ਚੰਡੀਗੜ੍ਹ ʼਚ ਰਿਟਾਇਰਡ ਔਰਤ ਔਨਲਾਈਨ 78 ਲੱਖ ਦੀ ਠੱਗੀ ਦਾ ਹੋਈ ਸ਼ਿਕਾਰ, '5 ਦਿਨ ਵੱਟਸਐਪ ਰਾਹੀਂ ਨਜ਼ਰ ਰੱਖਦੇ ਰਹੇ ਤੇ ਸਾਰੀ ਪੂੰਜੀ ਲੈ ਗਏ'

ਡਿਜੀਟਲ ਅਰੈਸਟ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਚੰਡੀਗੜ੍ਹ ਦੀ ਰਹਿਣ ਵਾਲੀ ਰਿਟਾਇਰਡ ਵਾਈਸ ਪ੍ਰਿੰਸੀਪਲ ਕਰੀਬ 78 ਲੱਖ ਦੀ ਡਿਜੀਟਲ ਠੱਗੀ ਦਾ ਸ਼ਿਕਾਰ ਹੋ ਗਈ ਹੈ
    • ਲੇਖਕ, ਨਵਜੋਤ ਕੌਰ
    • ਰੋਲ, ਬੀਬੀਸੀ ਪੱਤਰਕਾਰ

"5 ਦਿਨ ਉਹ ਹਰ ਪਲ਼ ਮੈਨੂੰ ਵੱਟਸ ਕਾਲ ਲਗਾ ਕੇ ਰੱਖਦੇ ਸਨ, ਮੈਨੂੰ ਧਮਕੀਆਂ ਦਿੱਤੀਆਂ ਗਈਆਂ ਸਨ ਕਿ ਤੁਹਾਡੇ ਪਰਿਵਾਰਕ ਮੈਂਬਰਾਂ ਨੂੰ ਨੁਕਸਾਨ ਪਹੁੰਚਾਵਾਂਗੇ, ਪਤਾ ਨਹੀਂ ਕਿਉਂ ਮੈਂ ਉਨ੍ਹਾਂ ਦੀਆਂ ਗੱਲਾਂ ਵਿੱਚ ਆ ਕੇ ਪਾਗ਼ਲ ਬਣ ਗਈ ਤੇ ਆਪਣੀ ਕਿਰਤ ਨਾਲ ਕਮਾਏ 78 ਲੱਖ ਰੁਪਏ ਉਨ੍ਹਾਂ ਨੂੰ ਦੇ ਦਿੱਤੇ।"

ਇਹ ਸ਼ਬਦ 85 ਸਾਲਾ ਰਿਟਾਇਰਡ ਵਾਈਸ ਪ੍ਰਿੰਸੀਪਲ ਦੇ ਹਨ, ਜਿਨ੍ਹਾਂ ਨੂੰ ਸਾਈਬਰ ਠੱਗਾਂ ਨੇ 5 ਦਿਨ ਲਗਾਤਾਰ ਡਿਜੀਟਲ ਅਰੈਸਟ ਕਰਕੇ ਰੱਖਿਆ ਅਤੇ ਉਨ੍ਹਾਂ ਕੋਲੋਂ ਫਰਜ਼ੀ ਸੀਬੀਆਈ ਅਧਿਕਾਰੀ ਬਣ ਕੇ ਲਗਭਗ 78 ਲੱਖ ਰੁਪਏ ਠੱਗ ਲਏ।

ਤਕਰੀਬਨ ਇੱਕ ਮਹੀਨੇ ਬਾਅਦ ਚੰਡੀਗੜ੍ਹ ਪੁਲਿਸ ਨੇ ਇਸ ਔਨਲਾਈਨ ਧੋਖਾਧੜੀ ਮਾਮਲੇ ਵਿੱਚ ਮਹਾਰਾਸ਼ਟਰ ਤੋਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਿਸੇ ਨਾਲ ਵੀ ਆਪਣੇ ਨਿੱਜੀ ਡਿਜੀਟਲ ਖਾਤਿਆਂ ਦੇ ਪਾਸਵਰਡ ਵਗੈਰਾ ਦੀ ਜਾਣਕਾਰੀ ਸਾਂਝੀ ਨਾ ਕਰੋ। (ਸੰਕੇਤਕ ਤਸਵੀਰ)

ਡਿਜੀਟਲ ਅਰੈਸਟ ਕੀ ਹੈ?

