ਠੰਢ ਜ਼ਿਆਦਾ ਹੋਣ ਦੀ ਸੂਰਤ ਵਿੱਚ ਧੁੱਪ ਤੋਂ ਵਾਂਝੇ ਹੋਣਾ ਦਿਮਾਗ ਲਈ ਇੰਝ ਖ਼ਤਰਨਾਕ ਹੋ ਸਕਦਾ ਹੈ

ਔਰਤ

ਤਸਵੀਰ ਸਰੋਤ, Getty Images

ਕਲਪਨਾ ਕਰੋ ਕਿ ਤੁਸੀਂ ਅਜਿਹੀ ਜਗ੍ਹਾ ਹੋਵੋ ਜਿੱਥੇ ਤਾਪਮਾਨ ਜ਼ੀਰੋ ਡਿਗਰੀ ਤੋਂ ਵੀ ਹੇਠ ਹੋਵੇ, ਮਹੀਨਿਆਂ ਤੱਕ ਸਵੇਰ ਨਾ ਹੋਵੇ ਅਤੇ ਤੁਹਾਨੂੰ ਰੌਸ਼ਨੀ ਦੀ ਸ਼ਕਲ ਤੱਕ ਦੇਖੀ ਨੂੰ ਮਹੀਨੇ ਹੋ ਜਾਣ।

ਭਾਰਤ ਵਿੱਚ ਰਹਿ ਕੇ ਅਜਿਹਾ ਸੋਚਣਾ ਵੀ ਕੰਬਣੀ ਛੇੜ ਜਾਂਦਾ ਹੈ। ਪਰ ਸਵੀਡਨ ਦਾ ਇੱਕ ਛੋਟਾ ਜਿਹਾ ਪਿੰਡ ਅਬਿਸਕੋ ਕੁਝ ਇਸ ਤਰ੍ਹਾਂ ਹੈ।

ਉੱਤਰੀ ਸਵੀਡਨ ਵਿੱਚ ਵਸਿਆ ਇਹ ਪਿੰਡ ਆਰਕਟਿਕ ਸਰਕਲ ਤੋਂ ਲਗਭਗ ਦੋ ਸੌ ਕਿਲੋਮੀਟਰ ਉੱਤਰ ਵਿੱਚ ਹੈ।

ਇੱਥੇ ਲੋਕ ਮਾਈਨਸ ਡਿਗਰੀ ਵਿੱਚ ਲੰਬੇ ਸਮੇਂ ਤੱਕ ਹਨੇਰੇ ਵਿੱਚ ਰਹਿੰਦੇ ਹਨ। ਜਿੱਥੇ ਸੂਰਜ ਕਈ-ਕਈ ਮਹੀਨੇ ਨਹੀਂ ਨਿਕਲਦਾ।

ਅਬਿਸਕੋ ਵਿੱਚ ਸਰਦੀਆਂ ਸਭ ਤੋਂ ਲੰਬੀਆਂ ਪੈਂਦੀਆਂ ਹਨ।

ਇੱਥੇ ਅਕਤੂਬਰ ਦੇ ਮਹੀਨੇ ਤੋਂ ਸੂਰਜ ਦਿਖਣਾ ਬੰਦ ਹੋ ਜਾਂਦਾ ਹੈ।

ਅਗਲੇ ਚਾਰ ਮਹੀਨੇ ਤੱਕ ਇਹੀ ਹਾਲ ਰਹਿੰਦਾ ਹੈ। ਫਿਰ ਫਰਵਰੀ ਦੇ ਮਹੀਨੇ ਵਿੱਚ ਸੂਰਜ ਦੁਬਾਰਾ ਦਿਖਦਾ ਹੈ।

ਇੱਥੇ ਰਹਿਣ ਵਾਲੇ ਲੋਕਾਂ ਦੀ ਜ਼ਿੰਦਗੀ ਵਿੱਚ ਇਸ ਦਾ ਬਹੁਤ ਅਸਰ ਪੈਂਦਾ ਹੈ। ਉਨ੍ਹਾਂ ਦੇ ਮੂਡ ਅਤੇ ਉਨ੍ਹਾਂ ਦੇ ਐਨਰਜੀ ਲੈਵਲ ’ਤੇ ਵੀ ਇਸ ਦਾ ਅਸਰ ਪੈਂਦਾ ਹੈ।

ਘਰ ਤੋਂ ਬਾਹਰ ਨਿਕਲਣ ਦਾ ਦਿਲ ਨਹੀਂ ਕਰਦਾ।

ਮੌਸਮ

ਤਸਵੀਰ ਸਰੋਤ, Getty Images

ਇਹ ਵੀ ਪੜ੍ਹੋ-

ਸੂਰਜ ਦੀ ਰੌਸ਼ਨੀ ਨਾ ਦਿਖਣ ’ਤੇ ਸਾਡੇ ਸਰੀਰ ਵਿੱਚ ਕੀ ਹੁੰਦਾ ਹੈ?

