ਅਧਾਰ ਕਾਰਡ ਵਰਤ ਕੇ ਕਿਵੇਂ ਹੋ ਸਕਦੀ ਹੈ ਤੁਹਾਡੇ ਨਾਲ ਠੱਗੀ, ਬਚਾਅ ਲਈ ਇਨ੍ਹਾਂ ਗੱਲਾਂ ਦਾ ਰੱਖੋ ਖਿਆਲ

ਤਸਵੀਰ ਸਰੋਤ, Getty Images
- ਲੇਖਕ, ਇਮਰਾਨ ਕੁਰੈਸ਼ੀ
- ਰੋਲ, ਬੀਬੀਸੀ ਲਈ, ਬੇਂਗਲੁਰੂ ਤੋਂ
ਭਾਰਤ ਵਿੱਚ ਆਧਾਰ ਇਨੇਬਲਡ ਪੇਮੈਂਟ ਸਿਸਟਮ (ਏਆਪੀਐੱਸ) ਦੀ ਵਰਤੋਂ ਕਰਕੇ ਸਾਈਬਰ ਧੋਖਾਧੜੀ ਦੇ ਮਾਮਲੇ ਵੱਧ ਰਹੇ ਹਨ।
ਖ਼ਾਸ ਕਰਕੇ ਏ, ਬੀ ਅਤੇ ਸੀ ਕੈਟਾਗਰੀ ਦੇ ਸ਼ਹਿਰਾਂ ਵਿੱਚ ਲੋਕ ਆਪਣੀ ਮਿਹਨਤ ਦੀ ਕਮਾਈ ਗੁਆ ਰਹੇ ਹਨ।
ਇਕੱਲੇ ਬੈਂਗਲੁਰੂ ਵਿੱਚ ਦਰਜ ਕੀਤੇ ਗਏ 116 ਨਵੇਂ ਕੇਸ ਆਂਧਰਾ ਪ੍ਰਦੇਸ਼ ਦੇ ਕਡਪਾ, ਤੇਲੰਗਾਨਾ ਵਿੱਚ ਹੈਦਰਾਬਾਦ, ਬਿਹਾਰ ਵਿੱਚ ਨਵਾਦਾ, ਰਾਜਸਥਾਨ, ਹਰਿਆਣਾ, ਪੱਛਮੀ ਬੰਗਾਲ ਅਤੇ ਉੱਤਰ ਪ੍ਰਦੇਸ਼ ਵਿੱਚ ਭਰਤਪੁਰ ਵਰਗੇ ਸੂਬਿਆਂ ਦੇ ਛੋਟੇ ਸ਼ਹਿਰਾਂ ਅਤੇ ਕਸਬਿਆਂ ਨਾਲ ਸਬੰਧਤ ਹਨ।
ਇਨ੍ਹਾਂ ਤੋਂ ਇਲਾਵਾ ਮਹਾਰਾਸ਼ਟਰ, ਗੁਜਰਾਤ, ਝਾਰਖੰਡ ਸਮੇਤ ਕਈ ਹੋਰ ਸੂਬੇ ਵੀ ਇਸ ਵਿੱਚ ਸ਼ਾਮਲ ਹਨ।
ਆਧਾਰ ਕਾਰਡ ਅੱਜ-ਕੱਲ੍ਹ ਭਾਰਤੀਆਂ ਦਾ ਮੁੱਖ ਪਛਾਣ ਪੱਤਰ ਬਣ ਗਿਆ ਹੈ। ਇਸ ਦੇ ਨਾਲ ਹੀ ਇਹ ਹੁਣ ‘ਧੋਖੇਬਾਜ਼ਾਂ’ ਲਈ ਲੋਕਾਂ ਨੂੰ ਧੋਖਾ ਦੇਣ ਦਾ ਮੁੱਖ ਹਥਿਆਰ ਵੀ ਬਣ ਗਿਆ ਹੈ।
ਆਧਾਰ ਕਾਰਡ ਦੇ ਮਾਮਲੇ ਵਿੱਚ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ, ਇਹ ਸਵਾਲ ਬਹੁਤ ਸਾਰੇ ਲੋਕਾਂ ਦੇ ਦਿਮਾਗ਼ ਵਿੱਚ ਆਉਂਦਾ ਹੈ।
ਮਾਹਿਰਾਂ ਦੀ ਰਾਏ ਜਾਣਨ ਤੋਂ ਪਹਿਲਾਂ, ਆਓ ਬੈਂਗਲੁਰੂ ਵਿੱਚ ਸਾਹਮਣੇ ਆਏ ਨਵੇਂ ਮਾਮਲਿਆਂ ਨੂੰ ਵੇਖੀਏ।