ਔਨਲਾਈਨ ਠੱਗੀ ਦਾ ਇੱਕ ਨਵਾਂ ਰੂਪ ਡਿਜੀਟਲ ਅਰੈਸਟ ਹੈ।

ਠੱਗ ਵੀਡੀਓ ਕਾਲ ਰਾਹੀਂ ਪੁਲਿਸ ਅਫ਼ਸਰ, ਸਰਕਾਰੀ ਅਧਿਕਾਰੀ ਬਣ ਕੇ ਤੁਹਾਨੂੰ ਡਰਾਉਂਦੇ ਹਨ।

ਵੀਡੀਓ ਕਾਲ ਰਾਹੀਂ ਤੁਹਾਡੀ ਹਰ ਪਲ਼ ਦੀ ਜਾਣਕਾਰੀ ਲੈਂਦੇ ਹਨ, ਤੁਸੀਂ ਕਿੱਥੇ ਜਾ ਰਹੇ ਹੋ, ਕੀ ਕਰ ਰਹੇ ਹੋ। ਤੁਹਾਨੂੰ ਗ੍ਰਿਫ਼ਤਾਰੀ ਦਾ ਡਰ ਪਾਇਆ ਜਾਂਦਾ ਹੈ।

ਡਰਾ ਧਮਕਾ ਕੇ ਤੁਹਾਡੇ ਕੋਲੋਂ ਨਿੱਜੀ ਬੈਂਕ ਖ਼ਾਤਿਆਂ ਵਿੱਚ ਪੈਸੇ ਮੰਗਵਾਉਂਦੇ ਹਨ। ਦਿਨ ਤੋਂ ਲੈ ਕੇ ਰਾਤ ਤੱਕ ਤੁਹਾਨੂੰ ਹਰ ਪਲ਼ ਉਨ੍ਹਾਂ ਦੀ ਨਿਗਰਾਨੀ ਵਿੱਚ ਰਹਿਣਾ ਪੈਂਦਾ ਹੈ।

ਵੀਡੀਓ ਕੈਪਸ਼ਨ, ਡਿਜੀਟਲ ਅਰੈਸਟ ਕੀ ਹੈ, ਔਨਲਾਈਨ ਠੱਗੀ ਤੋਂ ਬਚਣ ਲਈ ਇਹ ਵੀਡੀਓ ਜ਼ਰੂਰ ਦੇਖੋ

ਕਿਵੇਂ ਹੋਏ ਡਿਜੀਟਲ ਅਰੈਸਟ?

ਰਿਟਾਇਰਡ ਵਾਈਸ ਪ੍ਰਿੰਸੀਪਲ ਚੰਡੀਗੜ੍ਹ ਵਿੱਚ ਰਹਿੰਦੇ ਹਨ। ਉਹ ਕਈ ਸਾਲ ਪਹਿਲਾਂ ਇੱਕ ਸਰਕਾਰੀ ਸਕੂਲ ਵਿੱਚ ਅੰਗਰੇਜ਼ੀ ਦੇ ਅਧਿਆਪਕ ਸਨ ਅਤੇ ਬਾਅਦ ਵਿੱਚ ਵਾਈਸ ਪ੍ਰਿੰਸੀਪਲ ਦੇ ਤੌਰ 'ਤੇ ਰਿਟਾਇਰ ਹੋ ਚੁੱਕੇ ਹਨ।

ਉਨ੍ਹਾਂ ਦੇ ਪਤੀ ਦੀ ਅੱਜ ਤੋਂ 15 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਬੱਚੇ ਵੀ ਕੰਮਕਾਰ ਦੇ ਸਿਲਸਿਲੇ ਵਿੱਚ ਘਰੋਂ ਬਾਹਰ ਰਹਿੰਦੇ ਹਨ।

ਜਿਸ ਕਰਕੇ ਉਹ ਇਕੱਲੇ ਆਪਣੇ ਚੰਡੀਗੜ੍ਹ ਵਾਲੇ ਘਰ ਵਿੱਚ ਰਹਿ ਰਹੇ ਹਨ।

ਬੇਹੱਦ ਨਿਰਾਸ਼ ਮਨ ਨਾਲ ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "10 ਜੁਲਾਈ ਨੂੰ ਮੈਨੂੰ ਮੇਰੇ ਵੱਟਸਐਪ ਉੱਤੇ ਇੱਕ ਵੀਡੀਓ ਕਾਲ ਆਈ ਜਿਸ ਵਿੱਚ ਇੱਕ ਵਿਅਕਤੀ ਆਪਣੇ ਆਪ ਨੂੰ ਸੀਬੀਆਈ ਦਾ ਅਧਿਕਾਰੀ ਦੱਸ ਰਿਹਾ ਸੀ। ਉਸਨੇ ਮੈਨੂੰ ਕਿਹਾ ਕਿ ਮੁੰਬਈ ਵਿੱਚ ਕੈਨਰਾ ਬੈਂਕ ਵਿੱਚ ਮੇਰਾ ਕੋਈ ਖਾਤਾ ਖੁੱਲ੍ਹਿਆ ਹੋਇਆ ਹੈ।"

