ਖੱਟਰ ਨੇ ਸਮਾਗਮ ਦੌਰਾਨ ਜਿਸ ਆਗੂ ਦੀ ਕੁਟਾਈ ਕਰਨ ਲਈ ਕਿਹਾ ਸੀ, ਉਸ ਨਾਲ ਕੀ ਵਾਪਰਿਆ

ਤਸਵੀਰ ਸਰੋਤ, Sourced by Prabhu Dayal
- ਲੇਖਕ, ਪ੍ਰਭੂ ਦਿਆਲ
- ਰੋਲ, ਬੀਬੀਸੀ ਪੰਜਾਬੀ ਲਈ
ਦ੍ਰਿਸ਼ ਪਹਿਲਾ
ਸਥਾਨ : ਡੱਬਵਾਲੀ (ਹਰਿਆਣਾ)
ਤਾਰੀਖ਼ : 14 ਮਈ, 2023
"ਇਹ ਰਾਜਨੀਤੀ ਕਰਨ ਵਾਲਾ ਹੈ, ਆਮ ਆਦਮੀ ਪਾਰਟੀ ਦਾ ਵਰਕਰ ਹੈ, ਇਹ ਨੂੰ ਚੁੱਕ ਕੇ ਕੁਟਾਈ ਕਰੋ ਅਤੇ ਬਾਹਰ ਸੁੱਟ ਦੇਵੋ", ਮੰਚ ਤੋਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪੁਲਿਸ ਨੂੰ ਹੁਕਮ ਸੁਣਾਇਆ।
ਅਗਲੇ ਕੁਝ ਮਿੰਟਾਂ ਲਈ ਮੀਡੀਆ ਦੇ ਸਾਰੇ ਕੈਮਰੇ ਮੰਚ ਤੋਂ ਹਟ ਕੇ ਲੋਕਾਂ ਉੱਤੇ ਫੋਕਸ ਹੁੰਦੇ ਹਨ।
ਲੋਕਾਂ ਵਿਚਕਾਰ ਬੈਠੇ ਇੱਕ ਸਖ਼ਸ਼ ਨੂੰ ਸਿਵਲ ਵਰਦੀ ਪੁਲਿਸ ਚੁੱਕਦੀ ਹੈ, ਉਸ ਨਾਲ ਧੱਕਾ ਮੁੱਕੀ ਕਰਦੀ ਹੈ ਅਤੇ ਸਮਾਗਮ ਤੋਂ ਬਾਹਰ ਖੜ੍ਹੀ ਪੁਲਿਸ ਦੀ ਜੀਪ ਵਿੱਚ ਸੁੱਟ ਕੇ ਲੈ ਜਾਂਦੀ ਹੈ।
ਇਸ ਦੌਰਾਨ ਇਸ ਸਖ਼ਸ਼ ਦੇ ਕੱਪੜੇ ਵੀ ਫਟ ਜਾਂਦੇ ਹਨ, ਪਰ ਉਹ ਸਰਕਾਰ ਵਿਰੋਧੀ ਨਾਅਰੇਬਾਜ਼ੀ ਕਰਦਾ ਹੈ।
ਮੁੱਖ ਮੰਤਰੀ ਦੇ ਹੁਕਮਾਂ ਉੱਤੇ ਪੁਲਿਸ ਜਿਸ ਵਿਅਕਤੀ ਨੂੰ ਘੜੀਸਦੀ ਹੋਈ ਲੈ ਕੇ ਸਮਾਗਮ ਤੋਂ ਬਾਹਰ ਜਾਂਦੀ ਹੈ, ਉਸ ਦਾ ਨਾਂ ਹੈ ਐਡਵੋਕੇਟ ਕੁਲਦੀਪ ਗਦਰਾਣਾ।
ਕੁਲਦੀਪ ਗਦਰਾਣਾ ਆਮ ਆਦਮੀ ਪਾਰਟੀ ਦਾ ਸਥਾਨਕ ਆਗੂ ਹੈ, ਜੋ ਮੁੱਖ ਮੰਤਰੀ ਦੇ ਜਨ ਸੰਵਾਦ ਸਮਾਗਮ ਦੌਰਾਨ ਜ਼ਿਲ੍ਹੇ ਦੀਆਂ ਮੰਗਾ ਰੱਖਣ ਲਈ ਹੋਰ ਲੋਕਾਂ ਦੀ ਤਰ੍ਹਾਂ ਪਹੁੰਚਿਆ ਸੀ।
ਦ੍ਰਿਸ਼ ਦੂਜਾ
ਸਥਾਨ: ਪਿੰਡ ਬਣੀ (ਸਿਰਸਾ)
ਤਾਰੀਖ਼: 15 ਮਈ, 2023
ਸਿਰਸਾ ਦੇ ਪਿੰਡ ‘ਬਣੀ’ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਜਨ ਸੰਵਾਦ ਸਟੇਜ ਚੱਲ ਰਹੀ ਸੀ।
