ਜਾਅਲੀ ਐੱਨਆਰਆਈ ਬਣ ਕੇ ਕੁੜੀਆਂ ਦਾ ‘ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸ਼ੋਸ਼ਣ ਕਰਨ ਵਾਲਾ’ ਇੰਝ ਕਾਬੂ

ਪੰਜਾਬ ਪੁਲਿਸ

ਤਸਵੀਰ ਸਰੋਤ, Punjab Police

ਤਸਵੀਰ ਕੈਪਸ਼ਨ, ਗੁਰਾਇਆ ਪੁਲਿਸ ਦੇ ਹੱਥੇ ਚੜ੍ਹਿਆ ਹਰਪਾਲ ਸਿੰਘ
    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ

ਆਪਣੇ ਆਪ ਨੂੰ ‘ਕੈਨੇਡੀਅਨ ਨਾਗਰਿਕ’ ਦੱਸ ਕੇ ਵਿਆਹ ਦੇ ਨਾਮ ਉੱਤੇ ਕੁੜੀਆਂ ਦਾ ਸ਼ੋਸ਼ਣ ਕਰਨ ਅਤੇ ਠੱਗੀ ਮਾਰਨ ਦੇ ਇਲਜ਼ਾਮ ਵਿੱਚ ਜਲੰਧਰ ਦੀ ਗੁਰਾਇਆ ਪੁਲਿਸ ਨੇ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ।

ਪੁਲਿਸ ਮੁਤਾਬਕ ਇਹ ਨੌਜਵਾਨ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਬੀਹਲਾ ਨਾਲ ਤਾਲੁਕ ਰੱਖਦਾ ਹੈ ਅਤੇ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਹੈ।

ਪੁਲਿਸ ਨੇ ਠੱਗੀ ਦਾ ਸ਼ਿਕਾਰ ਹੋਈਆਂ ਕੁੜੀਆਂ ਦੀ ਸ਼ਿਕਾਇਤ ਉੱਤੇ ਇਸ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਕੀ ਸੀ ਠੱਗੀ ਮਾਰਨ ਦਾ ਤਰੀਕਾ

ਪੁਲਿਸ ਨੇ ਇਸ ਨੌਜਵਾਨ ਵੱਲੋਂ ਕੁੜੀਆਂ ਨਾਲ ਠੱਗੀ ਮਾਰਨ ਦੇ ਤਰੀਕੇ ਬਾਰੇ ਦੱਸਿਆ ਹੈ।

ਗੁਰਾਇਆ ਥਾਣੇ ਦੇ ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਸਬੰਧਿਤ ਨੌਜਵਾਨ ਦਾ ਨਾਮ ਹਰਪਾਲ ਸਿੰਘ ਹੈ ਅਤੇ ਉਸ ਨੇ ਸੋਸ਼ਲ ਮੀਡੀਆ ਉੱਤੇ ਆਪਣੀ ਪ੍ਰੋਫ਼ਈਲ ਸੰਦੀਪ ਸਿੰਘ ਦੇ ਨਾਮ ਉੱਤੇ ਬਣਾਈ ਹੋਈ ਸੀ।

ਪੁਲਿਸ ਮੁਤਾਬਕ ਸੰਦੀਪ ਸਿੰਘ ਨੇ ‘ਸ਼ਾਦੀ ਡਾਟ ਕਾਮ’ ਵੈੱਬਸਾਈਟ ’ਤੇ ਆਪਣੇ ਬਾਰੇ ਜੋ ਜਾਣਕਾਰੀ ਦਿੱਤੀ ਹੋਈ ਹੈ, ਉਸ ਵਿੱਚ ਉਸ ਨੇ ਖ਼ੁਦ ਨੂੰ ਕੈਨੇਡੀਅਨ ਨਾਗਰਿਕ ਦੱਸਿਆ ਹੈ।

