ਪੰਜਾਬ ਬਜਟ: ਕਿਸਾਨਾਂ, ਔਰਤਾਂ ਤੇ ਨੌਜਵਾਨਾਂ ਲਈ ਕੀ ਕੁਝ ਹੈ, ਆਰਥਿਕ ਮਾਹਿਰ ਕੀ ਕਹਿੰਦੇ

ਪੰਜਾਬ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਸਰਕਾਰ ਨੇ ਸਾਲ 2023-24 ਦਾ ਬਜਟ ਪੇਸ਼ ਕੀਤਾ ਹੈ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ 1 ਲੱਖ 96 ਹਜ਼ਾਰ 462 ਕਰੋੜ ਦਾ ਬਜਟ ਪੇਸ਼ ਕੀਤਾ ਹੈ। ਜਿਸ ਬਾਰੇ ਵਿੱਤ ਮੰਤਰੀ ਨੇ ਕਿਹਾ ਕਿ ਇਹ ਪਿਛਲੀ ਵਾਰ ਨਾਲੋਂ 26% ਵੱਧ ਹੈ ।

ਵਿੱਤ ਮੰਤਰੀ ਨੇ ਪੰਜਾਬ ਵਿੱਚ ਮਾਲੀਏ ਵਿੱਚ ਵਾਧੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਵਿੱਚ 45 ਫੀਸਦ ਦਾ ਵਾਧਾ ਹੋਇਆ ਹੈ।

ਬਜਟ ਭਾਸ਼ਣ ਦੌਰਾਨ ਵਿੱਤ ਮੰਤਰੀ ਨੇ ਖੇਤੀਬਾੜੀ ਦੇ ਖੇਤਰ, ਡੇਅਰੀ ਸਣੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਸਬੰਧੀ ਐਲਾਨ ਕੀਤੇ ਹਨ।

