ਸੋਨੇ ਦੀ ਕੀਮਤ ਨੇ ਤੋੜੇ ਰਿਕਾਰਡ, ਕੀਮਤਾਂ ਕਿਉਂ ਵਧ ਰਹੀਆਂ ਹਨ ਅਤੇ ਕੀ ਇਹ ਨਿਵੇਸ਼ ਕਰਨ ਦਾ ਸਹੀ ਸਮਾਂ ਹੈ?

ਤਸਵੀਰ ਸਰੋਤ, Getty Images
ਸੋਨੇ ਦੀ ਕੀਮਤ ਕਿੰਨੀ ਹੈ?
ਸੋਨੇ ਦੀ ਕੀਮਤ ਲਗਾਤਾਰ ਕਿਉਂ ਵਧ ਰਹੀ ਹੈ?
ਸੋਨੇ ਦੀ ਕੀਮਤ ਕਿੰਨੀ ਉੱਪਰ ਤੱਕ ਜਾ ਸਕਦੀ ਹੈ?
ਕੀ ਹੁਣ ਸੋਨੇ ਵਿੱਚ ਨਿਵੇਸ਼ ਕਰਨ ਦਾ ਸਹੀ ਸਮਾਂ ਹੈ?
ਡੌਨਲਡ ਟਰੰਪ ਜਦੋਂ ਦੇ ਅਮਰੀਕਾ ਦੇ ਰਾਸ਼ਟਰਪਤੀ ਬਣੇ ਹਨ, ਉਦੋਂ ਤੋਂ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ 'ਚ ਉਥਲ-ਪੁਥਲ ਮਚੀ ਹੋਈ ਹੈ ਅਤੇ ਲੋਕ 'ਸੁਰੱਖਿਅਤ ਨਿਵੇਸ਼' ਮੰਨੇ ਜਾਣ ਵਾਲੇ ਸੋਨੇ ਸਬੰਧੀ ਇੰਟਰਨੈੱਟ 'ਤੇ ਅਜਿਹੇ ਹੀ ਸਵਾਲਾਂ ਦੇ ਜਵਾਬ ਲੱਭ ਰਹੇ ਹਨ।

ਮੰਗਲਵਾਰ ਦੇ ਸ਼ੁਰੂਆਤੀ ਕਾਰੋਬਾਰ 'ਚ ਸੋਨੇ 'ਚ ਫ਼ਿਰ ਤੇਜ਼ੀ ਦਿਖਾਈ ਦਿੱਤੀ। ਆਲ ਇੰਡੀਆ ਸਰਾਫ਼ਾ ਐਸੋਸੀਏਸ਼ਨ ਮੁਤਾਬਕ 10 ਗ੍ਰਾਮ ਸੋਨੇ ਦੀ ਕੀਮਤ (ਭਾਰਤ ਵਿੱਚ ਪ੍ਰਚਲਿਤ ਇੱਕ ਤੋਲਾ) ਦੀ ਕੀਮਤ 83 ਹਜ਼ਾਰ ਰੁਪਏ ਨੂੰ ਪਾਰ ਕਰ ਗਈ ਹੈ।
ਪਿਛਲੇ ਕੁਝ ਦਿਨਾਂ ਤੋਂ ਸੋਨੇ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਇੱਕ ਪਾਸੇ ਸੋਨੇ ਦੀ ਕੀਮਤ ਵਧ ਰਹੀ ਹੈ, ਦੂਜੇ ਪਾਸੇ ਡਾਲਰ ਦੇ ਮੁਕਾਬਲੇ ਰੁਪਏ 'ਚ ਕਮਜ਼ੋਰੀ ਹੈ।
ਸੋਮਵਾਰ ਨੂੰ ਰੁਪਿਆ ਰਿਕਾਰਡ ਹੇਠਲੇ ਪੱਧਰ 'ਤੇ ਪਹੁੰਚ ਗਿਆ ਸੀ।
