'ਮਾਂ ਨੂੰ ਕਹਿਣਾ ਇਹ ਆਖ਼ਰੀ ਮੈਸੇਜ ਹੈ',‘ਖ਼ਤਰਨਾਕ’ ਰਸਤੇ ਯੂਰਪ ਗਏ ਪੁੱਤਾਂ ਦਾ ਮੈਸੇਜ ਸੁਣ ਕੇ ਮਾਂ ਘੰਟਿਆਂ ਬੱਧੀ ਰੋਂਦੀ

ਤਸਵੀਰ ਸਰੋਤ, provided by family
- ਲੇਖਕ, ਕੈਰੋਲੀਨ ਡੇਵਿਸ
- ਰੋਲ, ਬੀਬੀਸੀ ਪੱਤਰਕਾਰ
ਯੂਰਪ ਵਿੱਚ ਕੰਮ ਦੀ ਭਾਲ ਲਈ ਹਜ਼ਾਰਾਂ ਪਾਕਿਸਤਾਨੀ ਲੀਬੀਆ ਦਾ ਰਸਤਾ ਚੁਣ ਰਹੇ ਹਨ।
ਇਸ ਰੂਟ ’ਤੇ ਕਿਸ਼ਤੀ ਦੀ ਯਾਤਰਾ ਵੀ ਕਰਨੀ ਪੈਂਦੀ ਹੈ, ਜਿਸ ਦੇ ਖ਼ਤਰੇ ਬਾਰੇ ਉਦੋਂ ਪਤਾ ਲੱਗਾ ਸੀ ਜਦੋਂ ਜੂਨ ਵਿੱਚ ਗ੍ਰੀਸ ਦੇ ਨੇੜੇ ਯਾਤਰੀਆਂ ਨਾਲ ਭਰੀ ਇੱਕ ਕਿਸ਼ਤੀ ਪਲਟ ਗਈ ਸੀ। ਇਸ ਕਾਰਨ ਬਹੁਤ ਵੱਡਾ ਜਾਨੀ ਨੁਕਸਾਨ ਹੋਇਆ ਸੀ।
ਇਸ ਸਾਲ ਲੀਬੀਆ ਅਤੇ ਮਿਸਰ ਗਏ 13,000 ਪਾਕਿਸਤਾਨੀਆਂ ਵਿੱਚੋਂ ਜ਼ਿਆਦਾਤਰ ਵਾਪਸ ਨਹੀਂ ਮੁੜੇ ਹਨ। ਇਨ੍ਹਾਂ ਵਿੱਚ ਦੋ ਅਜਿਹੇ ਨੌਜਵਾਨ ਵੀ ਸ਼ਾਮਲ ਹਨ, ਜਿਨ੍ਹਾਂ ਨੇ ਆਪਣੀ ਮਾਂ ਨੂੰ ਆਖਰੀ ਸ਼ਬਦ ਕਿਹਾ ਕਿ ‘ਚਿੰਤਾ ਨਾ ਕਰੋ’।
ਪਾਕਿਸਤਾਨੀ ਪੰਜਾਬ ਦੇ ਪੁਲਿਸ ਥਾਣੇ ਵਿੱਚ ਤਾਪਮਾਨ 35 ਡਿਗਰੀ ਸੈਲਸੀਅਸ ਹੈ, ਹਵਾ ਵਿੱਚ ਥੋੜ੍ਹੀ ਨਮੀ ਤੇ ਸ਼ਾਂਤੀ ਹੈ। ਸਾਡੀ ਪਿੱਠ ਤੋਂ ਪਸੀਨਾ ਵਹਿ ਰਿਹਾ ਹੈ ਅਤੇ ਪੁਲਿਸ ਅਫਸਰ ਦਾ ਮੱਥਾ ਪਸੀਨੇ ਨਾਲ ਚਮਕ ਰਿਹਾ ਹੈ।
ਇੱਕ ਛੋਟੇ ਜਿਹੇ ਖੁੱਲ੍ਹੇ ਕੋਰੀਡੋਰ ਵਿੱਚੋਂ ਲੰਘਦਿਆਂ, ਸਾਨੂੰ ਕਾਗਜ਼ਾਂ ਨਾਲ ਭਰੇ ਕਮਰਿਆਂ ਦੇ ਪਿੱਛੇ ਇੱਕ ਛੋਟੀ ਜਿਹੀ ਅਲਮਾਰੀ ਵਿਖਾਈ ਦਿੰਦੀ ਹੈ।
16 ਵਿਅਕਤੀ ਸੀਮੇਂਟ ਦੇ ਫਰਸ਼ 'ਤੇ ਨਾਲ-ਨਾਲ ਬੈਠੇ, ਕੰਧਾਂ ਤੋਂ ਸਿੱਲ੍ਹ ਦਿਖਾਈ ਦਿੰਦੀ ਹੈ ਅਤੇ ਸਲਾਖਾਂ ਦੇ ਪਿੱਛੇ ਇੱਕ ਪੱਖਾ ਘੁੰਮ ਰਿਹਾ ਹੈ।
ਇਨ੍ਹਾਂ ਸਾਰੇ ਲੋਕਾਂ 'ਤੇ ਮਨੁੱਖੀ ਤਸਕਰੀ 'ਚ ਸ਼ਾਮਲ ਹੋਣ ਦਾ ਇਲਜ਼ਾਮ ਹੈ। ਇਨ੍ਹਾਂ 'ਚੋਂ ਜ਼ਿਆਦਾਤਰ ਦਾ ਸਬੰਧ ਉਸ ਜਹਾਜ਼ ਨਾਲ ਹੈ ਜੋ 14 ਜੂਨ ਨੂੰ ਗ੍ਰੀਸ 'ਚ ਡੁੱਬਿਆ ਸੀ।
ਇਹ ਦੱਸਿਆ ਜਾ ਰਿਹਾ ਹੈ ਕਿ ਜਹਾਜ਼ 'ਚ ਸਵਾਰ ਕਰੀਬ 300 ਪਾਕਿਸਤਾਨੀ ਲਾਪਤਾ ਹਨ। ਇਹ ਖਦਸ਼ਾ ਹੈ ਕਿ ਉਨ੍ਹਾਂ ਦੀ ਮੌਤ ਹੋ ਚੁੱਕੀ ਹੈ।
ਇਨ੍ਹਾਂ ਵਿੱਚ 15 ਸਾਲਾ ਫਰਹਾਦ ਅਤੇ 18 ਸਾਲਾ ਤੌਹੀਦ ਵੀ ਸ਼ਾਮਲ ਹਨ।

ਕਿਉਂ ਹੋ ਰਹੀ ਹੈ ਮਨੁੱਖੀ ਤਸਕਰੀ?
