'ਹੁਣ ਮੈਂ ਇੱਕ ਅਜ਼ਾਦ ਕਲਾਕਾਰ ਹਾਂ', ਸੁਨੰਦਾ ਸ਼ਰਮਾ ਤੇ ਪਿੰਕੀ ਧਾਲੀਵਾਲ ਵਿਚਾਲੇ ਕੀ ਹੈ ਰੇੜਕਾ

ਤਸਵੀਰ ਸਰੋਤ, @sunanda_ss/@pinkydhaliwal234
- ਲੇਖਕ, ਬਰਿੰਦਰ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਸੁੰਨਦਾ ਸ਼ਰਮਾ ਨੇ ਆਪਣੇ ਤਾਜ਼ਾ ਇੰਸਟਾਗ੍ਰਾਮ ਪੋਸਟ ʼਤੇ ਪੰਜਾਬ ਦੇ ਮੁੱਖ ਮੰਤਰੀ, ਪੰਜਾਬ ਸਰਕਾਰ ਅਤੇ ਸਮਰਥਨ ਵਿੱਚ ਆਏ ਹੋਰਨਾਂ ਕਲਾਕਾਰਾਂ ਦੇ ਹਸਤੀਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਭਾਵੁਕ ਹੁੰਦੇ ਹੋਏ ਸੁਨੰਦਾ ਸ਼ਰਮਾ ਨੇ ਕਿਹਾ, "ਦੋ ਸਾਲਾਂ ਦੇ ਸੰਘਰਸ਼ ਤੋਂ ਬਾਅਦ ਮੈਨੂੰ ਸਕੂਨ ਮਿਲਿਆ ਹੈ ਤੇ ਮੈਂ ਹੁਣ ਇੱਕ ਅਜ਼ਾਦ ਕਲਾਕਾਰ ਹਾਂ। ਅਜ਼ਾਦ ਪੰਛੀ ਹਾਂ। ਪੂਰੀ ਦੁਨੀਆਂ ਵਿੱਚ ਬੈਠੇ ਮੇਰੇ ਸਰੋਤਿਆਂ ਦਾ ਬਹੁਤ ਸਾਰਾ ਸ਼ੁਕਰੀਆ ਅਦਾ ਕਰਦੀ ਹਾਂ ਕਿ ਤੁਸੀਂ ਘੜੀ ਵਿੱਚ ਮੇਰੇ ਨਾਲ ਖੜ੍ਹੇ ਮੇਰੀ ਢਾਲ ਬਣੇ। ਮੇਰੇ ਦਿਲੋਂ ਦੁਆਵਾਂ ਤੁਹਾਡੇ ਸਾਰਿਆਂ ਲਈ।"
"ਇੱਕ ਕਲਾਕਾਰ ਵਜੋਂ ਮੈਂ ਤੁਹਾਡੇ ਨਾਲ ਇੱਕ ਵਾਅਦਾ ਕਰਦੀ ਹਾਂ ਕਿ ਹੁਣ ਤੱਕ ਜਿਵੇਂ ਮੈਂ ਤੁਹਾਨੂੰ ਆਪਣੇ ਗਾਣਿਆਂ ਰਾਹੀਂ, ਆਪਣੀਆਂ ਫਿਲਮਾਂ ਰਾਹੀਂ, ਆਪਣੀ ਸ਼ਾਇਰੀ ਰਾਹੀਂ ਤੇ ਆਪਣੇ ਸੋਸ਼ਲ ਮੀਡੀਆ ਪਲੇਫਾਰਮਾਂ ਰਾਹੀਂ ਤੁਹਾਡਾ ਮਨੋਰੰਜਨ ਕਰਦੀ ਆਈ ਹਾਂ ਤੇ ਮੈਂ ਅੱਗੇ ਵੀ ਤੁਹਾਡਾ ਮਨੋਰੰਜਨ ਕਰਦੀ ਰਹਾਂਗੀ। ਮੇਰਾ ਸਾਥ ਇਸ ਤਰ੍ਹਾਂ ਹੀ ਬਣਾਈ ਰੱਖਣਾ। ਬਹੁਤ ਸ਼ੁਕਰੀਆ।"

ਕੀ ਸੀ ਮਸਲਾ
"ਬੱਸ ਕਰੋ ਹੁਣ…. ਜੋ ਕੁਝ ਮੇਰੇ ਨਾਲ ਕਰ ਰਹੇ ਹੋ, ਆਪਣੇ ਬੱਚਿਆਂ ਨੂੰ ਮੇਰੀ ਜਗ੍ਹਾ ਰੱਖ ਕੇ ਸੋਚੋ ਤੇ ਫਿਰ ਮਹਿਸੂਸ ਕਰੋ ਕਿ ਮੇਰੀ ਮਾਂ ਮੈਨੂੰ ਕਿਵੇਂ ਵੇਖਦੀ ਹੋਊ ਰੋਜ਼…"
"ਮੇਰੀ ਰੋਜ਼ੀ ਰੋਟੀ 'ਤੇ ਰੋਜ਼ ਲੱਤ ਮਾਰਦੇ ਹੋ, ਥੋੜ੍ਹੀ ਜਿਹਾ ਤਾਂ ਰਹਿਮ ਕਰੋ। ਘਰ ਤੱਕ ਨਹੀਂ ਹੈ ਮੇਰੇ ਕੋਲ ਕੋਈ ਮੇਰਾ, ਰੋਟੀ ਜੋਗੀ ਤਾਂ ਛੱਡਦੋ।"
