ਬੀਬੀਸੀ ਨੇ ਭਾਰਤ ਵਿੱਚ ਸੰਚਾਲਨ ਦੇ ਪੁਨਰਗਠਨ ਦਾ ਐਲਾਨ ਕੀਤਾ

ਤਸਵੀਰ ਸਰੋਤ, EPA
- ਲੇਖਕ, ਜੇਮਸ ਗਰੇਗੋਰੀ
- ਰੋਲ, ਬੀਬੀਸ ਨਿਊਜ਼
ਬੀਬੀਸੀ ਭਾਰਤ ਦੇ ਵਿਦੇਸ਼ੀ ਨਿਵੇਸ਼ ਨਿਯਮਾਂ ਦੀ ਪਾਲਣਾ ਕਰਨ ਲਈ ਮੁਲਕ ਵਿੱਚ ਆਪਣੇ ਸੰਚਾਲਨ ਦਾ ਪੁਨਰਗਠਨ ਕਰ ਰਿਹਾ ਹੈ।
ਚਾਰ ਕਰਮਚਾਰੀ ਬੀਬੀਸੀ ਛੱਡ ਕੇ ਇੱਕ ਪੂਰੀ ਭਾਰਤੀ ਮਲਕੀਅਤ ਵਾਲੀ ਕੰਪਨੀ ‘ਕਲੈਕਟਿਵ ਨਿਊਜ਼ਰੂਮ ਬਣਾਉਣਗੇ’, ਜਿਸ ਵਿੱਚ ਬੀਬੀਸੀ ਦੀਆਂ ਛੇ ਭਾਰਤੀ ਭਾਸ਼ਾ ਸੇਵਾਵਾਂ ਸ਼ਾਮਲ ਹਨ।
ਭਾਰਤ ਵਿੱਚ ਅੰਗਰੇਜ਼ੀ ਭਾਸ਼ਾ ਦੇ ਨਿਊਜ਼ਗੈਦਰਿੰਗ ਆਪਰੇਸ਼ਨ ਦਾ ਕੰਮ ਬੀਬੀਸੀ ਕੋਲ ਹੀ ਰਹੇਗਾ।
ਇਹ ਸਭ ਇਸ ਸਾਲ ਦੀ ਸ਼ੁਰੂਆਤ ਵਿੱਚ ਇੱਕ ਜਾਂਚ ਤੋਂ ਬਾਅਦ ਹੋਇਆ ਹੈ ਜਦੋਂ ਇਨਕਮ ਟੈਕਸ ਅਧਿਕਾਰੀਆਂ ਵੱਲੋਂ ਬੀਬੀਸੀ ਦੇ ਭਾਰਤੀ ਦਫ਼ਤਰਾਂ ਦੀ ਤਲਾਸ਼ੀ ਲਈ ਗਈ ਸੀ।
ਨਵੀਂਆਂ ਰੈਗੂਲੇਟਰੀ ਜ਼ਰੂਰਤਾਂ ਦੇ ਤਹਿਤ ਭਾਰਤ ਵਿੱਚ ਡਿਜੀਟਲ ਨਿਊਜ਼ ਕੰਪਨੀਆਂ ਲਈ ਵਿਦੇਸ਼ੀ ਫੰਡਿੰਗ 26% ਤੱਕ ਸੀਮਤ ਕੀਤੀ ਗਈ ਸੀ।
ਇਸ ਬਦਲਾਅ ਦਾ ਪ੍ਰਭਾਵੀ ਤੌਰ 'ਤੇ ਮਤਲਬ ਹੈ ਕਿ ਦੇਸ਼ ਵਿੱਚ ਡਿਜੀਟਲ ਖ਼ਬਰਾਂ ਦੀ ਸਮੱਗਰੀ ਛਾਪਣ ਵਾਲੀ ਕੋਈ ਵੀ ਕੰਪਨੀ ਭਾਰਤੀ ਨਾਗਰਿਕਾਂ ਦੀ ਬਹੁਗਿਣਤੀ-ਮਲਕੀਅਤ ਵਾਲੀ ਹੋਣੀ ਚਾਹੀਦੀ ਹੈ।
ਰੂਪਾ ਝਾਅ ਮੌਜੂਦਾ ਸਮੇਂ ਬੀਬੀਸੀ ਦੀਆਂ ਭਾਰਤੀ ਸੇਵਾਵਾਂ ਦੇ ਮੁਖੀ ਹਨ, ਉਹ ਮੁਕੇਸ਼ ਸ਼ਰਮਾ, ਸੰਜੋਏ ਮਜੂਮਦਾਰ ਅਤੇ ਸਾਰਾ ਹਸਨ ਦੇ ਨਾਲ ਕਲੈਕਟਿਵ ਨਿਊਜ਼ਰੂਮ ਦੀ ਅਗਵਾਈ ਕਰਨਗੇ।
ਬੀਬੀਸੀ ਗੁਜਰਾਤੀ, ਬੀਬੀਸੀ ਹਿੰਦੀ, ਬੀਬੀਸੀ ਮਰਾਠੀ, ਬੀਬੀਸੀ ਪੰਜਾਬੀ, ਬੀਬੀਸੀ ਤਾਮਿਲ ਅਤੇ ਬੀਬੀਸੀ ਤੇਲਗੂ - ਛੇ ਭਾਸ਼ਾਵਾਂ ਵਿੱਚ ਕੰਮ ਕਰਨ ਵਾਲੇ ਸਟਾਫ਼ ਮੈਂਬਰ ਨਵੀਂ ਕੰਪਨੀ ਵਿੱਚ ਚਾਰਾਂ ਦੇ ਨਾਲ ਸ਼ਾਮਲ ਹੋਣਗੇ। ਇਸ ਦੇ ਨਾਲ ਹੀ ਬੀਬੀਸੀ ਨਿਊਜ਼ ਇੰਡੀਆ ਯੂਟਿਊਬ ਚੈਨਲ ਦੇ ਮੈਂਬਰ ਵੀ।
