ਇੰਜੀਨੀਅਰਿੰਗ ਦੀ ਪੜ੍ਹਾਈ ਕਰਕੇ ਚੰਡੀਗੜ੍ਹ ਦੀ ਕਿਰਨਦੀਪ ਫੋਟੋਗ੍ਰਾਫੀ ਵੱਲ ਕਿਉਂ ਮੁੜ ਗਈ

ਤਸਵੀਰ ਸਰੋਤ, kirandeep_photography/insta
- ਲੇਖਕ, ਨਵਦੀਪ ਕੌਰ ਗਰੇਵਾਲ
- ਰੋਲ, ਬੀਬੀਸੀ ਸਹਿਯੋਗੀ
ਕੈਮਰੇ ਪਿੱਛੇ ਕੰਮ ਕਰਦੀਆਂ ਨਾਇਕਾਵਾਂ ਦੀਆਂ ਕਹਾਣੀਆਂ ਦੀ ਲੜੀ ਵਿੱਚ ਅੱਜ ਰੂਬਰੂ ਕਰਵਾਉਂਦੇ ਹਾਂ ਕਿਰਨਦੀਪ ਨਾਲ, ਜੋ ਕਿ ਇੱਕ ਫੈਸ਼ਨ ਤੇ ਵੈਡਿੰਗ ਫੋਟੋਗ੍ਰਾਫਰ ਹਨ।
ਕਿਰਨਦੀਪ ਚੰਡੀਗੜ੍ਹ ਦੇ ਹੀ ਰਹਿਣ ਵਾਲੇ ਹਨ। ਉਨ੍ਹਾਂ ਦੇ ਜ਼ਿਆਦਾਤਰ ਪਰਿਵਾਰਕ ਮੈਂਬਰ ਸਰਕਾਰੀ ਨੌਕਰੀ ਕਰਦੇ ਹਨ ਅਤੇ ਸਿਰਫ਼ ਕਿਰਨਦੀਪ ਹੀ ਹਨ, ਜਿਨ੍ਹਾਂ ਨੇ ਲੀਕ ਤੋਂ ਹਟ ਕੇ ਕਰੀਅਰ ਬਣਾਉਣ ਦੀ ਕੋਸ਼ਿਸ਼ ਕੀਤੀ।
ਹਾਲਾਂਕਿ ਕਿਰਨਦੀਪ ਨੇ ਕੰਪਿਊਟਰ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਹੋਈ ਹੈ, ਪਰ ਉਹ ਮਹਿਸੂਸ ਕਰਦੇ ਹਨ ਕਿ ਜੋ ਤੁਸੀਂ ਦਿਲੋਂ ਚਾਹੁੰਦੇ ਹੋ, ਉਸ ਦਾ ਸਬੱਬ ਆਪਣੇ ਆਪ ਬਣ ਜਾਂਦਾ ਹੈ।

ਕਿਰਨਦੀਪ ਦੱਸਦੇ ਹਨ ਕਿ ਇੰਜੀਨੀਅਰਿੰਗ ਤੋਂ ਬਾਅਦ ਉਨ੍ਹਾਂ ਨੂੰ ਇੱਕ ਵੱਡੀ ਕੰਪਨੀ ਵਿੱਚ ਨੌਕਰੀ ਵੀ ਮਿਲ ਗਈ ਸੀ, ਪਰ ਉਨ੍ਹਾਂ ਨੇ ਫੋਟੋਗ੍ਰਾਫੀ ਨੂੰ ਪੇਸ਼ਾ ਬਣਾਉਣ ਦਾ ਫ਼ੈਸਲਾ ਲਿਆ।
ਉਨ੍ਹਾਂ ਦੱਸਿਆ, "ਇੱਕ ਵਾਰ ਤਾਂ ਪਰਿਵਾਰ ਵੀ ਕਹਿੰਦਾ ਸੀ ਕਿ ਉਸ ਕੰਪਨੀ ਦੀ ਨੌਕਰੀ ਜੁਆਇਨ ਕਰ ਲਵਾਂ ਜਾਂ ਸਰਕਾਰੀ ਨੌਕਰੀ ਲਈ ਤਿਆਰੀ ਕਰ ਲਵਾਂ, ਪਰ ਮੈਂ ਮਹਿਸੂਸ ਕਰਦੀ ਸੀ ਕਿ ਫ਼ੋਟੋਗ੍ਰਾਫੀ ਹੀ ਅਜਿਹੀ ਚੀਜ਼ ਹੈ ਜੋ ਮੈਂ ਬਿਨ੍ਹਾਂ ਅੱਕੇ-ਥੱਕੇ ਕਰ ਸਕਦੀ ਹਾਂ।"

