ਕੈਨੇਡਾ ਜਾਣ ਲਈ ਆਈਲੈਟਸ ਪਾਸ ਕੁੜੀ ’ਤੇ ਲਾਏ 45 ਲੱਖ ਰੁਪਏ, ਹੁਣ ਕੁੜੀ ’ਤੇ ਹੀ ਲਗਾ ਰਹੇ ਠੱਗੀ ਦੇ ਇਲਜ਼ਾਮ

ਤਸਵੀਰ ਸਰੋਤ, BBC/PUNEET BARNALA
- ਲੇਖਕ, ਸਰਬਜੀਤ ਸਿੰਘ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ
“ਮੁੰਡੇ ਨੇ ਵਿਆਹ ਕੁੜੀ ਨਾਲ ਸਿਰਫ਼ ਕੈਨੇਡਾ ਜਾਣ ਦੇ ਲਈ ਕੀਤਾ ਹੈ, ਕੁੜੀ-ਮੁੰਡੇ ਨੂੰ ਕੈਨੇਡਾ ਆਪਣੇ ਕੋਲ ਬੁਲਾਏਗੀ ਅਤੇ ਉਸ ਤੋਂ ਬਾਅਦ ਮੁੰਡਾ ਆਪਣੀ ਪਤਨੀ ਨੂੰ ਤਲਾਕ ਦੇਣ ਦਾ ਪਾਬੰਦ ਹੋਵੇਗਾ, ਇਹ ਕੰਟਰੈਕਟ ਮੈਰਿਜ ਦੀਆਂ ਉਹ ਸ਼ਰਤਾਂ ਹਨ ਜੋ ਕਪੂਰਥਲਾ ਵਿਖੇ ਦੋ ਪਰਿਵਾਰ ਵਿਚਾਲੇ 20 ਜਨਵਰੀ 2023 ਨੂੰ ਤੈਅ ਹੋਈਆਂ।"
ਸਰਕਾਰੀ ਅਸ਼ਟਾਮ ਪੇਪਰ ਉੱਤੇ ਕੰਟਰੈਕਟ ਸਾਈਨ ਹੁੰਦਾ ਹੈ ਬਕਾਇਦਾ ਨੋਟਰੀ ਤੋਂ ਇਸ ਨੂੰ ਤਸਦੀਕ ਕਰਵਾਇਆ ਜਾਂਦਾ ਹੈ। (ਸਮਝੌਤੇ ਦੀ ਕਾਪੀ ਬੀਬੀਸੀ ਕੋਲ ਮੌਜੂਦ ਹੈ)
ਅਸਲ ਵਿੱਚ ਇਸ ਮਾਮਲੇ ਵਿੱਚ ਕੁੜੀ ਨੇ ਬਾਰਵੀਂ ਜਮਾਤ ਪਾਸ ਕਰਨ ਤੋਂ ਬਾਅਦ ਆਈਲੈਟਸ ਪਾਸ ਕਰ ਕੇ ਕੈਨੇਡਾ ਪੜ੍ਹਾਈ ਲਈ ਜਾਣਾ ਸੀ। ਪੜਾਈ ਉੱਤੇ ਹੋਣ ਵਾਲੇ ਖ਼ਰਚੇ ਦਾ ਪ੍ਰਬੰਧ ਇੱਕ ਮੁੰਡੇ ਨੇ ਕਰਨਾ ਸੀ। ਬਦਲੇ ਵਿੱਚ ਕੁੜੀ, ਮੁੰਡੇ ਨੂੰ ਸਪਾਊਸ ਵੀਜੇ ਉਤੇ ਕੈਨੇਡਾ ਲੈ ਕੇ ਜਾਵੇਗੀ।
ਕੈਨੇਡਾ ਜਾ ਕੇ ਕੁੜੀ ਕਰਾਰ ਤੋਂ ਮੁੱਕਰ ਨਾ ਜਾਵੇ ਇਸ ਦੇ ਲਈ ਮੁੰਡੇ ਨੇ ਕੁੜੀ ਦੇ ਮਾਪਿਆਂ ਦਾ ਮਕਾਨ ਆਪਣੇ ਕੋਲ ਗਹਿਣੇ ਰੱਖ ਲਿਆ।
