ਪੰਚਾਇਤੀ ਚੋਣਾਂ: ਮਾਲਵੇ ਵਿੱਚ ਜਨਰਲ ਸੀਟਾਂ ਉੱਤੇ ਸਰਪੰਚੀ ਲਈ ਮੁਕਾਬਲਾ ਦੇ ਰਹੀਆਂ ਦਲਿਤ ਉਮੀਦਵਾਰਾਂ ਬਾਰੇ ਜਾਣੋ

- ਲੇਖਕ, ਨਵਕਿਰਨ ਸਿੰਘ
- ਰੋਲ, ਬਰਨਾਲਾ ਤੋਂ ਬੀਬੀਸੀ ਪੰਜਾਬੀ ਸਹਿਯੋਗੀ
ਪੰਜਾਬ ਵਿੱਚ 15 ਅਕਤੂਬਰ ਨੂੰ ਹੋ ਰਹੀਆਂ ਪੰਚਾਇਤੀ ਚੋਣਾਂ ਕਈ ਕਾਰਨਾਂ ਕਰਕੇ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ।
ਪਿਛਲੀ ਦਿਨੀਂ ਇਨ੍ਹਾਂ ਚੋਣਾਂ ਵਿੱਚ ‘ਸੱਤਾ’ ਧਿਰ ਉੱਪਰ ਕਥਿਤ ਧੱਕੇਸ਼ਾਹੀ ਦੇ ਇਲਜ਼ਾਮ ਲਾਉਂਦਿਆਂ ਕੁਝ ਉਮੀਦਵਾਰਾਂ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਰੁੱਖ ਕੀਤਾ ਸੀ ਜਿਸ ਦੇ ਚਲਦਿਆਂ ਅਦਾਲਤ ਵੱਲੋਂ 250 ਦੇ ਕਰੀਬ ਪਿੰਡਾਂ ਵਿੱਚ ਪੰਚਾਇਤੀ ਚੋਣਾਂ ਉੱਤੇ ਰੋਕ ਲਗਾ ਦਿੱਤੀ ਹੈ।
ਹਾਈਕੋਰਟ ਵਿੱਚ ਅਜੇ ਵੀ ਰੋਜ਼ਾਨਾਂ ਪਟੀਸ਼ਨਾਂ ਪੈ ਰਹੀਆਂ ਹਨ, ਇਨ੍ਹਾਂ ਪਟੀਸ਼ਨਾਂ ਦੀ ਗਿਣਤੀ 600 ਨੂੰ ਪਾਰ ਕਰ ਗਈ ਹੈ। ਹਾਈ ਕੋਰਟ ਨੇ ਇਨ੍ਹਾਂ ਦੀ ਸੁਣਵਾਈ ਲਈ ਸੋਮਵਾਰ 14 ਅਕਤੂਬਰ ਦੀ ਤਰੀਕ ਤੈਅ ਕੀਤੀ ਹੈ।
ਪੰਜਾਬ ਰਾਜ ਚੋਣ ਕਮਿਸ਼ਨ ਅਨੁਸਾਰ ਪੰਜਾਬ ਵਿੱਚ 3,798 ਸਰਪੰਚ ਅਤੇ 48,861 ਪੰਚ ਸਰਬਸੰਮਤੀ ਨਾਲ ਨਿਰਵਿਰੋਧ ਚੁਣੇ ਗਏ ਹਨ। ਲੰਘੀ 7 ਅਕਤੂਬਰ ਨੂੰ ਸਰਪੰਚ ਦੇ ਅਹੁਦੇ ਲਈ 20,147 ਜਦਕਿ ਪੰਚ ਦੇ ਅਹੁਦੇ ਲਈ 31,381 ਨਾਮਜ਼ਦਗੀ ਪੱਤਰ ਵਾਪਸ ਲਏ ਗਏ ਸਨ।