ਕਿਰਨਦੀਪ ਦੇ ਜਨੂੰਨ ਨੂੰ ਵੇਖਦਿਆਂ ਪਰਿਵਾਰ ਨੇ ਹਮੇਸ਼ਾ ਉਨ੍ਹਾਂ ਨੂੰ ਸਹਿਯੋਗ ਦਿੱਤਾ।
ਉਨ੍ਹਾਂ ਦੇ ਪਿਤਾ ਦੀ 2009 ਵਿੱਚ ਮੌਤ ਹੋ ਗਈ ਸੀ। ਪਰ ਕਿਰਨਦੀਪ ਕਹਿੰਦੇ ਹਨ ਕਿ ਉਹ ਹਰ ਕਦਮ 'ਤੇ ਆਪਣੇ ਪਿਤਾ ਦਾ ਸਾਥ ਮਹਿਸੂਸ ਕਰਦੇ ਹਨ।
ਕਿਰਨਦੀਪ ਨੇ ਦੱਸਿਆ ਕਿ ਕੈਮਰੇ ਅਤੇ ਤਸਵੀਰਾਂ ਪ੍ਰਤੀ ਉਨ੍ਹਾਂ ਨੂੰ ਬਚਪਨ ਤੋਂ ਹੀ ਬਹੁਤ ਖਿੱਚ ਸੀ।
ਕਿਰਨਦੀਪ ਨੇ ਦੱਸਿਆ, "ਮੇਰੇ ਚਾਚਾ ਜੀ ਕੋਲ ਇੱਕ ਕੈਮਰਾ ਹੁੰਦਾ ਸੀ। ਜਦੋਂ ਮੈਂ ਉਨ੍ਹਾਂ ਨੂੰ ਤਸਵੀਰਾਂ ਖਿੱਚਦਿਆਂ ਅਤੇ ਫਿਰ ਤਸਵੀਰਾਂ ਦੀ 'ਹਾਰਡ ਕਾਪੀ' ਦੇਖਦੀ ਸੀ ਤਾਂ ਬਹੁਤ ਆਕਰਸ਼ਿਤ ਹੁੰਦੀ ਸੀ।"
ਕਿਰਨ ਕਿਵੇਂ ਫੋਟੋਗ੍ਰਾਫੀ ਵੱਲ ਮੁੜੇ

ਤਸਵੀਰ ਸਰੋਤ, kirandeep_photography/insta
ਸਾਲ 2015 ਵਿੱਚ ਜਦੋਂ ਕਿਰਨਦੀਪ ਆਪਣੀ ਗ੍ਰੈਜੁਏਸ਼ਨ ਦੇ ਤੀਜੇ ਸਾਲ ਵਿੱਚ ਸਨ ਤਾਂ ਉਨ੍ਹਾਂ ਦੇ ਕਾਲਜ ਵਿੱਚ ਇੱਕ ਕਲਚਰਲ ਫੈਸਟ (ਸੱਭਿਆਚਾਰਕ ਪ੍ਰੋਗਰਾਮ) ਹੋਇਆ ਸੀ, ਜਿਸ ਨੂੰ ਕਿਰਨਦੀਪ ਨੇ ਕੈਮਰੇ ਵਿੱਚ ਕੈਦ ਕਰਨ ਬਾਰੇ ਸੋਚਿਆ।
ਜਨੂੰਨ ਨਾਲ ਕੰਮ ਕਰਦਿਆਂ ਦੇਖ ਕਾਲਜ ਦੀ ਇੱਕ ਅਧਿਆਪਕ ਨੇ ਉਸ ਦੀ ਹੌਂਸਲਾ ਅਫਜ਼ਾਈ ਕੀਤੀ ਅਤੇ ਆਪਣੇ ਵਿਆਹ ਦਾ ਸ਼ੂਟ ਕਿਰਨਦੀਪ ਨੂੰ ਕਰਨ ਦੀ ਪੇਸ਼ਕਸ਼ ਕੀਤੀ।