ਇਸ ਦੇ ਨਾਲ ਹੀ ਵੈੱਬਸਾਈਟ ਉੱਤੇ ਬਣਾਈ ਗਈ ਪ੍ਰੋਫ਼ਾਈਲ ਵਿੱਚ ਹਰਪਾਲ ਸਿੰਘ ਨੇ ਖ਼ੁਦ ਨੂੰ ‘ਟੋਇਟਾ’ ਕੰਪਨੀ ਵਿੱਚ ਇੰਜੀਨੀਅਰ ਵਜੋਂ ਕੰਮ ਕਰਦਾ ਦੱਸਿਆ ਹੈ।

ਪੁਲਿਸ ਮੁਤਾਬਕ ਅਕਸਰ ਕੁੜੀਆਂ ਦੀ ਪ੍ਰੋਫ਼ਾਈਲ ਦੇਖ ਕੇ ‘ਸੰਦੀਪ ਸਿੰਘ’ ਉਨ੍ਹਾਂ ਨਾਲ ਸੰਪਰਕ ਕਰਦਾ ਅਤੇ ਫਿਰ ਇਹ ਉਨ੍ਹਾਂ ਤੋਂ ਪੈਸੇ ਠਗਦਾ ਤੇ ਸ਼ੋਸ਼ਣ ਕਰ ਕੇ ਫ਼ਰਾਰ ਹੋ ਜਾਂਦਾ ਸੀ।

ਪੁਲਿਸ ਮੁਤਾਬਕ ਹਰਪਾਲ ਸਿੰਘ ਹੁਣ ਤੱਕ ਕਈ ਕੁੜੀਆਂ ਨਾਲ ਅਜਿਹੀਆਂ ਠੱਗੀਆਂ ਮਾਰ ਚੁੱਕਿਆ ਹੈ।

ਪੁਲਿਸ ਨੇ ਹਰਪਾਲ ਸਿੰਘ ਬਾਰੇ ਕੀ ਦੱਸਿਆ

ਸੁਖਦੇਵ ਸਿੰਘ
ਤਸਵੀਰ ਕੈਪਸ਼ਨ, ਗੁਰਾਇਆ ਥਾਣੇ ਦੇ ਇੰਸਪੈਕਟਰ ਸੁਖਦੇਵ ਸਿੰਘ

ਗੁਰਾਇਆ ਥਾਣੇ ਦੇ ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ 6 ਦਸੰਬਰ ਨੂੰ ਇੱਕ ਕੁੜੀ ਨੇ ਬਿਆਨ ਦਰਜ ਕਰਵਾਇਆ ਕਿ ਉਸ ਨੇ ‘ਸ਼ਾਦੀ ਡਾਟ ਕਾਮ’ ਉੱਤੇ ਪ੍ਰੋਫ਼ਾਈਲ ਪਾਈ ਅਤੇ ਸੰਦੀਪ ਸਿੰਘ ਨਾਮ ਦੇ ਸ਼ਖ਼ਸ ਨੇ ਸੰਪਰਕ ਕੀਤਾ।

ਸੁਖਦੇਵ ਸਿੰਘ ਨੇ ਦੱਸਿਆ, ‘‘ਸੰਦੀਪ ਨੇ ਉਸ ਕੁੜੀ ਨਾਲ ਵੱਖ-ਵੱਖ ਰੈਸਟੋਰੈਂਟਾਂ ਵਿੱਚ 2-4 ਵਾਰ ਮੀਟਿੰਗ ਕੀਤੀ। ਇਸ ਮਗਰੋਂ ਕੁੜੀ ਤੋਂ ਪੈਸਿਆਂ ਦੀ ਮੰਗ ਕੀਤੀ ਤੇ ਹੁਣ ਤੱਕ ਡੇਢ ਲੱਖ ਰੁਪਏ ਲੈ ਚੁੱਕਿਆ ਹੈ।’’

ਪੁਲਿਸ ਮੁਤਾਬਕ ਸੰਦੀਪ ਨੇ ਗੁਰਾਇਆ ਦੇ ਇੱਕ ਨਾਮੀ ਹੋਟਲ ਵਿੱਚ ਰਹਿੰਦਾ ਸੀ ਅਤੇ ਕੁੜੀਆਂ ਨੂੰ ਮਿਲਦਾ ਸੀ ਤੇ ਵਿੱਤੀ ਤੇ ਸਰੀਰਕ ਸੋਸ਼ਣ ਕਰਦਾ ਰਿਹਾ।

