You’re viewing a text-only version of this website that uses less data. View the main version of the website including all images and videos.
ਅਰਵਿੰਦ ਕੇਜਰੀਵਾਲ ਦੇ ਅਸਤੀਫ਼ਾ ਦੇਣ ਪਿੱਛੇ ਕੀ ਹੈ ਰਾਜਨੀਤੀ? ਕੌਣ ਬਣ ਸਕਦਾ ਨਵਾਂ ਮੁੱਖ ਮੰਤਰੀ
- ਲੇਖਕ, ਅਭੈ ਕੁਮਾਰ ਸਿੰਘ
- ਰੋਲ, ਬੀਬੀਸੀ ਪੱਤਰਕਾਰ
14 ਫਰਵਰੀ 2014, ਉਹ ਤਾਰੀਖ ਜਦੋਂ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਮੁੱਖ ਮੰਤਰੀ ਦੇ ਤੌਰ ‘ਤੇ ਪਹਿਲੀ ਵਾਰ ਅਸਤੀਫ਼ਾ ਦਿੱਤਾ ਸੀ।
ਮੀਂਹ ਦੌਰਾਨ ਵਰਕਰਾਂ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਸੀ, “ਦੋਸਤੋ, ਮੈਂ ਬਹੁਤ ਛੋਟਾ ਆਦਮੀ ਹਾਂ, ਮੈਂ ਇੱਥੇ ਕੁਰਸੀ ਲਈ ਨਹੀਂ ਆਇਆ, ਮੈਂ ਇੱਥੇ ਜਨ ਲੋਕਪਾਲ ਬਿੱਲ ਲਈ ਆਇਆ ਹਾਂ। ਅੱਜ ਲੋਕਪਾਲ ਬਿੱਲ ਡਿੱਗ ਗਿਆ ਹੈ ਅਤੇ ਸਾਡੀ ਸਰਕਾਰ ਅਸਤੀਫ਼ਾ ਦਿੰਦੀ ਹੈ। ਮੈਂ ਇਸ ਬਿੱਲ ਲਈ ਆਪਣੀ ਜਾਨ ਵੀ ਕੁਰਬਾਨ ਕਰਨ ਲਈ ਤਿਆਰ ਹਾਂ।”
ਉਸ ਸਮੇਂ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨਵੀਂ-ਨਵੀਂ ਹੋਂਦ ਵਿੱਚ ਆਈ ਸੀ। ਉਨ੍ਹਾਂ ਦੇ ਇਸ ਐਲਾਨ ਨਾਲ ਵਰਕਰਾਂ ਵਿੱਚ ਭਾਰੀ ਉਤਸ਼ਾਹ ਸੀ। ਉਨ੍ਹਾਂ ਨੂੰ ਭਰੋਸਾ ਸੀ ਕਿ ਉਹ ਮੁੜ ਚੋਣ ਲੜਨਗੇ ਅਤੇ ਜਿੱਤਣਗੇ। ਹੋਇਆ ਵੀ ਇਹੀ।
ਹੁਣ ਇੱਕ ਦਹਾਕੇ ਤੋਂ ਵੱਧ ਸਮਾਂ ਹੋ ਗਿਆ ਹੈ, ਅਰਵਿੰਦ ਕੇਜਰੀਵਾਲ ਤਿੰਨ ਵਾਰ ਦਿੱਲੀ ਦਾ ਮੁੱਖ ਮੰਤਰੀ ਚੁਣੇ ਗਏ ਹਨ ਅਤੇ ਪਾਰਟੀ ਵੀ ਤਮਾਮ ਰਾਜਨੀਤਿਕ ਜੋਰ ਅਜਮਾਇਸ਼ ਵਿੱਚ ਪਹਿਲਾਂ ਨਾਲੋਂ ਵੱਧ ਤਜਰਬੇਕਾਰ ਹੋ ਗਈ ਹੈ।
ਅਰਵਿੰਦ ਕੇਜਰੀਵਾਲ ਨੇ ਇੱਕ ਵਾਰ ਫਿਰ 15 ਸਤੰਬਰ 2024 ਨੂੰ ਅਸਤੀਫ਼ਾ ਦੇਣ ਦੀ ਤਾਰੀਖ ਦਾ ਐਲਾਨ ਕੀਤਾ ਹੈ ਅਤੇ ਇਸ ਵਾਰ ਵੀ ਉਹ ਮੁੜ ਤੋਂ ਚੋਣਾਂ ਵਿੱਚ ਜਾਣ ਅਤੇ ਸੱਤਾ ਹਾਸਿਲ ਕਰਨ ਦਾ ਭਰੋਸਾ ਜਤਾ ਰਹੇ ਹਨ।
ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਲੋਕ ਇਸ ਅਹੁਦੇ 'ਤੇ ਬੈਠਣ ਲਈ ਨਹੀਂ ਕਹਿੰਦੇ, ਉਹ ਮੁੜ ਮੁੱਖ ਮੰਤਰੀ ਦੀ ਕੁਰਸੀ 'ਤੇ ਨਹੀਂ ਬੈਠਣਗੇ।
ਐਤਵਾਰ ਨੂੰ ਪਾਰਟੀ ਹੈੱਡਕੁਆਰਟਰ 'ਤੇ ਵਰਕਰਾਂ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਕਿਹਾ, “ਜਦੋਂ ਤੱਕ ਦਿੱਲੀ 'ਚ ਚੋਣਾਂ ਨਹੀਂ ਹੋ ਜਾਂਦੀਆਂ, ਉਦੋਂ ਤੱਕ ਕੋਈ ਹੋਰ ਨੇਤਾ ਦਿੱਲੀ ਦਾ ਮੁੱਖ ਮੰਤਰੀ ਹੋਵੇਗਾ।”
ਇਸ ਦੇ ਲਈ ਦੋ ਦਿਨਾਂ ਅੰਦਰ ਆਮ ਆਦਮੀ ਪਾਰਟੀ ਦੇ ਵਿਧਾਇਕ ਦਲ ਦੀ ਮੀਟਿੰਗ ਹੋਵੇਗੀ, ਜਿਸ ਵਿੱਚ ਨਵੇਂ ਮੁੱਖ ਮੰਤਰੀ ਦਾ ਨਾਂ ਤੈਅ ਕੀਤਾ ਜਾਵੇਗਾ।
ਕੇਜਰੀਵਾਲ ਨੇ ਕਿਹਾ, "ਮੈਂ ਲੋਕਾਂ ਵਿੱਚ ਜਾਵਾਂਗਾ, ਹਰ ਗਲੀ ਵਿੱਚ ਜਾਵਾਂਗਾ, ਹਰ ਘਰ ਵਿੱਚ ਜਾਵਾਂਗਾ ਅਤੇ ਜਦੋਂ ਤੱਕ ਜਨਤਾ ਇਹ ਫੈਸਲਾ ਨਹੀਂ ਦਿੰਦੀ ਕਿ ਕੇਜਰੀਵਾਲ ਇਮਾਨਦਾਰ ਹੈ, ਮੈਂ ਸੀਐਮ ਦੀ ਕੁਰਸੀ 'ਤੇ ਨਹੀਂ ਬੈਠਾਂਗਾ।"
ਭਾਜਪਾ ਨੇ ਉਨ੍ਹਾਂ ਦੇ ਇਸ ਐਲਾਨ ਨੂੰ ਪੀਆਰ ਸਟੰਟ ਕਰਾਰ ਦਿੱਤਾ ਹੈ। ਪਰ ਉਨ੍ਹਾਂ ਦੇ ਇਸ ਐਲਾਨ ਤੋਂ ਬਾਅਦ ਕਈ ਸਵਾਲ ਉੱਠ ਰਹੇ ਹਨ। ਬੀਬੀਸੀ ਨੇ ਅਜਿਹੇ ਹੀ ਕੁੱਝ ਸਵਾਲਾਂ ਦੇ ਜਵਾਬ ਜਾਣਨ ਦੀ ਕੋਸ਼ਿਸ਼ ਕੀਤੀ ਹੈ।
ਪਹਿਲਾ ਇਹ ਕਿ ਅਸਤੀਫ਼ੇ ਦਾ ਐਲਾਨ ਇਸ ਸਮੇਂ ਕਿਉਂ? ਇਸਦਾ ਹਰਿਆਣਾ ਚੋਣਾਂ ਨਾਲ ਕੋਈ ਕਨੈਕਸ਼ਨ ਤਾਂ ਨਹੀਂ ?