ਅਸੀਂ ਲੋਕਾਂ ਨੂੰ ਪੁੱਛਿਆ ਕਿ ਕੋਈ ਬੋਲਣਾ ਚਾਹੁੰਦਾ ਹੈ। ਇਸ ਤੋਂ ਬਾਅਦ ਜ਼ਿਆਦਾਤਰ ਲੋਕਾਂ ਨੇ ਅੱਖਾਂ ਫੇਰ ਲਈਆਂ ਪਰ ਹਸਨੈਨ ਸ਼ਾਹ ਨਾਂ ਦਾ ਵਿਅਕਤੀ ਅੱਗੇ ਆ ਗਿਆ।
ਹਸਨੈਨ ਦਾ ਕਹਿਣਾ ਹੈ ਕਿ ਉਹ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਤਸਕਰੀ ਦਾ ਕੰਮ ਕਰ ਰਿਹਾ ਹੈ ਅਤੇ ਇਹ ਉਸਦੀ ਤੀਜੀ ਗ੍ਰਿਫਤਾਰੀ ਹੈ।
ਹਾਲਾਂਕਿ, ਹਸਨੈਨ ਇਸ ਗੱਲ ਤੋਂ ਇਨਕਾਰ ਕਰਦਾ ਹੈ ਕਿ ਉਹਨਾਂ ਨੇ ਗ੍ਰੀਸ ਦੇ ਤੱਟ 'ਤੇ ਸਮੁੰਦਰੀ ਜਹਾਜ਼ ਦੇ ਡੁੱਬਣ ਵਿੱਚ ਕੋਈ ਵੱਡੀ ਭੂਮਿਕਾ ਨਿਭਾਈ ਸੀ।
ਹਸਨੈਨ ਕਹਿੰਦੇ ਹਨ, "ਇੱਥੇ ਇੰਨੀ ਜ਼ਿਆਦਾ ਬੇਰੁਜ਼ਗਾਰੀ ਹੈ ਕਿ ਲੋਕ ਸਾਡੇ ਘਰ ਆਉਂਦੇ ਹਨ। ਉਹ ਸਾਨੂੰ ਉਨ੍ਹਾਂ ਨੂੰ ਕਿਸੇ ਅਜਿਹੇ ਵਿਅਕਤੀ ਨਾਲ ਸੰਪਰਕ ਕਰਵਾਉਣ ਲਈ ਕਹਿੰਦੇ ਹਨ ਜੋ ਉਨ੍ਹਾਂ ਦੇ ਭਰਾਵਾਂ ਅਤੇ ਪੁੱਤਰਾਂ ਨੂੰ ਵਿਦੇਸ਼ ਲੈ ਜਾਵੇ।”
"ਮੈਂ ਇਹ ਇਸ ਲਈ ਸ਼ੁਰੂ ਕੀਤਾ ਕਿਉਂਕਿ ਮੇਰੇ ਕੋਲ ਹੋਰ ਕੋਈ ਨੌਕਰੀ ਨਹੀਂ ਸੀ। ਇਸ ਵਿੱਚ ਮੇਰੀ ਕੋਈ ਮੁੱਖ ਭੂਮਿਕਾ ਨਹੀਂ ਹੈ। ਇਹ ਲੀਬੀਆ ਵਿੱਚ ਬੈਠੇ ਲੋਕ ਹਨ ਜੋ ਬਹੁਤ ਵੱਡੇ ਬੰਦੇ ਅਤੇ ਅਮੀਰ ਹਨ। ਸਾਨੂੰ ਕਮਾਈ ਦਾ ਦਸਵਾਂ ਹਿੱਸਾ ਵੀ ਨਹੀਂ ਮਿਲਦਾ।"
ਜਦੋਂ ਮੈਂ ਪੁੱਛਦਾ ਹਾਂ ਕੀ ਉਹ ਇਨ੍ਹਾਂ ਸੜਕਾਂ 'ਤੇ ਮਰਨ ਵਾਲਿਆਂ ਨਾਲ ਜੋ ਵਾਪਰਿਆ, ਉਸ ਲਈ ਆਪਣੇ ਆਪ ਨੂੰ ਦੋਸ਼ੀ ਮੰਨਦੇ ਹਨ ਤਾਂ ਉਸ ਦਾ ਲਹਿਜ਼ਾ ਬਦਲ ਜਾਂਦਾ ਹੈ।
"ਮੈਨੂੰ ਬਹੁਤ ਅਫ਼ਸੋਸ ਹੈ, ਅਸੀਂ ਇਸ ਲਈ ਬਹੁਤ ਸ਼ਰਮਿੰਦਾ ਹਾਂ। ਪਰ ਅਸੀਂ ਕੀ ਕਰ ਸਕਦੇ ਹਾਂ? ਜੇ ਮੈਂ ਅਜਿਹਾ ਨਹੀਂ ਕਰਾਂਗਾ, ਤਾਂ ਕੋਈ ਹੋਰ ਕਰੇਗਾ।"
ਪਾਕਿਸਤਾਨ ਦੀ ਆਰਥਿਕਤਾ ਢਹਿ-ਢੇਰੀ ਹੋ ਰਹੀ ਹੈ, ਮਹਿੰਗਾਈ 40 ਫੀਸਦੀ ਦੇ ਕਰੀਬ ਪਹੁੰਚ ਗਈ ਹੈ ਅਤੇ ਰੁਪਏ ਦੀ ਕੀਮਤ ਡਿੱਗ ਰਹੀ ਹੈ।
