ਪਿੰਕੀ ਕੈਟ ਦਾ ਦੇਹਾਂਤ : ਸੁਮੇਧ ਸੈਣੀ ਦਾ ਖ਼ਾਸਮ-ਖਾਸ ਗੁਰਮੀਤ ਸਿੰਘ, ਜੋ ਮੁਖ਼ਬਰ ਤੋਂ ਥਾਣੇਦਾਰ ਬਣਿਆ ਸੀ

ਪੰਜਾਬ ਪੁਲਿਸ ਦੇ ਬਰਖ਼ਾਸਤ ਅਧਿਕਾਰੀ ਗੁਰਮੀਤ ਸਿੰਘ ਪਿੰਕੀ ਦੀ ਮੌਤ ਹੋ ਗਈ ਹੈ। ‘ਪਿੰਕੀ ਕੈਟ’ ਵਜੋਂ ਜਾਣੇ ਜਾਂਦੇ ਇਸ ਪੁਲਿਸ ਅਧਿਕਾਰੀ ਨਾਲ ਕਈ ਵਿਵਾਦ ਵੀ ਜੁੜੇ ਹੋਏ ਸਨ।

ਬੀਬੀਸੀ ਪੱਤਰਕਾਰ ਗਗਨਦੀਪ ਸਿੰਘ ਵਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਪਿੰਕੀ ਦੀ ਮੌਤ ਚੰਡੀਗੜ੍ਹ ਦੇ ਇੱਕ ਨਿੱਜੀ ਹਸਪਤਾਲ ਵਿੱਚ 25 ਅਕਤੂਬਰ ਨੂੰ ਹੋਈ।

ਉਹ ਪਿਛਲੇ ਕਈ ਦਿਨਾਂ ਤੋਂ ਡੇਂਗੂ ਦੀ ਬਿਮਾਰੀ ਤੋਂ ਪੀੜਤ ਚੱਲ ਰਹੇ ਸਨ।

ਪਿੰਕੀ 1997 'ਚ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਵਿੱਚ ਸ਼ਾਮਲ ਜਗਤਾਰ ਸਿੰਘ ਹਵਾਰਾ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਚਰਚਾ ਵਿੱਚ ਆਏ ਸਨ।

ਪਿੰਕੀ ਨੂੰ ਹਵਾਰਾ ਨੂੰ ਗ੍ਰਿਫ਼ਤਾਰ ਕਰਨ ਬਦਲੇ ਸਰਕਾਰ ਵਲੋਂ ਸਨਮਾਨਿਤ ਵੀ ਕੀਤਾ ਗਿਆ ਸੀ। ਹਾਲਾਂਕਿ ਇਹ ਸਨਮਾਨ ਬਾਅਦ ਵਿੱਚ ਵਾਪਸ ਲੈ ਲਿਆ ਗਿਆ ਸੀ।

ਉਨ੍ਹਾਂ ਨੇ ਇੱਕ ਵਾਰ ਦਾਅਵਾ ਕੀਤਾ ਸੀ ਕਿ ਪੰਜਾਬ ਵਿੱਚ 1980ਵਿਆਂ ਦੇ ਦੌਰ ਵਿੱਚ ਹੋਏ 50 ਤੋਂ ਵੱਧ ਪੰਜਾਬ ਪੁਲਿਸ ਵਲੋਂ ਕੀਤੇ ਗਏ ਕਥਿਤ ''ਝੂਠੇ ਪੁਲਿਸ ਮੁਕਾਬਲਿਆਂ'' ਬਾਰੇ ਉਨ੍ਹਾਂ ਨੂੰ ਜਾਣਕਾਰੀ ਹੈ। ਜਦੋਂਕਿ ਪੁਲਿਸ ਵਲੋਂ ਅਜਿਹੇ ਦਾਅਵਿਆਂ ਨੂੰ ਗੁੰਮਰਾਹਕੁੰਨ ਦੱਸਿਆ ਗਿਆ ਸੀ ਅਤੇ ਇਨਕਾਰ ਕੀਤਾ ਗਿਆ ਸੀ।