ਕਿਰਨਦੀਪ ਕਹਿੰਦੇ ਹਨ, "ਜਿਸ ਇਨਸਾਨ ਨੇ ਪਹਿਲੀ ਵਾਰ ਤੁਹਾਡੇ 'ਤੇ ਭਰੋਸਾ ਦਿਖਾਇਆ ਹੁੰਦਾ ਹੈ, ਉਹ ਬਹੁਤ ਖ਼ਾਸ ਹੁੰਦਾ ਹੈ।"
"ਮੇਰੇ ਪ੍ਰੋਫੈਸਰ ਦੀਪਿੰਦਰ ਨੇ ਨਾ ਸਿਰਫ਼ ਭਰੋਸਾ ਜਤਾਇਆ ਬਲਕਿ ਆਪਣੇ ਸ਼ੂਟ ਲਈ ਪੈਸੇ ਵੀ ਦਿੱਤੇ ਅਤੇ ਇੱਕ ਕਾਲਜ ਪੜ੍ਹਦੇ ਬੱਚੇ ਲਈ ਬਹੁਤ ਵੱਡੀ ਹੌਂਸਲਾ ਅਫਜ਼ਾਈ ਸਾਬਤ ਹੋਈ।"

ਤਸਵੀਰ ਸਰੋਤ, kirandeep_photography/insta
ਇਸ ਤਰ੍ਹਾਂ ਕਿਰਨਦੀਪ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਵੈਡਿੰਗ ਫੋਟੋਗ੍ਰਾਫੀ ਤੋਂ ਕੀਤੀ। ਜਿਸ ਤਹਿਤ ਉਹ ਜੋੜਿਆਂ ਦੇ ਪ੍ਰੀ-ਵੈਡਿੰਗ (ਵਿਆਹ ਤੋਂ ਪਹਿਲਾਂ) ਸ਼ੂਟ ਵੀ ਕਰਦੇ ਹਨ।
ਕਿਰਨਦੀਪ ਨੇ ਕਾਲਜ ਪ੍ਰੋਗਰਾਮ ਦਾ ਇਹ ਸ਼ੂਟ ਆਪਣੇ ਭਰਾ ਦੇ ਕੈਮਰੇ ਨਾਲ ਕੀਤਾ ਸੀ।
ਉਨ੍ਹਾਂ ਦੱਸਿਆ, "ਉਹ ਬਹੁਤ ਹੀ ਬੇਸਿਕ ਕੈਮਰਾ ਸੀ। ਮੈਂ ਕਮਾਈ ਤੋਂ ਪਹਿਲਾਂ ਹੀ ਨਵੇਂ ਕੈਮਰੇ 'ਤੇ ਵੱਡਾ ਖ਼ਰਚਾ ਨਹੀਂ ਕਰਨਾ ਚਾਹੁੰਦੀ ਸੀ।"
"ਮੈਂ ਪਹਿਲਾਂ ਉਸੇ ਕੈਮਰੇ 'ਤੇ ਬਿਹਤਰ ਕੰਮ ਕਰਨਾ ਸਿੱਖਿਆ, ਉਸੇ ਨਾਲ ਸ਼ੁਰੂਆਤੀ ਸ਼ੂਟ ਕੀਤੇ। ਜਦੋਂ ਹੋਰ ਕੰਮ ਮਿਲਣ ਲੱਗਿਆ ਤਾਂ ਆਪਣੀ ਕਮਾਈ ਨਾਲ ਨਵਾਂ ਕੈਮਰਾ ਖ਼ਰੀਦਿਆ।"
ਫੈਸ਼ਨ ਫੋਟੋਗ੍ਰਾਫ਼ੀ ਦਾ ਸਫ਼ਰ

ਤਸਵੀਰ ਸਰੋਤ, kirandeep_photography/insta