ਬੀਬੀਸੀ ਰੀਲਸ ਨਾਲ ਗੱਲਬਾਤ ਦੌਰਾਨ ਇਸ ਦੀ ਵਜ੍ਹਾ ਦੱਸਦੇ ਹੋਏ ਸਟਾਕਹੋਮ ਯੂਨੀਵਰਸਿਟੀ ਵਿੱਚ ਸਲੀਪ ਰਿਸਰਚਰ ਅਰਨੋ ਲੋਡੇਨ ਕਹਿੰਦੇ ਹਨ ਕਿ ਮਨੁੱਖ ਇੱਕ ਅਜਿਹਾ ਪ੍ਰਾਣੀ ਹੈ ਜੋ ਡਾਯੂਰਨਲ ਹੈ।

ਜੇਕਰ ਇਸ ਨੂੰ ਆਸਾਨ ਭਾਸ਼ਾ ਵਿੱਚ ਕਿਹਾ ਜਾਵੇ ਤਾਂ ਜੋ ਦਿਨ ਦੇ ਸਮੇਂ ਜ਼ਿਆਦਾ ਸਰਗਰਮ ਰਹਿਣ ਅਤੇ ਰਾਤ ਦੇ ਸਮੇਂ ਨੀਂਦ ਲੈਂਦਾ ਹੈ।

ਉਹ ਕਹਿੰਦੇ ਹਨ, ‘‘ਸਾਡੇ ਸਰੀਰ ਦਾ ਆਪਣਾ ਇੱਕ ਬੌਡੀ ਕਲੌਕ ਹੁੰਦਾ ਹੈ। ਸਾਡੇ ਸਰੀਰ ਨੂੰ ਬਾਹਰੀ ਦੁਨੀਆਂ ਦੀ ਲਾਈਟ ਦੇ ਹਿਸਾਬ ਨਾਲ ਕੰਮ ਕਰਨ ਲਈ ਰੋਜ਼ਾਨਾ ਕੁਝ ਰੌਸ਼ਨੀ ਦੀ ਜ਼ਰੂਰਤ ਹੁੰਦੀ ਹੈ।’’

ਮੇਲੋਟੋਨਿਨ ਇੱਕ ਤਰ੍ਹਾਂ ਦਾ ਹਾਰਮੋਨ ਹੈ, ਜਿਸ ਨੂੰ ਹਨੇਰੇ ਦਾ ਹਾਰਮੋਨ ਕਿਹਾ ਜਾਂਦਾ ਹੈ। ਇਸ ਹਾਰਮੋਨ ਦੀ ਵਜ੍ਹਾ ਨਾਲ ਸਾਨੂੰ ਨੀਂਦ ਆਉਣ ਲੱਗਦੀ ਹੈ। ਇਹ ਨੀਂਦ ਮਹਿਸੂਸ ਕਰਾਉਂਦਾ ਹੈ।

ਸੂਰਜ ਦੀ ਰੌਸ਼ਨੀ ਸਾਡੇ ਦਿਮਾਗ਼ ਨੂੰ ਮੇਲੇਟੋਨਿਨ ਦੇ ਪ੍ਰੋਡਕਸ਼ਨ ਨੂੰ ਰੋਕਣ ਦਾ ਸੰਦੇਸ਼ ਭੇਜ ਦਿੰਦੀ ਹੈ।

ਰਿਸਰਚਰ ਅਰਨੋ ਲੋਡੇਨ ਕਹਿੰਦੇ ਹਨ, ‘‘ਮੇਲੋਟੋਨਿਨ ਸ਼ਾਮ ਨੂੰ ਅੱਠ ਵਜੇ ਦੇ ਕਰੀਬ ਐਕਟੀਵੇਟ ਹੁੰਦਾ ਹੈ ਅਤੇ ਅੱਧੀ ਰਾਤ ਵਿੱਚ ਇੱਕ ਵਜੇ ਦੇ ਕਰੀਬ ਸੌਣ ਦੌਰਾਨ ਆਪਣੇ ਸਿਖਰ ’ਤੇ ਰਹਿੰਦਾ ਹੈ।’’