ਪਿੰਕੀ ਨੂੰ ਪੰਜਾਬ ਪੁਲਿਸ ਦਾ ਮੁਖਬਰ ਸੀ ਪਰ ਬਾਅਦ ਵਿੱਚ ਸਰਕਾਰੀ ਰਿਕਾਰਡ ਮੁਤਾਬਕ 1988 ਵਿੱਚ ਉਸ ਦੀ ਪੰਜਾਬ ਪੁਲਿਸ ਵਿੱਚ ਸਿਪਾਹੀ ਵਜੋਂ ਭਰਤੀ ਕੀਤੀ ਗਈ ਸੀ।

ਉਨ੍ਹਾਂ ਨੂੰ ਸਾਲ 1989 ਵਿੱਚ ਹੈੱਡ ਕਾਂਸਟੇਬਲ ( ਹੌਲਦਾਰ) ਵਜੋਂ ਤਰੱਕੀ ਦਿੱਤੀ ਗਈ ਸੀ।

ਪਿੰਕੀ ਦਾ ਚਰਚਾ ਵਿੱਚ ਰਹਿਣਾ

2001 ਵਿੱਚ ਲੁਧਿਆਣਾ ਵਾਸੀ ਅਵਤਾਰ ਸਿੰਘ ਉਰਫ ਗੋਲਾ ਦੇ ਕਤਲ ਮਾਮਲੇ ਵਿੱਚ ਪਿੰਕੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।

ਗੁਰਮੀਤ ਸਿੰਘ ਪਿੰਕੀ ਵਲੋਂ ਮਈ 2021 ਵਿੱਚ ਆਪਣਾ ਯੂਟਿਊਬ ਚੈਨਲ ਵੀ ਸ਼ੁਰੂ ਕੀਤਾ ਗਿਆ ਸੀ।

ਜਿੱਥੇ ਉਨ੍ਹਾਂ ਨੇ ਪੰਜਾਬ ਵਿੱਚ ਅੱਤਵਾਦ ਦੇ ਦੌਰ ਦੌਰਾਨ ਹੋਏ ਕਥਿਤ ਐਨਕਾਉਂਟਰਜ਼ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਹਨ।

ਇਸ ਤੋਂ ਇਲਾਵਾ ਕਰੀਬ ਦੋ ਸਾਲਾਂ ਤੱਕ ਪਿੰਕੀ ਸੂਬੇ ਦੇ ਸਿਆਸੀ ਘਟਨਾਕ੍ਰਮ ਬਾਰੇ ਆਪਣਾ ਪੱਖ਼ ਰੱਖਦੇ ਸੁਣੇ ਜਾ ਸਕਦੇ ਹਨ।

ਹਾਲਾਂਕਿ ਬੀਤੇ ਇੱਕ ਸਾਲ ਤੋਂ ਉਨ੍ਹਾਂ ਵਲੋਂ ਆਪਣੇ ਯੂਟਿਊਬ ਚੈਨਲ ਉੱਤੇ ਕੋਈ ਵੀ ਵੀਡੀਓ ਨਹੀਂ ਪਾਇਆ ਗਿਆ ਹੈ।

2020-21 ਦੌਰਾਨ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ ਉੱਤੇ ਲੜੇ ਗਏ ਕਿਸਾਨ ਅੰਦੋਲਨ ਦੌਰਾਨ ਵੀ ਪਿੰਕੀ ਮੋਰਚੇ ਦੌਰਾਨ ਬੰਦਾ ਮਾਰ ਕੇ ਟੰਗਣ ਵਾਲੇ ਨਿਹੰਗ ਅਮਨ ਸਿੰਘ ਤੇ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨਾਲ ਤਸਵੀਰਾਂ ਵਿੱਚ ਦਿਖਣ ਕਾਰਨ ਚਰਚਾ ਵਿੱਚ ਆਏ ਸਨ।

