You’re viewing a text-only version of this website that uses less data. View the main version of the website including all images and videos.
ਲਾਲ ਕਿਲੇ ਤੋਂ ਪੀਐੱਮ ਮੋਦੀ, ਪਾਣੀਆਂ ਦੇ ਮੁੱਦੇ ’ਤੇ ਕੀ ਬੋਲੇ, ਨਿੱਜੀ ਖੇਤਰ ਦੇ ਮੁਲਾਜ਼ਮਾਂ ਬਾਰੇ ਕੀ ਐਲਾਨ ਕੀਤੇ ਤੇ ਜੀਐੱਸਟੀ ’ਚ ਕਿਹੜੀ ਰਾਹਤ ਦੇਣ ਦੀ ਗੱਲ ਕੀਤੀ
ਭਾਰਤ ਦੇ 79ਵੇਂ ਆਜ਼ਾਦੀ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਿਵਾਇਤ ਅਨੁਸਾਰ ਪਹਿਲਾਂ ਤਿਰੰਗਾ ਫਹਿਰਾਇਆ ਅਤੇ ਇਸ ਮਗਰੋਂ ਦੇਸ਼ ਦੀ ਜਨਤਾ ਨੂੰ ਸੰਬੋਧਨ ਕੀਤਾ।
ਪ੍ਰਧਾਨ ਮੰਤਰੀ ਮੋਦੀ ਨੇ ਲਾਲ ਕਿਲ੍ਹੇ ਦੀ ਪ੍ਰਾਚੀਰ ਤੋਂ 12ਵੀਂ ਵਾਰ ਤਿਰੰਗਾ ਲਹਿਰਾਇਆ ਹੈ।
ਇਸ ਦੌਰਾਨ ਭਾਰਤੀ ਹਵਾਈ ਫੌਜ ਦੇ ਦੋ ਹੈਲੀਕਾਪਟਰਾਂ ਨੇ ਲੋਕਾਂ 'ਤੇ ਫੁਲ ਬਰਸਾਏ। ਇਨ੍ਹਾਂ ਵਿੱਚੋਂ ਇੱਕ ਹੈਲੀਕਾਪਟਰ ਨੇ ਭਾਰਤੀ ਤਿਰੰਗੇ ਝੰਡੇ ਨਾਲ ਅਤੇ ਦੂਜੇ ਹੈਲੀਕਾਪਟਰ ਨੇ ਆਪ੍ਰੇਸ਼ਨ ਸਿੰਦੂਰ ਦੇ ਝੰਡੇ ਨਾਲ ਉਡਾਣ ਭਰੀ।
ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਨੌਜਵਾਨਾਂ ਲਈ ਵੱਡੀ ਖ਼ਬਰ ਹੈ, ''ਅੱਜ, 15 ਅਗਸਤ ਨੂੰ, ਮੈਂ ਆਪਣੇ ਦੇਸ਼ ਦੇ ਨੌਜਵਾਨਾਂ ਲਈ 1 ਲੱਖ ਕਰੋੜ ਰੁਪਏ ਦੀ ਇੱਕ ਯੋਜਨਾ ਸ਼ੁਰੂ ਕਰ ਰਿਹਾ ਹਾਂ।''
''ਅੱਜ ਤੋਂ, ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੁਜ਼ਗਾਰ ਯੋਜਨਾ ਲਾਗੂ ਕੀਤੀ ਗਈ ਹੈ। ਨਿੱਜੀ ਖੇਤਰ ਵਿੱਚ ਆਪਣੀ ਪਹਿਲੀ ਨੌਕਰੀ ਕਰਨ ਵਾਲੇ ਮੁੰਡੇ-ਕੁੜੀਆਂ ਨੂੰ ਸਰਕਾਰ ਵੱਲੋਂ 15,000 ਰੁਪਏ ਦਿੱਤੇ ਜਾਣਗੇ। ਇਸ ਨਾਲ 3.5 ਕਰੋੜ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ।''
ਉਨ੍ਹਾਂ ਦੀਵਾਲੀ ਮੌਕੇ ਨੈਕਸਟ ਜੈਨਰੇਸ਼ਨ ਜੀਐੱਸਟੀ ਰਿਫਾਰਮ ਲੈ ਕੇ ਆਉਣ ਦਾ ਐਲਾਨ ਕੀਤਾ ਅਤੇ ਕਿਹਾ ਕਿ ਇਸ ਨਾਲ ਆਮ ਜ਼ਰੂਰਤ ਦੀਆਂ ਚੀਜ਼ਾਂ ਬਹੁਤ ਸਸਤੀਆਂ ਹੋ ਜਾਣਗੀਆਂ।
