ਮਨੁੱਖੀ ਤਸਕਰਾਂ ਦੇ ਸ਼ਿਕਾਰ ਪਰਿਵਾਰ, ‘ਮੈਂ ਬੇਟੇ ਨੂੰ ਬਹੁਤ ਸਮਝਾਇਆ ਕਿ ਰਾਹ ਖ਼ਤਰਨਾਕ ਹੈ ਪਰ ਉਹ ਨਹੀਂ ਮੰਨਿਆ’

- ਲੇਖਕ, ਉਮਰਦਰਾਜ਼ ਨੰਗਿਆਨਾ
- ਰੋਲ, ਬੀਬੀਸੀ ਉਰਦੂ
ਮੁਹੰਮਦ ਅਯੂਬ ਨੂੰ ਪਤਾ ਹੈ ਕਿ ਉਹਨਾਂ ਦਾ ਭਰਾ ਉਸ ਕਿਸ਼ਤੀ 'ਤੇ ਸਵਾਰ ਸੀ ਪਰ ਹੁਣ ਤੱਕ ਉਸ ਦੀ ਨਾ ਤਾਂ ਮਰਨ ਵਾਲਿਆਂ 'ਚ ਪਛਾਣ ਹੋ ਸਕੀ ਹੈ ਅਤੇ ਨਾ ਹੀ ਉਹ ਉਨ੍ਹਾਂ 12 ਪਾਕਿਸਤਾਨੀ ਨਾਗਰਿਕਾਂ 'ਚ ਹੈ, ਜਿਨ੍ਹਾਂ ਨੂੰ ਜ਼ਿੰਦਾ ਬਚਾਇਆ ਗਿਆ।
ਕਿਸ਼ਤੀ ਡੁੱਬੀ ਨੂੰ ਕਈ ਦਿਨ ਬੀਤ ਚੁੱਕੇ ਹਨ ਪਰ ਅਜੇ ਵੀ ਮੁਹੰਮਦ ਅਯੂਬ ਆਸਵੰਦ ਹੈ ਕਿ ਸ਼ਾਇਦ… ਸ਼ਾਇਦ ਕੋਈ ਚਮਤਕਾਰ ਹੋ ਗਿਆ ਹੋਵੇ ਅਤੇ ਉਸਦਾ ਭਰਾ ਮੁਹੰਮਦ ਯਾਸਿਰ ਅਜੇ ਵੀ ਜ਼ਿੰਦਾ ਹੋਵੇ।
ਹਾਲਾਂਕਿ, ਅਯੂਬ ਨੂੰ ਪਤਾ ਹੈ ਕਿ ਉਨ੍ਹਾਂ ਦੇ ਪਿੰਡ ਬੰਡਲੀ ਦੇ ਦੋ ਮੁੰਡਿਆ ਨੇ, ਜੋ ਬਚੇ ਹਨ, ਦੱਸਿਆ ਹੈ ਕਿ ਜਦੋਂ ਕਿਸ਼ਤੀ ਪਲਟੀ ਸੀ ਤਾਂ ਉਨ੍ਹਾਂ ਦੇ ਪਿੰਡ ਦੇ ਬਾਕੀ 26 ਮੁੰਡੇ ਵੀ ਇਸੇ ਕਿਸ਼ਤੀ ਵਿੱਚ ਸਵਾਰ ਸਨ।
ਇਸ ਤੋਂ ਬਾਅਦ ਉਹ ਕਿੱਥੇ ਚਲੇ ਗਏ ਇਸ ਬਾਰੇ ਇਹਨਾਂ ਦੋ ਬਚੇ ਹੋਏ ਲੜਕਿਆਂ ਨੂੰ ਪਤਾ ਨਹੀਂ। ਉਹਨਾਂ ਨੇ ਖੁਦ ਸਮੁੰਦਰ ਵਿੱਚ ਛਾਲ ਮਾਰ ਦਿੱਤੀ ਜਿੱਥੋਂ ਯੂਨਾਨੀ ਤੱਟ ਰੱਖਿਅਕਾਂ ਨੇ ਉਹਨਾਂ ਦੀ ਜਾਨ ਬਚਾਈ।
ਗ੍ਰੀਸ 'ਚ ਕਿਸ਼ਤੀ ਡੁੱਬਣ ਦੇ ਹਾਦਸੇ ਤੋਂ ਬਾਅਦ ਹੁਣ ਤੱਕ ਕਰੀਬ 78 ਲੋਕਾਂ ਦੀਆਂ ਲਾਸ਼ਾਂ ਨੂੰ ਕੱਢਿਆ ਜਾ ਚੁੱਕਾ ਹੈ।
ਪਤਾ ਲੱਗਾ ਹੈ ਕਿ ਉਸ ਕਿਸ਼ਤੀ 'ਤੇ 700 ਤੋਂ ਵੱਧ ਲੋਕ ਸਵਾਰ ਸਨ। ਪਾਕਿਸਤਾਨ ਸਰਕਾਰ ਦਾ ਕਹਿਣਾ ਹੈ ਕਿ ਉਸ ਨੇ ਆਪਣੇ 200 ਤੋਂ ਵੱਧ ਨਾਗਰਿਕਾਂ ਦੀ ਪਛਾਣ ਕਰ ਲਈ ਹੈ।

ਪਰ ਮੁਹੰਮਦ ਅਯੂਬ ਨੇ ਆਪਣੇ ਸਭ ਤੋਂ ਛੋਟੇ ਭਰਾ ਦੀ ਮ੍ਰਿਤਕ ਦੇਹ ਨੂੰ ਆਪਣੀਆਂ ਅੱਖਾਂ ਨਾਲ ਨਹੀਂ ਦੇਖਿਆ ਅਤੇ ਹਾਲੇ ਤੱਕ ਉਹਨਾਂ ਨੂੰ ਉਹ ਬੁਰੀ ਖ਼ਬਰ ਵੀ ਨਹੀਂ ਮਿਲੀ ਜੋ ਸ਼ਾਇਦ ਉਹ ਜਾਣਦੇ ਹਨ, ਪਰ ਸੁਣਨਾ ਨਹੀਂ ਚਾਹੁੰਦਾ।
ਉਹ ਕਹਿੰਦੇ ਹਨ, "ਪਤਾ ਤਾਂ ਲੱਗੇ ਕਿ ਉਹ ਜ਼ਿੰਦਾ ਹੈ ਜਾਂ ਨਹੀਂ। ਜੇ ਨਹੀਂ, ਤਾਂ ਸਾਨੂੰ ਉਸਦੀ ਲਾਸ਼ ਮਿਲ ਜਾਵੇ ਤਾਂ ਕਿ ਅਸੀਂ ਉਸਨੂੰ ਦਫ਼ਨ ਕਰ ਸਕੀਏ।"