ਨਾਮਜ਼ਦਗੀ ਪੱਤਰ ਵਾਪਸ ਲੈਣ ਤੋਂ ਬਾਅਦ ਇਸ ਸਮੇਂ ਪੰਜਾਬ ਵਿੱਚ ਸਰਪੰਚ ਦੇ 25,588 ਜਦਕਿ ਪੰਚ 80,598 ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਹਾਲਾਂਕਿ ਇਨ੍ਹਾਂ ਵਿੱਚੋਂ ਕੁਝ ਪਿੰਡਾਂ ਉੱਤੇ ਅਦਾਲਤੀ ਰੋਕ ਲਾਗੂ ਹੋ ਗਈ ਹੈ।
ਇਨ੍ਹਾਂ ਚੋਣਾਂ ਵਿੱਚ ਮਾਲਵੇ ਅੰਦਰ ਇਸ ਵਾਰ ਇਕ ਨਵਾਂ ਰੁਝਾਨ ਵੇਖਣ ਨੂੰ ਮਿਲ ਰਿਹਾ ਹੈ ਕਿ ਕੁਝ ਜਨਰਲ ਸੀਟਾਂ ਉੱਪਰ ਦਲਿਤ ਔਰਤਾਂ ਚੋਣ ਮੁਕਾਬਲੇ ਵਿੱਚ ਹਨ। ਮਜਦੂਰ ਪਰਿਵਾਰਾਂ ਦੀਆਂ ਇਹ ਪੜ੍ਹੀਆਂ-ਲਿਖੀਆਂ ਔਰਤਾਂ ਜਨਰਲ ਸੀਟਾਂ ਉੱਪਰ ਪੂਰੇ ਆਤਮ ਵਿਸ਼ਵਾਸ਼ ਨਾਲ ਚੋਣ ਲੜ ਰਹੀਆਂ ਹਨ।
ਬਰਨਾਲਾ: ਪਿੰਡ ਗੁੰਮਟੀ ਵਿੱਚ ਸਰਪੰਚੀ ਉੱਤੇ ਮਨਰੇਗਾ ਮਜ਼ਦੂਰ ਦਾ ਦਾਅਵਾ

ਪਰਮਜੀਤ ਕੌਰ ਪਿੰਡ ਗੁੰਮਟੀ ਦੇ ਇਕ ਦਲਿਤ ਪਰਿਵਾਰ ਦੀ ਧੀ ਹੈ। ਉਨ੍ਹਾਂ ਨੇ ਤਿੰਨ ਐਮਏ (ਹਿਸਟਰੀ, ਪੰਜਾਬੀ, ਸਿੱਖਿਆ) ਅਤੇ ਬੀਐੱਡ ਕੀਤੀ ਹੋਈ ਹੈ।
ਇੱਕ ਅਧਿਆਪਕ ਦੀ ਯੋਗਤਾ ਪੂਰੀ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਯੋਗਤਾ ਅਨੁਸਾਰ ਸਰਕਾਰੀ ਰੁਜ਼ਗਾਰ ਨਹੀਂ ਮਿਲਿਆ। ਕੁਝ ਸਾਲ ਇੱਕ ਪ੍ਰਾਈਵੇਟ ਸਕੂਲ ਵਿੱਚ ਨਿਗੂਣੀ ਤਣਖਾਹ ਉੱਪਰ ਪੜ੍ਹਾਉਣ ਤੋਂ ਬਾਅਦ ਉਨ੍ਹਾਂ ਨੇ ਨੌਕਰੀ ਛੱਡ ਦਿੱਤੀ।
ਉਹ ਪਿਛਲੇ ਲਗਭਗ 9 ਸਾਲਾਂ ਤੋਂ ਮਨਰੇਗਾ ਤਹਿਤ ਮਜ਼ਦੂਰੀ ਕਰ ਰਹੇ ਹਨ। ਉਨ੍ਹਾਂ ਨੇ ਮਨਰੇਗਾ ਮਜਦੂਰਾਂ ਨੂੰ ਰੁਜ਼ਗਾਰ ਦਿਵਾਉਣ ਲਈ ਬਹੁਤ ਸਾਰੇ ਉਪਰਾਲੇ ਵੀ ਕੀਤੇ ਹਨ।