ਲਾਲ ਕਿਲੇ ਤੋਂ ਆਪਣੇ ਭਾਸ਼ਣ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ''ਆਜ਼ਾਦੀ ਦਾ ਇਹ ਤਿਓਹਾਰ 140 ਕਰੋੜ ਸੰਕਲਪਾਂ ਦਾ ਤਿਓਹਾਰ ਹੈ, ਇਹ ਸਮੂਹਿਕ ਸਿੱਧੀਆਂ ਦਾ, ਗੌਰਵ ਦਾ ਤਿਓਹਾਰ ਹੈ। ਦੇਸ਼ ਏਕਤਾ ਦੀ ਭਾਵਨਾ ਨੂੰ ਨਿਰੰਤਰ ਮਜ਼ਬੂਤੀ ਦੇ ਰਿਹਾ ਹੈ।''
ਪੀਐੱਮ ਨੇ 1947 ਦੀ ਗੱਲ ਕਰਦਿਆਂ ਕਿਹਾ ਆਜ਼ਾਦੀ ਦੇ ਸਮੇਂ ਦੇਸ਼ ਦੀਆਂ ਇੱਛਾਵਾਂ ਉਡਾਣਾਂ ਭਰ ਰਹੀਆਂ ਸਨ ਪਰ ਚੁਣੌਤੀਆਂ ਉਸ ਤੋਂ ਵੀ ਜ਼ਿਆਦਾ ਸਨ। ਪਰ ਸਾਡਾ ਸੰਵਿਧਾਨ ਸਦਾ ਸਾਨੂੰ ਰਾਹ ਦਿਖਾਉਂਦਾ ਰਿਹਾ ਹੈ।
ਇਸ ਦੌਰਾਨ ਉਨ੍ਹਾਂ ਕਿਹਾ ਕਿ ''ਸੰਵਿਧਾਨ ਦੇ ਨਿਰਮਾਤਾਵਾਂ ਦੇ ਨਾਲ-ਨਾਲ ਦੇਸ਼ ਦੀ ਨਾਰੀ ਸ਼ਕਤੀ ਨੇ ਵੀ ਭਾਰਤੀ ਸੰਵਿਧਾਨ ਨੂੰ ਸਸ਼ਕਤ ਕਰਨ 'ਚ ਆਪਣੀ ਭੂਮਿਕਾ ਨਿਭਾਈ।''
ਉਨ੍ਹਾਂ ਕਿਹਾ, ਅਸੀਂ ਅੱਜ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਦੀ 125ਵੀਂ ਜਯੰਤੀ ਵੀ ਮਨ ਰਹੇ ਹਾਂ। ਉਹ ਸੰਵਿਧਾਨ ਲਈ ਬਲਿਦਾਨ ਦੇਣ ਵਾਲੇ ਦੇਸ਼ ਦੇ ਪਹਿਲੇ ਪਹਿਲੇ ਮਹਾਪੁਰਸ਼ ਸਨ।''
''ਜਦੋਂ ਧਾਰਾ 370 ਦੀ ਕੰਧ ਡਿਗਾ ਕੇ ਅਸੀਂ ਇੱਕ ਦੇਸ਼, ਇੱਕ ਸੰਵਿਧਾਨ ਦੇ ਮੰਤਰ ਨੂੰ ਸਕਾਰ ਕੀਤਾ ਤਾਂ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਦਿੱਤੀ।''
ਇਸ ਦੌਰਾਨ ਉਨ੍ਹਾਂ ਨੇ ਕੁਦਰਤੀ ਆਫ਼ਤਾਂ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ, ''ਸਾਥੀਓ, ਕੁਦਰਤ ਸਾਡੀ ਪ੍ਰੀਖਿਆ ਲੈ ਰਹੀ ਹੈ। ਪਿਛਲੇ ਕੁਝ ਦਿਨਾਂ 'ਚ ਅਸੀਂ ਅਜਿਹੀਆਂ ਆਪਦਾਵਾਂ ਝੱਲ ਰਹੇ ਹਾਂ। ਪੀੜਤਾਂ ਨਾਲ ਸਾਡੀਆਂ ਸੰਵੇਦਨਾਵਾਂ ਹਨ ਅਤੇ ਕੇਂਦਰ ਤੇ ਸੂਬਾ ਸਰਕਾਰਾਂ ਮਿਲ ਕੇ ਰਾਹਤ ਅਤੇ ਮੁੜ-ਵਸੇਬੇ ਦੀ ਕਾਰਜ 'ਚ ਜੁੜੇ ਹੋਏ ਹਾਂ।''
ਇਸ ਮੌਕੇ ਪ੍ਰਧਾਨ ਮੰਤਰੀ ਨੇ ਦੇਸ਼ ਦੀ ਆਜ਼ਾਦੀ ਲਈ ਬਲਿਦਾਨ ਦੇਣ ਵਾਲਿਆਂ ਨੂੰ ਯਾਦ ਕੀਤਾ।
'ਲਾਲ ਕਿਲੇ ਤੋਂ ਆਪ੍ਰੇਸ਼ਨ ਸਿੰਦੂਰ ਦੇ ਵੀਰ ਜਵਾਨਾਂ ਨੂੰ ਸਲੂਟ ਕਰਨ ਦਾ ਅਵਸਰ ਮਿਲਿਆ'