ਮੁੱਖ ਮੰਤਰੀ ਆਈਆਂ ਸ਼ਿਕਾਇਤਾਂ ’ਚੋਂ ਦੋ ਚਾਰ ਸ਼ਿਕਾਇਤਾਂ ਲੈ ਕੇ ਪੜ੍ਹ ਰਹੇ ਸਨ ਅਤੇ ਕੁਝ ਕੁ ਸ਼ਿਕਾਇਤਾਂ ਦੀਆਂ ਪਰਚੀਆਂ ਲਾਟਰੀ ਦੀ ਤਰ੍ਹਾਂ ਕੱਢ ਕੇ ਅਤੇ ਪਰਚੀ ਵਾਲੇ ਦਾ ਨਾਂ ਪੜ੍ਹ ਕੇ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਨਿਪਟਰਾ ਕਰ ਰਹੇ ਸਨ।
ਆਖ਼ਰ ਵਿੱਚ ਪਿੰਡ ਦੀ ਨਵੀਂ ਬਣੀ ਸਰਪੰਚ ਨੈਨਾ ਝੋਰੜ ਦੀ ਵਾਰੀ ਆਈ ਜੋ ਮੁੱਖ ਮੰਤਰੀ ਦੇ ਨਾਲ ਹੀ ਸਟੇਜ ’ਤੇ ਬੈਠੀ ਸੀ।
ਨੈਨਾ ਝੋਰੜ ਮੁੱਖ ਮੰਤਰੀ, ਬਿਜਲੀ ਮੰਤਰੀ ਰਣਜੀਤ ਸਿੰਘ ਚੌਟਾਲਾ ਤੇ ਡਿਪਟੀ ਕਮਿਸ਼ਨਰ ਪਾਰਥ ਗੁਪਤਾ ਨੂੰ ‘ਜੀ ਆਇਆਂ’ ਆਖਦਿਆਂ ਆਪਣੇ ਪਿੰਡ ’ਚ ਬਣੇ ਸੀਐੱਸਸੀ ਲਈ ਡਾਕਟਰਾਂ ਤੇ ਨਰਸਾਂ ਦੀ ਮੰਗ ਕਰਦੀ ਹੈ।
ਮੁੱਖ ਮੰਤਰੀ ਨੇ ਇਕ ਮੁੱਖ ਮੰਗ ਦੱਸਣ ਲਈ ਕਿਹਾ ਤਾਂ ਉਨ੍ਹਾਂ ਨੇ ਕਿਹਾ, "ਉਹ ਉਨ੍ਹਾਂ ਦੀ ਧੀ ਹੈ ਤੇ ਉਹ ਪਿਤਾ।"
ਉਹ ਆਪਣੇ ਪਤੀ ਉੱਤੇ ਦਰਜ ਇੱਕ ਪਰਚੇ ਨੂੰ ਝੂਠਾ ਤੇ ਸਿਆਸੀ ਬਦਲਾਖੋਰੀ ਵਾਲਾ ਦੱਸਣ ਦੀ ਕੋਸ਼ਿਸ਼ ਕਰਦੀ ਹੈ ਅਤੇ ਇਸ ਮਾਮਲੇ ਵਿੱਚ ਨਿਆਂ ਦੀ ਮੰਗ ਕਰਦੀ ਹੈ।
ਮੁੱਖ ਮੰਤਰੀ ਵੱਲੋਂ ਫਿਰ ਵਿਚਾਲੇ ਟੋਕੇ ਜਾਣ ਮਗਰੋਂ ਉਨ੍ਹਾਂ ਨੇ ਕਿਹਾ, "ਲੜਕੀ ਦੀ ਆਬਰੂ ਉਸ ਦੀ ਚੁੰਨੀ ਹੁੰਦੀ ਹੈ ਤੇ ਉਹ ਆਪਣੀ ਚੁੰਨੀ ਲਾਹ ਕੇ ਉਨ੍ਹਾਂ ਅੱਗੇ ਰੱਖ ਰਹੀ ਹੈ।"
ਮੀਡੀਆ ਦੇ ਕੈਮਰੇ ਮੁੜ ਮੁੱਖ ਮੰਤਰੀ ਤੋਂ ਹਟ ਕੇ ਲੋਕਾਂ ਉੱਤੇ ਫੋਕਸ ਹੁੰਦਾ ਹੈ।
ਨੈਨਾ ਸਰਪੰਚ ਵੱਲੋਂ ਚੁੰਨੀ ਲਾਹੇ ਜਾਣ ਮਗਰੋਂ ਪੁਲਿਸ ਇਕਦਮ ਫੇਰ ਹਰਕਤ ਵਿੱਚ ਆਉਂਦੀ ਹੈ।
ਇਸ ਤੋਂ ਪਹਿਲਾਂ ਕਿ ਸਰਪੰਚ ਅਗਲੀ ਗੱਲ ਕਹਿੰਦੀ, ਉਸ ਤੋਂ ਪਹਿਲਾਂ ਉਸ ਨੂੰ ਪੁਲਿਸ ਮੁਲਾਜ਼ਮਾਂ ਨੇ ਹਿਰਾਸਤ ਵਿੱਚ ਲੈ ਲਿਆ। ਮਹਿਲਾ ਸਿਰਫ਼ ਏਨਾ ਹੀ ਬੋਲ ਸਕੀ, ‘ਉਸ ਦੇ ਪਤੀ ’ਤੇ ਚੋਣ ਰੰਜਿਸ਼ ਦੇ ਕਾਰਨ ਜਾਨਲੇਵਾ ਹਮਲਾ ਹੋਇਆ ਸੀ ਪਰ...’