ਬਜਟ ਭਾਸ਼ਣ ਖ਼ਤਮ ਹੋਣ ਤੋਂ ਪਹਿਲਾਂ ਕਾਂਗਰਸ ਨੇ ਸਦਨ ਵਿੱਚੋਂ ਵਾਕਆਊਟ ਕਰ ਦਿੱਤਾ।

ਖੇਤੀਬਾੜੀ ਤੇ ਸਹਾਇਕ ਖੇਤਰਾਂ ਲਈ ਐਲਾਨ

  • ਖੇਤੀਬਾੜੀ ਅਤੇ ਸਹਾਇਕ ਖੇਤਰਾਂ ਲਈ ਸਾਲ 2023-24 ਲਈ 13 ਹਜ਼ਾਰ 888 ਕਰੋੜ ਰੁਪਏ ਦੀ ਤਜਵੀਜ਼ ਰੱਖੀ ਗਈ ਹੈ।
  • ਖੇਤੀ ਵਿਭਿੰਨਤਾ ਨੂੰ ਹੁੰਗਾਰਾ ਦੇਣ ਲਈ ਬਾਸਮਤੀ ਦੀ ਖਰੀਦ ਲਈ ਸਰਕਾਰ ਰਿਵਾਲਵਿੰਗ ਫੰਡ ਬਣਾਏਗੀ।
  • ਕਪਾਹ ਦੇ ਬੀਜਾਂ ਉੱਤੇ 33% ਸਬਸਿਡੀ ਅਤੇ ਕਿਸਾਨਾਂ ਨੂੰ ਗੁਣਵੱਤਾ ਵਾਲੇ ਬੀਜ ਉਪਲਬਧ ਕਰਵਾਉਣ ਲਈ ਟਰੈਕ ਐਂਡ ਟਰੇਸ ਮਕੈਨਿਜ਼ਮ ਸਥਾਪਿਤ ਕਰੇਗੀ।
  • ਵਿੱਤੀ ਸਾਲ 2023-24 ਵਿੱਚ ਵਿਭਿੰਨਤਾ ਉੱਤੇ ਇੱਕ ਵਿਸ਼ੇਸ਼ ਯੋਜਨਾ ਲਈ 1,000 ਕਰੋੜ ਦੇ ਸ਼ੁਰੂਆਤੀ ਬਜਟ ਰਾਖਵੇਂਕਰਨ ਦੀ ਤਜਵੀਜ਼ ਰੱਖੀ ਗਈ ਹੈ।
  • ਸਰਕਾਰ ਨੇ ਹਰੇਕ ਪਿੰਡ ਵਿੱਚ ਵਿਸਥਾਰ ਸੇਵਾਵਾਂ ਪ੍ਰਦਾਨ ਕਰਨ ਅਤੇ ਕਿਸਾਨਾਂ ਦੇ ਘਰ-ਘਰ ਜਾ ਕੇ ਸੂਚਨਾ ਅਤੇ ਜਾਣਕਾਰੀ ਦੇਣ ਲਈ 2,574 ‘ਕਿਸਾਨ ਮਿੱਤਰ’ ਨੂੰ ਸ਼ਾਮਿਲ ਕਰਨ ਦਾ ਫੈਸਲਾ ਕੀਤਾ ਹੈ।
  • ਝੋਨੇ ਦੀ ਸਿੱਧੀ ਬਿਜਾਈ ਅਤੇ ਮੁੰਗੀ ਦੀ ਖਰੀਦ ਉੱਤੇ ਐੱਮਐੱਸਪੀ ਦੇਣ ਲਈ ਕਿਸਾਨਾਂ ਨੂੰ ਫਾਇਦਾ ਪਹੁੰਚਾਉਣ ਲਈ ਇਸ ਸਾਲ ਵਿੱਚ 125 ਕਰੋੜ ਰੁਪਏ ਅਲਾਟ ਕਰਨ ਦੀ ਤਜਵੀਜ਼ ਰੱਖੀ ਗਈ ਹੈ।
  • ਝੋਨੇ ਦੀ ਪਰਾਲੀ ਦੇ ਪ੍ਰਬੰਧਨ ਲਈ ਕਈ ਮਸ਼ੀਨਾਂ ਅਤੇ ਉਤਪਾਦਨ ਵਧਾਉਣ ਵਾਲੇ ਸੰਦ ਪ੍ਰਦਾਨ ਕਰਨ ਲਈ ‘ਖੇਤੀਬਾੜੀ ਵਿਧੀ ’ਤੇ ਉਪ ਮਿਸ਼ਨ ਦੇ ਤਹਿਤ 350 ਕਰੋੜ ਰੁਪਏ ਦੇ ਰਾਖਵੇਂਕਰਨ ਦੀ ਤਜਵੀਜ਼ ਰੱਖੀ ਗਈ ਹੈ।
  • ਬਾਗਬਾਨੀ ਫਸਲਾਂ ਖੇਤੀਬਾੜੀ ਅਰਥਵਿਵਸਥਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ ਅਤੇ ਮਹੱਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਅਗਲੇ ਵਿੱਤੀ ਸਾਲ ਲਈ 253 ਕਰੋੜ ਰੁਪਏ ਦੀ ਤਜਵੀਜ਼ ਰੱਖੀ ਗਈ।
  • ਕੁਦਰਤੀ ਪੈਦਾਵਾਰ ਵਾਲੇ ਖੇਤਰਾਂ ਵਿੱਚ ਫਲਾਂ ਅਤੇ ਸਬਜ਼ੀਆਂ ਦੀਆਂ ਫਸਲਾਂ ਦੇ ਅਧੀਨ ਖੇਤਰ ਨੂੰ ਉਤਸ਼ਾਹਤ ਕਰਨ ਲਈ 5 ਨਵੇਂ ਬਾਗਬਾਨੀ ਅਸਟੇਟ ਲੁਧਿਆਣਾ, ਗੁਰਦਾਸਪੁਰ, ਪਟਿਆਲਾ, ਬਠਿੰਡਾ ਅਤੇ ਫਰੀਦਕੋਟ ਵਿੱਚ ਸਥਾਪਿਤ ਕੀਤੇ ਜਾਣਗੇ। ਇਸ ਦੇ ਲਈ 40 ਕਰੋੜ ਰੁਪਏ ਦਾ ਫੰਡ ਰੱਖਿਆ ਗਿਆ ਹੈ।
  • ਬਾਗਬਾਨੀ ਉਤਪਾਦਕਾਂ ਦੇ ਨਵੇਂ ਜੋਖ਼ਮ ਘਟਾਉਣ ਦੀ ਯੋਜਨਾ ‘ਭਾਵ ਅੰਤਰ ਭੁਗਤਾਨ ਯੋਜਨਾ’ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਉਦੇਸ਼ ਲਈ 15 ਕਰੋੜ ਦਾ ਬਜਟ ਰੱਖਿਆ ਗਿਆ ਹੈ।

