ਕ੍ਰਿਪਟੋ ਕਰੰਸੀ : ਕੁਝ ਹੀ ਪਲਾਂ ਵਿੱਚ 17 ਕਰੋੜ ਰੁਪਏ ਗੁਆ ਲੈਣ ਵਾਲੇ ਸ਼ਖ਼ਸ ਦੀ ਕਹਾਣੀ

    • ਲੇਖਕ, ਜੋ ਟਾਇਡੀ
    • ਰੋਲ, ਸਾਈਬਰ ਪੱਤਰਕਾਰ

ਧੋਖਾਧੜੀ ਦੇ ਕਈ ਇਲਜ਼ਾਮ ਝੱਲ ਰਹੇ 'ਕਿੰਗ ਆਫ ਕ੍ਰਿਪਟੋ' ਦੇ ਮੁਕੱਦਮੇ ਤੋਂ ਪਹਿਲਾਂ, ਇਕ ਬਰਤਾਨਵੀ ਵਿਅਕਤੀ ਨੇ ਦੱਸਿਆ ਹੈ ਕਿ ਕਿਵੇਂ ਸੈਮ ਬੈਂਕਮੈਨ-ਫ੍ਰਾਈਡ ਦੀ ਕੰਪਨੀ ਦੇ ਢਹਿ ਜਾਣ ਕਾਰਨ ਉਨ੍ਹਾਂ ਦੇ ਕਰੋੜਾਂ ਰੁਪਏ ਡੁੱਬ ਗਏ।

ਕੰਪਨੀ ਦੇ ਦੀਵਾਲੀਆ ਹੋਣ ਤੋਂ ਪਹਿਲਾਂ ਤੱਕ ਸੁਨੀਲ ਕਾਵੁਰੀ ਨੂੰ ਉਮੀਦ ਸੀ ਕਿ ਸੈਮ ਬੈਂਕਮੈਨ-ਫ੍ਰਾਈਡ ਸਭ ਕੁਝ ਠੀਕ ਕਰ ਦੇਣਗੇ।

ਇੱਕ ਪਾਸੇ ਜਿੱਥੇ ਬਾਕੀ ਲੋਕ ਕਿੰਗ ਆਫ਼ ਕ੍ਰਿਪਟੋ ਦੇ ਸਾਮਰਾਜ ਨੂੰ ਡੋਲਦੇ ਹੋਇਆ ਦੇਖ ਕੇ ਘਬਰਾ ਹੋਏ ਸਨ, ਕਾਵੂਰੀ ਉਸ ਵੇਲੇ ਵੀ ਸ਼ਾਂਤ ਬਣੇ ਰਹੇ।

ਬੈਂਕਾਂ ਲਈ ਟ੍ਰੇਡਿੰਗ ਅਤੇ ਆਪਣੇ ਪੈਸੇ ਨੂੰ ਕ੍ਰਿਪਟੋ ਵਿੱਚ ਨਿਵੇਸ਼ ਕਰਨ ਦੇ ਤਜਰਬੇ ਨੇ ਸੁਨੀਲ ਕਾਵੂਰੀ ਨੂੰ ਬਾਜ਼ਾਰ ਦੇ ਉਤਰਾਅ-ਚੜ੍ਹਾਅ ਦਾ ਆਦੀ ਬਣਾ ਦਿੱਤਾ ਸੀ।

ਇੱਕ ਹੋਰ ਕਾਰਨ ਇਹ ਵੀ ਸੀ ਕਿ ਸੈਮ ਬੈਂਕਮੈਨ-ਫ੍ਰਾਈਡ ਖੁਦ ਵੀ ਦੁਨੀਆਂ ਨੂੰ ਦੱਸਦੇ ਰਹੇ ਕਿ ਸਭ ਕੁਝ ਠੀਕ ਹੋ ਜਾਵੇਗਾ।

ਪਰ ਫਿਰ ਇੱਕ ਦਿਨ ਅਚਾਨਕ ਕ੍ਰਿਪਟੋ ਵਿੱਚ ਪੈਸਾ ਨਿਵੇਸ਼ ਕਰਨ ਵਾਲਿਆਂ ਦੀ ਸਕਰੀਨ 'ਤੇ ਇੱਕ ਸੁਨੇਹਾ ਆਇਆ, 'ਨਿਕਾਸੀ ਦੀ ਸਹੂਲਤ ਮੁਅੱਤਲ ਕਰ ਦਿੱਤੀ ਗਈ ਹੈ'।