ਸੁਖਦੇਵ ਸਿੰਘ ਨੇ ਅੱਗੇ ਦੱਸਿਆ, ‘‘ਸੰਦੀਪ ਹੁਣ ਤੱਕ 50 ਤੋਂ ਵੱਧ ਕੁੜੀਆਂ ਨਾਲ ਧੋਖਾਧੜੀ ਕਰ ਚੁੱਕਿਆ ਹੈ। ਕੈਨੇਡਾ ਜਾਣ ਦਾ ਝਾਂਸਾ ਦੇ ਕੇ ਪੈਸੇ ਠੱਗਦਾ ਸੀ।’’

ਪੁਲਿਸ ਮੁਤਾਬਕ ਇਸ ਵਿਅਕਤੀ ਕੋਲ ਹਰਮਨ ਸਿੰਘ ਹੈਰੀ ਨਾਮ ਹੇਠ ਆਧਾਰ ਕਾਰਡ ਮਿਲਿਆ ਹੈ।

ਸੁਖਦੇਵ ਸਿੰਘ ਨੇ ਅੱਗੇ ਦੱਸਿਆ, ‘‘ਹਰ ਰੋਜ਼ ਇਸ ਦੇ ਨੰਬਰ ਉੱਤੇ ਰੋਜ਼ 35-40 ਕਾਲਾਂ ਆਉਂਦੀਆਂ ਹਨ। ਇਸ ਦੇ ਜਾਲ ਵਿੱਚ ਹੁਸ਼ਿਆਰਪੁਰ ਦੀ ਇੱਕ ਕੁਝ ਫਸੀ ਅਤੇ ਲੈਕਚਰਾਰ ਦੀ ਨੌਕਰੀ ਤੱਕ ਛੱਡ ਦਿੱਤੀ।’’

ਪੁਲਿਸ ਮੁਤਾਬਕ ਉਸ ਕੁੜੀ ਤੋਂ ਇਸ ਵਿਅਕਤੀ ਨੇ 6 ਲੱਖ ਰੁਪਏ ਨਕਦ ਲਏ।

ਸੁਖਦੇਵ ਸਿੰਘ ਨੇ ਦੱਸਿਆ ਕਿ ਹਰਪਾਲ ਸਿੰਘ ਨੇ ਜਗਰਾਓਂ ਵਿਖੇ ਇੱਕ ਬੈਂਕ ਕਰਮਚਾਰੀ ਕੁੜੀ ਨਾਲ ਵੀ ਧੋਖਾਧੜੀ ਕੀਤੀ ਹੈ। ਇਸੇ ਤਰ੍ਹਾਂ ਦੋ ਕੁੜੀਆਂ ਮੋਗਾ, ਇੱਕ ਅੰਮ੍ਰਿਤਸਰ, ਦੋ-ਤਿੰਨ ਜਲੰਧਰ ਤੋਂ ਅਤੇ ਚੰਡੀਗੜ੍ਹ ਤੋਂ ਇੱਕ ਫੀਜ਼ੀਓਥੈਰੇਪਿਸਟ ਕੁੜੀ ਨੂੰ ਵੀ ਨਿਸ਼ਾਨਾ ਬਣਾਇਆ।

ਸੁਖਦੇਵ ਸਿੰਘ ਨੇ ਅੱਗੇ ਦੱਸਿਆ, ‘‘ਦਿੱਲੀ ਵਿੱਚ ਨਰਸਿੰਗ ਕਰਦੀਆਂ ਦੋ ਕੁੜੀਆਂ ਨਾਲ ਵੀ ਇਸ ਵਿਅਕਤੀ ਨੇ ਠੱਗੀ ਮਾਰੀ। ਇਸ ਤੋਂ ਇਲਾਵਾ ਲੁਧਿਆਣਾ ਤੋਂ ਵੀ ਕਾਫ਼ੀ ਕੁੜੀਆਂ ਇਸ ਦੇ ਸੰਪਰਕ ਵਿੱਚ ਹਨ।’’