"ਫੇਰ ਮੈਂ ਉਨ੍ਹਾਂ ਨੂੰ ਕਹਿ ਦਿੱਤਾ ਕਿ ਨਹੀਂ ਮੇਰਾ ਖਾਤਾ ਤਾਂ ਚੰਡੀਗੜ੍ਹ ਵਿੱਚ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਤੁਹਾਡਾ ਨਾਮ ਮਨੀ ਲੌਂਡ੍ਰਿੰਗ ਦੇ ਕੇਸ ਵਿੱਚ ਆਇਆ ਹੈ। ਤੁਹਾਡੇ ਖਾਤੇ ਵਿੱਚ 6 ਕਰੋੜ ਰੁਪਏ ਪਏ ਹਨ।"

ਇਨ੍ਹਾਂ ਲੋਕਾਂ ਨੇ ਆਪਣੀ ਪਛਾਣ ਵਿਜੇ ਖੰਨਾ ਅਤੇ ਵਿਸ਼ਾਲ ਗੁਪਤਾ ਵਜੋਂ ਕਰਵਾਈ, ਦੋਵਾਂ ਨੇ ਪੁਲਿਸ ਦੀ ਵਰਦੀ ਪਹਿਨੀ ਹੋਈ ਸੀ। ਇੱਕ ਨੇ ਆਪਣੇ ਆਪ ਨੂੰ ਐੱਸਐੱਚਓ ਦੱਸਿਆ ਅਤੇ ਦੂਜੇ ਨੇ ਆਪਣੇ ਆਪ ਨੂੰ ਜਾਂਚ ਅਧਿਕਾਰੀ ਵਜੋਂ ਪੇਸ਼ ਕੀਤਾ।

"ਉਨ੍ਹਾਂ ਨੇ ਮੈਨੂੰ ਕਿਹਾ ਕਿ ਮੇਰੇ ਆਧਾਰ ਕਾਰਡ ਦੀ ਵਰਤੋਂ ਮੁੰਬਈ ਵਿੱਚ ਕੋਈ ਜਾਅਲੀ ਸਿਮ ਕਾਰਡ ਜਾਰੀ ਕਰਨ ਅਤੇ ਬੈਂਕ ਖਾਤੇ ਖੋਲ੍ਹਣ ਲਈ ਕੀਤੀ ਗਈ ਹੈ। ਜਿਸ ਦੇ ਜਵਾਬ ਵਿੱਚ ਮੈਂ ਜਵਾਬ ਦਿੱਤਾ ਕਿ ਮੈਂ ਪਿਛਲੇ ਦੋ ਦਹਾਕਿਆਂ ਤੋਂ ਕਦੇ ਮੁੰਬਈ ਨਹੀਂ ਗਈ।"

"ਉਨ੍ਹਾਂ ਨੇ ਮੈਨੂੰ ਇਹ ਵੀ ਦੱਸਿਆ ਕਿ ਮੁੰਬਈ ਵਿੱਚ ਮੇਰੇ ਵਿਰੁੱਧ ਮਨੀ ਲੌਂਡ੍ਰਿੰਗ ਲਈ ਐੱਫਆਈਆਰ ਦਰਜ ਕੀਤੀ ਗਈ ਹੈ। ਮੇਰੇ ਤੋਂ ਬੈਂਕ ਖਾਤਿਆਂ ਅਤੇ ਨਿਵੇਸ਼ ਦੇ ਵੇਰਵੇ ਮੰਗੇ ਗਏ ਸਨ ਅਤੇ ਕਿਹਾ ਗਿਆ ਕਿ ਜੇਕਰ ਮੈਂ ਕੋਈ ਵੇਰਵੇ ਨਹੀਂ ਦਿੱਤੇ ਤਾਂ ਮੇਰੇ ਖਾਤੇ ਫ੍ਰੀਜ਼ ਕਰ ਦਿੱਤੇ ਜਾਣਗੇ।"

ਔਨਲਾਈਨ ਠੱਗੀ

"ਡਰ ਕੇ ਮੈਂ ਉਨ੍ਹਾਂ ਨੂੰ ਬੈਂਕ ਦੇ ਵੇਰਵੇ ਦਿੱਤੇ। ਮੈਨੂੰ ਦੱਸਿਆ ਗਿਆ ਕਿ ਮੇਰੇ ਵਿਰੁੱਧ ਮਨੀ ਲੌਂਡ੍ਰਿੰਗ ਮਾਮਲੇ ਵਿੱਚ ਦੋ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਹਨ।"