ਭਾਵੇਂ ਕਿ ਪਿੰਕੀ ਨੇ ਉਦੋਂ ਕਿਹਾ ਸੀ ਕਿ ਉਹ ਆਪਣੇ ਕਿਸੇ ਨਿੱਜੀ ਕੰਮ ਲਈ ਕੇਂਦਰੀ ਖੇਤੀ ਮੰਤਰੀ ਨੂੰ ਮਿਲਣ ਉਨ੍ਹਾਂ ਦੇ ਘਰ ਗਏ ਹੋਏ ਸਨ, ਉਦੋਂ ਨਿਹੰਗ ਅਮਨ ਸਿੰਘ ਵੀ ਉੱਤੇ ਆ ਗਏ।

ਕਤਲ ਦਾ ਮਾਮਲਾ

ਜਨਵਰੀ 2001 ਵਿੱਚ ਗੁਰਮੀਤ ਸਿੰਘ ਪਿੰਕੀ ਨੇ ਲੁਧਿਆਣਾ ਸ਼ਹਿਰ ਦੇ ਇੱਕ ਬਾਜ਼ਾਰ ਵਿੱਚ ਇੱਕ 21 ਸਾਲਾ ਲੜਕੇ ਅਵਤਾਰ ਸਿੰਘ ਉਰਫ਼ ਗੋਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।

ਪੁਲਿਸ ਨੇ ਉਨ੍ਹਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਸੀ। ਸਾਲ 2006 ਵਿੱਚ ਹਰਿਆਣਾ ਦੀ ਅਦਾਲਤ ਵੱਲੋਂ ਪਿੰਕੀ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ।

ਜ਼ਿਲ੍ਹਾ ਅਦਾਲਤ ਵੱਲੋਂ ਪਿੰਕੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।

ਮਾਮਲਾ ਸੁਪਰੀਮ ਕੋਰਟ ਪੁਹੰਚਿਆ ਪਰ ਉੱਚ ਅਦਾਲਤ ਨੇ ਵੀ ਹੇਠਲੀ ਅਦਾਲਤ ਦੇ ਹੁਕਮਾਂ ਨੂੰ ਬਰਕਰਾਰ ਰੱਖਿਆ ਸੀ। ਪਿੰਕੀ ਸਾਲ 2014 ਵਿੱਚ ਜੇਲ੍ਹ ਵਿੱਚੋਂ ਰਿਹਾਅ ਹੋਇਆ ਸੀ।

ਦੋਸ਼ੀ ਠਹਿਰਾਏ ਜਾਣ ਤੋਂ ਬਾਅਦ, ਗੁਰਮੀਤ ਸਿੰਘ ਦਾ ਬਹਾਦਰੀ ਪੁਰਸਕਾਰ ਵਾਪਸ ਲੈ ਲਿਆ ਗਿਆ ਸੀ।

ਅਵਤਾਰ ਸਿੰਘ ਦੇ ਪਿਤਾ ਅਮਰੀਕ ਸਿੰਘ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗੁਰਮੀਤ ਸਿੰਘ ਨੇ ਉਨ੍ਹਾਂ ਦੇ ਬੇਟੇ ਦੇ ਕਤਲ ਦੇ ਮਾਮਲੇ ਵਿੱਚ ਸਜ਼ਾ ਪੂਰੀ ਨਹੀਂ ਕੱਟੀ ਸੀ।

ਅਮਰੀਕ ਸਿੰਘ ਨੇ ਦਾਅਵਾ ਕੀਤਾ ਕਿ ਪੁਲਿਸ ਵਲੋਂ ਗੁਰਮੀਤ ਸਿੰਘ ਨੂੰ ਤਨਖ਼ਾਹ ਅਤੇ ਹੋਰ ਭੱਤਿਆਂ ਦਾ ਪੂਰਾ ਲਾਭ ਦਿੱਤਾ ਗਿਆ ਸੀ।

ਉਨ੍ਹਾਂ ਕਿਹਾ ਕਿ,“ ਗੁਰਮੀਤ ਨੇ ਸਾਡੇ ਨਾਲ ਸਮਝੌਤਾ ਕਰਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਪਰ ਅਸੀਂ ਆਪਣੇ ਬੇਟੇ ਲਈ ਇਨਸਾਫ਼ ਦੀ ਲੜਾਈ ਲੜਦੇ ਰਹੇ।"