ਕੌਣ ਹੈ ਹਰਪਾਲ ਸਿੰਘ

ਬੀਹਲਾ

ਤਸਵੀਰ ਸਰੋਤ, BBC/Navkiran Singh

ਤਸਵੀਰ ਕੈਪਸ਼ਨ, ਪਿੰਡ ਬੀਹਲਾ ਦੀ ਐਂਟਰੀ

ਬਰਨਾਲਾ ਤੋਂ ਬੀਬੀਸੀ ਸਹਿਯੋਗੀ ਨਵਕਿਰਨ ਸਿੰਘ ਨੇ ਹਰਪਾਲ ਸਿੰਘ ਦੇ ਪਿੰਡ ਦਾ ਦੌਰਾ ਕੀਤਾ।

ਹਰਪਾਲ ਸਿੰਘ ਦਾ ਜੱਦੀ ਪਿੰਡ ਬੀਹਲਾ ਜ਼ਿਲ੍ਹਾ ਬਰਨਾਲਾ ਅਧੀਨ ਪੈਂਦਾ ਹੈ। ਨਹਿਰ ਕਿਨਾਰੇ ਵਸਿਆ ਪਿੰਡ ਬੀਹਲਾ ਇਲਾਕੇ ਦੇ ਵੱਡੇ ਪਿੰਡਾਂ ਵਿੱਚੋਂ ਆਉਂਦਾ ਹੈ ਜਿੱਥੋਂ ਦੇ ਕਈ ਪਰਿਵਾਰ ਵਿਦੇਸ਼ਾਂ ਵਿੱਚ ਰਹਿੰਦੇ ਹਨ।

ਹਰਪਾਲ ਸਿੰਘ ਦਾ ਆਪਣੀ ਪਹਿਲੀ ਪਤਨੀ ਨਾਲ ਤਲਾਕ ਹੋ ਚੁੱਕਿਆ ਹੈ।

ਪਿੰਡ ਵਿੱਚੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਹਰਪਾਲ ਸਿੰਘ ਭਾਵੇਂ ਪੜ੍ਹਿਆ ਤਾਂ ਬਾਰ੍ਹਵੀਂ ਤੱਕ ਹੋਇਆ ਹੈ ਪਰ ਉਹ ਬਹੁਤ ਤੇਜ਼ ਤਰਾਰ ਹੈ।

ਪਿੰਡ ਦੇ ਇੱਕ ਬਜ਼ੁਰਗ ਨੇ ਦੱਸਿਆ, ‘‘ਹਰਪਾਲ ਸਿੰਘ ਦੇ ਮਾਪੇ ਬਹੁਤ ਹੀ ਸਾਊ ਸੁਭਾਅ ਵਾਲੇ ਸਨ ਪਰ ਜਦ ਤੋਂ ਇਸ ਨੇ ਸੁਰਤ ਸੰਭਾਲੀ ਹੈ ਉਦੋਂ ਤੋਂ ਇਹ ਪਰਿਵਾਰ ਲਈ ਪ੍ਰੇਸ਼ਾਨੀਆਂ ਖੜ੍ਹੀਆਂ ਕਰਦਾ ਆ ਰਿਹਾ ਹੈ।’’

‘‘ਹਰਪਾਲ ਸਿੰਘ ਦੇ ਦਾਦਾ ਗੁਰਦੇਵ ਸਿੰਘ ਬਿਜਲੀ ਵਿਭਾਗ ਵਿੱਚੋਂ ਸੇਵਾਮੁਕਤ ਹੋਏ ਸਨ ਤੇ ਇਸ ਦੇ ਪਿਤਾ ਬਿਜਲੀ ਮਕੈਨਿਕ ਹਨ, ਜੋ ਬਿਜਲੀ ਦੇ ਕੰਮ ਦੇ ਨਾਲ-ਨਾਲ ਆਪਣੇ ਗੁਜ਼ਾਰੇ ਲਈ ਹੋਰ ਕੰਮ ਵੀ ਕਰਦੇ ਰਹਿੰਦੇ ਹਨ।’’