ਇਸ ਸਮੇਂ ਦਲਿਤ ਪਰਿਵਾਰ ਦੀ ਇਹ ਪੜ੍ਹੀ-ਲਿਖੀ ਕੁੜੀ ਪਿੰਡ ਦੀ ਜਨਰਲ ਸੀਟ ਤੋਂ ਸਰਪੰਚੀ ਦੀ ਚੋਣ ਲਈ ਮੁੱਖ ਮੁਕਾਬਲੇ ਵਿੱਚ ਹੈ। ਪਰਮਜੀਤ ਕੌਰ ਨੇ ਦੱਸਿਆ, “ਮੈਂ ਪੜ੍ਹੀ-ਲਿਖੀ ਹਾਂ, ਮਜ਼ਦੂਰ ਪਰਿਵਾਰ ਦੀ ਧੀ ਹੋਣ ਕਾਰਨ ਲੋਕਾਂ ਦੇ ਮਸਲਿਆਂ ਤੋਂ ਚੰਗੀ ਤਰ੍ਹਾਂ ਜਾਣੂ ਹਾਂ ਇਸ ਲਈ ਉਹ ਸਰਪੰਚ ਬਨਣ ਦੇ ਯੋਗ ਹਾਂ।”
ਚੋਣ ਲੜਨ ਲਈ ਉਹ ਆਰਥਿਕ ਤੌਰ ਉੱਤੇ ਸੰਪੰਨ ਨਹੀਂ ਹਨ। ਉਹ ਲੋਕਾਂ ਵਿੱਚ ਵਿਕਾਸ ਦਾ ਏਜੰਡਾ ਲਿਜਾ ਰਹੇ ਹਨ।
ਪਰਮਜੀਤ ਕੌਰ ਅਨੁਸਾਰ ਉਨ੍ਹਾਂ ਨੂੰ ਚੋਣਾਂ ਲੜਨ ਦੌਰਾਨ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਜਨਰਲ ਸੀਟ ਹੋਣ ਕਾਰਨ ਚੋਣ ਨਾ ਲੜਨ ਲਈ ਬਹੁਤ ਜ਼ਿਆਦਾ ਦਬਾਅ ਬਣਾਇਆ ਗਿਆ ਪਰ ਲੇਕਿਨ ਉਹ ਦ੍ਰਿੜ ਰਹੇ।
ਆਮ ਰਿਵਾਇਤ ਦੇ ਉੱਲਟ ਪਰਮਜੀਤ ਕੌਰ ਦੇ ਕਿਸੇ ਵੀ ਪੋਸਟਰ ਉੱਪਰ ਉਸਦੇ ਪਿਤਾ ਜਾਂ ਭਰਾ ਦਾ ਨਾਮ ਨਹੀਂ ਹੈ। ਉਨ੍ਹਾਂ ਦੀ ਚੋਣ ਮੁਹਿੰਮ ਵਿੱਚ ਵੀ ਮੁੱਖ ਰੂਪ ਵਿੱਚ ਔਰਤਾਂ ਹੀ ਨਜ਼ਰ ਆਉਂਦੀਆਂ ਹਨ।
ਪਰਮਜੀਤ ਮੁਤਾਬਕ ‘ਰਬੜ ਦੀ ਮੋਹਰ’ ਵਾਲੀ ਔਰਤ ਸਰਪੰਚ ਨਹੀਂ ਬਲਕਿ ਹਕੀਕੀ ਰੂਪ ਵਿੱਚ ਇਕ ਸਰਪੰਚ ਬਣਨਗੇ।
ਕਰੀਬ 1645 ਵੋਟਾਂ ਵਾਲੇ ਪਿੰਡ ਵਿੱਚ ਪਰਮਜੀਤ ਕੌਰ ਬਗੈਰ ਕੋਈ ਨਸ਼ਾ ਜਾਂ ਹੋਰ ਸਮੱਗਰੀ ਵੰਡੇ ਲੋਕਾਂ ਤੋਂ ਵੋਟਾਂ ਮੰਗ ਰਹੇ ਹਨ। ਉਨ੍ਹਾਂ ਅਨੁਸਾਰ ਮਜ਼ਦੂਰ ਔਰਤਾਂ ਦੇ ਨਾਲ-ਨਾਲ ਪਿੰਡ ਦੇ ਜਨਰਲ ਵਰਗ ਦੀਆਂ ਔਰਤਾਂ ਵੀ ਉਸਨੂੰ ਸਹਿਯੋਗ ਕਰ ਰਹੀਆਂ ਹਨ।