ਤਸਵੀਰ ਸਰੋਤ, Getty Images
ਬੈਂਗਲੁਰੂ ਵਿੱਚ ਸਾਹਮਣੇ ਆਏ ਨਵੇਂ ਮਾਮਲੇ
ਬਿਹਾਰ ਦੇ ਦੋ ਲੋਕਾਂ ਮੁਹੰਮਦ ਪਰਵੇਜ਼ ਏਜ਼ਦਾਨੀ ਅਤੇ ਅਬੂਜ਼ਰ ਸ਼ਮੀਮ ਅਖ਼ਤਰ ਨੂੰ ਬੈਂਗਲੁਰੂ ਮਾਮਲਿਆਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਦੋਵਾਂ ਨੇ ਓਟੀਪੀ ਲਈ ਫੋਨ ਕਾਲ ਜਾਂ ਟੈਕਸਟ ਮੈਸੇਜ ਰਾਹੀਂ ਕਿਸੇ ਵੀ ਤਰ੍ਹਾਂ ਨਾਲ ਲੋਕਾਂ ਨਾਲ ਸੰਪਰਕ ਨਹੀਂ ਕੀਤਾ।
ਇਸ ਤੋਂ ਬਾਅਦ ਵੀ ਲੋਕਾਂ ਨੂੰ ਧੋਖਾਧੜੀ ਬਾਰੇ ਉਦੋਂ ਪਤਾ ਲੱਗਦਾ ਹੈ ਜਦੋਂ ਬੈਂਕ ਮੈਸੇਜ ਭੇਜਦਾ ਹੈ ਕਿ ਤੁਹਾਡੇ ਖਾਤੇ ਵਿੱਚੋਂ ਪੈਸੇ ਕਢਵਾ ਲਏ ਗਏ ਹਨ।
ਅਜਿਹੇ ਕੇਸ ਦੀ ਕਾਰਜਪ੍ਰਣਾਲੀ ਉਹੀ ਹੈ ਜੋ ਪਹਿਲੀ ਵਾਰ 2018 ਵਿੱਚ ਹੈਦਰਾਬਾਦ ਵਿੱਚ ਦੇਖੀ ਗਈ ਸੀ, ਜਦੋਂ ਮੋਬਾਈਲ ਦਾ ਸਿਮ ਕਾਰਡ ਵੇਚਣ ਵਾਲੇ ਇੱਕ ਦੁਕਾਨਦਾਰ ਨੇ ਲੋਕਾਂ ਨੂੰ ਧੋਖਾ ਦੇਣ ਲਈ ਫਿੰਗਰਪ੍ਰਿੰਟ ਅਤੇ ਮੋਬਾਈਲ ਨੰਬਰਾਂ ਦੀ ਨਕਲ ਕੀਤੀ ਸੀ।
ਬੈਂਗਲੁਰੂ ਕੇਸ ਵਿੱਚ, ਪੀੜਤਾਂ ਨੇ ਕਿਸੇ ਨਾ ਕਿਸੇ ਸਮੇਂ ਜਾਇਦਾਦ ਦੀ ਵਿਕਰੀ ਜਾਂ ਖਰੀਦਦਾਰੀ ਦਾ ਰਜਿਸਟ੍ਰੇਸ਼ਨ ਕਰਵਾਉਣ ਲਈ ਸਬ-ਰਜਿਸਟਰਾਰ ਦਫ਼ਤਰ ਦਾ ਦੌਰਾ ਕੀਤਾ ਸੀ।
ਉਨ੍ਹਾਂ ਦੇ ਦਸਤਾਵੇਜ਼ਾਂ ਦੀ ਰਜਿਸਟ੍ਰੇਸ਼ਨ ਦਾ ਮਤਲਬ ਹੈ ਕਿ ਸਟੈਂਪਸ ਅਤੇ ਰਜਿਸਟ੍ਰੇਸ਼ਨ ਵਿਭਾਗ ਦੇ ਪੋਰਟਲ, ਕਾਵੇਰੀ 2.0 'ਤੇ ਅਪਲੋਡ ਹੁੰਦੇ ਹਨ, ਉਹ ਜਨਤਕ ਦਸਤਾਵੇਜ਼ ਬਣ ਗਏ।

ਮੁਲਜ਼ਮਾਂ ਨੇ ਦਸਤਾਵੇਜ਼ ਡਾਊਨਲੋਡ ਕੀਤੇ ਅਤੇ ਪੀੜਤਾਂ ਨੂੰ ਧੋਖਾ ਦੇਣ ਲਈ ਉਨ੍ਹਾਂ ਦੇ ਆਧਾਰ ਨੰਬਰ ਅਤੇ ਬਾਇਓਮੈਟ੍ਰਿਕ ਵੇਰਵਿਆਂ ਦੀ ਵਰਤੋਂ ਕੀਤੀ।