ਉਨ੍ਹਾਂ ਆਪ੍ਰੇਸ਼ਨ ਸਿੰਦੂਰ ਦੀ ਗੱਲ ਕਰਦਿਆਂ ਕਿਹਾ ਕਿ ''ਮੈਨੂੰ ਅੱਜ ਬਹੁਤ ਮਾਣ ਹੋ ਰਿਹਾ ਹੈ ਕਿ ਮੈਨੂੰ ਲਾਲ ਕਿਲੇ ਤੋਂ ਆਪ੍ਰੇਸ਼ਨ ਸਿੰਦੂਰ ਦੇ ਵੀਰ ਜਵਾਨਾਂ ਨੂੰ ਸਲੂਟ ਕਰਨ ਦਾ ਅਵਸਰ ਮਿਲਿਆ ਹੈ। ਜਿਨ੍ਹਾਂ ਨੇ ਸਾਡੇ ਦੁਸ਼ਮਣਾਂ ਨੂੰ ਉਨ੍ਹਾਂ ਦੀ ਕਲਪਨਾ ਤੋਂ ਪਰ੍ਹੇ ਦੀ ਸਜ਼ਾ ਦਿੱਤੀ ਹੈ।''
''22 ਅਪ੍ਰੈਲ ਤੋਂ ਸੀਮਾ ਪਾਰੋਂ ਆਏ ਅੱਤਵਾਦੀਆਂ ਨੇ ਆ ਕੇ ਜਿਸ ਤਰ੍ਹਾਂ ਕਤਲੇਆਮ ਕੀਤਾ, ਧਰਮ ਪੁੱਛ-ਪੁੱਛ ਕੇ ਲੋਕਾਂ ਨੂੰ ਮਾਰਿਆ ਗਿਆ, ਪਤਨੀ ਦੇ ਸਾਹਮਣੇ ਪਤੀ ਨੂੰ ਗੋਲ਼ੀਆਂ ਮਾਰੀਆਂ, ਬੱਚਿਆਂ ਸਾਹਮਣੇ ਉਨ੍ਹਾਂ ਦੇ ਪਿਤਾ ਮਾਰੇ.. ਪੂਰਾ ਹਿੰਦੂਸਤਾਨ ਗੁੱਸੇ ਨਾਲ ਭਰਿਆ ਹੋਇਆ ਸੀ। ਪੂਰੀ ਦੁਨੀਆਂ ਵੀ ਇਸ ਤਰ੍ਹਾਂ ਦੇ ਕਤਲੇਆਮ ਨਾਲ ਚੌਂਕ ਗਈ ਸੀ।''
''ਆਪ੍ਰੇਸ਼ਨ ਸਿੰਦੂਰ ਉਸੇ ਗੁੱਸੇ ਦਾ ਪ੍ਰਗਟਾਅ ਹੈ। 22 ਤਰੀਖ ਮਗਰੋਂ ਅਸੀਂ ਆਪਣੀ ਫੌਜ ਨੂੰ ਪੂਰੀ ਛੋਟ ਦੇ ਦਿੱਤੀ ਅਤੇ ਸਾਡੀ ਫੌਜ ਨੇ ਉਹ ਕਰਕੇ ਦਿਖਾਇਆ ਜੋ ਕਈ ਦਹਾਕਿਆਂ ਤੱਕ ਕਦੇ ਹੋਇਆ ਨਹੀਂ।''
''ਸੈਂਕੜੇ ਕਿਲੋਮੀਟਰ ਤੱਕ ਦੁਸ਼ਮਣ ਦੀ ਧਰਤੀ 'ਤੇ ਵੜ ਕੇ ਅੱਤਵਾਦੀਆਂ ਨੂੰ ਮਿੱਟੀ 'ਚ ਮਿਲਾ ਦਿੱਤਾ, ਅੱਤਵਾਦੀ ਇਮਾਰਤਾਂ ਨੂੰ ਖੰਡਰ ਬਣਾ ਦਿੱਤਾ। ਪਾਕਿਸਤਾਨ ਦੀ ਤਬਾਹੀ ਇੰਨੀ ਵੱਡੀ ਹੈ ਕਿ ਰੋਜ਼ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ।''
'ਪਰਮਾਣੂ ਬਲੈਕਮੇਲ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ'
ਉਨ੍ਹਾਂ ਕਿਹਾ, ''ਸਾਡਾ ਦੇਸ਼ ਕਈ ਦਹਾਕਿਆਂ ਤੋਂ ਅੱਤਵਾਦ ਨੂੰ ਝੱਲਦਾ ਆਇਆ ਹੈ, ਹੁਣ ਅਸੀਂ ਇੱਕ ਨਵਾਂ ਨਿਊ ਨਾਰਮਲ ਸਥਾਪਿਤ ਕੀਤਾ ਹੈ। ਅੱਤਵਾਦੀਆਂ ਅਤੇ ਉਨ੍ਹਾਂ ਨੂੰ ਪਾਲਣ ਤੇ ਟਿਕਾਣੇ ਦੇਣ ਵਾਲਿਆਂ ਨੂੰ ਹੁਣ ਅਸੀਂ ਵੱਖ-ਵੱਖ ਨਹੀਂ ਮੰਨਦੇ। ਉਹ ਮਨੁੱਖਤਾ ਦੇ ਇੱਕ ਬਰਾਬਰ ਦੁਸ਼ਮਣ ਹਨ ਅਤੇ ਭਾਰਤ ਨੇ ਤੈਅ ਕਰ ਲਿਆ ਹੈ ਕਿ ਪਰਮਾਣੂ ਬੰਬ ਦੀਆਂ ਧਮਕੀਆਂ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ।