ਜਦੋਂ ਪਿੰਡ ਵਿੱਚ ਹਰਪਾਲ ਸਿੰਘ ਦੇ ਘਰ ਵੱਲ ਗਏ ਤਾਂ ਗੇਟ ਬੰਦ ਸੀ ਤੇ ਉਸ ਦੇ ਮਾਪੇ ਵੀ ਮੌਜੂਦ ਨਹੀਂ ਸਨ। ਘਰ ਵਿੱਚ ਹਰਪਾਲ ਸਿੰਘ ਦੇ ਪਿਤਾ ਤੇ ਦਾਦਾ ਦੇ ਨਾਮ ਦੀ ਪਲੇਟ ਲੱਗੀ ਹੋਈ ਹੈ।

‘ਪਹਿਲਾਂ ਵੀ ਕਈ ਕਾਂਡ ਸਾਹਮਣੇ ਆ ਚੁੱਕੇ ਹਨ’

ਬੀਹਲਾ

ਤਸਵੀਰ ਸਰੋਤ, BBC/Navkiran Singh

ਤਸਵੀਰ ਕੈਪਸ਼ਨ, ਪਿੰਡ ਬੀਹਲਾ ਵਿੱਚ ਇੱਕ ਸਾਂਝੀ ਥਾਂ ਉੱਤੇ ਬੈਠੇ ਕੁਝ ਬਜ਼ੁਰਗ

ਪਿੰਡ ਦੀਆਂ ਸੱਥਾਂ ਵਿੱਚ ਬੈਠੇ ਬਜ਼ੁਰਗ ਅਤੇ ਨੌਜਵਾਨ ਹਰਪਾਲ ਸਿੰਘ ਦੀਆਂ ਹੀ ਗੱਲਾਂ ਕਰ ਰਹੇ ਸਨ ਪਰ ਕਿਸੇ ਨੇ ਵੀ ਕੈਮਰੇ ਸਾਹਮਣੇ ਖੁੱਲ੍ਹ ਕੇ ਬੋਲਣ ਤੋਂ ਇਨਕਾਰ ਕਰ ਦਿੱਤਾ।

ਪਿੰਡ ਵਾਸੀਆਂ ਮੁਤਾਬਕ ਹਰਪਾਲ ਸਿੰਘ ਲਗਭਗ ਇੱਕ ਸਾਲ ਪਹਿਲਾਂ ਪਿੰਡ ਵਿੱਚੋਂ ਇਸ ਤਰ੍ਹਾਂ ਗਿਆ ਸੀ ਜਿਵੇਂ ਸੱਚਮੁੱਚ ਵਿਦੇਸ਼ ਜਾ ਰਿਹਾ ਹੋਵੇ ਤੇ ਉਸ ਤੋਂ ਬਾਅਦ ਪਿੰਡ ਵੀ ਨਹੀਂ ਪਰਤਿਆ।

ਹਰਪਾਲ ਸਿੰਘ ਦੀ ਗ੍ਰਿਫ਼ਤਾਰੀ ਦੀ ਖ਼ਬਰ ਤੋਂ ਬਾਅਦ ਪਿੰਡ ਵਾਸੀ ਹੈਰਾਨ ਨਜ਼ਰ ਆਏ।

ਪਿੰਡ ਦੇ ਕੁਝ ਪੰਚਾਇਤੀ ਮੋਹਤਬਰਾਂ ਨੇ ਨਾਮ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ, ‘‘ਹਰਪਾਲ ਸਿੰਘ ਦਾ ਨਾਮ ਇਸ ਤਰ੍ਹਾਂ ਦੇ ਘਟਨਾਕ੍ਰਮ ਵਿੱਚ ਪਹਿਲੀ ਵਾਰ ਸਾਹਮਣੇ ਨਹੀਂ ਆਇਆ ਸਗੋਂ ਉਸ ਦੇ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਕਾਂਡ ਸਾਹਮਣੇ ਆ ਚੁੱਕੇ ਹਨ। ਪਰ ਆਪਣੀ ਚੁਸਤੀ ਚਲਾਕੀ ਨਾਲ ਬੱਚਦਾ ਰਿਹਾ ਹੈ।ਪੰਚਾਇਤ ਕੋਲ ਪਹਿਲਾਂ ਵੀ ਉਸ ਦੀਆਂ ਸ਼ਿਕਾਇਤਾਂ ਆਉਂਦੀਆਂ ਰਹੀਆਂ ਹਨ।’’