ਜਦੋਂ ਮੀਡੀਆ ਦੇ ਕੈਮਰੇ ਨੈਨਾ ਨੂੰ ਹਿਰਾਸਤ ਵਿੱਚ ਲਏ ਜਾਣ ਦੀਆਂ ਤਸਵੀਰਾਂ ਕੈਦ ਕਰ ਰਹੇ ਹੁੰਦੇ ਹਨ, ਤਾਂ ਮੁੱਖ ਮੰਤਰੀ "ਭਾਰਤ ਮਾਤਾ ਕੀ ਜੈ" ਦੇ ਨਾਅਰੇ ਲਾਉਂਦੇ ਹੋਏ ਜਨ ਸੰਵਾਦ ਖ਼ਤਮ ਕਰ ਦਿੰਦੇ ਹਨ।
ਮਹਿਲਾ ਸਰਪੰਚ ਨੈਨਾ ਝੋਰੜ ਨੂੰ ਪੁਲਿਸ ਹਿਰਾਸਤ ਵਿੱਚ ਲੈ ਲੈਂਦੀ ਹੈ।
ਮੁੱਖ ਮੰਤਰੀ ਦਾ ਜਨ ਸੰਵਾਦ ਸਮਾਗਮ 15 ਮਈ ਤੱਕ ਚੱਲਣਾ ਸੀ, ਨੈਨਾ ਸਰਪੰਚ 15 ਮਈ ਸ਼ਾਮ ਤੱਕ ਹਿਰਾਸਤ ਵਿੱਚੋਂ ਬਾਹਰ ਨਹੀਂ ਆਈ ਸੀ।
ਉਨ੍ਹਾਂ ਨਾਲ ਫੋਨ ਉੱਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਫੋਨ ਬੰਦ ਹੋਣ ਕਾਰਨ ਸੰਪਰਕ ਨਹੀਂ ਹੋ ਸਕਿਆ।
ਇਹ ਦੋ ਦ੍ਰਿਸ਼ ਮੁੱਖ ਮਤੰਰੀ ਦੇ ਜਨ ਸੰਵਾਦ ਵਿਚ ਪੈਦਾ ਹੋਏ ਹਾਲਾਤ ਨੂੰ ਸਮਝਣ ਲਈ ਕਾਫੀ ਹਨ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਇਨ੍ਹਾਂ ਨੂੰ ਇੱਕਾ-ਦੁੱਕਾ ਘਟਨਾਵਾਂ ਦੱਸਦੇ ਹਨ।
ਉਹ ਕਹਿੰਦੇ ਹਨ ਕਿ ਇਹ ਵਿਰੋਧ ਕਰਨ ਲਈ ਸਭਾ ਵਿੱਚ ਵਿਘਨ ਪਾ ਰਹੇ ਸਨ, ਇਸ ਲਈ ਦੋ-ਤਿੰਨ ਉੱਤੇ ਸਖ਼ਤੀ ਵੀ ਕਰਨੀ ਪਈ।

ਸਿਰਸਾ ਵਿੱਚ ਮੁੱਖ ਮੰਤਰੀ ਦੇ ਐਲਾਨ
- ਅਨੇਕਾਂ ਵਿਕਾਸ ਸਕੀਮਾਂ ਦੇ ਨੀਂਹ ਪੱਥਰ ਰੱਖੇ ਤੇ ਉਦਘਾਟਨ ਕੀਤੇ
- ਸੂਬੇ ਭਰ ਵਿੱਚ 137 ਸਕੂਲ ਅਪਗਰੇਡ ਕਰਨ ਦਾ ਐਲਾਨ
- ਪਿੰਡ ਬਣੀ ਤੇ ਕਾਲਾਂਵਾਲੀ ਤੋਂ ਕਈ ਪਿੰਡਾਂ ਲਈ ਬੱਸ ਰੂਟ ਸ਼ੁਰੂ ਕਰਨ ਦਾ ਐਲਾਨ
- ਪੰਜਾਬੀ ਪੀਜੀਟੀ ਟੀਚਰਾਂ ਦੀ ਨਿਯੁਕਤੀ ਕਮਿਸ਼ਨ ਕੋਲ ਭੇਜਣ ਦਾ ਐਲਾਨ
- 36 ਕਰੋੜ ਦੇ ਵਿਕਾਸ ਪ੍ਰੋਜੈਕਟਾਂ ਦੇ ਨਹੀਂ ਪੱਥਰ ਰੱਖੇ ਗਏ
- ਇਕ ਹਜ਼ਾਰ ਪਿੰਡਾਂ ਵਿੱਚ ਈ-ਲਾਈਬੇਰੀਆਂ ਖੋਲ੍ਹੇ ਜਾਣ ਦਾ ਐਲਾਨ
- ਰਾਣੀਆਂ ਵਿਧਾਨ ਸਭਾ ਹਲਕੇ ਵਿੱਚ 119 ਕਰੋੜ ਦੇ ਵਿਕਾਸ ਕਾਰਜਾਂ ਦਾ ਐਲਾਨ
- ਪਰਿਵਾਰ ਪਛਾਣ ਪੱਤਰ ਤੇ ਆਧਾਰ ਕਾਰਡ ਬਣਾਉਣ ’ਤੇ ਜ਼ੋਰ
- ਆਯੂਸ਼ਮਾਨ ਯੋਜਨਾ ਤੇ ਨਿਰਪੱਖ ਨੌਕਰੀਆਂ ਦੇਣ ਦਾ ਦਾਅਵਾ

ਮੁੱਖ ਮੰਤਰੀ ਦੇ ਰਵੱਈਏ ਉੱਤੇ ਚੁੱਕੇ ਸਵਾਲ
