You’re viewing a text-only version of this website that uses less data. View the main version of the website including all images and videos.
ਅਮਰੀਕਾ ਦੀ ਪਰਵਾਸੀਆਂ ਲਈ ਨੀਤੀ ਵਿੱਚ ਕੀ ਬਦਲਿਆ ਜਿਸ ਨਾਲ ਹਜ਼ਾਰਾਂ ਲੋਕ ਸਰਹੱਦ ਉੱਤੇ ਇਕੱਠਾ ਹੋ ਗਏ
- ਲੇਖਕ, ਬਰੈਂਡ ਡੇਬਸਮੈਨ ਜੂਨੀਅਰ
- ਰੋਲ, ਬੀਬੀਸੀ ਨਿਊਜ਼
ਅਮਰੀਕਾ ਵਿੱਚ ਤਿੰਨ ਸਾਲਾਂ ਤੋਂ ਵੱਧ ਸਮੇਂ ਬਾਅਦ, ਟਾਈਟਲ 42 ਵਜੋਂ ਜਾਣੀ ਜਾਂਦੀ ਟਰੰਪ-ਯੁੱਗ ਦੀ ਇੱਕ ਵਿਵਾਦਪੂਰਨ ਇਮੀਗ੍ਰੇਸ਼ਨ ਨੀਤੀ 11 ਮਈ ਨੂੰ ਹੋ ਰਹੀ ਹੈ।
ਅਜਿਹਾ ਹੋਣ 'ਤੇ ਅਧਿਕਾਰੀ ਅਮਰੀਕਾ-ਮੈਕਸੀਕੋ ਸਰਹੱਦ 'ਤੇ ਪ੍ਰਵਾਸੀਆਂ ਦੀ ਆਮਦ ਲਈ ਤਿਆਰ ਹਨ।
ਮੰਗਲਵਾਰ ਨੂੰ, ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ ਨੇ ਸਵੀਕਾਰ ਕੀਤਾ ਕਿ ਨੀਤੀ ਨੂੰ ਹਟਾਏ ਜਾਣ 'ਤੇ "ਇਹ ਥੋੜ੍ਹੇ ਸਮੇਂ ਲਈ ਸਥਿਤੀ ਅਵਿਵਸਥਿਤ ਹੋ ਜਾਵੇਗੀ।"
ਇਸ ਨੀਤੀ ਨੂੰ ਕੋਰੋਨਾ ਮਹਾਮਾਰੀ ਦੇ ਦੌਰਾਨ ਡੌਨਲਡ ਟਰੰਪ ਦੀ ਸਰਕਾਰ ਵੱਲੋਂ ਲਾਗੂ ਕੀਤਾ ਗਿਆ ਸੀ।
ਲੰਮੇ ਸਮੇਂ ਤੋਂ ਇਮੀਗ੍ਰੇਸ਼ਨ ਹਿਮਾਇਤੀ ਅਤੇ ਕੁਝ ਡੈਮੋਕਰੇਟਸ ਇਸ ਨੀਤੀ ਦੀ ਸਖ਼ਤ ਆਲੋਚਨਾ ਕਰਦੇ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨੇ ਬਹੁਤ ਸਾਰੇ ਪਨਾਹ ਮੰਗਣ ਵਾਲਿਆਂ ਨੂੰ ਦੇਸ਼ ਵਿੱਚ ਆਉਣ ਤੋਂ ਰੋਕਿਆ ਹੈ।
ਦੂਜੇ ਪਾਸੇ, ਰਿਪਬਲੀਕਨਾਂ ਦੀ ਦਲੀਲ ਹੈ ਕਿ 2024 ਦੀਆਂ ਚੋਣਾਂ ਤੋਂ ਪਹਿਲਾਂ ਇੱਕ ਵਧਦੇ ਪ੍ਰਵਾਸ ਅਤੇ ਇਸ ਸਬੰਧੀ ਸਿਆਸੀ ਬਹਿਸ ਨੂੰ ਦੇਖਦਿਆਂ, ਫਿਲਹਾਲ ਇਸ ਨੀਤੀ ਨੂੰ ਨਹੀਂ ਹਟਾਉਣਾ ਚਾਹੀਦਾ, ਤਾਂ ਜੋ ਗ਼ੈਰ-ਕਾਨੂੰਨੀ ਤੌਰ 'ਤੇ ਸਰਹੱਦ ਪਾਰ ਕਰਨ ਵਾਲਿਆਂ ਨੂੰ ਰੋਕਿਆ ਜਾ ਸਕੇ।
ਟਾਈਟਲ 42 ਕੀ ਹੈ ਅਤੇ ਇਹ ਕਿਉਂ ਹਟਾਇਆ ਜਾ ਰਿਹਾ ਹੈ?