ਪੰਜਾਬੀ ਗਾਇਕਾ ਤੇ ਅਦਾਕਾਰਾ ਸੁਨੰਦਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਹ ਪੋਸਟ ਕਰਦਿਆਂ ਸੰਗੀਤ ਨਿਰਮਾਤਾ ਪਿੰਕੀ ਧਾਲੀਵਾਲ ਉੱਤੇ ਧੋਖਾਧੜੀ ਤੇ ਮਾਨਸਿਕ ਰੂਪ ਤੋਂ ਪਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਸਨ।
ਆਪਣੇ ਉੱਤੇ ਲੱਗੇ ਇਨ੍ਹਾਂ ਇਲਜਾਮਾਂ ਨੂੰ ਰੱਦ ਕਰਦਿਆਂ ਪਿੰਕੀ ਧਾਲੀਵਾਲ ਨੇ ਕਿਹਾ ਸੀ, "ਜੇ ਕਿਸੇ ਬੱਚੇ ਨੂੰ ਰੋਟੀ ਪਾਉਗੇ ਤਾਂ ਇਹੀ ਕੁਝ ਹੋਣਾ ਹੈ।"
ਦੂਜੇ ਪਾਸੇ ਪੰਜਾਬ ਮਹਿਲਾ ਕਮਿਸ਼ਨ ਦੇ ਦਖ਼ਲ ਮਗਰੋਂ, ਪੰਜਾਬ ਪੁਲਿਸ ਨੇ ਸੁਨੰਦਾ ਸ਼ਰਮਾ ਦੀ ਸ਼ਿਕਾਇਤ ਉੱਪਰ ਮੁਹਾਲੀ ਦੇ ਮਟੌਰ ਥਾਣੇ ਵਿੱਚ ਕੇਸ ਦਰਜ ਕੀਤਾ।

ਇਸ ਮਾਮਲੇ ਵਿੱਚ ਫੌਰੀ ਕਾਰਵਾਈ ਕਰਦਿਆਂ ਪੁਲਿਸ ਨੇ ਸੰਗੀਤ ਨਿਰਮਾਤਾ ਪੁਸ਼ਪਿੰਦਰ ਧਾਲੀਵਾਲ ਉਰਫ ਪਿੰਕੀ ਧਾਲੀਵਾਲ ਨੂੰ ਗ੍ਰਿਫ਼ਤਾਰ ਕੀਤਾ ਸੀ।
ਇਸ ਗ੍ਰਿਫ਼ਤਾਰੀ ਖਿਲਾਫ਼ ਪਿੰਕੀ ਧਾਲੀਵਾਲ ਦੇ ਪੁੱਤਰ ਗੁਰਕਰਨ ਸਿੰਘ ਧਾਲੀਵਾਲ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਪਾਈ ਅਤੇ ਅਦਾਲਤ ਨੇ ਪਿੰਕੀ ਧਾਲੀਵਾਲ ਨੂੰ ਰਿਹਾਅ ਕਰਨ ਦੇ ਹੁਕਮ ਦਿੱਤੇ, ਜਿਸ ਮਗਰੋਂ ਪੁਲਿਸ ਨੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਸੀ।
ਸੁਨੰਦਾ ਸ਼ਰਮਾ ਦੀ ਜਦੋਂ ਇਹ ਭਾਵੁਕ ਪੋਸਟ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਪਰ ਆਈਆਂ ਤਾਂ ਇੱਕ ਵਾਰ ਫਿਰ ਮਨੋਰੰਜਨ ਜਗਤ ਨੂੰ ਲੈ ਕੇ ਸੋਸ਼ਲ ਮੀਡੀਆ ਉੱਪਰ ਵੱਖ-ਵੱਖ ਚਰਚਾਵਾਂ ਛਿੜ ਗਈਆਂ ਹਨ।
ਕੋਈ ਸੁਨੰਦਾ ਸ਼ਰਮਾ ਦੇ ਪੁਰਾਣੇ ਇੰਟਰਵਿਊ ਕੱਢ ਕੇ ਲਿਆ ਰਿਹਾ, ਜਿਸ ਵਿੱਚ ਉਹ ਪਿੰਕੀ ਧਾਲੀਵਾਲ (ਸੰਗੀਤ ਨਿਰਮਾਤਾ) ਨੂੰ ਆਪਣਾ ਪਰਿਵਾਰ ਦੱਸ ਰਹੇ ਹਨ ਤੇ ਕੋਈ ਪਿੰਕੀ ਧਾਲੀਵਾਲ 'ਤੇ ਇਲਜ਼ਾਮ ਲਗਾ ਰਿਹਾ।
ਮਹਿਲਾ ਕਮਿਸ਼ਨ ਤੇ ਹਾਈ ਕੋਰਟ ਨੇ ਕੀ ਕਿਹਾ

ਤਸਵੀਰ ਸਰੋਤ, Raj Lali Gill/FB