ਵਿਆਹ ਹੋਇਆ, ਰਿਸ਼ਤੇਦਾਰ ਆਏ। ਵਿਆਹ ਬਕਾਇਦਾ ਰਜਿਸਟਰਡ ਵੀ ਕਰਵਾਇਆ ਗਿਆ।
ਪਰ ਮਾਪਿਆਂ ਨੇ ਕੁੜੀ ਨੂੰ ਵਿਦਾ ਹੀ ਨਹੀਂ ਕੀਤਾ, ਕਿਉਂਕਿ ਉਨ੍ਹਾਂ ਦੀ ਨਜ਼ਰ ਵਿਚ ਇਹ ਵਿਆਹ ਨਹੀਂ ਬਲਕਿ ਕੈਨੇਡਾ ਜਾਣ ਦੇ ਲਈ ਇੱਕ ਸਮਝੌਤਾ ਸੀ। ਇਸ ਤੋਂ ਪਹਿਲਾਂ ਕੁੜੀ ਕੈਨੇਡਾ ਜਾਂਦੀ ਦੋਵਾਂ ਧਿਰਾਂ ਦਾ ਰੋਲਾ ਪੈ ਗਿਆ ਅਤੇ ਮਾਮਲਾ ਪੁਲਿਸ ਅਤੇ ਅਦਾਲਤ ਵਿੱਚ ਪਹੁੰਚ ਗਿਆ।
ਕੰਟਰੈਕਟ ਮੈਰਿਜ ਤਹਿਤ ਹੋਏ ਵਿਆਹ ਸਬੰਧੀ ਧੋਖਾਧੜੀ ਬਾਰੇ ਪਿਛਲੀ ਦਿਨੀਂ ਲੜਕਾ ਪਰਿਵਾਰ ਦੀ ਸ਼ਿਕਾਇਤ ਉਤੇ ਕਪੂਰਥਲਾ ਵਿਖੇ ਦੋ ਐਫ ਆਈ ਆਰ ਲੜਕੀ ਅਤੇ ਉਹਨਾਂ ਦੇ ਮਾਪਿਆਂ ਖਿਲਾਫ ਦਰਜ ਹੋਈਆਂ ਹਨ। ਕਪੂਰਥਲਾ ਪੁਲਿਸ ਨੇ ਮਾਮਲਾ ਦਰਜ ਕਰਕੇ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਤਸਵੀਰ ਸਰੋਤ, BBC/PUNEET BARNALA
45 ਲੱਖ ਦੀ ਠੱਗੀ ਦਾ ਮਾਮਲਾ
ਪਹਿਲੇ ਮਾਮਲੇ ਵਿੱਚ ਸ਼ਿਕਾਇਤ ਕਰਤਾ ਬਲਜੀਤ ਜੱਗੀ (ਬਦਲਿਆ ਹੋਇਆ ਨਾਮ) ਹਨ, ਜੋ ਕਿ ਪੰਜਾਬ ਦੇ ਕਪੂਰਥਲਾ ਦਾ ਰਹਿਣ ਵਾਲਾ ਹੈ।
ਜੱਗੀ ਦੀ ਸ਼ਿਕਾਇਤ ਮੁਤਾਬਕ ਉਸ ਦੇ ਮਾਪਿਆਂ ਨੂੰ ਮੋਗਾ ਦੀ ਰਹਿਣ ਵਾਲੀ ਇੱਕ ਔਰਤ ਕਵਿਤਾ (ਬਦਲਿਆ ਹੋਇਆ ਨਾਮ) ਮਿਲੀ। ਬਲਜੀਤ ਮੁਤਾਬਕ ਕਵਿਤਾ ਨੇ ਦੱਸਿਆ ਕਿ ਉਸ ਨੇ ਆਪਣੀ ਬੇਟੀ ਸਵਾਤੀ (ਬਦਲਿਆ ਹੋਇਆ ਨਾਮ) ਨੂੰ ਵਿਦੇਸ਼ ਭੇਜਣਾ ਹੈ, ਜਿਸ ਤੋਂ ਬਾਅਦ ਉਸ ਦੇ ਮਾਤਾ-ਪਿਤਾ ਨੇ ਉਸ ਦੇ ਛੋਟੇ ਭਰਾ ਸੌਰਭ (ਬਦਲਿਆ ਨਾਮ) ਦੀ ਸਵਾਤੀ ਨਾਲ ਕੰਟਰੈਕਟ ਮੈਰਿਜ ਕਰਵਾਉਣ ਦਾ ਫ਼ੈਸਲਾ ਕੀਤਾ। ਉਸ ਸਮੇਂ ਸੌਰਭ ਅਤੇ ਸਵਾਤੀ ਦੀ ਉਮਰ ਵਿੱਚ 9 ਸਾਲ ਫ਼ਰਕ ਸੀ।
ਸਮਝੌਤੇ ਤਹਿਤ ਵਿਆਹ ਅਤੇ ਸਵਾਤੀ ਦੀ ਕੈਨੇਡਾ ਵਿੱਚ ਪੜ੍ਹਾਈ ਲਈ ਖਰਚਾ ਬਲਜੀਤ ਜੱਗੀ ਦੇ ਪਰਿਵਾਰਕ ਮੈਂਬਰਾਂ ਨੇ ਕਰਨਾ ਸੀ ਅਤੇ ਬਦਲੇ ਵਿੱਚ ਕੈਨੇਡਾ ਪਹੁੰਚ ਕੇ ਸਵਾਤੀ ਨੇ ਆਪਣੀ ਪਤੀ (ਸੌਰਭ) ਨੂੰ ਉੱਥੇ ਬੁਲਾਉਣਾ ਸੀ।
ਸਵਾਤੀ ਅਤੇ ਸੌਰਭ ਦਾ ਵਿਆਹ 2019 ਵਿੱਚ ਹੋਇਆ ਗਿਆ। ਐੱਫਆਈਆਰ ਮੁਤਾਬਕ ਵਿਆਹ ਉੱਤੇ ਖਰਚਾ ਮੁੰਡੇ ਦੇ ਪਰਿਵਾਰ ਨੇ ਕੀਤਾ। ਸਤੰਬਰ 2019 ਵਿੱਚ ਸਵਾਤੀ ਦਾ ਕੈਨੇਡਾ ਦਾ ਵੀਜ਼ਾ ਅਪਲਾਈ ਕਰ ਦਿੱਤਾ ਗਿਆ ਹੈ ਅਤੇ ਉਹ ਕੈਨੇਡਾ ਚਲੇ ਗਈ।
ਮੁੰਡੇ ਦੇ ਪਰਿਵਾਰ ਮੈਂਬਰਾਂ ਮੁਤਾਬਕ ਇਸ ਉੱਤੇ ਕਰੀਬ 40 ਲੱਖ ਰੁਪਏ ਖ਼ਰਚ ਕੀਤਾ ਗਿਆ।
ਸ਼ਿਕਾਇਤ ਕਰਤਾ ਜੱਗੀ ਮੁਤਾਬਕ ਜਾਣ ਤੋਂ ਪਹਿਲਾਂ ਕੁੜੀ ਨੇ ਭਰੋਸਾ ਦਿਵਾਇਆ ਕਿ ਕੈਨੇਡਾ ਪਹੁੰਚਣ ਦੇ ਤਿੰਨ ਮਹੀਨੇ ਬਾਅਦ ਉਹ ਸੌਰਭ ਨੂੰ ਵੀ ਆਪਣੇ ਕੋਲ ਬੁਲਾ ਲਵੇਗੀ ਪਰ ਉਸ ਨੇ ਅਜਿਹਾ ਨਹੀਂ ਕੀਤਾ। ਇਸੀ ਦੌਰਾਨ ਸੌਰਭ ਦੀ ਭਾਰਤ ਵਿੱਚ ਮੌਤ ਹੋ ਗਈ।
ਇਸ ਤੋਂ ਬਾਅਦ 2023 ਵਿੱਚ ਸਵਾਤੀ ਭਾਰਤ ਆਉਂਦੀ ਹੈ ਅਤੇ ਸੌਰਭ ਦੇ ਵੱਡੇ ਭਰਾ ਬਲਜੀਤ ਜੱਗੀ ਨਾਲ ਮਾਰਚ ਮਹੀਨੇ ਵਿੱਚ ਵਿਆਹ ਕਰਵਾ ਲੈਂਦੀ ਹੈ। ਦੋਵਾਂ ਦੀ ਉਮਰ ਵਿੱਚ 13 ਸਾਲ ਦਾ ਫ਼ਰਕ ਸੀ।