ਅਜਿਹੇ 'ਚ ਇੱਥੇ ਬਹੁਤ ਸਾਰੇ ਲੋਕ ਵਿਦੇਸ਼ ਜਾਣ ਦੀ ਸੋਚ ਰਹੇ ਹਨ, ਜਿੱਥੇ ਘੱਟ ਤਨਖਾਹ ਵੀ ਪਾਕਿਸਤਾਨ 'ਚ ਕਮਾਈ ਤੋਂ ਜ਼ਿਆਦਾ ਹੋ ਸਕਦੀ ਹੈ।
ਪਿਛਲੇ ਸਾਲ ਦੇ ਇੱਕ ਸਰਵੇਖਣ ਵਿੱਚ ਪਾਇਆ ਗਿਆ ਕਿ 15 ਤੋਂ 24 ਸਾਲ ਦੀ ਉਮਰ ਦੇ 62 ਫੀਸਦ ਨੌਜਵਾਨ ਮੁੰਡੇ ਦੇਸ਼ ਛੱਡਣਾ ਚਾਹੁੰਦੇ ਸਨ।
ਉਨ੍ਹਾਂ ਵਿੱਚੋਂ ਕੁਝ ਕਾਨੂੰਨੀ ਤੌਰ 'ਤੇ ਵਿਦੇਸ਼ ਜਾਣ ਦੀ ਕੋਸ਼ਿਸ਼ ਕਰਨਗੇ ਅਤੇ ਬਾਕੀ ਹੋਰ ਤਰੀਕੇ ਲੱਭਣਗੇ।

ਵਿਦੇਸ਼ ਜਾਣ ਦਾ ਨਵਾਂ ‘ਪਸੰਦੀਦਾ’ ਰਸਤਾ
ਗੈਰ-ਕਾਨੂੰਨੀ ਇਮੀਗ੍ਰੇਸ਼ਨ ਬਾਰੇ ਬਹੁਤ ਜ਼ਿਆਦਾ ਦੱਸਣਾ ਮੁਸ਼ਕਲ ਹੈ।
ਹਲਾਂਕਿ, ਪਾਕਿਸਤਾਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਲ ਹੀ ਵਿੱਚ ਗ੍ਰੀਸ ਦੇ ਜਹਾਜ਼ ਹਾਦਸੇ ਨੇ ਪਾਕਿਸਤਾਨੀਆਂ ਲਈ ਇੱਕ ਨਵਾਂ ਪਸੰਦੀਦਾ ਰਸਤਾ ਉਜਾਗਰ ਕੀਤਾ ਹੈ।
ਇਸ ਵਿੱਚ ਪਹਿਲਾਂ ਦੁਬਈ ਤੋਂ ਹਵਾਈ ਜਹਾਜ਼ ਰਾਹੀਂ ਮਿਸਰ ਜਾਂ ਲੀਬੀਆ ਜਾਂਦੇ ਹਨ ਅਤੇ ਫਿਰ ਪੂਰਬੀ ਲੀਬੀਆ ਤੋਂ ਯੂਰਪ ਜਾਣ ਲਈ ਇੱਕ ਵੱਡੀ ਕਿਸ਼ਤੀ ਦੀ ਮਦਦ ਲੈਂਦੇ ਹਨ।
ਗ੍ਰੀਸ ਕਿਸ਼ਤੀ ਹਾਦਸੇ ਦੀ ਪਾਕਿਸਤਾਨ ਵੱਲੋਂ ਜਾਂਚ ਦੇ ਇੰਚਾਰਜ ਮੁਹੰਮਦ ਆਲਮ ਸ਼ਿਨਵਾਰੀ ਦਾ ਕਹਿਣਾ ਹੈ, "ਹੁਣ ਪਾਕਿਸਤਾਨ ਵਿੱਚ ਲੋਕ ਗੈਰ-ਕਾਨੂੰਨੀ ਤਰੀਕੇ ਨਾਲ ਵਿਦੇਸ਼ ਜਾਣ ਲਈ ਈਰਾਨ ਵਰਗੇ ਰੂਟਾਂ ਦਾ ਸਹਾਰਾ ਘੱਟ ਲੈਂਦੇ ਹਨ ਕਿਉਂਕਿ ਤੁਰਕੀ ਵਰਗੇ ਦੇਸ਼ਾਂ ਨੇ ਗੈਰ-ਕਾਨੂੰਨੀ ਆਮਦ 'ਤੇ ਪਾਬੰਦੀ ਲਗਾਈ ਹੋਈ ਹੈ।''
ਉਨ੍ਹਾਂ ਬੀਬੀਸੀ ਨੂੰ ਦੱਸਿਆ ਕਿ ਸਾਲ 2023 ਦੇ ਪਹਿਲੇ ਛੇ ਮਹੀਨਿਆਂ ਵਿੱਚ ਲਗਭਗ 13 ਹਜ਼ਾਰ ਲੋਕ ਲੀਬੀਆ ਜਾਂ ਮਿਸਰ ਜਾਣ ਲਈ ਪਾਕਿਸਤਾਨ ਛੱਡ ਗਏ, ਜਦੋਂ ਕਿ 2022 ਵਿੱਚ ਲਗਭਗ ਸੱਤ ਹਜ਼ਾਰ ਲੋਕ ਸਨ। ਉਨ੍ਹਾਂ 13 ਹਜ਼ਾਰ ਲੋਕਾਂ ਵਿੱਚੋਂ 10 ਹਜ਼ਾਰ ਵਾਪਸ ਨਹੀਂ ਪਰਤੇ ਹਨ।