ਪੰਜਾਬ ਮਹਿਲਾ ਕਮਿਸ਼ਨ ਨੇ ਆਪਣੇ ਬਿਆਨ ਵਿੱਚ ਕਿਹਾ ਸੀ, ''ਸੁਨੰਦਾ ਸ਼ਰਮਾ ਨੇ ਆਪਣੀ ਸ਼ਿਕਾਇਤ ਵਿੱਚ ਇਲਜ਼ਾਮ ਲਾਇਆ ਸੀ ਕਿ ਪਿੰਕੀ ਧਾਲੀਵਾਲ ਨੇ ਉਸ ਦੇ ਗੀਤਾਂ ਤੋਂ ਹੋਣ ਵਾਲੀ 250 ਰੁਪਏ ਕਰੋੜ ਦੀ ਆਮਦਨ ਦੀ ਅਦਾਇਗੀ ਨਹੀਂ ਕੀਤੀ ਤੇ ਉਸ ਦਾ ਵਿੱਤੀ ਸ਼ੋਸ਼ਣ ਕੀਤਾ ਹੈ।''
ਚੇਅਰਪਰਸਨ ਰਾਜ ਲਾਲੀ ਗਿੱਲ ਨੇ ਕਿਹਾ ਸੀ ਕਿ ਇਸ ਮਾਮਲੇ ਵਿੱਚ ਅਦਾਇਗੀ ਨਾ ਕਰਨ, ਧਮਕੀਆਂ ਦੇਣ ਅਤੇ ਜਾਅਲਸਾਜ਼ੀ ਦਾ ਇਲਜ਼ਾਮ ਲਗਾਇਆ ਗਿਆ। ਇਸ ਸ਼ਿਕਾਇਤ 'ਤੇ ਮਹਿਲਾ ਕਮਿਸ਼ਨ ਨੇ ਸਖ਼ਤ ਕਾਰਵਾਈ ਕੀਤੀ ਅਤੇ ਪੁਲਿਸ ਨੇ ਧਾਲੀਵਾਲ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਆਰੰਭੀ ਹੈ।
ਦੂਜੇ ਪਾਸੇ ਪਿੰਕੀ ਧਾਲੀਵਾਲ ਦੇ ਪੁੱਤ ਵੱਲੋਂ ਪਾਈ ਪਟੀਸ਼ਨ ਉੱਪਰ ਹਾਈ ਕੋਰਟ ਨੇ ਇਸ ਗ੍ਰਿਫ਼ਤਾਰੀ ਨੂੰ ਗ਼ਲਤ ਠਹਿਰਾਇਆ ਅਤੇ ਪੁਲਿਸ ਨੂੰ ਪਿੰਕੀ ਧਾਲੀਵਾਲ ਨੂੰ ਤੁਰੰਤ ਰਿਹਾਅ ਕਰਨ ਦੇ ਹੁਕਮ ਦਿੱਤੇ ਸਨ।
ਇਸ ਤੋਂ ਬਾਅਦ ਪੁਲਿਸ ਨੇ ਪਿੰਕੀ ਧਾਲੀਵਾਲ ਨੂੰ ਰਿਹਾਅ ਕਰ ਦਿੱਤਾ ਹੈ।
ਕੀ ਬੋਲੇ ਬੱਬੂ ਮਾਨ, ਯੋ ਯੋ ਹਨੀ ਸਿੰਘ ਤੇ ਹੋਰ ਕਲਾਕਾਰ

ਤਸਵੀਰ ਸਰੋਤ, @sunanda_ss
ਸੁਨੰਦਾ ਸ਼ਰਮਾ ਦੇ ਪੋਸਟ ਪਾਉਣ ਤੋਂ ਬਾਅਦ ਵੱਡੀ ਗਿਣਤੀ ਪੰਜਾਬੀ ਕਲਾਕਾਰ ਉਨ੍ਹਾਂ ਦੇ ਹੱਕ ਵਿੱਚ ਨਿੱਤਰੇ ਹਨ। ਗਾਇਕ ਤੇ ਅਦਾਕਾਰ ਬੱਬੂ ਮਾਨ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਕਰ ਕੇ ਸੁਨੰਦਾ ਸ਼ਰਮਾ ਨੂੰ ਹਮਾਇਤ ਦਿੱਤੀ ਹੈ।
ਉਨ੍ਹਾਂ ਲਿਖਿਆ, "ਬੀਬੀ ਸੁਨੰਦਾ ਸ਼ਰਮਾ ਦੀ ਇੱਕ ਪੋਸਟ ਦੇਖੀ...ਅਕਸਰ ਕੰਪਨੀਆਂ ਇਸ ਤਰ੍ਹਾਂ ਕਰਦੀਆਂ ਆਈਆਂ ਹਨ। ਇਸ ਔਖੇ ਸਮੇਂ ਅਸੀਂ ਬੀਬਾ ਤੇਰੇ ਨਾਲ ਡੱਟ ਕੇ ਖੜ੍ਹੇ ਹਾਂ, ਘਬਰਾਉਣਾ ਨਹੀਂ ਤੇ ਦਬਣਾ ਨਹੀਂ।"
ਰੈਪਰ ਤੇ ਮਿਊਜ਼ਿਕ ਪ੍ਰੋਡੂਸਰ ਯੋ ਯੋ ਹਨੀ ਸਿੰਘ ਨੇ ਵੀ ਇੰਸਟਾਗ੍ਰਾਮ ਉੱਪਰ ਪੋਸਟ ਪਾ ਕੇ ਸੁਨੰਦਾ ਸ਼ਰਮਾ ਦੀ ਹਮਾਇਤ ਕੀਤੀ ਹੈ। ਪੰਜਾਬੀ ਗਾਇਕ ਸ਼੍ਰੀ ਬਰਾੜ ਵੀ ਸੁਨੰਦਾ ਸ਼ਰਮਾ ਦੇ ਹੱਕ ਵਿੱਚ ਆਏ ਅਤੇ ਉਨ੍ਹਾਂ ਨੇ ਵੀ ਪਿੰਕੀ ਧਾਲੀਵਾਲ ਖ਼ਿਲਾਫ ਸ਼ਿਕਾਇਤ ਦਰਜ ਕਰਵਾਈ।
ਉਨ੍ਹਾਂ ਆਪਣੇ ਫ਼ੇਸਬੁੱਕ ਖਾਤੇ ਉੱਪਰ ਲਿਖਿਆ, "ਅਸੀਂ ਅੱਜ ਪਿੰਕੀ ਧਾਲੀਵਾਲ ਵੱਲੋਂ ਸਾਡੇ ਨਾਲ ਕੀਤੀ ਧੋਖੇਬਾਜ਼ੀ ਦੀ ਸ਼ਿਕਾਇਤ ਸਬੂਤਾਂ ਸਣੇ ਦਰਜ ਕਰਵਾਈ ਹੈ। ਮੈਂ ਸੁਨੰਦਾ ਸ਼ਰਮਾ ਲਈ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ ਕਿ ਉਸ ਨੇ ਇੱਕ ਵੱਡੀ ਜੰਗ ਛੇੜੀ ਹੈ।"
"ਮੈਂ ਉਸ ਸਮੇਂ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਇਸ ਮਸਲੇ ਬਾਰੇ ਦੱਸਿਆ ਸੀ ਪਰ ਕੋਈ ਹੱਲ ਨਹੀਂ ਹੋਇਆ, ਉਲਟਾ ਇਨ੍ਹਾਂ ਨੇ ਮੈਨੂੰ ਹਰ ਪਾਸੇ ਤੋਂ ਦਬਾਉਣਾ ਤੇ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ।"
ਪੰਜਾਬੀ ਗਾਇਕ ਕਾਕਾ ਨੇ ਵੀ ਪੋਸਟ ਪਾ ਕੇ ਆਪਣੇ ਨਾਲ ਹੋਈ ਘਟਨਾ ਦਾ ਜ਼ਿਕਰ ਕੀਤਾ।
ਉਨ੍ਹਾਂ ਲਿਖਿਆ, "ਮੈਂ ਸੋਚਿਆ ਬੱਸ ਮੈਨੂੰ ਈ ਲੁੱਟਿਆ ਜਾ ਰਿਹੈ, ਹੁਣ ਪਤਾ ਲੱਗਾ ਰਿਹੈ ਕਿੰਨੇ ਲੋਕਾਂ ਦੀ ਰੋਟੀ ਖੋਹ ਰਹੇ ਨੇ। ਫੇਰ ਕਹਿੰਦੇ ਅਸੀਂ ਰੋਟੀ ਪਾਈ ਐ, ਹੱਦ ਐ।"
"ਇਹ ਕੇਸ ਸਾਹਮਣੇ ਆਉਣਾ ਸ਼ੁਰੂ ਹੋਇਆ ਅਜੇ ਹੋਰ ਪਰਤਾਂ ਖੁੱਲ੍ਹਣਗੀਆਂ। ਕਈ ਆਰਟਿਸਟ ਇਹੋ ਜਿਹੇ ਵੀ ਨੇ ਜਿਹੜੇ ਚੁੱਪ ਕਰ ਕੇ ਠੱਗੀ ਸਹਿ ਗਏ।"
ਮਾਡਲ ਤੇ ਅਦਾਕਾਰਾ ਹਿਮਾਸ਼ੀ ਖੁਰਾਣਾ ਨੇ ਵੀ ਪੋਸਟ ਪਾ ਕੇ ਆਪਣੇ ਨਾਲ ਹੋਈ ਧੋਖਾਧੜੀ ਬਾਰੇ ਲਿਖਿਆ।
ਇਸੇ ਤਰ੍ਹਾਂ ਮਾਡਲ ਤੇ ਸਮਾਜਿਕ ਕਾਰਕੁਨ ਸੋਨੀਆ ਮਾਨ, ਅਦਾਕਾਰਾ ਸੋਨਮ ਬਾਜਵਾ, ਅਮਰ ਨੂਰੀ, ਰੁਪਿੰਦਰ ਹਾਂਡਾ ਤੇ ਹੋਰ ਕਈ ਕਲਾਕਾਰਾਂ ਨੇ ਪੋਸਟਾਂ ਪਾ ਕੇ ਸੁਨੰਦਾ ਸ਼ਰਮਾ ਦੇ ਹੱਕ ਵਿੱਚ ਬਿਆਨ ਦਿੱਤੇ ਹਨ।
ਪਿੰਕੀ ਧਾਲੀਵਾਲ ਦੇ ਪਰਿਵਾਰ ਦਾ ਕੀ ਕਹਿਣਾ

ਤਸਵੀਰ ਸਰੋਤ, @sunanda_ss
ਪੁਲਿਸ ਦੀ ਹਿਰਾਸਤ ਵਿੱਚ ਪਿੰਕੀ ਧਾਲੀਵਾਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, "ਜੇ ਕਿਸੇ ਬੱਚੇ ਨੂੰ ਰੋਟੀ ਪਾਉਗੇ ਤਾਂ ਇਹੀ ਕੁਝ ਹੋਣਾ।"
ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਸੁਨੰਦਾ ਸ਼ਰਮਾ ਉੱਪਰ ਗੰਭੀਰ ਇਲਜ਼ਾਮ ਲਗਾਏ ਹਨ।
ਉਨ੍ਹਾਂ ਕਿਹਾ, "ਸੁਨੰਦਾ ਕਦੇ ਸਾਹਮਣੇ ਬੈਠ ਕੇ ਗੱਲ ਕਰੇ। ਉਸ ਵੱਲੋਂ ਲਗਾਏ ਸਾਰੇ ਇਲਜ਼ਾਮ ਗ਼ਲਤ ਹਨ। ਸੁਨੰਦਾ ਇਸ ਘਰ ਵਿੱਚ ਕਰੀਬ ਛੇ ਸਾਲ ਰਹੀ ਤੇ ਪਿੰਕੀ ਨੇ ਆਪਣੀਆਂ ਕੁੜੀਆਂ ਵਾਂਗੂ ਉਸ ਨੂੰ ਪਿਆਰ ਕੀਤਾ।"
ਪੰਜਾਬੀ ਕਲਾਕਾਰਾਂ ਵੱਲੋਂ ਸੁਨੰਦਾ ਦੀ ਹਮਾਇਤ ਕਰਨ ਉੱਪਰ ਪਿੰਕੀ ਧਾਲੀਵਾਲ ਦੇ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਕਲਾਕਾਰਾਂ ਨਾਲ ਪਿੰਕੀ ਹੋਰਾਂ ਦਾ ਕਿਸੇ ਗੱਲ ਦਾ ਰੌਲਾ ਨਹੀਂ ਹੈ।
"ਕੰਪਨੀਆਂ ਨੇ ਵੀ ਨੁਕਸਾਨ ਝੱਲੇ"

ਤਸਵੀਰ ਸਰੋਤ, Nirmal Sidhu/FB
ਨਿਰਮਲ ਸਿੱਧੂ ਪੰਜਾਬੀ ਗਾਇਕ ਹਨ ਤੇ ਪੰਜਾਬੀ ਸੰਗੀਤ ਜਗਤ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਹਨ।
ਉਨ੍ਹਾਂ ਨੇ 'ਪੁੱਤ ਜੱਟਾਂ ਦੇ', 'ਨਹੀਂ ਜੀਣਾ' ਵਰਗੇ ਕਈ ਸੁਪਰਹਿੱਟ ਗੀਤ ਪੰਜਾਬੀਆਂ ਦੀ ਝੋਲੀ ਪਾਏ ਹਨ।
ਉਨ੍ਹਾਂ ਨੇ ਸੁਨੰਦਾ ਸ਼ਰਮਾ ਤੇ ਪਿੰਕੀ ਧਾਲੀਵਾਲ ਦੇ ਮਾਮਲੇ ਉੱਤੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕੀਤੀ ਹੈ।
ਉਨ੍ਹਾਂ ਕਿਹਾ, "ਮੇਰੀ ਨਾ ਸੁਨੰਦਾ ਸ਼ਰਮਾ ਨਾਲ ਦੁਸ਼ਮਣੀ ਹੈ ਤੇ ਨਾ ਹੀ ਪਿੰਕੀ ਧਾਲੀਵਾਲ ਮੇਰੇ ਕਰੀਬੀ ਹਨ ਪਰ ਇਨ੍ਹਾਂ ਦੋਵੇਂ ਦੇ ਮਸਲੇ ਨੂੰ ਲੈ ਕੇ ਮੈਂ ਚਿੰਤਤ ਹਾਂ। ਮੈਨੂੰ ਨਹੀਂ ਪਤਾ ਕੌਣ ਝੂਠਾ ਤੇ ਕੌਣ ਸੱਚਾ ਪਰ ਇਸ ਸਭ ਨਾਲ ਪੰਜਾਬੀ ਇੰਡਸਟਰੀ ਨੂੰ ਨੁਕਸਾਨ ਪੁੱਜੇਗਾ।"
"ਜਦੋਂ ਸਾਡੇ ਕੋਲ ਕੋਈ ਆਪਣੀ ਚੀਜ਼ ਹੈ ਤਾਂ ਉਸ ਉੱਪਰ ਸਾਡਾ ਅਧਿਕਾਰ ਹੈ ਪਰ ਜਦੋਂ ਅਸੀਂ ਆਪਣੀ ਉਹ ਚੀਜ਼ ਹੀ ਵੇਚ ਦਿੱਤੀ ਤਾਂ ਉਸ ਉੱਪਰ ਫਿਰ ਉਸ ਕੰਪਨੀ ਦਾ ਅਧਿਕਾਰ ਹੋ ਜਾਂਦਾ।"