''ਪਰਮਾਣੂ ਬਲੈਕਮੇਲ ਬਹੁਤ ਸਾਲਾਂ ਤੋਂ ਚੱਲਦਾ ਆ ਰਿਹਾ ਹੈ, ਪਰ ਹੁਣ ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ।''
ਉਨ੍ਹਾਂ ਕਿਹਾ ''ਅਸੀਂ ਤੈਅ ਕਰ ਲਿਆ ਹੈ ਕਿ ਖੂਨ ਅਤੇ ਪਾਣੀ ਇੱਕੋ ਨਾਲ ਨਹੀਂ ਵਹੇਗਾ।''
ਪੀਐੱਮ ਮੋਦੀ ਨੇ ਕਿਹਾ, ''ਅੱਗੇ ਵੀ ਜੇ ਦੁਸ਼ਮਣਾਂ ਨੇ ਅਜਿਹੀ ਕੋਸ਼ਿਸ਼ ਜਾਰੀ ਰੱਖੀ ਤਾਂ ਸਾਡੀ ਫੌਜ ਤੈਅ ਕਰੇਗੀ, ਫੌਜ ਦੀਆਂ ਸ਼ਰਤਾਂ 'ਤੇ, ਉਹ ਜੋ ਸਮਾਂ ਤੈਅ ਕਰਨ ਉਸ ਸਮੇਂ 'ਤੇ, ਫੌਜ ਜੋ ਤੌਰ-ਤਰੀਕੇ ਤੈਅ ਕਰੇ ਉਨ੍ਹਾਂ ਤਰੀਕਿਆਂ ਨਾਲ, ਫੌਜ ਜੋ ਟੀਚਾ ਨਿਰਧਾਰਿਤ ਕਰੇ ਉਸ ਟੀਚੇ ਨੂੰ, ਹੁਣ ਅਸੀਂ ਅਮਲ 'ਚ ਲਿਆ ਕੇ ਰਹਾਂਗੇ ਤੇ ਮੂੰਹ ਤੋੜ ਜਵਾਬ ਦਿਆਂਗੇ।''
'ਹਿੰਦੁਸਤਾਨ ਦੇ ਹੱਕ ਦੇ ਪਾਣੀ 'ਤੇ ਹੱਕ ਸਿਰਫ਼ ਹਿੰਦੁਸਤਾਨ ਅਤੇ ਇਸਦੇ ਕਿਸਾਨਾਂ ਦਾ'
ਆਪਣੇ ਭਾਸ਼ਣ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਸਪਸ਼ਟ ਕੀਤਾ ਕਿ ਸਿੰਧੂ ਸਮਝੌਤਾ ਹੁਣ ਭਾਰਤ ਨੂੰ ਮੰਜ਼ੂਰ ਨਹੀਂ ਹੈ।
ਉਨ੍ਹਾਂ ਕਿਹਾ, ''ਭਾਰਤ ਤੋਂ ਨਿਕਲਦੀਆਂ ਨਦੀਆਂ ਦਾ ਪਾਣੀ ਦੁਸ਼ਮਣਾਂ ਦੇ ਖੇਤਾਂ ਨੂੰ ਸਿੰਜ ਰਿਹਾ ਹੈ ਤੇ ਮੇਰੇ ਦੇਸ਼ ਦੇ ਕਿਸਾਨ ਅਤੇ ਧਰਤੀ ਪਾਣੀ ਲਈ ਪਿਆਸੇ ਹਨ। ਹਿੰਦੁਸਤਾਨ ਦੇ ਹੱਕ ਦਾ ਜੋ ਪਾਣੀ ਹੈ, ਉਸ 'ਤੇ ਅਧਿਕਾਰ ਸਿਰਫ ਅਤੇ ਸਿਰਫ ਹਿੰਦੁਸਤਾਨ ਦਾ ਹੈ, ਹਿੰਦੁਸਤਾਨ ਦੇ ਕਿਸਾਨਾਂ ਦਾ ਹੈ।''
ਉਨ੍ਹਾਂ ਕਿਹਾ, ''ਗੁਲਾਮੀ ਨੇ ਸਾਨੂੰ ਗਰੀਬ ਬਣਾਇਆ ਤੇ ਗੁਲਾਮੀ ਨੇ ਸਾਨੂੰ ਨਿਰਭਰ ਵੀ ਬਣਾ ਦਿੱਤਾ। ਦੂਜਿਆਂ 'ਤੇ ਨਿਰਭਰਤਾ ਵਧਦੀ ਗਈ। ਜਨਤਾ ਦਾ ਢਿੱਡ ਭਰਨਾ ਵੱਡੀ ਚੁਣੌਤੀ ਸੀ ਪਰ ਮੇਰੇ ਦੇਸ਼ ਦੇ ਇਨ੍ਹਾਂ ਕਿਸਾਨਾਂ ਨੇ ਖੂਨ ਪਸੀਨਾ ਇੱਕ ਕਰਕੇ ਦੇਸ਼ ਦੇ ਭੰਡਾਰ ਭਰ ਦਿੱਤੇ। ਦੇਸ਼ ਨੂੰ ਅਨਾਜ ਲਈ ਆਤਮ-ਨਿਰਭਰ ਬਣਾ ਦਿੱਤਾ।''