ਸੰਗਰੂਰ: ਪਿੰਡ ਖੇੜੀ ਵਿੱਚ ਪੜ੍ਹੀ ਲਿਖੀ ਨੂੰਹ

ਲਗਭਗ 3500 ਵੋਟਰਾਂ ਵਾਲਾ ਪਿੰਡ ਖੇੜੀ ਚਹਿਲਾਂ ਸੰਗਰੂਰ ਜਿਲ੍ਹੇ ਦੇ ਵੱਡੇ ਪਿੰਡਾਂ ਵਿੱਚੋਂ ਇੱਕ ਹੈ। ਪਿੰਡ ਦੀ ਸਰਪੰਚੀ ਔਰਤਾਂ ਲਈ ਰਾਖਵੀਂ ਹੈ।
ਇਸ ਪਿੰਡ ਵਿੱਚ ਮੁੱਖ ਮੁਕਾਬਲਾ ਜਨਰਲ ਔਰਤ ਉਮੀਦਵਾਰ ਦਾ ਦਲਿਤ ਪਰਿਵਾਰ ਦੀ ਨੂੰਹ ਅਮਨਦੀਪ ਕੌਰ ਨਾਲ ਹੈ।
ਅਮਨਦੀਪ ਕੌਰ ਨੇ ਐੱਮਏ, ਬੀਐੱਡ ਕੀਤੀ ਹੋਈ ਹੈ। ਉਨ੍ਹਾਂ ਨੇ ਯੂਜੀਸੀ-ਨੈੱਟ (ਕਾਲਜ ਵਿੱਚ ਸਹਾਇਕ ਪ੍ਰੋਫੈਸਰ ਲੱਗਣ ਦੀ ਯੌਗਤਾ ਪ੍ਰੀਖਿਆ) ਅਤੇ ਟੈੱਟ (ਅਧਿਆਪਕ ਲੱਗਣ ਲਈ ਯੋਗਤਾ ਪ੍ਰੀਖਿਆ) ਪਾਸ ਕੀਤੀ ਹੋਈ ਹੈ।
ਸਰਕਾਰੀ ਨੌਕਰੀ ਨਾ ਮਿਲਣ ਕਾਰਨ ਅਮਨਦੀਪ ਕੌਰ ਆਪਣੇ ਪਤੀ ਗੁਰਪ੍ਰੀਤ ਸਿੰਘ ਖੇੜੀ ਨਾਲ ਮਿਲ ਕੇ ਪਿੰਡ ਵਿੱਚ ਕਰਿਆਨੇ ਦੀ ਦੁਕਾਨ ਚਲਾਉਂਦੇ ਹਨ।
ਅਮਨਦੀਪ ਕੌਰ ਅਨੁਸਾਰ, “ਨੌਜਵਾਨ ਬਹੁਤ ਮੁਸ਼ਕਿਲ ਨਾਲ ਪੜ੍ਹਾਈ ਕਰਦੇ ਹਨ ਪਰ ਸਾਡੀਆਂ ਸਰਕਾਰਾਂ ਨੇ ਨੌਜਵਾਨਾਂ ਨੂੰ ਯੋਗਤਾ ਅਨੁਸਾਰ ਰੁਜ਼ਗਾਰ ਦੇਣ ਤੋਂ ਟਾਲਾ ਵੱਟਿਆ ਹੋਇਆ ਹੈ, ਜਿਸ ਕਾਰਨ ਨਿਰਾਸ਼ਾ ਵਿੱਚ ਡੁੱਬੇ ਨੌਜਵਾਨਾਂ ਦਾ ਇਕ ਹਿੱਸਾ ਨਸ਼ਿਆਂ ਵਿੱਚ ਫ਼ਸ ਰਿਹਾ ਹੈ।”