ਦੂਜਾ ਇਹ ਕਿ ਪਹਿਲਾਂ ਚੋਣਾਂ ਕਰਵਾਉਣ ਦੀ ਮੰਗ ਦਾ ਆਧਾਰ ਕੀ ਹੈ?ਤੀਜਾ ਇਹ ਕਿ,ਅਗਲਾ ਮੁੱਖ ਮੰਤਰੀ ਚੁਣਨ ਦਾ ਆਧਾਰ ਕੀ ਹੋਵੇਗਾ ਅਤੇ ਕੀ ਦਿੱਲੀ ਦੀ ਰਾਜਨੀਤੀ 'ਤੇ ਇਸਦਾ ਅਸਰ ਹੋਵੇਗਾ?
ਅਸਤੀਫ਼ੇ ਦਾ ਐਲਾਨ ਹੁਣੇ ਕਿਉਂ ?
ਕਰੀਬ ਪੰਜ ਮਹੀਨੇ ਜੇਲ੍ਹ ਵਿਚ ਰਹਿਣ ਅਤੇ ਜੇਲ੍ਹ ਦੇ ਅੰਦਰੋਂ ਹੀ ਸਰਕਾਰ ਚਲਾਉਣ ਤੋਂ ਬਾਅਦ, ਅਰਵਿੰਦ ਕੇਜਰੀਵਾਲ 13 ਸਤੰਬਰ ਦੇਰ ਸ਼ਾਮ ਜ਼ਮਾਨਤ ਮਿਲਣ ਬਾਅਦ ਬਾਹਰ ਆਏ। ਇਸ ਦੇ ਦੋ ਦਿਨ ਬਾਅਦ ਹੀ ਉਨ੍ਹਾਂ ਨੇ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ। ਆਖਿਰ ਹੁਣ ਹੀ ਅਸਤੀਫ਼ੇ ਦੀ ਪੇਸ਼ਕਸ਼ ਕਿਉਂ ਕੀਤੀ ਗਈ ?
ਸੀਨੀਅਰ ਪੱਤਰਕਾਰ ਪ੍ਰਮੋਦ ਜੋਸ਼ੀ ਕਹਿੰਦੇ ਹਨ ਕਿ ਅਚਾਨਕ ਲਏ ਗਏ ਫੈਸਲੇ ਨੂੰ ਅਰਵਿੰਦ ਕੇਜਰੀਵਾਲ ਦੀ ਰਾਜਨੀਤਿਕ ਸ਼ੈਲੀ ਨਾਲ ਜੋੜਕੇ ਦੇਖਣਾ ਚਾਹੀਦਾ।
ਉਹ ਕਹਿੰਦੇ ਹਨ, ''ਜੇਕਰ ਕੇਜਰੀਵਾਲ ਦੇ 10-12 ਸਾਲਾਂ ਦੇ ਸਿਆਸੀ ਇਤਿਹਾਸ 'ਤੇ ਨਜ਼ਰ ਮਾਰੀਏ ਤਾਂ ਉਨ੍ਹਾਂ ਦੇ ਫੈਸਲਿਆਂ 'ਚ ਕੁਝ ਡਰਾਮਾ ਹੈ। ਅਜਿਹਾ ਡਰਾਮਾ ਜਿਸ ਵਿੱਚ ‘ਆਦਰਸ਼’ ਨਜ਼ਰ ਆਉਂਦਾ ਹੈ ਅਤੇ ਉਸ ਪਿੱਛੇ ਕੋਈ ਰਣਨੀਤੀ ਛੁਪੀ ਹੁੰਦੀ ਹੈ, ਉਹ ਸਿਆਸਤਦਾਨ ਵਰਗਾ ਸਾਧਾਰਨ ਵਿਅਕਤੀ ਨਹੀਂ ਹੈ।
ਪ੍ਰਮੋਦ ਜੋਸ਼ੀ ਦਾ ਮੰਨਣਾ ਹੈ, "ਕੇਜਰੀਵਾਲ ਅਚਾਨਕ ਲਏ ਇਸ ਫੈਸਲੇ ਨਾਲ ਸੰਦੇਸ਼ ਦੇਣਾ ਚਾਹੁੰਦੇ ਹਨ, 'ਮੈਂ ਇਨ੍ਹਾਂ ਸਭ ਚੀਜ਼ਾਂ ਤੋਂ ਉੱਪਰ ਹਾਂ ਅਤੇ ਮੈਂ ਇੱਕ ਆਮ ਵਿਅਕਤੀ ਹਾਂ'।"
ਪ੍ਰਮੋਦ ਜੋਸ਼ੀ ਦਾ ਇਹ ਵੀ ਮੰਨਣਾ ਹੈ ਕਿ ਕੇਜਰੀਵਾਲ ਗ੍ਰਿਫ਼ਤਾਰ ਹੁੰਦੇ ਹੀ ਅਸਤੀਫ਼ਾ ਦੇ ਸਕਦੇ ਸਨ ਕਿਉਂਕਿ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਗ੍ਰਿਫ਼ਤਾਰ ਕੀਤੇ ਗਏ ਨੇਤਾਵਾਂ ਨੇ ਅਸਤੀਫ਼ਾ ਦੇ ਦਿੱਤਾ ਸੀ।
ਪਰ ਹੁਣ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਅਸਤੀਫ਼ੇ ਦੇ ਕਾਰਨਾਂ ਪਿੱਛੇ ਪ੍ਰਮੋਦ ਜੋਸ਼ੀ ਮੰਨਦੇ ਹਨ, “ਹੋ ਸਕਦਾ ਹੈ ਕਿ ਉਹ ਇਹ ਵੀ ਸਾਬਿਤ ਕਰਨਾ ਚਾਹੁੰਦੇ ਹੋਣ ਕਿ ਉਨ੍ਹਾਂ ਨੇ ਕਾਨੂੰਨੀ ਲੜਾਈ ਲੜੀ ਤੇ ਸਿਧਾਂਤਾਂ ਕਾਰਨ ਅਸਤੀਫ਼ਾ ਨਹੀਂ ਦਿੱਤਾ।''
''ਅੱਜ ਉਹ ਮੰਨ ਰਹੇ ਹਨ ਕਿ ਉਹ ਦੂਜੇ ਇੱਕ ਹੋਰ ਸਿਧਾਂਤ ਦੀ ਗੱਲ ਕਰ ਰਹੇ ਹਨ ਕਿ ਉਹ ਲੋਕਾਂ ਦੇ ਫੈਸਲਿਆਂ 'ਤੇ ਹੀ ਮੁੱਖ ਮੰਤਰੀ ਦੀ ਗੱਦੀ ਸੰਭਾਲਣਗੇ।''
“ਟੂ ਲੇਟ, ਟੂ ਲਿਟਿਲ”
ਸੀਨੀਅਰ ਪੱਤਰਕਾਰ, ਆਸ਼ੂਤੋਸ਼,ਕੇਜਰੀਵਾਲ ਦੇ ਇਸ ਫੈਸਲੇ ਨੂੰ “ਟੂ ਲੇਟ, ਟੂ ਲਿਟਿਲ” ਦੱਸਦੇ ਹਨ।
ਉਨ੍ਹਾਂ ਕਿਹਾ, “ਕੇਜਰੀਵਾਲ ਨੇ ਇਸ ਫੈਸਲੇ ਨੂੰ ਲੈਣ ਵਿੱਚ ਦੇਰੀ ਕਰ ਦਿੱਤੀ ਹੈ। ਇਹ ਡੈਸਪਰੇਟ ਜਾਪਦਾ ਹੈ, ਲੋਕਾਂ ਵਿੱਚ ਡਿੱਗ ਰਹੇ ਅਕਸ ਨੂੰ ਬਚਾਉਣ ਲਈ ਇੱਕ ਕਦਮ ਜਾਪਦਾ ਹੈ। ਅਜਿਹਾ ਉਸ ਦਿਨ ਕਰਨਾ ਚਾਹੀਦਾ ਸੀ ਜਿਸ ਦਿਨ ਗ੍ਰਿਫ਼ਤਾਰੀ ਦਾ ਮਾਮਲਾ ਸਾਹਮਣੇ ਆਇਆ ਸੀ।”