ਮੈਡੀਕਲ ਸਿੱਖਿਆ

  • ਮੈਡੀਕਲ ਸਿੱਖਿਆ ਲਈ ਵਿੱਤੀ ਸਾਲ 2023-24 ਲਈ 1015 ਕਰੋੜ ਰੁਪਏ ਦੀ ਤਜਵੀਜ਼।
  • ਕਪੂਰਥਲਾ ਅਤੇ ਹੁਸ਼ਿਆਰਪੁਰ ਵਿੱਚ 100-100 MBBS ਸੀਟਾਂ ਨਾਲ ਬਨਣਗੇ ਕਾਲਜ।
  • ਇਹ ਕਾਲਜ 422 ਅਤੇ 412 ਕਰੋੜ ਰੁਪਏ ਦੀ ਲਾਗਤ ਨਾਲ ਹੋਣਗੇ ਤਿਆਰ।
  • ਬਰਨਾਲਾ ਦੇ ਠੀਕਰਾਵਾਲ ਪਿੰਡ ਵਿੱਚ ਬਣੇਗਾ ਨਰਸਿੰਗ ਕਾਲਜ।

ਯੂਨੀਵਰਸਿਟੀਆਂ ਨੂੰ ਆਰਥਿਕ ਸਹਾਇਤਾ

  • 990 ਕਰੋੜ ਰੁਪਏ ਯੂਨੀਵਰਸਿਟੀਆਂ ਅਤੇ ਕਾਲਜਾਂ ਦੀ ਸਹਾਇਤਾ ਲਈ ਮੁਹੱਈਆ ਕਰਵਾਏ ਜਾਣਗੇ।
  • ਇਹਨਾਂ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੀਏਯੂ, ਗਡਵਾਸੂ, ਸ਼੍ਰੀ ਗੁਰੂ ਤੇਗ ਬਹਾਦਰ ਸਟੇਟ ਯੂਨੀਵਰਸਿਟੀ ਆਫ਼ ਲਾਅ, ਪੰਜਾਬ ਯੂਨੀਵਰਸਿਟੀ ਚੰਡੀਗੜ ਅਤੇ ਹੋਰ ਕਾਲਜ ਸ਼ਾਮਿਲ ਹਨ।

ਖੇਡਾਂ ਅਤੇ ਯੂਵਕ ਭਲਾਈ

  • ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਅਤੇ ਵੱਖ-ਵੱਖ ਪਹਿਲਕਦਮੀਆਂ ਕਰਨ ਲਈ 258 ਕਰੋੜ ਰੁਪਏ ਦੇ ਵੰਡ ਵਿੱਤੀ ਸਾਲ 2023-2024 ਲਈ ਰਾਖਵੀਂ ਕਰਨ ਦੀ ਤਜਵੀਜ਼ ਹੈ।
  • ਖੇਡਾਂ ਦੇ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ 2023-24 ਲਈ 35 ਕਰੋੜ ਰੁਪਏ ਦੀ ਰਾਸ਼ੀ ਦੀ ਤਜਵੀਜ਼ ਹੈ।
  • 10 ਖੇਡ ਬੁਨਿਆਦੀ ਪ੍ਰੋਜੈਕਟਾਂ ਦੀ ਸਨਾਖ਼ਤ ਕੀਤੀ ਗਈ ਹੈ ਜਿਨ੍ਹਾਂ ਨੂੰ ਪੀਪੀਪੀ ਮਾਡਲ ਰਾਹੀਂ ਬਣਾਇਆ ਜਾਵੇਗਾ
  • ਖੇਡਾਂ ਸਮੇਂ ਸਮਾਨ ਖਰੀਦਣ ਲਈ 3 ਕਰੋੜ ਰੁਪਏ ਦੇ ਸ਼ੁਰੂਆਤੀ ਬਜਟ ਦੀ ਤਜਵੀਜ਼ ਹੈ।