ਉਨ੍ਹਾਂ ਮੁਤਾਬਕ ਪੜ੍ਹੇ-ਲਿਖੇ ਅਤੇ ਲੋਕਾਂ ਦੀਆਂ ਤਕਲੀਫ਼ਾਂ ਨੂੰ ਨੇੜਿਓਂ ਜਾਨਣ ਵਾਲੇ ਨੌਜਵਾਨਾਂ ਨੂੰ ਸਰਪੰਚ ਬਣਾ ਕੇ ਇਸ ਸਿਸਟਮ ਨੂੰ ਪਿੰਡ ਪੱਧਰ ਤੋਂ ਸੁਧਾਰਨ ਦੀ ਲੋੜ ਹੈ। ਉਹ ਕਹਿੰਦੇ ਹਨ ਕਿ ਉਹ ਨੌਜਵਾਨਾਂ ਨੂੰ ਨਸਿਆਂ ਵਿੱਚੋਂ ਕੱਢਣ ਲਈ ਯਤਨ ਕਰਨਗੇ।
ਆਮ ਤੌਰ ’ਤੇ ਪਿੰਡਾਂ ਵਿੱਚ ਔਰਤਾਂ ਸਿਰਫ ਨਾਮ ਦੀਆਂ ਅਹੁਦੇਦਾਰ ਹੁੰਦੀਆਂ ਹਨ ਅਤੇ ਉਨ੍ਹਾਂ ਦੇ ਮਰਦ ਰਿਸ਼ਤੇਦਾਰ ਜਿਵੇਂ ਪਤੀ, ਪੁੱਤਰ ‘ਸਰਪੰਚੀ’ ਕਰਦੇ ਹਨ। ਲੇਕਿਨ ਅਮਨਦੀਪ ਕੌਰ ਇੱਕ ਵਿਲੱਖਣ ਢੰਗ ਨਾਲ ਚੋਣ ਲੜ ਰਹੇ ਹਨ ਕਿਉਂਕਿ ਉਨ੍ਹਾਂ ਦੇ ਕਿਸੇ ਵੀ ਪੋਸਟਰ, ਪਰਚੇ ਉੱਤੇ ਉਨ੍ਹਾਂ ਦੇ ਪਤੀ ਦਾ ਨਾਮ ਨਹੀਂ ਹੈ।
ਉਹ ਚਾਹੁੰਦੇ ਹਨ ਕਿ ਜੇਕਰ ਉਹ ਸਰਪੰਚ ਬਣਦੇ ਹਨ ਤਾਂ ਔਰਤਾਂ ਨੂੰ ਆਤਮ ਨਿਰਭਰ ਬਨਾਉਣ ਲਈ ਯਤਨ ਕਰਨਗੇ।
ਅਮਨਦੀਪ ਕੌਰ ਅਨੁਸਾਰ ਉਨ੍ਹਾਂ ਦੇ ਪਿੰਡ ਵਿੱਚ ਅੱਜ ਤੱਕ ਕਿਸੇ ਦਲਿਤ ਔਰਤ ਚੋਣ ਨਹੀਂ ਲੜੀ ਤੇ ਪਹਿਲੇ ਦਲਿਤ ਔਰਤ ਉਮੀਦਵਾਰ ਹਨ।
ਬਰਨਾਲਾ: ਪਿੰਡ ਪੱਤੀ ਸੇਖਵਾਂ ਵਿੱਚ ਪਰਦੀਪ ਕੌਰ

ਬਰਨਾਲਾ ਨੇੜਲੇ ਪਿੰਡ ਪੱਤੀ ਸੇਖਵਾਂ ਵਿਖੇ ਸਰਪੰਚ ਦੀ ਸੀਟ ਔਰਤ ਉਮੀਦਵਾਰ ਲਈ ਰਾਖਵੀਂ ਹੈ। ਇਸ ਪਿੰਡ ਵਿੱਚ ਦੋ ਔਰਤ ਉਮੀਦਵਾਰ ਚੋਣ ਮੈਦਾਨ ਵਿੱਚ ਹਨ ਜਿਨ੍ਹਾਂ ਵਿੱਚੋਂ ਇੱਕ ਪਰਦੀਪ ਕੌਰ ਹਨ ਜੋ ਦਲਿਤ ਭਾਈਚਾਰੇ ਤੋਂ ਹਨ।
ਉਨ੍ਹਾਂ ਦੇ ਪਤੀ ਦਰਜ਼ੀ ਹਨ ਅਤੇ ਦੋ ਵਾਰ ਪਿੰਡ ਦੇ ਪੰਚ ਰਹਿ ਚੁੱਕੇ ਹਨ। ਪਰਦੀਪ ਕੌਰ ਅਨੁਸਾਰ ਉਹ ਬਹੁਤੇ ਆਰਥਿਕ ਵਸੀਲਿਆਂ ਤੋਂ ਬਗੈਰ ਹੀ ਜਨਰਲ ਸੀਟ ਉੱਪਰ ਚੋਣ ਲੜ ਸਕਦੇ ਹਨ।