ਇਸ ਕੇਸ ਵਿੱਚ ਰਾਹਤ ਦੀ ਗੱਲ ਇਹ ਹੋਈ ਕਿ ਧੋਖਾਧੜੀ ਕੀਤੀ ਗਈ ਰਕਮ ਪ੍ਰਤੀ ਦਿਨ 25,000 ਰੁਪਏ ਤੋਂ ਵੱਧ ਨਹੀਂ ਸੀ, ਕਿਉਂਕਿ ਏਈਪੀਐੱਸ ਇਸ ਤੋਂ ਵੱਧ ਕਿਸੇ ਵੀ ਰਕਮ ਨੂੰ ਕਢਵਾਉਣ ਦੀ ਸਹੂਲਤ ਨਹੀਂ ਦਿੰਦਾ।
ਬੈਂਗਲੁਰੂ ਦੇ ਪੁਲਿਸ ਕਮਿਸ਼ਨਰ ਬੀ ਦਯਾਨੰਦ ਨੇ ਬੀਬੀਸੀ ਨਾਲ ਗੱਲ ਕਰਦਿਆਂ ਦੱਸਿਆ, "ਸਾਨੂੰ ਅਜੇ ਵੀ ਉਨ੍ਹਾਂ 116 ਮਾਮਲਿਆਂ ਵਿੱਚ ਧੋਖਾਧੜੀ ਦੀ ਕੁੱਲ ਰਕਮ ਦਾ ਹਿਸਾਬ ਲਗਾਉਣਾ ਹੈ।"
ਆਧਾਰ ਨਾਲ ਜੁੜੇ ਅਧਿਕਾਰੀਆਂ ਦੀ ਸਲਾਹ 'ਤੇ ਸਟੈਂਪ ਅਤੇ ਰਜਿਸਟ੍ਰੇਸ਼ਨ ਵਿਭਾਗ ਦੀ ਇੰਸਪੈਕਟਰ ਜਨਰਲ ਮਮਤਾ ਗੌੜਾ ਨੇ ਨਵੇਂ ਨਿਰਦੇਸ਼ ਜਾਰੀ ਕੀਤੇ ਹਨ।
ਉਨ੍ਹਾਂ ਕਿਹਾ, "ਜੇਕਰ ਨਾਗਰਿਕ ਆਧਾਰ ਕਾਰਡ ਦੀ ਵਰਤੋਂ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਕਾਰਡ 'ਤੇ ਮੌਜੂਦ ਨੰਬਰਾਂ ਦੇ ਆਖ਼ਰੀ ਚਾਰ ਅੰਕਾਂ ਦੀ ਹੀ ਵਰਤੋਂ ਕਰਨੀ ਪਵੇਗੀ।''
''ਉਹ ਡਰਾਈਵਿੰਗ ਲਾਇਸੈਂਸ, ਪੈਨ ਕਾਰਡ, ਵੋਟਰ ਕਾਰਡ ਆਦਿ ਵਰਗੇ ਹੋਰ ਆਈਡੀ ਦੀ ਵਰਤੋਂ ਵੀ ਕਰ ਸਕਦੇ ਹਨ। ਹੁਣ ਤੋਂ, ਕਾਵੇਰੀ 2.0 'ਤੇ ਰਜਿਸਟਰਡ ਦਸਤਾਵੇਜ਼ ਦਾ ਸਿਰਫ ਪਹਿਲਾ ਪੰਨਾ ਦਿਖਾਈ ਦੇਵੇਗਾ।"

ਤਸਵੀਰ ਸਰੋਤ, Getty Images
ਆਧਾਰ ਦੀ ਸੁਰੱਖਿਆ 'ਤੇ ਸਵਾਲ
ਇਨ੍ਹਾਂ ਮਾਮਲਿਆਂ ਦੇ ਵਿਭਿੰਨ ਪਹਿਲੂਆਂ ਨੂੰ ਲੈ ਕੇ ਕਈ ਸਵਾਲ ਉੱਠੇ ਹਨ, ਜਿਵੇਂ ਕਿ ਡੇਟਾਬੇਸ ਦੀ ਲੋੜੀਂਦੀ ਸੁਰੱਖਿਆ ਵਿਵਸਥਾ ਹੈ, ਕੀ ਪੋਰਟਲ ਕਲਾਊਡ 'ਤੇ ਐਨਕ੍ਰਿਪਟਡ ਹੈ?