‘‘ਸਵੇਰ ਹੁੰਦੇ ਹੀ ਸੂਰਜ ਦੀ ਰੌਸ਼ਨੀ ਨਾਲ ਇਸ ਹਾਰਮੋਨ ਦਾ ਬਣਨਾ ਬੰਦ ਹੋ ਜਾਂਦਾ ਹੈ ਅਤੇ ਸਾਡੀ ਨੀਂਦ ਪੂਰੀ ਹੋ ਜਾਂਦੀ ਹੈ।’’

ਸੂਰਜ ਦੀ ਰੌਸ਼ਨੀ ਨਾ ਮਿਲਣ ਨਾਲ ਸਾਡੇ ਸਰੀਰ ਦਾ ਅੰਦਰੂਨੀ ਬੌਡੀ ਕਲੌਕ ਡਿਸਟਰਬ ਹੋ ਜਾਂਦਾ ਹੈ ਅਤੇ ਬਾਹਰੀ ਦੁਨੀਆਂ ਨਾਲ ਤਾਲਮੇਲ ਵਿਗੜ ਜਾਂਦਾ ਹੈ।

ਮੌਸਮ

ਤਸਵੀਰ ਸਰੋਤ, Getty Images

ਸੂਰਜ ਦੀ ਰੌਸ਼ਨੀ ਅਤੇ ਡਿਪਰੈਸ਼ਨ

‘ਦਿ ਲਾਈਟਿੰਗ ਰਿਸਰਚ ਸੈਂਟਰ’ ਦੀ ਮਰਿਆਨਾ ਫਿਗਯੂਰੋ ਕਹਿੰਦੇ ਹਨ ਕਿ ਬਹੁਤ ਸਾਰੇ ਲੋਕ ਸਰਦੀਆਂ ਵਿੱਚ ਲੰਬੀਆਂ ਰਾਤਾਂ ਅਤੇ ਛੋਟੇ ਦਿਨਾਂ ਨਾਲ ਤਾਲਮੇਲ ਨਹੀਂ ਬਿਠਾ ਪਾਉਂਦੇ ਹਨ।

ਇਸ ਦਾ ਕਾਰਨ ਦੱਸਦੇ ਹੋਏ ਉਹ ਕਹਿੰਦੇ ਹਨ, ਇਸ ਬਾਰੇ ਬਹੁਤ ਸਾਰੀਆਂ ਥਿਓਰੀਆਂ ਦਿੱਤੀਆਂ ਜਾਂਦੀਆਂ ਹਨ। ਇੱਕ ਤਾਂ ਇਹ ਹੈ ਕਿ ਦਿਨ ਦੇ ਸਮੇਂ ਸਾਡੇ ਸਰੀਰ ਨੂੰ ਚੰਗੀ ਮਾਤਰਾ ਵਿੱਚ ਸਨਲਾਈਟ ਨਹੀਂ ਮਿਲਦੀ।

ਇਸ ਕਾਰਨ ਕਈ ਲੋਕ ਡਿਪਰੈਸ਼ਨ ਦੇ ਸ਼ਿਕਾਰ ਹੋ ਜਾਂਦੇ ਹਨ। ਕੁਝ ਲੋਕਾਂ ਵਿੱਚ ਕਾਰਬੋਹਾਈਡਰੇਟ ਦੀ ਜ਼ਿਆਦਾ ਇੱਛਾ ਹੁੰਦੀ ਹੈ ਅਤੇ ਇਸ ਕਾਰਨ ਉਨ੍ਹਾਂ ਦਾ ਵਜ਼ਨ ਵਧ ਜਾਂਦਾ ਹੈ।