ਮੁਹੰਮਦ ਆਲਮ ਸ਼ਿਨਵਾਰੀ ਕਹਿੰਦੇ ਹਨ, "ਸਾਨੂੰ ਨਹੀਂ ਪਤਾ ਕਿ ਉਹ ਹਾਲੇ ਵੀ ਲੀਬੀਆ ਵਿੱਚ ਹਨ ਜਾਂ ਕਿਸੇ ਯੂਰਪੀਅਨ ਦੇਸ ਵਿੱਚ ਗਏ ਹਨ।"

- ਪਾਕਿਸਤਾਨ ਵਿੱਚ ਵੱਡੀ ਗਿਣਤੀ 'ਚ ਨੌਜਵਾਨ ਯੂਰਪ ਜਾਣਾ ਚਹੁੰਦੇ ਹਨ
- ਯੂਰਪ ਜਾਣ ਲਈ ਤਸਕਰ ਖ਼ਤਰਨਾਕ ਰਸਤੇ ਰਾਹੀਂ ਭੇਜਦੇ ਹਨ
- ਪਾਕਿਸਾਤਾਨ ਦੀ ਅਰਥ-ਵਿਵਸਥਾ ਕਾਫ਼ੀ ਸੰਕਟ ਵਿੱਚ ਹੈ
- ਲੋਕ ਚੰਗੀ ਜ਼ਿੰਦਗੀ ਦੀ ਉਮੀਦ ਵਿੱਚ ਪੁੱਤਰਾਂ ਨੂੰ ਵਿਦੇਸ਼ ਭੇਜ ਰਹੇ ਹਨ

ਪਾਕਿਸਤਾਨ ਸਰਕਾਰ ਕੀ ਕਦਮ ਚੁੱਕ ਰਹੀ ਹੈ?
ਹੈਰਾਨੀ ਦੀ ਗੱਲ ਇਹ ਹੈ ਕਿ ਜਹਾਜ਼ ਡੁੱਬਣ ਤੱਕ ਪੁਲਿਸ ਨੂੰ ਇਹ ਨਹੀਂ ਪਤਾ ਸੀ ਕਿ ਇਸ ਰਸਤੇ ਤੋਂ ਕਿੰਨੇ ਪਾਕਿਸਤਾਨੀ ਨਾਗਰਿਕ ਜਾ ਰਹੇ ਸਨ।
ਇਸ ਸਾਲ ਫਰਵਰੀ ਵਿੱਚ, ਪਾਕਿਸਤਾਨੀ ਲੋਕ ਇੱਕ ਜਹਾਜ਼ ਵਿੱਚ ਸਵਾਰ ਸਨ ਜੋ ਤੁਰਕੀ ਤੋਂ ਲੀਬੀਆ ਜਾਂਦੇ ਸਮੇਂ ਇਟਲੀ ਦੇ ਸਮੁੰਦਰੀ ਤੱਟ ਦੇ ਨੇੜੇ ਡੁੱਬ ਗਿਆ ਸੀ।
ਪਰ ਸ਼ਿਨਵਾਰੀ ਦਾ ਕਹਿਣਾ ਹੈ ਕਿ ਜਦੋਂ ਤੱਕ ਰਿਸ਼ਤੇਦਾਰ ਪੁਲਿਸ ਕੋਲ ਆ ਕੇ ਨਹੀਂ ਦੱਸਦੇ ਕਿ ਕੀ ਹੋਇਆ ਹੈ, ਉਦੋਂ ਤੱਕ ਇਨ੍ਹਾਂ ਰਸਤਿਆਂ ਦੀ ਜਾਂਚ ਕਰਨਾ ਮੁਸ਼ਕਲ ਹੈ।
ਉਹ ਕਹਿੰਦੇ ਹਨ, "ਲੋਕ ਸ਼ਿਕਾਇਤ ਲਈ ਅੱਗੇ ਨਹੀਂ ਆਉਂਦੇ, ਸਗੋਂ ਉਹ ਅਦਾਲਤ ਤੋਂ ਬਾਹਰ ਸਮਝੌਤਾ ਕਰ ਲੈਂਦੇ ਹਨ।''
''ਸਾਡੇ ਲਈ ਅਜਿਹੇ ਮਾਮਲਿਆਂ ਦੀ ਪੈਰਵੀ ਕਰਨਾ ਤੇ ਜਾਣਕਾਰੀ ਇਕੱਠੀ ਕਰਨੀ ਮੁਸ਼ਕਲ ਹੋ ਜਾਂਦੀ ਹੈ ਕਿਉਂਕਿ ਇਹ ਜਾਣਕਾਰੀ ਪਰਿਵਾਰਾਂ ਤੋਂ ਹੀ ਆਉਂਦੀ ਹੈ ਪਰ ਜ਼ਿਆਦਾਤਰ ਮਾਮਲਿਆਂ ਵਿੱਚ ਉਹ ਸਾਨੂੰ ਕੁਝ ਨਹੀਂ ਦੱਸਦੇ।"