ਪਰ ਇਹ ਵਿਰੋਧ ਤਾਂ ਘਟਨਾਵਾਂ ਤਾਂ ਕੈਮਰੇ ਅੱਗੇ ਹੋ ਗਈਆਂ, ਉਸ ਵਿਰੋਧ ਬਾਰੇ ਮੁੱਖ ਮੰਤਰੀ ਨੇ ਕੁਝ ਨਹੀਂ ਕਿਹਾ ਜੋ ਜਨ ਸੰਵਾਦ ਦੌਰਾਨ ਸਿਰਸਾ ਦੀਆਂ ਸੜਕਾਂ ਉੱਤੇ ਹੋ ਰਿਹਾ ਸੀ।
ਮਿਸਾਲ ਵਜੋਂ ਜਦੋਂ ਇੱਕ ਹੋਰ ਮਹਿਲਾ ਨੇ ਚਿੱਟੇ ਦੇ ਨਸ਼ੇ ਕਾਰਨ ਮਰੇ ਆਪਣੇ ਜਵਾਨ ਪੁੱਤ ਲਈ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੁੱਖ ਮੰਤਰੀ ਨੇ ਇਹ ਕਹਿੰਦੇ ਹੋਏ ਉਸ ਨੂੰ ਬਿਠਾ ਦਿੱਤਾ ਕਿ "ਮੈਨੂੰ ਪਤਾ ਹੈ ਕੁਝ ਲੋਕ ਸਮਝਾ ਕੇ ਇੱਥੇ ਭੇਜੇ ਗਏ ਹਨ।"
ਕੁਲਦੀਪ ਗਦਰਾਣਾ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਹ ਪ੍ਰੋਗਰਾਮ ਜਨ ਸੰਵਾਦ ਨਹੀਂ ਭਾਜਪਾ ਸੰਵਾਦ ਹੀ ਹੈ।
ਗਦਰਾਣਾ ਮੁਤਾਬਕ ਉਹ ਜ਼ਿਲ੍ਹੇ ਵਿੱਚ ਨਸ਼ੇ ਦੀ ਸਮੱਸਿਆ ਬਾਰੇ ਮੁੱਖ ਮੰਤਰੀ ਵਲੋਂ ਮੰਗੇ ਸੁਝਾਅ ਦੇ ਲਈ ਉੱਠੇ ਸਨ, ਪਰ ਉਨ੍ਹਾਂ ਨੂੰ ਮੁੱਖ ਮੰਤਰੀ ਨੇ ਚੁੱਕਵਾ ਦਿੱਤਾ, ਉਨ੍ਹਾਂ ਨੂੰ ਸਦਰ ਥਾਣੇ ਲੈ ਗਏ ਤੇ ਉੱਥੇ ਕੁੱਟਮਾਰ ਕੀਤੀ ਗਈ।
ਪੂਰਾ ਦਿਨ ਕਿਸੇ ਵੀ ਪਰਿਵਾਰਕ ਮੈਂਬਰ ਤੇ ਦੋਸਤ ਮਿੱਤਰ ਨਾਲ ਮਿਲਣ ਨਹੀਂ ਦਿੱਤਾ ਗਿਆ, ਅਗਲੇ ਦਿਨ 15 ਮਈ ਵੀ ਪੂਰਾ ਦਿਨ ਘਰ ਵਿੱਚ ਵੀ ਨਜ਼ਰਬੰਦ ਕੀਤਾ ਗਿਆ।
ਸਿਰਸਾ ਵਿੱਚ ਮੁੱਖ ਮੰਤਰੀ ਦੇ ਜਨ ਸੰਵਾਦ ਪ੍ਰਗੋਰਾਮ ਖ਼ਤਮ ਹੋਣ ਤੋਂ ਬਾਅਦ ਵੀ ਕਿਸਾਨਾਂ ਤੇ ਲੇਖਕਾਂ ਦੇ ਮੰਚ ਵੱਲੋਂ ਰੋਸ ਮੁਜ਼ਾਹਰਾ ਕੀਤਾ ਗਿਆ।
ਮੁਜ਼ਾਹਰਾਕਾਰੀਆਂ ਨੇ ਕਿਹਾ, "13 ਤੋਂ 15 ਮਈ ਤੱਕ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਵਿੱਚ ਰੱਖੇ ਜਨ ਸੰਵਾਦ ਕਰਨ ਪਹੁੰਚੇ ਖੱਟਰ ਦਾ ਸਵਾਲ ਪੁੱਛਣ ਵਾਲੇ ਲੋਕਾਂ ਨੂੰ ਜਬਰੀ ਚੁਕਾ ਕੇ ਕੁੱਟਮਾਰ ਕਰਵਾਉਣ ਦਾ ਹੁਕਮ ਕਿਸੇ ਜਮਹੂਰੀ ਮੁਲਕ ਦੇ ਚੁਣੇ ਹੋਏ ਨੁਮਾਇੰਦੇ ਦਾ ਨਹੀਂ ਸਗੋਂ ਕਿਸੇ ਤਾਨਾਸ਼ਾਹੀ ਸਟੇਟ ਦੇ ਰਾਜੇ ਵਰਗਾ ਸੀ।"

ਤਸਵੀਰ ਸਰੋਤ, Prabhu Dayal/bbc
ਕਿਸਾਨਾਂ ਵੱਲੋਂ ਰੋਸ ਮੁਜ਼ਾਹਰਾ