ਆਸ਼ੂਤੋਸ਼ ਵੀ ਪ੍ਰਮੋਦ ਜੋਸ਼ੀ ਦੀ ਗੱਲ ਨਾਲ ਸਹਿਮਤ ਹਨ ਕਿ ਇਹ ਐਲਾਨ ਨਾਟਕੀ ਲੱਗਦਾ ਹੈ।
ਉਹ ਕਹਿੰਦੇ ਹਨ, "ਦੋ ਦਿਨ ਪਹਿਲਾਂ ਅਜਿਹਾ ਐਲਾਨ ਕਰਨਾ ਇੱਕ 'ਰਹੱਸ' ਦੀ ਤਰ੍ਹਾਂ ਹੈ ਅਤੇ ਉਨ੍ਹਾਂ ਨੂੰ ਇਸ 'ਡਰਾਮੇ' ਤੋਂ ਬਚਣਾ ਚਾਹੀਦਾ ਸੀ।"
ਤੁਹਾਨੂੰ ਦੱਸ ਦੇਈਏ ਕਿ ਦਿੱਲੀ ਦੀ ਮੌਜੂਦਾ ਵਿਧਾਨ ਸਭਾ ਦਾ ਕਾਰਜਕਾਲ ਅਗਲੇ ਸਾਲ ਫਰਵਰੀ ਵਿੱਚ ਖਤਮ ਹੋ ਰਿਹਾ ਹੈ। ਇਸ ਤੋਂ ਬਾਅਦ ਇੱਥੇ ਚੋਣਾਂ ਹੋਣੀਆਂ ਹਨ। ਇਸ ਦਾ ਮਤਲਬ ਹੈ ਕਿ ਹੁਣ ਚੋਣਾਂ ਲਈ ਕਰੀਬ 5 ਮਹੀਨੇ ਬਾਕੀ ਹਨ।
ਸੀਨੀਅਰ ਪੱਤਰਕਾਰ ਅਤੇ ਸਿਆਸੀ ਮਾਮਲਿਆਂ ਦੇ ਜਾਣਕਾਰ ਸ਼ਰਦ ਗੁਪਤਾ ਇਸ ਨੂੰ ਹਾਲੀਆ ਚੋਣਾਂ ਅਤੇ ਕਾਨੂੰਨੀ ਪਾਬੰਦੀਆਂ ਨਾਲ ਜੋੜ ਕੇ ਦੇਖਦੇ ਹਨ।
ਉਨ੍ਹਾਂ ਨੇ ਬੀਬੀਸੀ ਨੂੰ ਕਿਹਾ, “ਕੋਰਟ ਤੋਂ ਬਾਹਰ ਆਉਣ ਤੋਂ ਬਾਅਦ ਵੀ ਉਨ੍ਹਾਂ ਹੱਥ ਕੁੱਝ ਨਹੀਂ ਹੈ। ਉਹ ਕੋਈ ਫੈਸਲਾ ਨਹੀਂ ਲੈ ਸਕਦੇ,ਕੈਬਿਨਟ ਦੀ ਮੀਟਿੰਗ ਵਿਚ ਹਿੱਸਾ ਨਹੀਂ ਲੈ ਸਕਦੇ।''
''ਬਾਹਰ ਆਉਣ ਤੋਂ ਬਾਅਦ ਲੋਕ ਉਨ੍ਹਾਂ ਉਪਰ ਕੰਮ ਕਰਨ ਤੇ ਵਾਅਦੇ ਪੂਰਾ ਕਰਨ ਦਾ ਦਬਾਅ ਬਣਾਉਂਦੇ, ਹੁਣ ਉਨ੍ਹਾਂ ਕੋਲ ਇਹ ਕਹਿਣ ਲਈ ਵੀ ਹੋ ਜਾਵੇਗਾ ਕਿ ‘ ਮੈਂ ਮੁੱਖ ਮੰਤਰੀ ਨਹੀਂ ਹਾਂ,ਕੁੱਝ ਨਹੀਂ ਕਰ ਸਕਦਾ,ਪਰ ਸਾਡੀ ਪਾਰਟੀ ਕਰ ਸਕਦੀ ਹੈ।”
ਸ਼ਰਦ ਗੁਪਤਾ ਇੰਝ ਵੀ ਕਹਿੰਦੇ ਹਨ, “ਇਸ ਫੈਸਲੇ ਦਾ ਦੂਜਾ ਪੱਖ ਹਰਿਆਣਾ ਤੇ ਦਿੱਲੀ ਚੋਣਾਂ ਵੀ ਹੋ ਸਕਦਾ ਹੈ। ਬਤੌਰ ਮੁੱਖ ਮੰਤਰੀ ਪਾਬੰਦੀਆਂ ਖ਼ਤਮ ਹੋਣ ਤੋਂ ਬਾਅਦ ਉਹ ਹਰਿਆਣਾ ਚੋਣਾਂ ਵਿੱਚ ਜ਼ੋਰ ਲਗਾਉਣਗੇ। ਅਗਲੇ ਕੁੱਝ ਮਹੀਨਿਆਂ ਵਿੱਚ ਦਿੱਲੀ ਚੋਣਾਂ ਆਉਣ ਵਾਲੀਆਂ ਨੇ। ਤਿੰਨ ਬਾਰ ਜਿੱਤਣ ਤੋਂ ਬਾਅਦ ਚੌਥੀ ਚੌਣ ਆਮ ਆਮਦੀ ਪਾਰਟੀ ਦੇ ਲਈ ਆਸਾਨ ਨਹੀਂ ਹੋਵੇਗੀ।”
2019 ਵਿੱਚ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ 46 ਸੀਟਾਂ ਉਪਰ ਚੋਣ ਲੜੀ ਸੀ।ਪਰ ਪਾਰਟੀ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਅਤੇ ਉਹ ਇਕ ਵੀ ਸੀਟ ਨਹੀਂ ਜਿੱਤ ਸਕੀ। ਇਸ ਵਾਰ ਪਾਰਟੀ 90 ਸੀਟਾਂ ਉਪਰ ਚੋਣ ਲੜ ਰਹੀ ਹੈ।
ਅਸਤੀਫ਼ੇ ਤੋਂ ਦੋ ਦਿਨ ਪਹਿਲਾਂ ਇਸਦੇ ਐਲਾਨ ਨੂੰ ਸੀਨੀਅਰ ਪੱਤਰਕਾਰ ਸ਼ਰਦ ਗੁਪਤਾ “ਹੈੱਡਲਾਈਨ ਮੈਨੇਜਮੈਂਟ” ਦੀ ਤਰਕੀਬ ਦੱਸਦੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹਾ ਕਰ ਕੇ ਪਾਰਟੀ ਖ਼ਬਰਾਂ ਵਿੱਚ ਬਣੀ ਰਹਿਣਾ ਚਾਹੁੰਦੀ ਹੈ। ਉਹ ਕਹਿੰਦੇ ਨੇ, “ਜਦੋਂ ਅਸਤੀਫ਼ਾ ਦੇਣਾ ਹੋਵੇ, ਐਲਾਨ ਵੀ ਉਸੇ ਦਿਨ ਕਰਨਾ ਚਾਹੀਦਾ।''