ਕੁਝ ਹੋਰ ਸਮੱਸਿਆਵਾਂ ਬਾਰੇ ਦੱਸਦੇ ਹੋਏ ਸ਼ਿਨਵਾਰੀ ਕਹਿੰਦੇ ਹਨ ਕਿ ਬਹੁਤ ਸਾਰੇ ਲੋਕ ਸਹੀ ਵੀਜ਼ੇ ਅਤੇ ਅਸਲ ਦਸਤਾਵੇਜ਼ਾਂ ਨਾਲ ਦੁਬਈ ਜਾਂ ਮਿਸਰ ਜਾਂਦੇ ਹਨ, ਇਸ ਲਈ ਉਨ੍ਹਾਂ ਨੂੰ ਰੋਕਣਾ ਮੁਸ਼ਕਲ ਹੈ। ਇਸ ਦਾ ਮਤਲਬ ਹੈ ਕਿ ਇਸ ਰੂਟ 'ਤੇ ਸਫਰ ਕਰਨਾ ਦੂਜੇ ਰੂਟਾਂ ਨਾਲੋਂ ਮਹਿੰਗਾ ਹੈ।
ਪਾਕਿਸਤਾਨ ਵੱਲੋਂ ਗੈਰ-ਕਾਨੂੰਨੀ ਪਰਵਾਸ ਨੂੰ ਰੋਕਣ ਲਈ ਚੁੱਕੇ ਗਏ ਕਦਮਾਂ ਬਾਰੇ ਸ਼ਿਨਵਾਰੀ ਕਹਿੰਦੇ ਹਨ ਕਿ ਪਿਛਲੇ ਸਾਲ ਉਨ੍ਹਾਂ ਨੇ 19,000 ਲੋਕਾਂ ਨੂੰ ਵਿਦੇਸ਼ ਜਾਣ ਤੋਂ ਰੋਕਿਆ ਕਿਉਂਕਿ ਸਰਕਾਰ ਨੂੰ ਡਰ ਸੀ ਕਿ ਉਹ ਮਨੁੱਖੀ ਤਸਕਰੀ ਦਾ ਸ਼ਿਕਾਰ ਹੋ ਸਕਦੇ ਹਨ। ਇਸ ਦੇ ਨਾਲ 20,000 ਪਾਕਿਸਤਾਨੀਆਂ ਨੂੰ ਵਾਪਸ ਡਿਪੋਰਟ ਕੀਤਾ ਗਿਆ ਸੀ।
ਸ਼ਿਨਵਾਰੀ ਕਹਿੰਦੇ ਹਨ, “ਕਿੰਨੇ ਲੋਕ ਜਾ ਰਹੇ ਹਨ। ਸਾਨੂੰ ਕੋਈ ਪਤਾ ਨਹੀਂ ਹੈ।"
ਜਿਨ੍ਹਾਂ ਲੋਕਾਂ ਨੇ ਇਸ ਤਰ੍ਹਾਂ ਦੇ ਸਫ਼ਰ ਕੀਤੇ ਹਨ, ਉਹਨਾਂ ਵਿੱਚੋਂ ਕਾਫ਼ੀ ਹੁਣ ਲੀਬੀਆ ਵਿੱਚ ਫਸੇ ਹੋਏ ਹਨ।
ਪੰਜਾਬ ਦੇ ਇੱਕ ਪਿੰਡ ਵਿੱਚ, ਅਸੀਂ ਇੱਕ ਪਰਿਵਾਰ ਨਾਲ ਗੱਲ ਕਰਨ ਲਈ ਰੁਕਦੇ ਹਾਂ ਤਾਂ ਤੁਰੰਤ ਇਲਾਕੇ ਦੇ ਬੰਦੇ ਇਕੱਠੇ ਹੋ ਗਏ।
ਉਨ੍ਹਾਂ ਦੇ ਕਈ ਰਿਸ਼ਤੇਦਾਰ ਕੁਝ ਹਫ਼ਤੇ ਪਹਿਲਾਂ ਲੀਬੀਆ ਗਏ ਸਨ ਅਤੇ ਹਾਲੇ ਵੀ ਉੱਥੇ ਹੀ ਹਨ। ਉੱਥੇ ਫਸੇ ਲੋਕ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਵਾਇਸ ਨੋਟ ਤੇ ਵੀਡੀਓ ਭੇਜ ਕੇ ਪੈਸੇ ਮੰਗਵਾ ਰਹੇ ਹਨ।
ਇਸ ਦੌਰਾਨ ਇੱਕ ਪਿਤਾ ਨੇ ਸਾਨੂੰ ਸੌ ਤੋਂ ਵੱਧ ਲੋਕਾਂ ਦੀਆਂ ਵੀਡੀਓ ਦਿਖਾਈਆਂ।
ਵੀਡੀਓ 'ਚ ਦਿਖਾਈ ਦੇ ਰਹੇ ਲੋਕਾਂ ਨੇ ਅੱਤ ਦੀ ਗਰਮੀ ਤੋਂ ਰਾਹਤ ਲਈ ਆਪਣੇ ਕੱਪੜੇ ਉਤਾਰੇ ਹੋਏ ਸਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਕੈਮਰੇ ਸਾਹਮਣੇ ਉਨ੍ਹਾਂ ਨੂੰ ਉਥੋਂ ਬਾਹਰ ਕੱਢਣ ਲਈ ਬੇਨਤੀ ਕਰ ਰਹੇ ਹਨ।
ਪਾਕਿਸਤਾਨੀ ਯੂਰਪ ਕਿਉਂ ਜਾਣਾ ਚਾਹੁੰਦੇ ਹਨ?
