ਜਦੋਂ ਭਾਰਤ ਵਿੱਚ ਬਣਦੀ ਅਫ਼ੀਮ ਨੂੰ ‘ਦੁਨੀਆ ਲਈ ਭਾਰਤ ਦਾ ਤੋਹਫ਼ਾ’ ਕਿਹਾ ਗਿਆ ਸੀ

ਤਸਵੀਰ ਸਰੋਤ, Getty Images
- ਲੇਖਕ, ਉਮਰ ਦਰਾਜ਼ ਨੰਗਿਆਣਾ
- ਰੋਲ, ਬੀਬੀਸੀ ਪੱਤਰਕਾਰ
ਭੁੱਕੀ/ਪੋਸਤ ਦਾ ਪੌਦਾ ਅੱਜ ਜਿੱਥੇ ਕਿਤੇ ਵੀ ਦਿਖਾਈ ਦਿੰਦਾ ਹੈ, ਉੱਥੇ ਖ਼ਤਰੇ ਦੀ ਘੰਟੀ ਹੁੰਦਾ ਹੈ। ਇਸ ਦੇ ਹਰੇ ਬੀਜ ਤੋਂ ਨਿਕਲਣ ਵਾਲਾ ਪਦਾਰਥ ‘ਅਫ਼ੀਮ’ ਧਰਤੀ ’ਤੇ ਸਭ ਤੋਂ ਸ਼ਕਤੀਸ਼ਾਲੀ ਅਤੇ ਖ਼ਤਰਨਾਕ ਨਸ਼ਿਆਂ ਵਿੱਚੋਂ ਕੁਝ ਦਾ ਸਰੋਤ ਬਣਦਾ ਹੈ। ਹੈਰੋਇਨ ਇਸੀ ਪੌਦੇ ਦਾ ਉਤਪਾਦ ਹੈ।
ਹਾਲਾਂਕਿ, ਲਗਭਗ ਦੋ ਸਦੀਆਂ ਪਹਿਲਾਂ ਭਾਰਤ ਵਿੱਚ ਭੁੱਕੀ/ਪੋਸਤ ਸਭ ਤੋਂ ਕੀਮਤੀ ਫ਼ਸਲਾਂ ਵਿੱਚੋਂ ਇੱਕ ਸੀ। ਬਸਤੀਵਾਦੀ ਸ਼ਕਤੀ ਬ੍ਰਿਟੇਨ ਨੇ ਭਾਰਤ ਵਿੱਚ ਇਸ ਦੀ ਵੱਡੇ ਪੱਧਰ ’ਤੇ ਖੇਤੀ ਕੀਤੀ।
ਫਿਰ ਇਸ ਅਫ਼ੀਮ ਦੀ ਚੀਨ ਨੂੰ ਤਸਕਰੀ ਕੀਤੀ ਅਤੇ ਇਸ ਨਾਲ ਇੰਨਾ ਮੁਨਾਫ਼ਾ ਕਮਾਇਆ ਕਿ ਚੀਨ ਨਾਲ ਉਸ ਦੇ ਵੱਡੇ ਵਪਾਰਕ ਘਾਟੇ ਨੂੰ ਪੂਰਾ ਕੀਤਾ ਜਾ ਸਕੇ।
ਇਸੇ ਅਫ਼ੀਮ ਨੂੰ ਲੈ ਕੇ ਚੀਨ ਨੇ ਬ੍ਰਿਟੇਨ ਨਾਲ ਦੋ ਯੁੱਧ ਵੀ ਲੜੇ।
ਉਸ ਨੂੰ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਬਰਤਾਨੀਆ ਨੂੰ ਹਾਂਗਕਾਂਗ ਵਰਗੇ ਟਾਪੂ ਅਤੇ ਕਈ ਸਮੁੰਦਰੀ ਬੰਦਰਗਾਹਾਂ ਗੁਆਉਣੀਆਂ ਪਈਆਂ।
ਇੱਥੋਂ ਤੱਕ ਕਿ ਦੂਜੇ ਅਫ਼ੀਮ ਯੁੱਧ ਤੋਂ ਬਾਅਦ ਚੀਨ ਵਿੱਚ ਅਫ਼ੀਮ ਦੇ ਆਯਾਤ ਅਤੇ ਖੇਤੀ ਨੂੰ ਕਾਨੂੰਨੀ ਰੂਪ ਦੇਣਾ ਪਿਆ।
ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਚੀਨ ਦੇ ਅੰਦਰ ਅਫ਼ੀਮ ਦੀ ਖੇਤੀ ਇੰਨੀ ਵਧ ਗਈ ਕਿ ਇਕੱਲੇ ਉਸ ਦੇ ਇੱਕ ਖੇਤਰ ਦਾ ਉਤਪਾਦਨ ਪੂਰੇ ਭਾਰਤ ਨਾਲੋਂ ਜ਼ਿਆਦਾ ਹੋ ਗਿਆ। ਲੱਖਾਂ ਚੀਨੀ ਅਫ਼ੀਮ ਦੇ ਆਦੀ ਹੋ ਗਏ।
‘ਦੁਨੀਆ ਲਈ ਭਾਰਤ ਦਾ ਤੋਹਫ਼ਾ’
ਇੱਕ ਸਮਾਂ ਅਜਿਹਾ ਆਇਆ ਜਦੋਂ ਚੀਨ ਦੇ ਸਰਕਾਰੀ ਅਧਿਕਾਰੀਆਂ ਨੇ ਮਹਿਸੂਸ ਕੀਤਾ ਕਿ ‘ਜੇਕਰ ਇਹ ਪ੍ਰਕਿਰਿਆ ਇਸੇ ਤਰ੍ਹਾਂ ਚੱਲਦੀ ਰਹੀ, ਤਾਂ ਚੀਨੀ ਫੌਜ ਵਿੱਚ ਲੜਨ ਲਈ ਕੋਈ ਫੌਜੀ ਨਹੀਂ ਬਚੇਗਾ ਅਤੇ ਫੌਜ ਨੂੰ ਹਥਿਆਰਾਂ ਨਾਲ ਲੈਸ ਕਰਨ ਲਈ ਕੋਈ ਪੈਸਾ ਵੀ ਨਹੀਂ ਬਚੇਗਾ।’