ਮੁਹੰਮਦ ਅਯੂਬ ਤੋਂ ਵੀ ਵੱਧ ਇਹ ਉਡੀਕ ਮੁਹੰਮਦ ਯਾਸਿਰ ਦੀ ਪਤਨੀ ਲਈ ਖ਼ਤਰਨਾਕ ਹੈ, ਜਿਸ ਨੇ ਆਪਣੀ ਇੱਕ ਸਾਲ ਦੀ ਧੀ ਨੂੰ ਗੋਦ ਵਿੱਚ ਰੱਖਿਆ ਹੋਇਆ ਹੈ।
ਉਸ ਦਾ ਵੱਡਾ ਲੜਕਾ ਤਿੰਨ ਸਾਲ ਦਾ ਹੈ ਜੋ ਘਰ ਦੇ ਵਿਹੜੇ ਵਿੱਚ ਦੂਜੇ ਬੱਚਿਆਂ ਨਾਲ ਖੇਡ ਰਿਹਾ ਹੈ। ਉਸ ਨੂੰ ਇਹ ਵੀ ਨਹੀਂ ਪਤਾ ਕਿ ਲੋਕ ਘਰ ਕਿਉਂ ਆ ਕੇ ਬੈਠੇ ਹਨ।
ਬੰਡਲੀ ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਦੇ ਕੋਟਲੀ ਜ਼ਿਲ੍ਹੇ ਵਿੱਚ ਸਥਿਤ ਹੈ, ਜੋ ਪਾਕਿਸਤਾਨ ਅਤੇ ਭਾਰਤ ਦੀ ਸਰਹੱਦ ਭਾਵ ਕੰਟਰੋਲ ਰੇਖਾ ਦੇ ਬਹੁਤ ਨੇੜੇ ਹੈ।

ਯੂਰਪ ਜਾਣ ਦਾ ਫੈਸਲਾ ਕਿਉਂ ਲਿਆ?
ਇਸ ਇਲਾਕੇ ਤੋਂ ਭਾਰਤ ਪ੍ਰਸ਼ਾਸਿਤ ਕਸ਼ਮੀਰ ਵਿੱਚ ਬਣੇ ਘਰ ਵੀ ਦੇਖੇ ਜਾ ਸਕਦੇ ਹਨ।
ਬੰਡਲੀ ਦੇ ਆਲੇ-ਦੁਆਲੇ ਬਣੇ ਕੁਝ ਘਰ ਬਹੁਤ ਵੱਡੇ ਹਨ ਅਤੇ ਆਧੁਨਿਕ ਉਸਾਰੀ ਦੀ ਝਲਕ ਦਿਖਾਉਂਦੇ ਹਨ।
ਇਨ੍ਹਾਂ ਨੂੰ ਦੇਖ ਕੇ ਲੱਗਦਾ ਹੈ ਕਿ ਉਥੇ ਰਹਿਣ ਵਾਲੇ ਲੋਕ ਖੁਸ਼ ਹੋਣਗੇ ਪਰ ਕੁਝ ਘਰ ਅਜਿਹੇ ਵੀ ਹਨ ਜਿਨ੍ਹਾਂ ਵਿਚ ਦੋ-ਤਿੰਨ ਕਮਰੇ ਹਨ ਅਤੇ ਉਨ੍ਹਾਂ ਵਿਚ ਦੋ-ਤਿੰਨ ਪਰਿਵਾਰ ਰਹਿੰਦੇ ਹਨ।
ਉਨ੍ਹਾਂ ਦੀ ਹਾਲਤ ਤੋਂ ਇਹ ਮਹਿਸੂਸ ਹੁੰਦਾ ਹੈ ਕਿ ਉਨ੍ਹਾਂ ਵਿੱਚ ਰਹਿਣ ਵਾਲੇ ਲੋਕ ਬਹੁਤੇ ਖੁਸ਼ ਨਹੀਂ ਹਨ।
ਮੁਹੰਮਦ ਅਯੂਬ ਦਾ ਘਰ ਵੀ ਅਜਿਹੇ ਘਰਾਂ ਵਿੱਚੋਂ ਇੱਕ ਹੈ। ਉਸ ਦੇ ਚਾਰ ਭਰਾ ਅਤੇ ਦੋ ਭੈਣਾਂ ਹਨ। ਯਾਸਿਰ ਉਨ੍ਹਾਂ ਵਿਚੋਂ ਸਭ ਤੋਂ ਛੋਟਾ ਭਰਾ ਸੀ। ਉਸ ਕੋਲ ਸਿਰਫ਼ ਪੰਜ ਕਨਾਲ ਵਾਹੀਯੋਗ ਜ਼ਮੀਨ ਹੈ, ਜਿਸ ਨਾਲ ਗੁਜ਼ਾਰਾ ਕਰਨਾ ਸੰਭਵ ਨਹੀਂ ਹੈ।
ਚਾਰੇ ਭਰਾਵਾਂ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ, ਇਸ ਲਈ ਘਰ ਚਲਦਾ ਹੈ। ਘਰ ਦੀ ਬਾਹਰਲੀ ਕੰਧ ਕੋਲ ਖੜ੍ਹੇ ਮੁਹੰਮਦ ਅਯੂਬ ਨੇ ਦੱਸਿਆ ਕਿ ਹਾਲਾਤ ਇੰਨੇ ਖਰਾਬ ਹੋ ਗਏ ਸਨ ਕਿ ਉਸ ਤੋਂ ਤੰਗ ਆ ਕੇ ਉਸ ਦੇ ਭਰਾ ਮੁਹੰਮਦ ਯਾਸਿਰ ਨੇ ਯੂਰਪ ਜਾਣ ਦਾ ਫੈਸਲਾ ਕਰ ਲਿਆ।