ਸਥਿਤੀ ਇੰਨੀ ਭੰਬਲਭੂਸੇ ਵਾਲੀ ਹੈ ਕਿ ਪੀੜਤ ਪਰਿਵਾਰਾਂ ਨੂੰ ਇਹ ਪਤਾ ਨਹੀਂ ਲੱਗ ਰਿਹਾ ਕਿ ਉਨ੍ਹਾਂ ਦੇ ਰਿਸ਼ਤੇਦਾਰ ਤਸਕਰਾਂ ਕੋਲ ਹਨ, ਲੀਬੀਆ ਦੇ ਅਧਿਕਾਰੀਆਂ ਜਾਂ ਹੋਰ ਕਿਸ ਨੇ ਫੜੇ ਹੋਏ ਹਨ?
ਇੱਕ ਪਿਤਾ ਨੇ ਕਿਹਾ, "ਉਹ ਉਨ੍ਹਾਂ ਨੂੰ ਦੋ-ਤਿੰਨ ਦਿਨਾਂ ਵਿੱਚ ਇੱਕ ਵਾਰ ਹੀ ਖਾਣਾ ਦਿੰਦੇ ਹਨ। ਮੇਰਾ ਪੁੱਤ ਬਹੁਤ ਰੋਂਦਾ ਹੈ, ਉਹ ਸਿਰਫ਼ 18 ਸਾਲ ਦਾ ਹੈ। ਉਹ ਕਹਿੰਦਾ ਹੈ ਕਿ ਅਸੀਂ ਮੁਸੀਬਤ ਵਿੱਚ ਫਸ ਗਏ ਹਾਂ।"
ਇਨ੍ਹਾਂ ਹਾਲਾਤਾਂ ਦੇ ਬਾਵਜੂਦ, ਪਰਿਵਾਰ ਇਸ ਗੱਲ 'ਤੇ ਇੱਕਮਤ ਨਹੀਂ ਕਿ ਉਹ ਅੱਗੇ ਕੀ ਕਰਨਾ ਚਾਹੁੰਦੇ ਹਨ?
ਪਹਿਲਾਂ ਉਨ੍ਹਾਂ ਕਿਹਾ ਕਿ ਉਹ ਨੌਜਵਾਨਾਂ ਲਈ ਯੂਰਪ ਜਾਣ ਦਾ ਸੁਰੱਖਿਅਤ ਰਸਤਾ ਚਾਹੁੰਦਾ ਹੈ, ਪਰ ਬਾਅਦ ਵਿੱਚ ਕਿਹਾ ਕਿ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਘਰ ਵਾਪਸ ਆ ਜਾਣ।
ਪੁਲਿਸ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੂੰ ਇਸ ਬਾਰੇ ਪਤਾ ਹੈ ਅਤੇ ਉਹ ਹਾਲੇ ਇਸ 'ਤੇ ਕੰਮ ਕਰ ਰਿਹਾ ਹੈ।
ਬੀਬੀਸੀ ਨੇ ਪਾਕਿਸਤਾਨ ਵਿੱਚ ਬਹੁਤ ਸਾਰੇ ਲੋਕਾਂ ਨਾਲ ਗੱਲ ਕੀਤੀ ਜਿਨ੍ਹਾਂ ਨੇ ਕਿਹਾ ਕਿ ਉਹ ਹਾਲੇ ਵੀ ਗੈਰ-ਕਾਨੂੰਨੀ ਤਰੀਕੇ ਨਾਲ ਜਾਣ ਦੀ ਕੋਸ਼ਿਸ਼ ਕਰ ਰਹੇ ਹਨ।

ਯੂਰਪ ਵਿੱਚ ਮੌਜੂਦ ਇੱਕ ਤਸਕਰ ਨੇ ਦੱਸਿਆ ਕਿ ਹਾਲੇ ਵੀ ਪਾਕਿਸਤਾਨ ਤੋਂ ਅਜਿਹੇ ਰੂਟ ਚਲਾਏ ਜਾ ਰਹੇ ਹਨ।
ਇੱਥੋਂ ਤੱਕ ਕਿ ਪੁਲਿਸ ਅਧਿਕਾਰੀਆਂ ਨੇ ਮੰਨਿਆ ਹੈ ਕਿ ਉਹ ਜਾਣਦੇ ਹਨ ਕਿ ਲੋਕ ਅਜੇ ਵੀ ਗੈਰ-ਕਾਨੂੰਨੀ ਢੰਗ ਨਾਲ ਦੇਸ ਛੱਡ ਰਹੇ ਹਨ।
ਜਿਨ੍ਹਾਂ ਲੋਕਾਂ ਨਾਲ ਅਸੀਂ ਗੱਲ ਕੀਤੀ ਹੈ ਉਨ੍ਹਾਂ ਵਿੱਚੋਂ ਸਾਰਿਆਂ ਨੇ ਵਿਦੇਸ਼ ਜਾਣ ਲਈ ਬਿਹਤਰ ਜ਼ਿੰਦਗੀ ਦੀ ਉਮੀਦ ਵਿੱਚ ਜਾਣ ਜਾਂ ਪੁੱਤਰਾਂ ਨੂੰ ਭੇਜਣ ਦੀ ਗੱਲ ਕਹੀ।