ਸਕੂਲੀ ਅਤੇ ਉਚੇਰੀ ਸਿੱਖਿਆ

  • ਸਕੂਲੀ ਅਤੇ ਉਚੇਰੀ ਸਿੱਖਿਆ ਲਈ 17,072 ਕਰੋੜ ਰੁਪਏ ਦੀ ਤਜਵੀਜ਼ ਰੱਖੀ ਗਈ ਹੈ। ਇਹ ਪਿਛਲੇ ਸਾਲ ਨਾਲੋਂ 12 ਫ਼ੀਸਦੀ ਵੱਧ ਹੈ।
  • ਸਕੂਲਾਂ ਦੀ ਸਾਫ-ਸਫ਼ਾਈ ਅਤੇ ਸੰਭਾਲ ਲਈ 99 ਕਰੋੜ ਦੇ ਬਜਟ ਦਾ ਪ੍ਰਸਤਾਵ ਰੱਖਿਆ ਗਿਆ ਹੈ।
  • ਸਰਕਾਰੀ ਅਧਿਆਪਕਾਂ ਦੇ ਸਿਖਲਾਈ ਲਈ 20 ਕਰੋੜ ਦੇ ਬਜਟ ਦਾ ਪ੍ਰਸਤਾਵ ਰੱਖਿਆ ਗਿਆ ਹੈ।
  • ਸਕੂਲਾਂ ਨੂੰ ਸਕੂਲਜ਼ ਆਫ਼ ਐਮੀਨੈਂਸ ਵਿੱਚ ਅਪਗ੍ਰੇਡ ਕਰਨ ਲਈ 200 ਕਰੋੜ ਦਾ ਸ਼ੁਰੂਆਤੀ ਬਜਟ ਦਾ ਪ੍ਰਸਤਾਵ ਹੈ।
  • ਓਬੀਸੀ ਵਿਦਿਆਰਥੀਆਂ ਅਤੇ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਲਈ ਵਜੀਫ਼ੇ ਲਈ 18 ਅਤੇ 60 ਕਰੋੜ ਦੇ ਬਜਟ ਦੀ ਤਜਵੀਜ਼ ਹੈ।
  • ਤਕਨੀਕੀ ਸਿੱਖਿਆ ਸੰਸਥਾਵਾਂ ਦੀ ਤਕਨੀਕੀ ਸਮਰੱਥਾ ਨੂੰ ਸੁਧਾਰਨ ਲਈ 615 ਕਰੋੜ ਦੇ ਫੰਡ ਦਾ ਪ੍ਰਸਤਾਵ ਰੱਖਿਆ ਗਿਆ ਹੈ।
  • ਆਈਟੀਆਈ ਅਤੇ ਪੌਲੀਟੈਕਨਿਕ ਕਾਲਜਾਂ ਦੀ ਸਹਾਇਤਾ ਲਈ 63 ਕਰੋੜ ਰੁਪਏ ਦਾ ਪ੍ਰਸਤਾਵ ਹੈ।
  • ਇੰਡਸਟਰੀਆਲ ਵੈਲਿਊ ਇਨਹਾਂਸਮੈਂਟ ਲਈ ਹੁਨਰ ਮਜ਼ਬੂਤੀ ਵੋਕੇਸ਼ਨਲ ਸਿਖਲਾਈ ਵਿੱਚ ਸੁਧਾਰ ਅਤੇ ਏਪ੍ਰੈਂਟਿਸਸ਼ਿਪ ਲਈ 40 ਕਰੋੜ ਰੁਪਏ ਦੇ ਬਜਟ ਦਾ ਪ੍ਰਸਤਾਵ ਰੱਖਿਆ ਹੈ।

ਕਾਂਗਰਸ ਨੇ ਯਾਦ ਕਰਵਾਇਆ ਔਰਤਾਂ ਲਈ 1000 ਰੁਪਏ ਵਾਲਾ ਵਾਅਦਾ

ਬਜਟ ਭਾਸ਼ਣ ਖ਼ਤਮ ਹੋਇਆ ਤਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਕਿਹਾ, ''ਗਰੀਬਾਂ ਮਜ਼ਦੂਰਾਂ ਅਤੇ ਵਪਾਰੀਆਂ ਲਈ ਕੁਝਵੀ ਨਹੀਂ ਸੀ।''

ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨੇ ਦੇਣ ਦੇ ਵਾਅਦੇ ਬਾਰੇ ਕੋਈ ਵੀ ਗੱਲ ਨਾ ਕਰਨ ਉੱਤੇ ਵੀ ਰਾਜਾ ਵੜਿੰਗ ਨੇ ਸਰਕਾਰ ਨੂੰ ਘੇਰਿਆ।

ਰਾੜਾ ਵੜਿੰਗ ਨੇ ਅੱਗੇ ਕਿਹਾ ਕਿਮੈਂ ਨਿੰਦਾ ਕਰਦਾ ਹਾਂ ਇਸ ਬਜਟ ਦੀ, ਇਸ ਬਜਟ ਵਿੱਚ ਕੁਝ ਵੀ ਨਹੀਂ ਹੈ।