ਉਹ ਕਹਿੰਦੇ ਹਨ, “ਕੀ ਕਰਦੇ, ਅਸੀਂ ਭੁੱਖੇ ਨਾਲ ਮਰ ਰਹੇ ਸੀ। ਸਾਨੂੰ ਕਈ ਵਾਰ ਮਜ਼ਦੂਰੀ ਮਿਲਦੀ ਹੈ, ਕਈ ਵਾਰ ਨਹੀਂ ਮਿਲਦੀ, ਜੋ ਮਿਲਦਾ ਹੈ ਉਹ ਗੁਜ਼ਾਰਾ ਕਰਨ ਲਈ ਕਾਫ਼ੀ ਨਹੀਂ ਹੈ। ਮਹਿੰਗਾਈ ਇੰਨੀ ਵੱਧ ਗਈ ਹੈ ਕਿ ਘਰ ਦਾ ਗੁਜ਼ਾਰਾ ਚਲਾਉਣਾ ਵੀ ਮੁਸ਼ਕਲ ਹੋ ਗਿਆ ਹੈ।"
ਖ਼ਤਰਨਾਕ ਰਸਤਾ
ਮੁਹੰਮਦ ਅਯੂਬ ਦੇ ਭਰਾ ਮੁਹੰਮਦ ਯਾਸਿਰ ਕੋਲ ਅਜਿਹੀਆਂ ਉਦਾਹਰਣਾਂ ਸਨ ਜਦੋਂ ਉਨ੍ਹਾਂ ਦੇ ਪਿੰਡ ਬੰਡਲੀ ਦੇ ਕਈ ਲੋਕ ਵਿਦੇਸ਼ ਗਏ ਅਤੇ ਫਿਰ ਉਨ੍ਹਾਂ ਦੇ ਹਾਲਾਤ ਸੁਧਰ ਗਏ।
ਉਸ ਨੂੰ ਵੀ ਇਹੀ ਰਸਤਾ ਦਿਖਾਈ ਦਿੱਤਾ ਪਰ ਇਹ ਰਸਤਾ ਬਹੁਤ ਖ਼ਤਰਨਾਕ ਸੀ। ਇਸ ਵਿੱਚ ਮਨੁੱਖੀ ਤਸਕਰਾਂ ਦੀ ਮਦਦ ਨਾਲ ਗੈਰ-ਕਾਨੂੰਨੀ ਤਰੀਕੇ ਨਾਲ ਯੂਰਪ ਪਹੁੰਚਣ ਦੀ ਕੋਸ਼ਿਸ਼ ਕਰਨਾ ਸੀ।
ਇਸ ਕੋਸ਼ਿਸ਼ ਵਿੱਚ ਹਵਾਈ ਸਫ਼ਰ ਤੋਂ ਬਾਅਦ ਉਸ ਨੂੰ ਅਫ਼ਰੀਕੀ ਦੇਸ਼ ਲੀਬੀਆ ਜਾਣਾ ਪਿਆ, ਜਿੱਥੋਂ ਉਸ ਨੂੰ ਅਫ਼ਰੀਕਾ, ਏਸ਼ੀਆ ਅਤੇ ਯੂਰਪ ਦੇ ਵਿਚਕਾਰ ਸਥਿਤ ਭੂਮੱਧ ਸਾਗਰ ਦੇ ਪਾਣੀਆਂ ਵਿੱਚ ਇਕ ਬਹੁਤ ਹੀ ਛੋਟੀ ਕਿਸ਼ਤੀ ਵਿਚ ਸਫ਼ਰ ਕਰਨਾ ਪਿਆ।
ਇਹ ਆਮ ਤੌਰ 'ਤੇ ਆਪਣੀ ਸਮਰੱਥਾ ਤੋਂ ਬਹੁਤ ਜ਼ਿਆਦਾ ਭਰੀ ਹੁੰਦੀ ਹੈ।
ਇਸ ਤੋਂ ਪਹਿਲਾਂ ਵੀ ਕਈ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ, ਜਿਨ੍ਹਾਂ ਵਿੱਚ ਭੂਮੱਧ ਸਾਗਰ ਪਾਰ ਕਰਕੇ ਯੂਰਪ ਪਹੁੰਚਣ ਦੀ ਕੋਸ਼ਿਸ਼ ਦੌਰਾਨ ਅਜਿਹੀਆਂ ਕਿਸ਼ਤੀਆਂ ਪਲਟ ਗਈਆਂ ਸਨ ਅਤੇ ਸੈਂਕੜੇ ਲੋਕ ਮਾਰੇ ਗਏ ਸਨ।
ਇਸ ਦੇ ਬਾਵਜੂਦ ਇੱਕ ਮਹੀਨਾ ਅਤੇ ਦਸ ਦਿਨ ਪਹਿਲਾਂ ਮੁਹੰਮਦ ਯਾਸਿਰ ਮਨੁੱਖੀ ਤਸਕਰਾਂ ਦੀ ਮਦਦ ਨਾਲ ਇਹ ਯਾਤਰਾ ਕਰਨ ਲਈ ਘਰੋਂ ਨਿਕਲਿਆ ਸੀ ਅਤੇ ਇਸ ਵਿੱਚ ਉਹ ਇਕੱਲਾ ਨਹੀਂ ਸੀ।
ਉਸ ਦੇ ਪਿੰਡ ਦੇ ਕਈ ਨੌਜਵਾਨ ਜਾਂ ਤਾਂ ਕੁਝ ਦਿਨ ਪਹਿਲਾਂ ਇਸ ਖ਼ਤਰਨਾਕ ਯਾਤਰਾ ਲਈ ਰਵਾਨਾ ਹੋ ਗਏ ਸਨ ਜਾਂ ਉਸ ਦੇ ਨਾਲ ਜਾ ਰਹੇ ਸਨ।
ਭੂਮੱਧ ਸਾਗਰ ਵਿੱਚ ਯੂਨਾਨੀ ਪਾਣੀਆਂ ਵਿੱਚ ਡੁੱਬਣ ਵਾਲੀ ਕਿਸ਼ਤੀ ਵਿੱਚ ਬੰਡਲੀ ਪਿੰਡ ਦੇ 20 ਤੋਂ ਵੱਧ ਲੋਕਾਂ ਦੇ ਡੁੱਬਣ ਦੀ ਖ਼ਬਰ ਹੈ।

ਕੀ ਹੈ ਮਾਮਲਾ?