ਕੁਝ ਲੋਕਾਂ ਨੇ ਸਮਾਜਿਕ ਦਬਾਅ ਦਾ ਵੀ ਜ਼ਿਕਰ ਕੀਤਾ ਹੈ। ਇੱਕ ਵਿਅਕਤੀ ਨੇ ਕਿਹਾ ਕਿ ਉਸ ਦੇ ਜ਼ਿਆਦਾਤਰ ਚਚੇਰੇ ਭਰਾ ਪਹਿਲਾਂ ਹੀ ਸਰਹੱਦ ਪਾਰ ਕਰ ਚੁੱਕੇ ਹਨ ਅਤੇ ਹੁਣ ਕਈ ਵਾਰ ਉਸ ਨੂੰ ਕਿਹਾ ਗਿਆ ਕਿ ਉਹ ਕਿਉਂ ਨਹੀਂ ਗਿਆ।
ਕਈਆਂ ਨੇ ਦੱਸਿਆ ਕਿ ਵਿਦੇਸ਼ਾਂ ਵਿੱਚ ਕਮਾਏ ਪੈਸੇ ਨਾਲ ਬਣਾਏ ਘਰਾਂ ਅਤੇ ਉਹਨਾਂ ਦੇ ਆਲੇ ਦੁਆਲੇ ਰਹਿਣ ਵਾਲੇ ਤਸਕਰਾਂ ਵੱਲੋਂ ਦਬਾਅ ਪਾਇਆ ਜਾਂਦਾ ਹੈ ਕਿ ਇਹ ਉਹਨਾਂ ਦੇ ਬੱਚਿਆਂ ਦੇ ਭਵਿੱਖ ਲਈ ਇਸ ਤੋਂ ਵਧੀਆ ਕੀ ਹੋ ਸਕਦਾ ਹੈ।
ਫਰਹਾਦ ਅਤੇ ਤੌਹੀਦ ਦੇ ਪਿਤਾ ਸਮੇਤ ਕਈਆਂ ਨੂੰ ਇਸ ਸਫ਼ਰ ਦਾ ਨਿੱਜੀ ਤਜਰਬਾ ਵੀ ਸੀ।
ਪੀੜਤ ਪਰਿਵਾਰ ਦਾ ਦੁਖਾਂਤ

ਫ਼ਰੀਦ ਹੁਸੈਨ ਅੱਠ ਸਾਲ ਪਹਿਲਾਂ ਤੁਰਕੀ ਤੋਂ ਗ੍ਰੀਸ, ਮੈਸੇਡੋਨੀਆ, ਸਰਬੀਆ, ਕਰੋਏਸ਼ੀਆ ਅਤੇ ਸਲੋਵੇਨੀਆ ਰਾਹੀਂ ਗੈਰ-ਕਾਨੂੰਨੀ ਢੰਗ ਨਾਲ ਜਰਮਨੀ ਗਏ ਸਨ।
ਉਹ ਚਾਰ ਸਾਲਾਂ ਬਾਅਦ ਵਾਪਸ ਆਏ, ਉਹਨਾਂ ਦੇ ਪਿਤਾ ਬੀਮਾਰ ਹੋ ਗਏ ਸਨ ਅਤੇ ਪਰਿਵਾਰ ਦੀ ਦੇਖਭਾਲ ਕਰਨ ਦੀ ਲੋੜ ਸੀ। ਫਿਰ ਉਸੇ ਤਸਕਰ ਨੇ ਉਨ੍ਹਾਂ ਨੂੰ ਆਪਣੇ ਅੱਲੜ ਪੁੱਤਰਾਂ ਨੂੰ ਭੇਜਣ ਲਈ ਮਨਾ ਲਿਆ।
ਫਰੀਦ ਕਹਿੰਦੇ ਹਨ, “ਉਹ ਸਾਨੂੰ ਯਕੀਨ ਦਿਵਾਉਂਦਾ ਸੀ ਕਿ ਯੂਰਪ ਸਾਡੇ ਸਾਹਮਣੇ ਹੈ। ਬੱਚੇ ਉੱਥੇ ਜਾ ਕੇ ਆਪਣੀ ਜ਼ਿੰਦਗੀ ਬਣਾਉਣਗੇ ਅਤੇ ਫਿਰ ਤੁਸੀਂ ਜੋ ਚਾਹੋ ਖਰੀਦ ਸਕਦੇ ਹੋ।”
ਉਹ ਕਹਿੰਦੇ ਹਨ, “ਮੈਂ ਸੋਚਿਆ ਕਿ ਅਸੀਂ ਗਰੀਬ ਲੋਕ ਹਾਂ, ਭਾਵੇਂ ਉਹ ਇੱਥੇ ਪੜ੍ਹ ਜਾਣ, ਉਨ੍ਹਾਂ ਨੂੰ ਨੌਕਰੀਆਂ ਨਹੀਂ ਮਿਲਣਗੀਆਂ ਅਤੇ ਸਾਡੇ ਕੋਲ ਬਹੁਤੀ ਜ਼ਮੀਨ ਵੀ ਨਹੀਂ ਹੈ। ਮੈਂ ਸੋਚਿਆ ਕਿ ਬੱਚੇ ਯੂਰਪ ਜਾਣਗੇ, ਸਿੱਖਿਆ ਲੈਣਗੇ ਅਤੇ ਕੰਮ ਕਰਨਗੇ।"