ਉਹ ਕਹਿੰਦੇ ਹਨ, ''ਪਹਿਲਾਂ ਐਲਾਨ ਕਰਨ ਦਾ ਮਤਲਬ ਕੀ ਹੈ? ਜਾਂ ਹੋ ਸਕਦਾ ਹੈ ਕਿ ਕੇਜਰੀਵਾਲ ਨੂੰ ਇਸ ਗੱਲ ਦਾ ਡਰ ਸੀ ਕਿ ਕਿਤੇ ਖ਼ਬਰ ਲੀਕ ਨਾ ਹੋ ਜਾਵੇ। ਇਸ ਤੋਂ ਇਲਾਵਾ ਹੁਣ ਤੱਕ ਭਾਜਪਾ ਹੈੱਡਲਾਈਨ ਮੈਨੇਜਮੈਂਟ ਦੀ ਮਾਸਟਰ ਮੰਨੀ ਜਾਂਦੀ ਰਹੀ ਹੈ,ਪਰ ਹੁਣ ਆਮ ਆਦਮੀ ਪਾਰਟੀ ਵੀ ਇਸ ਤੋਂ ਅੱਗੇ ਹੈ।”
ਹਾਲਾਂਕਿ ,ਅਸਤੀਫ਼ੇ ਦੇ ਲਈ ਦੋ ਦਿਨ ਦਾ ਸਮਾਂ ਮੰਗਣ ਦੇ ਸਵਾਲ ‘ਤੇ ਦਿੱਲੀ ਸਰਕਾਰ ਵਿੱਚ ਮੰਤਰੀ ਆਤਿਸ਼ੀ ਨੇ ਇਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਸੀ, “ਇਸਦਾ ਸਿੱਧਾ ਕਾਰਨ ਹੈ, ਅੱਜ ਐਤਵਾਰ ਹੈ ਕੱਲ੍ਹ ਸੋਮਵਾਰ ਨੂੰ ਈਦ ਦੀ ਛੁੱਠੀ ਹੈ। ਇਸ ਲਈ ਅਗਲੇ ਵਰਕਿੰਗ ਡੇ ਯਾਨੀ ਮੰਗਲਵਾਰ ਨੂੰ ਕੇਜਰੀਵਾਲ ਅਸਤੀਫ਼ੇ ਦੇਣਗੇ।''
ਆਬਕਾਰੀ ਨੀਤੀ ਵਿੱਚ ਕਥਿਤ ਘੋਟਾਲੇ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਤਾਂ ਦੇ ਦਿੱਤੀ ਹੈ ਪਰ ਉਨ੍ਹਾਂ 'ਤੇ ਕਈ ਸ਼ਰਤਾਂ ਲਾਗੂ ਹਨ,ਕੋਰਟ ਨੇ ਕਿਹਾ ਹੈ ਕਿ ਈਡੀ ਮਾਮਲੇ ਵਿਚ ਲਗਾਈ ਗਈਆਂ ਸ਼ਰਤਾਂ ਇਸ ਮਾਮਲੇ ਵਿੱਚ ਵੀ ਲਾਗੂ ਹੋਣਗੀਆਂ।
ਉਨ੍ਹਾਂ 'ਤੇ ਲਗਾਈਆਂ ਸ਼ਰਤਾਂ ਦੇ ਅਨੁਸਾਰ ਕੇਜਰੀਵਾਲ ਮੁੱਖ ਮੰਤਰੀ ਦਫ਼ਤਰ ਅਤੇ ਦਿੱਲੀ ਸਕੱਤਰੇਤ ਨਹੀਂ ਜਾਣਗੇ ਅਤੇ ਅਦਾਲਤ 'ਚ ਵਿਚਾਰ ਅਧੀਨ ਆਪਣੇ ਕੇਸ ਬਾਰੇ ਕੋਈ ਜਨਤਕ ਬਿਆਨ ਨਹੀਂ ਦੇਣਗੇ। ਉਹ ਕਿਸੇ ਵੀ ਸਰਕਾਰੀ ਫਾਈਲ 'ਤੇ ਉਦੋਂ ਤੱਕ ਦਸਤਖਤ ਨਹੀਂ ਕਰਨਗੇ ਜਦੋਂ ਤੱਕ ਅਜਿਹਾ ਕਰਨਾ ਜ਼ਰੂਰੀ ਨਹੀਂ ਹੈ ਅਤੇ ਇਸ ਲਈ ਦਿੱਲੀ ਦੇ ਉਪ ਰਾਜਪਾਲ ਦੀ ਮਨਜ਼ੂਰੀ ਲੈਣਾ ਜ਼ਰੂਰੀ ਨਾ ਹੋਵੇ।
ਨਵੀਂ ਚੋਣ ’ਤੇ ‘ਕੌਨਫੀਡੈਂਸ’ ’ਚ ਹੈ ਆਮ ਆਦਮੀ ਪਾਰਟੀ?
ਮੁੱਖ ਮੰਤਰੀ ਕੇਜਰੀਵਾਲ ਸਮੇਤ ਆਮ ਆਦਮੀ ਪਾਰਟੀ ਦੇ ਲਗਭਗ ਸਾਰੇ ਹੀ ਚਿਹਰੇ ਇਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਪਾਰਟੀ ਚੋਣ ਲੜਨ ਲਈ ਤਿਆਰ ਹੈ। ਇਸ ਦੇ ਬਾਵਜੂਦ ਵਿਧਾਨ ਸਭਾ ਭੰਗ ਕਰਨ ਬਾਰੇ ਕੇਜਰੀਵਾਲ ਵੱਲੋਂ ਕੋਈ ਗੱਲ ਨਹੀਂ ਕੀਤੀ ਗਈ ਅਤੇ ਕਿਹਾ ਗਿਆ ਹੈ ਕਿ ਹੁਣ ਕੋਈ ਨਵਾਂ ਚਿਹਰਾ ਮੁੱਖ ਮੰਤਰੀ ਬਣੇਗਾ।
ਆਸ਼ੂਤੋਸ਼ ਅਤੇ ਪ੍ਰਮੋਦ ਜੋਸ਼ੀ ਦੋਵੇਂ ਇਸ ਨੂੰ "ਕੌਨਫੀਡੈਂਸ" ਵਜੋਂ ਨਹੀਂ ਦੇਖਦੇ ਹਨ।
ਆਸ਼ੂਤੋਸ਼ ਕਹਿੰਦੇ ਹਨ, ''ਜੇਕਰ ਅਜਿਹਾ ਕੁੱਝ ਹੁੰਦਾ ਤਾਂ ਪਾਰਟੀ ਨੂੰ ਵਿਧਾਨ ਸਭਾ ਭੰਗ ਕਰਨੀ ਚਾਹੀਦੀ ਸੀ। ਅਜਿਹਾ ਨਹੀਂ ਕੀਤਾ ਗਿਆ ਅਤੇ ਨਵੇਂ ਮੁੱਖ ਮੰਤਰੀ ਦੀ ਗੱਲ ਕੀਤੀ ਜਾ ਰਹੀ ਹੈ। ਮਤਲਬ ਇਹ ਹੈ ਕਿ ਚੋਣਾਂ ਦੇ ਲਈ ਪਾਰਟੀ ਨੂੰ ਸਮਾਂ ਚਾਹੀਦਾ।
ਹਾਲਾਂਕਿ ਪਾਰਟੀ ਵੱਲੋਂ ਮਹਾਰਾਸ਼ਟਰ ਦੇ ਨਾਲ-ਨਾਲ ਦਿੱਲੀ 'ਚ ਵੀ ਚੋਣਾਂ ਕਰਵਾਏ ਜਾਣ ਦੀ ਗੱਲ ਕਹੀ ਜਾ ਰਹੀ ਹੈ। ਪਰ ਅਜਿਹਾ ਵੀ ਸੀ ਤਾਂ ਮੰਤਰੀ ਮੰਡਲ ਨੂੰ ਅਸਤੀਫ਼ਾ ਦੇਣਾ ਚਾਹੀਦਾ ਸੀ।