ਦੁਨੀਆਂ ਦੀ ਦੂਜੀ ਸਭ ਤੋਂ ਵੱਡੀ ਕ੍ਰਿਪਟੋਕਰੰਸੀ ਐਕਸਚੇਂਜ ਐਫਟੀਐਕਸ, ਪਿਛਲੇ ਸਾਲ ਨਵੰਬਰ ਵਿੱਚ ਦੀਵਾਲੀਆ ਹੋ ਗਈ ਸੀ।

ਅਤੇ ਇਸ ਦੇ ਨਾਲ ਹੀ ਕਾਵੁਰੀ ਦੀ ਸਾਲਾਂ ਦੀ ਸੂਝ-ਬੂਝ ਭਰੀ, ਤਣਾਅਪੂਰਨ ਅਤੇ ਸਫ਼ਲ ਟ੍ਰੇਡਿੰਗ ਵੀ ਬਰਬਾਦ ਹੋ ਗਈ।

ਇਸ ਕਾਰਨ ਉਨ੍ਹਾਂ ਦੇ 21 ਲੱਖ ਡਾਲਰ (ਕਰੀਬ 17.5 ਕਰੋੜ ਰੁਪਏ) ਡੁੱਬ ਚੁੱਕੇ ਸਨ।

ਕਾਵੁਰੀ ਕਹਿੰਦੇ ਹਨ, "ਮੈਂ 24 ਘੰਟੇ ਕੰਪਿਊਟਰ ਸਕਰੀਨ ਨੂੰ ਰੀਫ੍ਰੇਸ਼ ਕਰਦਾ ਰਿਹਾ। ਆਪਣੇ ਪੈਸੇ ਵਾਪਸ ਪਾਉਣ ਲਈ ਐਫਟੀਐਕਸ ਦੀ ਸਪੋਰਟ ਡੈਸਕ ਨੂੰ ਈਮੇਲ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਬਿਮਾਰ ਮਹਿਸੂਸ ਕਰ ਰਿਹਾ ਸੀ। ਮੈਂ ਸੋਚਿਆ.. ਹੇ ਭਗਵਾਨ... ਸਭ ਖ਼ਤਮ। ਮੈਂ ਆਪਣਾ ਸਾਰਾ ਕੁਝ ਗੁਆ ਦਿੱਤਾ।"

ਘਰ ਖਰੀਦਣ ਲਈ ਜੋੜੇ ਪੈਸੇ ਸਕਿੰਟਾਂ 'ਚ ਗਾਇਬ

ਈਸਟ ਮਿਡਲੈਂਡਜ਼ ਵਿੱਚ ਰਹਿਣ ਵਾਲੇ ਕਾਵੁਰੀ ਆਪਣਾ ਨਵਾਂ ਘਰ ਖਰੀਦਣ ਲਈ ਪੈਸੇ ਜੋੜ ਰਹੇ ਸਨ। ਉਹ ਆਪਣੇ ਪੁੱਤ ਦੀ ਯੂਨੀਵਰਸਿਟੀ ਦੀ ਫੀਸ ਭਰਨਾ ਚਾਹੁੰਦੇ ਸਨ। ਪਰ ਹੁਣ ਲਗਭਗ ਇੱਕ ਸਾਲ ਬੀਤ ਜਾਣ ਤੋਂ ਬਾਅਦ ਵੀ ਉਨ੍ਹਾਂ ਦੇ ਹੱਥਾਂ ਵਿੱਚ ਆਪਣੇ ਪੈਸਿਆਂ ਸਬੰਧਤ ਮਹਿਜ਼ ਕਾਗਜ਼ ਹੀ ਬਚੇ ਹਨ।

ਕਾਵੂਰੀ ਉਨ੍ਹਾਂ ਬਰਤਾਨਵੀ ਲੋਕਾਂ ਵਿੱਚੋਂ ਇੱਕ ਹਨ, ਜੋ ਐਫਟੀਐਕਸ ਦੇ ਦੀਵਾਲੀਆਪਨ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ।