ਆਪਣੇ ਪੂਰੇ ਭਾਸ਼ਣ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਵਾਰ-ਵਾਰ ਕਿਸਾਨਾਂ ਦਾ ਜ਼ਿਕਰ ਕੀਤਾ ਤੇ ਦੇਸ਼ ਦੀ ਤਰੱਕੀ 'ਚ ਉਨ੍ਹਾਂ ਦੇ ਯੋਗਦਾਨ ਦੀ ਚਰਚਾ ਕੀਤੀ।
ਇਸ ਦੌਰਾਨ ਉਨ੍ਹਾਂ ਕਿਹਾ ਕਿ ''ਕਿਸਾਨਾਂ ਨੂੰ ਹੁਣ ਉੱਨਤ ਖਾਦ, ਪਾਣੀ, ਬੀਜ ਉਪਲਬਧ ਹਨ। ਅਸੀਂ ਦੁਨੀਆਂ ਦੇ ਦੂਜੇ ਸਭ ਤੋਂ ਵੱਡੇ ਮੱਛੀ ਅਤੇ ਸਬਜ਼ੀਆਂ ਦੇ ਉਤਪਾਦਕ ਹਾਂ। ਸਾਡੇ ਉਤਪਾਦ ਵਿਸ਼ਵ ਬਾਜ਼ਾਰ ਵਿੱਚ ਪ੍ਰਸਿੱਧ ਹਨ।''
ਉਨ੍ਹਾਂ ਕਿਹਾ ਕਿ 100 ਅਜਿਹੇ ਜ਼ਿਲ੍ਹੇ ਪਛਾਣੇ ਗਏ ਹਨ ਜਿੱਥੇ ਪ੍ਰਧਾਨ ਮੰਤਰੀ ਧਨ-ਧਾਨਿਆ ਕ੍ਰਿਸ਼ੀ ਯੋਜਨਾ ਤਹਿਤ ਕਿਸਾਨਾਂ ਦੀ ਮਦਦ ਕੀਤੀ ਜਾਵੇਗੀ।
ਸੁਦਰਸ਼ਨ ਚੱਕਰ ਮਿਸ਼ਨ ਅਤੇ ਹਾਈ ਪਾਵਰ ਡੈਮੋਗ੍ਰਾਫੀ ਮਿਸ਼ਨ ਦਾ ਐਲਾਨ
ਪੀਐਮ ਮੋਦੀ ਨੇ ਦੇਸ਼ 'ਚ ਸੁਦਰਸ਼ਨ ਚੱਕਰ ਮਿਸ਼ਨ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ। ਉਨ੍ਹਾਂ ਦਸਿਆ ਕਿ ਇਹ ਸੁਦਰਸ਼ਨ ਚੱਕਰ ਇੱਕ ਸ਼ਕਤੀਸ਼ਾਲੀ ਹਥਿਆਰ ਪ੍ਰਣਾਲੀ ਹੋਵੇਗੀ, ਜੋ ਨਾ ਸਿਰਫ਼ ਦੁਸ਼ਮਣ ਦੇ ਹਮਲੇ ਨੂੰ ਤਬਾਹ ਕਰੇਗੀ, ਸਗੋਂ ਦੁਸ਼ਮਣ 'ਤੇ ਕਈ ਗੁਣਾ ਜ਼ਿਆਦਾ ਵਾਰ ਕਰੇਗੀ।
ਉਨ੍ਹਾਂ ਕਿਹਾ, ''ਅਸੀਂ ਅਗਲੇ ਦਸ ਸਾਲਾਂ ਵਿੱਚ ਸੁਦਰਸ਼ਨ ਚੱਕਰ ਮਿਸ਼ਨ ਦੇ ਤਹਿਤ, 2035 ਤੱਕ ਦੇਸ਼ ਦੇ ਸਾਰੇ ਮਹੱਤਵਪੂਰਨ ਸਥਾਨਾਂ ਨੂੰ ਕਵਰ ਕੀਤਾ ਜਾਵੇਗਾ। ਹੌਲੀ-ਹੌਲੀ ਇਸਨੂੰ ਹੋਰ ਅੱਗੇ ਵਧਾਇਆ ਜਾਵੇਗਾ। ਦੇਸ਼ ਦੇ ਹਰ ਨਾਗਰਿਕ ਨੂੰ ਸੁਰੱਖਿਅਤ ਮਹਿਸੂਸ ਕਰਨਾ ਚਾਹੀਦਾ ਹੈ।''
ਇਸਦੇ ਨਾਲ ਹੀ ਉਨ੍ਹਾਂ ਕਿਹਾ ''ਸਰਹੱਦੀ ਖੇਤਰਾਂ ਵਿੱਚ ਡੈਮੋਗ੍ਰਾਫੀ ਬਦਲ ਰਹੀ ਹੈ। ਅਸੀਂ ਆਪਣੇ ਦੇਸ਼ ਨੂੰ ਘੁਸਪੈਠੀਆਂ ਦੇ ਹਵਾਲੇ ਨਹੀਂ ਕਰ ਸਕਦੇ। ਘੁਸਪੈਠੀਏ ਕਬਾਇਲੀ ਲੋਕਾਂ ਦੀ ਰੋਜ਼ੀ-ਰੋਟੀ ਖੋਹ ਰਹੇ ਹਨ ਅਤੇ ਉਨ੍ਹਾਂ ਨੂੰ ਭ੍ਰਮਿਤ ਕਰ ਰਹੇ ਹਨ। ਮੈਂ ਦੇਸ਼ ਨੂੰ ਇਸ ਚੁਣੌਤੀ ਬਾਰੇ ਸੁਚੇਤ ਕਰਨਾ ਚਾਹੁੰਦਾ ਹਾਂ। ਇਸ ਲਈ ਅਸੀਂ ਇੱਕ ਹਾਈ ਪਾਵਰ ਡੈਮੋਗ੍ਰਾਫੀ ਮਿਸ਼ਨ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।''
