ਕੌਣ ਹਨ ਏਲਵਿਸ਼ ਯਾਦਵ ਜਿਨ੍ਹਾਂ 'ਤੇ ਰੇਵ ਪਾਰਟੀਆਂ ਵਿੱਚ ਸੱਪ ਦੀ ਜ਼ਹਿਰ ਸਪਲਾਈ ਕਰਨ ਦੇ ਇਲਜ਼ਾਮ ਲੱਗੇ

ਦਿੱਲੀ-ਐਨਸੀਆਰ ਦੀ ਇੱਕ ਰੇਵ ਪਾਰਟੀ ਵਿੱਚ ਸੱਪ ਮੁਹੱਈਆ ਕਰਵਾਉਣ ਦੇ ਇਲਜ਼ਾਮਾਂ ਤਹਿਤ ਯੂਟਿਊਬਰ ਏਲਵਿਸ਼ ਯਾਦਵ ਉੱਤੇ ਐਫ਼ਆਈਆਰ ਦਰਜ ਹੋਈ ਹੈ।

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਏਲਵਿਸ਼ ਯਾਦਵ ਸਮੇਤ ਛੇ ਲੋਕਾਂ ਉੱਤੇ ਇਹ ਕੇਸ ਰੇਵ ਪਾਰਟੀਆਂ ਵਿੱਚ ਸੱਪ ਦਾ ਜ਼ਹਿਰ ਮੁਹੱਈਆ ਕਰਵਾਉਣ ਦੇ ਇਲਜ਼ਾਮਾਂ ਤਹਿਤ ਦਰਜ ਹੋਇਆ ਹੈ।

ਉਹ ਕਥਿਤ ਤੌਰ 'ਤੇ ਸੱਪ ਦਾ ਜ਼ਹਿਰ ਮੁਹੱਈਆ ਕਰਵਾਉਣ ਲਈ ਮੋਟੀ ਰਕਮ ਲੈਂਦੇ ਸਨ, ਪੁਲਿਸ ਛਾਪੇ ਵਿੱਚ 9 ਸੱਪ ਵੀ ਕਬਜ਼ੇ ਵਿੱਚ ਲਏ ਗਏ।

'ਮੇਰਾ ਨਾਂਅ ਨਾ ਖ਼ਰਾਬ ਕਰੋ' - ਏਲਵਿਸ਼

ਐੱਫ਼ਆਈਆਰ ਦਰਜ ਹੋਣ ਤੋਂ ਬਾਅਦ ਏਲਵਿਸ਼ ਯਾਦਵ ਨੇ ਸ਼ੁੱਕਰਵਾਰ ਨੂੰ ਆਪਣੀ ਸਫਾਈ ਪੇਸ਼ ਕੀਤੀ।

ਏਲਵਿਸ਼ ਯਾਦਵ ਨੇ ਕਿਹਾ, "ਮੈਂ ਸਵੇਰੇ ਉੱਠਿਆ, ਮੈਂ ਦੇਖਿਆ ਕਿ ਮੇਰੇ ਖਿਲਾਫ਼ ਖ਼ਬਰਾਂ ਫੈਲ ਰਹੀਆਂ ਹਨ ਕਿ ਏਲਵਿਸ਼ ਯਾਦਵ ਨਸ਼ੀਲੇ ਪਦਾਰਥਾਂ ਨਾਲ ਫੜੇ ਗਏ ਹਨ, ਮੇਰੇ ਖ਼ਿਲਾਫ਼ ਜੋ ਖ਼ਬਰਾਂ ਫੈਲ ਰਹੀਆਂ ਹਨ, ਇਹ ਸਾਰੇ ਇਲਜ਼ਾਮ ਫਰਜ਼ੀ ਅਤੇ ਬੇਬੁਨਿਆਦ ਹਨ, ਇਨ੍ਹਾਂ ਵਿੱਚ ਇੱਕ ਫ਼ੀਸਦ ਵੀ ਸੱਚਾਈ ਨਹੀਂ ਹੈ।”