ਮੁੱਖ ਮੰਤਰੀ ਜਦੋਂ ਪਿੰਡ ਬੜਾਗੂੜਾ ’ਚ ਜਨ ਸੰਵਾਦ ਪ੍ਰੋਗਰਾਮ ਲਈ ਜਾ ਰਹੇ ਸਨ ਤਾਂ ਰਾਹ ’ਚ ਪਿੰਡ ਸਾਹੂਵਾਲਾ ਮੋੜ ਨੇੜੇ ਭਾਰਤੀ ਕਿਸਾਨ ਯੂਨੀਅਨ (ਚਢੂਨੀ) ਦੇ ਨਾਲ ਸਬੰਧਤ ਕਿਸਾਨਾਂ ਵਿਰੋਧ ਕੀਤਾ।
ਕਿਸਾਨ ਨੁਕਸਾਨੀਆਂ ਫ਼ਸਲਾਂ ਦਾ ਮੁਆਵਜ਼ਾ, ਦਿੱਲੀ ਜੰਤਰ ਮੰਤਰ ’ਤੇ ਜਿਨਸ਼ੀ ਸ਼ੋਸ਼ਣ ਖ਼ਿਲਾਫ਼ ਧਰਨਾ ਦੇ ਰਹੇ ਭਲਵਾਨਾਂ ਦੀ ਹਮਾਇਤ ਤੇ ਕੁਸ਼ਤੀ ਸੰਘ ਦੇ ਮੁਖੀ ਬ੍ਰਿਜ ਭੂਸ਼ਨ ਸ਼ਰਣ ਸਿੰਘ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਸਨ।
ਪਹਿਲਾਂ ਪੁਲਿਸ ਨੇ ਕਿਸਾਨਾਂ ਨੂੰ ਇੱਕ ਵਾਰ ਸਮਝਾ ਕੇ ਸ਼ਾਂਤ ਕਰਾ ਦਿੱਤਾ ਤੇ ਮੁੱਖ ਮੰਤਰੀ ਨਾਲ ਮਿਲਵਾਉਣ ਦਾ ਭਰੋਸਾ ਦਿਵਾਇਆ, ਜਿਸ ਮਗਰੋਂ ਕਿਸਾਨ ਇੱਕ ਵਾਰ ਸ਼ਾਂਤ ਹੋ ਗਏ।
ਪਰ ਜਦੋਂ ਮੁੱਖ ਮੰਤਰੀ ਵੱਲੋਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਸਮਾਂ ਨਾ ਦਿੱਤਾ ਗਿਆ ਤਾਂ ਕੁਝ ਕੁ ਕਿਸਾਨਾਂ ਨੇ ਖੇਤਾਂ ਦੇ ਰਾਹਾਂ ਦੇ ਜ਼ਰੀਏ ਮੁੱਖ ਸੜਕ ’ਤੇ ਆ ਕੇ ਮੁੱਖ ਮੰਤਰੀ ਨੂੰ ਕਾਲੇ ਝੰਡੇ ਖਿਦਾਉਣ ਦੀ ਕੋਸ਼ਿਸ਼ ਕੀਤੀ।
ਆਂਗਣਵਾੜੀ ਵਰਕਰਾਂ ਨੂੰ ਹਿਰਾਸਤ ਵਿੱਚ ਲਿਆ
ਡੱਬਵਾਲੀ ’ਚ ਜਨ ਸੰਵਾਦ ਪ੍ਰੋਗਰਾਮ ਦੌਰਾਨ ਆਪਣੀਆਂ ਮੰਗਾਂ ਦੀ ਪੂਰਤੀ ਲਈ ਧਰਨਾ ਪ੍ਰਦਰਸ਼ਨ ਕਰ ਰਹੀਆਂ ਕਈ ਆਂਗਣਵਾੜੀ ਵਰਕਰਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ।
ਆਂਗਣਵਾੜੀ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਕੇ ਡੱਬਵਾਲੀ ਤੋਂ ਸੱਠ ਕਿਲੋਮੀਟਰ ਦੂਰ ਸਿਰਸਾ ਸਿਵਲ ਲਾਈਨ ਥਾਣੇ ਵਿੱਚ ਰੱਖਿਆ ਗਿਆ, ਜਿਥੋਂ ਬਾਅਦ ’ਚ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ।
ਕਿਸਾਨਾਂ ’ਤੇ ਲਾਠੀਚਾਰਜ

ਤਸਵੀਰ ਸਰੋਤ, Prabhu Dayal/BBC
ਜਨ ਸੰਵਾਦ ਪ੍ਰੋਗਰਾਮ ਦੌਰਾਨ ਡੱਬਵਾਲੀ ਪਿੰਡ ’ਚ ਮੁੱਖ ਮੰਤਰੀ ਨੂੰ ਆਵਾਰਾ ਪਸ਼ੂਆਂ ਤੇ ਹੋਰ ਕਿਸਾਨੀ ਮੰਗਾਂ ਸਬੰਧੀ ਮੰਗ ਪੱਤਰ ਦੇਣ ਲਈ ਕਈ ਕਿਸਾਨਾਂ ’ਤੇ ਪੁਲਿਸ ਨੇ ਹਲਕਾ ਲਾਠੀਚਾਰਜ਼ ਕੀਤਾ।