ਜੱਗੀ ਮੁਤਾਬਕ ਇਹ ਵਿਆਹ ਬਿਨਾ ਕਿਸੇ ਦਬਾਅ ਦੇ ਹੋਇਆ ਸੀ। ਵਿਆਹ ਦਾ ਸਾਰਾ ਖਰਚਾ ਇੱਕ ਵਾਰ ਫਿਰ ਤੋਂ ਜੱਗੀ ਦੇ ਪਰਿਵਾਰ ਵਾਲਿਆਂ ਕੀਤਾ ਗਿਆ। ਕਰੀਬ ਵੀਹ ਦਿਨ ਭਾਰਤ ਰਹਿਣ ਤੋਂ ਬਾਅਦ ਜੱਗੀ ਨੂੰ ਕੈਨੇਡਾ ਬੁਲਾਉਣ ਦਾ ਭਰੋਸਾ ਦੇ ਕੇ ਸਵਾਤੀ ਫਿਰ ਤੋਂ ਵਾਪਸ ਚਲੀ ਜਾਂਦੀ ਹੈ।
ਬਲਜੀਤ ਜੱਗੀ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਲਿਖਿਆ ਕਿ ਸਵਾਤੀ ਨੇ ਉਸ ਨੂੰ ਕੈਨੇਡਾ ਨਹੀਂ ਬੁਲਾਇਆ ਅਤੇ ਨਾ ਹੀ ਉਸ ਦਾ ਹੁਣ ਫ਼ੋਨ ਚੁੱਕਦੀ ਹੈ। ਜੱਗੀ ਮੁਤਾਬਕ ਸਵਾਤੀ ਅਤੇ ਉਸ ਦੀ ਮਾਤਾ ਕਵਿਤਾ ਨੇ ਉਨ੍ਹਾਂ ਨਾਲ ਕਰੀਬ 45 ਲੱਖ ਰੁਪਏ ਦੀ ਠੱਗੀ ਮਾਰੀ ਹੈ।

ਤਸਵੀਰ ਸਰੋਤ, BBC/PUNEET BARNALA
ਕੈਨੇਡਾ ਰਹਿੰਦੀ ਕੁੜੀ ਦਾ ਪੱਖ
ਬੀਬੀਸੀ ਨੇ ਇਸ ਮਾਮਲੇ ਵਿੱਚ ਕਵਿਤਾ (ਬਦਲਿਆ ਹੋਇਆ ਨਾਮ) ਅਤੇ ਉਸ ਦੀ ਕੈਨੇਡਾ ਰਹਿੰਦੀ ਧੀ ਸਵਾਤੀ ਨਾਲ ਵੀ ਗੱਲਬਾਤ ਕੀਤੀ। ਕੁੜੀ ਦਾ ਕਹਿਣਾ ਹੈ ਕਿ ਜੋ ਵੀ ਇਲਜ਼ਾਮ ਬਲਜੀਤ ਜੱਗੀ ਵੱਲੋਂ ਉਨ੍ਹਾਂ ਦੇ ਖ਼ਿਲਾਫ਼ ਲਗਾਏ ਹਨ ਉਹ ਬਿਲਕੁਲ ਬੇਬੁਨਿਆਦ ਹਨ।
ਉਨ੍ਹਾਂ ਆਖਿਆ, "ਵਿਆਹ ਸਬੰਧੀ ਕੋਈ ਸਮਝੌਤਾ ਨਹੀਂ ਹੋਇਆ ਸੀ ਬਲਕਿ ਇਹ ਅਸਲੀ ਵਿਆਹ ਸੀ।"