"ਜਦੋਂ ਕਲਾਕਾਰਾਂ ਕੋਲ ਕੁਝ ਨਹੀਂ ਹੁੰਦਾ ਤਾਂ ਫਿਰ ਉਹ ਕਿਸੇ ਵੀ ਪੇਪਰ ਉੱਪਰ ਦਸਤਖ਼ਤ ਕਰਨ ਲਈ ਤਿਆਰ ਹੋ ਜਾਂਦੇ ਹਨ, ਪਰ ਜਦੋਂ ਕਲਾਕਾਰ ਵੱਡਾ ਬਣ ਜਾਂਦਾ ਤਾਂ ਉਸ ਦੇ ਕੰਨ੍ਹ ਭਰੇ ਜਾਂਦੇ ਨੇ ਅਤੇ ਉਸ ਦੇ ਪੈਰ ਥਿੜਕ ਜਾਂਦੇ ਹਨ।"
"ਮੈਂ ਕਿਸੇ ਦੇ ਵਿਰੋਧ ਜਾਂ ਹੱਕ ਵਿੱਚ ਗੱਲ ਨਹੀਂ ਕਰ ਰਿਹਾ ਪਰ ਇਸ ਤਰ੍ਹਾਂ ਸੋਸ਼ਲ ਮੀਡੀਆ 'ਤੇ ਦੂਸ਼ਣਬਾਜ਼ੀ ਨਹੀਂ ਕਰਨੀ ਚਾਹੀਦੀ ਸੀ, ਹੁਣ ਉਨ੍ਹਾਂ ਉੱਪਰ ਕੌਣ ਵਿਸ਼ਵਾਸ ਕਰੇਗਾ।"
"ਇਸ ਵਿੱਚ ਨਿਰਮਾਤਾ ਦਾ ਵੀ ਘਾਟਾ ਤੇ ਕਲਾਕਾਰ ਦਾ ਵੀ। ਸਭ ਤੋਂ ਵੱਡੀ ਗੱਲ ਇਹ ਕਿ ਇਹ ਸਭ ਦੇਖ ਕੇ ਨਵੇਂ ਕਲਾਕਾਰ ਕੀ ਸੋਚਣਗੇ ਤੇ ਉਨ੍ਹਾਂ ਵਿੱਚ ਡਰ ਪੈਦਾ ਹੋਵੇਗਾ।"
ਨਿਰਮਲ ਸਿੱਧੂ ਦੇ ਸੁਨੰਦਾ ਸ਼ਰਮਾ ਉੱਤੇ ਸਵਾਲ
ਉਨ੍ਹਾਂ ਕਿਹਾ, "ਕੰਪਨੀਆਂ ਕਲਾਕਾਰ ਨਾਲ ਜਦੋਂ ਸਮਝੌਤਾ ਕਰਦੀਆਂ ਹਨ ਤਾਂ ਉਸ ਵਿੱਚ ਕਲਾਕਾਰ ਨੂੰ ਘੱਟੋ-ਘੱਟ 30 ਫ਼ੀਸਦ ਹਿੱਸਾ ਦਿੱਤਾ ਜਾਂਦਾ ਹੈ।"
"ਜੇ ਤੁਸੀਂ ਇਹ ਕਹਿੰਦੇ ਹੋ ਕੇ ਮੈਨੂੰ ਕੁਝ ਨਹੀਂ ਮਿਲਿਆ ਤਾਂ ਅਜਿਹਾ ਵੀ ਨਹੀਂ ਹੈ। ਜਿਸ ਘਰ ਵਿੱਚ ਸ਼ੁਰੂਆਤ ਹੋਈ ਸੀ ਉਸੇ ਘਰ ਵਿੱਚ ਬੈਠ ਕੇ ਹੀ ਗੱਲ ਹੋਣੀ ਚਾਹੀਦੀ ਸੀ।"
ਬੀਬੀਸੀ ਨੇ ਪੰਜਾਬੀ ਸੰਗੀਤ ਜਗਤ ਦੀ ਇੱਕ ਨਾਮੀ ਕੰਪਨੀ ਨਾਲ ਇਸ ਮਾਮਲੇ ਉੱਪਰ ਗੱਲਬਾਤ ਕੀਤੀ।
ਉਨ੍ਹਾਂ ਨੇ ਆਪਣੀ ਪਛਾਣ ਨਾ ਦੱਸਣ ਦੀ ਸ਼ਰਤ ਉੱਤੇ ਕਲਾਕਾਰਾਂ ਨਾਲ ਹੁੰਦੇ ਇਕਰਾਰਨਾਮਿਆਂ ਬਾਰੇ ਕਈ ਖੁਲਾਸੇ ਕੀਤੇ ਹਨ।
ਉਨ੍ਹਾਂ ਕਿਹਾ, "ਅੱਜ ਹਰ ਪਾਸੇ ਮੀਡੀਆ ਵਿੱਚ ਗਾਇਕਾਂ ਦੇ ਹੱਕ ਵਿੱਚ ਗੱਲ ਕੀਤੀ ਜਾ ਰਹੀ ਹੈ ਪਰ ਜਦੋਂ ਕਲਾਕਾਰ ਕੰਪਨੀਆਂ ਨੂੰ ਧੋਖੇ ਦਿੰਦੇ ਹਨ ਜਾਂ ਘਾਟਾ ਪਾਉਂਦੇ ਹਨ, ਉਨ੍ਹਾਂ ਬਾਰੇ ਕੋਈ ਗੱਲ ਨਹੀਂ ਕਰਦਾ।"
ਉਨ੍ਹਾਂ ਨੇ ਮੌਜੂਦਾ ਪੰਜਾਬੀ ਗਾਇਕਾਂ ਬਾਰੇ ਕੋਈ ਟਿੱਪਣੀ ਕਰਨ ਤੋਂ ਗੁਰੇਜ਼ ਕੀਤੀ।
ਉਨ੍ਹਾਂ ਦੱਸਿਆ, "ਕਲਾਕਾਰ ਕੰਪਨੀਆਂ ਨਾਲ ਬੱਝੇ ਰਹਿਕੇ ਕੰਮ ਕਰਨ ਲਈ ਤਿਆਰ ਨਹੀਂ, ਨਾ ਉਹ ਇਸ ਗੱਲ ਦਾ ਸਤਿਕਾਰ ਕਰਦੇ ਹਨ ਕਿ ਕੋਈ ਕੰਪਨੀ ਉਨ੍ਹਾਂ ਨੂੰ ਪਲੇਟਫ਼ਾਰਮ ਦੇ ਰਹੀ ਹੈ ਅਤੇ ਕਾਮਯਾਬੀ ਵਿੱਚ ਸਹਾਈ ਹੋ ਰਹੀ ਹੈ।"