ਟਾਈਟਲ 42, 1944 ਦੇ ਇੱਕ ਕਾਨੂੰਨ ਨਾਲ ਸਬੰਧਿਤ ਹੈ ਜਿਸ ਨੂੰ ਪਬਲਿਕ ਹੈਲਥ ਐਕਟ ਵਜੋਂ ਜਾਣਿਆ ਜਾਂਦਾ ਹੈ।
ਇਹ ਕਾਨੂੰਨ ਅਮਰੀਕੀ ਅਧਿਕਾਰੀਆਂ ਨੂੰ ਐਮਰਜੈਂਸੀ ਸ਼ਕਤੀਆਂ ਦਿੰਦਾ ਹੈ ਤਾਂ ਜੋ ਉਹ ਦੇਸ਼ 'ਚ ਬਿਮਾਰੀਆਂ ਦੇ ਫੈਲਣ ਨੂੰ ਰੋਕ ਸਕਣ।
ਸਾਲ 2020 ਵਿੱਚ ਜਦੋਂ ਦੁਨੀਆਂ ਭਰ 'ਚ ਕੋਵਿਡ ਮਹਾਮਾਰੀ ਆਪਣੇ ਪੈਰ ਪਸਾਰ ਰਹੀ ਸੀ, ਉਸ ਵੇਲੇ ਰਾਸ਼ਟਰਪਤੀ ਡੌਨਲਡ ਟਰੰਪ ਦੀ ਸਰਕਾਰ ਨੇ ਮਾਰਚ 2020 ਵਿੱਚ ਇਹ ਨੀਤੀ ਲਾਗੂ ਕੀਤੀ ਸੀ, ਤਾਂ ਜੋ ਦੇਸ਼ 'ਚ ਕੋਵਿਡ ਦੇ ਫੈਲਣ ਨੂੰ ਰੋਕਿਆ ਜਾ ਸਕੇ।
ਟਾਈਟਲ 42 ਦੇ ਅਨੁਸਾਰ, ਅਮਰੀਕੀ ਅਧਿਕਾਰੀਆਂ ਨੂੰ ਇਹ ਹੱਕ ਮਿਲ ਗਏ ਸਨ ਕਿ ਉਹ ਮਹਾਂਮਾਰੀ ਦੀ ਰੋਕਥਾਮ ਦੇ ਨਾਂ 'ਤੇ ਮੈਕਸੀਕੋ ਤੋਂ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਪ੍ਰਵਾਸੀਆਂ ਨੂੰ ਦੇਸ਼ 'ਚ ਦਾਖ਼ਲ ਹੋਣ ਤੋਂ ਰੋਕ ਸਕਣ ਅਤੇ ਬਾਹਰ ਕੱਢ ਸਕਣ।
ਇਨ੍ਹਾਂ ਪ੍ਰਵਾਸੀਆਂ ਵਿੱਚ ਮਾਨਵਤਾਵਾਦੀ ਸ਼ਰਣ ਮੰਗਣ ਵਾਲੇ ਲੋਕ ਵੀ ਸ਼ਾਮਲ ਹਨ।