ਉਨ੍ਹਾਂ ਮੁਤਾਬਕ, "ਉਨ੍ਹਾਂ ਨੇ ਮੈਨੂੰ ਮੇਰੇ ਗ੍ਰਿਫ਼ਤਾਰੀ ਵਾਰੰਟ ਦਿਖਾਏ ਅਤੇ ਦੱਸਿਆ ਕਿ ਮੁੰਬਈ ਦੇ ਕੈਨਰਾ ਬੈਂਕ ਵਿੱਚ ਮੇਰੇ ਨਾਮ 'ਤੇ ਇੱਕ ਖਾਤਾ ਖੋਲ੍ਹਿਆ ਗਿਆ ਹੈ ਜਿਸ ਨੂੰ ਜੈੱਟ ਏਅਰਵੇਜ਼ ਦੇ ਸੀਈਓ ਨਰੇਸ਼ ਗੋਇਲ ਦੇ ਮਨੀ ਲੌਂਡ੍ਰਿੰਗ ਮਾਮਲੇ ਵਿੱਚ ਵਰਤਿਆ ਜਾ ਰਿਹਾ ਹੈ ਅਤੇ ਮੈਂ ਸ਼ੱਕੀਆਂ ਦੀ ਸੂਚੀ ਵਿੱਚ ਸ਼ਾਮਲ ਹਾਂ।"

ਉਨ੍ਹਾਂ ਨੇ ਇਹ ਪੁੱਛਿਆ, "ਮੇਰਾ ਸ਼੍ਰੀ ਨਰੇਸ਼ ਗੋਇਲ ਨਾਲ ਕੋਈ ਸਬੰਧ ਹੈ, ਮੈਂ ਕਿਹਾ ਕਿ ਮੈਂ ਕਿਸੇ ਨੂੰ ਵੀ ਨਹੀਂ ਜਾਣਦੀ।"

"ਉਨ੍ਹਾਂ ਨੇ ਕਾਲ ਉੱਤੇ ਹੀ ਮੈਨੂੰ ਸਾਰੀਆਂ ਜਮ੍ਹਾਂ ਰਕਮਾਂ ਕਢਵਾਉਣ ਦਾ ਐਲਾਨ ਕਰਨ ਲਈ ਕਿਹਾ। ਮੈਨੂੰ ਸਹੁੰ ਦੁਹਰਾਉਣ ਲਈ ਵੀ ਕਿਹਾ ਕਿ ਇਸ ਸੀਬੀਆਈ ਜਾਂਚ ਨਾਲ ਸਬੰਧਤ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਦਵਾਂਗੀ।"

"ਉਨ੍ਹਾਂ ਨੇ ਮੈਨੂੰ ਮੇਰੀ ਜਾਇਦਾਦ ਜ਼ਬਤ ਕਰਨ ਲਈ ਭਾਰਤ ਦੇ ਚੀਫ਼ ਜਸਟਿਸ ਨੂੰ ਸੰਬੋਧਿਤ ਕਰਦੀ ਪਟੀਸ਼ਨ ਦੀ ਇੱਕ ਕਾਪੀ ਭੇਜੀ। ਮੈਨੂੰ ਸੁਪਰੀਮ ਕੋਰਟ ਵੱਲੋਂ ਸੀਬੀਆਈ ਨੂੰ ਮਾਮਲੇ ਦੀ ਜਾਂਚ ਕਰਨ ਦੇ ਨਿਰਦੇਸ਼ ਦੇਣ ਦੇ ਹੁਕਮਾਂ ਦੀ ਇੱਕ ਕਾਪੀ ਵੀ ਭੇਜੀ ਗਈ।"

"ਮੈਨੂੰ ਇਹ ਵੀ ਕਿਹਾ ਗਿਆ ਕਿ ਇਹ ਸਾਰੀਆਂ ਗੱਲਾਂ ਤੁਸੀਂ ਗੁਪਤ ਰੱਖਣੀਆਂ ਹਨ, ਆਪਣੇ ਕਿਸੇ ਪਰਿਵਾਰਕ ਮੈਂਬਰ ਨਾਲ ਵੀ ਸਾਂਝੀਆਂ ਨਹੀਂ ਕਰਨੀਆਂ ਤੇ ਮੈਂ ਉਨ੍ਹਾਂ ਦੀ ਇਹ ਗੱਲ ਵੀ ਮੰਨ ਲਈ ਅਤੇ ਆਪਣੇ ਬੇਟੇ ਨੂੰ ਵੀ ਇਸ ਬਾਰੇ ਕੁਝ ਨਹੀਂ ਦੱਸਿਆ।"

ਕਿਵੇਂ ਦਿੱਤੇ ਠੱਗਾਂ ਨੂੰ ਪੈਸੇ?