ਮਰਿਆਨਾ ਦੇ ਅਨੁਸਾਰ ਇਸ ਨੂੰ ਸੀਜ਼ਨਲ ਇਫੈਕਟਿਵ ਡਿਸਆਰਡਰ ਜਾਂ ਵਿੰਟਰ ਬਲੂਜ਼ ਕਿਹਾ ਜਾਂਦਾ ਹੈ।

ਦਿੱਲੀ ਸਥਿਤ ਮੈਕਸ ਸੁਪਰ ਸਪੈਸ਼ਲਿਟੀ ਵਿੱਚ ਮੈਂਟਲ ਹੈਲਥ ਵਿਭਾਗ ਦੇ ਨਿਰਦੇਸ਼ਕ ਡਾ. ਸਮੀਰ ਮਲਹੋਤਰਾ ਕਹਿੰਦੇ ਹਨ ਕਿ ਸੂਰਜ ਦੀ ਰੌਸ਼ਨੀ ਕਾਫ਼ੀ ਮਹੱਤਵਪੂਰਨ ਹੁੰਦੀ ਹੈ।

ਬੀਬੀਸੀ ਹਿੰਦੀ ਲਈ ਫਾਤਿਮਾ ਫ਼ਰਹੀਨ ਨਾਲ ਗੱਲ ਕਰਦੇ ਹੋਏ ਡਾ. ਮਲਹੋਤਰਾ ਕਹਿੰਦੇ ਹਨ, ‘‘ਸਾਡੇ ਦਿਮਾਗ਼ ਦੇ ਅੰਦਰ ਇੱਕ ਹਿੱਸਾ ਹੈ ਜਿਸ ਨੂੰ ਅਸੀਂ ਹਾਈਪੋਥੈਲੇਮਸ ਕਹਿੰਦੇ ਹਾਂ।’

‘‘ਇਹ ਸਾਡੇ ਸਰੀਰ ਦੇ ਅੰਦਰ ਦੀ ਇੱਕ ਘੜੀ ਹੈ ਜੋ ਬਾਹਰ ਦੇ ਸਮੇਂ ਦੇ ਨਾਲ ਸਾਡੇ ਸਰੀਰ ਦੇ ਸਮੇਂ ਨੂੰ ਮੈਚ ਕਰਦੀ ਹੈ। ਜੇਕਰ ਬਾਹਰ ਹਨੇਰਾ ਬਹੁਤ ਜ਼ਿਆਦਾ ਹੈ ਤਾਂ ਸਾਡੀਆਂ ਅੱਖਾਂ ਜ਼ਰੀਏ ਸਾਨੂੰ ਓਨੀ ਰੌਸ਼ਨੀ ਨਹੀਂ ਮਿਲ ਪਾਉਂਦੀ ਜੋ ਮਿਲਣੀ ਚਾਹੀਦੀ ਹੈ।’’

‘‘ਅਜਿਹੇ ਵਿੱਚ ਜੋ ਲੋਕ ਸੰਵੇਦਨਸ਼ੀਲ ਹਨ, ਉਨ੍ਹਾਂ ਵਿੱਚ ਮੂਡ ਡਿਸਆਰਡਰ ਆਉਣ ਦੇ ਚਾਂਸ ਹਨ। ਇਸ ਨੂੰ ਸੀਜ਼ਨਲ ਇਫੈਕਟਿਵ ਡਿਸਆਰਡਰ ਨਾਂ ਦਿੱਤਾ ਗਿਆ ਹੈ।’’

ਠੰਢ

ਤਸਵੀਰ ਸਰੋਤ, Getty Images

ਦਿੱਲੀ ਸਥਿਤ ਸੀਨੀਅਰ ਡਾਕਟਰ ਸ਼ੇਖ ਅਬਦੁਲ ਬਸ਼ੀਰ ਕਹਿੰਦੇ ਹਨ ਕਿ ਇਸ ਤਰ੍ਹਾਂ ਦੇ ਜ਼ਿਆਦਾਤਰ ਮਾਮਲੇ ਉੱਤਰੀ ਯੂਰਪ ਅਤੇ ਉੱਤਰੀ ਅਮਰੀਕਾ ਵਿੱਚ ਹੀ ਦੇਖਣ ਨੂੰ ਮਿਲਦੇ ਹਨ।