ਜਨਵਰੀ 2021 ਵਿੱਚ ਜੋਅ ਬਾਇਡਨ ਨੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ ਤਾਂ ਉਨ੍ਹਾਂ ਨੇ ਵੀ ਇਸ ਨੀਤੀ ਨੂੰ ਜਿਓਂ ਦਾ ਤਿਓਂ ਰਹਿਣ ਦਿੱਤਾ। ਉਨ੍ਹਾਂ ਨੇ ਵੀ ਇਸ ਦੇ ਲਈ ਲੋਕਾਂ ਦੀ ਸਿਹਤ ਸੁਰੱਖਿਆ ਦਾ ਹਵਾਲਾ ਦਿੱਤਾ।
ਯੂਐਸ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ (ਸੀਬੀਪੀ) ਦੇ ਅੰਕੜਿਆਂ ਅਨੁਸਾਰ, 2021-2022 ਵਿੱਤੀ ਸਾਲ ਦੌਰਾਨ ਟਾਈਟਲ 42 ਨੀਤੀ ਦੇ ਤਹਿਤ 20 ਲੱਖ ਤੋਂ ਵੱਧ ਲੋਕਾਂ ਨੂੰ ਬਾਹਰ ਕੱਢਿਆ ਗਿਆ ਸੀ।
ਯੂਐਸ ਸੈਂਟਰ ਫਾਰ ਡਿਜ਼ੀਜ਼ ਕੰਟਰੋਲ, ਅਮਰੀਕਾ ਦੀ ਸਿਹਤ ਨੀਤੀ ਦੀ ਨਿਗਰਾਨੀ ਕਰਦਾ ਹੈ। ਇਸ ਨੇ ਅਪ੍ਰੈਲ 2022 ਵਿੱਚ ਜਨਤਕ ਸਿਹਤ ਪ੍ਰਤੀ ਘੱਟ ਹੋਏ ਜੋਖ਼ਮ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਟਾਈਟਲ 42 ਨੂੰ ਹਟਾ ਦਿੱਤਾ ਜਾਵੇਗਾ।
ਹਾਲਾਂਕਿ, ਰਿਪਬਲਿਕਨ ਅਗਵਾਈ ਵਾਲੇ ਸੂਬਿਆਂ ਨੇ ਇਸ ਨੂੰ ਬਣਾਈ ਰੱਖਣ ਲਈ ਕੋਸ਼ਿਸ਼ਾਂ ਕੀਤੀਆਂ ਤੇ ਇਨ੍ਹਾਂ ਸਾਰੇ ਵਿਵਾਦਾਂ ਕਾਰਨ ਟਾਈਟਲ ਨੂੰ ਹਟਾਉਣ ਵਿੱਚ ਲਗਾਤਾਰ ਦੇਰੀ ਹੁੰਦੀ ਰਹੀ।
ਪਰ ਆਖਿਰਕਾਰ, ਆਉਂਦੀ 11 ਮਈ ਨੂੰ ਇਸ ਨੂੰ ਹਟਾਇਆ ਜਾ ਰਿਹਾ ਹੈ।
ਟਾਈਟਲ 42 ਹਟਣ ਨਾਲ ਕੀ ਹੋਵੇਗਾ?