ਏਲਵਿਸ਼ ਨੇ ਕਿਹਾ, “ਮੈਂ ਯੂਪੀ ਪੁਲਿਸ ਨਾਲ ਪੂਰਾ ਸਹਿਯੋਗ ਕਰਨ ਲਈ ਤਿਆਰ ਹਾਂ, ਮੈਂ ਯੂਪੀ ਪੁਲਿਸ, ਪ੍ਰਸ਼ਾਸਨ ਅਤੇ ਸੀਐੱਮ ਯੋਗੀ ਅਦਿੱਤਿਆਨਾਥ ਨੂੰ ਅਪੀਲ ਕਰਾਂਗਾਂ ਕਿ ਜੇਕਰ ਮੈਂ ਇਸ ਵਿੱਚ ਪੁਆਇੰਟ ਇੱਕ ਫ਼ੀਸਦ ਵੀ ਸ਼ਾਮਲ ਹੋਵਾਂ ਤਾਂ ਮੈਂ ਸਾਰੀ ਜ਼ਿੰਮੇਵਾਰੀ ਲੈਣ ਲਈ ਤਿਆਰ ਹਾਂ”

"ਮੀਡੀਆ ਨੂੰ ਮੇਰੀ ਇਹ ਗੁਜ਼ਾਰਿਸ਼ ਹੈ ਕਿ ਜਦੋਂ ਤੱਕ ਕੋਈ ਠੋਸ ਸਬੂਤ ਨਾ ਮਿਲ ਜਾਵੇ ਉਦੋਂ ਤੱਕ ਮੇਰਾ ਨਾਂਅ ਨਾ ਖ਼ਰਾਬ ਕਰੋ, ਜਿੰਨੇ ਵੀ ਇਲਜ਼ਾਮ ਲੱਗੇ ਹਨ ਇਨ੍ਹਾਂ ਨਾਲ ਮੇਰੇ ਕੋਈ ਲੈਣਾ ਦੇਣਾ ਨਹੀਂ ਹੈ।”

ਕਿਸ ਕਾਨੂੰਨ ਤਹਿਤ ਹੋਇਆ ਕੇਸ

ਏਲਵਿਸ਼ ਉੱਤੇ ਐੱਫਆਈਆਰ 'ਵਾਈਲਡਲਾਈਫ ਪ੍ਰੋਟੈਕਸ਼ਨ ਐਕਟ 1972' ਤਹਿਤ ਹੋਈ ਹੈ।

ਇਹ ਕੇਸ ਭਾਜਪਾ ਵੱਲੋਂ ਸੰਸਦ ਮੈਂਬਰ ਮੇਨਕਾ ਗਾਂਧੀ ਦੀ ਸੰਸਥਾ ਪੀਐੱਫਏ ਦੀ ਸ਼ਿਕਾਇਤ ਉੱਤੇ ਦਰਜ ਕੀਤਾ ਗਿਆ ਹੈ।

ਐੱਫਆਈਆਰ ਵਿੱਚ ਮੇਨਕਾ ਗਾਂਧੀ ਦੀ ਸੰਸਥਾ ਦੇ ਵੱਲੋਂ ਕਿਹਾ ਗਿਆ ਹੈ, “ਸਾਨੂੰ ਸੂਚਨਾ ਮਿਲੀ ਸੀ ਕਿ ਏਲਵਿਸ਼ ਯਾਦਵ ਨਾਂਅ ਦਾ ਯੂਟਿਊਬਰ ਸਨੇਕ ਵੈਨਮ (ਸੱਪ ਦਾ ਜ਼ਹਿਰ) ਅਤੇ ਜ਼ਿੰਦਾ ਸੱਪਾਂ ਦੇ ਨਾਲ ਨੋਏਡਾ ਐੱਨਸੀਆਰ ਦੇ ਇੱਕ ਫਾਰਮ ਹਾਊਸ ਵਿੱਚ ਆਪਣੇ ਗਿਰੋਹ ਦੇ ਦੂਜੇ ਸਾਥੀਆਂ ਨਾਲ ਵੀਡੀਓ ਸ਼ੂਟ ਕਰਵਾਉਂਦੇ ਹਨ ਅਤੇ ਰੇਵ ਪਾਰਟੀਆਂ ਕਰਦੇ ਹਨ, ਇਸ ਪਾਰਟੀ ਵਿੱਚ ਵਿਦੇਸ਼ੀ ਔਰਤਾਂ ਨੂੰ ਬੁਲਾਕੇ ਸਨੇਕ ਵੈਨਮ ਅਤੇ ਨਸ਼ੀਲੇ ਪਦਾਰਥਾਂ ਦਾ ਸੇਵਨ ਹੁੰਦਾ ਹੈ।”