ਲੋਕ ਪੱਖੀ ਬਜਟ- ਚੀਮਾ

ਵਿਧਾਨ ਸਭਾ ਵਿੱਚ ਸਾਲ 2023-24 ਦਾ ਬਜਟ ਪੇਸ਼ ਕਰਨ ਮਗਰੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪ੍ਰੈੱਸ ਕਾਨਫਰੰਸ ਕੀਤੀ।

ਉਨ੍ਹਾਂ ਕਿਹਾ, ‘‘ਬਗੈਰ ਕੋਈ ਨਵਾਂ ਟੈਕਸ ਲਾਏ ਬਿਨਾਂ ਅਸੀਂ ਇਹ ਬਜਟ ਪੇਸ਼ ਕੀਤਾ ਹੈ। ਇਹ ਲੋਕ ਪੱਖੀ ਬਜਟ ਹੈ ਅਤੇ ਭ੍ਰਿਸ਼ਟਾਚਾਰ ਖਿਲਾਫ਼ ਸਾਡੀ ਲੜਾਈ ਜਾਰੀ ਰਹੇਗੀ। ਭਗਵੰਤ ਮਾਨ ਦੀ ਸਰਕਾਰ ਦੀ ਅਗਵਾਈ ਵਿੱਚ ਰੰਗਲਾ ਪੰਜਾਬ ਬਣੇਗਾ।’’

ਆਰਥਿਕ ਮਾਮਲਿਆਂ ਦੇ ਮਾਹਿਰ ਕੀ ਕਹਿੰਦੇ

ਆਰਥਿਕ ਮਾਮਲਿਆਂ ਦੇ ਮਾਹਿਰ ਰਣਜੀਤ ਸਿੰਘ ਘੁੰਮਣ ਨੇ ਇਸ ਬਜਟ ਮਗਰੋਂ ਬੀਬੀਸੀ ਪੰਜਾਬੀ ਨਾਲ ਗੱਲਬਾਤ ਕੀਤੀ।

ਉਨ੍ਹਾਂ ਨੇ ਕਿਸਾਨਾਂ, ਔਰਤਾਂ ਅਤੇ ਨੌਜਵਾਨਾਂ ਬਾਰੇ ਬਜਟ ਵਿੱਚ ਕੀ ਹੈ ਉਸ ਬਾਰੇ ਗੱਲਬਾਤ ਕੀਤੀ।

ਉਨ੍ਹਾਂ ਨੇ ਵੀ ਕਿਹਾ, ‘‘ਔਰਤਾਂ ਲਈ ਬੱਸਾਂ ਦਾ ਮੁਫ਼ਤ ਸਫ਼ਰ ਜਾਰੀ ਤਾਂ ਰੱਖੇ ਜਾਣ ਦੀ ਗੱਲ ਕਹੀ ਗਈਪਰ ਔਰਤਾਂ ਨੂੰ ਸ਼ਾਇਦ ਉਡੀਕ ਰਹੀ ਹੋਵੇਗੀ ਵਾਅਦੇ ਮੁਤਾਬਕ ਮਿਲਣ ਵਾਲੇ 1000 ਰੁਪਏ ਪ੍ਰਤੀ ਮਹੀਨੇ ਦੀ। ਇਸਦਾ ਜ਼ਿਕਰ ਨਹੀਂ ਹੋਇਆ।’’

ਘੁੰਮਣ ਅੱਗੇ ਕਹਿੰਦੇ ਕਿ ਪੰਜਾਬ ਵਿੱਚ ਰੁਜ਼ਗਾਰ ਬਹੁਤ ਵੱਡੀ ਚੁਣੌਤੀ ਹੈ।

ਉਨ੍ਹਾਂ ਮੁਤਾਬਕ, ‘‘ਪੰਜਾਬ ਸਰਕਾਰ ਦੇ ਅੰਕੜੇ ਕਹਿੰਦੇ ਹਨ ਕਿ ਸੂਬੇ ਵਿੱਚ 15 ਲੱਖ ਬੇਰੁਜ਼ਗਾਰ ਨੌਜਵਾਨ ਹਨ ਅਤੇ ਮੇਰਾ ਅੰਕੜਾ ਕਹਿੰਦਾ ਹੈ ਕਿ ਇਹ ਗਿਣਤੀ 25 ਲੱਖ ਹੈ।’’