ਰਿਟਾਇਰਡ ਵਾਈਸ ਪ੍ਰਿੰਸੀਪਲ ਦੱਸਦੇ ਹਨ ਕਿ ਜਦੋਂ ਸਾਈਬਰ ਠੱਗਾਂ ਨੇ ਉਨ੍ਹਾਂ ਨੂੰ ਆਪਣੀ ਸਾਜ਼ਿਸ਼ ਵਿੱਚ ਫਸਾ ਲਿਆ ਤਾਂ ਉਨ੍ਹਾਂ ਡਰ ਕੇ ਆਪਣੇ ਬੇਟੇ ਨੂੰ ਬਿਨ੍ਹਾਂ ਦੱਸੇ ਇਕੱਲੀ ਨੇ ਬੈਂਕ ਜਾ ਕੇ ਆਪਣੀਆਂ ਐੱਫਡੀਜ਼ ਤੁੜਵਾ ਲਈਆਂ।

ਉਨ੍ਹਾਂ ਨੇ ਅੱਗੇ ਦੱਸਿਆ, "ਬੈਂਕ ਵਾਲੇ ਵੀ ਮੈਨੂੰ ਪੁੱਛਦੇ ਰਹੇ ਕਿ ਤੁਸੀਂ ਪੈਸੇ ਕਿਉਂ ਕਢਵਾ ਰਹੇ ਹੋ ਪਰ ਮੈਂ ਉਨ੍ਹਾਂ ਨੂੰ ਵੀ ਕੁਝ ਨਹੀਂ ਦੱਸਿਆ। ਮੈਂ ਆਪਣੇ ਬੇਟੇ ਨੂੰ ਵੀ ਬੈਂਕ ਖਾਤਿਆਂ ਵਿੱਚੋਂ ਪੈਸੇ ਕਢਵਾਉਣ ਬਾਰੇ ਕੁਝ ਨਹੀਂ ਦੱਸਿਆ। ਮੈਂ ਜਿੰਨੇ ਵੀ ਮੇਰੇ ਕੋਲ ਪੈਸੇ ਬੈਂਕ ਵਿੱਚ ਸਨ, ਥੋੜ੍ਹੇ-ਥੋੜ੍ਹੇ ਕਰਕੇ ਸਾਰੇ ਕਢਵਾ ਲਏ ਅਤੇ ਉਨ੍ਹਾਂ ਨੂੰ ਬੈਂਕ ਰਾਹੀਂ ਭੇਜ ਦਿੱਤੇ।"

ਸਾਈਬਰ ਥਾਣੇ ਵਿੱਚ ਦਰਜ ਆਰਟੀਜੀਐੱਸ ਮੁਤਾਬਕ ਉਨ੍ਹਾਂ ਨੇ ਸਾਈਬਰ ਠੱਗਾਂ ਨੂੰ ਚਾਰ ਵਾਰ ਪੈਸੇ ਭੇਜੇ।

ਜਿਸ ਵਿੱਚ ਕੁੱਲ ਸਾਢੇ 77 ਲੱਖ ਰੁਪਏ ਕੈਨਰਾ ਬੈਂਕ, ਪੰਜਾਬ ਨੈਸ਼ਨਲ ਬੈਂਕ, ਸਟੇਟ ਬੈਂਕ ਆਫ਼ ਇੰਡੀਆ ਅਤੇ ਐੱਚਡੀਐੱਫਸੀ ਬੈਂਕ ਵਿੱਚ ਉਨ੍ਹਾਂ ਦੇ ਖ਼ਾਤਿਆਂ ਤੋਂ ਟ੍ਰਾਂਸਫਰ ਕੀਤੇ ਗਏ।

ਪੈਸੇ
ਤਸਵੀਰ ਕੈਪਸ਼ਨ, ਔਰਤ ਨੇ 4 ਵਾਰ ਕਰਕੇ ਉਨ੍ਹਾਂ ਨੂੰ ਪੈਸੇ ਦਿੱਤੇ

ਪੁਲਿਸ ਕੋਲ ਕਿਵੇਂ ਪਹੁੰਚੇ ਪੀੜਤਾ?