ਗੁਆਂਢੀਆਂ ਨੇ ਦੱਸਿਆ ਕਿ ਹਰਪਾਲ ਸਿੰਘ ਲਗਭਗ ਇੱਕ ਸਾਲ ਤੋਂ ਆਪਣੇ ਘਰ ਨਹੀਂ ਆਇਆ ਹੈ।

ਗੁਆਂਢੀਆਂ ਮੁਤਾਬਕ ਉਨ੍ਹਾਂ ਨੂੰ ਵੀ ਹੁਣ ਤੱਕ ਇਹੀ ਲੱਗਦਾ ਸੀ ਕਿ ਹਰਪਾਲ ਸਿੰਘ ਵਿਦੇਸ਼ ਗਿਆ ਹੋਇਆ ਹੈ।

11 ਸਾਲ ਪਹਿਲਾਂ ਵੀ 420 ਦਾ ਕੇਸ

ਬੀਹਲਾ

ਤਸਵੀਰ ਸਰੋਤ, BBC/Navkiran Singh

ਤਸਵੀਰ ਕੈਪਸ਼ਨ, ਪਿੰਡ ਬੀਹਲਾ ਦਾ ਗੁਰਦੁਆਰਾ

ਪਿੰਡ ਬੀਹਲਾ ਪੁਲਿਸ ਥਾਣਾ ਟੱਲੇਵਾਲ ਅਧੀਨ ਆਉਂਦਾ ਹੈ।

ਟੱਲੇਵਾਲ ਵਿੱਚ ਹਰਪਾਲ ਸਿੰਘ ਦੇ ਪਿਛੋਕੜ ਬਾਰੇ ਪੁਲਿਸ ਅਧਿਕਾਰੀ ਸੱਤਪਾਲ ਸਿੰਘ ਨੇ ਦੱਸਿਆ ਕਿ ਹਰਪਾਲ ਸਿੰਘ ਖਿਲਾਫ਼ 11 ਸਾਲ ਪਹਿਲਾਂ ਧਾਰਾ 420 ਦਾ ਇੱਕ ਮੁਕੱਦਮਾ ਵੀ ਦਰਜ ਹੋਇਆ ਸੀ ਹਾਲਾਂਕਿ ਬਾਅਦ ਵਿੱਚ ਇਹ ਮਾਮਲਾ ਨਿੱਬੜ ਗਿਆ ਸੀ।

ਇਹ ਵੀ ਜਾਣਕਾਰੀ ਮਿਲੀ ਕਿ ਹਰਪਾਲ ਸਿੰਘ ਦੀ ਠੱਗੀ ਦਾ ਸ਼ਿਕਾਰ ਕੁਝ ਸਰਕਾਰੀ ਮੁਲਾਜ਼ਮ ਕੁੜੀਆਂ ਵੀ ਹੋਈਆਂ ਹਨ।

ਇਕ ਕੁੜੀ ਨੇ ਆਪਣਾ ਨਾਮ ਗੁਪਤ ਰੱਖਦਿਆਂ ਬੀਬੀਸੀ ਨਾਲ ਗੱਲ ਵੀ ਕੀਤੀ ਕਿ ਹਰਪਾਲ ਸਿੰਘ ਨੇ ਐੱਨਆਰਆਈ ਬਣ ਕੇ ਉਨ੍ਹਾਂ ਨਾਲ ਠੱਗੀ ਮਾਰੀ ਹੈ।

ਕਿਵੇਂ ਚੜ੍ਹਿਆ ਪੁਲਿਸ ਦੇ ਹੱਥੇ

ਜੇਲ੍ਹ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਦਰਅਸਲ ਹਰਪਾਲ ਸਿੰਘ ਖ਼ਿਲਾਫ਼ ਸ਼ਿਕਾਇਤ ਮਮਤਾ (ਕਾਲਪਨਿਕ ਨਾਮ) ਨਾਮ ਦੀ ਇੱਕ ਕੁੜੀ ਵੱਲੋਂ ਕੀਤੀ ਗਈ।