ਆਤਮ-ਨਿਰਭਰਤਾ 'ਤੇ ਜ਼ੋਰ
''ਇੱਕ ਦੇਸ਼ ਲਈ ਆਤਮ-ਸਨਮਾਨ ਦੀ ਸਭ ਤੋਂ ਵੱਡੀ ਕਸੌਟੀ ਅੱਜ ਵੀ ਉਸਦੀ ਆਤਮ-ਨਿਰਭਰਤਾ ਹੈ ਅਤੇ ਵਿਕਸਿਤ ਭਾਰਤ ਦਾ ਅਧਾਰ ਵੀ ਹੈ ਆਤਮ-ਨਿਰਭਰ ਭਾਰਤ।''
''ਜੋ ਦੂਜਿਆਂ 'ਤੇ ਜ਼ਿਆਦਾ ਨਿਰਭਰ ਰਹਿੰਦਾ ਹੈ, ਉਸ ਦੀ ਆਜ਼ਾਦੀ 'ਤੇ ਓਨਾ ਹੀ ਵੱਡਾ ਪ੍ਰਸ਼ਨ ਚਿਨ੍ਹ ਲੱਗ ਜਾਂਦਾ ਹੈ ਤੇ ਸਭ ਤੋਂ ਮਾੜਾ ਤਾਂ ਉਦੋਂ ਹੁੰਦਾ ਹੈ ਜਦੋਂ ਨਿਰਭਰਤਾ ਦੀ ਆਦਤ ਲੱਗ ਜਾਵੇ। ਇਹ ਆਦਤ ਖਤਰੇ ਤੋਂ ਖਾਲੀ ਨਹੀਂ ਹੈ।''
''ਇਸ ਲਈ ਆਤਮ-ਨਿਰਭਰ ਹੋਣ ਲਈ ਹਰ ਪਲ ਜਾਗਰੂਕ ਰਹਿਣਾ ਪੈਂਦਾ ਹੈ ਅਤੇ ਆਤਮ-ਨਿਰਭਰਤਾ ਦਾ ਨਾਤਾ ਸਿਰਫ ਆਯਾਤ-ਨਿਰਯਾਤ, ਰੁਪਏ ਪੈਸੇ ਡਾਲਰ ਅਤੇ ਪਾਊਂਡ ਤੱਕ ਸੀਮਿਤ ਨਹੀਂ ਹੈ। ਇਹ ਤਾਂ ਸਾਡੀ ਸਮਰੱਥਾ ਨਾਲ ਜੁੜਿਆ ਹੈ। ਇਸ ਲਈ ਸਾਡੀ ਸਮਰੱਥਾ ਨੂੰ ਬਚਾਏ ਰੱਖਣ, ਬਣਾਏ ਰੱਖਣ ਅਤੇ ਵਧਾਉਣ ਲਈ ਆਤਮ-ਨਿਰਭਰ ਹੋਣਾ ਬਹੁਤ ਜ਼ਰੂਰੀ ਹੈ।''
''ਅਸੀਂ ਆਪ੍ਰੇਸ਼ਨ ਸਿੰਦੂਰ 'ਚ ਦੇਖਿਆ ਹੈ ਕਿ ਮੇਡ ਇਨ ਇੰਡੀਆ ਨੇ ਕੀ ਕਮਾਲ ਕੀਤਾ। ਦੁਸ਼ਮਣ ਨੂੰ ਪਤਾ ਵੀ ਨਹੀਂ ਚੱਲਿਆ ਕਿ ਕਿਹੜਾ ਹਥਿਆਰ ਜੋ ਪਲ ਭਰ 'ਚ ਉਨ੍ਹਾਂ ਨੂੰ ਤਬਾਹ ਕਰ ਰਿਹਾ ਹੈ।''
ਉਨ੍ਹਾਂ ਕਿਹਾ ਕਿ ਜੇ ਉਸ ਵੇਲੇ ਦੇਸ਼ ਆਤਮ-ਨਿਰਭਰ ਨਾ ਹੁੰਦਾ ਤਾਂ ਇਹੀ ਚਿੰਤਾ ਬਣੀ ਰਹਿੰਦੀ ਕਿ ਪਤਾ ਨਹੀਂ ਕੌਣ ਸਾਨੂੰ ਸਪਲਾਈ ਦੇਵੇਗਾ ਜਾਨ ਨਹੀਂ ਦੇਵੇਗਾ ਪਰ ਮੇਡ ਇਨ ਇੰਡੀਆ ਦੇ ਦਮ 'ਤੇ ਫੌਜ ਆਪਣੀ ਤਾਕਤ ਦਿਖਾਉਂਦੀ ਰਹੀ।
ਇਸ ਦੌਰਾਨ ਉਨ੍ਹਾਂ ਨੇ ਪੁਲਾੜ ਵਿੱਚ ਭਾਰਤ ਦੀ ਕਾਮਯਾਬੀ ਬਾਰੇ ਗੱਲ ਕਰਦਿਆਂ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਦਾ ਵੀ ਜ਼ਿਕਰ ਕੀਤਾ।
ਪੀਐੱਮ ਮੋਦੀ ਨੇ ਵਿਕਸਿਤ ਭਾਰਤ ਦੀ ਗੱਲ ਕਰਦਿਆਂ ਕਿਹਾ ਕਿ ''ਮੇਡ ਇਨ ਇੰਡੀਆ ਫਾਈਟਰ ਜੈੱਟ ਲਈ ਸਾਡਾ ਆਪਣਾ ਇੰਜਣ ਹੋਣਾ ਚਾਹੀਦਾ ਹੈ।''
ਉਨ੍ਹਾਂ ਦਵਾਈ ਅਤੇ ਸਿਹਤ ਖੇਤਰ ਵਿੱਚ ਵੀ ਆਤਮ-ਨਿਰਭਰਤਾ 'ਤੇ ਜ਼ੋਰ ਦਿੱਤਾ।
ਪੀਐੱਮ ਨੇ ਦੱਸੀ ਤਕਨੀਕ ਦੀ ਅਹਿਮੀਅਤ