ਪਿੰਕੀ ਦੀ ਬਹਾਲੀ ਅਤੇ ਮੁੜ ਹੁਕਮ ਉਲਟਾਉਣਾ

ਪੰਜਾਬ ਪੁਲਿਸ ਨੇ ਸਾਲ 2015 ਵਿੱਚ ਬਰਖਾਸਤ ਇੰਸਪੈਕਟਰ ਗੁਰਮੀਤ ਸਿੰਘ ਪਿੰਕੀ ਨੂੰ ਹੈੱਡ ਕਾਂਸਟੇਬਲ ਵਜੋਂ ਬਹਾਲ ਕਰ ਦਿੱਤਾ ਸੀ।

ਉਸ ਸਮੇ ਸੁਮੇਧ ਸਿੰਘ ਸੈਣੀ, ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਪੰਜਾਬ ਵਿੱਚ ਪੁਲਿਸ ਦੇ ਡਾਇਰੈਕਟਰ ਜਨਰਲ ਸਨ। ਗੁਰਮੀਤ ਸਿੰਘ ਪਿੰਕੀ ਦੀ ਬਹਾਲੀ ਦੇ ਹੁਕਮਾਂ ਦਾ ਸਿਆਸੀ ਤੌਰ ’ਤੇ ਵਿਰੋਧ ਕੀਤਾ ਗਿਆ।

ਇਸ ਤੋਂ ਬਾਅਦ ਅਕਾਲੀ ਦਲ ਦੀ ਸਰਕਾਰ ਨੇ ਗੁਰਮੀਤ ਸਿੰਘ ਦੀ ਬਹਾਲੀ ਦੇ ਹੁਕਮਾਂ ਨੂੰ ਰੱਦ ਕਰ ਦਿੱਤਾ ਸੀ।

ਗੁਰਮੀਤ ਸਿੰਘ ਨੇ ਇੱਕ ਨਿੱਜੀ ਇੰਟਰਵਿਊ ਵਿੱਚ ਇਲਜ਼ਾਮ ਲਾਇਆ ਸੀ ਕਿ ਉਨ੍ਹਾਂ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਅਮਨ ਸਕੋਡਾ ਨਾਮ ਦੇ ਇੱਕ ਨਿੱਜੀ ਵਿਅਕਤੀ ਰਾਹੀਂ ਆਪਣੀ ਬਹਾਲੀ ਲਈ 50 ਲੱਖ ਰੁਪਏ ਦੀ ਰਿਸ਼ਵਤ ਦਿੱਤੀ ਸੀ।

ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨਾਲ ਨੇੜਤਾ

ਗੁਰਮੀਤ ਸਿੰਘ ਪਿੰਕੀ ਨੂੰ ਕਿਸੇ ਸਮੇਂ ਪੰਜਾਬ ਦੇ ਸਾਬਕਾ ਪੁਲਿਸ ਡਾਇਰੈਕਟਰ ਜਨਰਲ ਸੁਮੇਧ ਸਿੰਘ ਸੈਣੀ ਦੇ ਨਜ਼ਦੀਕੀ ਮੰਨੇ ਜਾਂਦੇ ਸਨ।

2015 ਵਿੱਚ ਉਨ੍ਹਾਂ ਨੇ ਅਜਿਹੀਆਂ ਕਈ ਇੰਟਰਵਿਊਜ਼ ਦਿੱਤੀਆਂ ਸਨ ਜਿਨ੍ਹਾਂ ਵਿੱਚ ਪੰਜਾਬ ਪੁਲਿਸ ’ਤੇ ਕਥਿਤ ਝੂਠੇ ਮੁਕਾਬਲਿਆਂ ਦੇ ਗੰਭੀਰ ਇਲਜ਼ਾਮ ਲਗਾਏ ਸਨ ।