ਅੰਗਰੇਜ਼ਾਂ ਨੇ ਭਾਰਤ ਵਿੱਚ ਬੰਗਾਲ ਅਤੇ ਬਿਹਾਰ ਵਿੱਚ ਅਫ਼ੀਮ ਦੀਆਂ ਦੋ ਵੱਡੀਆਂ ਫੈਕਟਰੀਆਂ ਸਥਾਪਿਤ ਕੀਤੀਆਂ ਸਨ ਜਿੱਥੋਂ ਅਫ਼ੀਮ ਦੇ ਵਪਾਰ ਲਈ ਸਪਲਾਈ ਕੀਤੀ ਜਾਂਦੀ ਸੀ।
ਚੀਨ ਨੂੰ ਅਫ਼ੀਮ ਦਾ ਨਿਰਯਾਤ ਵੀਹਵੀਂ ਸਦੀ ਦੇ ਸ਼ੁਰੂ ਤੱਕ ਜਾਰੀ ਰਿਹਾ।
ਇਸ ਵਪਾਰ ਦੇ ਬੰਦ ਹੋਣ ਤੋਂ ਬਾਅਦ ਵੀ ਜਦੋਂ ਦੁਨੀਆ ਨੂੰ ਅਫ਼ੀਮ ਦੇ ਵਪਾਰ ਦੇ ਖ਼ਤਰਿਆਂ ਅਤੇ ਮਨੁੱਖੀ ਸਿਹਤ ਅਤੇ ਸਮਾਜ ’ਤੇ ਇਸ ਦੇ ਹਾਨੀਕਾਰਕ ਪ੍ਰਭਾਵਾਂ ਬਾਰੇ ਪਤਾ ਲੱਗਿਆ, ਉਦੋਂ ਵੀ ਭਾਰਤ ਵਿੱਚ ਸਥਾਪਿਤ ਫੈਕਟਰੀਆਂ ਨੇ ਪੂਰੀ ਤਰ੍ਹਾਂ ਕੰਮ ਕਰਨਾ ਬੰਦ ਨਹੀਂ ਕੀਤਾ।

ਤਸਵੀਰ ਸਰੋਤ, Getty Images
ਅਜਿਹਾ ਅਫ਼ੀਮ ਦੇ ਕੁਝ ਔਸ਼ਧੀ ਗੁਣਾਂ ਦੇ ਕਾਰਨ ਸੀ। ਅਲਕਲਾਇਡ ਮੋਰਫਿਨ ਨੂੰ ਪਹਿਲੀ ਵਾਰ 19ਵੀਂ ਸਦੀ ਦੀ ਸ਼ੁਰੂਆਤ ਵਿੱਚ ਤੇਜ਼ੀ ਨਾਲ ਵਧ ਰਹੇ ਮੈਡੀਕਲ ਵਿਗਿਆਨ ਦੁਆਰਾ ਅਫ਼ੀਮ ਤੋਂ ਵੱਖ ਕੀਤਾ ਗਿਆ ਸੀ।
ਬ੍ਰਿਟੇਨ ਨੇ ਹੁਣ ਉਸ ਅਫ਼ੀਮ ਦਾ ਨਿਰਮਾਣ ਕਰਨਾ ਸ਼ੁਰੂ ਕਰ ਦਿੱਤਾ ਜਿਸ ਦਾ ਉਪਯੋਗ ਦਵਾਈ ਵਿੱਚ ਕੀਤਾ ਜਾ ਰਿਹਾ ਹੈ ਜਾਂ ਜਿਸਦੀ ਭਾਰਤ ਵਿੱਚ ਸਥਿਤ ਫੈਕਟਰੀਆਂ ਵਿੱਚ ਹੋਰ ਖੋਜ ਕੀਤੀ ਜਾ ਰਹੀ ਸੀ।
ਇਨ੍ਹਾਂ ਵਿੱਚੋਂ ਸਭ ਤੋਂ ਪ੍ਰਮੁੱਖ ਦਰਦ ਨਿਵਾਰਕ ਦਵਾਈ ‘ਮੋਰਫੀਨ’ ਹੈ।
ਸ਼ਾਇਦ ਇਹ ਮੋਰਫੀਨ ਹੀ ਹੈ ਜਿਸ ਕਾਰਨ ਅਫ਼ੀਮ ਨੂੰ ‘ਦੁਨੀਆ ਲਈ ਭਾਰਤ ਦਾ ਤੋਹਫ਼ਾ’ ਕਿਹਾ ਜਾਣ ਲੱਗਿਆ ਹੈ।
ਮੋਰਫੀਨ ਅਤੇ ਹੋਰ ਅਫ਼ੀਮ ਕੰਪਾਉਂਡਾਂ ਦੀ ਵਰਤੋਂ ਵੱਖ-ਵੱਖ ਬਿਮਾਰੀਆਂ ਦੇ ਵਿਰੁੱਧ ਅਤੇ ਉਨ੍ਹਾਂ ਦੇ ਇਲਾਜ ਵਿੱਚ ਕੀਤੀ ਜਾਂਦੀ ਹੈ।
ਕੈਂਸਰ ਦੇ ਇਲਾਜ ਵਿੱਚ ਇਸ ਦਾ ਬਹੁਤ ਮਹੱਤਵ ਹੈ।
ਅਫ਼ੀਮ ਦੇ ਇਨ੍ਹਾਂ ਔਸ਼ਧੀ ਗੁਣਾਂ ਕਾਰਨ 1947 ਵਿੱਚ ਦੇਸ਼ ਵੰਡ ਤੋਂ ਬਾਅਦ ਭਾਰਤ ਨੇ ਵਿਰਾਸਤ ਵਿੱਚ ਮਿਲੀਆਂ ਦੋ ਅਫ਼ੀਮ ਫੈਕਟਰੀਆਂ ਨੂੰ ਬੰਦ ਨਹੀਂ ਕੀਤਾ।
ਪਾਕਿਸਤਾਨ ਨੂੰ ਅਜਿਹੀ ਕੋਈ ਵੀ ਫੈਕਟਰੀ ਵਿਰਾਸਤ ਵਿੱਚ ਨਹੀਂ ਮਿਲੀ।
ਨਾ ਹੀ ਉਸ ਨੂੰ ਉਹ ਖੇਤਰ ਮਿਲੇ ਜਿੱਥੇ ਅਫ਼ੀਮ ਲਈ ਪੋਸਤ ਦੀ ਖੇਤੀ ਸਰਕਾਰੀ ਸਰਪ੍ਰਸਤੀ ਹੇਠ ਕੀਤੀ ਜਾਂਦੀ ਸੀ।

ਤਸਵੀਰ ਸਰੋਤ, Getty Images
ਕੀ ਪਾਕਿਸਤਾਨ ਨੂੰ ਅਫ਼ੀਮ ਦੀ ਲੋੜ ਸੀ?