ਮੇਨਕਾ ਗਾਂਧੀ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੇ ਕਈ ਦਿਨਾਂ ਤੋਂ ਏਲਵਿਸ਼ ਯਾਦਵ ਉੱਤੇ ਨਜ਼ਰ ਰੱਖੀ ਹੋਈ ਸੀ।

ਉਨ੍ਹਾਂ ਕਿਹਾ, “ਜਦੋਂ ਕੋਬਰਾ ਤੋਂ ਜ਼ਹਿਰ ਕੱਢਿਆ ਜਾਂਦਾ ਹੈ ਤਾਂ ਸੱਪ ਮਰ ਜਾਂਦੇ ਹਨ, ਦੇਸ਼ ਵਿੱਚ ਬਹੁਤ ਘੱਟ ਸੱਪ ਹਨ, ਇਨ੍ਹਾਂ ਨੂੰ ਫੜਨਾ ਅਤੇ ਵਰਤਣਾ ਜੁਰਮ ਹੈ।”

ਉਨ੍ਹਾਂ ਕਿਹਾ ਕਿ ਸੱਪ ਦੇ ਜ਼ਹਿਰ ਦੀ ਨਸ਼ੇ ਵਜੋਂ ਵਰਤੋਂ ਸਰੀਰ ਲਈ ਖਤਰਨਾਕ ਹੋ ਸਕਦੀ ਹੈ।

ਕੌਣ ਹਨ ਏਲਵਿਸ਼ ਯਾਦਵ

ਏਲਵਿਸ਼ ਯਾਦਵ ਇੱਕ ਮਸ਼ਹੂਰ ਯੂਟਿਊਬਰ ਹਨ ਤੇ ਸੋਸ਼ਲ ਮੀਡੀਆ 'ਤੇ ਲੋਕ ਉਨ੍ਹਾਂ ਵੱਡੀ ਗਿਣਤੀ ਵਿੱਚ ਲੋਕ ਫਾਲੋ ਕਰਦੇ ਹਨ।

ਯੂਟਿਊਬ 'ਤੇ ਉਨ੍ਹਾਂ ਦੇ 13 ਮਿਲੀਅਨ ਤੋਂ ਵੱਧ (1 ਕਰੋੜ 30 ਲੱਖ) ਫਾਲੋਅਰਜ਼ ਹਨ, ਜਦਕਿ ਇੰਸਟਾਗ੍ਰਾਮ 'ਤੇ ਉਨ੍ਹਾਂ ਦੇ 14 ਮਿਲੀਅਨ (1 ਕਰੋੜ 40 ਲੱਖ) ਤੋਂ ਵੱਧ ਪ੍ਰਸ਼ੰਸਕ ਹਨ।

ਏਲਵਿਸ਼ ਯਾਦਵ ਦੇ ਯੂਟਿਊਬ 'ਤੇ ਦੋ ਚੈਨਲ ਹਨ। ਇੱਕ ਦਾ ਨਾਮ ਏਲਵੀਸ਼ ਯਾਦਵ ਹੈ ਅਤੇ ਇੱਕ ਦਾ ਨਾਮ ਏਲਵਿਸ਼ ਯਾਦਵ ਵਲੌਗਸ ਹੈ।

ਏਲਵਿਸ਼ ਯੂਟਿਊਬ 'ਤੇ ਮਜ਼ਾਕੀਆ ਵੀਡੀਓ ਬਣਾਉਂਦੇ ਹਨ। ਉਨ੍ਹਾਂ ਦੀਆਂ ਰੋਸਟਿੰਗ ਵਾਲੀਆਂ ਵੀਡੀਓਜ਼ ਕਾਫੀ ਮਸ਼ਹੂਰ ਹਨ।

ਆਪਣੀ ਹਰਿਆਣਵੀ ਬੋਲੀ ਅਤੇ ਖਾਸ ਸ਼ੈਲੀ ਕਾਰਨ ਉਹ ਨੌਜਵਾਨਾਂ ਵਿੱਚ ਖ਼ਾਸ ਤੌਰ 'ਤੇ ਹਰਮਨ ਪਿਆਰੇ ਹਨ।