ਮਮਤਾ ਖ਼ੁਦ ਪੰਜਾਬ ਪੁਲਿਸ ਵਿੱਚ ਨੌਕਰੀ ਕਰਦੀ ਹੈ ਅਤੇ ਉਸ ਨੇ ਵੀ ਆਪਣੀ ਪ੍ਰੋਫ਼ਾਈਲ ‘ਸ਼ਾਦੀ ਡਾਟ ਕਾਮ’ ਉੱਤੇ ਬਣਾਈ ਹੋਈ ਹੈ।

ਸ਼ਿਕਾਇਤ ਕਰਤਾ ਮਮਤਾ ਨੇ ਦੱਸਿਆ, ‘‘ਹਰਪਾਲ ਸਿੰਘ ਉਰਫ਼ ‘ਸੰਦੀਪ ਸਿੰਘ’ ਨੇ ਪ੍ਰੋਫ਼ਾਈਲ ਦੇਖ ਕੇ ਮੇਰੇ ਨਾਲ ਰਾਬਤਾ ਕਾਇਮ ਕੀਤਾ।’’

ਸ਼ਿਕਾਇਤ ਕਰਤਾ ਮੁਤਾਬਕ ਸਬੰਧਿਤ ਨੌਜਵਾਨ ਇੱਕ ਕੈਨੇਡੀਅਨ ਫ਼ੋਨ ਨੰਬਰ ਦਾ ਇਸਤੇਮਾਲ ਕਰਦਾ ਸੀ ਅਤੇ ਅਕਸਰ ਉਨ੍ਹਾਂ ਦੀ ਗੱਲਬਾਤ ਵਟਸਅੱਪ ਦੇ ਜ਼ਰੀਏ ਹੀ ਹੁੰਦੀ ਸੀ।

ਮਮਤਾ ਮੁਤਾਬਕ ਗੱਲਬਾਤ ਦਾ ਦੌਰ ਕਰੀਬ ਤਿੰਨ ਮਹੀਨੇ ਚੱਲਿਆ ਅਤੇ ਗੱਲ ਪੱਕੀ ਹੋਣ ਉੱਤੇ ‘ਸੰਦੀਪ ਸਿੰਘ’ ਨੇ ਉਨ੍ਹਾਂ ਦੀ ਫ਼ਾਈਲ ਕੈਨੇਡਾ ਲਈ ਅਪਲਾਈ ਕਰਨ ਦੀ ਗੱਲ ਆਖ ਕੇ ਉਸ ਕੋਲੋਂ ਇੱਕ ਲੱਖ ਰੁਪਏ ਵਸੂਲ ਕਰ ਲਏ।

ਇਸ ਤੋਂ ਇੱਕ ਹਫ਼ਤੇ ਬਾਅਦ ਹਰਪਾਲ ਸਿੰਘ ਨੇ 50 ਹਜ਼ਾਰ ਰੁਪਏ ਦੀ ਹੋਰ ਮੰਗ ਕੀਤੀ ਤੇ ਮਮਤਾ ਨੇ ਇਹ ਰਕਮ ਵੀ ਹਰਪਾਲ ਸਿੰਘ ਨੂੰ ਭੇਜ ਦਿੱਤੀ।

ਇਸ ਦੌਰਾਨ ਮਮਤਾ ਨੇ ਆਪਣੀ ਅਤੇ ਪਰਿਵਾਰ ਦੀ ਸਾਰੀ ਜਾਣਕਾਰੀ ਅਤੇ ਤਸਵੀਰਾਂ ਵੀ ਹਰਪਾਲ ਸਿੰਘ ਨੂੰ ਭੇਜ ਦਿੱਤਿਆਂ।

ਕੁਝ ਦਿਨਾਂ ਬਾਅਦ ਹੀ ਮਮਤਾ ਨੂੰ ਪਤਾ ਲੱਗਿਆ ਕਿ ਹਰਪਾਲ ਸਿੰਘ ਤਾਂ ਪਹਿਲਾਂ ਹੀ ਵਿਆਹਿਆ ਹੈ ਅਤੇ ਉਸ ਦਾ ਤਲਾਕ ਵੀ ਹੋਇਆ ਹੈ। ਇਸ ਤੋਂ ਬਾਅਦ ਹਰਪਾਲ ਸਿੰਘ ਨੇ ਮਮਤਾ ਤੋਂ 60,000 ਰੁਪਏ ਦੀ ਹੋਰ ਮੰਗ ਕੀਤੀ।