ਪਰਵਾਸ ਨੂੰ ਰੋਕਣ ਅਤੇ ਰੁਜ਼ਗਾਰ ਪੈਦਾ ਕਰਨ ਵਾਲੇ ਐਲਾਨ ਬਾਰੇ ਘੁੰਮਣ ਕਹਿੰਦੇ ਹਨ ਕਿ ਇਸ ਲਈ ਬਜਟ ਵਿੱਚ ਕੋਈ ਖ਼ਾਸ ਤਜਵੀਜ਼ ਨਹੀਂ ਕੀਤੀ ਗਈ।

ਉਹ ਅੱਗੇ ਕਹਿੰਦੇ ਹਨ, ‘‘ਨੌਜਵਾਨਾਂ ਨੂੰ ਜੋ ਰੁਜ਼ਗਾਰ ਦਿੱਤਾ ਵੀ ਜਾ ਰਿਹਾ ਹੈ ਉਸਦੇ ਵੀ ਹਾਲਾਤ ਬੇਹੱਦ ਮਾੜੇ ਹਨ, ਕਿਉਂ ਨਹੀਂ ਨੌਜਵਾਨਾਂ ਨੂੰ ਪੂਰੀਆਂ ਤਨਖਾਹਾਂ ਦੇ ਰਹੇ, ਤੁਸੀਂ ਬਣਦੀ ਤਨਖਾਹ ਨਹੀਂ ਦੇਵੋਗੇ ਤਾਂ ਨੈਤਿਕ ਤੌਰ ’ਤੇ ਪ੍ਰਾਈਵੇਟ ਸੈਕਟਰ ਨੂੰ ਕਿਵੇਂ ਰੈਗੁਲੇਟ ਕਰੋਗੇ।’’

ਸਰਕਾਰੀ ਮੁਲਾਜ਼ਮਾਂ ਬਾਰੇ ਘੁੰਮਣ ਕਹਿੰਦੇ ਹਨ ਕਿ ਬਜਟ ਵਿੱਚ ਉਨ੍ਹਾਂ ਲਈ ਖਾਸਤੌਰ ’ਤੇ ਕੁਝ ਵੀ ਨਹੀਂ ਹੈ।

ਕਿਸਾਨਾਂ ਬਾਰੇ ਬਜਟ ਵਿੱਚ ਕੀ ਹੈ ਉਸ ਬਾਰੇ ਵੀ ਰਣਜੀਤ ਸਿੰਘ ਬੋਲੇ।

ਉਹ ਕਹਿੰਦੇ ਹਨ, ‘‘ਪਿਛਲੇ ਸਾਲ ਝੋਨੇ ਦੀ ਸਿੱਧੀ ਬਿਜਾਈ ਅਤੇ ਮੁੰਗੀ ਉੱਤੇ ਐੱਮਐੱਸਪੀ ਦੀ ਗੱਲ ਕਹੀ ਗਈ ਸੀ ਪਰ ਉਸਦੇ ਨਤੀਜੇ ਉਤਸ਼ਾਹਜਨਕ ਨਹੀਂ ਰਹੇ। ਹੁਣ ਵੀ ਇਨ੍ਹਾਂ ਨੇ ਤਜਵੀਜ਼ ਕੀਤੀ ਤਾਂ ਹੈ ਪਰ ਨਤੀਜੇ ਆਉਣਗੇ ਤਾਂ ਹੀ ਪਤਾ ਲੱਗੇਗਾ।’’

ਘੁੰਮਣ ਕਹਿੰਦੇ ਹਨ, ‘‘ਆਮ ਕਿਸਾਨ ਲਈ ਖੁਝ ਖ਼ਾਸ ਨਹੀਂ ਹੈ, ਮੁਫਤ ਬਿਜਲੀ ਤਾਂ 1997 ਤੋਂ ਹੀ ਮਿਲ ਰਹੀ ਹੈ, ਉਹ ਤਾਂ ਮਿਲਦੀ ਰਹੇਗੀ, ਇਹ ਕੋਈ ਨਵੀਂ ਗੱਲ ਨਹੀਂ ਹੈ। ਫਸਲੀ ਵਿਭਿੰਨਤਾ ਦੀ ਗੱਲ ਤਾਂ ਹੁੰਦੀ ਹੈ ਪਰ ਝੋਨੇ ਕਣਕ ਤੋਂ ਇਲਾਵਾ ਜਿਹੜੀਆਂ ਫਸਲਾਂ ਹਨ ਉਨ੍ਹਾਂ ਉੱਤੇ ਐੱਮਐੱਸਪੀ ਤਾਂ ਨਹੀ ਮਿਲ ਰਹੀ ਹੈ।’’

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)