ਰੂਪਾ ਝਾਅ ਨੇ ਕਿਹਾ, "ਭਾਰਤ ਵਿੱਚ ਦਰਸ਼ਕਾਂ ਨੂੰ ਭਰੋਸਾ ਦਿੱਤਾ ਜਾ ਸਕਦਾ ਹੈ ਕਿ ਬੀਬੀਸੀ ਦੀਆਂ ਭਾਰਤੀ ਭਾਸ਼ਾ ਦੀਆਂ ਸੇਵਾਵਾਂ ਅਤੇ ਗੁਣਵੱਤਾ ਵਾਲੀ ਆਉਟਪੁੱਟ ਦੀ ਵਿਲੱਖਣ ਰੇਂਜ ਜ਼ਰੀਏ ਬੀਬੀਸੀ ਅਤੇ ਕਲੈਕਟਿਵ ਨਿਊਜ਼ਰੂਮ ਵਿਚਕਾਰ ਹੋਏ ਸਮਝੌਤੇ ਤਹਿਤ ਸਾਡੇ ਵਿਭਿੰਨ ਅਤੇ ਉੱਚ ਰੁਝੇਵੇਂ ਵਾਲੇ ਦੇਸ਼ ਵਿੱਚ ਦਰਸ਼ਕਾਂ ਨੂੰ ਸੂਚਨਾ, ਸਿੱਖਿਆ ਅਤੇ ਮਨੋਰੰਜਨ ਪ੍ਰਦਾਨ ਕਰੇਗੀ।"
ਟੈਕਸ ਅਧਿਕਾਰੀਆਂ ਵੱਲੋਂ ਦਿੱਲੀ ਅਤੇ ਮੁੰਬਈ ਵਿੱਚ ਬੀਬੀਸੀ ਦਫ਼ਤਰਾਂ ਦੀ ਤਲਾਸ਼ੀ ਲੈਣ ਤੋਂ ਤੁਰੰਤ ਬਾਅਦ ਹੀ ਕੰਪਨੀ ਡਾਇਰੈਕਟ ਵਿਦੇਸ਼ੀ ਨਿਵੇਸ਼ ਨਿਯਮਾਂ ਦੀ ਕਥਿਤ ਉਲੰਘਣਾ ਲਈ ਜਾਂਚ ਦੇ ਘੇਰੇ ਵਿੱਚ ਆ ਗਈ ਸੀ।
ਬੀਬੀਸੀ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਕਰਨ ਵਾਲੀ ਇੱਕ ਡਾਕੂਮੈਂਟਰੀ ਯੂਕੇ ਵਿੱਚ ਪ੍ਰਸਾਰਿਤ ਕੀਤੀ ਸੀ ਤੇ ਉਸ ਦੇ ਕੁਝ ਹਫ਼ਤੇ ਮਗਰੋਂ ਹੀ ਫਰਵਰੀ ਵਿੱਚ ਟੈਕਸ ਅਧਿਕਾਰੀਆਂ ਵੱਲੋਂ ਬੀਬੀਸੀ ਦੇ ਦਫ਼ਤਰਾਂ ਵਿੱਚ ਸਰਚ ਕੀਤੀਆਂ ਗਈਆਂ।
ਉਸ ਸਮੇਂ ਭਾਰਤ ਸਰਕਾਰ ਨੇ ਕਿਹਾ ਕਿ ਇਹ ਤਲਾਸ਼ੀ ਕਾਨੂੰਨੀ ਸੀ ਅਤੇ ਡਾਕੂਮੈਂਟਰੀ ਨਾਲ ਕੋਈ ਲੈਣਾ-ਦੇਣਾ ਨਹੀਂ ਸੀ, ਜੋ ਭਾਰਤ ਵਿੱਚ ਪ੍ਰਸਾਰਿਤ ਨਹੀਂ ਕੀਤੀ ਗਈ ਸੀ।
300 ਤੋਂ ਵੱਧ ਕਰਮਚਾਰੀ ਮੌਜੂਦਾ ਸਮੇਂ ਭਾਰਤ ਵਿੱਚ ਬੀਬੀਸੀ ਦੀਆਂ ਸੇਵਾਵਾਂ ਵਿੱਚ ਕੰਮ ਕਰਦੇ ਹਨ। ਬੀਬੀਸੀ ਨੇ ਪਹਿਲੀ ਵਾਰ 1940 ਵਿੱਚ ਹਿੰਦੀ ਵਿੱਚ ਪ੍ਰਸਾਰਣ ਕੀਤਾ ਸੀ।
ਬੀਬੀਸੀ ਨਿਊਜ਼ ਦੇ ਡਿਪਟੀ ਸੀਈਓ ਜੋਨਾਥਨ ਮੁਨਰੋ ਨੇ ਕਿਹਾ ਕਿ ਭਾਰਤ ਵਿੱਚ ਬੀਬੀਸੀ ਦੀ ਮੌਜੂਦਗੀ "ਇੱਕ ਅਮੀਰ ਇਤਿਹਾਸ" ਹੈ ਜੋ ਕਲੈਕਟਿਵ ਨਿਊਜ਼ਰੂਮ ਦੇ ਗਠਨ ਨਾਲ ਅੱਗੇ ਵਧੇਗਾ।












