗਏ ਸਨ ਅਤੇ ਇੱਕ ਸਾਲ ਬਾਅਦ ਮਡਗਾਸਕਰ ਤੋਂ ਇੰਡੋਨੇਸ਼ੀਆ ਗ਼ੁਲਾਮ ਭੇਜਣ ਦਾ ਹੁਕਮ ਦਿੱਤਾ ਸੀ।”

“ਗ਼ੁਲਾਮੀ ਅਤੇ ਸਾਮਰਾਜਵਾਦ ਦਾ ਵਿਰੋਧ 15ਵੀਂ ਸਦੀ ਵਿੱਚ ਸ਼ੁਰੂ ਹੋਇਆ। ਕੁਝ ਇਸ ਨੂੰ ਖ਼ਤਮ ਕਰਨ ਵਾਲੇ ਵੀ ਸਨ, ਪਰ ਉਨ੍ਹਾਂ ਵਿੱਚ ਯੇਲ ਨਿਸ਼ਚਿਤ ਤੌਰ 'ਤੇ ਨਹੀਂ ਸੀ। ”

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)