ਉਨ੍ਹਾਂ ਆਪਣੀ ਇੰਟਰਵਿਊ ਵਿਚ ਜੂਨੀਅਰ ਇੰਜੀਨੀਅਰ ਬਲਵੰਤ ਸਿੰਘ ਮੁਲਤਾਨੀ ਦੇ ਕਥਿਤ ਕਤਲ ਦਾ ਵੀ ਜ਼ਿਕਰ ਕੀਤਾ ਸੀ।

2020 ਵਿੱਚ ਪੰਜਾਬ ਪੁਲਿਸ ਨੇ ਬਲਵੰਤ ਸਿੰਘ ਮੁਲਤਾਨੀ ਦੇ ਲਾਪਤਾ ਹੋਣ ਦੇ ਮਾਮਲੇ ਵਿੱਚ ਸੁਮੇਧ ਸਿੰਘ ਸੈਣੀ ਵਿਰੁੱਧ ਮਾਮਲਾ ਦਰਜ ਕੀਤਾ ਸੀ।

ਹਾਲਾਂਕਿ, ਉਹ ਆਪਣੀ ਬਹਾਲੀ ਦੇ ਹੁਕਮ ਰੱਦ ਹੋਣ ਤੋਂ ਬਾਅਦ ਸੈਣੀ ਦੀ ਆਲੋਚਨਾ ਕਰਦੇ ਸੁਣੇ ਗਏ ਸਨ।

ਖੇਤੀ ਕਾਨੂੰਨਾਂ 'ਤੇ ਕਿਸਾਨਾਂ ਦੇ ਅੰਦੋਲਨ ਦੌਰਾਨ ਪਿੰਕੀ ਨਾਲ ਜੁੜਿਆ ਵਿਵਾਦ

ਸਾਲ 2021 ਵਿੱਚ ਕਿਸਾਨ ਅੰਦੋਲਨ ਦੌਰਾਨ, ਗੁਰਮੀਤ ਸਿੰਘ ਪਿੰਕੀ ਮੁੜ ਵਿਵਾਦਾਂ ਵਿੱਚ ਆ ਗਏ ਸਨ।

ਜਦੋਂ ਉਹ ਇੱਕ ਤਸਵੀਰ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਨਿਹੰਗ ਅਮਨ ਸਿੰਘ ਦੇ ਨਾਲ ਨਜ਼ਰ ਆਏ ਸਨ।

ਜ਼ਿਕਰਯੋਗ ਹੈ ਕਿ ਅਮਨ ਸਿੰਘ ਦੇ ਗਰੁੱਪ ’ਤੇ ਸਿੰਘੂ ਬਾਰਡਰ ਉੱਤੇ ਹੀ ਇੱਕ ਦਲਿਤ ਸਿੱਖ ਦੇ ਕਤਲ ਦਾ ਇਲਜ਼ਾਮ ਸੀ।

ਗੁਰਮੀਤ ਸਿੰਘ ਨੇ ਕਿਹਾ ਸੀ, “ਇਹ ਸੱਚ ਹੈ ਕਿ ਮੈਂ ਬਾਬਾ ਅਮਨ ਨੂੰ ਜਾਣਦਾ ਹਾਂ, ਅਤੇ ਅਸੀਂ ਅਗਸਤ 2021 ਵਿੱਚ ਮੰਤਰੀ ਦੇ ਘਰ ਗਏ ਸੀ। ਪਰ ਫੇਰੀ ਦਾ ਮਕਸਦ ਵੱਖਰਾ ਸੀ। ਮੈਂ ਕਿਸੇ ਨਿੱਜੀ ਕੰਮ ਲਈ ਗਿਆ ਸੀ।"

ਪਿੰਕੀ ਦਾ ਫੋਟੋ ਬਾਰੇ ਕੀ ਕਹਿਣਾ ਸੀ

ਗੁਰਮੀਤ ਸਿੰਘ ਪਿੰਕੀ ਨੇ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਜਿਸ ਮੀਟਿੰਗ ਦੀ ਫੋਟੋ ਚਰਚਾ ਵਿੱਚ ਹੈ, ਉਹ ਮੀਟਿੰਗ 5 ਅਗਸਤ ਨੂੰ ਅੱਧੇ-ਪੌਣੇ ਘੰਟੇ ਲਈ ਹੋਈ ਸੀ।