ਪਰਦੀਪ ਕੌਰ ਅਨੁਸਾਰ ਇੱਕ ਗਰੀਬ ਵਿਅਕਤੀ ਪਿੰਡ ਦੇ ਮਸਲੇ ਜ਼ਿਆਦਾ ਨੇੜਿਓਂ ਸਮਝ ਸਕਦਾ ਹੈ। ਉਹ ਉਦਾਹਰਣ ਦਿੰਦੇ ਹਨ ਕਿ ਸਰਕਾਰੀ ਸਕੂਲਾਂ ਵਿੱਚ ਮੁੱਖ ਤੌਰ ’ਤੇ ਦਲਿਤ ਪਰਿਵਾਰਾਂ ਦੇ ਬੱਚੇ ਹੀ ਪੜ੍ਹਦੇ ਹਨ, ਇਸ ਲਈ ਪਿੰਡ ਦੇ ਸਰਕਾਰੀ ਸਕੂਲ ਵਿੱਚਲੀਆਂ ਸਮੱਸਿਆਵਾਂ ਨੂੰ ਉਹ ਨੇੜਿਓਂ ਸਮਝ ਕੇ ਪੰਚਾਇਤੀ ਰੂਪ ਵਿੱਚ ਹੱਲ ਕਰ ਸਕਦੇ ਹਨ।
ਬਰਨਾਲੇ ਦੇ ਹੀ ਬਖ਼ਤਗੜ੍ਹ ਪਿੰਡ ਵਿੱਚ ਜਨਰਲ ਔਰਤਾਂ ਲਈ ਰਾਖਵੀਂ ਸੀਟ ਉੱਪਰ ਦਲਿਤ ਪਰਿਵਾਰ ਦੀ ਔਰਤ ਗੁਰਪ੍ਰੀਤ ਕੌਰ ਪਤਨੀ ਨਿਰਮਲ ਸਿੰਘ ਚੋਣ ਲੜ ਰਹੇ ਹਨ।
ਪਿੰਡ ਰਾਏਸਰ (ਪੰਜਾਬ) ਵਿੱਚ ਪਰਵਿੰਦਰ ਕੌਰ ਜਨਰਲ ਔਰਤਾਂ ਵਾਲੀ ਸੀਟ ਉੱਪਰ ਚੋਣ ਲੜ ਰਹੀ ਹੈ।ਪਿੰਡ ਰਾਏਸਰ ਲੋਕ ਕਵੀ ਸੰਤ ਰਾਮ ਉਦਾਸੀ ਦਾ ਪਿੰਡ ਹੈ।
ਇਸਤੋਂ ਇਲਾਵਾਂ ਵੀ ਮਾਲਵਾ ਖੇਤਰ ਦੇ ਹੋਰ ਜ਼ਿਲ੍ਹਿਆਂ ਦੇ ਕਈ ਪਿੰਡਾਂ ਵਿੱਚ ਇਸ ਤਰ੍ਹਾਂ ਦਾ ਚੋਣ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ।
ਮਾਨਸਾ: ਪਿੰਡ ਫਫੜੇ ਭਾਈਕਾ ਵਿੱਚ ਟੈੱਟ ਪਾਸ ਕੁੜੀ

ਤਸਵੀਰ ਸਰੋਤ, BBC/Navkiran Singh
ਮਾਨਸਾ ਜਿਲ੍ਹੇ ਦੇ ਭੀਖੀ ਬਲਾਕ ਅਧੀਨ ਆਉਂਦੇ ਪਿੰਡ ਫਫੜੇ ਭਾਈਕਾ ਸਰਪੰਚ ਦੀ ਸੀਟ ਲਈ ਔਰਤਾਂ ਲਈ ਰਾਖਵੀਂ ਹੈ।