- ਪਿਛਲੇ ਹਫਤੇ ਯੂਨਾਨ ਦੇ ਤੱਟ 'ਤੇ ਸ਼ਰਨਾਰਥੀਆਂ ਨੂੰ ਲੈ ਕੇ ਜਾ ਰਹੀ ਇਕ ਕਿਸ਼ਤੀ ਡੁੱਬ ਗਈ ਸੀ
- ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਲਗਭਗ 500 ਲੋਕ ਅਜੇ ਵੀ ਲਾਪਤਾ ਹਨ
- ਕਿਸ਼ਤੀ 'ਤੇ ਪਾਕਿਸਤਾਨ ਦੇ ਸੈਂਕੜੇ ਲੋਕ ਵੀ ਸਵਾਰ ਸਨ।
- 78 ਲੋਕਾਂ ਦੀਆਂ ਲਾਸ਼ਾਂ ਨੂੰ ਕੱਢਿਆ ਗਿਆ ਹੈ

'ਸਭ ਕੀਤਾ ਕਰਾਇਆ ਏਜੰਟ ਦਾ ਹੈ'
ਪਿੰਡ ਦੇ ਉਨ੍ਹਾਂ ਲੋਕਾਂ ਵਿੱਚ 26 ਸਾਲਾਂ ਸਾਜਿਦ ਅਸਲਮ ਵੀ ਸ਼ਾਮਲ ਸੀ। ਉਸ ਨੇ ਬਾਰਵੀਂ ਤੱਕ ਦੀ ਪੜ੍ਹਾਈ ਕੀਤੀ ਸੀ ਪਰ ਫਿਰ ਉਹ ਆਪਣੇ ਪਿਤਾ ਨਾਲ ਨੇੜਲੇ ਕਸਬਾ ਖੋਈ ਰੱਤਾ ਦੁਕਾਨ 'ਤੇ ਕੰਮ ਕਰਦਾ ਸੀ।
ਉਸਦੀ ਛੋਟੀ ਭੈਣ ਅਰੀਬਾ ਅਸਲਮ ਬੀਏ ਦੀ ਵਿਦਿਆਰਥਣ ਹੈ ਜੋ ਅਜੇ ਵੀ ਵਿਸ਼ਵਾਸ ਨਹੀਂ ਕਰ ਸਕਦੀ ਕਿ ਉਸਦਾ ਭਰਾ ਕਦੇ ਵਾਪਸ ਨਹੀਂ ਆ ਸਕਦਾ।

ਹਿੰਮਤ ਇਕੱਠੀ ਕਰਨ ਦੇ ਬਾਵਜੂਦ ਜਦੋਂ ਉਸ ਨੇ ਬੋਲਣਾ ਸ਼ੁਰੂ ਕੀਤਾ ਤਾਂ ਉਹ ਫੁੱਟ-ਫੁੱਟ ਕੇ ਰੋਣ ਲੱਗੀ।
ਉਸ ਨੇ ਕਿਹਾ, "ਮੇਰੇ ਪਿਤਾ ਬਲੱਡ ਪ੍ਰੈਸ਼ਰ ਦੇ ਮਰੀਜ਼ ਹਨ। ਅਸੀਂ ਦੋ ਭੈਣਾਂ ਪੜ੍ਹਦੀਆਂ ਹਾਂ। ਉਹ ਸਾਡੇ ਘਰ ਦਾ ਸਹਾਰਾ ਸੀ। ਹੁਣ ਅਸੀਂ ਕੀ ਕਰਾਂਗੇ?"
ਅਰੀਬਾ ਨੂੰ ਬੇਵਸੀ ਦੇ ਨਾਲ-ਨਾਲ ਬਹੁਤ ਗੁੱਸਾ ਵੀ ਹੈ। ਉਸਦਾ ਗੁੱਸਾ ਮਨੁੱਖੀ ਤਸਕਰਾਂ 'ਤੇ ਹੈ ਜੋ "ਉਸਦੇ ਭਰਾ ਨੂੰ ਧੋਖੇ ਵਿੱਚ ਰੱਖ ਕੇ ਲੈ ਗਏ ਸਨ"।
ਉਸ ਦਾ ਕਹਿਣਾ ਹੈ ਕਿ ਇਹ ਸਭ ਕੁਝ ਕੀਤਾ ਕਰਾਇਆ ਏਜੰਟਾਂ ਦਾ ਹੀ ਹੈ।
ਅਰੀਬਾ ਕਹਿੰਦੀ ਹੈ, "ਉਹਨਾਂ ਨੇ ਮੇਰੇ ਭਰਾ ਨੂੰ ਸੁਪਨੇ ਦਿਖਾਏ। ਉਹ ਚੰਗੇ ਭਵਿੱਖ ਲਈ ਯੂਰਪ ਗਿਆ ਅਤੇ ਆਪਣੀ ਜਾਨ ਗੁਆ ਬੈਠਾ।"
ਉਸ ਦੇ ਪਿਤਾ ਰਾਜਾ ਮੁਹੰਮਦ ਅਸਲਮ ਦਾ ਕਹਿਣਾ ਹੈ ਕਿ ਉਸ ਦੇ ਪਰਿਵਾਰ ਦੇ ਕਈ ਮੁੰਡਿਆ ਨੇ ਪਹਿਲਾਂ ਵੀ ਇਸੇ ਤਰ੍ਹਾਂ ਮਨੁੱਖੀ ਤਸਕਰਾਂ ਦੀ ਮਦਦ ਨਾਲ ਯੂਰਪ ਜਾਣ ਦੀ ਕੋਸ਼ਿਸ਼ ਕੀਤੀ ਸੀ ਅਤੇ ਕੁਝ ਉੱਥੇ ਪਹੁੰਚ ਵੀ ਗਏ ਸਨ। ਉਹਨਾਂ ਦੇ ਪਿੰਡ ਦੇ ਕਈ ਮੁੰਡੇ ਵੀ ਇਸ ਰਸਤੇ ਤੋਂ ਗਏ ਸਨ।
ਮਨੁੱਖੀ ਤਸਕਰਾਂ ਨਾਲ ਕਿਵੇਂ ਸੰਪਰਕ ਹੋਇਆ?