ਫ਼ਾਤਿਮਾ ਫ਼ਰਹੀਨ ਨਾਲ ਗੱਲ ਕਰਦੇ ਹੋਏ ਡਾ. ਬਸ਼ੀਰ ਕਹਿੰਦੇ ਹਨ ਕਿ ਭਾਰਤ ਵਿੱਚ ਇਸ ਤਰ੍ਹਾਂ ਦੀ ਸਥਿਤੀ ਨਹੀਂ ਹੁੰਦੀ, ਇਸ ਲਈ ਇੱਥੇ ਵਿੰਟਰ ਬਲੂਜ਼ ਦੇ ਕੇਸ ਸ਼ਾਇਦ ਹੀ ਕਦੇ ਦੇਖਣ ਨੂੰ ਮਿਲਦੇ ਹਨ।

ਸਿਰਫ਼ ਬਰਸਾਤ ਦੇ ਮੌਸਮ ਦੌਰਾਨ ਭਾਰਤ ਵਿੱਚ ਕੁੱਝ ਮਾਮਲੇ ਦੇਖਣ ਨੂੰ ਮਿਲਦੇ ਹਨ।

ਉਨ੍ਹਾਂ ਅਨੁਸਾਰ ਸੀਜ਼ਨਲ ਇਫੈਕਟਿਵ ਡਿਸਆਰਡਰ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਵੀ ਸਾਰੇ ਲੱਛਣ ਡਿਪਰੈਸ਼ਨ ਵਾਲੇ ਹੁੰਦੇ ਹਨ।

ਇਸ ਦੇ ਮੁੱਖ ਲੱਛਣ ਦੱਸਦੇ ਹੋਏ ਡਾ. ਬਸ਼ੀਰ ਕਹਿੰਦੇ ਹਨ ਕਿ ਲੋਕ ਉਦਾਸ ਰਹਿਣ ਲੱਗਦੇ ਹਨ, ਕਿਸੇ ਕੰਮ ਵਿੱਚ ਉਨ੍ਹਾਂ ਦਾ ਮਨ ਨਹੀਂ ਲੱਗਦਾ।

ਲੋਕ ਜ਼ਿੰਦਗੀ ਵਿੱਚ ਖੁਸ਼ ਰਹਿਣਾ ਹੀ ਭੁੱਲ ਜਾਂਦੇ ਹਨ, ਭੁੱਖ ਵੀ ਘੱਟ ਲੱਗਦੀ ਹੈ, ਲੋਕਾਂ ਵਿੱਚ ਸੈਕਸ ਦੀ ਇੱਛਾ ਵੀ ਘੱਟ ਹੋ ਜਾਂਦੀ ਹੈ।

ਬੀਬੀਸੀ

ਤਸਵੀਰ ਸਰੋਤ, Getty Images

ਸਾਨੂੰ ਸੂਰਜ ਦੀ ਕਿੰਨੀ ਰੌਸ਼ਨੀ ਚਾਹੀਦੀ ਹੈ

ਸਾਨੂੰ ਇਹ ਤਾਂ ਪਤਾ ਚੱਲ ਗਿਆ ਕਿ ਸੂਰਜ ਦੀ ਰੌਸ਼ਨੀ ਨਾ ਮਿਲਣ ਦੀ ਵਜ੍ਹਾ ਨਾਲ ਸਾਡੇ ਸਰੀਰ ’ਤੇ ਇਸ ਦਾ ਬੁਰਾ ਅਸਰ ਪੈਂਦਾ ਹੈ ਅਤੇ ਮੈਡੀਕਲ ਭਾਸ਼ਾ ਵਿੱਚ ਇਸ ਨੂੰ ਵਿੰਟਰ ਬਲੂਜ਼ ਕਿਹਾ ਜਾਂਦਾ ਹੈ।

ਪਰ ਇਸ ਤੋਂ ਸਵਾਲ ਪੈਦਾ ਹੁੰਦਾ ਹੈ ਕਿ ਵਿੰਟਰ ਬਲੂਜ਼ ਤੋਂ ਬਚਣ ਲਈ ਇੱਕ ਦਿਨ ਵਿੱਚ ਸਾਡੇ ਸਰੀਰ ਨੂੰ ਕਿੰਨੀ ਰੌਸ਼ਨੀ ਦੀ ਜ਼ਰੂਰਤ ਹੁੰਦੀ ਹੈ।