"ਕਈ ਕਲਾਕਾਰਾਂ ਨੇ ਆਪਣਾ ਫਾਇਦਾ ਦੇਖ ਕੇ ਕੰਪਨੀਆਂ ਨੂੰ ਵੀ ਸਾਈਡ 'ਤੇ ਕੀਤਾ, ਜਿਸ ਕਰ ਕੇ ਕੰਪਨੀਆਂ ਨੂੰ ਨੁਕਸਾਨ ਝੱਲਣਾ ਪਿਆ।"
ਕਲਾਕਾਰਾਂ ਨਾਲ ਕਿਵੇਂ ਹੁੰਦਾ ਸਮਝੌਤਾ

ਤਸਵੀਰ ਸਰੋਤ, @buntybains
ਬੰਟੀ ਬੈਂਸ ਪੰਜਾਬੀ ਗੀਤਕਾਰ, ਅਦਾਕਾਰ ਤੇ ਨਿਰਮਾਤਾ ਹਨ।
ਬੰਟੀ ਬੈਂਸ ਨੇ ਪੰਜਾਬ ਦੇ ਕਈ ਵੱਡੇ ਕਲਾਕਾਰਾਂ ਨੂੰ ਪਛਾਣ ਦਿੱਤੀ ਹੈ ਤੇ ਹੁਣ ਵੀ ਉਨ੍ਹਾਂ ਦੀ ਕੰਪਨੀ ਦੇ ਅਧੀਨ ਕਈ ਨੌਜਵਾਨ ਕਲਾਕਾਰ ਕੰਮ ਕਰ ਰਹੇ ਹਨ।
ਬੀਬੀਸੀ ਪੰਜਾਬੀ ਨਾਲ ਖਾਸ ਗੱਲਬਾਤ ਕਰਦਿਆਂ ਬੰਟੀ ਬੈਂਸ ਨੇ ਮੌਜੂਦਾ ਮਾਮਲੇ ਅਤੇ ਕਲਾਕਾਰਾਂ ਨਾਲ ਕੰਪਨੀਆਂ ਵੱਲੋਂ ਕੀਤੇ ਜਾਂਦੇ ਸਮਝੌਤੇ ਬਾਰੇ ਕਈ ਅਹਿਮ ਪਹਿਲੂ ਸਾਹਮਣੇ ਰੱਖੇ ਹਨ।
ਉਨ੍ਹਾਂ ਕਿਹਾ, "ਅਜਿਹਾ ਕੋਈ ਸਮਝੌਤਾ ਨਹੀਂ ਹੁੰਦਾ ਕਿ ਕਲਾਕਾਰ ਨੂੰ ਕੰਟਰੋਲ ਕੀਤਾ ਜਾਵੇ, ਇਹ ਪ੍ਰਕਿਰਿਆ ਮੈਨੇਜਮੈਂਟ ਦਾ ਹਿੱਸਾ ਹੁੰਦਾ।"
"ਮੈਨੇਜਮੈਂਟ ਕੰਪਨੀ ਕਲਾਕਾਰ ਨਾਲ ਸਮਝੌਤਾ ਕਰਦੀ ਹੈ ਕਿ ਅਸੀਂ ਤੁਹਾਡੀਆਂ ਚੀਜ਼ਾਂ ਨੂੰ ਮੈਨੇਜ ਕਰਾਂਗਾ ਤੇ ਉਹ ਕਈ ਵਾਰ ਓਪਨ ਹੁੰਦਾ ਹੈ ਤੇ ਕਈ ਵਾਰ ਐਕਸਕਲੂਸਿਵ ਹੁੰਦਾ ਹੈ। ਐਕਸਕਲੂਸਿਵ ਵਿੱਤ ਇਹ ਹੁੰਦਾ ਕਿ ਕਲਾਕਾਰ ਨਾਲ ਇਹ ਸਮਝੌਤਾ ਕੀਤਾ ਜਾਂਦਾ ਹੈ ਕਿ ਕਿੱਥੇ-ਕਿੱਥੇ ਕਿੰਨੇ ਫ਼ੀਸਦ ਹਿੱਸਾ ਹੋਵੇਗਾ। ਇਹ ਸਭ ਕਲਾਕਾਰ ਤੇ ਕੰਪਨੀ ਦੇ ਆਪਣੀ ਅੰਡਰਸਟੈਂਡਿੰਗ ਅਤੇ ਭਰੋਸੇ ਉੱਪਰ ਨਿਰਭਰ ਕਰਦਾ ਹੈ।"
"ਕੋਈ ਵੀ ਕੰਪਨੀ ਕਲਾਕਾਰ ਨੂੰ ਬੰਨ੍ਹ ਨਹੀਂ ਸਕਦੀ, ਉਹ ਸਿਰਫ ਇੱਕ ਇਕਰਾਰਨਾਮਾ ਹੁੰਦਾ ਹੈ। ਕਈ ਵਾਰ ਕਲਾਕਾਰ ਨੂੰ ਇਸ ਬਾਰੇ ਜਾਗਰੂਕਤਾ ਨਹੀਂ ਹੁੰਦੀ, ਜਿਸ ਕਰ ਕੇ ਇਹ ਸਭ ਹੁੰਦਾ ਹੈ। ਕੰਪਨੀ ਨੂੰ ਲੱਗਦਾ ਕਿ ਮੈਂ ਕਲਾਕਾਰ ਨੂੰ ਬਾਊਂਡ ਕੀਤਾ ਹੋਇਆ ਪਰ ਅਜਿਹਾ ਨਹੀਂ ਹੁੰਦਾ।"
ਬੰਟੀ ਬੈਂਸ ਸਮਝੌਤੇ ਵਿਚਲੇ ਲੈਣ-ਦੇਣ ਬਾਰੇ ਦੱਸਦੇ ਹਨ ਕਿ ਮੈਨੇਜਮੈਂਟ ਕਲਾਕਾਰ ਨੂੰ ਇੱਕ ਸਮਝੌਤੇ ਤਹਿਤ ਪੈਸੇ ਅਦਾ ਕਰਦੀ ਹੈ।