ਠੱਗੀ ਦਾ ਸ਼ਿਕਾਰ ਹੋਈ ਪੀੜਤਾ ਦੱਸਦੇ ਹਨ, "5 ਦਿਨ ਉਹ ਮੈਨੂੰ ਹਰ ਪਲ ਵੱਟਸਐਪ ਕਾਲ ਉੱਤੇ ਦੇਖ ਰਹੇ ਸਨ।"

"ਮੈਂ ਫੋਨ ਚਾਰਜ ਵੀ ਕਰਨਾ ਤਾਂ ਉਨ੍ਹਾਂ ਨੇ ਮੈਨੂੰ ਪੁੱਛਣਾ ਕਿ ਫੋਨ ਕਿਉਂ ਹਿੱਲਿਆ ਹੈ। ਮੈਂ ਘਰ ਤੋਂ ਬਾਹਰ ਨਹੀਂ ਜਾ ਪਾ ਰਹੀ ਸੀ। ਫੋਨ ਹਰ ਸਮੇਂ ਚਲਦਾ ਰਹਿੰਦਾ ਸੀ। ਮੈਂ ਪਰੇਸ਼ਾਨ ਹੋ ਚੁੱਕੀ ਸੀ। 4 ਦਿਨਾਂ ਵਿੱਚ ਜਦੋਂ ਮੈਂ ਆਪਣੀ ਸਾਰੀ ਪੂੰਜੀ ਉਨ੍ਹਾਂ ਨੂੰ ਦੇ ਦਿੱਤੀ ਤਾਂ 14 ਜੁਲਾਈ ਨੂੰ ਮੈਂ ਬੇਟੇ ਨੂੰ ਦੱਸਿਆ ਕਿ ਮੇਰੇ ਨਾਲ ਕੀ ਹੋਇਆ ਹੈ।"

"ਮੇਰਾ ਬੇਟੇ ਉਦੋਂ ਮੁੰਬਈ ਤੋਂ ਵਾਪਸ ਆ ਗਿਆ ਸੀ। ਉਸ ਨੇ ਆਉਂਦੇ ਹੀ ਫੋਨ ਬੰਦ ਕਰ ਦਿੱਤਾ ਅਤੇ ਅਗਲੇ ਦਿਨ 15 ਜੁਲਾਈ ਨੂੰ ਅਸੀਂ ਪੁਲਿਸ ਥਾਣੇ ਜਾ ਕੇ ਸ਼ਿਕਾਇਤ ਕਰ ਦਿੱਤੀ।"

ਗ੍ਰਿਫ਼ਤਾਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇੱਕ ਮੁਲਜ਼ਮ ਤੋਂ ਵੀਵੋ ਮੋਬਾਈਲ ਫੋਨ, ਇੱਕ ਪੈਨ ਕਾਰਡ ਅਤੇ ਇੱਕ ਏਟੀਐੱਮ ਕਾਰਡ ਬਰਾਮਦ ਕੀਤਾ ਗਿਆ

ਮਹਾਰਾਸ਼ਟਰ ਤੋਂ ਦੋ ਮੁਲਜ਼ਮ ਗ੍ਰਿਫ਼ਤਾਰ

ਠੱਗੀ ਦੀ ਸ਼ਿਕਾਰ ਔਰਤ ਦੀ ਸ਼ਿਕਾਇਤ ਉੱਤੇ ਸਾਈਬਰ ਥਾਣਾ ਚੰਡੀਗੜ੍ਹ ਵਿੱਚ 15 ਜੁਲਾਈ 2025 ਨੂੰ ਇੱਕ ਐੱਫਆਈਆਰ ਦਰਜ ਹੋਈ। ਧਾਰਾ 308, 319 (2), 318 (4), 336 (3), 338, 340 (2), 61 (2) ਬੀਐੱਨਐੱਸ ਅਧੀਨ ਕੇਸ ਦਰਜ ਕੀਤਾ ਗਿਆ ਸੀ।

ਪੁਲਿਸ ਮੁਤਾਬਕ ਜਾਂਚ ਦੌਰਾਨ ਸੀਏਐੱਫ ਅਤੇ ਬੈਂਕ ਕੇਵਾਈਸੀ ਵੇਰਵਿਆਂ ਤੋਂ ਮਹਾਰਾਸ਼ਟਰ ਦੇ ਨਿਵਾਸੀ ਸਾਜਿਦ ਅਹਿਮਦ ਪਟੇਲ ਦੀ ਸ਼ਮੂਲੀਅਤ ਦਾ ਖੁਲਾਸਾ ਹੋਇਆ।

ਜਿਸ ਤੋਂ ਬਾਅਦ ਮਹਾਰਾਸ਼ਟਰ ਵਿੱਚ ਵੱਖ-ਵੱਖ ਥਾਵਾਂ ਉੱਤੇ ਛਾਪੇਮਾਰੀ ਕੀਤੀ ਗਈ ਅਤੇ 14 ਅਗਸਤ 2025 ਨੂੰ 30 ਸਾਲਾ ਸਾਜਿਦ ਅਹਿਮਦ ਪਟੇਲ ਨੂੰ ਗ੍ਰਿਫ਼ਤਾਰ ਕੀਤਾ ਗਿਆ