ਐਫਟੀਐਕਸ ਨੂੰ ਉਪਭੋਗਤਾਵਾਂ ਵਿਚਕਾਰ ਇਸ ਤਰ੍ਹਾਂ ਵੇਚਿਆ ਗਿਆ ਕਿ ਉਹ ਕ੍ਰਿਪਟੋ ਦੀ ਦੁਨੀਆਂ ਵਿੱਚ ਨਿਵੇਸ਼ ਕਰਨ ਲਈ ਸਭ ਤੋਂ ਸੁਰੱਖਿਅਤ ਮਾਧਿਅਮ ਹੈ।

ਬੀਬੀਸੀ ਦੀ ਇੱਕ ਖੋਜੀ ਦਸਤਾਵੇਜ਼ੀ ਸੀਰੀਜ਼ ਪੈਨੋਰਮਾ ਨੇ ਸੈਮ ਬੈਂਕਮੈਨ-ਫ੍ਰਾਈਡ ਦੇ ਖ਼ਤਰਨਾਕ ਉਭਾਰ ਅਤੇ ਫਿਰ ਸਨਸਨੀਖੇਜ਼ ਪਤਨ ਦੀ ਪੜਚੋਲ ਕੀਤੀ ਹੈ।

ਹਿਸਾਬ ਦੇ ਜੀਨੀਅਸ ਕਹੇ ਜਾਣ ਵਾਲੇ ਬੈਂਕਮੈਨ ਕ੍ਰਿਪਟੋ ਦੀ ਦੁਨੀਆਂ ਨੂੰ ਬਦਲਣ ਲਈ ਨਿਕਲੇ ਸਨ ਪਰ ਅੰਤ ਵਿੱਚ ਇਸ ਦਾ ਸਭ ਤੋਂ ਵੱਡਾ ਹਾਰਿਆ ਹੋਇਆ ਖਿਡਾਰੀ ਬਣ ਗਏ।

ਐਫਟੀਐਕਸ ਐਕਸਚੇਂਜ ਨੇ ਇੱਕ ਅਜਿਹੇ ਬੇਕਾਬੂ ਬੈਂਕ ਵਜੋਂ ਕੰਮ ਕੀਤਾ, ਜਿਸ ਨੇ ਲੋਕਾਂ ਨੂੰ ਬਿਟਕੁਆਇਨ ਵਰਗੇ ਕ੍ਰਿਪਟੋ ਕੁਆਇਨਜ਼ ਦੇ ਬਦਲੇ ਪੈਸੇ ਦੀ ਟ੍ਰੇਡਿੰਗ ਕਰਨ ਦੀ ਇਜਾਜ਼ਤ ਦਿੱਤੀ ਅਤੇ ਉਨ੍ਹਾਂ ਦੇ ਫੰਡ ਸੁਰੱਖਿਅਤ ਰੱਖੇ।

ਇਸ ਕੰਪਨੀ ਦੇ 100 ਦੇਸ਼ਾਂ ਵਿੱਚ 90 ਲੱਖ ਗਾਹਕ ਸਨ। ਜਦੋਂ ਇਹ ਦੀਵਾਲੀਆ ਹੋਈ ਤਾਂ 10 ਲੱਖ ਤੋਂ ਵੱਧ ਗਾਹਕਾਂ ਦੇ ਪੈਸੇ ਫ਼ਸ ਗਏ ਕਿਉਂਕਿ ਉਹ ਸਮੇਂ ਸਿਰ ਇਸ ਵਿੱਚੋਂ ਆਪਣੇ ਪੈਸੇ ਨਹੀਂ ਕੱਢ ਸਕੇ।

ਅਦਾਲਤੀ ਦਸਤਾਵੇਜ਼ ਦਰਸਾਉਂਦੇ ਹਨ ਕਿ ਬਹੁਤ ਸਾਰੀਆਂ ਕੰਪਨੀਆਂ, ਨਿਵੇਸ਼ਕਾਂ ਅਤੇ ਇੱਥੋਂ ਤੱਕ ਕਿ ਚੈਰੀਟੇਬਲ ਸੰਸਥਾਵਾਂ ਦਾ ਵੀ ਪੈਸਾ ਡੁੱਬ ਗਿਆ।