ਵੀਡੀ੍ਓਜ਼ ਤੋਂ ਇਲਾਵਾ ਏਲਵਿਸ਼ ਗਾਣੇ ਗਾਉਂਦੇ ਹਨ ਅਤੇ ਐਕਟਿੰਗ ਵੀ ਕਰਦੇ ਹਨ।

ਬਿੱਗ ਬੌਸ ਤੋਂ ਮਿਲੀ ਮਸ਼ਹੂਰੀ

ਏਲਵਿਸ਼ ਯਾਦਵ ਵਾਈਲਡ ਕਾਰਡ ਐਂਟਰੀ ਉੱਤੇ ਬਿੱਗ ਬਾਸ ਸ਼ੋਅ ਵਿੱਚ ਆਉਣ ਤੋਂ ਬਾਅਦ ਸੀਜ਼ਨ ਜਿੱਤਣ ਵਾਲੇ ਪਹਿਲੇ ਸ਼ਖਸ ਸਨ।

ਬਿੱਗ ਬੌਸ ਓਟੀਟੀ ਸੀਜ਼ਨ 2 ਦੇ ਟਾਪ-5 ਫਾਈਨਲਿਸਟ ਸਨ - ਏਲਵਿਸ਼ ਯਾਦਵ, ਅਭਿਸ਼ੇਕ ਮਲਹਾਨ, ਮਨੀਸ਼ਾ ਰਾਣੀ, ਬੇਬੀਕਾ ਧੁਰਵੇ ਅਤੇ ਪੂਜਾ ਭੱਟ।

ਫਾਈਨਲ ਐਪੀਸੋਡ ਵਿੱਚ ਪੂਜਾ ਭੱਟ ਸਭ ਤੋਂ ਪਹਿਲਾਂ ਬਾਹਰ ਹੋ ਗਏ ਅਤੇ ਉਨ੍ਹਾਂ ਤੋਂ ਬਾਅਦ ਬੇਬੀਕਾ ਵੀ ਜੇਤੂ ਦੀ ਦੌੜ ਤੋਂ ਬਾਹਰ ਹੋ ਗਏ।

ਏਲਵਿਸ਼, ਅਭਿਸ਼ੇਕ ਤੋਂ ਇਲਾਵਾ ਮਨੀਸ਼ਾ ਰਾਣੀ ਨੇ ਟਾਪ-3 'ਚ ਜਗ੍ਹਾ ਬਣਾਈ, ਪਰ ਉਹ ਟਾਪ-2 'ਚ ਜਗ੍ਹਾ ਨਹੀਂ ਬਣਾ ਸਕੇ।

ਅੰਤ 'ਚ ਮੁਕਾਬਲਾ ਏਲਵਿਸ਼ ਅਤੇ ਅਭਿਸ਼ੇਕ ਵਿਚਾਲੇ ਹੋਇਆ। ਆਖਿਰਕਾਰ ਏਲਵਿਸ਼ ਨੇ ਇਹ ਟਰਾਫੀ ਜਿੱਤ ਲਈ ਸੀ ਅਤੇ ਉਨ੍ਹਾਂ ਨੂੰ 25 ਲੱਖ ਰੁਪਏ ਵੀ ਇਨਾਮ ਵਜੋਂ ਦਿੱਤੇ ਗਏ ਸਨ।

14 ਸਤੰਬਰ 1997 ਨੂੰ ਗੁਰੂਗ੍ਰਾਮ, ਹਰਿਆਣਾ ਵਿੱਚ ਜਨਮੇ ਏਲਵਿਸ਼ ਯਾਦਵ ਨੇ ਸਾਲ 2016 ਵਿੱਚ ਆਪਣਾ ਯੂਟਿਊਬ ਚੈਨਲ ਸ਼ੁਰੂ ਕੀਤਾ ਸੀ।

ਉਨ੍ਹਾਂ ਨੇ ਦਿੱਲੀ ਯੂਨੀਵਰਸਿਟੀ ਤੋਂ ਬੀ ਕਾਮ ਦੀ ਪੜ੍ਹਾਈ ਕੀਤੀ ਹੈ ਤੇ ਪਹਿਲਾਂ ਉਨ੍ਹਾਂ ਦਾ ਨਾਂ ਸਿਧਾਰਥ ਯਾਦਵ ਸੀ।