ਵੈਡਿੰਗ ਫੋਟੋਗ੍ਰਾਫੀ ਵਿੱਚ ਸ਼ੁਰੂਆਤ ਕਰਨ ਤੋਂ ਬਾਅਦ, ਕਿਰਨਦੀਪ ਨੇ ਫ਼ੋਟੋਗ੍ਰਾਫੀ ਦੀਆਂ ਹੋਰ ਸ਼ੈਲੀਆਂ ਬਾਰੇ ਵੀ ਜਾਣਨਾ ਸ਼ੁਰੂ ਕੀਤਾ। ਫਿਰ ਉਨ੍ਹਾਂ ਨੂੰ ਫੈਸ਼ਨ ਫੋਟੋਗ੍ਰਾਫੀ ਬਾਰੇ ਪਤਾ ਲੱਗਿਆ ਅਤੇ ਇਸ ਸ਼ੈਲੀ ਵਿੱਚ ਕਿਰਨਦੀਪ ਨੇ ਕੰਮ ਸ਼ੁਰੂ ਕੀਤਾ।
ਫੈਸ਼ਨ ਫੋਟੋਗ੍ਰਾਫੀ ਵਿੱਚ ਕਿਰਨਦੀਪ ਦੀ ਸ਼ੁਰੂਆਤ ਗਾਇਕ ਅਮਰਿੰਦਰ ਗਿੱਲ ਦੇ ਫੋਟੋਸ਼ੂਟ ਨਾਲ ਹੋਈ ਸੀ।
ਉਸ ਵੇਲੇ ਕਿਰਨਦੀਪ ਇੱਕ ਕੰਪਨੀ ਨਾਲ ਕੰਮ ਕਰਦੇ ਸਨ, ਜਿਨ੍ਹਾਂ ਨੇ ਗਿੱਲ ਦੇ ਗੀਤ 'ਬਾਪੂ' ਦੀ ਮਿਊਜ਼ਿਕ ਵੀਡੀਓ ਬਣਾਉਣੀ ਸੀ।
ਇਸੇ ਦੌਰਾਨ ਕਿਰਨਦੀਪ ਨੂੰ ਅਮਰਿੰਦਰ ਗਿੱਲ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਸੀ ਅਤੇ ਉਸ ਤੋਂ ਬਾਅਦ ਹੁਣ ਤੱਕ ਉਹ ਕਈ ਨਾਮੀ ਚਿਹਰਿਆਂ ਨਾਲ ਕੰਮ ਕਰ ਚੁੱਕੇ ਹਨ।
ਉਨ੍ਹਾਂ ਕਿਹਾ,"ਫੈਸ਼ਨ ਫੋਟੋਗ੍ਰਾਫੀ ਵਿੱਚ ਵੱਖਰਾ ਹੀ ਅਨੰਦ ਹੁੰਦਾ ਹੈ, ਜਦੋਂ ਤੁਸੀਂ ਵੱਖ-ਵੱਖ ਸੈਲੀਬ੍ਰਿਟੀਜ਼ ਨਾਲ ਕੰਮ ਕਰਦੇ ਹੋ।"

ਫੈਸ਼ਨ ਫੋਟੋਗ੍ਰਾਫੀ ਕੀ ਹੁੰਦੀ ਹੈ, ਇਸ ਬਾਰੇ ਵੀ ਕਿਰਨਦੀਪ ਨੇ ਸਾਨੂੰ ਸੰਖੇਪ ਵਿੱਚ ਸਮਝਾਇਆ।
ਉਨ੍ਹਾਂ ਦੱਸਿਆ ਕਿ ਫੈਸ਼ਨ ਫੋਟੋਗ੍ਰਾਫੀ ਤਹਿਤ ਉਨ੍ਹਾਂ ਦੀਆਂ ਖਿੱਚੀਆਂ ਤਸਵੀਰਾਂ ਵੱਖ-ਵੱਖ ਫੈਸ਼ਨ ਰਸਾਲਿਆਂ ਵਿੱਚ ਛਪਦੀਆਂ ਹਨ, ਹੋਰਡਿੰਗਜ਼ ਅਤੇ ਬਿੱਲ-ਬੋਰਡਾਂ ਉੱਤੇ ਲਗਦੀਆਂ ਹਨ।
ਉਹ ਦੱਸਦੇ ਹਨ, "ਕਿਸੇ ਵੀ ਬਰਾਂਡ ਨੂੰ ਆਪਣੀ ਮਸ਼ਹੂਰੀ ਲਈ ਜ਼ਰੂਰਤ ਹੁੰਦੀ ਹੈ ਤਾਂ ਉਹ ਸਾਡੇ ਤੋਂ ਫੈਸ਼ਨ ਫੋਟੋਗ੍ਰਾਫੀ ਕਰਵਾਉਂਦੇ ਹਨ।"