ਗ੍ਰਿਫ਼ਤਾਰ ਕੀਤੇ ਗਏ ਲੋਕ ਕੇਵਲ 'ਬਲੀ ਦਾ ਬਕਰਾ' ਹੋ ਸਕਦੇ ਹਨ। ਉਨ੍ਹਾਂ ਦੇ ਪਿੱਛੇ ਕੋਈ ਵੱਡਾ ਗਿਰੋਹ ਹੋ ਸਕਦਾ ਹੈ।
ਸਿਕਿਓਰਿਟੀ ਕੰਸਲਟੈਂਸੀ ਸਰਵਿਸਿਜ਼ ਦੇ ਸਾਈਬਰ ਸੁਰੱਖਿਆ ਮਾਹਰ ਸ਼ੀਸ਼ਧਰ ਸੀਐੱਨ ਨੇ ਦੱਸਿਆ, "ਇਹ ਮਾਮਲਾ ਸੀਬੀਆਈ ਦੇ ਕੋਲ ਜਾਣ ਲਾਇਕ ਹੈ, ਕਿਉਂਕਿ ਇਹ ਦੇਸ਼ ਭਰ ਦੇ ਹੋਰ ਮਾਮਲਿਆਂ ਦੇ ਸਮਾਨ ਹੈ।"

ਪ੍ਰਾਈਵੇਟ ਡੀਲਰਾਂ ਦਾ 'ਆਧਾਰ 'ਤੇ ਜ਼ੋਰ'
ਪਰ ਇਸ ਦਾ ਮਤਲਬ ਇਹ ਨਹੀਂ ਕਿ ਸਿਰਫ਼ ਸਰਕਾਰੀ ਵਿਭਾਗਾਂ ਜਾਂ ਏਜੰਸੀਆਂ ਨਾਲ ਸਬੰਧਤ ਮਾਮਲੇ ਹੀ ਸਾਹਮਣੇ ਆਏ ਹਨ।
ਮੁੰਬਈ ਸਥਿਤ ਡਾਇਰੈਕਟ ਸੇਲਿੰਗ ਕੰਸਲਟੈਂਸੀ, ਸਟ੍ਰੈਟਜੀ ਇੰਡੀਆ ਦੇ ਪ੍ਰਾਂਜਲ ਆਰ ਡੈਨੀਅਲ ਦੇ ਅਨੁਸਾਰ, ਦੇਸ਼ ਵਿੱਚ 600 ਤੋਂ ਵੱਧ ਆਪਰੇਸ਼ਨ ਹਨ ਜੋ ਆਪਣੇ ਉਤਪਾਦਾਂ ਅਤੇ ਸੇਵਾਵਾਂ ਨੂੰ ਪ੍ਰਮੋਟ ਕਰਨ ਲਈ ਡਾਇਰੈਕਟ ਸੇਲਿੰਗ ਮਾਡਲ ਦੀ ਵਰਤੋਂ ਕਰਦੇ ਹਨ।
ਇਨ੍ਹਾਂ ਕਾਰਵਾਈਆਂ ਨੂੰ ਸੂਚਨਾ ਤਕਨਾਲੋਜੀ ਐਕਟ 2000, ਡਿਜੀਟਲ ਵਿਅਕਤੀਗਤ ਡਾਟਾ ਪ੍ਰੋਟੈਕਸ਼ਨ ਐਕਟ 2023, ਖਪਤਕਾਰ ਸੁਰੱਖਿਆ (ਡਾਇਰੈਕਟ ਸੇਲਿੰਗ) ਨਿਯਮ 2021 ਅਤੇ ਖਪਤਕਾਰ ਸੁਰੱਖਿਆ (ਈ-ਕਾਮਰਸ) ਨਿਯਮ 2020 ਵਰਗੇ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ।
ਅਜਿਹੀ ਸਥਿਤੀ ਵਿੱਚ, ਉਨ੍ਹਾਂ ਨੂੰ ਭਾਰਤ ਵਿੱਚ ਸਥਿਤ ਸਰਵਰ 'ਤੇ ਸੰਵੇਦਨਸ਼ੀਲ ਅਤੇ ਮਹੱਤਵਪੂਰਨ ਡੇਟਾ ਸਟੋਰ ਕਰਨ ਦੀ ਜ਼ਰੂਰਤ ਹੁੰਦੀ ਹੈ।
ਹਾਲਾਂਕਿ, ਬਹੁਤ ਸਾਰੀਆਂ ਸਿੱਧੀਆਂ ਵੇਚਣ ਵਾਲੀਆਂ ਕੰਪਨੀਆਂ ਅਜੇ ਵੀ ਭਾਰਤ ਤੋਂ ਬਾਹਰ ਸਥਿਤ ਸਰਵਰਾਂ 'ਤੇ ਆਪਣੇ ਸਿੱਧੇ ਵਿਕਰੇਤਾਵਾਂ ਅਤੇ ਗਾਹਕਾਂ ਦਾ ਨਿੱਜੀ ਡੇਟਾ ਸਟੋਰ ਕਰਦੀਆਂ ਹਨ।