ਇਹ ਡਾਲਰ ਦੇ ਮੁਕਾਬਲੇ 55 ਪੈਸੇ ਦੀ ਭਾਰੀ ਗਿਰਾਵਟ ਨਾਲ 87.17 'ਤੇ ਜਾ ਕੇ ਰੁਕਿਆ ਸੀ। ਯਾਨੀ ਇੱਕ ਡਾਲਰ ਦੀ ਕੀਮਤ 87 ਰੁਪਏ 17 ਪੈਸੇ ਤੱਕ ਪਹੁੰਚ ਗਈ ਸੀ।
ਮਾਹਰਾਂ ਦਾ ਮੰਨਣਾ ਹੈ ਕਿ ਇਸ ਦਾ ਕਾਰਨ ਅਮਰੀਕੀ ਰਾਸ਼ਟਰਪਤੀ ਵੱਲੋਂ ਮੈਕਸੀਕੋ, ਕੈਨੇਡਾ ਅਤੇ ਚੀਨ 'ਤੇ ਨਵੇਂ ਟੈਰਿਫ ਲਗਾਉਣਾ ਅਤੇ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ 'ਚ ਗਿਰਾਵਟ ਦਾ ਮਾਹੌਲ ਹੈ।
ਮਹਿੰਗਾਈ ਦਾ ਡਰ

ਤਸਵੀਰ ਸਰੋਤ, Getty Images
ਟਰੰਪ ਪ੍ਰਸ਼ਾਸਨ ਦੇ ਇਨ੍ਹਾਂ ਸਖ਼ਤ ਕਦਮਾਂ ਕਾਰਨ ਦੁਨੀਆ ਭਰ 'ਚ ਮਹਿੰਗਾਈ ਵਧਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਨਿਵੇਸ਼ਕ ਸ਼ੇਅਰਾਂ 'ਚ ਹੋਣ ਵਾਲੇ ਸੰਭਾਵਿਤ ਨੁਕਸਾਨ ਦੀ ਭਰਪਾਈ ਲਈ ਸੋਨੇ 'ਚ ਨਿਵੇਸ਼ ਕਰ ਰਹੇ ਹਨ।
ਮਾਰਕਿਟ ਵਿਸ਼ਲੇਸ਼ਕ ਆਸਿਫ਼ ਇਕਬਾਲ ਦਾ ਕਹਿਣਾ ਹੈ, ''ਮੌਜੂਦਾ ਮਾਹੌਲ 'ਚ ਬਹੁਤ ਸਾਰੇ ਨਿਵੇਸ਼ਕ ਸੋਨੇ ਨੂੰ ਹੇਜ਼ਿੰਗ ਰਣਨੀਤੀ ਦੇ ਤੌਰ 'ਤੇ ਲੈ ਰਹੇ ਹਨ।"
"ਉਨ੍ਹਾਂ ਨੂੰ ਡਰ ਹੈ ਕਿ ਸ਼ੇਅਰ ਬਾਜ਼ਾਰ ਵਿੱਚ ਨੁਕਸਾਨ ਹੋ ਸਕਦਾ ਹੈ, ਇਸ ਲਈ ਉਹ ਸੋਨੇ ਵਿੱਚ ਨਿਵੇਸ਼ ਕਰਨ ਦਾ ਬਦਲ ਦੇਖ ਰਹੇ ਹਨ।"
ਅਰਥ ਸ਼ਾਸਤਰੀ ਪ੍ਰੋਫ਼ੈਸਰ ਅਰੁਣ ਕੁਮਾਰ ਬੀਬੀਸੀ ਹਿੰਦੀ ਨੂੰ ਦੱਸਦੇ ਹਨ, "ਡੌਨਲਡ ਟਰੰਪ ਦੁਆਰਾ ਟੈਰਿਫ਼ ਲਾਏ ਜਾਣ ਕਾਰਨ ਅਨਿਸ਼ਚਿਤਤਾ ਦਾ ਮਾਹੌਲ ਹੈ।