ਕਿਰਨਦੀਪ ਨੇ ਦੱਸਿਆ ਕਿ ਕਿਸੇ ਕਾਰੋਬਾਰੀ ਮਕਸਦ ਲਈ ਵਰਤੀ ਜਾਂਦੀ ਇਸ ਤਰ੍ਹਾਂ ਦੀ ਫੋਟੋਗ੍ਰਾਫੀ ਨੂੰ ਕਮਰਸ਼ੀਅਲ ਫੋਟੋਗ੍ਰਾਫੀ ਵੀ ਕਿਹਾ ਜਾਂਦਾ ਹੈ।

ਤਸਵੀਰ ਸਰੋਤ, kirandeep_photography/insta
ਇਸ ਤੋਂ ਇਲਾਵਾ ਸੈਲੇਬ੍ਰਿਟੀਜ਼ ਦੇ ਪੋਰਟਫੋਲੀਓ ਸ਼ੂਟ ਵੀ ਫੈਸ਼ਨ ਫੋਟੋਗ੍ਰਾਫੀ ਤਹਿਤ ਆਉਂਦੇ ਹਨ।
ਏਸ਼ੀਅਨ ਫੋਟੋਗ੍ਰਾਫੀ, ਡਿਸਕਵਰੀ, ਜੀਕੇ, ਜਿਹੇ ਵੱਡੇ ਰਸਾਲਿਆਂ ਵਿੱਚ ਕਿਰਨਦੀਪ ਦੀਆਂ ਤਸਵੀਰਾਂ ਛਪ ਚੁੱਕੀਆਂ ਹਨ।
ਉਹ ਆਪਣੇ ਇਸ ਕੰਮ ਉੱਤੇ ਮਾਨ ਮਹਿਸੂਸ ਕਰਦੇ ਹਨ। ਇਸ ਤੋਂ ਇਲਾਵਾ ਕਿਰਨਦੀਪ ਨਿਕੌਨ ਬਰਾਂਡ ਦੇ ਅੰਬੈਸਡਰ ਵੀ ਹੈ।
ਕਿਰਨਦੀਪ ਨੇ ਦੱਸਿਆ ਕਿ ਫੋਟੋਗ੍ਰਾਫੀ ਦੇ ਕਿੱਤੇ ਵਿੱਚ ਆਉਣ ਤੋਂ ਪਹਿਲਾਂ ਉਹ ਕਾਫ਼ੀ ਅੰਤਰਮੁਖੀ ਅਤੇ ਸ਼ਰਮੀਲੇ ਸਨ, ਪਰ ਇਸ ਕਿੱਤੇ ਨੇ ਉਨ੍ਹਾਂ ਦੀ ਸ਼ਖਸੀਅਤ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ।
ਉਹ ਕਹਿੰਦੇ ਹਨ, "ਸਾਡੇ ਕਿੱਤੇ ਵਿੱਚ ਵੱਖ-ਵੱਖ ਲੋਕਾਂ ਨਾਲ ਰਾਬਤਾ ਹੁੰਦਾ ਹੈ। ਤੁਸੀਂ ਸਾਹਮਣੇ ਵਾਲੇ ਨੂੰ ਵੀ ਸਹਿਜ ਕਰਨਾ ਹੁੰਦਾ ਹੈ, ਇਸ ਲਈ ਹੁਣ ਮੈਂ ਹੁਣ ਗੱਲਬਾਤ ਵਿੱਚ ਬਹੁਤ ਸਹਿਜ ਹੋ ਗਈ ਹਾਂ। ਪਹਿਲਾਂ ਨਾਲੋਂ ਵੱਧ ਜ਼ਿੰਮੇਵਾਰ ਵੀ ਹੋ ਗਈ ਹਾਂ।"
ਫੋਟੋਗ੍ਰਾਫੀ ਵਿੱਚ ਕੁੜੀ ਵਜੋਂ ਤਜ਼ਰਬੇ