ਤਸਵੀਰ ਸਰੋਤ, Getty Images
ਇਹ ਡੇਟਾ ਉਦੋਂ ਇਕੱਠਾ ਕੀਤਾ ਜਾਂਦਾ ਹੈ ਜਦੋਂ ਗਾਹਕ ਰਜਿਸਟਰ ਕਰਦੇ ਹਨ ਅਤੇ ਆਪਣੇ ਆਰਡਰ ਦਿੰਦੇ ਹਨ।
ਉਨ੍ਹਾਂ ਨੇ ਕਿਹਾ, "ਕਈ ਫਰਜ਼ੀ ਮਲਟੀਲੇਵਲ ਮਾਰਕੀਟਿੰਗ ਸਕੀਮਾਂ ਆਪਣੇ ਆਪ ਨੂੰ ਸਿੱਧੇ ਵੇਚਣ ਵਾਲੀਆਂ ਕੰਪਨੀਆਂ ਦੇ ਰੂਪ ਵਿੱਚ ਪੇਸ਼ ਕਰਦੀਆਂ ਹਨ, ਨਿਵੇਸ਼ਕਾਂ ਤੋਂ ਪੈਸਾ ਕੱਢਣ ਲਈ ਕ੍ਰਿਪਟੋਕਰੰਸੀ ਦੀ ਵਰਤੋਂ ਕਰਕੇ ਸੰਵੇਦਨਸ਼ੀਲ ਡੇਟਾ ਇਕੱਠਾ ਕਰਦੀਆਂ ਹਨ ਅਤੇ ਵੇਚਦੀਆਂ ਹਨ।"
"ਸਾਡੇ ਦੇਸ਼ ਵਿੱਚ ਹਰ ਹਫ਼ਤੇ 20 ਤੋਂ ਵੱਧ ਅਜਿਹੇ ਆਪਰੇਸ਼ਨ ਕੀਤੇ ਜਾਂਦੇ ਹਨ।"
ਉਹ ਕਹਿੰਦੇ ਹਨ, "ਸਾਡੀ ਟੀਮ ਧੋਖਾਧੜੀ ਵਾਲੇ ਐੱਮਐੱਲਐੱਮ ਆਪਰੇਸ਼ਨਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦਾ ਵਿਸ਼ਲੇਸ਼ਣ ਕਰਨ ਲਈ ਹਰ ਹਫ਼ਤੇ ਲਗਨ ਨਾਲ ਕੰਮ ਕਰਦੀ ਹੈ।"
"ਅਸੀਂ ਉਨ੍ਹਾਂ ਨੂੰ ਆਪਣੀ ਸਕੈਮ ਅਲਰਟ ਸੂਚੀ ਵਿੱਚ ਸ਼ਾਮਲ ਕਰਦੇ ਹਾਂ। ਇਹ ਜਨਤਾ ਨੂੰ ਪੋਂਜੀ ਐੱਮਐੱਲਐੱਮ ਯੋਜਨਾਵਾਂ ਵਿੱਚ ਆਪਣਾ ਸਮਾਂ, ਪੈਸਾ, ਊਰਜਾ ਅਤੇ ਗੁਡਵਿਲ ਨਿਵੇਸ਼ ਕਰਨ ਪ੍ਰਤੀ ਸਾਵਧਾਨ ਕਰਨ ਲਈ ਹੈ।''
''ਮੌਜੂਦਾ ਸਮੇਂ ਵਿੱਚ, ਸਾਡੀ ਵੈਬਸਾਈਟ 'ਤੇ 4 ਹਜ਼ਾਰ ਤੋਂ ਵੱਧ ਅਜਿਹੇ ਐੱਮਐੱਲਐੱਮ ਘੁਟਾਲਿਆਂ ਦੀ ਲਿਸਟ ਦਿੱਤੀ ਗਈ ਹੈ।"
ਪ੍ਰਾਂਜਲ ਦਾ ਕਹਿਣਾ ਹੈ, ਲੋਕਾਂ ਨੂੰ ਐੱਮਐੱਲਐੱਮ ਓਪਰੇਸ਼ਨਾਂ ਵਿੱਚ ਕੇਵਾਈਸੀ ਲਈ ਆਪਣੇ ਆਧਾਰ ਬਦਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ।