ਮਮਤਾ ਮੁਤਾਬਕ ਇਸ ਰਾਸ਼ੀ ਲਈ ਇਨਕਾਰ ਕਰਨ ਤੋਂ ਬਾਅਦ ਹਰਪਾਲ ਸਿੰਘ ਨੇ ਉਨ੍ਹਾਂ ਨੂੰ ਜਾਨ ਤੋਂ ਮਾਰਨ ਅਤੇ ਪਰਿਵਾਰਕ ਜਾਣਕਾਰੀ ਤੇ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਕਰਨ ਦੀ ਧਮਕੀ ਦਿੱਤੀ।

ਇਸ ਤੋਂ ਬਾਅਦ ਹੀ ਮਮਤਾ ਨੇ ਗੁਰਾਇਆ ਪੁਲਿਸ ਨੂੰ ਆਪਣੇ ਨਾਲ ਵੱਜੀ ਠੱਗੀ ਦੀ ਸ਼ਿਕਾਇਤ ਕੀਤੀ ਅਤੇ ਪੁਲਿਸ ਨੇ ਹਰਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ।

ਕਾਗਜ਼ ਪੱਤਰ ਵੀ ਜਾਅਲੀ

ਜਾਲਸਾਜ਼ੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਇੱਕ ਹੋਰ ਕੁੜੀ ਨੇ ਵੀ ਹਰਪਾਲ ਸਿੰਘ ਖ਼ਿਲਾਫ਼ ਪੁਲਿਸ ਨੂੰ ਸ਼ਿਕਾਇਤ ਦਿੱਤੀ। ਐੱਫਆਈਆਰ ਮੁਤਾਬਕ ਵਿਆਹ ਦਾ ਝਾਂਸਾ ਦੇ ਕੇ ਹਰਪਾਲ ਸਿੰਘ ਨੇ ਉਸ ਕੁੜੀ ਨਾਲ ਵੀ ਦੋ ਲੱਖ ਰੁਪਏ ਦੀ ਠੱਗੀ ਮਾਰੀ ਹੈ।

ਗੁਰਾਇਆ ਪੁਲਿਸ ਮੁਤਾਬਕ ਇੱਕ ਹੋਰ ਲੜਕੀ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਹਰਪਾਲ ਸਿੰਘ ਨੇ ਵਿਆਹ ਦਾ ਝਾਂਸਾ ਦੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ ਅਤੇ ਫਿਰ ਉਸ ਤੋਂ 85,000 ਰੁਪਏ ਠੱਗ ਲਏ।

ਦੋਵੇਂ ਕੁੜੀਆਂ ਦੇ ਬਿਆਨ ਵੀ ਪੁਲਿਸ ਨੇ ਮਮਤਾ ਦੀ ਸ਼ਿਕਾਇਤ ਉੱਤੇ ਦਰਜ ਹੋਈ ਐੱਫ਼ਆਈਆਰ ਵਿੱਚ ਦਰਜ ਕਰ ਲਏ ਹਨ।

ਗੁਰਾਇਆ ਪੁਲਿਸ ਨੇ ਦੱਸਿਆ ਕਿ ਹਰਪਾਲ ਸਿੰਘ ਦੀ ਠੱਗੀ ਦਾ ਸ਼ਿਕਾਰ ਕਈ ਕੁੜੀਆਂ ਹੋਈਆਂ ਹਨ।

ਪੁਲਿਸ ਨੇ ਹਰਪਾਲ ਸਿੰਘ ਕੋਲੋਂ ਇੱਕ ਜਾਅਲੀ ਆਧਾਰ ਕਾਰਡ, ਪਾਸਪੋਰਟ ਅਤੇ ਇੱਕ ਗੱਡੀ ਬਰਾਮਦ ਕੀਤੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)