ਇਹ ਉਹ ਸਮਾਂ ਸੀ ਜਦੋਂ ਦੂਜਾ ਵਿਸ਼ਵ ਯੁੱਧ ਖ਼ਤਮ ਹੀ ਹੋਇਆ ਸੀ। ਦੁਨੀਆ ਵਿੱਚ ਮੋਰਫੀਨ ਦੀ ਮੰਗ ਬਹੁਤ ਜ਼ਿਆਦਾ ਸੀ ਅਤੇ ‘ਭਾਰਤੀ ਅਫ਼ੀਮ’ ਨੂੰ ਦੁਨੀਆ ਵਿੱਚ ਸਭ ਤੋਂ ਵਧੀਆ ਵਿੱਚੋਂ ਇੱਕ ਮੰਨਿਆ ਜਾਂਦਾ ਸੀ।
ਇਸ ਤੋਂ ਇਲਾਵਾ ਇਹ ਬਹੁਤ ਪਹਿਲਾਂ ਦੀ ਗੱਲ ਨਹੀਂ ਹੈ ਕਿ ਪੋਸਤ ਭਾਰਤ ਦੀਆਂ ਸਭ ਤੋਂ ਵੱਧ ਲਾਭਕਾਰੀ ਫ਼ਸਲਾਂ ਵਿੱਚੋਂ ਇੱਕ ਸੀ।
ਇਸ ਨੂੰ ਵਪਾਰ ਦੇ ਲਿਹਾਜ਼ ਨਾਲ ਪੈਸਾ ਕਮਾਉਣ ਵਾਲੀ ਫ਼ਸਲ ਵਜੋਂ ਦੇਖਿਆ ਜਾਂਦਾ ਸੀ।
ਜੇਕਰ ਪਾਕਿਸਤਾਨ ਨੂੰ ਵੀ ‘ਕੀਮਤੀ ਅਫ਼ੀਮ’ ਬਣਾਉਣ ਲਈ ਅਜਿਹੀਆਂ ਫੈਕਟਰੀਆਂ ਵਿਰਾਸਤ ਵਿੱਚ ਮਿਲੀਆਂ ਹੁੰਦੀਆਂ, ਤਾਂ ਉਹ ਇਸ ਦਾ ਨਿਰਯਾਤ ਕਰਕੇ ਮੁਨਾਫਾ ਕਮਾ ਸਕਦਾ ਸੀ ਅਤੇ ਸਥਾਨਕ ਮੰਗ ਨੂੰ ਵੀ ਪੂਰਾ ਕਰ ਸਕਦਾ ਸੀ।
ਸ਼ੁਰੂ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਉਸ ਦੀਆਂ ਜ਼ਰੂਰਤਾਂ ਲਈ ਅਫ਼ੀਮ ਸਪਲਾਈ ਕਰਨ ਦਾ ਵਾਅਦਾ ਕੀਤਾ ਸੀ, ਪਰ ਇਹ ਜ਼ਿਆਦਾ ਦੇਰ ਤੱਕ ਨਹੀਂ ਚੱਲ ਸਕਿਆ।
ਇਸ ਲਈ ਪਾਕਿਸਤਾਨ ਨੇ ਛੇਤੀ ਹੀ ਇੱਕ ਫੈਕਟਰੀ ਬਣਾਉਣ ਦਾ ਫੈਸਲਾ ਕੀਤਾ, ਜਿੱਥੇ ਕੱਚੀ ਅਫ਼ੀਮ ਨੂੰ ਅਲਕਲਾਇਡ ਜਾਂ ਕੰਪਾਉਂਡਾਂ ਵਿੱਚ ਵੱਖ ਕੀਤਾ ਜਾ ਸਕਦਾ ਹੈ, ਜਿਨ੍ਹਾਂ ਦਾ ਉਪਯੋਗ ਮੋਰਫੀਨ ਅਤੇ ਕੋਡੀਨ ਆਦਿ ਵਰਗੀਆਂ ਦਵਾਈਆਂ ਦੇ ਨਿਰਮਾਣ ਵਿੱਚ ਕੀਤਾ ਜਾਂਦਾ ਹੈ।
ਅਫ਼ੀਮ ਲਈ ਸਰਕਾਰੀ ਫੈਕਟਰੀ ਦੀ ਲੋੜ ਕਿਉਂ?