ਹਾਲਾਂਕਿ ਪ੍ਰਮੋਦ ਜੋਸ਼ੀ ਦਾ ਇਹ ਵੀ ਕਹਿਣਾ ਹੈ ਕਿ ਪਿਛਲੇ ਕੁਝ ਮਹੀਨਿਆਂ 'ਚ ਜੋ ਹਾਲਾਤ ਪੈਦਾ ਹੋਏ ਹਨ, ਉਸ ਕਾਰਨ ਪਾਰਟੀ ਨੂੰ ਲੱਗਦਾ ਹੈ ਕਿ ਜੇਕਰ ਚੋਣਾਂ ਜਲਦੀ ਹੋ ਜਾਣ ਤਾਂ ਉਸ ਨੂੰ ਫਾਇਦਾ ਮਿਲੇਗਾ।
ਉਹ ਕਹਿੰਦੇ ਹਨ, ''ਜੇਕਰ 6 ਮਹੀਨੇ ਬਾਅਦ ਜਾਂ 8 ਮਹੀਨੇ ਬਾਅਦ, ਜਾਂ 10 ਮਹੀਨਿਆਂ ਬਾਅਦ ਚੋਣਾਂ ਕਰਵਾਈਆਂ ਜਾਂਦੀਆਂ ਹਨ ਤਾਂ ਇਹ ਪਾਰਟੀ ਲਈ ਇੰਨੀ ਕਾਰਗਰ ਨਹੀਂ ਹੋਵੇਗੀ। ਅਜਿਹੇ ਵਿੱਚ ਪਾਰਟੀ ਵੱਲੋਂ ਬਣਾਇਆ ਗਿਆ ਗੁਬਾਰਾ ਫੁੱਟ ਸਕਦਾ ਹੈ।
ਇਸ ਲਈ ਇੱਥੋਂ ਉਨ੍ਹਾਂ ਦੀ ਇੱਛਾ ਹੋਵੇਗੀ ਕਿ ਚੋਣਾਂ ਪਹਿਲਾਂ ਕਰਵਾਈਆਂ ਜਾਣ। ਜੇਕਰ ਅਜਿਹਾ ਹੈ ਤਾਂ ਉਨ੍ਹਾਂ ਨੂੰ ਵਿਧਾਨ ਸਭਾ ਭੰਗ ਕਰਕੇ ਜਲਦੀ ਚੋਣਾਂ ਕਰਵਾਉਣ ਦੀ ਗੱਲ ਰੱਖਣੀ ਚਾਹੀਦੀ ਹੈ।”
ਉੱਥੇ ਹੀ ਸੀਨੀਅਰ ਪੱਤਰਕਾਰ ਸ਼ਰਦ ਗੁਪਤੀ ਇਸ ਨੂੰ ਆਮ ਆਦਮੀ ਪਾਰਟੀ ਦੇ ਕਈ ਨੇਤਾਵਾਂ ਦੇ ਜੇਲ੍ਹ ਵਿਚ ਰਹਿਣ ਤੇ ਉਸ ਤੋਂ ਬਾਅਦ ਪੈਦਾ ਹੋਈ ਹਮਦਰਦੀ ਨਾਲ ਜੁੜਿਆ ਹੋਇਆ ਦੇਖਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਾਰਟੀ ਇਸ ਹਮਦਰਦੀ ਦਾ ਫਾਇਦਾ ਉਠਾਉਣਾ ਚਾਹੁੰਦੀ ਹੈ।
ਉਹ ਕਹਿੰਦੇ ਹਨ, “ਇੰਨੇ ਦਿਨ ਕੇਜਰੀਵਾਲ,ਸਿਸੋਦੀਆ ਤੇ ਸੰਜੇ ਸਿੰਘ ਜੇਲ੍ਹ ਵਿੱਚ ਸੀ ਤਾਂ ਹੁਣ ਪਾਰਟੀ ਨੂੰ ਲੱਗ ਰਿਹਾ ਹੈ ਕਿ ਇਸ ਹਮਦਰਦੀ ਨੂੰ ਹਾਸਲ ਕਰ ਲੈਣਾ ਚਾਹੀਦਾ ਹੈ ਕਿਉਂਕਿ ਸਮੇਂ ਦੇ ਨਾਲ-ਨਾਲ ਲੋਕ ਇਸ ਨੂੰ ਭੁੱਲ ਸਕਦੇ ਹਨ, ਇਸ ਲਈ ਪਾਰਟੀ ਚਾਹੁੰਦੀ ਹੋਵੇਗੀ ਕਿ ਚੋਣਾਂ ਜਲਦੀ ਤੋਂ ਜਲਦੀ ਕਰਵਾਈਆਂ ਜਾਣ।”
ਹਾਲਾਂਕਿ ਐਤਵਾਰ ਨੂੰ ਹੋਈ ਪ੍ਰੈਸ ਕਾਨਫਰੰਸ ਵਿੱਚ ਵਿਧਾਨ ਸਭਾ ਭੰਗ ਕਰਨ ਦੇ ਸਵਾਲ 'ਤੇ ਆਤਿਸ਼ੀ ਨੇ ਕਿਹਾ ਦਿੱਲੀ ਵਿਧਾਨਸਭਾ ਨੂੰ ਭੰਗ ਕਰਨ ਦੀ ਜ਼ਰੂਰਤ ਨਹੀਂ ਹੈ।
ਉਨ੍ਹਾਂ ਕਿਹਾ, “ਕਿਸੇ ਵੀ ਵਿਧਾਨ ਸਭਾ ਦਾ ਜੇਕਰ ਛੇ ਮਹੀਨੇ ਤੋਂ ਘੱਟ ਦਾ ਕਾਰਜਕਾਲ ਰਹਿ ਜਾਂਦਾ ਹੈ ਤਾਂ ਕੇਂਦਰ ਸਰਕਾਰ ਅਤੇ ਇਲੈਕਸ਼ਨ ਕਮੀਸ਼ਨ ਕਦੇ ਵੀ ਚੋਣਾਂ ਕਰਵਾ ਸਕਦੇ ਨੇ। ਇਸ ਦੇ ਲਈ ਵਿਧਾਨਸਭਾ ਭੰਗ ਕਰਨ ਦੀ ਜ਼ਰੂਰਤ ਨਹੀਂ ਹੈ।”
ਮੁੱਖ ਮੰਤਰੀ ਦਾ ਚਿਹਰਾ ਕੌਣ ਹੋ ਸਕਦਾ ਹੈ?
ਕੇਜਰੀਵਾਲ ਦੇ ਅਸਤੀਫ਼ੇ ਦੇ ਐਲਾਨ ਬਾਅਦ ਇਹ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਦਿੱਲੀ ਦਾ ਅਗਲਾ ਮੁੱਖ ਮੰਤਰੀ ਕੌਣ ਹੋ ਸਕਦਾ ਹੈ।
ਕਈ ਨਾਵਾਂ ਦੀ ਵੀ ਚਰਚਾ ਹੋ ਰਹੀ ਹੈ। ਇਨ੍ਹਾਂ 'ਚ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ, ਸਰਕਾਰ ਦੇ ਮੰਤਰੀ ਆਤਿਸ਼ੀ, ਮੰਤਰੀ ਸੌਰਭ ਭਾਰਦਵਾਜ, ਮੰਤਰੀ ਕੈਲਾਸ਼ ਗਹਿਲੋਤ, ਸੰਜੇ ਸਿੰਘ ਅਤੇ ਕੁਝ ਹੋਰ ਨਾਵਾਂ 'ਤੇ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ।
ਪਰ ਇਹ ਫੈਸਲਾ ਕਿਸ ਆਧਾਰ 'ਤੇ ਹੋਵੇਗਾ?