ਅਗਲੇ ਹਫ਼ਤੇ ਅਮਰੀਕਾ ਦੇ ਵਕੀਲ ਇਸ ਹਾਈ-ਪ੍ਰੋਫਾਈਲ ਕੇਸ ਦੀ ਸੁਣਵਾਈ ਵਿੱਚ ਬਹਿਸ ਸ਼ੁਰੂ ਕਰਨਗੇ।

ਸੈਮ ਬੈਂਕਮੈਨ-ਫ੍ਰਾਈਡ ਨੂੰ ਇਸ ਮਾਮਲੇ ਵਿੱਚ ਮੁਲਜ਼ਮ ਬਣਾਇਆ ਗਿਆ ਹੈ। ਉਨ੍ਹਾਂ 'ਤੇ ਧੋਖਾਧੜੀ, ਸਾਜ਼ਿਸ਼ ਅਤੇ ਮਨੀ ਲਾਂਡਰਿੰਗ ਨਾਲ ਸਬੰਧਤ ਸੱਤ ਇਲਜ਼ਾਮ ਹਨ।

ਬੈਂਕਮੈਨ-ਫ੍ਰਾਈਡ ਨੇ ਐਫਟੀਐਕਸ ਦੇ ਦੀਵਾਲੀਆ ਹੋਣ ਤੋਂ ਬਾਅਦ ਕਿਹਾ ਸੀ, "ਮੈਂ ਫੰਡ ਚੋਰੀ ਨਹੀਂ ਕੀਤੇ ਹਨ ਅਤੇ ਨਾ ਹੀ ਮੈਂ ਕਿਤੇ ਵੀ ਅਰਬਾਂ-ਖਰਬਾਂ ਲੁਕਾਏ ਹੋਏ ਹਨ।

ਐਫਟੀਐਕਸ ਅਤੇ ਅਲਮੇਡਾ ਰਿਸਰਚ ਨਾਮ ਦੀ ਇੱਕ ਕ੍ਰਿਪਟੋ ਹੇਜ ਫ਼ੰਡ ਦੀ ਸਥਾਪਨਾ ਕਰਨ ਵਾਲੇ 31 ਸਾਲਾ ਬੈਂਕਮੈਨ ਨੇ ਇਨ੍ਹਾਂ ਇਲਜ਼ਾਮਾਂ ਨੂੰ ਸਵੀਕਾਰ ਨਹੀਂ ਕੀਤਾ ਹੈ।

ਉਹ ਆਪਣੇ ਉੱਤੇ ਲੱਗੇ ਮੁਕੱਦਮਿਆਂ ਖ਼ਿਲਾਫ਼ ਅਦਾਲਤ 'ਚ ਲੜਾਈ ਜਾਰੀ ਰੱਖਣ ਲਈ ਨਿਊਯਾਰਕ ਕੋਰਟ ਹਾਊਸ ਜਾਣਗੇ।

ਉਨ੍ਹਾਂ ਦੀਆਂ ਕੰਪਨੀਆਂ ਦੇ ਹੋਰ ਐਗਜ਼ੀਕਿਊਟਿਵ ਪਹਿਲਾਂ ਹੀ ਆਪਣੇ ਗੁਨਾਹ ਮੰਨ ਚੁੱਕੇ ਹਨ ਅਤੇ ਉਹ ਛੇਤੀ ਹੀ ਇਸ ਗੱਲ ਦਾ ਸਬੂਤ ਦੇ ਸਕਦੇ ਹਨ ਕਿ ਕਿਸੇ ਸਮੇਂ 40 ਅਰਬ ਡਾਲਰ ਦੀ ਕੀਮਤ ਵਾਲੀ ਉਨ੍ਹਾਂ ਦੀ ਕੰਪਨੀ ਆਖ਼ਿਰ ਡੁੱਬ ਕਿਵੇਂ ਗਈ।