"ਜਦੋਂ ਦੁਨੀਆਂ ਵਿੱਚ ਅਨਿਸ਼ਚਿਤਤਾ ਹੁੰਦੀ ਹੈ, ਲੋਕ ਸੁਰੱਖਿਆ ਭਾਲਦੇ ਹਨ। ਸੋਨੇ ਦੀ ਮੰਗ ਵਧ ਜਾਂਦੀ ਹੈ, ਤਾਂ ਇਸਦੀ ਕੀਮਤ ਵਧ ਜਾਂਦੀ ਹੈ।"
ਦਰਅਸਲ, ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਹਾਲ ਹੀ ਵਿੱਚ ਕੈਨੇਡਾ ਅਤੇ ਮੈਕਸੀਕੋ ਤੋਂ ਦਰਾਮਦ ਹੋਣ ਵਾਲੇ ਸਮਾਨ 'ਤੇ 25 ਫ਼ੀਸਦੀ ਅਤੇ ਚੀਨ 'ਤੇ 10 ਫ਼ੀਸਦੀ ਟੈਰਿਫ ਲਗਾਉਣ ਦਾ ਹੁਕਮ ਦਿੱਤਾ ਸੀ।
ਹਾਲਾਂਕਿ, ਡੌਨਲਡ ਟਰੰਪ ਨੇ ਮੈਕਸੀਕੋ ਅਤੇ ਕੈਨੇਡਾ 'ਤੇ 25 ਫ਼ੀਸਦੀ ਟੈਰਿਫ਼ ਲਗਾਉਣ ਦੀ ਯੋਜਨਾ ਨੂੰ 30 ਦਿਨਾਂ ਤੱਕ ਮੁਲਤਵੀ ਕਰਨ ਦੀ ਗੱਲ ਕਹੀ ਹੈ।
ਡੌਨਲਡ ਟਰੰਪ ਨੇ ਚੀਨ ਨੂੰ ਛੋਟ ਨਹੀਂ ਦਿੱਤੀ ਅਤੇ ਯੂਰਪੀ ਸੰਘ 'ਤੇ ਟੈਰਿਫ ਲਗਾਉਣ ਦੀ ਗੱਲ ਵੀ ਕੀਤੀ ਹੈ।
ਚੀਨ ਨੇ ਵੀ ਅਮਰੀਕੀ ਵਸਤੂਆਂ 'ਤੇ ਟੈਕਸ ਲਾ ਕੇ ਜਵਾਬੀ ਕਾਰਵਾਈ ਕਰਨ ਦੀ ਗੱਲ ਆਖੀ ਹੈ, ਜਿਸ ਦਾ ਮਤਲਬ ਹੈ ਕਿ ਆਉਣ ਵਾਲੇ ਸਮੇਂ ਵਿੱਚ ਟੈਰਿਫ਼ ਜੰਗ ਦੀ ਸੰਭਾਵਨਾ ਵਧ ਗਈ ਹੈ।
ਸੋਨਾ ਇੱਕ ਸੁਰੱਖਿਅਤ ਨਿਵੇਸ਼ ਹੈ

ਤਸਵੀਰ ਸਰੋਤ, Getty Images
ਸੋਨੇ ਦੀਆਂ ਕੀਮਤਾਂ ਵਧਣ ਦਾ ਇੱਕ ਹੋਰ ਕਾਰਨ ਹੈ ਅਤੇ ਉਹ ਇਹ ਹੈ ਕਿ ਦੁਨੀਆ ਭਰ ਦੇ ਕੇਂਦਰੀ ਬੈਂਕ ਸੋਨਾ ਖਰੀਦ ਰਹੇ ਹਨ।
ਡਾਲਰ ਦੇ ਮੁਕਾਬਲੇ ਰੁਪਏ ਦੇ ਕਮਜ਼ੋਰ ਹੋਣ ਅਤੇ ਮੱਧ-ਪੂਰਬ ਅਤੇ ਰੂਸ-ਯੂਕਰੇਨ ਜੰਗ ਕਾਰਨ ਸੋਨੇ ਨੂੰ ਸੁਰੱਖਿਅਤ ਨਿਵੇਸ਼ ਵਜੋਂ ਦੇਖਿਆ ਜਾ ਰਿਹਾ ਹੈ।