ਪਰ ਉਨ੍ਹਾਂ ਦੇ ਵੱਡੇ ਭਰਾ ਚਾਹੁੰਦੇ ਸਨ ਕਿ ਉਨ੍ਹਾਂ ਦਾ ਨਾਮ ਏਲਵਿਸ਼ ਯਾਦਵ ਰੱਖਿਆ ਜਾਵੇ।

ਆਪਣੇ ਵੱਡੇ ਭਰਾ ਦੀ ਬੇਵਕਤੀ ਮੌਤ ਤੋਂ ਬਾਅਦ, ਉਨ੍ਹਾਂ ਨੇ ਆਪਣਾ ਨਾਮ ਬਦਲ ਕੇ ਏਲਵਿਸ਼ ਯਾਦਵ ਰੱਖ ਲਿਆ।

ਯੂਟਿਊਬ ਨੇ ਜਲਦ ਹੀ ਏਲਵਿਸ਼ ਯਾਦਵ ਨੂੰ ਬਹੁਤ ਮਸ਼ਹੂਰ ਬਣਾ ਦਿੱਤਾ।

ਐਲਵਿਸ਼ ਕਾਰਾਂ ਦੇ ਬਹੁਤ ਸ਼ੌਕੀਨ ਹਨ ਅਤੇ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਕੋਲ ਕਈ ਲਗਜ਼ਰੀ ਗੱਡੀਆਂ ਹਨ।

ਏਲਵਿਸ਼ ਅਤੇ ਅਭਿਸ਼ੇਕ ਦੋਵੇਂ ਹੀ ਮਸ਼ਹੂਰ ਯੂਟਿਊਬਰ ਹਨ ਅਤੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਗਿਣਤੀ ਲੱਖਾਂ 'ਚ ਹੈ।

ਸ਼ਾਇਦ ਇਸੇ ਦੌੜ ਵਿੱਚ ਏਲਵਿਸ਼ ਦੀ ਪ੍ਰਸਿੱਧੀ ਨੇ ਅਭਿਸ਼ੇਕ ਨੂੰ ਪਛਾੜ ਦਿੱਤਾ ਸੀ। ਹਾਲਾਂਕਿ, ਅਭਿਸ਼ੇਕ ਸੀਜ਼ਨ ਦੀ ਸ਼ੁਰੂਆਤ ਤੋਂ ਹੀ ਬਿੱਗ ਬੌਸ ਦੇ ਘਰ ਵਿੱਚ ਸਨ।

ਉਨ੍ਹਾਂ ਕਈ ਵਾਰ ਇਸਦਾ ਜ਼ਿਕਰ ਵੀ ਕੀਤਾ ਕਿ ਇਸ ਕਰਕੇ ਉਹ ਜੇਤੂ ਬਣਨ ਦੇ ਹੱਕਦਾਰ ਹਨ। ਬਾਅਦ 'ਚ ਇਸ ਗੱਲ ਨੂੰ ਲੈ ਕੇ ਏਲਵਿਸ਼ ਅਤੇ ਅਭਿਸ਼ੇਕ ਵਿਚਾਲੇ ਬਹਿਸ ਵੀ ਹੋ ਗਈ ਸੀ।

ਫਾਈਨਲ ਤੋਂ ਪਹਿਲਾਂ ਅਭਿਸ਼ੇਕ ਬੀਮਾਰ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਉਣਾ ਪਿਆ। ਪਰ ਫਾਈਨਲ ਵਿੱਚ, ਉਹ ਸ਼ੋਅ ਵਿੱਚ ਵਾਪਸ ਆ ਗਏ ਸਨ।

ਪਰ ਉਹ ਵੋਟਿੰਗ ਵਿੱਚ ਏਲਵਿਸ਼ ਨੂੰ ਨਹੀਂ ਪਛਾੜ ਸਕੇ ਸਨ।

ਵਿਵਾਦ ਅਤੇ ਏਲਵਿਸ਼

ਉਂਝ ਦਾ ਬਿੱਗ ਬੌਸ ਦੇ ਹਰ ਸੀਜ਼ਨ 'ਚ ਖੂਬ ਲੜਾਈਆਂ ਹੁੰਦੀਆਂ ਹਨ ਪਰ ਏਲਵਿਸ਼ ਯਾਦਵ ਵਾਲੇ ਸੀਜ਼ਨ ਵਿੱਚ ਲੜਾਈਆਂ ਘੱਟ ਹੋਈਆਂ ਤੇ ਚੀਖ਼ਣਾ-ਚਿੱਲਾਉਣਾ ਵੱਧ ਹੋਇਆ।