ਇਸ ਪਿੰਡ ਤੋਂ ਦਲਿਤ ਪਰਿਵਾਰ ਦੀ ਪੜ੍ਹੀ ਲਿਖੀ ਅੰਮ੍ਰਿਤਪਾਲ ਕੌਰ ਚੋਣ ਮੈਦਾਨ ਵਿੱਚ ਹੈ। ਅੰਮ੍ਰਿਤਪਾਲ ਕੌਰ ਨੇ ਐੱਮਏ (ਹਿੰਦੀ, ਰਾਜਨੀਤੀ ਵਿਗਿਆਨ), ਬੀਐੱਡ ਤੋਂ ਇਲਾਵਾ ਟੈੱਟ ਪਾਸ ਹਨ। ਅੰਮ੍ਰਿਤਪਾਲ ਕੌਰ ਅਨੁਸਾਰ ਉਸਨੂੰ ਯੋਗਤਾ ਮੁਤਾਬਕ ਨੌਕਰੀ ਦੇਣਾ ਸਰਕਾਰ ਦੀ ਜਿੰਮੇਵਾਰੀ ਬਣਦੀ ਸੀ ਪਰ ਸਰਕਾਰ ਨੇ ਅਜਿਹਾ ਨਹੀਂ ਕੀਤਾ।
ਉਨ੍ਹਾਂ ਅਨੁਸਾਰ ਉਹ ਆਪਣੇ ਹੱਕਾਂ ਪ੍ਰਤੀ ਚੇਤਨ ਹੋ ਕੇ ਚੋਣ ਲੜ ਰਹੇ ਹਨ ਤਾਂ ਕਿ ਲੋਕਾਂ ਨੂੰ ਚੇਤਨ ਕੀਤਾ ਜਾ ਸਕੇ।
ਅੰਮ੍ਰਿਤਪਾਲ ਕੌਰ ਆਪਣੇ ਪਤੀ ਮੱਖਣ ਸਿੰਘ ਨਾਲ ਪਿੰਡ ਵਿੱਚ ਸਟੇਸ਼ਨਰੀ ਦੀ ਦੁਕਾਨ ਚੁਲਾਉਂਦੇ ਹਨ ਅਤੇ ਦੁਕਾਨ ਦੇ ਨਾਲ-ਨਾਲ ਮੱਖਣ ਸਿੰਘ ਦਾ ਵੀਡੀਓਗ੍ਰਾਫੀ ਦਾ ਵੀ ਕੰਮ ਹੈ। ਅੰਮ੍ਰਿਤਪਾਲ ਕੌਰ ਅਨੁਸਾਰ ਉਨ੍ਹਾਂ ਨੂੰ ਪਿੰਡ ਦਾ ਹਰ ਵਰਗ ਸਹਿਯੋਗ ਕਰ ਰਿਹਾ ਹੈ।
ਸਮਾਜਿਕ ਕਾਰਕੁਨ ਕਿਵੇਂ ਦੇਖਦੇ ਹਨ?
ਦਲਿਤ ਮਨੁੱਖੀ ਅਧਿਕਾਰ ਸਭਾ ਪੰਜਾਬ ਦੇ ਕਨਵੀਨਰ ਐਡਵੋਕੇਟ ਅਜੈਬ ਸਿੰਘ ਗੁਰੂ ਦਲਿਤ ਪਰਿਵਾਰਾਂ ਵਿੱਚ ਆਈ ਚੇਤਨਤਾ ਨੂੰ ਸਮੁੱਚੇ ਸਮਾਜ ਲਈ ਸ਼ੁੱਭ ਸੰਕੇਤ ਮੰਨਦੇ ਹਨ।
ਉਹ ਇਸਦੇ ਦੋ ਮੁੱਖ ਕਾਰਨ ਵੇਖਦੇ ਹਨ, “ਇੱਕ ਤਾਂ ਨਵੀਂ ਪੀੜ੍ਹੀ ਵਿੱਚ ਪੜ੍ਹਾਈ ਨਾਲ ਸੰਵਿਧਾਨਕ ਹੱਕਾਂ ਪ੍ਰਤੀ ਚੇਤਨਤਾ ਆਈ ਹੈ। ਦੂਜਾ,ਖੇਤੀ ਖੇਤਰ ਵਿੱਚ ਰੁਜ਼ਗਾਰ ਦੇ ਮੌਕੇ ਸੀਮਤ ਹੋਣ ਕਾਰਨ ਮਜ਼ਦੂਰ ਪਰਿਵਾਰਾਂ ਦਾ ਚੋਖਾ ਹਿੱਸਾ ਖੇਤੀ ਖੇਤਰ ਵਿੱਚੋਂ ਬਾਹਰ ਆਇਆ ਹੈ ਅਤੇ ਉਹ ਹੋਰ ਕੰਮਾਂ-ਕਾਰਾਂ ਵਿੱਚ ਲੱਗਣ ਨਾਲ ਚੇਤਨ ਹੋਇਆ ਹੈ।”