ਪਾਕਿਸਤਾਨ ਦੀ ਪਹਿਲੀ ਅਤੇ ਇਕਲੌਤੀ ਅਫ਼ੀਮ ਅਲਕਲਾਇਡ ਫੈਕਟਰੀ ਪਾਕਿਸਤਾਨ ਦੇ ਬਣਨ ਸਮੇਂ ਲਾਹੌਰ ਵਿੱਚ ਸਥਾਪਿਤ ਕੀਤੀ ਗਈ ਸੀ।
ਇਸ ਦੀ ਇਮਾਰਤ ਆਬਕਾਰੀ ਤੇ ਕਰ ਵਿਭਾਗ ਦੇ ਦਫ਼ਤਰ ਵਿੱਚ ਹੀ ਬਣਾਈ ਗਈ ਸੀ। ਕਾਨੂੰਨੀ ਤੌਰ ’ਤੇ ਇਹ ਵਿਭਾਗ ਫੈਕਟਰੀ ਦੀ ਗਵਰਨਿੰਗ ਬਾਡੀ ਸੀ।
ਪਾਕਿਤਸਾਨੀ ਪੰਜਾਬ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਆਬਕਾਰੀ ਅਤੇ ਕਰ ਰਿਜ਼ਵਾਨ ਅਕਰਮ ਸ਼ੇਰਵਾਨੀ ਨੇ ਬੀਬੀਸੀ ਨੂੰ ਦੱਸਿਆ ਕਿ ਲਾਹੌਰ ਦੀ ਅਧਿਕਾਰਤ ‘ਅਫ਼ੀਮ ਅਲਕਲਾਇਡ ਫੈਕਟਰੀ’ ਵਿੱਚ ਕੱਚੀ ਅਫ਼ੀਮ ਤੋਂ ਕੰਪਾਉਂਡਾਂ ਨੂੰ ਉਸੇ ਤਰ੍ਹਾਂ ਵੱਖ ਕੀਤਾ ਜਾਂਦਾ ਸੀ ਜਿਵੇਂ ਵੰਡ ਤੋਂ ਪਹਿਲਾਂ ਭਾਰਤ ਵਿੱਚ ਫੈਕਟਰੀਆਂ ਵਿੱਚ ਕੀਤਾ ਜਾਂਦਾ ਸੀ।
ਹਾਲਾਂਕਿ, ਸਵਾਲ ਇਹ ਸੀ ਕਿ ਜੇਕਰ ਇਸ ਅਫ਼ੀਮ ਦੀ ਵਰਤੋਂ ਦਵਾਈ ਵਿੱਚ ਕੀਤੀ ਜਾਂਦੀ ਹੈ ਤਾਂ ਇਸ ਨੂੰ ਪਹਿਲਾਂ ਸਰਕਾਰੀ ਫੈਕਟਰੀ ਵਿੱਚ ਲਿਆਉਣਾ ਕਿਉਂ ਜ਼ਰੂਰੀ ਹੈ?
ਏਡੀਜੀ ਐਕਸਾਈਜ਼ ਐਂਡ ਟੈਕਸੇਸ਼ਨ ਪੰਜਾਬ ਰਿਜ਼ਵਾਨ ਅਕਰਮ ਸ਼ੇਰਵਾਨੀ ਦਾ ਕਹਿਣਾ ਹੈ, ‘‘ਇਸ ਦਾ ਮੁੱਖ ਕਾਰਨ ਇਹ ਹੈ ਕਿ ਅਫ਼ੀਮ ਇੱਕ ਨਸ਼ੀਲਾ ਪਦਾਰਥ ਹੈ ਜੋ ਅੰਤਰਰਾਸ਼ਟਰੀ ਕਾਨੂੰਨਾਂ ਅਨੁਸਾਰ ਨਿਯੰਤਰਿਤ ਪਦਾਰਥ ਹੋਣਾ ਚਾਹੀਦਾ ਹੈ ਅਤੇ ਇਹ ਕਿਸੇ ਆਮ ਵਿਅਕਤੀ ਨੂੰ ਨਹੀਂ ਦਿੱਤਾ ਜਾ ਸਕਦਾ।’’
ਇਸ ਸਬੰਧੀ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਜੇਕਰ ਅਜਿਹਾ ਕੋਈ ਨਸ਼ੀਲਾ ਪਦਾਰਥ ਗਲਤ ਹੱਥਾਂ ਵਿੱਚ ਆ ਜਾਵੇ ਤਾਂ ਇਸ ਦੀ ਤਸਕਰੀ ਨਸ਼ੇ ਵਜੋਂ ਕੀਤੀ ਜਾ ਸਕਦੀ ਹੈ।
ਇਸ ਲਈ, ਅਜਿਹੇ ਪਦਾਰਥਾਂ ਦੇ ਉਤਪਾਦਨ ਨੂੰ ਨਿਯੰਤਰਿਤ ਕੀਤਾ ਜਾਣਾ ਚਾਹੀਦਾ ਹੈ, ਯਾਨੀ, ਇਸ ਦਾ ਨਿਰਮਾਣ ਅਤੇ ਵੰਡ ਸਰਕਾਰੀ ਨਿਗਰਾਨੀ ਹੇਠ ਕੀਤੀ ਜਾਣੀ ਚਾਹੀਦੀ ਹੈ।
‘‘ਇਹ ਯਕੀਨੀ ਬਣਾਉਂਦਾ ਹੈ ਕਿ ਇਸ ਦੀ ਦੁਰਵਰਤੋਂ ਨਹੀਂ ਕੀਤੀ ਜਾਂਦੀ ਅਤੇ ਇਸ ਦੀ ਵਰਤੋਂ ਸਿਰਫ਼ ਮੈਡੀਕਲ ਉਦੇਸ਼ਾਂ ਲਈ ਜਾਂ ਦਰਦ ਅਤੇ ਬਿਮਾਰੀ ਦੇ ਇਲਾਜ ਲਈ ਕੀਤੀ ਜਾਂਦੀ ਹੈ।’’
ਇਸ ਲਈ ਇੱਕ ਅਜਿਹੀ ਸੁਵਿਧਾ ਬਣਾਉਣੀ ਜ਼ਰੂਰੀ ਸੀ ਜਿੱਥੇ ਸਰਕਾਰੀ ਨਿਗਰਾਨੀ ਹੇਠ ਅਫ਼ੀਮ ਦਾ ਉਤਪਾਦਨ ਅਤੇ ਵੰਡ ਕੀਤੀ ਜਾਂਦੀ ਸੀ।

ਤਸਵੀਰ ਸਰੋਤ, Getty Images
ਦਰਦ ਤੋਂ ਛੁਟਕਾਰਾ ਪਾਉਣ ਲਈ ਓਪੀਏਟਸ ਕਿੰਨੇ ਪ੍ਰਭਾਵਸ਼ਾਲੀ ਹਨ?