ਸਾਜਿਦ ਅਹਿਮਦ ਤੋਂ ਇੱਕ ਵੀਵੋ ਮੋਬਾਈਲ ਫੋਨ, ਇੱਕ ਪੈਨ ਕਾਰਡ ਅਤੇ ਇੱਕ ਏਟੀਐੱਮ ਕਾਰਡ ਬਰਾਮਦ ਕੀਤਾ ਗਿਆ।

ਇਸ ਤੋਂ ਬਾਅਦ ਸਾਜਿਦ ਅਹਿਮਦ ਪਟੇਲ ਤੋਂ ਕੀਤੀ ਗਈ ਪੁੱਛ-ਪੜਤਾਲ ਦੇ ਅਧਾਰ 'ਤੇ ਇੱਕ ਹੋਰ ਵਿਅਕਤੀ 37 ਸਾਲ ਦੇ ਸਈਦ ਰਫ਼ੀਕ ਮੁੱਲਾ ਨੂੰ ਗ੍ਰਿਫਤਾਰ ਕੀਤਾ ਗਿਆ। ਉਸ ਦੇ ਕੋਲੋਂ ਦੋ ਸੈਮਸੰਗ ਫੋਲਡ 5 ਮੋਬਾਈਲ ਫੋਨ, ਇੱਕ ਓਪੋ ਫੋਨ, ਆਧਾਰ ਕਾਰਡ, ਦੋ ਪੈਨ ਕਾਰਡ, ਇੱਕ ਏਟੀਐੱਮ ਕਾਰਡ ਅਤੇ ਇੱਕ ਡਰਾਈਵਿੰਗ ਲਾਇਸੈਂਸ ਬਰਾਮਦ ਕੀਤਾ ਗਿਆ।

ਸਾਈਬਰ ਕਰਾਈਮ ਬ੍ਰਾਂਚ ਦੇ ਡੀਐੱਸਪੀ ਵੈਂਕਟੇਸ਼ ਨੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ ਕਿ ਇਸ ਕੇਸ ਦੀ ਜਾਂਚ ਗੰਭੀਰਤਾ ਨਾਲ ਚਲ ਰਹੀ ਹੈ, ਹੋਰ ਕਈ ਅਹਿਮ ਜਾਣਕਾਰੀਆਂ ਸਾਹਮਣੇ ਆ ਸਕਦੀਆਂ ਹਨ।

ਫਿਲਹਾਲ ਪੁਲਿਸ ਨੇ ਗ੍ਰਿਫਤਾਰ ਮੁਲਜ਼ਮਾਂ ਦੇ ਖ਼ਾਤਿਆਂ ਤੋਂ ਕੁਝ ਰਕਮ ਜ਼ਬਤ ਕੀਤੀ ਹੈ, ਜਿਸ ਨੂੰ ਅਦਾਲਤੀ ਪ੍ਰਕਿਰਿਆ ਤੋਂ ਬਾਅਦ ਪਰਿਵਾਰ ਨੂੰ ਮੋੜਿਆ ਜਾਵੇਗਾ।

ਪ੍ਰਧਾਨ ਮੰਤਰੀ ਮੋਦੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡਿਜੀਟਲ ਅਰੈਸਟ ਤੋਂ ਬਚਣ ਲਈ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹੋ ਸਕੇ ਤਾਂ ਸਕ੍ਰੀਨ ਸ਼ੌਟ ਜਾਂ ਰਿਕਾਡਿੰਗ ਜ਼ਰੂਰ ਲਓ

ਪ੍ਰਧਾਨ ਮੰਤਰੀ ਮੋਦੀ ਨੇ ਡਿਜੀਟਲ ਅਰੈਸਟ ਬਾਰੇ ਕੀ ਕਿਹਾ?