ਕਈ ਕਿਸਾਨਾਂ ਨੂੰ ਕੁਝ ਸਮੇਂ ਲਈ ਹਿਰਾਸਤ ਵਿੱਚ ਲੈ ਕੇ ਦੂਰ ਦੂਰਾਡੇ ਦੇ ਵੱਖ-ਵੱਖ ਥਾਣਿਆਂ ’ਚ ਲੈ ਗਏ।
ਸਰਪੰਚਾਂ ਤੇ ਹੋਰ ਆਗੂਆਂ ਦੀ ਨਜ਼ਰਬੰਦੀ
ਸਰਪੰਚ ਐਸੋਸੀਏਸ਼ਨ ਵੱਲੋਂ ਹਰਿਆਣਾ ਸਰਕਾਰ ਵੱਲੋਂ ਲਾਗੂ ਕੀਤੀ ਗਈ ਈ-ਟੇਂਡਰਿੰਗ ਪ੍ਰਣਾਲੀ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਈ-ਟੇਂਡਰਿੰਗ ਪ੍ਰਣਾਲੀ ਦੇ ਲਾਗੂ ਹੋਣ ਦੇ ਵਿਰੋਧ ਵਿੱਚ ਸਰਪੰਚ ਐਸੋਸੀਏਸ਼ਨ ਵੱਲੋਂ ਭਾਜਪਾ-ਜਜਪਾ ਨੇਤਾਵਾਂ ਦਾ ਪਿੰਡਾਂ ਵਿੱਚ ਵਿਰੋਧ ਕਰਨ ਦਾ ਫੈਸਲਾ ਲਿਆ ਹੋਇਆ ਹੈ।
ਸਰਪੰਚ ਐਸੋਸੀਏਸ਼ਨ ਦੀ ਸੂਬਾਈ ਮੀਤ ਪ੍ਰਧਾਨ ਸੰਤੋਸ਼ ਬੈਨੀਵਾਲ ਤੇ ਜ਼ਿਲ੍ਹਾ ਪ੍ਰਧਾਨ ਜਸਕਰਨ ਕੰਗ ਨੇ ਪਿਛਲੇ ਦਿਨੀਂ ਐਲਾਨ ਕੀਤਾ ਸੀ ਕਿ ਉਹ ਮੁੱਖ ਮੰਤਰੀ ਦੇ ਜਨ ਸੰਵਾਦ ਪ੍ਰੋਗਰਾਮ ਦੌਰਾਨ ਵਿਰੋਧ ਪ੍ਰਦਰਸ਼ਨ ਕਰਨਗੇ।
ਸਰਪੰਚਾਂ ਵੱਲੋਂ ਵਿਰੋਧ ਪ੍ਰਦਰਸ਼ਨ ਕਰਨ ਦੇ ਮੱਦੇਨਜ਼ਰ ਸਰਪੰਚ ਸੰਤੋਸ਼ ਬੈਨੀਵਾਲ ਸਮੇਤ ਕਈ ਹੋਰ ਪਿੰਡਾਂ ਦੇ ਸਰਪੰਚਾਂ ਨੂੰ ਜਿੱਥੇ ਤਿੰਨ ਦਿਨਾਂ ਤੱਕ ਘਰਾਂ ਅੰਦਰ ਨਜ਼ਰਬੰਦ ਰੱਖਿਆ ਗਿਆ, ਉਥੇ ਹੀ ਕਈ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਵੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਸੀ।

ਤਸਵੀਰ ਸਰੋਤ, Prabhu Dayal/BBC
ਮੁੱਖ ਮੰਤਰੀ ਦੇ ਸਾਹਮਣੇ ਲੱਗੇ ਨਾਅਰੇ
ਪਿੰਡ ਖੈਰੇਕਾਂ ’ਚ ਜਨ ਸੰਵਾਦ ਪ੍ਰੋਗਰਾਮ ਦੇ ਦੌਰਾਨ ਹੀ ਮੁੱਖ ਮੰਤਰੀ ਤੇ ਹਰਿਆਣਾ ਸਰਕਾਰ ਦੇ ਖ਼ਿਲਾਫ਼ ਨਾਅਰੇ ਲੱਗੇ ਤਾਂ ਪੁਲਿਸ ਨਾਅਰੇ ਲਾਉਣ ਵਾਲਿਆਂ ਦੇ ਮੂੰਹ ਬੰਦ ਕਰਨ ਦੀ ਕੋਸ਼ਿਸ਼ ਕੀਤੀ।
ਦਰਅਸਲ, ਪਰਿਵਾਰ ਪਛਾਣ ਪੱਤਰ ’ਚ ਖ਼ਾਮੀਆਂ ਨੂੰ ਦੂਰ ਕਰਵਾਉਣ ਲਈ ਪਿਛਲੇ ਕਈ ਦਿਨਾਂ ਤੋਂ ਧਰਨਾ ਦੇ ਰਹੇ ‘ਆਪ’ ਦੇ ਆਗੂ ਤੇ ਕਾਰਕੁਨ ਮੁੱਖ ਮੰਤਰੀ ਨੂੰ ਆਪਣਾ ਮੰਗ ਪੱਤਰ ਦੇਣ ਲਈ ਜਨ ਸੰਵਾਦ ਪ੍ਰੋਗਰਾਮ ’ਚ ਪਹੁੰਚ ਗਏ।