ਭਾਵੇਂ ਅੱਜ ਕੱਲ੍ਹ ਕੁੜੀਆਂ ਇਸ ਪੇਸ਼ੇ ਵਿੱਚ ਆਉਣੀਆਂ ਸ਼ੁਰੂ ਹੋ ਚੁੱਕੀਆਂ ਹਨ, ਪਰ ਮੁੰਡਿਆਂ ਦੇ ਮੁਕਾਬਲੇ ਗਿਣਤੀ ਹਾਲੇ ਵੀ ਕਾਫ਼ੀ ਘੱਟ ਹੈ।
ਹੁਣ ਵੀ ਲੋਕ ਕੈਮਰੇ ਨਾਲ ਤਸਵੀਰਾਂ ਖਿੱਚਦੀ ਕੁੜੀ ਨੂੰ ਵੇਖ ਕੇ ਹੈਰਾਨ ਹੋ ਜਾਂਦੇ ਹਨ।
ਉਨ੍ਹਾਂ ਨੇ ਆਪਣਾ ਤਜ਼ਰਬਾ ਸਾਂਝਾ ਕੀਤਾ ਕਿ ਇੱਕ ਕੁੜੀ ਵਜੋਂ ਇਸ ਖੇਤਰ ਵਿੱਚ ਕੰਮ ਕਰਨਾ ਮੁੰਡਿਆਂ ਦੇ ਮੁਕਾਬਲੇ ਕਿਵੇਂ ਵੱਖਰਾ ਲੱਗਿਆ।
ਕਿਰਨਦੀਪ ਨੇ ਦੱਸਿਆ, "ਕਰੀਅਰ ਦੀ ਸ਼ੁਰੂਆਤ ਵਿੱਚ ਜਦੋਂ ਕਿਸੇ ਅਜਿਹੀ ਜਗ੍ਹਾ ਕੰਮ ਲਈ ਜਾਂਦੇ ਸੀ, ਜਿੱਥੇ ਕਈ ਹੋਰ ਫੋਟੋਗ੍ਰਾਫਰ ਵੀ ਹੁੰਦੇ ਹਨ, ਉੱਥੇ ਇੱਕ ਕੁੜੀ ਫੋਟੋਗ੍ਰਾਫਰ ਦੀ ਕਾਬਲੀਅਤ 'ਤੇ ਸ਼ੱਕ ਕੀਤਾ ਜਾਂਦਾ ਹੈ।"
"ਪਰ ਜਿਵੇਂ-ਜਿਵੇਂ ਤੁਹਾਡਾ ਕੰਮ ਨਜ਼ਰ ਆਉਣ ਲੱਗਦਾ ਹੈ, ਇਹ ਸ਼ੱਕ ਧੁੰਦਲਾ ਹੋਣ ਲੱਗਦਾ ਹੈ ਤੇ ਤੁਹਾਡੇ ਕੰਮ ਨੂੰ ਇੱਜ਼ਤ ਮਿਲਣ ਲੱਗਦੀ ਹੈ। ਪਰ ਸ਼ੁਰੂਆਤ ਵਿੱਚ ਇੱਕ ਕੁੜੀ ਨੂੰ ਕਦਮ-ਕਦਮ 'ਤੇ ਖ਼ੁਦ ਨੂੰ ਸਾਬਿਤ ਕਰਨਾ ਪੈਂਦਾ ਹੈ।"
ਨਾਲ ਹੀ ਉਨ੍ਹਾਂ ਕਿਹਾ ਕਿ ਕਈ ਵਾਰ ਦੇਰ ਰਾਤ ਤੱਕ ਕੰਮ ਕਰਨਾ ਜਾਂ ਅਜਿਹੀ ਜਗ੍ਹਾ 'ਤੇ ਸ਼ੂਟ ਕਰਨਾ ਜਿੱਥੇ ਸੁਰੱਖਿਅਤ ਮਹਿਸੂਸ ਨਾ ਹੋਵੇ, ਵੀ ਕੁੜੀਆਂ ਲਈ ਇਸ ਕਿੱਤੇ ਵਿੱਚ ਚੁਣੌਤੀ ਬਣਦਾ ਹੈ।
ਉਨ੍ਹਾਂ ਦੱਸਿਆ ਕਿ ਕਈ ਵਾਰ ਤੁਸੀਂ ਥਾਂ ਸੁਰੱਖਿਅਤ ਨਾ ਲੱਗੇ ਤਾਂ ਕੰਮ ਨੂੰ ਮਨ੍ਹਾ ਕਰਨਾ ਪੈਂਦਾ ਹੈ।