ਰਾਜਾ ਮੁਹੰਮਦ ਅਸਲਮ ਦਾ ਕਹਿਣਾ ਹੈ ਕਿ ਇਹ ਤਸਕਰ ਜ਼ਿਆਦਾਤਰ ਉਨ੍ਹਾਂ ਹੀ ਇਲਾਕਿਆਂ ਦੇ ਹਨ, ਜਿਨ੍ਹਾਂ ਨੂੰ ਸਭ ਜਾਣਦੇ ਹਨ। ਉਹ ਨੌਜਵਾਨਾਂ ਨੂੰ ਸੁਪਨਾ ਦਿਖਾਉਂਦੇ ਹਨ ਕਿ ਬਿਨਾਂ ਵੀਜ਼ੇ ਦੇ ਵੀ ਯੂਰਪ ਜਾਣਾ ਸੰਭਵ ਹੈ ਅਤੇ ਉੱਥੇ ਜਾ ਕੇ ਉਨ੍ਹਾਂ ਦੀ ਜ਼ਿੰਦਗੀ ਬਦਲ ਜਾਵੇਗੀ।
ਉਹ ਕਹਿੰਦੇ ਹਨ, “ਮੈਂ ਆਪਣੇ ਬੇਟੇ ਨੂੰ ਬਹੁਤ ਸਮਝਾਇਆ ਕਿ ਇਹ ਬਹੁਤ ਖ਼ਤਰਨਾਕ ਰਸਤਾ ਹੈ ਪਰ ਉਹ ਮੰਨਿਆ ਨਹੀਂ। ਪਰ ਮੈਨੂੰ ਇਹ ਵੀ ਡਰ ਸੀ ਕਿ ਜੇਕਰ ਮੈਂ ਉਸ ਨੂੰ ਹੋਰ ਰੋਕਿਆ ਜਾਂ ਪੈਸੇ ਨਾ ਦਿੱਤੇ ਤਾਂ ਉਹ ਘਰੋਂ ਭੱਜ ਕੇ ਵੀ ਇਹ ਕਦਮ ਚੁੱਕ ਲਵੇਗਾ।"
ਬੰਡਲੀ ਦੇ ਰਹਿਣ ਵਾਲੇ ਮੁਹੰਮਦ ਅਯੂਬ ਦਾ ਮਾਮਲਾ ਥੋੜ੍ਹਾ ਵੱਖਰਾ ਸੀ।

ਉਸ ਦੇ ਭਰਾ ਮੁਹੰਮਦ ਯਾਸਿਰ ਨੇ ਪਰਿਵਾਰ ਨਾਲ ਸਲਾਹ ਕਰਕੇ ਇਹ ਫੈਸਲਾ ਲਿਆ। ਫਿਰ ਉਸਨੇ ਰਾਵਲਪਿੰਡੀ ਦੇ ਰਹਿਣ ਵਾਲੇ ਇੱਕ ਮਨੁੱਖੀ ਤਸਕਰੀ ਏਜੰਟ ਨਾਲ ਸੰਪਰਕ ਕੀਤਾ।
ਮੁਹੰਮਦ ਯਾਸਿਰ ਤੋਂ ਇਲਾਵਾ ਉਸ ਦੇ ਪਰਿਵਾਰ ਦਾ ਕੋਈ ਹੋਰ ਮੈਂਬਰ ਉਸ ਏਜੰਟ ਨੂੰ ਨਹੀਂ ਮਿਲਿਆ ਸੀ।
"ਉਸ ਨਾਲ ਸਿਰਫ਼ ਫ਼ੋਨ 'ਤੇ ਹੀ ਸੰਪਰਕ ਸੀ। ਮੈਂ ਉਸ ਨੂੰ ਕਦੇ ਨਹੀਂ ਦੇਖਿਆ। ਸਿਰਫ਼ ਮੇਰਾ ਭਰਾ ਹੀ ਜਾਣਦਾ ਸੀ ਕਿ ਉਹ ਉਸ ਨੂੰ ਕਿਵੇਂ ਮਿਲਿਆ ਸੀ।"
ਰਾਜਾ ਮੁਹੰਮਦ ਅਸਲਮ ਦਾ ਕਹਿਣਾ ਹੈ ਕਿ ਇਹ ਏਜੰਟ ਵੱਖ-ਵੱਖ ਗਰੁੱਪਾਂ ਵਿੱਚ ਕੰਮ ਕਰਦੇ ਹਨ।
ਉਹ ਦੱਸਦਾ ਹੈ, "ਇੱਥੇ ਏਜੰਟ ਦਾ ਕੰਮ ਸਿਰਫ਼ ਲੋਕਾਂ ਨੂੰ ਤਿਆਰ ਕਰਨਾ, ਪੈਸੇ ਲੈ ਕੇ ਅਗਲੀ ਮੰਜ਼ਿਲ 'ਤੇ ਭੇਜਣਾ ਹੈ। ਅੱਗੇ ਹੋਰ ਏਜੰਟ ਹੁੰਦੇ ਹਨ ਅਤੇ ਫਿਰ ਲੀਬੀਆ ਪਹੁੰਚ ਕੇ ਵੱਡੇ-ਵੱਡੇ ਏਜੰਟ ਮਿਲ ਜਾਂਦੇ ਹਨ।"
ਯਾਸਿਰ ਅਤੇ ਸਾਜਿਦ ਭੂਮੱਧ ਸਾਗਰ ਤੱਕ ਕਿਵੇਂ ਪਹੁੰਚੇ?