ਲਾਹੌਰ ਦੇ ਸ਼ੌਕਤ ਖਾਨਮ ਮੈਮੋਰੀਅਲ ਹਸਪਤਾਲ ਦੇ ਮੁੱਖ ਸੰਚਾਲਨ ਅਧਿਕਾਰੀ ਡਾਕਟਰ ਮੁਹੰਮਦ ਤਾਹਿਰ ਅਜ਼ੀਜ਼ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਫ਼ੀਮ ਤੋਂ ਮਿਲਣ ਵਾਲੇ ਰਸਾਇਣਕ ਕੰਪਾਉਂਡ ਕੈਂਸਰ ਦੇ ਮਰੀਜ਼ਾਂ ਦੇ ਇਲਾਜ ਵਿੱਚ ਵਿਸ਼ੇਸ਼ ਤੌਰ ’ਤੇ ਮਹੱਤਵਪੂਰਨ ਹਨ।
ਉਹ ਕਹਿੰਦੇ ਹਨ ਕਿ ਜਦੋਂ ਵੀ ਕੈਂਸਰ ਦੇ ਮਰੀਜ਼ਾਂ ਦੇ ਕੀਮੋਥੈਰੇਪੀ, ਰੇਡੀਓਥੈਰੇਪੀ ਜਾਂ ਸਰਜਰੀ ਸਮੇਤ ਹੋਰ ਇਲਾਜ ਕੀਤੇ ਜਾਂਦੇ ਹਨ; ਤਾਂ ਮਰੀਜ਼ ਦਰਦ ਦੀ ਸ਼ਿਕਾਇਤ ਕਰਦਾ ਹੈ।
ਇਹ ਸ਼ਿਕਾਇਤ ਉਨ੍ਹਾਂ ਮਰੀਜ਼ਾਂ ਵਿੱਚ ਜ਼ਿਆਦਾ ਹੁੰਦੀ ਹੈ ਜਿਨ੍ਹਾਂ ਦਾ ਕੈਂਸਰ ਵਧ ਚੁੱਕਾ ਹੁੰਦਾ ਹੈ। ਇਸ ਲਈ ਉਨ੍ਹਾਂ ਦੇ ਇਲਾਜ ਲਈ, ਉਨ੍ਹਾਂ ਦਾ ਦਰਦ ਘਟਾਉਣਾ ਜ਼ਰੂਰੀ ਹੈ।
‘‘ਦਰਦ ਨੂੰ ਕੰਟਰੋਲ ਕਰਨ ਲਈ, ਅਸੀਂ ਡਬਲਯੂਐੱਚਓ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੈਰਾਸੀਟਾਮੋਲ ਵਰਗੀਆਂ ਆਮ ਦਰਦ ਨਿਵਾਰਕ ਦਵਾਈਆਂ ਤੋਂ ਸ਼ੁਰੂਆਤ ਕਰਦੇ ਹਾਂ, ਪਰ ਜਦੋਂ ਦਰਦ ਵਧਦਾ ਹੈ, ਤਾਂ ਸਪੱਸ਼ਟ ਹੈ ਕਿ ਅਸੀਂ ਉਨ੍ਹਾਂ ਦੀ ਖੁਰਾਕ ਨਹੀਂ ਵਧਾ ਸਕਦੇ।’’
ਇਸ ਲਈ ਦੂਜੇ ਪੜਾਅ ਵਿੱਚ, ਥੋੜ੍ਹਾ ਕਮਜ਼ੋਰ ਜਾਂ ਘੱਟ ਪੱਧਰ ਦਾ ‘ਓਪੀਔਇਡ’ ਵਰਤਿਆ ਜਾਂਦਾ ਹੈ।
ਇਹ ਮੁੱਖ ਤੌਰ ’ਤੇ ਅਜਿਹੀਆਂ ਦਵਾਈਆਂ ਹਨ ਜੋ ਅਫ਼ੀਮ ਦੇ ਕੰਪਾਉਂਡਾਂ ਤੋਂ ਪ੍ਰਾਪਤ ਹੁੰਦੀਆਂ ਹਨ, ਪਰ ਇਹ ਘੱਟ ਨਸ਼ੇ ਦੀ ਲਤ ਵਾਲੀਆਂ ਹੁੰਦੀਆਂ ਹਨ।
ਇਨ੍ਹਾਂ ਵਿੱਚੋਂ ਕੁੱਝ ਦਵਾਈਆਂ ਪਾਕਿਸਤਾਨ ਵਿੱਚ ਉਪਲੱਬਧ ਹਨ।

ਤਸਵੀਰ ਸਰੋਤ, HULTON ARCHIVE
‘ਦਰਦ ਦੀ ਦਵਾਈ ਤੋਂ ਬਿਨਾਂ ਕੈਂਸਰ ਦੇ ਮਰੀਜ਼ ਦਾ ਇਲਾਜ ਕਰਨਾ ਬਹੁਤ ਮੁਸ਼ਕਿਲ’