ਇਸ ਮੌਕੇ ਪ੍ਰਧਾਨ ਮੰਤਰੀ ਨੇ ਤਕਨੀਕ ਦੇ ਮਹੱਤਵ ਦੀ ਵੀ ਗੱਲ ਕੀਤੀ ਤੇ ਕਿਹਾ ਕਿ ''ਸਾਡੇ ਦੇਸ਼ 'ਚ 50-60 ਸਾਲ ਪਹਿਲਾਂ ਸੈਮੀ-ਕੰਡਕਟਰ 'ਤੇ ਵਿਚਾਰ ਸ਼ੁਰੂ ਹੋਇਆ ਸੀ। ਪਰ ਉਸ ਵਿਚਾਰ ਦੀ ਉੱਥੇ ਹੀ ਭਰੂਣ ਹੱਤਿਆ ਹੋ ਗਈ।''
''ਪਰ ਅੱਜ ਅਸੀਂ ਉਸ ਬੋਝ ਤੋਂ ਮੁਕਤ ਹੁੰਦਿਆਂ ਮਿਸ਼ਨ ਮੋਡ 'ਚ ਸੈਮੀ ਕੰਡਕਟਰ ਦੇ ਕੰਮ ਨੂੰ ਅੱਗੇ ਵਧਾਇਆ ਹੈ। 6 ਵੱਖ-ਵੱਖ ਸੈਮੀ-ਕੰਡਕਟਰ ਦੇ ਯੂਨਿਟ ਜ਼ਮੀਨ 'ਤੇ ਉਤਰ ਰਹੇ ਹਨ ਅਤੇ 4 ਨਵੇਂ ਯੂਨਿਟ ਨੂੰ ਹਰੀ ਝੰਡੀ ਦਿਖਾਈ ਜਾ ਚੁੱਕੀ ਹੈ।''
ਉਨ੍ਹਾਂ ਕਿਹਾ, ''ਇਸ ਸਾਲ ਦੇ ਅੰਤ ਤੱਕ ਭਾਰਤ 'ਚ ਬਣੀ ਹੋਈ, ਭਾਰਤ ਦੇ ਲੋਕਾਂ ਵੱਲੋਂ ਬਣਾਏ ਚਿਪਸ ਬਜ਼ਾਰ 'ਚ ਆ ਜਾਣਗੇ।''
ਇਸ ਦੌਰਾਨ ਉਨ੍ਹਾਂ ਕਿਹਾ ਕਿਸ ਊਰਜਾ ਲਈ ਸਾਨੂੰ ਹੋਰ ਦੇਸ਼ਾਂ 'ਤੇ ਨਿਰਭਰ ਰਹਿਣਾ ਪੈਂਦਾ ਹੈ ਪਰ ਹੁਣ 11 ਸਾਲਾਂ 'ਚ ਸੋਲਰ ਐਨਰਜੀ 30 ਗੁਣਾ ਵਧ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਭਾਰਤ, ਮਿਸ਼ਨ ਗ੍ਰੀਨ ਹਾਈਡ੍ਰੋਜਨ ਲਈ ਹਜ਼ਾਰਾਂ ਕਰੋੜ ਰੁਪਏ ਨਿਵੇਸ਼ ਕਰ ਰਿਹਾ ਹੈ।
ਪਰਮਾਣੂ ਸ਼ਕਤੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਦੇ 100 ਸਾਲਾਂ ਤੱਕ ਪਰਮਾਣੂ ਊਰਜਾ ਨੂੰ 10 ਗੁਣਾ ਵਧਾਉਣ ਦਾ ਸੰਕਲਪ ਹੈ।
ਗਲੋਬਲ ਵਾਰਮਿੰਗ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ''ਭਾਰਤ ਦਾ ਟੀਚਾ ਸੀ ਕਿ ਅਸੀਂ 2030 ਤੱਕ ਕਲੀਨ ਐਨਰਜੀ ਦੇਸ਼ 'ਚ 50% ਪਹੁੰਚਾ ਦਿਆਂਗੇ ਪਰ ਮੇਰੇ ਦੇਸ਼ ਵਾਸੀਆਂ ਦਾ ਸੰਕਪਲ ਤੇ ਸਮਰੱਥਾ ਦੇਖੋ ਕਿ ਇਹ ਟੀਚਾ ਅਸੀਂ 2025 'ਚ ਹੀ ਪੂਰਾ ਕਰ ਲਿਆ। ਕਿਉਂਕਿ ਅਸੀਂ ਵਿਸ਼ਵ ਅਤੇ ਕੁਦਰਤ ਦੇ ਪ੍ਰਤੀ ਵੀ ਓਨੇ ਹੀ ਸੰਵੇਧਨਸ਼ੀਲ ਹਾਂ।''
ਪੀਐੱਮ ਨੇ ਕਿਹਾ ਕਿ ਫਰਟੀਲਾਈਜ਼ਰ ਦੇ ਮਾਮਲੇ 'ਚ ਵੀ ਅਸੀਂ ਦੂਜਿਆਂ 'ਤੇ ਨਿਰਭਰ ਹਾਂ ਅਤੇ ਸਾਨੂੰ ਆਪਣਾ ਫਰਟੀਲਾਈਜ਼ਰ ਤਿਆਰ ਕਰਨ ਦੀ ਦਿਸ਼ਾ 'ਚ ਕੰਮ ਕਰਨਾ ਚਾਹੀਦਾ ਹੈ।