ਆਧਾਰ ਨੂੰ ਕਰੋ ਲੌਕ ਅਤੇ ਅਨਲੌਕ
ਮੁੰਬਈ ਸਥਿਤ ਓਪਨ ਲਾਈਬਿਲਟੀ ਅਲਾਇੰਸ ਦੇ ਮੁਖੀ ਦਿਨੇਸ਼ ਬਰੇਜਾ ਨੇ ਦੱਸਿਆ, "ਆਧਾਰ ਕਾਰਡ ਆਪਣੀ ਪਛਾਣ ਕਰਨ ਦਾ ਸਭ ਤੋਂ ਆਸਾਨ ਤਰੀਕਾ ਬਣ ਗਿਆ ਹੈ, ਪਰ ਇਸ ਵਿੱਚ ਕੁਝ ਅਜਿਹੇ ਸੁਰੱਖਿਆ ਉਪਾਅ ਹਨ ਜਿਨ੍ਹਾਂ ਬਾਰੇ ਲੋਕ ਜ਼ਿਆਦਾਤਰ ਅਣਜਾਣ ਹਨ।"
ਇੱਕ ਵਾਰ ਵਰਤੋਂ ਕਰਨ ਤੋਂ ਬਾਅਦ ਤੁਸੀਂ ਇਸ ਨੂੰ ਬਲੌਕ ਕਰ ਸਕਦੇ ਹੋ। ਤੁਹਾਨੂੰ ਲੋੜ ਪੈਣ 'ਤੇ ਤੁਸੀਂ ਇਸ ਨੂੰ ਅਨਲੌਕ ਕਰ ਸਕਦੇ ਹੋ। ਇਹ ਤੁਹਾਡੇ ਕ੍ਰੈਡਿਟ ਕਾਰਡ ਜਾਂ ਡੈਬਿਟ ਕਾਰਡ ਲਈ ਲੈਣ-ਦੇਣ ਦੀ ਸੀਮਾ ਸੈੱਟ ਕਰਨ ਵਾਂਗ ਹੈ। ਪਾਬੰਦੀਆਂ ਲਗਾਉਣਾ ਤੁਹਾਡੇ ਹੱਥ ਵਿੱਚ ਹੈ।"
ਉਹ ਕਹਿੰਦੇ ਹਨ, "ਮੈਨੂੰ ਨਹੀਂ ਪਤਾ ਕਿ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਕੋਈ ਪੈਸਾ ਕਿਉਂ ਨਹੀਂ ਖਰਚਿਆ ਜਾਂਦਾ। ਆਧਾਰ 'ਚ ਲੌਕ ਅਤੇ ਅਨਲੌਕ ਕਰਨ ਦੀ ਸੁਵਿਧਾ ਹੈ। ਪਰ ਇਹ ਇੰਨੀ ਵੱਡੀ ਵੈੱਬਸਾਈਟ ਹੈ ਕਿ ਲੋਕਾਂ ਨੂੰ ਇਹ ਨਹੀਂ ਪਤਾ ਕਿ ਇਹ ਸਹੂਲਤ ਕਿੱਥੋਂ ਮਿਲੇਗੀ।"
"ਕਿਸੇ ਵੀ ਕਿਸਮ ਦੀ ਚੋਰੀ ਲਈ ਸ਼ੁਰੂਆਤੀ ਬਿੰਦੂ ਇਹ ਹੈ ਕਿ ਤੁਸੀਂ ਜਾਣਬੁਝ ਕੇ ਜਾਂ ਅਣਜਾਣੇ ਵਿੱਚ ਕਿਸੇ ਚੀਜ਼ 'ਤੇ ਕਲਿੱਕ ਕੀਤਾ ਹੈ।''
''ਇਸ ਤੋਂ ਬਾਅਦ ਤੁਹਾਡੇ 'ਤੇ ਅਪਰਾਧਿਕ ਹਮਲਾ ਹੁੰਦਾ ਹੈ। ਇੰਝ ਲੱਗਦਾ ਹੈ ਜਿਵੇਂ ਕੋਈ ਚੋਰ ਤੁਹਾਡੇ ਘਰ ਵੜਿਆ ਹੋਵੇ। ਚੋਰੀ ਕਰਨ ਤੋਂ ਪਹਿਲਾਂ ਉਹ ਕੁਝ ਸਮੇਂ ਲਈ ਘਰ ਦੀ ਜਾਂਚ ਕਰਦਾ ਹੈ।"

ਤਸਵੀਰ ਸਰੋਤ, Getty Images
ਕੀ ਕਰੀਏ ਤੇ ਕੀ ਨਾ ਕਰੀਏ?