ਜਦੋਂ ‘ਆਪ’ ਆਗੂਆਂ ਤੋਂ ਮੰਗ ਪੱਤਰ ਨਹੀਂ ਲਿਆ ਗਿਆ ਤਾਂ ਉਨ੍ਹਾਂ ਨੇ ਮੁੱਖ ਮੰਤਰੀ ਦੇ ਸਾਹਮਣੇ ਹੀ ਨਾਅਰੇਬਾਜ਼ੀ ਕਰ ਦਿੱਤੀ।
ਇੱਕਦਮ ਕਈ ਲੋਕਾਂ ਵੱਲੋਂ ਕੀਤੀ ਗਈ ਨਾਅਰੇਬਾਜ਼ੀ ਕਾਰਨ ਪੁਲਿਸ ਨੂੰ ਭਾਜੜਾਂ ਪੈ ਗਈਆਂ ਤੇ ਸਾਦੀ ਵਰਦੀ ’ਚ ਬੈਠੇ ਪੁਲਿਸ ਮੁਲਾਜ਼ਮਾਂ ਤੇ ਵਰਦੀਧਾਰੀ ਮੁਲਾਜ਼ਮਾਂ ਨੇ ਨਾਅਰੇਬਾਜ਼ੀ ਕਰ ਰਹੇ ਲੋਕਾਂ ਦੇ ਮੂੰਹ ਬੰਦ ਕਰਾ ਕੇ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ।
ਰੋਹ ’ਚ ਆਏ ਲੋਕਾਂ ਨੇ ਜ਼ੋਰਦਾਰ ਹੰਗਾਮਾ ਕੀਤਾ, ਜਿਸ ਮਗਰੋਂ ਮੁੱਖ ਮੰਤਰੀ ਨੂੰ ਸੁਰੱਖਿਆ ਦਸਤਿਆਂ ਨੇ ਆਪਣੇ ਛੱਤਰੀ ਹੇਠਾਂ ਲੈ ਲਿਆ ਤੇ ਦੂਜੇ ਦਰਵਾਜ਼ਿਓਂ ਮੁੱਖ ਮੰਤਰੀ ਅਗਲੇ ਪ੍ਰੋਗਰਾਮ ਲਈ ਚਲੇ ਗਏ।

ਤਸਵੀਰ ਸਰੋਤ, Prabhu DAyal/bbc
ਮੁੱਖ ਮੰਤਰੀ ਖੱਟਰ ਦੀ ਸਫ਼ਾਈ
ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਜਿਹੀਆਂ ਘਟਨਾਵਾਂ ਬਾਰੇ 15 ਮਈ ਨੂੰ ਸਿਰਸਾ ਵਿੱਚ ਹੀ ਸਪੱਸ਼ਟੀਕਰਨ ਦਿੱਤਾ ਹੈ।
ਉਨ੍ਹਾਂ ਕਿਹਾ, "ਇਨ੍ਹਾਂ ਸਮਾਗਮਾਂ ਵਿੱਚ ਹਰ ਇੱਕ ਨਾਲ ਗੱਲ ਕਰਨੀ ਸੰਭਵ ਨਹੀਂ ਹੁੰਦੀ। ਪਰ ਗੱਲ ਕਰਨ ਦਾ ਤਰੀਕਾ ਇਹ ਲੱਭਿਆ ਹੈ ਕਿ ਜਿਸ ਨੇ ਵੀ ਕੋਈ ਗੱਲ ਕਰਨੀ ਹੋਵੇ, ਉਹ ਲਿਖ ਕੇ ਲਿਆਇਆ ਹੋਵੇਗਾ।”
“ਜੇਕਰ ਬਿਨਾਂ ਲਿਖੇ ਕੋਈ ਗੱਲ ਤੁਸੀਂ ਚੁੱਕਦੇ ਵੀ ਹੋ ਤਾਂ ਉਹ ਉੱਥੇ ਹੀ ਰਹਿ ਜਾਵੇਗੀ, ਅੱਗੇ ਪਹੁੰਚੇਗੀ ਹੀ ਨਹੀਂ।”
“ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਜਿਹੜੇ ਲੋਕ ਲਿਖ ਕੇ ਲਿਆਏ ਹਨ, ਉਨ੍ਹਾਂ ਦੀਆਂ ਸ਼ਿਕਾਇਤਾਂ ਲੈ ਲਈਆਂ ਜਾਣ, ਪਰ ਕਈ ਕਹਿੰਦੇ ਹਨ ਕਿ ਉਹ ਲਿਖ ਕੇ ਨਹੀਂ ਬੋਲ ਕੇ ਦੱਸਣਗੇ।”
“ਉਸ ਤੋਂ ਪਤਾ ਲੱਗ ਜਾਂਦਾ ਹੈ ਕਿ ਉਹ ਗੱਲ ਕਰਨ ਨਹੀਂ ਭਿੜਨ ਆਇਆ ਹੈ। ਭਿੜਨ ਵਾਲੇ ਲੋਕ ਜੋ ਹੁੰਦੇ ਹਨ ਉਹ ਸਭਾ ਨੂੰ ਖਰਾਬ ਕਰਨ ਆਉਂਦੇ ਹਨ।”