ਉਨ੍ਹਾਂ ਇਹ ਗੱਲ ਸਵੀਕਾਰ ਕੀਤੀ ਕੈਨੇਡਾ ਲਈ ਵੀਜ਼ਾ ਅਤੇ ਫ਼ੀਸ ਦਾ ਖਰਚਾ ਮੁੰਡਾ ਪਰਿਵਾਰ ਵੱਲੋਂ ਕੀਤਾ ਗਿਆ ਅਤੇ ਉਸ ਨੇ ਸੌਰਭ ਨੂੰ ਬੁਲਾਉਣ ਦੇ ਲਈ ਦੋ ਵਾਰ ਅਪਲਾਈ ਕੀਤਾ ਪਰ ਐਬੰਸੀ ਨੇ ਉਸ ਦਾ ਕੇਸ ਦੋ ਵਾਰ ਰੱਦ ਕਰ ਦਿੱਤਾ।
ਇਸ ਤੋਂ ਬਾਅਦ ਸੌਰਭ ਦੀ ਮੌਤ ਹੋ ਗਈ। ਸਵਾਤੀ ਨੇ ਦੱਸਿਆ ਕਿ ਮਾਰਚ 2023 ਵਿੱਚ ਸੌਰਭ ਦੇ ਵੱਡੇ ਭਰਾ ਬਲਜੀਤ ਜੱਗੀ ਨਾਲ ਉਸ ਦਾ ਆਪਸੀ ਰਜ਼ਾਮੰਦੀ ਨਾਲ ਫਿਰ ਤੋਂ ਵਿਆਹ ਹੋਇਆ।
ਸਵਾਤੀ ਮੁਤਾਬਕ ਬਲਜੀਤ ਜੱਗੀ ਉਸ ਨੂੰ ਕੈਨੇਡਾ ਪਹੁੰਚਣ ਉੱਤੇ ਲਗਾਤਾਰ ਫ਼ੋਨ ਕਰ ਕੇ ਤੰਗ ਪ੍ਰੇਸ਼ਾਨ ਕਰਦਾ ਰਹਿੰਦਾ ਜਿਸ ਕਾਰਨ ਉਨ੍ਹਾਂ ਦਾ ਰਿਸ਼ਤਾ ਖ਼ਰਾਬ ਹੋਇਆ ਹੈ। ਸਵਾਤੀ ਨੇ ਇਹ ਗੱਲ ਵੀ ਸਵੀਕਾਰ ਕੀਤੀ ਉਸ ਨੇ ਬਲਜੀਤ ਦਾ ਕੈਨੇਡਾ ਲਈ ਵੀਜ਼ਾ ਅਪਲਾਈ ਨਹੀਂ ਕੀਤਾ।
ਦੂਜੇ ਪਾਸੇ ਬਲਜੀਤ ਜੱਗੀ ਦਾ ਕਹਿਣਾ ਹੈ ਕਿ ਸਵਾਤੀ ਨੇ ਜੂਨ 2023 ਤੋਂ ਉਸ ਨਾਲ ਗੱਲ ਕਰਨੀ ਬੰਦ ਕੀਤੀ ਹੋਈ ਹੈ ਅਤੇ ਉਸ ਦੀ ਸੱਸ ਵੀ ਇਸ ਮੁੱਦੇ ਉੱਤੇ ਉਨ੍ਹਾਂ ਨੂੰ ਕੋਈ ਸਾਥ ਨਹੀਂ ਦੇ ਰਹੀ। ਆਪਣੇ ਨਾਲ ਹੋਏ ਧੋਖੇ ਦੀ ਉਨ੍ਹਾਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਸਵਾਤੀ ਦੀ ਮਾਤਾ ਕਵਿਤਾ ਦਾ ਵੀ ਕਹਿਣਾ ਹੈ ਕਿ ਸਵਾਤੀ ਅਤੇ ਬਲਜੀਤ ਦੀ ਫ਼ੋਨ ਉੱਤੇ ਕਿਸੇ ਮੁੱਦੇ ਨੂੰ ਲੈ ਕੇ ਬਹਿਸ ਹੋਈ ਜਿਸ ਤੋਂ ਬਾਅਦ ਰਿਸ਼ਤਾ ਖ਼ਰਾਬ ਹੁੰਦਾ ਗਿਆ।

ਤਸਵੀਰ ਸਰੋਤ, BBC/PUNEET BARNALA
ਵਿਦੇਸ਼ ਜਾਣ ਦਾ ਰੁਝਾਨ