ਤਸਵੀਰ ਸਰੋਤ, kirandeep_photography/insta
ਕਿਰਨਦੀਪ ਨੇ ਇਹ ਵੀ ਕਿਹਾ ਕਿ ਭਾਵੇਂ ਫੋਟੋਗ੍ਰਾਫੀ ਹੋਵੇ ਜਾਂ ਕੋਈ ਹੋਰ ਕਿੱਤਾ, ਔਰਤਾਂ ਲਈ ਘਰ ਅਤੇ ਕੰਮ ਵਿੱਚ ਸੰਤੁਲਨ ਬਣਾ ਕੇ ਰੱਖਣਾ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਅਤੇ ਚੁਣੌਤੀ ਵੀ।
ਉਹ ਕਹਿੰਦੇ ਹਨ, "ਵਿਆਹ ਤੋਂ ਬਾਅਦ ਔਰਤ ਦੀਆਂ ਜ਼ਿੰਮੇਵਾਰੀਆਂ ਹੋਰ ਵਧ ਜਾਂਦੀਆਂ ਹਨ ਜਿੱਥੇ ਉਹ ਰਿਸ਼ਤੇ ਵੀ ਸਾਂਭ ਕੇ ਰੱਖਣਾ ਚਾਹੁੰਦੀ ਹੈ ਅਤੇ ਜਿਸ ਕਿੱਤੇ ਨੂੰ ਇੰਨੇ ਸਾਲ ਦਿੱਤੇ ਹੁੰਦੇ ਹਨ, ਉਸ ਨੂੰ ਵੀ ਪਿੱਛੇ ਨਹੀਂ ਪਾਉਣਾ ਚਾਹੁੰਦੀ। ਕਈ ਵਾਰ ਮੁਸ਼ਕਿਲ ਹੁੰਦਾ ਹੈ, ਪਰ ਹੌਲੀ-ਹੌਲੀ ਇਨਸਾਨ ਸਿੱਖ ਜਾਂਦੇ ਹੈ।"
ਪਰ ਨਾਲ ਹੀ ਉਹ ਕਹਿੰਦੇ ਹਨ ਕਿ ਆਪਣੇ ਜਨੂੰਨ ਤੇ ਆਪਣੇ ਕੰਮ ਲਈ ਤੁਹਾਨੂੰ ਹਾਲਾਤ ਨਾਲ ਲੜਦੇ ਰਹਿਣਾ ਪੈਂਦਾ ਹੈ।
ਕਿਰਨਦੀਪ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੇ ਕਿੱਤੇ ਵਿੱਚ ਕੁੜੀਆਂ ਬਹੁਤ ਹੀ ਘੱਟ ਹਨ।
ਉਹ ਇੱਛਾ ਜ਼ਾਹਰ ਕਰਦੇ ਹਨ, "ਮੈਂ ਚਾਹੁੰਦੀ ਹਾਂ ਕਿ ਇਸ ਕਿੱਤੇ ਵਿੱਚ ਹੋਰ ਵੀ ਕੁੜੀਆਂ ਆਉਣ ਅਤੇ ਇੱਕ ਟੀਮ ਹੀ ਕੁੜੀਆਂ ਦੀ ਹੋਵੇ। ਇਸ ਨਾਲ ਅਸੀਂ ਜ਼ਿਆਦਾ ਸੁਰੱਖਿਅਤ ਮਹਿਸੂਸ ਕਰਾਂਗੀਆਂ ਅਤੇ ਆਪਣੇ ਆਪ ਨੂੰ ਸਾਬਤ ਵੀ ਕਰ ਸਕਾਂਗੀਆਂ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