ਪ੍ਰੋਫੈਸਰ ਲੋਡੇਨ ਦੇ ਅਨੁਸਾਰ, ਇਹ ਹਰ ਆਦਮੀ ਲਈ ਅਲੱਗ-ਅਲੱਗ ਹੁੰਦੀ ਹੈ, ਪਰ ਆਮ ਤੌਰ ’ਤੇ ਇਹ ਮੰਨਿਆ ਜਾਂਦਾ ਹੈ ਕਿ ਰੋਜ਼ਾਨਾ ਘੱਟ ਤੋਂ ਘੱਟ 20 ਮਿੰਟ ਤੱਕ ਸਾਡੇ ਸਰੀਰ ਨੂੰ ਸੂਰਜ ਦੀ ਤੇਜ਼ ਰੌਸ਼ਨੀ ਮਿਲਣੀ ਚਾਹੀਦੀ ਹੈ। ਉਹ ਵੀ ਸਵੇਰ ਦੀ ਰੌਸ਼ਨੀ ਹੋਣੀ ਚਾਹੀਦੀ ਹੈ।

ਮਰਿਆਨਾ ਕਹਿੰਦੇ ਹਨ ਕਿ ਸਾਨੂੰ ਇੱਕ-ਦੋ ਘੰਟੇ ਲਈ ਘਰ ਤੋਂ ਬਾਹਰ ਨਿਕਲਣਾ ਚਾਹੀਦਾ ਹੈ। ਜੇਕਰ ਉਹ ਸੰਭਵ ਨਹੀਂ ਹੈ ਤਾਂ ਸਾਨੂੰ ਆਪਣੇ ਘਰ ਦੀ ਖਿੜਕੀ ਦੇ ਕੋਲ ਬੈਠਣਾ ਚਾਹੀਦਾ ਹੈ।

ਜੇਕਰ ਉਹ ਵੀ ਸੰਭਵ ਨਹੀਂ ਹੈ ਤਾਂ ਅਸੀਂ ਆਪਣੇ ਘਰਾਂ ਵਿੱਚ ਜਿੱਥੇ ਬੈਠਦੇ ਹਾਂ ਉਸ ਦੇ ਆਸ-ਪਾਸ ਟੇਬਲ ਲੈਂਪ ਜਲਾ ਕੇ ਜ਼ਿਆਦਾ ਤੋਂ ਜ਼ਿਆਦਾ ਰੌਸ਼ਨੀ ਦੀ ਵਰਤੋਂ ਕਰਨੀ ਚਾਹੀਦੀ ਹੈ।

ਪਰ ਇਹ ਸਭ ਤਾਂ ਉਨ੍ਹਾਂ ਸਥਾਨਾਂ ’ਤੇ ਸੰਭਵ ਹੈ ਜਿੱਥੇ ਧੁੱਪ ਨਿਕਲਦੀ ਹੈ, ਜੇਕਰ ਤੁਸੀਂ ਦੁਨੀਆਂ ਦੇ ਉਸ ਕੋਨੇ ਵਿੱਚ ਰਹਿੰਦੇ ਹੋ ਜਿੱਥੇ ਮਹੀਨਿਆਂ ਤੱਕ ਧੁੱਪ ਨਹੀਂ ਨਿਕਲਦੀ ਤਾਂ ਫਿਰ ਉੱਥੇ ਕੀ ਕੀਤਾ ਜਾਵੇ?

ਇਸ ਸਵਾਲ ’ਤੇ ਡਾ. ਬਸ਼ੀਰ ਕਹਿੰਦੇ ਹਨ ਕਿ ਇੱਕ ਆਸਾਨ ਰਸਤਾ ਤਾਂ ਇਹ ਹੈ ਕਿ ਤੁਸੀਂ ਮੌਸਮ ਦੇ ਬਦਲਣ ਦਾ ਇੰਤਜ਼ਾਰ ਕਰੋ। ਪਰ ਕੁਝ ਦੇਸ਼ਾਂ ਵਿੱਚ ਤਾਂ ਛੇ-ਛੇ ਮਹੀਨੇ ਤੱਕ ਧੁੱਪ ਨਹੀਂ ਨਿਕਲਦੀ ਹੈ।

ਮੌਸਮ

ਤਸਵੀਰ ਸਰੋਤ, Getty Images

ਡਾ. ਬਸ਼ੀਰ ਕਹਿੰਦੇ ਹਨ ਕਿ ਜਿੰਨਾ ਸੰਭਵ ਹੋਵੇ, ਓਨਾ ਐਕਸਰਸਾਈਜ਼ ਕਰਨੀ ਚਾਹੀਦੀ ਹੈ, ਚੰਗੀ ਸੰਤੁਲਿਤ ਡਾਈਟ ਅਤੇ ਚੰਗੀ ਨੀਂਦ ਲੈਣੀ ਚਾਹੀਦੀ ਹੈ।