ਪ੍ਰੋਫ਼ੈਸਰ ਅਰੁਣ ਕੁਮਾਰ ਕਹਿੰਦੇ ਹਨ, "ਡਾਲਰ ਇੱਕ ਮਜ਼ਬੂਤ ਮੁਦਰਾ ਹੈ। ਸਾਲ 2007 ਤੋਂ 2009 ਦਰਮਿਆਨ ਆਰਥਿਕ ਮੰਦੀ ਦੇ ਦੌਰ ਵਿੱਚ, ਡਾਲਰ ਮਜ਼ਬੂਤ ਹੋਇਆ ਸੀ ਪਰ ਹੋਰ ਮੁਦਰਾਵਾਂ ਵਿੱਚ ਗਿਰਾਵਟ ਆਈ ਸੀ। ਡਾਲਰ ਅਤੇ ਸੋਨਾ ਦੇ ਮਾਮਲੇ ਵਿੱਚ ਮੰਨਿਆ ਜਾ ਰਿਹਾ ਕਿ ਇੰਨਾਂ ਦੀ ਕੀਮਤਾਂ ਵਿੱਚ ਗਿਰਾਵਟ ਨਹੀਂ ਆਏਗੀ।"
ਉਹ ਕਹਿੰਦੇ ਹਨ, "ਜੇਕਰ ਰੁਪਏ ਵਿੱਚ ਗਿਰਾਵਟ ਆਈ ਤਾਂ ਲੋਕ ਡਾਲਰ ਅਤੇ ਸੋਨੇ ਵੱਲ ਵਧਣਗੇ।"
ਡਾਲਰ ਦੇ ਸੂਚਕ ਅੰਕ ਵਿੱਚ ਵੀ ਵਾਧਾ ਹੋਇਆ ਹੈ ਅਤੇ ਹਾਲ ਹੀ ਵਿੱਚ ਇਹ 109 ਦੇ ਅੰਕੜੇ ਨੂੰ ਪਾਰ ਕਰ ਗਿਆ ਹੈ।
ਮਤਲਬ ਕਿ ਡਾਲਰ ਦੀ ਕੀਮਤ ਸੋਨੇ ਸਣੇ ਸਮੁੱਚੇ ਵਸਤੂ ਬਾਜ਼ਾਰ ਨੂੰ ਪ੍ਰਭਾਵਿਤ ਕਰ ਰਹੀ ਹੈ।
ਪ੍ਰੋਫ਼ੈਸਰ ਅਰੁਣ ਕੁਮਾਰ ਦਾ ਕਹਿਣਾ ਹੈ, ''ਰੁਪਿਆ ਹੋਰ ਮੁਦਰਾਵਾਂ ਦੇ ਮੁਕਾਬਲੇ ਨਹੀਂ, ਸਗੋਂ ਡਾਲਰ ਦੇ ਮੁਕਾਬਲੇ ਡਿੱਗਿਆ ਹੈ। ਪੌਂਡ ਅਤੇ ਹੋਰ ਮੁਦਰਾਵਾਂ ਦੇ ਮੁਕਾਬਲੇ ਰੁਪਿਆ ਓਨਾਂ ਨਹੀਂ ਡਿੱਗਿਆ ਹੈ।"
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀ ਹਾਲ ਹੀ ਵਿੱਚ ਇਹ ਸਵੀਕਾਰ ਕੀਤਾ ਹੈ ਕਿ ਡਾਲਰ ਦੇ ਮੁਕਾਬਲੇ ਰੁਪਿਆ ਕਮਜ਼ੋਰ ਹੋਇਆ ਹੈ।
ਉਨ੍ਹਾਂ ਕਿਹਾ ਸੀ, ''ਡਾਲਰ ਦੇ ਮੁਕਾਬਲੇ ਰੁਪਿਆ ਕਮਜ਼ੋਰ ਹੋਇਆ ਹੈ। ਜਦੋਂ ਕਿ ਮਜ਼ਬੂਤ ਆਰਥਿਕ ਬੁਨਿਆਦ ਕਾਰਨ ਇਹ ਬਾਕੀ ਸਾਰੀਆਂ ਮੁਦਰਾਵਾਂ ਦੇ ਮੁਕਾਬਲੇ ਸਥਿਰ ਹੈ।"
ਕੀ ਹੁਣ ਸੋਨੇ ਵਿੱਚ ਨਿਵੇਸ਼ ਕਰਨ ਦਾ ਸਹੀ ਸਮਾਂ ਹੈ?