ਸ਼ੌਕਤ ਖਾਨਮ ਮੈਮੋਰੀਅਲ ਦੇ ਸੀਓਓ ਡਾਕਟਰ ਤਾਹਿਰ ਅਜ਼ੀਜ਼ ਦਾ ਕਹਿਣਾ ਹੈ ਕਿ ਸਮੱਸਿਆ ਉਦੋਂ ਹੁੰਦੀ ਹੈ ਜਦੋਂ ਮਰੀਜ਼ ਤੀਜੀ ਸਟੇਜ 'ਤੇ ਚਲਾ ਜਾਂਦਾ ਹੈ, ਅਤੇ ਕੈਂਸਰ ਦੇ ਮਰੀਜ਼ ਡਿਫਾਲਟ ਤੌਰ 'ਤੇ ਇਸ ਪੜਾਅ 'ਤੇ ਬਹੁਤ ਤੇਜ਼ੀ ਨਾਲ ਵਧਦੇ ਹਨ।
"ਜਦੋਂ ਉਨ੍ਹਾਂ ਦਾ ਦਰਦ ਇਸ ਪੱਧਰ ਤੱਕ ਪਹੁੰਚ ਜਾਂਦਾ ਹੈ, ਤਾਂ ਸਾਡੇ ਕੋਲ ਮੋਰਫੀਨ ਦੀ ਵਰਤੋਂ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਹੁੰਦਾ।"
ਜ਼ਿਕਰਯੋਗ ਹੈ ਕਿ ਪਾਕਿਸਤਾਨ ਮੈਡੀਕਲ ਉਦੇਸ਼ਾਂ ਲਈ ਲੋੜੀਂਦੀ ਜ਼ਿਆਦਾਤਰ ਮੋਰਫੀਨ ਦਾ ਆਯਾਤ ਕਰਦਾ ਹੈ। ਨਤੀਜੇ ਵਜੋਂ ਕੈਂਸਰ ਦੀਆਂ ਦਵਾਈਆਂ ਆਮ ਆਦਮੀ ਲਈ ਮਹਿੰਗੀਆਂ ਹੋ ਜਾਂਦੀਆਂ ਹਨ।
ਉਹ ਕਹਿੰਦੇ ਹਨ, ‘‘ਤੁਹਾਨੂੰ ਇਹ ਸਮਝਣਾ ਪਏਗਾ ਕਿ ਦਰਦ ਦੀ ਦਵਾਈ ਤੋਂ ਬਿਨਾਂ ਕੈਂਸਰ ਦੇ ਮਰੀਜ਼ ਦਾ ਇਲਾਜ ਕਰਨਾ ਬਹੁਤ ਮੁਸ਼ਕਿਲ ਅਤੇ ਲਗਭਗ ਅਸੰਭਵ ਹੈ।’’
ਡਾਕਟਰ ਤਾਹਿਰ ਅਜ਼ੀਜ਼ ਕਹਿੰਦੇ ਹਨ ਕਿ ਕੈਂਸਰ ਦੇ ਮਰੀਜ਼ਾਂ ਦੇ ਇਲਾਜ ਵਿੱਚ ਇੱਕ ਹੋਰ ਸਮੱਸਿਆ ਇਹ ਹੈ ਕਿ ਪਾਕਿਸਤਾਨ ਵਿੱਚ 'ਬ੍ਰੇਕਥਰੂ ਮੈਡੀਸਿਨ’ ਉਪਲੱਬਧ ਨਹੀਂ ਹੈ।
ਉਹ ਦੱਸਦੇ ਹਨ ਕਿ ਜਦੋਂ ਕਿਸੇ ਮਰੀਜ਼ ਨੂੰ ਨਸ਼ੀਲੀ ਦਰਦ ਨਿਵਾਰਕ ਦਵਾਈ ਦਿੱਤੀ ਜਾਂਦੀ ਹੈ, ਤਾਂ ਇਹ 12 ਘੰਟੇ ਕੰਮ ਕਰਦੀ ਹੈ।
ਉਨ੍ਹਾਂ 12 ਘੰਟਿਆਂ ਦੌਰਾਨ, ਜੇ ਉਸ ਨੂੰ ਦੁਬਾਰਾ ਦਰਦ ਹੁੰਦਾ ਹੈ, ਤਾਂ ਉਸ ਨੂੰ ਓਪੀਔਡ ਜਾਂ ਮੋਰਫੀਨ ਨਹੀਂ ਦਿੱਤੀ ਜਾ ਸਕਦੀ।
‘‘ਇਸ ਲਈ ਇੱਕ ਅਜਿਹੀ ਦਵਾਈ ਦੇਣ ਦੀ ਲੋੜ ਹੁੰਦੀ ਹੈ ਜੋ ਉਨ੍ਹਾਂ ਤੋਂ ਅਲੱਗ ਹੈ, ਪਰ ਮੋਰਫੀਨ ਨਾਲ ਮਿਲ ਕੇ ਕੰਮ ਕਰਦੀ ਹੈ ਅਤੇ ਦਰਦ ਤੋਂ ਰਾਹਤ ਦਿੰਦੀ ਹੈ। ਇਸ ਨੂੰ ‘ਬ੍ਰੇਕਥਰੂ ਮੈਡੀਸਿਨ’ ਕਿਹਾ ਜਾਂਦਾ ਹੈ।’’
ਪਾਕਿਸਤਾਨ ਵਿੱਚ ਇਸ ਦੀ ਉਪਲੱਬਧਤਾ ਨਾ ਹੋਣ ਕਾਰਨ, ਡਾਕਟਰ ਹੋਰ ਘੱਟ ਪ੍ਰਭਾਵਸ਼ਾਲੀ ਵਿਕਲਪਾਂ ਦੀ ਵਰਤੋਂ ਕਰਨ ਲਈ ਮਜਬੂਰ ਹਨ।

ਲਾਹੌਰ ਵਿੱਚ ਅਫ਼ੀਮ ਅਲਕਲਾਇਡ ਫੈਕਟਰੀ ਕੀ ਕਰ ਰਹੀ ਹੈ?