ਮੁਹੰਮਦ ਅਯੂਬ ਨੇ ਬੀਬੀਸੀ ਨੂੰ ਦੱਸਿਆ ਕਿ ਉਸਦਾ ਭਰਾ ਆਖਰੀ ਵਾਰ ਪਰਿਵਾਰ ਨੂੰ ਕਰੀਬ ਇੱਕ ਮਹੀਨਾ ਪਹਿਲਾਂ ਮਿਲਿਆ ਸੀ ਅਤੇ ਬੰਡਲੀ ਤੋਂ ਇਸਲਾਮਾਬਾਦ ਚਲਾ ਗਿਆ ਸੀ।
ਇਸਲਾਮਾਬਾਦ ਦੇ ਏਜੰਟ ਨੇ ਉਸ ਨੂੰ ਟਿਕਟ ਦੇ ਕੇ ਜਹਾਜ਼ ਵਿੱਚ ਬਿਠਾ ਦਿੱਤਾ। ਇਸੇ ਟਿਕਟ 'ਤੇ ਉਸ ਨੇ ਇਸਲਾਮਾਬਾਦ ਤੋਂ ਲੀਬੀਆ ਜਾਣਾ ਸੀ ਅਤੇ ਰਸਤੇ 'ਚ ਜਹਾਜ਼ ਨੇ ਪਹਿਲਾਂ ਦੁਬਈ ਅਤੇ ਫਿਰ ਮਿਸਰ 'ਚ ਰੁਕਣਾ ਸੀ। ਸਾਜਿਦ ਅਸਲਮ ਦਾ ਸਫ਼ਰ ਵੀ ਅਜਿਹਾ ਹੀ ਸੀ।
ਸਾਜਿਦ ਦੇ ਰਿਸ਼ਤੇਦਾਰ ਭਰਾ ਵਸੀਮ ਅਕਰਮ ਨੇ ਬੀਬੀਸੀ ਨੂੰ ਦੱਸਿਆ ਕਿ ਏਜੰਟ ਨੇ ਉਸ ਨੂੰ ਮਿਸਰ ਤੋਂ ਲੀਬੀਆ ਜਾਣ ਦਾ ਪਰਮਿਟ ਦਿੱਤਾ ਸੀ, ਜੋ ਕਿ ਫਰਜ਼ੀ ਹੈ ਅਤੇ ਇਸ ’ਤੇ ਲੀਬੀਆ ਵਿੱਚ ਦਾਖ਼ਲ ਹੋਣਾ ਗ਼ੈਰ-ਕਾਨੂੰਨੀ ਹੈ।
"ਪਰ ਲੀਬੀਆ ਵਿੱਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ, ਇਸ ਲਈ ਉੱਥੇ ਜਾਣਾ ਆਸਾਨ ਹੈ ਅਤੇ ਇਸ ਲਈ ਸਾਰੇ ਏਜੰਟ ਲੀਬੀਆ ਨੂੰ ਚੁਣ ਰਹੇ ਹਨ।"
ਮੁਹੰਮਦ ਅਯੂਬ ਦਾ ਕਹਿਣਾ ਹੈ ਕਿ ਜਦੋਂ ਉਸ ਦਾ ਭਰਾ ਮੁਹੰਮਦ ਯਾਸਿਰ ਲੀਬੀਆ ਪਹੁੰਚਿਆ ਅਤੇ ਉਸ ਨੇ ਉਥੋਂ ਫੋਨ 'ਤੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਏਜੰਟ ਨਾਲ ਹੋਏ ਸਮਝੌਤੇ ਅਨੁਸਾਰ ਉਸ ਨੂੰ 22 ਲੱਖ ਰੁਪਏ (ਕਰੀਬ 6.25 ਲੱਖ ਭਾਰਤੀ ਰੁਪਏ) ਦੀ ਰਕਮ ਦੇ ਦਿੱਤੀ।
ਉਹਨਾਂ ਨੇ ਵੱਖ-ਵੱਖ ਰਿਸ਼ਤੇਦਾਰਾਂ ਅਤੇ ਦੋਸਤਾਂ ਤੋਂ ਇੰਨੀ ਵੱਡੀ ਰਕਮ ਉਧਾਰ ਲਈ ਸੀ।
ਉਸ ਨੂੰ ਲੱਗਦਾ ਸੀ ਕਿ ਜਦੋਂ ਉਸ ਦਾ ਭਰਾ ਯੂਰਪ ਪਹੁੰਚ ਕੇ ਕਮਾਉਣਾ ਸ਼ੁਰੂ ਕਰ ਦੇਵੇਗਾ ਤਾਂ ਉਹ ਸਾਰੇ ਲੋਕਾਂ ਦੇ ਪੈਸੇ ਵਾਪਸ ਕਰ ਦੇਵੇਗਾ, ਪਰ ਹੁਣ ਉਸ ਨੂੰ ਨਹੀਂ ਪਤਾ ਕਿ ਉਹ ਅਜਿਹਾ ਕਿਵੇਂ ਕਰੇਗਾ।

ਲੀਬੀਆ ਪਹੁੰਚਣ 'ਤੇ ਕੀ ਹੁੰਦਾ ਹੈ?
ਮੁਹੰਮਦ ਅਯੂਬ ਦਾ ਕਹਿਣਾ ਹੈ ਕਿ ਲੀਬੀਆ ਪਹੁੰਚਣ ਤੋਂ ਬਾਅਦ ਉਹ ਬੱਸ ਇੰਤਜ਼ਾਰ ਕਰਦੇ ਰਹੇ ਕਿ ਕਦੋਂ ਕਿਸ਼ਤੀ ਤਿਆਰ ਹੋਵੇਗੀ ਅਤੇ ਕਦੋਂ ਇਸ 'ਤੇ ਸਵਾਰ ਹੋ ਕੇ ਯੂਰਪ ਵੱਲ ਯਾਤਰਾ ਸ਼ੁਰੂ ਕੀਤੀ ਜਾਵੇਗੀ। ਇਸ ਉਡੀਕ ਦੌਰਾਨ ਉਸ ਦੇ ਭਰਾ ਨੂੰ ਵੀ ਬਹੁਤ ਔਖੇ ਦਿਨਾਂ ਵਿੱਚੋਂ ਲੰਘਣਾ ਪਿਆ।
ਉਹ ਕਹਿੰਦੇ ਹਨ, “ਇਕ ਦਿਨ ਉਸ ਨੇ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਨੇ ਮੈਨੂੰ ਤਿੰਨ-ਚਾਰ ਦਿਨਾਂ ਤੋਂ ਖਾਣ ਲਈ ਕੁਝ ਨਹੀਂ ਦਿੱਤਾ। ਮੈਂ ਪੂਰੀ ਤਰ੍ਹਾਂ ਕਮਜ਼ੋਰ ਹਾਂ, ਕੀ ਕਰੀਏ? ਉਸ ਤੋਂ ਬਾਅਦ ਅਸੀਂ ਇੱਥੇ ਏਜੰਟ ਨਾਲ ਸੰਪਰਕ ਕੀਤਾ ਅਤੇ ਉਸ ਨੂੰ ਦੱਸਿਆ ਕਿ ਕੀ ਹੋ ਰਿਹਾ ਹੈ। ਅਜਿਹੇ ਹਲਾਤ ਹਨ ਤਾਂ ਫਿਰ ਉਸਨੂੰ ਵਾਪਸ ਭੇਜੋ ਜਾਂ ਉਸਨੂੰ ਯੂਰਪ ਭੇਜੋ। ਆਖ਼ਰਕਾਰ, ਤੁਸੀਂ ਪੈਸੇ ਲਏ ਹਨ, 22 ਲੱਖ ਰੁਪਏ!"