ਪੰਜਾਬ ਵਿੱਚ ਵਿਦੇਸ਼ ਜਾਣ ਖ਼ਾਸ ਤੌਰ ਉੱਤੇ ਕੈਨੇਡਾ ਜਾਣ ਦੇ ਲਈ ਕੰਟਰੈਕਟ ਮੈਰਿਜ ਦਾ ਇਹ ਰੁਝਾਨ ਪਿਛਲੇ ਕਾਫ਼ੀ ਸਮੇਂ ਤੋਂ ਪ੍ਰਚਲਿਤ ਹੈ।
ਅਜਿਹੇ ਮਾਮਲਿਆਂ ਵਿੱਚ ਕੁੜੀ ਆਈਲੈਟਸ ਪਾਸ ਕਰਦੀ ਹੈ ਅਤੇ ਵਿਦੇਸ਼ ਜਾਣ ਦੇ ਚਾਹਵਾਨ ਅਜਿਹੇ ਮੁੰਡੇ ਨਾਲ ਵਿਆਹ ਕਰਦੀ ਹੈ ਜੋ ਕੈਨੇਡਾ ਵਿੱਚ ਪੜ੍ਹਾਈ ਦਾ ਖਰਚਾ ਸਹਿਣ ਕਰ ਸਕੇ।
ਕੁੜੀ ਦੇ ਕੈਨੇਡਾ ਪਹੁੰਚਣ ਤੋਂ ਕੁਝ ਸਮੇਂ ਬਾਅਦ ਉਸ ਨੂੰ ਮੁੰਡੇ ਨੂੰ ਕੈਨੇਡਾ ਬੁਲਾਉਣਾ ਹੁੰਦਾ ਹੈ। ਭਾਵ ਇਹ ਵਿਆਹ ਇੱਕ ਤਰ੍ਹਾਂ ਨਾਲ ਲੜਕੇ ਲਈ ਕੈਨੇਡਾ ਦੀ ਟਿਕਟ ਹੁੰਦੀ ਹੈ।
2021 ਵਿੱਚ ਅਜਿਹਾ ਮਾਮਲਾ ਬਰਨਾਲਾ ਜ਼ਿਲ੍ਹੇ ਦੇ ਪਿੰਡ ਕੋਠੇ ਗੋਬਿੰਦਪੁਰਾ ਦੇ ਲਵਪ੍ਰੀਤ ਸਿੰਘ ਦੀ ਕਥਿਤ ਖ਼ੁਦਕੁਸ਼ੀ ਸਮੇਂ ਵੀ ਸੁਰਖ਼ੀਆਂ ਵਿੱਚ ਆਇਆ ਸੀ। ਇੱਥੇ ਵੀ ਲਵਪ੍ਰੀਤ ਸਿੰਘ ਨੇ ਆਈਲੈਟਸ ਪਾਸ ਕੁੜੀ ਬੇਅੰਤ ਕੌਰ ਨਾਲ ਵਿਆਹ ਕਰਵਾਇਆ ਅਤੇ ਉਸ ਦੇ ਵਿਦੇਸ਼ ਜਾਣ ਦਾ ਸਾਰਾ ਖਰਚਾ ਕੀਤਾ ਸੀ।
ਕੁੜੀ ਕੈਨੇਡਾ ਪਹੁੰਚ ਗਈ ਇਸ ਤੋਂ ਬਾਅਦ ਲਵਪ੍ਰੀਤ ਸਿੰਘ ਅਤੇ ਬੇਅੰਤ ਕੌਰ ਦੀ ਫ਼ੋਨ ਉੱਤੇ ਗੱਲਬਾਤ ਵੀ ਹੁੰਦੀ ਗਈ ਪਰ ਇੱਕ ਦਿਨ ਲਵਪ੍ਰੀਤ ਸਿੰਘ ਖ਼ੁਦਕੁਸ਼ੀ ਕਰ ਲੈਂਦਾ ਹੈ।
ਮੁੰਡੇ ਦੇ ਪਰਿਵਾਰਕ ਮੈਂਬਰਾਂ ਨੇ ਇਲਜ਼ਾਮ ਲਗਾਇਆ ਸੀ ਕਿ ਲਵਪ੍ਰੀਤ ਦੀ ਖ਼ੁਦਕੁਸ਼ੀ ਦਾ ਕਾਰਨ ਬੇਅੰਤ ਕੌਰ ਹੈ।