ਸ਼ੋਅ ਦੌਰਾਨ ਵਾਈਲਡ ਕਾਰਡ ਐਂਟਰੀ ਦੇ ਤੌਰ 'ਤੇ ਆਏ ਏਲਵਿਸ਼ ਯਾਦਵ ਸ਼ੁਰੂ ਤੋਂ ਹੀ ਆਪਣੇ ਆਪਣੇ ਸੁਭਾਅ ਅਤੇ ਖੁੱਲ੍ਹ ਕੇ ਬੋਲਣ ਕਾਰਨ ਵਿਵਾਦਾਂ 'ਚ ਰਹੇ ਸਨ।

ਸ਼ਾਇਦ ਇਸੇ ਲਈ ਉਨ੍ਹਾਂ ਨੂੰ ਬਿੱਗ ਬੌਸ ਵਿੱਚ ਵੀ ਐਂਟਰੀ ਮਿਲੀ ਸੀ। ਸ਼ੋਅ 'ਤੇ ਆਉਂਦੇ ਹੀ ਉਨ੍ਹਾਂ ਦੀ ਜ਼ਬਾਨ ਫਿਸਲਣ ਲੱਗੀ ਸੀ।

ਉਨ੍ਹਾਂ ਨੇ ਕਈ ਵਾਰ ਹੱਦਾਂ ਪਾਰ ਕੀਤੀਆਂ ਸਨ। ਉਨ੍ਹਾਂ ਨੇ ਸ਼ੋਅ ਦੀ ਪ੍ਰਤੀਭਾਗੀ ਬੇਬੀਕਾ ਬਾਰੇ ਕਈ ਅਸ਼ਲੀਲ ਟਿੱਪਣੀਆਂ ਕੀਤੀਆਂ।

ਸਲਮਾਨ ਨੇ ਵੀਕੈਂਡ ਸ਼ੋਅ ਦੌਰਾਨ ਇਹ ਮੁੱਦਾ ਚੁੱਕਿਆ ਵੀ ਸੀ ਅਤੇ ਏਲਵਿਸ਼ ਨੂੰ ਝਾੜ ਪਾਈ ਸੀ।

ਸਲਮਾਨ ਨੇ ਸ਼ੋਅ ਦੌਰਾਨ ਏਲਵਿਸ਼ ਦੀ ਮਾਂ ਨੂੰ ਵੀ ਦਿਖਾਇਆ। ਫਿਰ ਏਲਵਿਸ਼ ਰੋਣ ਲੱਗ ਪਏ ਸਨ।

ਉਨ੍ਹਾਂ ਨੇ ਆਪਣੀ ਗਲਤੀ ਮੰਨ ਲਈ ਅਤੇ ਦੁਬਾਰਾ ਅਜਿਹਾ ਨਾ ਕਰਨ ਦਾ ਵਾਅਦਾ ਕੀਤਾ। ਪਰ ਬਾਹਰੀ ਦੁਨੀਆਂ 'ਚ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਸਲਮਾਨ ਨੂੰ ਖੂਬ ਟ੍ਰੋਲ ਕੀਤਾ ਸੀ।

ਫਿਰ ਅਗਲੇ ਐਪੀਸੋਡ ਵਿੱਚ ਸਲਮਾਨ ਨੇ ਏਲਵਿਸ਼ ਯਾਦਵ ਦੀ ਸੋਸ਼ਲ ਮੀਡੀਆ ਫੌਜ ਨੂੰ ਲੈ ਕੇ ਵੀ ਉਨ੍ਹਾਂ ਨੂੰ ਘੇਰਿਆ ਅਤੇ ਉਨ੍ਹਾਂ ਨੂੰ ਇਹ ਸਮਝਾਉਣ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ ਵਰਚੁਅਲ ਦੁਨੀਆਂ ਦਾ ਇਹ ਭਰਮ ਅਸਲੀ ਨਹੀਂ ਹੈ।