ਯੂਐਸ-ਮੈਕਸੀਕੋ ਸਰਹੱਦ 'ਤੇ ਗੈਰ-ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਪ੍ਰਵਾਸੀਆਂ ਦੀ ਆਮਦ ਲਈ ਸਥਾਨਕ ਸਰਕਾਰਾਂ ਅਤੇ ਅਧਿਕਾਰੀ ਤਿਆਰ ਹਨ।
ਅਮਰੀਕੀ ਅਧਿਕਾਰੀਆਂ ਦਾ ਅਨੁਮਾਨ ਹੈ ਕਿ ਮਈ ਵਿੱਚ ਪ੍ਰਤੀ ਦਿਨ 10,000 ਤੋਂ ਵੱਧ ਲੋਕਾਂ ਦੇ ਆਉਣ ਦੀ ਉਮੀਦ ਹੈ। ਇਹ ਸੰਖਿਆ ਮਾਰਚ ਵਿਚ ਲਗਭਗ 5,000 ਸੀ।
ਟਾਈਟਲ 42 ਦੇ ਤਹਿਤ, ਬਹੁਤ ਸਾਰੇ ਪ੍ਰਵਾਸੀਆਂ ਨੂੰ ਸ਼ਰਣ ਦੀ ਬੇਨਤੀ ਕਰਨ ਤੋਂ ਬਿਲਕੁਲ ਰੋਕ ਦਿੱਤਾ ਗਿਆ ਸੀ।
ਪਰ ਇਸ ਨੂੰ ਹਟਾਏ ਜਾਣ ਤੋਂ ਬਾਅਦ, ਅਮਰੀਕਾ ਉਸ ਨੀਤੀ 'ਤੇ ਵਾਪਸ ਆ ਜਾਵੇਗਾ ਜਿਸ ਵਿੱਚ ਪ੍ਰਵਾਸੀਆਂ ਦੀ ਸ਼ਰਣ ਅਰਜ਼ੀਆਂ ਦੀ ਵੈਧਤਾ ਨੂੰ ਨਿਰਧਾਰਤ ਕਰਨ ਲਈ ਜਾਂਚ ਕੀਤੀ ਜਾਂਦੀ ਹੈ।
ਇਸ ਨੀਤੀ ਤਹਿਤ ਜੇ ਕੋਈ ਪ੍ਰਵਾਸੀ ਜਾਂਚ ਤੋਂ ਬਾਅਦ ਸ਼ਰਨ ਲੈਣ ਦੇ ਯੋਗ ਸਾਬਿਤ ਨਹੀਂ ਹੁੰਦਾ ਤਾਂ ਹੀ ਉਸ ਨੂੰ ਡਿਪੋਰਟ ਕੀਤਾ ਜਾਂਦਾ ਹੈ।
ਅਮਰੀਕਾ ਨੇ ਸ਼ਰਣ ਮੰਗਣ ਵਾਲਿਆਂ ਦੀ ਇੰਟਰਵਿਊ ਪ੍ਰਕਿਰਿਆ ਨੂੰ "ਤੇਜ਼" ਕਰਨ ਲਈ ਨਵੇਂ ਪੈਮਾਨੇ ਤੈਅ ਕੀਤੇ ਹਨ। ਇਨ੍ਹਾਂ ਮੁਤਾਬਕ, ਬਿਨੈਕਾਰਾਂ ਦੀ 24 ਘੰਟਿਆਂ ਦੇ ਅੰਦਰ ਸਕਰੀਨਿੰਗ ਕੀਤੀ ਜਾਵੇਗੀ ਅਤੇ ਜੇ ਲੋੜ ਪਵੇ ਤਾਂ ਕੁਝ ਦਿਨਾਂ ਜਾਂ ਹਫ਼ਤਿਆਂ ਦੇ ਅੰਦਰ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਜਾਵੇਗਾ।
ਸੀਬੀਪੀ ਦੇ ਅਨੁਸਾਰ, ਗੈਰ-ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਦੌਰਾਨ ਫੜ੍ਹੇ ਗਏ ਲੋਕਾਂ ਅਤੇ ਡਿਪੋਰਟ ਕੀਤੇ ਪ੍ਰਵਾਸੀਆਂ 'ਤੇ ਘੱਟੋ-ਘੱਟ ਪੰਜ ਸਾਲਾਂ ਲਈ ਅਮਰੀਕਾ ਵਿੱਚ ਦੁਬਾਰਾ ਦਾਖ਼ਲ ਹੋਣ 'ਤੇ ਪਾਬੰਦੀ ਰਹੇਗੀ ਅਤੇ ਉਨ੍ਹਾਂ ਨੂੰ "ਸ਼ਰਨਾਰਥੀ ਵਜੋਂ ਅਯੋਗ ਮੰਨਿਆ ਜਾਵੇਗਾ"।
ਬਾਇਡਨ ਪ੍ਰਸ਼ਾਸਨ ਨੇ ਪ੍ਰਵਾਸੀਆਂ ਨੂੰ ਕਾਨੂੰਨੀ ਇਮੀਗ੍ਰੇਸ਼ਨ ਦੇਣ ਲਈ ਕਈ ਰਸਤੇ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਗ਼ੈਰ-ਕਾਨੂੰਨੀ ਪ੍ਰਵੇਸ਼ ਨੂੰ ਰੋਕਿਆ ਜਾ ਸਕੇ।
2 ਮਈ ਨੂੰ ਐਲਾਨੇ ਗਏ ਇੱਕ ਸਮਝੌਤੇ ਦੇ ਹਿੱਸੇ ਵਜੋਂ, ਮੈਕਸੀਕੋ ਨੇ ਕਿਊਬਾ, ਹੈਤੀ, ਨਿਕਾਰਾਗੁਆ ਅਤੇ ਵੈਨੇਜ਼ੁਏਲਾ ਤੋਂ ਪ੍ਰਤੀ ਮਹੀਨਾ 30,000 ਪ੍ਰਵਾਸੀਆਂ ਦੇ ਪ੍ਰਵੇਸ਼ ਨੂੰ ਸਵੀਕਾਰ ਕਰਨਾ ਜਾਰੀ ਰੱਖਣ ਲਈ ਸਹਿਮਤੀ ਦਿੱਤੀ ਹੈ।
ਦੱਸ ਦੇਈਏ ਕਿ ਇਹੀ ਚਾਰ ਦੇਸ਼ ਹਨ ਜਿੱਥੋਂ ਸਭ ਤੋਂ ਵੱਧ ਗੈਰ-ਕਾਨੂੰਨੀ ਪਰਵਾਸ ਕਰਨ ਵਾਲੇ ਲੋਕ ਆਉਂਦੇ ਹਨ।
ਅਮਰੀਕਾ ਨੇ ਹੋਂਡੁਰਸ, ਗੁਆਟੇਮਾਲਾ ਅਤੇ ਅਲ ਸੈਲਵਾਡੋਰ ਤੋਂ ਕੁੱਲ 100,000 ਲੋਕਾਂ ਨੂੰ ਸ਼ਰਨ ਦੇਣ ਦੀ ਸਹਿਮਟੀ ਦਿੱਤੀ ਹੈ, ਉਹ ਲੋਕ ਜਿਨ੍ਹਾਂ ਦੇ ਪਰਿਵਾਰ ਅਮਰੀਕਾ ਵਿੱਚ ਹਨ।
ਅਮਰੀਕਾ ਕੋਲੰਬੀਆ ਅਤੇ ਗੁਆਟੇਮਾਲਾ ਵਿੱਚ ਨਵੇਂ ਪ੍ਰਵਾਸੀ ਪ੍ਰੋਸੈਸਿੰਗ ਕੇਂਦਰ ਖੋਲ੍ਹਣ ਦੀ ਯੋਜਨਾ ਬਣਾ ਰਿਹਾ ਹੈ ਤਾਂ ਜੋ ਗੈਰ-ਦਸਤਾਵੇਜ਼ੀ ਇਮੀਗ੍ਰੇਸ਼ਨ ਨੂੰ ਘਟਾਉਣ ਵਿੱਚ ਮਦਦ ਕੀਤੀ ਜਾ ਸਕੇ।