ਇਹ ਫੈਕਟਰੀ ਪਿਛਲੇ ਕਈ ਸਾਲਾਂ ਤੋਂ ਬੰਦ ਪਈ ਹੈ। ਪੁਰਾਣੀ ਸ਼ੈਲੀ ਦੀ ਫੈਕਟਰੀ ਦੀ ਇਮਾਰਤ ਦਾ ਵੱਡਾ ਹਿੱਸਾ ਹੋਰ ਸਰਕਾਰੀ ਵਿਭਾਗਾਂ ਦਾ ਰਿਕਾਰਡ ਰੱਖਣ ਲਈ ਵਰਤਿਆ ਜਾ ਰਿਹਾ ਹੈ।
ਦਸ ਸਾਲ ਤੋਂ ਵੱਧ ਸਮਾਂ ਬੰਦ ਰਹਿਣ ਤੋਂ ਬਾਅਦ ਆਬਕਾਰੀ ਤੇ ਕਰ ਵਿਭਾਗ ਹੁਣ ਇਸ ਨੂੰ ਮੁੜ ਤੋਂ ਸ਼ੁਰੂ ਕਰਨਾ ਚਾਹੁੰਦਾ ਹੈ।
ਆਬਕਾਰੀ ਤੇ ਕਰ ਵਿਭਾਗ ਪੰਜਾਬ ਦੇ ਏਡੀਜੀ ਰਿਜ਼ਵਾਨ ਅਕਰਮ ਸ਼ੇਰਵਾਨੀ ਨੇ ਦੱਸਿਆ ਕਿ ਫੈਕਟਰੀ ਬੰਦ ਹੋਣ ਦੇ ਕਈ ਕਾਰਨ ਸਨ।
‘‘ਉਨ੍ਹਾਂ ਵਿੱਚੋਂ ਇੱਕ ਇਹ ਹੈ ਕਿ ਇੱਕ ਸਮੇਂ ਇਸ ਫੈਕਟਰੀ ਨੂੰ ਸੰਘੀ ਸਰਕਾਰ ਦੇ ਕਬਜ਼ੇ ਵਿੱਚ ਲੈ ਲਿਆ ਗਿਆ ਸੀ।’’
‘‘ਦੂਜਾ, ਇੱਥੇ ਕੱਚੀ ਅਫ਼ੀਮ ਬਹੁਤ ਘੱਟ ਜਾਂ ਬਿਲਕੁਲ ਵੀ ਉਪਲੱਬਧ ਨਹੀਂ ਸੀ ਜਿਸ ਤੋਂ ਮੋਰਫੀਨ ਜਾਂ ਹੋਰ ਕੰਪਾਉਂਡ ਕੱਢੇ ਜਾ ਸਕਣ।’’
ਕਾਨੂੰਨ ਮੁਤਾਬਕ ਪਾਕਿਸਤਾਨ ਦੀਆਂ ਸਾਰੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵੱਲੋਂ ਜ਼ਬਤ ਕੀਤੀ ਸਾਰੀ ਅਫ਼ੀਮ ਇਸ ਫੈਕਟਰੀ ਵਿੱਚ ਭੇਜੀ ਜਾਂਦੀ ਹੈ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿੱਚ ਪੋਸਤ ਦੀ ਖੇਤੀ ਗੈਰਕਾਨੂੰਨੀ ਹੈ। ਸਰਕਾਰੀ ਨਿਗਰਾਨੀ ਹੇਠ ਵੀ ਇਸ ਦੀ ਕਾਸ਼ਤ ਦੀ ਕੋਈ ਵਿਵਸਥਾ ਨਹੀਂ ਹੈ।
ਫੈਕਟਰੀ ਬੰਦ ਹੋਣ ਦਾ ਇੱਕ ਕਾਰਨ ਕੁਪ੍ਰਬੰਧ ਵੀ ਸੀ।
ਏਡੀਜੀ ਰਿਜ਼ਵਾਨ ਅਕਰਮ ਸ਼ੇਰਵਾਨੀ ਕਹਿੰਦੇ ਹਨ, ‘‘ਫੈਕਟਰੀ ਵਿੱਚ ਅਫ਼ੀਮ ਦੀਆਂ ਗੋਲੀਆਂ ਤਿਆਰ ਕੀਤੀਆਂ ਜਾਂਦੀਆਂ ਸਨ ਜਿਨ੍ਹਾਂ ਨੂੰ ਅਫ਼ੀਮ ਦੇ ਆਦੀ ਲੋਕਾਂ ਨੂੰ ਇਲਾਜ ਲਈ ਜਾਰੀ ਕੀਤਾ ਜਾਂਦਾ ਸੀ, ਇਸ ਲਈ ਚਿੰਤਾ ਇਹ ਸੀ ਕਿ ਇਹ ਗੋਲੀਆਂ ਗਲਤ ਹੱਥਾਂ ਵਿੱਚ ਜਾ ਰਹੀਆਂ ਸਨ।’’
ਹਾਲਾਂਕਿ, ਉਨ੍ਹਾਂ ਦਾ ਕਹਿਣਾ ਹੈ ਕਿ ਕੰਟਰੋਲ ਅਤੇ ਜਾਂਚ ਦੇ ਆਧੁਨਿਕ ਕੰਪਿਊਟਰਾਈਜ਼ਡ ਤਰੀਕਿਆਂ ਨਾਲ ਹੁਣ ਸਮਾਂ ਬਦਲ ਗਿਆ ਹੈ।
‘‘ਅਸੀਂ ਉਨ੍ਹਾਂ ਦਾ ਉਪਯੋਗ ਕਰਾਂਗੇ ਅਤੇ ਅਸੀਂ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਾਂਗੇ ਕਿ ਇਸ ਵਾਰ ਅਜਿਹਾ ਨਾ ਹੋਵੇ।’’

ਤਸਵੀਰ ਸਰੋਤ, RISCHGITZ
ਫੈਕਟਰੀ ਖੁੱਲ੍ਹਣ ਨਾਲ ਪਾਕਿਸਤਾਨ ਨੂੰ ਕਿਵੇਂ ਫਾਇਦਾ ਹੋ ਸਕਦਾ ਹੈ?