ਇਹ ਵੱਖਰੀ ਗੱਲ ਹੈ ਕਿ ਏਲਵਿਸ਼ ਦੇ ਪ੍ਰਸ਼ੰਸਕ ਸਲਮਾਨ ਦੀ ਗੱਲ ਨਾਲ ਸਹਿਮਤ ਨਹੀਂ ਹੋਏ ਅਤੇ ਉਨ੍ਹਾਂ ਨੇ ਦੋਹਰੇ ਜੋਸ਼ ਨਾਲ ਏਲਵਿਸ਼ ਦਾ ਸਮਰਥਨ ਕਰਨਾ ਸ਼ੁਰੂ ਕਰ ਦਿੱਤਾ।

ਪਰਮੀਸ਼ ਵਰਮਾ ਨਾਲ ਵੀ ਕੀਤਾ ਕੰਮ

ਲਗਭਗ ਸਾਲ ਭਰ ਪਹਿਲਾਂ ਯੂਟਿਊਬ ਚੈਨਲ ਰੀਅਲਹਿੱਟ ਨੂੰ ਦਿੱਤੇ ਇੱਕ ਇੰਟਰਵਿਊ 'ਚ ਐਲਵਿਸ਼ ਨੇ ਦੱਸਿਆ ਸੀ ਕਿ ਕਿਵੇਂ ਪਹਿਲਾਂ ਉਹ ਮਹੀਨੇ 'ਚ ਰੋਸਟਿੰਗ ਵਾਲੇ ਦੋ-ਤਿੰਨ ਵੀਡੀਓ ਹੀ ਕੱਢਦੇ ਸਨ ਪਰ ਹੁਣ ਉਹ ਰੋਜ਼ਾਨਾ ਵਲੌਗ ਕੱਢਦੇ ਹਨ।

ਉਨ੍ਹਾਂ ਦੱਸਿਆ ਸੀ ਕਿ ਕੰਮ ਦੇ ਚੱਕਰ 'ਚ ਉਨ੍ਹਾਂ ਦੀ ਨੀਂਦ ਵੀ ਪੂਰੀ ਨਹੀਂ ਹੋ ਪਾਉਂਦੀ।

ਇਸ ਤੋਂ ਏਲਵਿਸ਼ ਪਰਮੀਸ਼ ਵਰਮਾ ਨਾਲ ਵੀ ਕੰਮ ਕਰ ਚੁੱਕੇ ਹਨ ਅਤੇ ਉਨ੍ਹਾਂ ਦੇ ਗੀਤ 'ਪੰਜਾ ਦਾਬ' ਨਜ਼ਰ ਆਏ ਸਨ।

ਇਸ ਤੋਂ ਇਲਾਵਾ ਉਨ੍ਹਾਂ ਦੇ ਵਲੌਗ ਵਿੱਚ ਵੀ ਪਰਮੀਸ਼ ਕਈ ਵਾਰ ਨਜ਼ਰ ਆ ਚੁੱਕੇ ਹਨ।

ਬਿੱਗ ਬੌਸ ਦਾ ਇਹ ਸੀਜ਼ਨ ਸੀ ਖਾਸ

ਪਹਿਲੀ ਵਾਰ, ਸਲਮਾਨ ਖ਼ਾਨ ਬਿੱਗ ਬੌਸ ਓਟੀਟੀ ਦੇ ਹੋਸਟ ਬਣੇ ਸਨ। ਇਸ ਦੇ ਪਹਿਲੇ ਸੀਜ਼ਨ ਦੇ ਹੋਸਟ ਕਰਨ ਜੌਹਰ ਸਨ।

ਪਰ ਸਲਮਾਨ ਖਾਨ ਦੇ ਬਿੱਗ ਬੌਸ ਓਟੀਟੀ 2 ਦੇ ਹੋਸਟ ਬਣਨ ਨਾਲ ਸ਼ੋਅ ਦੀ ਲੋਕਪ੍ਰਿਅਤਾ ਕਾਫੀ ਵਧ ਗਈ ਸੀ।