ਕ੍ਰਿਪਟੋ ਕਰੰਸੀ ਬਾਰੇ ਖ਼ਾਸ ਗੱਲਾਂ

  • ਕ੍ਰਿਪਟੋ ਕਰੰਸੀ ਕਿਸੇ ਵੀ ਕਰੰਸੀ ਦਾ ਇੱਕ ਡਿਜੀਟਲ ਰੂਪ ਹੈ, ਜੋ ਕਿ ਆਮ ਪੈਸਿਆਂ ਵਾਂਗ ਤੁਹਾਡੀ ਜੇਬ੍ਹ 'ਚ ਨਹੀਂ ਹੁੰਦੀ
  • ਇਹ ਪੂਰੀ ਤਰ੍ਹਾਂ ਆਨਲਾਈਨ ਹੈ ਅਤੇ ਬਿਜ਼ਨਸ ਦੇ ਤੌਰ 'ਤੇ ਬਿਨਾਂ ਕਿਸੇ ਨਿਯਮਾਂ ਦੇ ਇਸ ਰਾਹੀਂ ਕਾਰੋਬਾਰ ਕੀਤਾ ਜਾਂਦਾ ਹੈ
  • ਕ੍ਰਿਪਟੋ ਕਰੰਸੀ ਬਲੌਕ ਚੇਨ ਤਕਨੀਕ 'ਤੇ ਅਧਾਰਿਤ ਹੁੰਦੀ ਹੈ, ਜੋ ਕਿ ਬੇਹੱਦ ਮੁਸ਼ਕਿਲ ਕੋਡ ਹੁੰਦੇ ਹਨ
  • ਕ੍ਰਿਪਟੋਕਰੰਸੀ ਨਾਲ ਜੁੜਿਆ ਕੋਈ ਵੀ ਲੈਣ-ਦੇਣ ਬਲੌਕਚੇਨ ਵਿੱਚ ਦਰਜ ਹੁੰਦਾ ਹੈ
  • ਬਲੌਕ 'ਚ ਸੀਮਤ ਗਿਣਤੀ 'ਚ ਹੀ ਲੈਣ-ਦੇਣ ਦਰਜ ਹੁੰਦੇ ਹਨ ਤੇ ਇੱਕ ਬਲੌਕ ਭਰਨ ਮਗਰੋਂ ਇਹ ਦੂਜੇ ਬਲੌਕ 'ਚ ਦਰਜ ਹੁੰਦੇ ਹਨ
  • ਇਸ ਤਰ੍ਹਾਂ, ਇੱਕ ਬਲੌਕ ਅਗਲੇ ਬਲੌਕ ਨਾਲ ਜੁੜਦਾ ਚਲਾ ਜਾਂਦਾ ਹੈ ਤੇ ਇਸੇ ਲੜੀ ਜਾਂ ਚੇਨ ਨੂੰ ਬਲੌਕਚੇਨ ਕਿਹਾ ਜਾਂਦਾ ਹੈ
  • ਡਿਕਸ਼ਨਰੀ ਵਿੱਚ ਕ੍ਰਿਪਟੋ ਦਾ ਅਰਥ ਦੇਖੀਏ ਤਾਂ ਲਿਖਿਆ ਹੈ- ਛੁਪਿਆ ਹੋਇਆ ਜਾਂ ਗੁਪਤ
  • ਕ੍ਰਿਪਟੋਕਰੰਸੀ ਐਕਸਚੇਂਜ ਅਜਿਹੇ ਪਲੇਟਫਾਰਮ ਹੁੰਦੇ ਹਨ ਜਿੱਥੇ ਕੋਈ ਵਿਅਕਤੀ ਕ੍ਰਿਪਟੋਕਰੰਸੀ ਖਰੀਦ ਜਾਂ ਵੇਚ ਸਕਦਾ ਹੈ
  • ਇਨ੍ਹਾਂ ਐਕਸਚੇਂਜ ਪਲੇਟਫਾਰਮਾਂ 'ਤੇ ਜਾ ਕੇ ਰੁਪਏ ਜਾਂ ਕਿਸੇ ਹੋਰ ਮੁਦਰਾ ਨੂੰ ਕ੍ਰਿਪਟੋਕਰੰਸੀ ਵਿੱਚ ਬਦਲਿਆ ਜਾ ਸਕਦਾ ਹੈ

ਇੱਦਾਂ ਅਰਸ਼ ਤੋਂ ਫਰਸ਼ ਉੱਤੇ ਆਈ ਐਫਟੀਐਕਸ

ਮੁੱਖ ਇਲਜ਼ਾਮ ਹੈ ਕਿ ਬੈਂਕਮੈਨ ਫ੍ਰਾਈਡ ਨੇ ਆਪਣੇ ਹੇਜ ਫੰਡ ਵਿੱਚ ਜੋਖ਼ਮ ਭਰੇ ਨਿਵੇਸ਼ ਨੂੰ ਵਧਾਉਣ ਲਈ ਫੰਡ ਦੀ ਵਰਤੋਂ ਕਰਕੇ ਗਾਹਕਾਂ ਨੂੰ ਧੋਖਾ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਆਲੀਸ਼ਾਨ ਜਾਇਦਾਦਾਂ ਅਤੇ ਰਾਜਨੀਤਿਕ ਚੰਦੇ ਦੇ ਨਾਂ 'ਤੇ ਉੱਤੇ ਲੱਖਾਂ-ਕਰੋੜਾਂ ਰੁਪਏ ਖਰਚ ਕੀਤੇ।