27 ਅਕਤੂਬਰ 2024 ਨੂੰ ਆਪਣੇ ਪ੍ਰੋਗਰਾਮ ਮਨ ਕੀ ਬਾਤ ਦੌਰਾਨ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, "ਜੇਕਰ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਕਾਲ ਆਉਂਦੀ ਹੈ ਤਾਂ ਤੁਸੀਂ ਡਰਨਾ ਨਹੀਂ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੋਈ ਵੀ ਜਾਂਚ ਏਜੰਸੀ ਕਦੇ ਵੀ ਫ਼ੋਨ ਕਾਲ ਜਾਂ ਵੀਡੀਓ ਕਾਲ 'ਤੇ ਇਸ ਤਰ੍ਹਾਂ ਦੀ ਪੁੱਛ-ਗਿੱਛ ਨਹੀਂ ਕਰਦੀ।"

ਡਿਜੀਟਲ ਅਰੈਸਟ ਤੋਂ ਬਚਣ ਲਈ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ, "ਕੋਈ ਵੀ ਕਾਲ ਆਉਣ ਉੱਤੇ ਪਹਿਲਾਂ ਰੁਕੋ ਫੇਰ ਸੋਚੋ ਅਤੇ ਐਕਸ਼ਨ ਲਵੋ, ਕਿਸੇ ਨੂੰ ਆਪਣੀ ਨਿੱਜੀ ਜਾਣਕਾਰੀ ਨਾ ਦਿਓ। ਸੰਭਵ ਹੋਵੇ ਤਾਂ ਸਕ੍ਰੀਨਸ਼ਾਟ ਲਵੋ ਅਤੇ ਰਿਕਾਰਡਿੰਗ ਜ਼ਰੂਰ ਕਰੋ।"

ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਅਜਿਹੇ ਮਾਮਲਿਆਂ 'ਚ ਰਾਸ਼ਟਰੀ ਸਾਈਬਰ ਹੈਲਪਲਾਈਨ 1930 'ਤੇ ਡਾਇਲ ਕਰਨ ਅਤੇ ਸਾਈਬਰ ਕ੍ਰਾਈਮ ਡਾਟ ਜੀਓਵੀ ਡਾਟ ਇਨ 'ਤੇ ਰਿਪੋਰਟ ਕਰਨ ਤੋਂ ਇਲਾਵਾ ਪਰਿਵਾਰ ਅਤੇ ਪੁਲਿਸ ਨੂੰ ਸੂਚਨਾ ਦੇਣ ਦੀ ਅਪੀਲ ਵੀ ਕੀਤੀ।

ਚੰਡੀਗੜ੍ਹ ਪੁਲਿਸ ਵੱਲੋਂ ਜਾਰੀ ਕੀਤੀ ਗਈ ਐਡਵਾਇਜ਼ਰੀ

ਦੋਵਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਮਗਰੋਂ ਚੰਡੀਗੜ੍ਹ ਪੁਲਿਸ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਨਾਗਰਿਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਐਡਵਾਇਜ਼ਰੀ ਵਿੱਚ ਕਿਹਾ ਗਿਆ ਹੈ:

  • ਕੋਈ ਵੀ ਪੁਲਿਸ/ਸੀਬੀਆਈ/ਈਡੀ ਅਧਿਕਾਰੀ ਫ਼ੋਨ/ਵੱਟਸਐਪ 'ਤੇ ਪੈਸੇ ਜਾਂ ਨਿੱਜੀ ਜਾਣਕਾਰੀ ਨਹੀਂ ਮੰਗੇਗਾ। ਅਜਿਹੀ ਕੋਈ ਵੀ ਕਾਲ ਧੋਖਾਧੜੀ ਹੈ। ਅਜਿਹੀ ਕਾਲ ਤੋਂ ਬਚਿਆ ਜਾਵੇ।
  • ਅਧਿਕਾਰੀਆਂ ਨੂੰ ਦਿਖਾਉਂਦੇ ਹੋਏ ਜਾਅਲੀ ਗ੍ਰਿਫ਼ਤਾਰੀ ਵਾਰੰਟਾਂ ਜਾਂ ਵੀਡੀਓ ਕਾਲਾਂ 'ਤੇ ਭਰੋਸਾ ਨਾ ਕੀਤਾ ਜਾਵੇ।
  • ਗ੍ਰਿਫ਼ਤਾਰੀ ਤੋਂ ਬਚਣ ਜਾਂ ਝੂਠੇ ਮਾਮਲਿਆਂ ਦਾ ਨਿਪਟਾਰਾ ਕਰਨ ਲਈ ਕਦੇ ਵੀ ਤਸਦੀਕ ਲਈ ਪੈਸੇ ਟ੍ਰਾਂਸਫਰ ਨਾ ਕੀਤੇ ਜਾਣ।
  • ਕੋਈ ਸ਼ੱਕੀ ਕਾਲ ਆਉਣ ਉੱਤੇ ਸਥਾਨਕ ਪੁਲਿਸ ਜਾਂ ਸਾਈਬਰ ਕ੍ਰਾਈਮ ਹੈਲਪਲਾਈਨ ਨੰਬਰ 1930 ਉੱਤੇ ਸੰਪਰਕ ਕਰਕੇ ਪੁਸ਼ਟੀ ਕੀਤੀ ਜਾਵੇ।
ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)