ਉਹ ਦੱਸਦੇ ਹਨ, "ਕਈ ਵਾਰ ਕਲਾਕਾਰਾਂ ਕੋਲ ਪੈਸੇ ਨਹੀਂ ਹੁੰਦੇ ਤਾਂ ਕੰਪਨੀ ਉਨ੍ਹਾਂ ਨਾਲ ਇਹ ਸਮਝੌਤਾ ਕਰਦੀ ਹੈ ਕਿ ਉਹ ਪਹਿਲਾਂ ਕਲਾਕਾਰ ਉੱਪਰ ਸਾਰੇ ਖਰਚ ਕਰੇਗੀ ਤੇ ਬਾਅਦ ਵਿੱਚ ਜਦੋਂ ਸਾਰੇ ਖਰਚੇ ਕਲਾਕਾਰ ਤੋਂ ਪੂਰੇ ਕੀਤੇ ਜਾਣਗੇ। ਉਸ ਤੋਂ ਬਾਅਦ ਫਿਰ ਕਲਾਕਾਰ ਤੇ ਮੈਨੇਜਮੈਂਟ ਕੰਪਨੀ ਵਿਚਾਲੇ ਕੁਝ ਫ਼ੀਸਦ ਮੁਨਾਫ਼ੇ ਨੂੰ ਲੈ ਕੇ ਸਮਝੌਤਾ ਹੁੰਦਾ ਹੈ।"
"ਜਿਸ ਵਿੱਚ ਹਰ ਕੰਪਨੀ ਤੇ ਕਲਾਕਾਰ ਦਾ ਆਪੋ-ਆਪਣਾ ਹਿਸਾਬ ਹੁੰਦਾ ਹੈ, ਇਹ ਹਿੱਸਾ ਕੰਪਨੀਆਂ ਅਤੇ ਕਲਾਕਾਰਾਂ ਦਰਮਿਆਨ ਤਹਿ ਕੀਤਾ ਜਾਂਦਾ ਹੈ ਅਤੇ ਵੱਖ-ਵੱਖ ਕਲਾਕਾਰਾਂ ਲਈ ਅਲੱਗ-ਅਲੱਗ ਹੋ ਸਕਦਾ ਹੈ।"
ਪੰਜਾਬ ਦੇ ਇੱਕ ਉਭਰਦੇ ਕਲਾਕਾਰ ਨਾਲ ਵੀ ਅਸੀਂ ਇਸ ਮਸਲੇ 'ਤੇ ਗੱਲ ਕੀਤੀ ਹੈ।
ਆਪਣੀ ਪਛਾਣ ਨਾ ਜ਼ਾਹਰ ਕਰਨ ਦੀ ਸ਼ਰਤ ਉੱਪਰ ਉਨ੍ਹਾਂ ਕਿਹਾ, "ਕੋਈ ਕੰਪਨੀ ਕਲਾਕਾਰ ਨਾਲ ਤਿੰਨ ਸਾਲ ਜਾਂ ਕੋਈ ਪੰਜ ਸਾਲ ਦਾ ਇਕਰਾਰਨਾਮਾ ਕਰਦੀ ਹੈ। ਕਈ ਕੰਪਨੀਆਂ ਅਜਿਹੀਆਂ ਵੀ ਹਨ ਜੋ ਦਸ ਸਾਲ ਤੱਕ ਦਾ ਸਮਝੌਤਾ ਕਰਦੀਆਂ ਹਨ।"
"ਉਹ ਕੁਝ ਸਮਾਂ ਪਹਿਲਾਂ ਇੱਕ ਨਿੱਜੀ ਕੰਪਨੀ ਨਾਲ ਜੁੜੇ ਹੋਏ ਸਨ ਤੇ ਕੁਝ ਮਹੀਨੇ ਪਹਿਲਾਂ ਹੀ ਉਨ੍ਹਾਂ ਨੇ ਉਹ ਸਮਝੌਤਾ ਖ਼ਤਮ ਕਰ ਕੇ ਖ਼ੁਦਮੁਖਤਿਆਰ ਕੰਮ ਸ਼ੁਰੂ ਕੀਤਾ ਹੈ।"
ਉਨ੍ਹਾਂ ਨੇ ਆਪਣਾ ਤਜ਼ਰਬਾ ਸਾਂਝਾ ਕੀਤਾ, "ਮੈਂ ਪੰਜ ਸਾਲ ਲਈ ਇੱਕ ਕੰਪਨੀ ਨਾਲ ਸਮਝੌਤੇ ਉੱਪਰ ਦਸਤਖ਼ਤ ਕੀਤੇ ਸਨ। ਇਸ ਤਹਿਤ ਮੁਨਾਫ਼ੇ ਦਾ 50 ਫ਼ੀਸਦ ਕੰਪਨੀ ਦਾ ਹੁੰਦਾ ਸੀ ਅਤੇ 50 ਮੇਰਾ।"
ਉਨ੍ਹਾਂ ਦੱਸਿਆ ਕਿ ਜਦੋਂ ਕੋਈ ਸ਼ੋਅ ਹੁੰਦਾ ਹੈ ਤਾਂ ਹੋਈ ਕਮਾਈ ਵਿੱਚੋਂ ਪਹਿਲਾਂ ਕੰਪਨੀ ਸ਼ੋਅ ਦੇ ਸਾਰੇ ਖ਼ਰਚੇ ਕੱਢਦੀ ਹੈ ਅਤੇ ਉਸ ਤੋਂ ਬਾਅਦ ਬਚੇ ਪੈਸਿਆਂ ਵਿੱਚੋਂ ਮੈਨੂੰ ਮੇਰਾ ਬਣਦਾ ਹਿੱਸਾ ਦੇ ਦਿੱਤਾ ਜਾਂਦੈ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