ਦੋ ਦਿਨ ਬਾਅਦ ਮੁਹੰਮਦ ਯਾਸਿਰ ਦੀ ਕਿਸ਼ਤੀ 'ਤੇ ਜਾਣ ਦੀ ਵਾਰੀ ਸੀ। ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਕਿਹਾ, "ਅੱਜ ਮੈਂ ਜਾ ਰਿਹਾ ਹਾਂ, ਮੈਂ ਕਿਸ਼ਤੀ ਵਿੱਚ ਬੈਠ ਗਿਆ ਹਾਂ।"
ਸਾਜਿਦ ਅਸਲਮ ਵੀ ਇਸੇ ਕਿਸ਼ਤੀ 'ਤੇ ਸਵਾਰ ਸਨ। ਉਹ ਵੀ ਏਜੰਟ ਨੂੰ 22 ਲੱਖ ਰੁਪਏ ਦੇ ਕੇ ਜਾ ਰਿਹਾ ਸੀ। ਉਸ ਨੇ ਵੀ ਆਪਣੀ ਭੈਣ ਅਰੀਬਾ ਅਸਲਮ ਨਾਲ ਫੋਨ 'ਤੇ ਗੱਲ ਕੀਤੀ ਸੀ।
"ਉਸਨੇ ਕਿਹਾ ਕਿ ਉਹ ਤਿੰਨ ਦਿਨਾਂ ਬਾਅਦ ਯੂਰਪ ਪਹੁੰਚ ਜਾਣਗੇ, ਪਰ ਜਦੋਂ ਸੱਤ ਦਿਨ ਲੰਘ ਗਏ ਅਤੇ ਉਸ ਨਾਲ ਕੋਈ ਸੰਪਰਕ ਨਹੀਂ ਹੋਇਆ, ਤਾਂ ਸਾਨੂੰ ਡਰ ਹੋਇਆ ਕਿ ਕੁਝ ਗਲਤ ਹੋ ਗਿਆ ਹੈ।"
ਭੂਮੱਧ ਸਾਗਰ ’ਚ ਕੀ ਹੋਇਆ?
ਮੁਹੰਮਦ ਅਯੂਬ ਅਤੇ ਰਾਜਾ ਮੁਹੰਮਦ ਅਸਲਮ ਦਾ ਕਹਿਣਾ ਹੈ ਕਿ ਆਮਤੌਰ 'ਤੇ ਇਸ ਤਰ੍ਹਾਂ ਦੇ ਸਫਰ 'ਚ ਸਿਰਫ ਤਿੰਨ ਦਿਨ ਲੱਗਦੇ ਸਨ, ਜਿਸ 'ਚ ਲੋਕ ਲੀਬੀਆ ਤੋਂ ਯੂਰਪ ਪਹੁੰਚਦੇ ਸਨ।
ਜਿਸ ਕਿਸ਼ਤੀ 'ਤੇ ਰਾਜਾ ਮੁਹੰਮਦ ਅਸਲਮ ਦੇ ਪੁੱਤਰ ਲੀਬੀਆ ਗਏ ਸਨ, ਉਸ ਨੂੰ ਤਿੰਨ ਦਿਨ ਤੋਂ ਵੱਧ ਸਮਾਂ ਬੀਤ ਚੁੱਕਾ ਸੀ। ਉਸ ਦਾ ਆਪਣੇ ਪੁੱਤਰ ਨਾਲ ਕੋਈ ਸੰਪਰਕ ਨਹੀਂ ਸੀ।
ਉਸ ਨੇ ਪਾਕਿਸਤਾਨ ਵਿੱਚ ਏਜੰਟ ਨੂੰ ਬੁਲਾਇਆ ਅਤੇ ਪਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਉਸ ਦਾ ਪੁੱਤਰ ਕਿੱਥੇ ਹੈ।
"ਪਹਿਲਾਂ ਤਾਂ ਉਹ ਟਾਲਦਾ ਰਿਹਾ ਕਿ ਅੱਜ ਉਹ ਇਸ ਥਾਂ 'ਤੇ ਹੈ, ਕੱਲ੍ਹ ਉਹ ਯੂਰਪੀ ਪਾਣੀਆਂ 'ਤੇ ਹੋਵੇਗਾ, ਪਰ ਫਿਰ ਇੱਕ ਦਿਨ ਉਸਦਾ ਫ਼ੋਨ ਬੰਦ ਆਉਣ ਲੱਗਾ।"
ਇਸ ਤੋਂ ਬਾਅਦ ਗ੍ਰੀਸ ਦੇ ਰਾਜਾ ਮੁਹੰਮਦ ਅਸਲਮ ਦੇ ਰਿਸ਼ਤੇਦਾਰ ਨੇ ਉਨ੍ਹਾਂ ਨੂੰ ਦੱਸਿਆ ਕਿ ਪਾਕਿਸਤਾਨ ਤੋਂ ਲੀਬੀਆ ਦੇ ਰਸਤੇ ਯੂਰਪ ਜਾ ਰਹੀ ਕਿਸ਼ਤੀ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਅਤੇ ਡੁੱਬ ਗਈ ਹੈ।
ਇਸ ਤੋਂ ਬਾਅਦ ਹੋਰ ਖਬਰਾਂ ਆਉਣ ਲੱਗੀਆਂ। ਸਿਰਫ਼ 80 ਦੇ ਕਰੀਬ ਲੋਕਾਂ ਦੀ ਜਾਨ ਬਚਾਈ ਜਾ ਸਕੀ, ਜਿਨ੍ਹਾਂ ਵਿੱਚ ਸਿਰਫ਼ 12 ਪਾਕਿਸਤਾਨੀ ਸ਼ਾਮਲ ਸਨ।