ਐਡਵੋਕੇਟ ਅਜੈਬ ਸਿੰਘ ਗੁਰੂ ਅਨੁਸਾਰ ਕੁਝ ਸਾਲ ਪਹਿਲਾਂ ਰਾਖਵੀਂ ਸੀਟ ਉੱਪਰ ਵੀ ਦਲਿਤ ਪਰਿਵਾਰ ਚੋਣ ਲੜਣ ਲਈ ਤਿਆਰ ਨਹੀਂ ਹੁੰਦੇ ਸਨ ਪਰ ਡਾਕਟਰ ਭੀਮ ਰਾਓ ਅੰਬੇਡਕਰ ਦੇ ਯਤਨਾਂ ਸਦਕਾ ਮਿਲੇ ਸੰਵਿਧਾਨਕ ਹੱਕਾਂ ਅਤੇ ਸਮਾਜਿਕ ਸਿਆਸੀ ਚੇਤਨਤਾ ਦਾ ਅਸਰ ਹੈ ਕਿ ਇਸ ਵਾਰ ਜਨਰਲ ਸੀਟਾਂ ਉੱਪਰ ਚੋਣ ਲੜ ਰਹੇ ਹਨ।
ਐਡਵੋਕੇਟ ਅਜੈਬ ਸਿੰਘ ਇਸ ਵਿੱਚ ਮਾਲਵੇ ਦੀਆਂ ਇਨਕਲਾਬੀ ਲਹਿਰਾਂ ਦਾ ਵੀ ਯੋਗਦਾਨ ਮੰਨਦੇ ਹਨ।

ਖੱਬੇ ਪੱਖੀ ਧਿਰਾਂ ਅਤੇ ਕਿਸਾਨ, ਮਜ਼ਦੂਰ ਜਥੇਬੰਦੀਆਂ ਦੀ ਭੂਮਿਕਾ
ਮਾਲਵੇ ਦੇ ਬਰਨਾਲਾ, ਸੰਗਰੂਰ, ਮਾਨਸਾ ਜਿਲ੍ਹਿਆਂ ਵਿੱਚ ਖੱਬੇ-ਪੱਖੀ ਪਾਰਟੀਆਂ ਅਤੇ ਕਿਸਾਨ, ਮਜ਼ਦੂਰ ਜਥੇਬੰਦੀਆਂ ਦਾ ਸਭ ਤੋਂ ਮਜ਼ਬੂਤ ਅਧਾਰ ਹੈ।
ਦਲਿਤ ਪਰਿਵਾਰਾਂ ਦੀਆਂ ਔਰਤਾਂ ਵੱਲੋਂ ਜਨਰਲ ਸੀਟਾਂ ਉੱਪਰ ਚੋਣ ਮੁਕਾਬਲੇ ਵਿੱਚ ਆਉਣ ਵਿੱਚ ਇਨ੍ਹਾਂ ਜਥੇਬੰਦੀਆਂ ਵੱਲੋਂ ਪਿਛਲੇ ਕਈ ਦਹਾਕਿਆਂ ਤੋਂ ਸੂਬੇ ਵਿੱਚ ਕੀਤੀਆਂ ਜਾ ਰਹੀਆਂ ਸਰਗਰਮੀਆਂ ਦੀ ਭੂਮਿਕਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ।
ਪਿੰਡ ਗੁੰਮਟੀ ਤੋਂ ਚੋਣ ਲੜ ਰਹੀ ਪਰਮਜੀਤ ਕੌਰ ਅਤੇ ਖੇੜੀ ਕਲਾਂ ਤੋਂ ਚੋਣ ਲੜ ਰਹੀ ਅਮਨਦੀਪ ਕੌਰ ਦਾ ਪਰਿਵਾਰਕ ਪਿਛੋਕੜ ਵੀ ਮਜ਼ਦੂਰ ਜਥੇਬੰਦੀਆਂ ਨਾਲ ਜੁੜਿਆ ਰਿਹਾ ਹੈ।
(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)