ਪ੍ਰਦੀਪ ਜੋਸ਼ੀ ਦਾ ਕਹਿਣਾ ਹੈ, "ਨਵਾਂ ਮੁੱਖ ਮੰਤਰੀ ਨਿਯੁਕਤ ਕਰਨ ਦੇ ਇਸ ਫੈਸਲੇ ਦਾ ਕੋਈ ਮਤਲਬ ਨਹੀਂ ਜਾਪਦਾ ਕਿਉਂਕਿ ਹਰ ਕੋਈ ਜਾਣਦਾ ਹੈ ਕਿ ਜੋ ਵੀ ਮੁੱਖ ਮੰਤਰੀ ਬਣੇਗਾ ਉਹ ਸਿਰਫ਼ ਦਿਖਾਵੇ ਲਈ ਹੋਵੇਗਾ, ਜਿਵੇਂ ਜੈਲਲਿਤਾ ਜਾਂ ਲਾਲੂ ਯਾਦਵ ਦੇ ਮਾਮਲੇ ਵਿੱਚ ਹੋਇਆ ਹੈ। ਇਸ ਬਹਾਨੇ ਕੁਝ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਜਾਵੇਗੀ।”
ਸੀਨੀਅਰ ਪੱਤਰਕਾਰ ਪ੍ਰਦੀਪ ਜੋਸ਼ੀ ਦਾ ਮੰਨਣਾ ਹੈ ਕਿ ਸਿਧਾਂਤ ਭਾਵੇਂ ਕੁਝ ਵੀ ਹੋਣ ਪਰ ਨਵਾਂ ਮੁੱਖ ਮੰਤਰੀ ਚੁਣਨ ਵਿੱਚ ਮੁੱਖ ਭੂਮਿਕਾ ਅਰਵਿੰਦ ਕੇਜਰੀਵਾਲ ਦੀ ਹੋਵੇਗੀ।
ਪ੍ਰਦੀਪ ਜੋਸ਼ੀ ਕਹਿੰਦੇ ਹਨ, “ਜੋ ਵੀ ਚਿਹਰਾ ਹੋਵੇਗਾ, ਉਹ ਉਨ੍ਹਾਂ ਦਾ ਵਫਾਦਾਰ ਹੋਵੇਗਾ,ਇਸ ਵਿੱਚ ਦੋ ਰਾਏ ਨਹੀਂ ਹੈ। ਜਿਵੇਂ ਆਤਿਸ਼ੀ ਦਾ ਨਾਮ ਆ ਰਿਹਾ ਹੈ,ਕਿਉਂਕਿ ਉਨ੍ਹਾਂ ਨੇ ਸਰਕਾਰ ਦਾ ਕੰਮ ਚੰਗੀ ਤਰ੍ਹਾਂ ਕੀਤਾ ਹੈ। ਪਰ ਜਿਵੇਂ ਸਰਪਾਈਜ਼ ਕੇਜਰੀਵਾਲ ਨੇ ਅਸਤੀਫ਼ੇ ਵਿੱਚ ਦਿੱਤਾ,ਅਜਿਹੀ ਹੀ ਸਰਪ੍ਰਈਜ਼ ਜੇਕਰ ਨਵੇਂ ਮੁੱਖ ਮੰਤਰੀ ਦੇ ਤੌਰ 'ਤੇ ਮਿਲ ਜਾਵੇ ਤਾਂ ਇਸਦੀ ਵੀ ਸੰਭਾਵਾਨਾ ਹੈ।”
ਸੁਨੀਤ ਕੇਜਰੀਵਾਲ ਦੀ ਦਾਅਵੇਦਾਰੀ 'ਤੇ ਉਹ ਕਹਿੰਦੇ ਹਨ, “ਉਹ ਵੀ ਬਣ ਸਕਦੇ ਹਨ। ਇਸ ਵਿੱਚ ਹੈਰਾਨੀ ਨਹੀਂ ਹੋਵੇਗੀ। ਉਹ ਥੋੜਾ ਅਜੀਬ ਤਾਂ ਹੋਵੇਗਾ,ਪਰ ਹੁਣ ਇਸ ਪਾਰਟੀ ਵਿੱਚ ਇਸ ਤਰ੍ਹਾਂ ਦੀ ਕੋਈ ਝਿਜਕ ਬਚੀ ਨਹੀਂ ਹੈ।”
ਸ਼ੁਰਦ ਗੁਪਤਾ ਵੀ ਕਹਿੰਦੇ ਹਨ ਕਿ ਇਸ ਚਿਹਰੇ ਦੀ ਪਹਿਲੀ ਯੋਗਤਾ ਇਹੀ ਹੋਵੇਗੀ ਕਿ ਉਹ ਅਰਵਿੰਦ ਕੇਜਰੀਵਾਲ ਦਾ ਬੇਹੱਧ ਵਫ਼ਾਦਾਰ ਹੋਣਾ ਚਾਹੀਦਾ।
ਉਹ ਇਸ ਨੂੰ “ਯੈਸ ਮਨਿਸਟਰ” ਦਾ ਨਾਮ ਦਿੰਦੇ ਹਨ। ਉਹ ਕਹਿੰਦੇ ਹਨ,”ਅਜਿਹਾ ਚਿਹਰਾ ਚੁਣੇ ਜਾਣ ਦੀ ਪਹਿਲੀ ਯੋਗਤਾ ਦੇ ਤੌਰ 'ਤੇ ਦੇਖਿਆ ਜਾਵੇਗਾ। ਤੁਸੀਂ ਸੋਚੋ ਕਿ ਅਰਵਿੰਦ ਕੇਜਰੀਵਾਲ ਨੇ ਜੇਲ੍ਹ ਵਿੱਚ ਰਹਿਕੇ ਝੰਡਾ ਫਹਿਰਾਉਣ ਦੇ ਲਈ ਕਿਸ ਨੂੰ ਅੱਗੇ ਭੇਜਿਆ ਸੀ?”
ਸ਼ਰਦ ਇੱਥੇ ਆਤਿਸ਼ੀ ਵੱਲ ਇਸ਼ਾਰਾ ਕਰ ਰਹੇ ਹਨ। ਹਾਲਾਂਕਿ ਆਤਿਸ਼ੀ ਨੇ ਹੁਣ ਤੱਕ ਇਸ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਫੈਸਲਾ ਵਿਧਾਇਕ ਦਲ ਦੀ ਬੈਠਕ ਵਿੱਚ ਹੋਵੇਗਾ।
ਭਾਜਪਾ ਅਤੇ ਕਾਂਗਰਸ ਦੇ ਨਜ਼ਰੀਏ ਨਾਲ ਫੈਸਲਾ ਕਿਹੋ ਜਿਹਾ ਹੈ?
ਭਾਜਪਾ ਕੇਜਰੀਵਾਲ ਦੇ ਇਸ ਕਦਮ ਨੂੰ “ਨਾਟਕ” ਦੱਸ ਰਹੀ ਹੈ। ਦਿੱਲੀ ਭਾਜਪਾ ਪ੍ਰਧਾਨ ਵੀਰੇਂਦਰ ਸਚਦੇਵਾ ਦਾ ਕਹਿਣਾ ਹੈ ਕਿ ਲੋਕਸਭਾ ਚੋਣਾਂ ਵਿੱਚ ਹੀ ਦਿੱਲੀ ਦੇ ਲੋਕਂ ਨੇ ਆਪਣਾ ਫੈਸਲਾ ਸੁਣਾ ਦਿੱਤਾ ਸੀ।
ਉਹ ਕਹਿੰਦੇ ਹਨ, “ਕੇਜਰੀਵਾਲ ਨੂੰ ਦਿੱਲੀ ਦੀ ਜਨਤਾ ਨੇ ਤਿੰਨ ਮਹੀਨੇ ਪਹਿਲਾਂ ਹੀ ਆਪਣਾ ਫੈਸਲਾ ਸੁਣਾ ਦਿੱਤਾ ਹੈ। ਤੁਸੀਂ ਦਿੱਲੀ ਦੀਆਂ ਸੜਕਾਂ 'ਤੇ ਖੁਦ ਘੁੰਮੇ ਸੀ ਅਤੇ ਤੁਸੀਂ ਕਿਹਾ ਸੀ ਕਿ ਜੇਲ੍ਹ ਦੇ ਬਦਲੇ ਵੋਟ ਦੇਵੋ ਅਤੇ ਦਿੱਲੀ ਦੀ ਜਨਤਾ ਨੇ ਤੁਹਾਨੂੰ ਕਰਾਰਾ ਜਵਾਬ ਦਿੱਤਾ।”
ਐਤਵਾਰ ਨੂੰ ਪ੍ਰੈੱਸ ਕਾਨਫਰੰਸ 'ਚ ਭਾਜਪਾ ਦੇ ਬੁਲਾਰੇ ਸੁਧਾਂਸ਼ੂ ਤ੍ਰਿਵੇਦੀ ਨੇ 48 ਘੰਟੇ ਪਹਿਲਾਂ ਅਸਤੀਫੇ ਦੇ ਐਲਾਨ 'ਤੇ ਸਵਾਲ ਖੜ੍ਹੇ ਕੀਤੇ।