ਇਨ੍ਹਾਂ ਵਿੱਚੋਂ ਦੋ ਦਾ ਸਬੰਧ ਬੰਡਲੀ ਨਾਲ ਵੀ ਸੀ ਪਰ ਉਹ ਮੁਹੰਮਦ ਯਾਸਿਰ ਅਤੇ ਸਾਜਿਦ ਅਸਲਮ ਨਹੀਂ ਸਨ।
ਮੁਹੰਮਦ ਅਯੂਬ ਅਤੇ ਰਾਜਾ ਮੁਹੰਮਦ ਅਸਲਮ ਦੇ ਪਰਿਵਾਰਾਂ ਨੂੰ ਥੋੜੀ ਜਿਹੀ ਉਮੀਦ ਸੀ ਕਿ ਸ਼ਾਇਦ ਉਨ੍ਹਾਂ ਦੇ ਅਜ਼ੀਜ਼ ਕਿਸ਼ਤੀ ਵਿੱਚ ਸਵਾਰ ਨਹੀਂ ਹੋਏ ਹੋਣ, ਪਰ ਬੰਡਲੀ ਦੇ ਦੋ ਬਚੇ ਹੋਏ ਲੋਕਾਂ ਨੇ ਆਪਣੇ ਸੰਦੇਸ਼ਾਂ ਵਿੱਚ ਦੱਸਿਆ ਕਿ ਉਹ ਉਨ੍ਹਾਂ ਦੇ ਨਾਲ ਕਿਸ਼ਤੀ ਵਿੱਚ ਸਵਾਰ ਹੋ ਗਏ ਸਨ।
ਉਨ੍ਹਾਂ ਮੁਤਾਬਕ ਕਿਸ਼ਤੀ 'ਤੇ ਬੰਡਲੀ ਨਾਲ ਸਬੰਧਤ 28 ਲੋਕ ਸਵਾਰ ਸਨ।
"ਜੋ ਹੋਣਾ ਹੈ, ਜਲਦੀ ਹੋ ਜਾਏ"
ਮੁਹੰਮਦ ਅਯੂਬ ਨੇ ਅਜੇ ਵੀ ਪੂਰੀ ਉਮੀਦ ਨਹੀਂ ਛੱਡੀ ਹੈ, ਪਰ ਉਹ ਕਹਿੰਦੇ ਹਨ ਕਿ ਉਸ ਲਈ ਇੰਤਜ਼ਾਰ ਦੇ ਦਰਦ ਨੂੰ ਸਹਿਣਾ ਮੁਸ਼ਕਲ ਹੋ ਰਿਹਾ ਹੈ।
"ਜੇ ਸਾਡਾ ਭਰਾ ਜ਼ਿੰਦਾ ਨਹੀਂ ਹੈ, ਘੱਟੋ ਘੱਟ ਸਾਨੂੰ ਉਸਦੀ ਲਾਸ਼ ਮਿਲ ਜਾਵੇ ਤਾਂ ਜੋ ਅਸੀਂ ਉਸਨੂੰ ਦਫ਼ਨ ਕਰ ਸਕੀਏ।"
ਮੀਰਪੁਰ ਦੇ ਕਮਿਸ਼ਨਰ ਚੌਧਰੀ ਸ਼ੌਕਤ ਅਲੀ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਦੀ ਡਿਵੀਜ਼ਨ ਦੇ ਕਰੀਬ 23 ਲੋਕ ਹਨ ਜਿਨ੍ਹਾਂ ਬਾਰੇ ਜਾਣਕਾਰੀ ਹੈ ਕਿ ਉਹ ਕਿਸ਼ਤੀ 'ਤੇ ਸਵਾਰ ਸਨ। ਇਨ੍ਹਾਂ ਵਿੱਚੋਂ ਸਿਰਫ਼ ਦੋ ਨੂੰ ਹੀ ਜ਼ਿੰਦਾ ਬਚਾਇਆ ਗਿਆ। ਬਾਕੀ ਲੋਕਾਂ ਦੇ ਬਚਣ ਦੀ ਸੰਭਾਵਨਾ ਨਾ ਦੇ ਬਰਾਬਰ ਹੈ।
ਉਹਨਾਂ ਕਿਹਾ ਕਿ ਜਲਦੀ ਹੀ ਸਰਕਾਰ ਵੱਲੋਂ ਪੀੜਤ ਪਰਿਵਾਰਾਂ ਦੇ ਲੋਕਾਂ ਦੇ ਡੀਐਨਏ ਸੈਂਪਲ ਲਏ ਜਾਣਗੇ। ਇਨ੍ਹਾਂ ਨਮੂਨਿਆਂ ਨੂੰ ਗ੍ਰੀਸ ਭੇਜਿਆ ਜਾਵੇਗਾ, ਜਿੱਥੇ ਉਨ੍ਹਾਂ ਦੇ ਮ੍ਰਿਤਕ ਪਾਏ ਗਏ ਲੋਕਾਂ ਨਾਲ ਨਮੂਨਿਆਂ ਨੂੰ ਮਿਲਾਇਆ ਜਾਵੇਗਾ।
"ਜੇਕਰ ਡੀਐਨਏ ਮੈਚ ਹੋ ਜਾਂਦੇ ਹਨ ਤਾਂ ਉਨ੍ਹਾਂ ਦੀਆਂ ਲਾਸ਼ਾਂ ਪਾਕਿਸਤਾਨ ਲਿਆਉਣ ਦਾ ਕੰਮ ਸ਼ੁਰੂ ਹੋ ਜਾਵੇਗਾ।"
ਇਨ੍ਹਾਂ ਸਾਰੇ ਕੰਮਾਂ ਵਿੱਚ ਕਈ ਦਿਨ ਲੱਗ ਸਕਦੇ ਹਨ। ਉਸ ਸਮੇਂ ਤੱਕ, ਮੁਹੰਮਦ ਅਯੂਬ ਅਤੇ ਰਾਜਾ ਮੁਹੰਮਦ ਅਸਲਮ ਸਮੇਤ 20 ਤੋਂ ਵੱਧ ਪਰਿਵਾਰ ਬੇਵਸੀ, ਨਿਰਾਸ਼ਾ ਅਤੇ ਇੱਕ ਮੱਧਮ ਜਿਹੀ ਉਮੀਦ ਦੇ ਧਾਗੇ ਨਾਲ ਬੱਝੇ ਰਹਿਣਗੇ।