ਤਸਵੀਰ ਸਰੋਤ, Getty Images
ਜਿਸ ਤਰ੍ਹਾਂ ਸਟਾਕ ਅਤੇ ਵਸਤੂ ਬਾਜ਼ਾਰਾਂ 'ਚ ਅਨਿਸ਼ਚਿਤਤਾ ਹੈ, ਉਸੇ ਤਰ੍ਹਾਂ ਕਈ ਮਾਹਰ ਵੀ ਭਵਿੱਖ 'ਚ ਸੋਨੇ ਦੀ ਚਾਲ ਨੂੰ ਲੈ ਕੇ ਨਿਸ਼ਚਿਤ ਨਹੀਂ ਹਨ।
ਮਾਹਰਾਂ ਦਾ ਮੰਨਣਾ ਹੈ ਕਿ ਲੋਕਾਂ ਨੂੰ ਇੱਕ ਪਾਸੜ ਨਿਵੇਸ਼ ਦੀ ਬਜਾਇ ਜਦੋਂ ਵੀ ਗਿਰਾਵਟ ਆਏ ਉਸ ਸਮੇਂ ਸੋਨਾ ਖਰੀਦਣ ਦੀ ਰਣਨੀਤੀ ਅਪਣਾਉਣੀ ਚਾਹੀਦੀ ਹੈ।
ਮਾਰਕੀਟ ਮਾਹਰ ਆਸਿਫ਼ ਇਕਬਾਲ ਦਾ ਕਹਿਣਾ ਹੈ ਕਿ ਜੋ ਲੋਕ ਲੰਬੇ ਸਮੇਂ ਲਈ ਸੋਨੇ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹਨ, ਉਹ ਗੋਲਡ ਈਟੀਐੱਫ਼ ਅਤੇ ਸਾਵਰੇਨ ਗੋਲਡ ਫੰਡ ਵਿੱਚ ਨਿਵੇਸ਼ ਕਰ ਸਕਦੇ ਹਨ।
ਆਸਿਫ਼ ਕਹਿੰਦੇ ਹਨ, "ਫ਼ਿਜੀਕਲ ਸੋਨਾ ਵੀ ਇੱਕ ਵਿਕਲਪ ਹੋ ਸਕਦਾ ਹੈ, ਪਰ ਖਰੀਦਦਾਰਾਂ ਨੂੰ ਮੇਕਿੰਗ ਚਾਰਜ ਅਤੇ ਸਟੋਰੇਜ ਲਾਗਤਾਂ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ।"
ਉਨ੍ਹਾਂ ਦਾ ਕਹਿਣਾ ਹੈ ਕਿ ਦੁਨੀਆ ਭਰ ਦੇ ਕਈ ਦੇਸ਼ਾਂ ਵਿੱਚ ਅਸਥਿਰਤਾ ਹੈ ਅਤੇ ਮਹਿੰਗਾਈ ਵੀ ਆਪਣਾ ਅਸਰ ਦਿਖਾ ਰਹੀ ਹੈ।
ਅਜਿਹੇ 'ਚ ਸੋਨੇ 'ਚ ਤੇਜ਼ੀ ਦਾ ਰੁਝਾਨ ਜਾਰੀ ਰਹਿ ਸਕਦਾ ਹੈ ਪਰ ਇਹ ਇਕਪਾਸੜ ਨਹੀਂ ਰਹੇਗਾ ਅਤੇ ਨਿਵੇਸ਼ਕਾਂ ਨੂੰ ਸਮੇਂ-ਸਮੇਂ 'ਤੇ ਖਰੀਦਦਾਰੀ ਦੇ ਮੌਕੇ ਮਿਲਦੇ ਰਹਿਣਗੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