ਅਮਰੀਕੀ ਅਧਿਕਾਰੀਆਂ ਨੇ ਕਿਹਾ ਹੈ ਕਿ ਉਹ ਪ੍ਰਵਾਸੀਆਂ ਨੂੰ ਗੈਰ ਕਾਨੂੰਨੀ ਢੰਗ ਨਾਲ ਪਰਵਾਸ ਕਰਨ ਵਿੱਚ ਸ਼ਾਮਲ ਅਪਰਾਧਿਕ ਨੈਟਵਰਕਾਂ ਦਾ ਵੀ ਪਤਾ ਲਗਾ ਰਹੇ ਹਨ।
ਇਸ ਦੇ ਨਾਲ ਹੀ ਉਹ ਕੋਸ਼ਿਸ਼ ਕਰ ਰਹੇ ਹਨ ਕਿ ਜਿਨ੍ਹਾਂ ਦੇਸ਼ਾਂ ਤੋਂ ਪਰਵਾਸੀ ਆਉਂਦੇ ਹਨ ਉੱਥੇ ਲੋਕਾਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਸਹੀ ਜਾਣਕਾਰੀ ਮੁੱਹਈਆ ਕਰਵਾਈ ਜਾਵੇ।
ਮੰਗਲਵਾਰ ਨੂੰ ਜਦੋਂ ਰਾਸ਼ਟਰਪਤੀ ਜੋਅ ਬਾਇਡਨ ਨੂੰ ਪੁੱਛਿਆ ਗਿਆ ਕਿ ਕੀ ਅਮਰੀਕਾ ਪ੍ਰਵਾਸੀਆਂ ਦੇ ਸੰਭਾਵਿਤ ਵਾਧੇ ਲਈ ਤਿਆਰ ਹੈ, ਤਾਂ ਉਨ੍ਹਾਂ ਕਿਹਾ, "ਅਸੀਂ ਉਹ ਸਭ ਕੁਝ ਕਰ ਰਹੇ ਹਾਂ ਜੋ ਅਸੀਂ ਕਰ ਸਕਦੇ ਹਾਂ। ਜਵਾਬ ਇਹੀ ਹੈ ਕਿ ਦੇਖਿਆ ਜਾਣਾ ਬਾਕੀ ਹੈ।"
ਵਧਾਈ ਗਈ ਸਰਹੱਦੀ ਸੁਰੱਖਿਆ
ਵਧੇਰੇ ਪ੍ਰਵਾਸੀਆਂ ਦੇ ਆਉਣ ਨੂੰ ਦੇਖਦਿਆਂ ਅਤੇ ਸਥਿਤੀ ਨੂੰ ਕਾਬੂ ਕਰਨ ਲਈ ਸਰਹੱਦੀ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਹੈ।
ਅਮਰੀਕੀ ਅਧਿਕਾਰੀਆਂ ਨੇ ਸੁਰੱਖਿਆ ਦੇ ਲਿਹਾਜ਼ ਨਾਲ ਸਰਹੱਦ 'ਤੇ 1500 ਵਧੇਰੇ ਫੌਜੀ ਤੈਨਾਤ ਕਰ ਦਿੱਤੇ ਹਨ ਤਾਂ ਜੋ ਆਵਾਜਾਈ, ਨਸ਼ੀਲੇ ਪਦਾਰਥਾਂ ਦੀ ਖੋਜ, ਡੇਟਾ ਐਂਟਰੀ ਅਤੇ ਵੇਅਰਹਾਊਸ ਦੇ ਕੰਮਾਂ ਵਿੱਚ ਸੀਬੀਪੀ ਨੂੰ ਸਹਾਇਤਾ ਮਿਲ ਸਕੇ।
ਹਾਲਾਂਕਿ ਇਹ ਕੋਈ ਨਵੀਂ ਗੱਲ ਨਹੀਂ ਹੈ। ਪੈਂਟਾਗਨ ਨੇ ਪਿਛਲੇ 22 ਸਾਲਾਂ ਵਿੱਚੋਂ 18 ਸਾਲਾਂ 'ਚ ਅਤੇ 2006 ਤੋਂ ਹਰ ਸਾਲ ਦੱਖਣੀ ਸਰਹੱਦ 'ਤੇ ਹੋਮਲੈਂਡ ਸੁਰੱਖਿਆ ਵਿਭਾਗ ਦੀ ਮਦਦ ਕੀਤੀ ਹੈ।