ਇਹ ਕੇਸ ਫਿਲਹਾਲ ਅਦਾਲਤ ਵਿੱਚ ਹੈ। ਲਵਪ੍ਰੀਤ ਸਿੰਘ ਦੇ ਚਾਚਾ ਹਰਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਉਸ ਸਮੇਂ ਵੀ ਧੋਖਾਧੜੀ ਦੇ ਸ਼ਿਕਾਰ ਕਈ ਮੁੰਡੇ ਸਾਹਮਣੇ ਆਏ ਸਨ ਪਰ ਕੈਨੇਡਾ ਦਾ ਰੁਝਾਨ ਲੋਕਾਂ ਦੇ ਸਿਰ ਇੰਨਾ ਚੜਿਆ ਹੋਇਆ ਹੈ ਲੋਕ ਬਾਜ਼ ਨਹੀਂ ਆ ਰਹੇ।

ਤਸਵੀਰ ਸਰੋਤ, BBC/PUNEET BARNALA
ਕੀ ਕਹਿੰਦੇ ਹਨ ਮਾਹਰ
ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਗਿਆਨ ਸਿੰਘ ਦਾ ਕਹਿਣਾ ਹੈ ਕਿ ਆਈਲੈਟਸ ਵਾਲੇ ਵਿਆਹ ਦਾ ਰੁਝਾਨ ਪੂਰੇ ਪੰਜਾਬ ਵਿੱਚ ਦੇਖਣ ਨੂੰ ਮਿਲ ਰਿਹਾ ਹੈ।
ਉਹ ਆਖਦੇ ਹਨ, "ਇਸ ਦਾ ਕਾਰਨ ਪੰਜਾਬ ਵਿੱਚ ਰੋਜ਼ਗਾਰ ਦੀ ਘਾਟ ਅਤੇ ਕੈਨੇਡਾ ਦੀ ਚਕਾਚੌਂਧ। ਕੁੜੀ ਜਦੋਂ ਕੈਨੇਡਾ ਪਹੁੰਚ ਜਾਂਦੀ ਹੈ ਤਾਂ ਮੁੰਡਾ ਅਤੇ ਕੁੜੀ ਦੇ ਵਿਚਾਰਾਂ ਵਿੱਚ ਫਰਕ ਆਉਣ ਕਾਰਨ ਮਾਮਲੇ ਉਲਝ ਜਾਂਦੇ ਹਨ।"
"ਆਈਲੈਟਸ ਵਾਲੇ ਜ਼ਿਆਦਾ ਵਿਆਹ ਪੰਜਾਬ ਵਿੱਚ ਜਨਰਲ ਵਰਗ ਵਿੱਚ ਹੋ ਰਹੇ ਹਨ।"
ਮੁੰਡਿਆਂ ਦੀ ਘੱਟ ਪੜਾਈ ਅਤੇ ਆਈਲੈਟਸ ਵਿੱਚ ਬੈਂਡ (ਸਕੌਰ) ਨਾ ਆਉਣ ਕਾਰਨ ਅਕਸਰ ਉਹ ਕੁੜੀਆਂ ਦੇ ਨਾਲ ਵਿਆਹ ਦੇ ਸਹਾਰੇ ਕੈਨੇਡਾ ਜਾਣ ਬਾਰੇ ਸੋਚਦੇ ਹਨ।
ਉਨ੍ਹਾਂ ਦੱਸਿਆ ਕਿ ਕੁੜੀ ਜਦੋਂ ਕੈਨੇਡਾ ਪਹੁੰਚ ਜਾਂਦੀ ਹੈ ਤਾਂ ਮੁੰਡਾ ਅਤੇ ਕੁੜੀ ਦੇ ਵਿਚਾਰਾਂ ਵਿੱਚ ਫ਼ਰਕ ਆਉਣ ਕਾਰਨ ਕਈ ਵਾਰ ਮਾਮਲੇ ਉਲਝ ਜਾਂਦੇ ਹਨ।