ਏਡੀਜੀ ਐਕਸਾਈਜ਼ ਐਂਡ ਟੈਕਸੇਸ਼ਨ ਪੰਜਾਬ ਰਿਜ਼ਵਾਨ ਅਕਰਮ ਸ਼ੇਰਵਾਨੀ ਦਾ ਕਹਿਣਾ ਹੈ ਕਿ ਕੁਝ ਕਾਨੂੰਨੀ ਸ਼ਰਤਾਂ ਪੂਰੀਆਂ ਕਰਨ ਅਤੇ ਫੈਕਟਰੀ ਨੂੰ ਆਧੁਨਿਕ ਉਪਕਰਨ ਮੁਹੱਈਆ ਕਰਾਉਣ ਤੋਂ ਬਾਅਦ ਅਗਲੇ ਸਾਲ ਜਨਵਰੀ ਵਿੱਚ ਇਸ ਨੂੰ ਖੋਲ੍ਹਣ ਦੀ ਯੋਜਨਾ ਹੈ।
ਇੱਕ ਵਾਰ ਫੈਕਟਰੀ ਖੁੱਲ੍ਹਣ ਤੋਂ ਬਾਅਦ, ਇਹ ਪਾਊਡਰ ਜਾਂ ਹੋਰ ਰੂਪਾਂ ਵਿੱਚ ਦਵਾਈ ਵਿੱਚ ਵਰਤੇ ਜਾਣ ਵਾਲੇ ਗ੍ਰੇਡ ਦੀ ਅਫ਼ੀਮ ਦਾ ਉਤਪਾਦਨ ਕਰੇਗੀ।
ਇਹ ਅਫ਼ੀਮ ਫਿਰ ਉਨ੍ਹਾਂ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਨੂੰ ਦਿੱਤੀ ਜਾਵੇਗੀ ਜੋ ਸਰਕਾਰ ਕੋਲ ਰਜਿਸਟਰਡ ਹਨ ਅਤੇ ਅਜਿਹੀਆਂ ਦਵਾਈਆਂ ਬਣਾਉਣ ਲਈ ਲਾਇਸੰਸਸ਼ੁਦਾ ਹਨ।
ਏਡੀਜੀ ਰਿਜ਼ਵਾਨ ਅਕਰਮ ਸ਼ੇਰਵਾਨੀ ਦਾ ਕਹਿਣਾ ਹੈ ਕਿ ਫੈਕਟਰੀ ਖੋਲ੍ਹਣ ਨਾਲ ਪਾਕਿਸਤਾਨ ਵਿੱਚ ਸਥਾਨਕ ਪੱਧਰ ’ਤੇ ਮੋਰਫੀਨ ਅਤੇ ਹੋਰ ਸਬੰਧਤ ਦਵਾਈਆਂ ਤਿਆਰ ਕੀਤੀਆਂ ਜਾ ਸਕਣਗੀਆਂ ।
‘‘ਇਨ੍ਹਾਂ ਨਾਲ ਨਾ ਸਿਰਫ਼ ਸਥਾਨਕ ਲੋੜਾਂ ਪੂਰੀਆਂ ਹੋਣਗੀਆਂ, ਸਗੋਂ ਪਾਕਿਸਤਾਨ ਇਨ੍ਹਾਂ ਨੂੰ ਨਿਰਯਾਤ ਕਰਕੇ ਵਿਦੇਸ਼ੀ ਮੁਦਰਾ ਵੀ ਕਮਾ ਸਕੇਗਾ।’’
ਸ਼ੌਕਤ ਖਾਨਮ ਮੈਮੋਰੀਅਲ ਲਾਹੌਰ ਦੇ ਸੀਓਓ ਡਾ. ਤਾਹਿਰ ਅਜ਼ੀਜ਼ ਦਾ ਮੰਨਣਾ ਹੈ ਕਿ ਜੇਕਰ ਫੈਕਟਰੀ ਦਾ ਸੰਚਾਲਨ ਦੁਬਾਰਾ ਸ਼ੁਰੂ ਹੁੰਦਾ ਹੈ, ਤਾਂ ਦਰਦ ਨਿਵਾਰਕ ਦਵਾਈਆਂ ਦੀ ਸਥਾਨਕ ਲੋੜ ਪੂਰੀ ਹੋ ਜਾਵੇਗੀ ਅਤੇ ਉਨ੍ਹਾਂ ਦੀ ਸੰਸਥਾ ਵਰਗੇ ਹਸਪਤਾਲਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਸਮੱਸਿਆ ਦਾ ਹੱਲ ਹੋ ਜਾਵੇਗਾ।
‘‘ਅਕਸਰ ਸਾਨੂੰ ਸਪਲਾਈ ਵਿੱਚ ਰੁਕਾਵਟ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ, ਯਾਨੀ ਜੇ ਅਸੀਂ ਕਿਸੇ ਮਰੀਜ਼ ਨੂੰ ਕੋਈ ਦਵਾਈ ਦੇਣੀ ਸ਼ੁਰੂ ਕਰਦੇ ਹਾਂ, ਤਾਂ ਕੁਝ ਸਮੇਂ ਬਾਅਦ ਸਾਨੂੰ ਪਤਾ ਲੱਗਦਾ ਹੈ ਕਿ ਉਸ ਦਵਾਈ ਦੀ ਕਮੀ ਹੈ ਜਾਂ ਉਸ ਦੇ ਆਯਾਤ ਵਿੱਚ ਕੋਈ ਸਮੱਸਿਆ ਹੈ, ਇਸ ਲਈ ਇਹ ਉਪਲੱਬਧ ਨਹੀਂ ਹੈ।’’
ਡਾ. ਤਾਹਿਰ ਅਜ਼ੀਜ਼ ਵੀ ਇਸ ਸੁਝਾਅ ਨਾਲ ਸਹਿਮਤ ਹਨ ਕਿ ਇਸ ਫੈਕਟਰੀ ਦੀ ਮਦਦ ਨਾਲ ਪਾਕਿਸਤਾਨ ਨਾ ਸਿਰਫ਼ ਮੋਰਫੀਨ ਦੇ ਆਯਾਤ ਨੂੰ ਘਟਾ ਸਕਦਾ ਹੈ, ਸਗੋਂ ਇਸ ਦਾ ਨਿਰਯਾਤ ਵੀ ਕਰ ਸਕਦਾ ਹੈ।
ਇੱਕ ਅੰਤਰਰਾਸ਼ਟਰੀ ਖੋਜ ਜਰਨਲ ਦੀ ਹਾਲੀਆ ਰਿਪੋਰਟ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਸਾਲ 2020 ਵਿੱਚ ਪਾਕਿਸਤਾਨ ਨੇ ਲਗਭਗ ਇੱਕ ਲੱਖ ਟਨ ਮੋਰਫੀਨ ਦਾ ਆਯਾਤ ਕੀਤਾ ਸੀ।