ਸਾਈਬਰ ਮਾਹਰਾਂ, ਸਲਾਹਕਾਰਾਂ ਅਤੇ ਪੁਲਿਸ ਨਾਲ ਗੱਲਬਾਤ ਦੇ ਆਧਾਰ 'ਤੇ, ਆਓ ਜਾਣਦੇ ਹਾਂ ਕਿ ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ।
ਦਸਤਾਵੇਜ਼ਾਂ ਵਿੱਚ ਆਧਾਰ ਕਾਰਡ ਨੰਬਰ ਦੀ ਵਰਤੋਂ ਕਰਨਾ ਲਾਜ਼ਮੀ ਨਹੀਂ ਹੈ। ਅਸਲ ਵਿੱਚ, ਕਾਨੂੰਨ ਇਹ ਲਾਜ਼ਮੀ ਕਰਦਾ ਹੈ ਕਿ ਆਧਾਰ ਦੀ ਵਰਤੋਂ ਸਿਰਫ਼ ਕੁਝ ਖ਼ਾਸ ਹਾਲਤਾਂ ਵਿੱਚ ਹੀ ਕੀਤੀ ਜਾਣੀ ਚਾਹੀਦੀ ਹੈ।
ਬੈਂਕ ਖਾਤੇ ਖੋਲ੍ਹਣ, ਮੋਬਾਈਲ ਕੁਨੈਕਸ਼ਨ ਲੈਣ, ਸਕੂਲ ਵਿੱਚ ਦਾਖ਼ਲਾ ਲੈਣ, ਪ੍ਰਾਈਵੇਟ ਕੰਪਨੀਆਂ ਨਾਲ ਸੰਪਰਕ ਕਰਨ ਲਈ ਹੋਰ ਪਛਾਣ ਪੱਤਰ ਜਿਵੇਂ ਕਿ ਡਰਾਈਵਿੰਗ ਲਾਇਸੈਂਸ, ਪੈਨ ਕਾਰਡ, ਵੋਟਰ ਆਈਡੀ ਕਾਰਡ ਜਾਂ ਰਾਸ਼ਨ ਕਾਰਡ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ।
ਜੇਕਰ ਕੋਈ ਦਸਤਾਵੇਜ਼ ਜਨਤਕ ਕੀਤਾ ਜਾ ਰਿਹਾ ਹੈ ਤਾਂ ਪੂਰਾ ਆਧਾਰ ਨੰਬਰ ਨਾ ਲਿਖੋ। ਆਪਣੇ ਆਧਾਰ ਕਾਰਡ ਨੰਬਰ ਦੇ ਆਖ਼ਰੀ ਚਾਰ ਅੰਕਾਂ ਦੀ ਹੀ ਵਰਤੋਂ ਕਰੋ।
ਤੁਸੀਂ ਆਪਣੇ ਆਧਾਰ ਕਾਰਡ ਦੇ ਆਖ਼ਰੀ ਚਾਰ ਅੰਕਾਂ ਦੇ ਨਾਲ 1947 'ਤੇ ਇੱਕ ਐੱਸਐੱਮਐੱਸ ਵੀ ਭੇਜ ਸਕਦੇ ਹੋ। ਇਸ ਤਰ੍ਹਾਂ ਅਸਥਾਈ ਵਰਤੋਂ ਲਈ ਵਰਚੁਅਲ ਆਈਡੀ ਨੰਬਰ ਪ੍ਰਾਪਤ ਕੀਤਾ ਜਾਵੇਗਾ।
ਇੱਕ ਵਾਰ ਵਰਤੋਂ ਕਰਨ ਤੋਂ ਬਾਅਦ ਆਧਾਰ ਕਾਰਡ ਨੂੰ ਲੌਕ ਕੀਤਾ ਜਾ ਸਕਦਾ ਹੈ। ਕਾਰਡ ਨੂੰ ਲੌਕ ਜਾਂ ਅਨਲੌਕ ਕਰਨ ਦੀ ਸਹੂਲਤ ਯੂਆਈਡੀਏਆਈ ਦੀ ਵੈੱਬਸਾਈਟ 'ਤੇ ਉਪਲਬਧ ਹੈ।

ਤਸਵੀਰ ਸਰੋਤ, Getty Images