ਆਪਣੇ ਭਾਸ਼ਣ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਵਾਰ-ਵਾਰ ਆਤਮ ਨਿਰਭਰਤਾ ਦੀ ਗੱਲ 'ਤੇ ਜ਼ੋਰ ਦਿਤਾ ਅਤੇ ਨੌਜਵਾਨਾਂ ਦੀ ਸਮਰੱਥਾ ਦੀ ਗੱਲ ਕੀਤੀ।
ਨਾਲ ਹੀ ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਹਰ ਚੀਜ਼ ਭਾਰਤ ਵਿੱਚ ਹੀ ਵਿਕਸਿਤ ਕੀਤੀ ਜਾਵੇ ਤੇ ਸਵਦੇਸ਼ੀ ਚੀਜ਼ਾਂ ਦਾ ਇਮਤੇਮਾਲ ਵੱਧ ਤੋਂ ਵੱਧ ਹੋਵੇ।
ਨੈਸ਼ਨਲ ਕ੍ਰਿਟੀਕਲ ਮਿਨਰਲ ਮਿਸ਼ਨ ਲਾਂਚ
ਉਨ੍ਹਾਂ ਦੱਸਿਆ ਕਿ ਭਾਰਤ ਨੈਸ਼ਨਲ ਡੀਪ ਵਾਟਰ ਐਕਸਪੋਰੇਸ਼ਨ ਮੀਸ਼ਨ ਸ਼ੁਰੂ ਕਰਨ ਜਾ ਰਿਹਾ ਹੈ ਤਾਂ ਜੋ ਸਮੁੰਦਰ 'ਚ ਤੇਲ ਅਤੇ ਗੈਸ ਦੇ ਭੰਡਾਰ ਖੋਜੇ ਜਾ ਸਕਣ।
''ਅੱਜ ਪੂਰਾ ਵਿਸ਼ਵ ਕ੍ਰਿਟਿਕਲ ਮਿਨਰਲ ਬਾਰੇ ਬਹੁਤ ਸਤਰਕ ਹੋ ਗਿਆ ਹੈ। ਕਿਉਂਕਿ ਤਕਨੀਕ ਵਿਚ ਇਨ੍ਹਾਂ ਦੀ ਬਹੁਤ ਅਹਿਮੀਅਤ ਹੈ।''
''ਇਸ ਲਈ ਅਸੀਂ ਨੈਸ਼ਨਲ ਕ੍ਰਿਟਿਕਲ ਮਿਨਰਲ ਮਿਸ਼ਨ ਲਾਂਚ ਕੀਤਾ ਹੈ, 1200 ਤੋਂ ਵੱਧ ਸਥਾਨਾਂ 'ਤੇ ਖੋਜ ਅਭਿਆਨ ਚੱਲ ਰਿਹਾ।''
'2047 ਤੱਕ ਵਿਕਸਿਤ ਭਾਰਤ ਬਣਾ ਕੇ ਰਹਾਂਗੇ'
ਪੀਐਮ ਨੇ ਕਿਹਾ ''ਵਿਕਸਿਤ ਭਾਰਤ ਬਣਾਉਣ ਲਈ ਨਾ ਅਸੀਂ ਰੁਕਾਂਗੇ ਤੇ ਨਾ ਝੁਕਾਂਗੇ। ਅਸੀਂ ਆਪਣੀਆਂ ਅੱਖਾਂ ਸਾਹਮਣੇ 2047 ਤਕ ਵਿਕਸਿਤ ਭਾਰਤ ਬਣਾ ਕੇ ਰਹਾਂਗੇ।''
''ਸਾਡਾ ਦੂਜਾ ਪ੍ਰਣ ਹੈ ਕਿ ਅਸੀਂ ਹਰ ਪ੍ਰਕਾਰ ਦੀ ਗੁਲਾਮੀ ਤੋਂ ਮੁਕਤੀ ਪਾ ਕੇ ਹੀ ਰਹਾਂਗੇ ਤੇ ਆਪਣੀ ਵਿਰਾਸਤ 'ਤੇ ਮਾਣ ਕਰਾਂਗੇ।''
''ਇਸ ਸਭ ਲਈ ਏਕਤਾ ਦਾ ਮੰਤਰ ਸਭ ਤੋਂ ਵੱਡਾ ਹੈ। ਸਾਡਾ ਸਮੂਹਿਕ ਸੰਕਲਪ ਹੋਵੇਗਾ ਕਿ ਕੋਈ ਇਸ ਏਕਤਾ ਦੀ ਡੋਰੀ ਨੂੰ ਤੋੜ ਨਾ ਸਕੇ।''
ਆਪਣੇ ਭਾਸ਼ਣ ਨੂੰ ਸਮਾਪਤ ਕਰਦਿਆਂ ਉਨ੍ਹਾਂ ਆਜ਼ਾਦੀ ਦਿਹਾੜੇ ਦੀ ਵਧਾਈ ਦਿੰਦਿਆਂ ਕਿਹਾ ਕਿ ''ਮਿਹਨਤ 'ਚ ਜੋ ਤਪਿਆ ਹੈ, ਉਸ ਨੇ ਹੀ ਤਾਂ ਇਤਿਹਾਸ ਰਚਿਆ ਹੈ। ਜਿਸਨੇ ਫੌਲਾਦੀ ਚੱਟਾਨਾਂ ਨੂੰ ਤੋੜਿਆ ਹੈ, ਉਸਨੇ ਹੀ ਸਮੇਂ ਨੂੰ ਮੋੜਿਆ ਹੈ।''
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