ਬੈਂਕਮੈਨ ਫ੍ਰਾਈਡ ਦਾ ਪਤਨ ਉਦੋਂ ਸ਼ੁਰੂ ਹੋਇਆ ਜਦੋਂ ਕੁਆਇਨਡੈਸਕ ਨਾਂਅ ਦੀ ਇੱਕ ਨਿਊਜ਼ ਵੈਬਸਾਈਟ ਨੇ ਐਫਟੀਐਕਸ ਦੇ ਫੰਡ ਉੱਤੇ ਖੋਜੀ ਰਿਪੋਰਟ ਛਾਪੀ।

ਰਿਪੋਰਟ ਵਿੱਚ ਐਫਟੀਐਕਸ ਅਤੇ ਅਲਮੇਡਾ ਰਿਸਰਚ ਦੇ ਜੋਖ਼ਮ ਭਰੇ ਨਿਵੇਸ਼ ਨੂੰ ਉਜਾਗਰ ਕੀਤਾ ਗਿਆ।

ਘਬਰਾਏ ਹੋਏ ਗਾਹਕਾਂ ਨੇ ਐਫਟੀਐਕਸ ਐਕਸਚੇਂਜ ਦੇ ਦੀਵਾਲੀਆ ਹੋਣ ਤੱਕ ਆਪਣੇ ਅਰਬਾਂ ਡਾਲਰ ਕੱਢ ਲਏ ਸਨ।

ਬਹਿਮਾਸ ਵਿੱਚ ਗ੍ਰਿਫ਼ਤਾਰੀ ਤੋਂ ਕੁਝ ਸਮਾਂ ਪਹਿਲਾਂ ਤੱਕ ਬੈਂਕਮੈਨ ਫ੍ਰਾਈਡ ਨੇ ਬੀਬੀਸੀ ਸਹਿਤ ਹੋਰ ਮੀਡੀਆ ਅਦਾਰਿਆਂ ਨੂੰ ਦਿੱਤੇ ਆਪਣੇ ਇੰਟਰਵਿਊ ਵਿੱਚ ਕਿਹਾ ਸੀ ਕਿ ਉਹ ਵਿੱਤੀ ਮਾਮਲਿਆਂ ਨਾਲ ਜੁੜੀਆਂ ਆਪਣੀਆਂ ਗਲਤੀਆਂ ਦੇ ਲਈ ਮੁਆਫ਼ੀ ਮੰਗਦੇ ਹਨ।

ਹਾਲਾਂਕਿ ਉਨ੍ਹਾਂ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਇਹ ਜਾਣ-ਬੁੱਝ ਕੇ ਜਾਂ ਅਪਰਾਧਕ ਇਰਾਦਿਆਂ ਨਾਲ ਨਹੀਂ ਕੀਤਾ।

ਕੰਪਨੀ ਦੇ ਦੀਵਾਲੀਆ ਹੋਈ ਨੂੰ ਹੁਣ ਇੱਕ ਸਾਲ ਹੋਣ ਵਾਲਾ ਹੈ।

ਇਸ ਦੌਰਾਨ ਨਿਵੇਸ਼ਕ, ਫ੍ਰਾਈਡ ਨਾਲ ਜੁੜੇ ਅਦਾਲਤੀ ਕੇਸ ਉੱਤੇ ਵੀ ਨਜ਼ਰ ਰੱਖ ਰਹੇ ਹਨ। ਨਿਵੇਸ਼ਕ ਇਹ ਜਾਣਨਾ ਚਾਹੁੰਦੇ ਹਨ ਕਿ ਉਨ੍ਹਾਂ ਦੇ ਪੈਸੇ ਵਾਪਸ ਮਿਲਣਗੇ ਵੀ ਜਾਂ ਨਹੀਂ।