ਫ਼ਰੀਦ ਨੇ ਆਪਣੀ ਜ਼ਮੀਨ ਵੇਚ ਦਿੱਤੀ, ਫਿਰ ਉਨ੍ਹਾਂ ਦੇ ਪੁੱਤਰ ਫਰਹਾਦ-ਤੌਹੀਦ ਮਿਸਰ ਅਤੇ ਦੁਬਈ ਦੇ ਰਸਤੇ ਲੀਬੀਆ ਚਲੇ ਗਏ।
ਮਾਪਿਆਂ ਕੋਲ ਉਹਨਾਂ ਦੀਆਂ ਲੀਬੀਆ ਵਿੱਚ ਦੋਸਤਾਂ ਨਾਲ ਆਪਣੇ ਘਰ ਦੇ ਫਰਸ਼ 'ਤੇ ਸੌਂਦੇ ਹੋਏ ਤੇ ਜਹਾਜ਼ ਵਿੱਚ ਸਵਾਰ ਵੀਡੀਓ ਵੀ ਹਨ।
ਮੁੰਡਿਆਂ ਦੀ ਮਾਂ ਨਜ਼ਮਾ ਕਹਿੰਦੇ ਹਨ, "ਸਵੇਰੇ ਉਨ੍ਹਾਂ ਨੇ ਆਪਣੇ ਪਿਤਾ ਨੂੰ ਕਿਸੇ ਦੇ ਮੋਬਾਈਲ ਤੋਂ ਸੁਨੇਹਾ ਭੇਜਿਆ ਕਿ ਅਸੀਂ ਜਾ ਰਹੇ ਹਾਂ, ਮਾਂ ਨੂੰ ਕਹਿਣਾ ਕਿ ਇਹ ਸਾਡਾ ਆਖਰੀ ਸੁਨੇਹਾ ਹੈ।"
ਕੁਝ ਦਿਨਾਂ ਬਾਅਦ ਤਸਕਰਾਂ ਨੇ ਪਰਿਵਾਰ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਮਠਿਆਈ ਵੰਡਣ ਲਈ ਕਿਹਾ। ਉਹਨਾਂ ਦੱਸਿਆ ਕਿ ਉਨ੍ਹਾਂ ਦੇ ਬੱਚੇ ਸੁਰੱਖਿਅਤ ਪਹੁੰਚ ਗਏ ਹਨ। ਉਹ ਜਸ਼ਨ ਮਨਾਉਣ ਲੱਗੇ।
ਅਗਲੇ ਦਿਨ ਉਹਨਾਂ ਦੇ ਚਚੇਰੇ ਭਰਾਵਾਂ ਨੇ ਪਰਿਵਾਰ ਨੂੰ ਕਾਲ ਕੀਤੀ ਕਿਉਂਕਿ ਉਹਨਾਂ ਨੇ ਇੱਕ ਪਰਵਾਸੀ ਜਹਾਜ਼ ਦੇ ਡੁੱਬਣ ਬਾਰੇ ਅੰਤਰਰਾਸ਼ਟਰੀ ਖਬਰ ਪੜ੍ਹੀ ਸੀ। ਪਰ ਉਦੋਂ ਤੱਕ ਤਸਕਰ ਫ਼ਰਾਰ ਹੋ ਚੁੱਕੇ ਸਨ।
ਇਸ ਤੋਂ ਬਾਅਦ ਪਰਿਵਾਰ ਨੇ ਫਰਹਾਦ ਅਤੇ ਤੌਹੀਦ ਦੀ ਆਵਾਜ਼ ਨਹੀਂ ਸੁਣੀ।
ਮੰਨਿਆ ਜਾ ਰਿਹਾ ਹੈ ਕਿ ਦੋਵੇਂ 14 ਜੂਨ ਨੂੰ ਗ੍ਰੀਸ ਦੇ ਪਾਣੀ ਵਿੱਚ ਡੁੱਬ ਗਏ ਸਨ। ਉਨ੍ਹਾਂ ਦੇ ਮਾਪਿਆਂ ਕੋਲ ਦਫ਼ਨਾਉਣ ਲਈ ਕਦੇ ਲਾਸ਼ਾਂ ਨਹੀਂ ਹੋਣਗੀਆਂ।
ਹੁਣ ਉਨ੍ਹਾਂ ਦੀ ਮਾਂ ਕਹਿੰਦੀ ਹੈ ਕਿ ਉਹ ਉਹਨਾਂ ਦੇ ਵਾਇਸ ਮੈਸੇਜ ਸੁਣਦੀ ਰਹਿੰਦੀ ਹੈ ਅਤੇ ਘੰਟਿਆਂ ਬੱਧੀ ਰੋਂਦੀ ਹੈ।
ਫਰੀਦ ਕਹਿੰਦੇ ਹਨ, "ਭਾਵੇਂ ਇੱਥੇ ਗਰੀਬੀ ਹੋਵੇ ਅਤੇ ਬੰਦਾ ਭੁੱਖ ਨਾਲ ਮਰ ਜਾਏ ਪਰ ਕਿਸੇ ਨੂੰ ਜਾਣਾ ਨਹੀਂ ਚਾਹੀਦਾ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਕੋਈ ਤੁਹਾਨੂੰ ਯੂਰਪ ਜਾਣ ਲਈ ਕਿੰਨਾ ਮਨਾ ਰਿਹਾ ਹੈ।"