ਉਨ੍ਹਾਂ ਕਿਹਾ, “ਜਦੋਂ ਕੇਜਰੀਵਾਲ ਜੀ ਨੇ ਅਸਤੀਫ਼ੇ ਦੀ ਗੱਲ ਕੀਤੀ ਤਾਂ ਅਸੀਂ ਕਹਿ ਸਕਦੇ ਹਾਂ ਕਿ ਇਹ ਉਨ੍ਹਾਂ ਦੇ ਅਪਰਾਧ ਦਾ ਇਕਬਾਲੀਆ ਬਿਆਨ ਸੀ। ਭਾਵ, ਤੁਸੀਂ ਸਵੀਕਾਰ ਕਰ ਲਿਆ ਹੈ ਕਿ ਤੁਹਾਡੇ ਵਿਰੁੱਧ ਇਲ਼ਜ਼ਾਮ ਅਜਿਹੇ ਹਨ ਕਿ ਤੁਸੀਂ ਇਸ ਅਹੁਦੇ 'ਤੇ ਨਹੀਂ ਰਹਿ ਸਕਦੇ।”
ਹਾਲਾਂਕਿ ਪ੍ਰਮੋਦ ਜੋਸ਼ੀ ਦਾ ਮੰਨਣਾ ਹੈ ਕਿ ਇਹ ਫੈਸਲਾ ਦਿੱਲੀ ਭਾਜਪਾ ਲਈ ਹੈਰਾਨ ਕਰਨ ਵਾਲਾ ਹੈ। ਉਹ ਕਹਿੰਦੇ ਹਨ, ''ਭਾਜਪਾ ਦਿੱਲੀ ਵਿਧਾਨ ਸਭਾ ਨੂੰ ਲੈ ਕੇ ਫਿਲਹਾਲ ਇੰਨੀ ਤਿਆਰ ਵੀ ਨਹੀਂ ਹੋਵੇਗੀ ਕਿਉਂਕਿ ਪਹਿਲਾ, ਭਾਜਪਾ ਦਾ ਦਿੱਲੀ ਸੰਗਠਨ ਬਹੁਤ ਮਜ਼ਬੂਤ ਨਹੀਂ ਹੈ, ਅੰਦਰੂਨੀ ਪੱਧਰ 'ਤੇ ਵੀ ਇਸ ਕੋਲ ਜ਼ਿਆਦਾ ਤਾਕਤ ਨਹੀਂ ਹੈ। ਦੂਜਾ, ਇਹ ਕਿ ਸਿਖਰਲੀ ਲੀਡਰਸ਼ਿਪ ਦੇ ਪੱਧਰ 'ਤੇ ਦਿੱਲੀ ਨੂੰ ਲੈ ਕੇ ਭਾਜਪਾ ਦੇ ਅੰਦਰ ਭੰਬਲਭੂਸਾ ਹੈ।”
ਇਸ ਦਾ ਤੀਜਾ ਕਾਰਨ ਵੀ ਹੈ। ਹਰਿਆਣਾ 'ਚ ਚੋਣਾਂ ਹੋਣ ਜਾ ਰਹੀਆਂ ਹਨ, ਇਸ ਲਈ ਦਿੱਲੀ ਦੇ ਨਤੀਜਿਆਂ 'ਤੇ ਇਸ ਦਾ ਕੁੱਝ ਨਾ ਕੁੱਝ ਅਸਰ ਪਵੇਗਾ। ਭਾਵ, ਉਨ੍ਹਾਂ ਨੇ ਭਾਜਪਾ ਨੂੰ ਇੱਕ ਵਾਰ ਹੈਰਾਨ ਕਰ ਦਿੱਤਾ ਹੈ, ਇਸ ਵਿੱਚ ਕੋਈ ਸ਼ੱਕ ਨਹੀਂ ਹੈ।”
ਹਾਲਾਂਕਿ ਆਸ਼ੂਤੋਸ਼ ਇਸ ਰਾਏ ਨਾਲ ਸਹਿਮਤ ਨਹੀਂ ਹਨ, ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨਾਲ ਭਾਜਪਾ ਨੂੰ ਕੋਈ ਫਰਕ ਨਹੀਂ ਪਵੇਗਾ।
ਉਹ ਕਹਿੰਦੇ ਹਨ,”ਦਿੱਲੀ ਚੋਣਾਂ ਵਿੱਚ ਕੁੱਝ ਮਹੀਨਿਆਂ ਦਾ ਸਮਾਂ ਹੈ ਤੇ ਭਾਜਪਾ ਇਸਦੇ ਲਈ ਮਾਨਸਿਕ ਤੌਰ ਤੇ ਤਿਆਰ ਹੈ। ਮੈਨੂੰ ਨਹੀਂ ਲੱਗਦਾ ਕਿ ਕੇਜਰੀਵਾਲ ਦੇ ਇਸ ਕਦਮ ਦਾ ਭਾਜਪਾ ਦੀ ਰਣਨੀਤੀ ਜਾਂ ਰਾਜਨੀਤੀ 'ਤੇ ਕੋਈ ਖ਼ਾਸ ਫਰਕ ਪਵੇਗਾ।”
ਉਥੇ ਹੀ ਸੀਨੀਅਰ ਪੱਤਰਕਾਰ ਸ਼ਰਦ ਗੁਪਤਾ ਮੰਨਦੇ ਹਨ ਕਿ ਕੇਜਰੀਵਾਲ ਦਾ ਇਹ ਕਦਮ ਭਾਜਪਾ ਦੇ ਲਈ ਇਕ ਤਰ੍ਹਾਂ ਨਾਲ ਹੈਰਾਨੀ ਭਰਿਆ ਹੈ, ਜੋ ਕਿ ਕਿਸੇ ਵੀ ਤਰ੍ਹਾਂ ਨਾਲ ਭਾਜਪਾ ਦੇ ਪੱਖ ਵਿੱਚ ਨਹੀਂ ਹੈ।
ਉਹ ਕਹਿੰਦੇ ਹਨ, “ਭਾਜਪਾ ਚਾਹੁੰਦੀ ਸੀ ਕਿ ਕੇਜਰੀਵਾਲ ਮੁੱਖ ਮੰਤਰੀ ਬਣੇ ਰਹਿਣ ਤੇ ਉਨ੍ਹਾਂ 'ਤੇ ਚਿੱਕੜ ਉਛਾਲਿਆ ਜਾਂਦਾ ਰਹੇ। ਹੁਣ ਕੇਜਰੀਵਾਲ ਕਹਿ ਸਕਦੇ ਹਨ ਕਿ ਅਦਾਲਤ ਨੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਅਤੇ ਰਿਹਾਅ ਹੁੰਦੇ ਹੀ ਮੁੱਖ ਮੰਤਰੀ ਦਾ ਅਹੁਦਾ ਛੱਡ ਦਿੱਤਾ, ਉਹ ਕਹਿ ਸਕਦੇ ਹਨ ਕਿ ਉਨ੍ਹਾਂ ਨੂੰ ਸੱਤਾ ਦਾ ਕੋਈ ਲਾਲਚ ਨਹੀਂ ਹੈ।”
ਜਿੱਥੋਂ ਤੱਕ ਕਾਂਗਰਸ ਦਾ ਸਵਾਲ ਹੈ, ਦਿੱਲੀ ਵਿੱਚ ਪਹਿਲੀ ਵਾਰ ਚੋਣ ਲੜਨ ਤੋਂ ਬਾਅਦ ਕੇਜਰੀਵਾਲ ਨੇ ਕਾਂਗਰਸ ਦੇ ਸਮਰਥਨ ਨਾਲ ਦਿੱਲੀ ਵਿੱਚ ਸਰਕਾਰ ਬਣਾਈ ਸੀ। ਇਸ ਦੇ ਲਈ ਵੀ ਕਈ ਖੇਤਰਾਂ ਵਿੱਚ ਦਿੱਲੀ ਦੀ ਆਮ ਜਨਤਾ ਦੇ ਵਿਚਕਾਰ ਗਏ ਸੀ।
ਇਸ ਵਾਰ ਵੀ ਦੋਵੇਂ ਪਾਰਟੀਆਂ ਨੇ ਮਿਲ ਕੇ ਲੋਕ ਸਭਾ ਚੋਣਾਂ ਲੜੀਆਂ ਸਨ। ਪਰ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਦੋਵਾਂ ਵਿਚਾਲੇ ਕੋਈ ਗਠਜੋੜ ਨਹੀਂ ਹੈ।
ਸ਼ਰਦ ਗੁਪਤਾ ਦਾ ਕਹਿਣਾ ਹੈ, ''ਲੋਕ ਸਭਾ ਚੋਣਾਂ 'ਚ ਗਠਜੋੜ ਨਾਲ ਤੋਂ ਜ਼ਾਹਿਰ ਤੌਰ 'ਤੇ ਕਾਂਗਰਸ ਨੂੰ ਫਾਇਦਾ ਮਿਲਿਆ ਹੈ ਪਰ ਆਮ ਆਦਮੀ ਪਾਰਟੀ ਨੂੰ ਕੋਈ ਫਾਇਦਾ ਨਹੀਂ ਹੋਇਆ। ਹੁਣ ਉਹ ਹਰਿਆਣਾ ਵਿੱਚ ਇਕੱਠੇ ਨਹੀਂ ਲੜ ਰਹੇ ਹਨ। ਅਜਿਹੇ 'ਚ ਜ਼ਾਹਿਰ ਹੈ ਕਿ ਕਾਂਗਰਸ ਦੀ ਪ੍ਰਤੀਕਿਰਿਆ ਕੇਜਰੀਵਾਲ ਦੇ ਖਿਲਾਫ ਵਿਰੋਧੀ ਪਾਰਟੀ ਵਰਗੀ ਹੋਵੇਗੀ।