ਖੱਟਰ ਕਹਿੰਦੇ ਹਨ, “ਕੱਲ ਇੱਕ ਦੋ ਲੋਕਾਂ ਉੱਤੇ ਸਾਨੂੰ ਸਖ਼ਤੀ ਵੀ ਕਰਨੀ ਪਈ। ਉਹ ਕਿਸੇ ਸਿਆਸੀ ਪਾਰਟੀ ਦੇ ਲੋਕ ਸਨ ਅਤੇ ਪਹਿਲਾਂ ਤੋਂ ਤੈਅ ਕੀਤਾ ਹੋਇਆ ਸੀ ਕਿ ਮੁੱਖ ਮੰਤਰੀ ਆਉਣਗੇ, ਉਨ੍ਹਾਂ ਦੀ ਸਭਾ ਵਿੱਚ ਵਿਘਨ ਪਾਵਾਂਗੇ ਅਤੇ ਵਿਰੋਧ ਕਰਾਂਗੇ।”
ਮੁੱਖ ਮੰਤਰੀ ਉਲਟਾ ਸਵਾਲ ਕਰਦੇ ਹਨ ਕਿ, ਕੀ ਅਜਿਹਾ ਵਿਰੋਧ ਸਹੀ ਹੁੰਦਾ ਹੈ।
ਉਹ ਕਹਿੰਦੇ ਹਨ, “ਲੋਕਤੰਤਰ ਵਿੱਚ ਸਭ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਤਾਂ ਹੈ, ਪਰ ਜੇਕਰ ਵਿਰੋਧ ਕਰਨ ਲਈ ਹੀ ਵਿਰੋਧ ਕਰਨਾ ਹੈ ਤਾਂ ਸਭਾ ਵਿੱਚ ਨਹੀਂ ਮੀਡੀਆ ਵਿੱਚ ਕਰੇ। ਅਸੀਂ ਉਸ ਦਾ ਜਵਾਬ ਦੇ ਦੇਵਾਂਗੇ।"

ਤਸਵੀਰ ਸਰੋਤ, Prabhu Dayal/BBC
ਜਨ ਸੰਵਾਦ ਪ੍ਰੋਗਰਾਮ ਕੀ ਹੈ
ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਦੀ ਸਰਕਾਰ ਨੇ ਲੋਕਾਂ ਤੱਕ ਸਿੱਧੀ ਪਹੁੰਚ ਬਣਾਉਣ ਲਈ ਜਨ ਸੰਵਾਦ ਪ੍ਰਗੋਰਾਮ ਚਲਾਇਆ ਹੈ।
ਇਸ ਪ੍ਰੋਗਰਾਮ ਵਿੱਚ ਮੁੱਖ ਮੰਤਰੀ ਅਤੇ ਮੰਤਰੀ ਸਿੱਧੇ ਲੋਕਾਂ ਵਿੱਚ ਜਾਂਦੇ ਹਨ, ਅਤੇ ਲੋਕਾਂ ਨਾਲ ਸਿੱਧੀਆਂ ਗੱਲਾਂ ਕਰਦੇ ਹਨ।
ਲੋਕਾਂ ਦੀਆਂ ਸ਼ਿਕਾਇਤਾਂ ਸੁਣਦੇ ਹਨ ਅਤੇ ਸਬੰਧਤ ਇਲਾਕੇ ਵਿੱਚ ਬਣ ਰਹੇ ਵਿਕਾਸ ਕਾਰਜਾਂ ਦੇ ਉਦਘਾਟਨ ਕਰਦੇ ਹਨ ਅਤੇ ਨਵਿਆਂ ਦੇ ਨੀਂਹ ਪੱਥਰ ਵੀ ਰੱਖਦੇ ਹਨ।
ਸਿਰਸਾ ਵਿੱਚ ਮੁੱਖ ਮੰਤਰੀ ਨੇ ਪਿੰਡ ਖੈਰੇਕਾਂ ਤੋਂ ਜਨ ਸੰਵਾਦ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਪ੍ਰੋਗਰਾਮ ਵਿੱਚ ਹਰਿਆਣਾ ਦੇ ਸੱਭਿਆਚਾਰ ਦੇ ਰੰਗ ਦਿਖਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ।
ਪਿੰਡ ਦੇ ਸਕੂਲ ਵਿੱਚ ਲੋਕਾਂ ਦੇ ਬੈਠਣ ਲਈ ਜਿਥੇ ਚਿੱਟੀਆਂ ਚਾਦਰਾਂ ਲਾ ਕੇ ਗੱਦੇ ਲਾਏ ਗਏ ਸਨ, ਉਥੇ ਹੀ ਵਡੇਰੀ ਉਮਰ ਦੇ ਲੋਕਾਂ ਲਈ ਪੇਂਡੂ ਸਭਿਆਚਾਰ ਦੇ ਤਹਿਤ ਮੰਜੇ ਵੀ ਡਾਹੇ ਗਏ ਸਨ।
ਮੁੱਖ ਮੰਤਰੀ ਤੇ ਉਨ੍ਹਾਂ ਦੇ ਨਾਲ ਆਏ ਕੁਝ ਨੇਤਾ ਤੇ ਅਧਿਕਾਰੀਆਂ ਲਈ ਸਟੇਜ ’ਤੇ ਮੂੜੇ ਡਾਹੇ ਗਏ ਸਨ।