ਕਾਵੁਰੀ ਕਹਿੰਦੇ ਹਨ, “ਸੈਮ ਬੈਂਕਮੈਨ ਫ੍ਰਾਈਡ ਨੇ ਸੱਚਮੁੱਚ ਕਈ ਲੋਕਾਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ।”

ਉਨ੍ਹਾਂ ਕਿਹਾ, “ਤੁਰਕੀ ਵਿੱਚ ਸਾਰਾ ਕੁਝ ਗਵਾਉਣ ਤੋਂ ਬਾਅਦ ਇੱਕ ਵਿਅਕਤੀ ਦੇ ਬੈਂਕ ਖਾਤੇ ਵਿੱਚ ਸਿਰਫ਼ 600 ਡਾਲਰ ਬਚੇ ਅਤੇ ਕੋਰੀਆ ਵਿੱਚ ਤਾਂ ਇੱਕ ਵਿਅਕਤੀ ਨੂੰ ਪੈਨਿਕ ਅਟੈਕ ਦੇ ਕਾਰਨ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ।”

ਕਈ ਐਫਟੀਐਕਸ ਨਿਵੇਸ਼ਕਾਂ ਵਾਂਗ, ਸੁਨੀਲ ਵੀ ਉਨ੍ਹਾਂ ਲੋਕਾਂ ਨੂੰ ਦੋਸ਼ੀ ਮੰਨਦੇ ਹਨ, ਜਿਨ੍ਹਾਂ ਨੇ ਸੈਮ ਬੈਂਕਮੈਨ ਨੂੰ ਅੱਗੇ ਵਧਣ ਵਿੱਚ ਮਦਦ ਕੀਤੀ।

ਇਨ੍ਹਾਂ ਲੋਕਾਂ ਵਿੱਚ ਉਹ ਮਸ਼ਹੂਰ ਹਸਤੀਆਂ ਸ਼ਾਮਲ ਹਨ, ਜਿਨ੍ਹਾਂ ਨੇ ਐਫਟੀਐਕਸ ਦਾ ਇੱਕ ਭਰੋਸੇਮੰਦ ਅਤੇ ਸੁਰੱਖਿਅਤ ਕੰਪਨੀ ਦੇ ਤੌਰ ਉੱਤੇ ਪ੍ਰਚਾਰ ਕੀਤਾ।

ਕ੍ਰਿਪਟੋ ਨੂੰ ਮਸ਼ਹੂਰ ਬਣਾਉਣ ਲਈ ਪ੍ਰਚਾਰ ਕਰਨ ਵਾਲੇ ਇੰਫਲੂਐਂਸਰ ਅਤੇ ਹਸਤੀਆਂ ਦੇ ਖ਼ਿਲਾਫ਼ ਚੱਲ ਰਹੇ ਕਈ ਮੁਕੱਦਮਿਆਂ ਵਿੱਚੋਂ ਦੋ ਸੁਨੀਲ ਕਾਵੁਰੀ ਨੇ ਦਾਇਰ ਕੀਤੇ ਹਨ।

ਅਮਰੀਕੀ ਕਾਮੇਡੀਅਨ ਲੈਰੀ ਡੇਵਿਡ, ਅਮਰੀਕੀ ਫੁੱਟਬਾਲ ਸਟਾਰ ਟਾਮ ਬ੍ਰੈਡੀ ਅਤੇ ਸੁਪਰਮਾਡਲ ਗਿਜ਼ੇਲੇ ਬੰਚੇਨ ਇਸ ਮਾਮਲੇ ਨੂੰ ਕੋਰਟ ਤੋਂ ਬਾਹਰ ਨਿਪਟਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਹਾਲਾਂਕਿ, ਇਨ੍ਹਾਂ ਨੇ ਪੈਨੋਰਮਾ ਵੱਲੋਂ ਭੇਜੇ ਗਏ ਸਵਾਲਾਂ ਦਾ ਕੋਈ ਜਵਾਬ ਨਹੀਂ ਦਿੱਤਾ।