ਪਰ ਰਾਜਨੀਤਿਕ ਸਪੈਕਟ੍ਰਮ ਦੇ ਦੋਵਾਂ ਪਾਸਿਆਂ ਦੇ ਸਿਆਸਤਦਾਨਾਂ ਨੇ ਬਾਇਡਨ ਪ੍ਰਸ਼ਾਸਨ ਦੁਆਰਾ ਸਰਹੱਦ 'ਤੇ ਫੌਜੀਆਂ ਦੀ ਤੈਨਾਤੀ ਦੀ ਨਿੰਦਾ ਕੀਤੀ ਹੈ।
ਵਿਦੇਸ਼ੀ ਸਬੰਧਾਂ ਬਾਰੇ ਸੀਨੇਟ ਕਮੇਟੀ ਦੇ ਪ੍ਰਮੁੱਖ, ਡੈਮੋਕਰੇਟਿਕ ਸੀਨੇਟਰ ਬੌਬ ਮੇਨੇਡੇਜ਼ ਨੇ ਕਿਹਾ, "ਫੌਜੀਆਂ ਦੀ ਤੈਨਾਤੀ ਸਿਰਫ ਇਹ ਸੰਕੇਤ ਦਿੰਦੀ ਹੈ ਕਿ ਪ੍ਰਵਾਸੀ ਇੱਕ ਖ਼ਤਰਾ ਹਨ ਜਿਨ੍ਹਾਂ ਨੂੰ ਕਾਬੂ ਕਰਨ ਲਈ ਸਾਡੇ ਦੇਸ਼ ਦੀਆਂ ਫੌਜਾਂ ਦੀ ਲੋੜ ਹੈ। ਸੱਚਾਈ ਤੋਂ ਵਧ ਕੇ ਕੁਝ ਵੀ ਨਹੀਂ ਹੋ ਸਕਦਾ।"
8 ਮਈ ਨੂੰ, ਟੈਕਸਸ ਰਿਪਬਲਿਕਨ ਗਵਰਨਰ ਗ੍ਰੇਗ ਐਬੋਟ ਨੇ "ਰਣਨੀਤਕ ਸਰਹੱਦੀ ਫੋਰਸ" ਦੀ ਇੱਕਪਾਸੜ ਤੈਨਾਤੀ ਦਾ ਐਲਾਨ ਕੀਤਾ ਸੀ।
ਇਸ ਘੋਸ਼ਣਾ ਦੇ ਦੌਰਾਨ ਉਨ੍ਹਾਂ ਕਿਹਾ ਕਿ "ਜੋਅ ਬਾਇਡਨ ਨੇ ਆਪਣੀਆਂ ਖੁੱਲ੍ਹੀਆਂ ਸਰਹੱਦੀ ਨੀਤੀਆਂ ਤਹਿਤ ਸਰਹੱਦ ਨੂੰ ਸੁਰੱਖਿਅਤ ਕਰਨ ਦੀ ਸਾਡੀ ਸਮਰੱਥਾ ਵਿੱਚ ਰੁਕਾਵਟ ਪਾਈ ਹੈ।''
ਟਾਈਟਲ 42 ਅਤੇ ਅਮਰੀਕਾ ਦੀ ਸਿਆਸਤ
ਇਹ ਮੁੱਦਾ ਸੰਭਾਵਤ ਤੌਰ 'ਤੇ 2024 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਏਗਾ।
ਬਹੁਤ ਸਾਰੇ ਅਮਰੀਕੀਆਂ ਨੇ ਸਰਹੱਦ ਅਤੇ ਅਮਰੀਕੀ ਇਮੀਗ੍ਰੇਸ਼ਨ ਨੀਤੀ ਬਾਰੇ ਚਿੰਤਾ ਪ੍ਰਗਟ ਕੀਤੀ ਹੈ।
ਹਾਲਾਂਕਿ, ਸਾਬਕਾ ਅਮਰੀਕੀ ਰਾਸ਼ਟਰਪਤੀ ਅਤੇ 2024 ਦੀਆਂ ਚੋਣਾਂ ਦੇ ਦਾਅਵੇਦਾਰ ਡੌਨਲਡ ਟਰੰਪ ਨੇ ਟਾਈਟਲ 42 ਨੂੰ ਆਪਣੀ "ਸਭ ਤੋਂ ਸਫਲ ਨੀਤੀਆਂ" ਵਿੱਚੋਂ ਇੱਕ ਦੱਸਿਆ ਹੈ।