ਸਰਕਾਰੀ ਸੰਸਥਾਵਾਂ/ਸੰਗਠਨਾਂ ਨੂੰ ਉਂਗਲਾਂ ਦੇ ਨਿਸ਼ਾਨ ਸਾਫ਼ ਕਰਨ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ। ਦਸਤਾਵੇਜ਼ 'ਤੇ ਉਂਗਲਾਂ ਦੇ ਨਿਸ਼ਾਨ ਅਸਪਸ਼ਟ ਹੋਣੇ ਚਾਹੀਦੇ ਹਨ।
ਜੇਕਰ ਦਸਤਾਵੇਜ਼ਾਂ ਦੀਆਂ ਕਾਪੀਆਂ ਲਈਆਂ ਜਾ ਰਹੀਆਂ ਹਨ ਅਤੇ ਅੰਗੂਠੇ ਦੇ ਨਿਸ਼ਾਨ ਲਏ ਜਾ ਰਹੇ ਹਨ ਤਾਂ ਉਸ ਛਾਪ ਨੂੰ ਮਿਟਾ ਦਿੱਤਾ ਜਾਵੇ ਤਾਂ ਜੋ ਕੋਈ ਵੀ ਇਸ ਦੀ ਨਕਲ ਨਾ ਕਰ ਸਕੇ।
ਇੱਕੋ ਦਸਤਾਵੇਜ਼ 'ਤੇ ਆਧਾਰ ਨੰਬਰ, ਫਿੰਗਰਪ੍ਰਿੰਟ ਅਤੇ ਨਾਮ ਦੀ ਵਰਤੋਂ ਨਾ ਕਰੋ।
ਆਪਣੇ ਬੈਂਕ ਖ਼ਾਤੇ, ਕ੍ਰੈਡਿਟ ਕਾਰਡ, ਡੈਬਿਟ ਕਾਰਡ 'ਤੇ ਸਾਰੇ ਲੈਣ-ਦੇਣ ਦੀ ਸੀਮਾ ਸੈੱਟ ਕਰੋ। ਜਦੋਂ ਤੁਸੀਂ ਇਸ ਨੂੰ ਵਰਤਦੇ ਹੋ ਤਾਂ ਹੀ ਇਸ ਨੂੰ ਡਿਸੇਬਲ ਕਰੋ।
ਜੇਕਰ ਤੁਸੀਂ ਸਾਈਬਰ ਧੋਖਾਧੜੀ ਦੇ ਸ਼ਿਕਾਰ ਹੋ ਜਾਂਦੇ ਹੋ ਤਾਂ ਤੁਰੰਤ ਸਾਈਬਰ ਧੋਖਾਧੜੀ ਦੀ ਰਾਸ਼ਟਰੀ ਹੈਲਪਲਾਈਨ ਨੰਬਰ 1930 'ਤੇ ਕਾਲ ਕਰੇ।
ਪੁਲਿਸ ਉਸ ਖ਼ਾਤੇ ਨੂੰ ਟ੍ਰੈਕ ਕਰੇਗੀ ਜਿੱਥੇ ਪੈਸਾ ਟ੍ਰਾਂਸਫਰ ਕੀਤਾ ਗਿਆ ਹੈ ਅਤੇ ਰਾਸ਼ੀ ਵਾਪਸ ਪਾਉਣ ਦਾ ਯਤਨ ਕਰੇਗੀ। ਪੈਸੇ ਦੀ ਰਿਕਵਰੀ ਕਿਸਮਤ ਦੀ ਗੱਲ ਹੈ।
ਆਧਾਰ ਦੇ ਡੇਟਾ ਦੀ ਚੋਰੀ
ਤਾਜ਼ਾ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ 81.5 ਕਰੋੜ ਭਾਰਤੀਆਂ ਦਾ ਆਧਾਰ ਡਾਟਾ ਚੋਰੀ ਹੋ ਗਿਆ ਹੈ। ਇਸ ਡੇਟਾ ਨੂੰ 'ਡਾਰਕ ਨੈੱਟ' 'ਤੇ ਪਾ ਦਿੱਤਾ ਗਿਆ ਹੈ।
ਇਨ੍ਹਾਂ ਰਿਪੋਰਟਾਂ 'ਤੇ ਯੂਆਈਡੀਏਆਈ ਨੂੰ ਪੁੱਛੇ ਗਏ ਸਾਡੇ ਸਵਾਲਾਂ ਦਾ ਕੋਈ ਜਵਾਬ ਨਹੀਂ ਆਇਆ ਹੈ।
ਜਦੋਂ ਯੂਆਈਡੀਏਆਈ ਜਵਾਬ ਦੇਵੇਗਾ ਤਾਂ ਇਹ ਖ਼ਬਰ ਅਪਡੇਟ ਕੀਤੀ ਜਾਵੇਗੀ।