ਭਾਵੇਂ ਕਿ ਵਕੀਲ ਹਰ ਗਾਹਕ ਦਾ ਪੈਸਾ ਵਾਪਸ ਲਿਆਉਣ ਲਈ ਹਰ ਕੋਸ਼ਿਸ਼ ਕਰ ਰਹੇ ਹਨ ਪਰ ਇਹ ਮੰਨਿਆ ਜਾ ਰਿਹਾ ਹੈ ਕਿ ਐਫਟੀਐਕਸ ਕਰਕੇ ਪੈਦਾ ਹੋਈ ਇਸ ਆਰਥਿਕ ਉਲਝਣ ਨੂੰ ਸੁਲਝਾਉਣ ਵਿੱਚ ਕਈ ਸਾਲ ਲੱਗ ਸਕਦੇ ਹਨ।

ਹਾਲੇ ਵੀ ਬਚੀ ਹੈ ‘ਉਮੀਦ’

ਬੀਤੇ ਹਫ਼ਤੇ ਬੈਂਕਮੈਨ-ਫ੍ਰਾਈਡ ਦੇ ਮਾਪਿਆਂ ਦੇ ਖ਼ਿਲਾਫ਼ ਵੀ ਮੁਕੱਦਮਾ ਦਰਜ ਕੀਤਾ ਗਿਆ ਹੈ। ਇਹ ਕੇਸ ਬੈਂਕਮੈਨ-ਫ੍ਰਾਈਡ ਵੱਲੋਂ ਆਪਣੇ ਮਾਪਿਆਂ ਨੂੰ ਬਹਿਮਾਸ ਵਿੱਚ ਦਿੱਤੀ ਗਈ ਨਕਦੀ ਅਤੇ ਆਲੀਸ਼ਾਨ ਜਾਇਦਾਦਾਂ ਨੂੰ ਲੈ ਕੇ ਕੀਤਾ ਗਿਆ ਹੈ।

ਕਾਵੁਰੀ ਕਹਿੰਦੇ ਹਨ ਕਿ ਐਫਟੀਐਕਸ ਵਿੱਚ ਵੱਡੀਆਂ ਕੰਪਨੀਆਂ ਦੇ ਨਿਵੇਸ਼ ਤੋਂ ਬਾਅਦ ਉਨ੍ਹਾਂ ਦਾ ਭਰੋਸਾ ਵਧਿਆ।

ਉਹ ਕਹਿੰਦੇ ਹਨ, “ਮੈਂ ਵੇਖਿਆ ਕਿ ਬਹੁਤ ਸਾਰੇ ਸਮੂਹਾਂ ਨੇ ਐਫਟੀਐਕਸ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਸੀ। ਉਦੋਂ ਮੈਨੂੰ ਲੱਗਾ ਕਿ ਇਹ ਇੱਕ ਜਾਇਜ਼ ਐਕਸਚੇਂਜ ਕੰਪਨੀ ਹੋਵੇਗੀ।”

ਬੀਤੇ ਵੀਰਵਾਰ ਨੂੰ ਸੁਨੀਲ ਅਤੇ ਉਨ੍ਹਾਂ ਦੀ ਪਤਨੀ ਨੇ ਆਪਣੇ ਦੂਜੇ ਬੱਚੇ ਨੂੰ ਜਨਮ ਦਿੱਤਾ ਹੈ। ਹੁਣ ਉਹ ਆਪਣਾ ਡੁੱਬਿਆ ਹੋਇਆ ਪੈਸਾ ਵਾਪਸ ਲੈਣ ਲਈ ਅਤੇ ਹੋਰ ਵੱਧ ਕੋਸ਼ਿਸ਼ਾਂ ਕਰਨਗੇ।

ਫ਼ਿਲਹਾਲ ਉਹ ਸਿਰਫ ਇੰਤਜ਼ਾਰ ਅਤੇ ਉਮੀਦ ਹੀ ਕਰ ਸਕਦੇ ਹਨ।

ਬੀਬੀਸੀ ਪੈਨੋਰਮਾ ਨੇ ਇਸ ਲੇਖ ਦੇ ਲਈ ਸੈਮ ਬੈਂਕਮੈਨ-ਫ੍ਰਾਈਡ ਦੇ ਵਕੀਲਾਂ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਕਿਹਾ ਕਿ ਕਾਨੂੰਨੀ ਕਾਰਵਾਈ ਚੱਲ ਰਹੀ ਹੈ, ਜਿਸ ਕਾਰਨ ਉਹ ਇਸ ਮਾਮਲੇ ਵਿੱਚ ਟਿੱਪਣੀ ਨਹੀਂ ਕਰ ਸਕਦੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)