ਇਸ ਦੇ ਇਲਾਵਾ ਉਹ ਮੈਡੀਟੇਸ਼ਨ ਦਾ ਵੀ ਸੁਝਾਅ ਦਿੰਦੇ ਹਨ।

ਉਹ ਕਹਿੰਦੇ ਹਨ ਕਿ ਆਮਤੌਰ ’ਤੇ ਲੋਕ ਸਰਦੀ ਦੇ ਮੌਸਮ ਵਿੱਚ ਪਾਣੀ ਬਹੁਤ ਘੱਟ ਪੀਂਦੇ ਹਨ। ਡਾ. ਬਸ਼ੀਰ ਕਹਿੰਦੇ ਹਨ ਕਿ ਸਰਦੀ ਦੇ ਮੌਸਮ ਵਿੱਚ ਵੀ ਪਾਣੀ ਪੀਣਾ ਘੱਟ ਨਹੀਂ ਕਰਨਾ ਚਾਹੀਦਾ।

ਉਹ ਕਹਿੰਦੇ ਹਨ ਕਿ ਇਸ ਤੋਂ ਪ੍ਰਭਾਵਿਤ ਲੋਕਾਂ ਨੂੰ ਆਪਣੇ ਸ਼ੌਕ ਨੂੰ ਸਮਾਂ ਦੇਣਾ ਚਾਹੀਦਾ ਹੈ ਅਤੇ ਦੋਸਤਾਂ ਨਾਲ ਜ਼ਿਆਦਾ ਸਮਾਂ ਬਿਤਾਉਣਾ ਚਾਹੀਦਾ ਹੈ।

ਸਕੈਨਡਿਨੇਵਿਯਨ ਦੇਸ਼ਾਂ ਵਿੱਚ ਲੋਕਾਂ ਨੇ ਇਸ ਦਾ ਇੱਕ ਇਲਾਜ ਲੱਭਿਆ ਹੈ। ਉੱਥੇ ਲੋਕਾਂ ਨੂੰ ਲਾਈਟ ਥੈਰੇਪੀ ਦਿੱਤੀ ਜਾਂਦੀ ਹੈ।

ਘਰ ਦੇ ਅੰਦਰ ਆਰਟੀਫਿਸ਼ੀਅਲ ਸਨ ਰੂਮ (Sun Room) ਬਣਾਇਆ ਜਾਂਦਾ ਹੈ। ਇਸ ਨਾਲ ਲੋਕਾਂ ਨੂੰ ਵਿੰਟਰ ਬਲੂਜ਼ ਦਾ ਮੁਕਾਬਲਾ ਕਰਨ ਵਿੱਚ ਮਦਦ ਮਿਲਦੀ ਹੈ।

ਹਾਲਾਂਕਿ ਅਜੇ ਤੱਕ ਇਸ ਦਾ ਕੋਈ ਵਿਗਿਆਨਕ ਆਧਾਰ ਨਹੀਂ ਹੈ ਜਿਸ ਦੀ ਬੁਨਿਆਦ ’ਤੇ ਇਹ ਕਿਹਾ ਜਾ ਸਕੇ ਕਿ ਆਰਟੀਫਿਸ਼ੀਅਲ ਲਾਈਟ ਥੈਰੇਪੀ ਕਿੰਨੀ ਪ੍ਰਭਾਵੀ ਹੁੰਦੀ ਹੈ।

ਸ਼ਾਇਦ ਇਸ ਲਈ ਫਰਵਰੀ ਵਿੱਚ ਜਦੋਂ ਦੁਬਾਰਾ ਧੁੱਪ ਨਿਕਲਦੀ ਹੈ ਤਾਂ ਸਵੀਡਨ ਦੇ ਅਬਿਸਕੋ ਪਿੰਡ ਵਿੱਚ ਲੋਕ ਪਹਾੜੀ ’ਤੇ ਜਾ ਕੇ ਰੌਸ਼ਨੀ ਦਾ ਸਵਾਗਤ ਕਰਦੇ ਹਨ ਅਤੇ ਉਸ ਦਾ ਜਸ਼ਨ ਮਨਾਉਂਦੇ ਹਨ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)