ਉਹ ਕਹਿੰਦੇ ਹਨ ਕਿ ਕਾਂਗਰਸ ਤੇ ਭਾਜਪਾ ਦੋਵਾਂ ਨੇ ਦਿੱਲੀ ਵਿੱਚ ਆਪਣੀ ਲੀਡਰਸ਼ਿਪ ਨੂੰ ਮਜ਼ਬੂਤ ਨਹੀਂ ਕੀਤਾ ਹੈ। ਉਹ ਕਹਿੰਦੇ ਹਨ, "ਸਟੇਟ ਲੀਡਰਸ਼ਿਪ ਵਿੱਚ ਕੋਈ ਵੀ ਅਜਿਹਾ ਨੇਤਾ ਨਹੀਂ ਦਿਖਦਾ ਜੋ ਕੇਜਰੀਵਾਲ ਵਰਗੀ ਸ਼ਖ਼ਸੀਅਤ ਰੱਖਦਾ ਹੋਵੇ। ਇਸ ਦਾ ਖ਼ਾਮਿਆਜ਼ਾ ਕਾਂਗਰਸ ਨੂੰ ਚੋਣਾਂ ਵਿੱਚ ਭੁਗਤਣਾ ਪੈ ਸਕਦਾ ਹੈ।”
ਕਾਂਗਰਸ ਵੱਲੋਂ ਆਈ ਪ੍ਰਤੀਕਿਰਿਆ ਬਾਰੇ ਗੱਲ ਕਰਦਿਆਂ ਕਾਂਗਰਸੀ ਆਗੂ ਸੰਦੀਪ ਦੀਕਸ਼ਿਤ ਨੇ ਕੇਜਰੀਵਾਲ ਦੇ ਅਸਤੀਫ਼ੇ ਨੂੰ ‘ਡਰਾਮਾ’ ਕਰਾਰ ਦਿੰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਦਾ ਅਹੁਦਾ ਬਹੁਤ ਪਹਿਲਾਂ ਛੱਡ ਦੇਣਾ ਚਾਹੀਦਾ ਸੀ।
ਉਨ੍ਹਾਂ ਕਿਹਾ, "ਜਦੋਂ ਉਹ ਜੇਲ੍ਹ ਵਿੱਚ ਸਨ ਤਾਂ ਉਨ੍ਹਾਂ ਨੂੰ ਸੀਐਮ ਦਾ ਅਹੁਦਾ ਛੱਡ ਦੇਣਾ ਚਾਹੀਦਾ ਸੀ, ਪਰ ਉਸ ਸਮੇਂ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। ਹੁਣ ਬਚਿਆ ਕੀ ਹੈ, ਹੁਣ ਇਹ ਐਲਾਨ ਕਰਨ ਦਾ ਕੀ ਮਤਲਬ ਹੈ।"
2014 ਦੇ ਅਸਤੀਫ਼ੇ ਤੋਂ ਲੈ ਕੇ ਹੁਣ ਤੱਕ ਪਾਰਟੀ ਕਿੰਨੀ ਬਦਲੀ ਹੈ?
ਇਸ ਸਵਾਲ 'ਤੇ ਆਸ਼ੂਤੋਸ਼ ਕਹਿੰਦੇ ਹਨ, ''ਆਮ ਆਦਮੀ ਪਾਰਟੀ ਹੁਣ ਅੰਦੋਲਨ ਤੋਂ ਪੈਦਾ ਹੋਈ ਪਾਰਟੀ ਨਹੀਂ ਰਹੀ। ਉਹ ਵੱਖਰਾ ਦੌਰ ਸੀ ਜਦੋਂ ਦੇਸ਼ ਨੂੰ ਬਦਲਣ ਦਾ ਸੁਪਨਾ ਸੀ, ਆਦਰਸ਼ਵਾਦ ਸੀ, ਨਵੀਂ ਕਿਸਮ ਦੀ ਰਾਜਨੀਤੀ ਦੀਆਂ ਆਸਾਂ ਸਨ ਪਰ 10 ਸਾਲਾਂ ਵਿੱਚ ਚੀਜ਼ਾਂ ਬਹੁਤ ਬਦਲ ਗਈਆਂ ਹਨ। ਹੁਣ ਜਥੇਬੰਦੀ ਪਹਿਲਾਂ ਵਰਗੀ ਨਹੀਂ ਰਹੀ ਅਤੇ ਇਸ ਨਾਲ ਜੁੜੇ ਲੋਕ ਵੀ ਹੁਣ ਵੱਖਰੇ ਹਨ।
ਆਸ਼ੂਤੋਸ਼ ਦਾ ਕਹਿਣਾ ਹੈ ਕਿ ਇਸ ਵਾਰ ਦਿੱਲੀ ਦੇ ਲੋਕ ਵੀ ‘ਮੁਫ਼ਤ ਬਿਜਲੀ ਜਾਂ ਮੁਫ਼ਤ ਪਾਣੀ’ ਵਰਗੇ ਨਾਅਰੇ ਲਾਉਣ ਵਾਲੇ ਨਹੀਂ ਹਨ, ਹੁਣ ਤਕਰੀਬਨ ਹਰ ਪਾਰਟੀ ਇਹੋ ਨਾਅਰਾ ਦੇ ਰਹੀ ਹੈ।
ਸਾਲ 2014 ਦੇ ਅਸਤੀਫ਼ੇ ਬਾਰੇ ਪ੍ਰਮੋਦ ਜੋਸ਼ੀ ਕਹਿੰਦੇ ਹਨ, “ਉਸ ਸਮੇਂ ਆਮ ਆਦਮੀ ਪਾਰਟੀ ਅੰਦੋਲਨ ਵਿੱਚੋਂ ਪੈਦਾ ਹੋਈ ਪਾਰਟੀ ਸੀ ਅਤੇ ਵਰਕਰਾਂ ਵਿੱਚ ਇੱਕ ਵੱਖਰੀ ਕਿਸਮ ਦਾ ਜੋਸ਼ ਸੀ।''
''ਪਾਰਟੀ ਨੇ ਵੱਖ-ਵੱਖ ਥਾਵਾਂ 'ਤੇ ਮੀਟਿੰਗਾਂ ਕੀਤੀਆਂ ਅਤੇ ਲੋਕਾਂ ਨੂੰ ਪੁੱਛਿਆ ਕਿ ਸਾਨੂੰ ਸਰਕਾਰ ਬਣਾਉਣੀ ਚਾਹੀਦੀ ਹੈ ਜਾਂ ਸਮਰਥਨ ਮੰਗਣਾ ਚਾਹੀਦਾ ਹੈ। ਇਸ ਵਾਰ ਸਥਿਤੀ ਵੱਖਰੀ ਹੈ। ਇਨ੍ਹਾਂ 10 ਸਾਲਾਂ 'ਚ ਪਾਰਟੀ ਕਾਫੀ ਹੱਦ ਤੱਕ ਬਦਲ ਗਈ ਹੈ। ਹੁਣ ਪਾਰਟੀ ਇੱਕ ਆਮ ਸਿਆਸੀ ਪਾਰਟੀ ਬਣ ਚੁੱਕੀ ਹੈ।”
“ਮੈਨੂੰ ਨਹੀਂ ਲੱਗਦਾ ਕਿ ਵਰਕਰਾਂ ਕੋਲ ਹੁਣ ਇੰਨੀ ਊਰਜਾ ਹੈ। ਕਈ ਲੋਕ ਹੁਣ ਪਾਰਟੀ ਵਿਚ ਸ਼ਾਮਲ ਹੋ ਗਏ ਹਨ, ਜੋ ਆਪਣੇ ਲਈ ਤਰ੍ਹਾਂ-ਤਰ੍ਹਾਂ ਦੇ ਫਾਇਦੇ ਦੇਖਦੇ ਹਨ। ਤੁਸੀਂ ਦੇਖਿਆ ਕਿ ਰਾਜ ਸਭਾ ਵਿੱਚ ਮੈਂਬਰ ਬਣਾਉਣ ਲਈ ਬਾਹਰੋਂ ਲੋਕਾਂ ਨੂੰ ਲਿਆਂਦਾ ਗਿਆ, ਵਰਕਰਾਂ ਨੂੰ ਥਾਂ ਨਹੀਂ ਦਿੱਤੀ ਗਈ। ਹੁਣ ਵਰਕਰ ਉਹੋ ਜਿਹੇ ਨਹੀਂ ਰਹੇ, ਜਿਹੋ ਜਿਹੇ ਸ਼ੁਰੂਆਤੀ ਦੌਰ ਵਿੱਚ ਸਨ।''
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)