ਇਸ ਵਾਰ ਬਿੱਗ ਬੌਸ ਓਟੀਟੀ ਦੇ ਸੀਜ਼ਨ ਵਿੱਚ, ਯੂਟਿਊਬਰ ਅਤੇ ਸੋਸ਼ਲ ਮੀਡੀਆ ਇਨਫਲੂਐਂਸਰਜ਼ ਦਾ ਦਬਦਬਾ ਰਿਹਾ।

ਇਸ ਸੀਜ਼ਨ ਦੌਰਾਨ ਕਈ ਵਾਰ ਯੂਟਿਊਬਰਜ਼ ਨੂੰ ਮਹਿਮਾਨਾਂ ਦੇ ਰੂਪ ਵਿੱਚ ਵੀ ਘਰ ਵਿੱਚ ਆਉਣ ਦਾ ਮੌਕਾ ਮਿਲਿਆ।

ਅਜਿਹਾ ਲੱਗ ਰਿਹਾ ਸੀ ਕਿ ਇਸ ਵਾਰ ਇਹ ਸ਼ੋਅ ਸਿਰਫ ਸੋਸ਼ਲ ਮੀਡੀਆ ਇਨਫਲੂਐਂਸਰਜ਼ ਨੂੰ ਸਮਰਪਿਤ ਸੀ।

ਇਸ ਦਾ ਅੰਦਾਜ਼ਾ ਇਸ ਤੱਥ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਟੌਪ-3 'ਤੇ ਪਹੁੰਚਣ ਵਾਲੇ ਵੀ ਤਿੰਨੋਂ ਸੋਸ਼ਲ ਮੀਡੀਆ ਇਨਫਲੂਐਂਸਰ ਸਨ।

ਇਹੀ ਕਾਰਨ ਸੀ ਕਿ ਫਿਲਮ ਅਤੇ ਟੀਵੀ ਜਗਤ ਦੇ ਮਸ਼ਹੂਰ ਚਿਹਰੇ ਵੀ ਇਸ ਦੌੜ ਵਿੱਚ ਪਿੱਛੇ ਰਹਿ ਗਏ।

ਉਨ੍ਹਾਂ ਵਿੱਚੋਂ ਅਦਾਕਾਰਾ ਪੂਜਾ ਭੱਟ ਸਭ ਤੋਂ ਜ਼ਿਆਦਾ ਸਮੇਂ ਤੱਕ ਰਹੇ। ਹਾਲਾਂਕਿ, ਉਹ ਵੀ ਕਦੇ ਵੀ ਜੇਤੂਆਂ ਦੀ ਦੌੜ ਵਿੱਚ ਨਹੀਂ ਸਨ।

ਇਸ ਸੀਜ਼ਨ 'ਚ ਇੱਕ ਪਾਸੇ ਜਿੱਥੇ ਟੀਵੀ ਕਲਾਕਾਰ ਅਵਿਨਾਸ਼ ਸਚਦੇਵ ਤੇ ਉਨ੍ਹਾਂ ਦੀ ਐਕਸ ਗਰਲਫਰੈਂਡ ਕੁਝ ਸਮੇਂ ਚਲੀ ਚਰਚਾ 'ਚ ਰਹੇ, ਉੱਥੇ ਹੀ ਮਨੀਸ਼ਾ ਰਾਣੀ ਵੀ ਏਲਵਿਸ਼ ਦੇ ਪਿੱਛੇ ਪਏ ਨਜ਼ਰ ਆਏ। ਹਾਲਾਂਕਿ ਇਹ ਸਭ ਮਜ਼ਾਕ 'ਚ ਪਰ ਕਦੇ-ਕਦਾਈਂ ਗੰਭੀਰ ਵੀ ਹੋ ਗਿਆ।

ਸ਼ੋਅ ਦਾ ਸਭ ਤੋਂ ਵਿਵਾਦਿਤ ਹਿੱਸਾ ਰਿਹਾ ਜਾਡ ਹਦੀਦ ਅਤੇ ਆਕਾਂਕਸ਼ਾ ਪੁਰੀ ਦਾ ਕਿਸ। ਜਿਸ ਨੂੰ ਲੈ ਕੇ ਬਾਅਦ 'ਚ ਕਾਫ਼ੀ ਹੰਗਾਮਾ ਵੀ ਹੋਇਆ ਅਤੇ ਸਲਮਾਨ ਨੇ ਦੋਵਾਂ ਦੀ ਕਲਾਸ ਵੀ ਲਗਾਈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)