ਗੁਰਮੀਤ ਸਿੰਘ ਪਿੰਕੀ ਨੇ ਕਿਹਾ ਸੀ ਕਿ ਉਨ੍ਹਾਂ ਦਾ ਇਸ ਮਸਲੇ ਨਾਲ ਕੋਈ ਲੈਣਾ-ਦੇਣਾ ਨਹੀਂ ਸੀ।

ਪਿੰਕੀ ਨੇ ਕਿਹਾ ਕਿ ਉਹ ਭਾਜਪਾ ਆਗੂ ਸੁਖਵਿੰਦਰ ਗਰੇਵਾਲ ਨੂੰ ਆਪਣੇ ਨਿੱਜੀ ਕੰਮ ਲਈ ਮਿਲਣ ਦਿੱਲੀ ਗਏ ਸੀ।

ਪਿੰਕੀ ਨੇ ਦੱਸਿਆ ਸੀ ਕਿ, "ਅਸੀਂ ਦਿੱਲੀ ਜਾ ਰਹੇ ਸੀ, ਇਹ (ਨਿਹੰਗ ਅਮਨ ਸਿੰਘ) ਸਾਨੂੰ ਸਿੰਘੂ ਬਾਰਡਰ ਟੱਕਰਿਆ ਅਤੇ ਕਹਿੰਦਾ ਕਿ ਮੈਂ ਵੀ ਮੰਤਰੀ ਨੂੰ ਮਿਲਣਾ ਹੈ, ਅਸੀਂ ਕਿਹਾ ਚੱਲੋ।"

ਪਿੰਕੀ ਨੇ ਅੱਗੇ ਕਿਹਾ, "ਅਸੀਂ ਇਸ ਨੂੰ ਨਾਲ ਲੈ ਗਏ ਅਤੇ ਅਸੀਂ ਉੱਥੇ ਖੇਤੀਬਾੜੀ ਰਾਜ ਮੰਤਰੀ ਦੇ ਘਰ ਰੋਟੀ ਖਾਣ ਲੱਗ ਗਏ।"

ਉਨ੍ਹਾਂ ਨੇ ਅੱਗੇ ਦੱਸਿਆ ਸੀ, "ਤੋਮਰ ਉੱਥੇ ਆਏ ਹੋਏ ਸੀ, ਅਸੀਂ ਰੋਟੀ ਖਾ ਕੇ ਉੱਥੋਂ ਉੱਠ ਕੇ ਆ ਗਏ, ਇਹ ਉੱਥੇ ਬੈਠੇ ਸੀ। ਉਸ ਤੋਂ ਬਾਅਦ ਮੇਰਾ ਉਸ ਨਾਲ ਕੋਈ ਲੈਣ ਨਹੀਂ ਦੇਣ ਨਹੀਂ, ਐਵੇਂ ਹੀ ਚੱਕ ਤਾਂ ਹਵਾ 'ਚ, ਚੋਰ ਬਣਾ ਦਿੱਤਾ ਸਾਨੂੰ।"

ਜਦੋਂ ਪਿੰਕੀ ਨੂੰ ਪੁੱਛਿਆ ਗਿਆ ਸੀ ਕਿ ਤੁਹਾਡੇ ਸਾਹਮਣੇ ਮੰਤਰੀ ਨਾਲ ਖੇਤੀ ਬਿੱਲਾਂ ਸਬੰਧ ਕੋਈ ਗੱਲ ਹੋਈ ਸੀ ਤਾਂ ਉਨ੍ਹਾਂ ਨੇ ਜਵਾਬ ਦਿੱਤਾ, "ਉਹ ਨਿਹੰਗ ਕਹਿ ਰਿਹਾ ਸੀ ਕਿ ਤੁਸੀਂ ਕਾਲੇ ਕਾਨੂੰਨ ਵਾਪਸ ਕਰੋ, ਮੇਰਾ ਇਸ 'ਚ ਕੋਈ ਦਖ਼ਲ ਨਹੀਂ ਸੀ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)